ਸਾਲ 2020 ਵਿੱਚ ਕਰੋਨਾ ਕਾਰਨ ਤਾਲਾਬੰਦੀ ਦਾ ਐਲਾਨ ਹੋ ਗਿਆ। ਪਿੰਡੋਂ ਖ਼ਬਰ ਆਈ ਕਿ ਮੇਰੇ ਦਾਦਾ ਜੀ ਡਿੱਗ ਗਏ ਸਨ ਅਤੇ ਉਨ੍ਹਾਂ ਦੀ ਲੱਤ ਟੁੱਟ ਗਈ ਸੀ। ਸਮੁਦਾਇਕ ਸਿਹਤ ਕੇਂਦਰ ਵਿਖੇ ਡਾਕਟਰ ਨਹੀਂ ਸੀ, ਨੇੜੇ-ਤੇੜੇ ਜਿੰਨੇ ਵੀ ਨਿੱਜੀ ਕਲੀਨਿਕ ਸਨ, ਕਰੋਨਾ ਕਾਰਨ ਬੰਦ ਪਏ ਸਨ। ਦਾਦਾ ਜੀ ਦੀ ਟੁੱਟੀ ਲੱਤ ਜਿਵੇਂ ਕਿਵੇਂ ਪਲੱਸਤਰ ਕਰਵਾ ਦਿੱਤੀ ਗਈ ਸੀ ਅਤੇ ਘਰੇ ਹੀ ਉਨ੍ਹਾਂ ਦੇ ਦੇਖਭਾਲ਼ ਕੀਤੀ ਜਾਣ ਲੱਗੀ। ਪਰ, ਕਦੇ ਚੜ੍ਹਦੇ ਬੁਖ਼ਾਰ ਤਾਂ ਕਦੇ ਲੱਤ ਵਿੱਚ ਹੁੰਦੀ ਅਸਹਿ ਪੀੜ੍ਹ ਨਾਲ਼ ਉਹ ਕੁਰਲ਼ਾ-ਕੁਰਲ਼ਾ ਪੈਂਦੇ। ਉਨ੍ਹਾਂ ਦਾ ਸਰੀਰ ਪਿੰਜਰ ਹੁੰਦਾ ਜਾਂਦਾ ਸੀ ਅਤੇ ਅੰਤ ਮਈ ਮਹੀਨੇ ਦੇ ਅਖ਼ੀਰਲੇ ਹਫ਼ਤੇ ਉਨ੍ਹਾਂ ਨੇ ਅਖ਼ੀਰਲਾ ਸਾਹ ਲਿਆ।

ਇਸ ਘਟਨਾ ਵੇਲ਼ੇ ਮੈਂ ਮੁੰਬਈ ਵਿੱਚ ਸਾਂ। ਅਚਾਨਕ ਸਾਰਾ ਕੁਝ ਠੱਪ ਪੈ ਜਾਣ ਕਾਰਨ ਲੋਕਾਂ ਦੀ ਜ਼ਿੰਦਗੀ ਵਿੱਚ ਤੂਫ਼ਾਨ ਜਿਹਾ ਆ ਗਿਆ ਸੀ। ਇੱਕ ਪਾਸੇ ਮਹਾਂਮਾਰੀ ਦਾ ਸਹਿਮ ਪੈਰ ਪਸਾਰੀ ਬੈਠਾ ਸੀ, ਦੂਸਰੇ ਪਾਸੇ ਸੜਕਾਂ 'ਤੇ ਪੁਲਿਸ ਦੇ ਡੰਡੇ ਖੜ੍ਹਕਦੇ ਸਨ। ਕੰਮਕਾਜ ਸਭ ਚੌਪਟ ਹੋਇਆ ਪਿਆ ਸੀ, ਪ੍ਰਵਾਸੀ ਮਜ਼ਦੂਰ ਵੀ ਆਪੋ-ਆਪਣੇ ਪਿੰਡਾਂ ਨੂੰ ਵਾਪਸ ਮੁੜਨ ਲੱਗੇ ਸਨ। ਮੈਂ ਮੁੰਬਈ ਵਿੱਚ ਹੀ ਰੁਕਿਆ ਰਿਹਾ, ਕਿਉਂਕਿ ਮੈਂ ਸਬਜ਼ੀ ਵੇਚਦਾ ਸਾਂ ਅਤੇ ਇਸ ਕੰਮ 'ਤੇ ਸਰਕਾਰੀ ਰੋਕ ਨਹੀਂ ਸੀ ਲੱਗੀ। ਪਰ, ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਖੇ ਸਥਿਤ ਮੇਰੇ ਘਰੋਂ ਜਦੋਂ ਦਾਦਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਆਈ ਤਾਂ ਮੇਰੇ ਮਨ ਵਿੱਚ ਉੱਡ ਕੇ ਪਹੁੰਚ ਜਾਣ ਦੀ ਇੱਛਾ ਹੋਈ। ਉਨ੍ਹਾਂ ਨਾਲ਼ ਮੇਰਾ ਭਾਵਨਾਤਮਕ ਲਗਾਓ ਸੀ। ਇਸ ਤੋਂ ਇਲਾਵਾ, ਪਿੰਡ ਵਿੱਚ ਮਾਂ ਤੋਂ ਬਗੈ਼ਰ ਕੋਈ ਦੂਸਰਾ ਜ਼ਿੰਮੇਦਾਰ ਇਨਸਾਨ ਵੀ ਮੌਜੂਦ ਨਹੀਂ ਸੀ।

ਇਹ ਉਹ ਦੌਰ ਸੀ ਜਦੋਂ ਆਉਂਦੀਆਂ ਖ਼ਬਰਾਂ ਸਾਨੂੰ ਅੰਦਰੋਂ ਤੋੜ ਸੁੱਟਦੀਆਂ। ਕੁਝ ਮਜ਼ਦੂਰ ਪੈਦਲ ਆਪਣੇ ਘਰ ਵੱਲ ਜਾ ਰਹੇ ਸਨ ਅਤੇ ਰਾਤ ਦੀ ਥਕਾਵਟ ਲਾਹੁਣ ਦੇ ਮਾਰੇ ਟ੍ਰੇਨ ਦੀ ਪਟੜੀ 'ਤੇ ਹੀ ਸੌਂ ਗਏ ਸਨ। ਟ੍ਰੇਨ ਆਈ ਅਤੇ ਉਨ੍ਹਾਂ ਨੂੰ ਕੱਟਦੀ ਹੋਈ ਚਲੀ ਗਈ ਸੀ। ਕਿਤੇ ਕੋਈ ਮਾਂ ਭੁੱਖੇ ਢਿੱਡ ਆਪਣੇ ਦੁੱਧ-ਪੀਂਦੇ ਬੱਚੇ ਨੂੰ ਗੋਦੀ ਚੁੱਕੀ ਲਿਜਾ ਰਹੀ ਸੀ। ਮੈਂ ਦਾਦਾ ਜੀ ਦੀ ਮੌਤ ਤੋਂ ਬਾਅਦ ਆਪਣਾ ਸਮਾਨ ਬੰਨ੍ਹਿਆ ਅਤੇ ਟ੍ਰੇਨ ਦਾ ਪਤਾ ਲਾਉਣ ਲਈ ਮੁੰਬਈ ਦੇ ਅੰਧੇਰੀ (ਵੈਸਟ) ਦੇ ਨੇੜਲੇ ਥਾਣੇ ਗਿਆ। ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਇਲਾਹਾਬਾਦ ਜਾਣ ਵਾਲ਼ੀ ਟ੍ਰੇਨ ਹੀ ਨਹੀਂ ਚੱਲ ਰਹੀ ਹੈ। ਇਸੇ ਦਰਮਿਆਨ ਵਾਰਾਣਸੀ ਵਿੱਚ ਟ੍ਰੇਨ ਅੰਦਰੋਂ ਦੋ ਲਾਸ਼ਾਂ ਮਿਲ਼ਣ ਦੀ ਖ਼ਬਰ ਆਈ। ਇੱਕ ਟ੍ਰੇਨ ਜਿਹਨੇ ਜਾਣਾ ਤਾਂ ਉੱਤਰ ਪ੍ਰਦੇਸ਼ ਸੀ ਪਰ ਚਲੀ ਗਈ ਸੀ ਓੜੀਸਾ। ਆਪਣੇ ਪਿੰਡ ਪੁੱਜਣ ਵਾਸਤੇ ਮੈਂ ਇਲਾਹਾਬਾਦ (ਪ੍ਰਯਾਗਰਾਜ) ਤੋਂ ਵੀ 70 ਕਿਲੋਮੀਟਰ ਅੱਗੇ ਜਾਣਾ ਸੀ, ਇਸਲਈ ਇਨ੍ਹਾਂ ਖ਼ਬਰਾਂ ਨੇ ਮੇਰੀ ਟੁੱਟੀ ਹਿੰਮਤ ਨੂੰ ਹੋਰ ਤੋੜ ਸੁੱਟਿਆ। ਕੋਈ ਟੈਕਸੀ ਬੁੱਕ ਕਰਕੇ ਜਾਣਾ ਚਾਹੁੰਦਾ ਤਾਂ ਜਾ ਸਕਦਾ ਸੀ ਪਰ 40,000-50,000 ਰੁਪਏ ਕੌਣ ਚੁਕਾਉਂਦਾ? ਪਰ ਮੇਰੇ ਲਈ ਇਹ ਸੰਭਵ ਹੀ ਨਹੀਂ ਸੀ, ਇਸਲਈ ਮੈਂ ਪਿੰਡ ਜਾਣ ਦਾ ਇਰਾਦਾ ਹੀ ਛੱਡ ਦਿੱਤਾ... ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ।

Mithun Kumar (facing the camera) in a BEST bus, on his way to the vegetable market
PHOTO • Sumer Singh Rathore
Inspecting lemons at the mandi in Dadar, Mumbai
PHOTO • Sumer Singh Rathore

ਖੱਬੇ:  ਮਿਥੁਨ ਕੁਮਾਰ (ਕੈਮਰੇ ਵੱਲ ਮੂੰਹ ਕਰੀ ਬੈਠੇ) ਬੀਈਐੱਸਟੀ ਦੀ ਬੱਸ ਰਾਹੀਂ ਸਬਜ਼ੀ ਮੰਡੀ ਜਾ ਰਹੇ ਹਨ। ਸੱਜੇ: ਮੁੰਬਈ ਦੀ ਦਾਦਰ ਸਬਜ਼ੀ ਮੰਡੀ ਵਿਖੇ ਨਿੰਬੂ ਦੀ ਪਰਖ ਕਰਦੇ ਹੋਏ

ਦਾਹ ਸਸਕਾਰ ਵਾਸਤੇ ਦਾਦਾ ਜੀ ਨੂੰ ਇਲਾਹਾਬਾਦ ਦੇ ਝੂੰਸੀ ਕਸਬੇ ਵਿਖੇ ਲਿਜਾਇਆ ਗਿਆ ਸੀ। ਮਾਂ ਦੱਸਦੀ ਹਨ ਕਿ ਗੱਡੀਆਂ ਲਿਜਾਣ ਦੀ ਆਗਿਆ ਨਹੀਂ ਸੀ। ਪੁਲਿਸ ਕਈ ਤਰ੍ਹਾਂ ਦੇ ਸਵਾਲ ਪੁੱਛਦੀ ਸੀ। ਕਈ ਥਾਵੇਂ ਤਾਂ ਘਾਟਾਂ (ਸ਼ਮਸ਼ਾਨਘਾਟ) ਵਿਖੇ ਦਾਹ ਸਸਕਾਰ ਕਰਨ ਤੋਂ ਵੀ ਰੋਕ ਦਿੱਤਾ ਗਿਆ ਸੀ। ਸਹਿਮ ਦੇ ਮਾਹੌਲ ਵਿੱਚ ਜਿਵੇਂ-ਕਿਵੇਂ ਦਾਦਾ ਜੀ ਦਾ ਦਾਹ ਸਸਕਾਰ ਕਰ ਦਿੱਤਾ ਗਿਆ।

ਵੈਸੇ ਮੇਰਾ ਜਨਮ ਮੁੰਬਈ ਵਿਖੇ ਹੀ ਹੋਇਆ ਸੀ। ਪਰ ਬਚਪਨ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਹੀ ਬੀਤਿਆ ਅਤੇ ਪੜ੍ਹਾਈ ਲਿਖਾਈ ਵੀ ਉੱਥੇ ਹੀ ਹੋਈ। ਪਾਪਾ 1975 ਦੇ ਆਸ ਪਾਸ 15 ਸਾਲਾਂ ਦੀ ਉਮਰੇ ਜੌਨਪੁਰ ਤੋਂ ਮੁੰਬਈ ਆਏ ਸਨ। ਹਾਲਾਂਕਿ, ਉਨ੍ਹਾਂ ਦਾ ਮੁੰਬਈ ਆਉਣਾ ਇੰਨਾ ਸੁਖ਼ਾਲਾ ਨਹੀਂ ਰਿਹਾ। ਜਦੋਂ ਉਹ ਜੰਮੇ ਹੀ ਸਨ ਤਾਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ। ਦਾਦਾ ਜੀ ਰੋਜ਼ੀਰੋਟੀ ਵਾਸਤੇ ਹੋਰਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ, ਮਿੱਟੀ ਦੇ ਭਾਂਡੇ ਬਣਾਉਣ ਅਤੇ ਛੱਤ ਦੀਆਂ ਖਪਰੈਲਾਂ ਬਣਾਉਣ ਦਾ ਹੀ ਕੰਮ ਕਰਦੇ। ਦੂਸਰੇ ਦੇ ਖੇਤਾਂ ਵਿੱਚ ਵਾਹੀ ਕਰਨ, ਫਾਵੜਾ ਵਾਹੁਣ ਬਦਲੇ ਓਨੀ ਮਜ਼ਦੂਰੀ ਨਾ ਮਿਲ਼ਦੀ ਕਿ ਸਾਰਿਆਂ ਦਾ ਗੁਜ਼ਾਰਾ ਹੋ ਸਕਦਾ। ਪਹਿਰਾਵੇ ਦੇ ਨਾਮ 'ਤੇ ਪਰਿਵਾਰ ਦੇ ਮਰਦ ਲੂੰਗੀਨੁਮਾ ਛੋਟਾ ਜਿਹਾ ਪਰਨਾ ਹੀ ਵਲ੍ਹੇਟ ਕੇ ਕੰਮ ਸਾਰਿਆ ਕਰਦੇ, ਜਿਹਨੂੰ ਕਿ ਭਗਈ ਕਹਿੰਦੀ ਹਨ ਅਤੇ ਇਹ ਸਿਰਫ਼ ਪੱਟਾਂ ਨੂੰ ਹੀ ਢੱਕਦੀ ਸੀ। ਖਾਣੇ ਵਿੱਚ ਕਣਕ ਜਾਂ ਚੌਲ਼ ਜਿਹੀਆਂ ਚੀਜ਼ਾਂ ਨਹੀਂ ਸਨ। ਬਾਜਰਾ, ਮੱਕੀ, ਆਲੂ, ਮਹੂਆ ਹੀ ਹੁੰਦਾ ਸੀ ਜੋ ਨੇੜੇ-ਤੇੜੇ ਦੇ ਖੇਤਾਂ ਵਿੱਚ ਉੱਗਦਾ ਸੀ... ਬੱਸ ਇਹੀ ਭੋਜਨ ਦਾ ਮੁੱਖ ਵਸੀਲਾ ਹੁੰਦਾ ਸੀ।

*****

ਮੈਨੂੰ ਲੱਗਦਾ ਇਹ ਦੱਸਣ ਦੀ ਲੋੜ ਹੀ ਨਹੀਂ ਕਿ ਦਾਦਾ ਜੀ ਕਿਹੜੇ ਲੋਕਾਂ ਦੇ ਖੇਤਾਂ ਵਿੱਚ ਹਲ ਵਾਹੁੰਦੇ ਸਨ। ਜ਼ਮੀਨਾਂ ਕਿੰਨ੍ਹਾਂ ਦੇ ਹਿੱਸੇ ਸਨ ਅਤੇ ਮਜ਼ੂਦਰ ਕੌਣ ਸਨ

ਕਿੰਨੀ ਵਾਰ ਇੰਝ ਹੁੰਦਾ ਕਿ ਦਾਦਾ ਜੀ ਨੂੰ ਮਿਹਨਤ ਦੇ ਬਦਲੇ ਮਜ਼ਦੂਰੀ ਨਾ ਮਿਲ਼ਦੀ। ਮੰਗਣ ਵੇਲ਼ੇ ਕਿਹਾ ਜਾਂਦਾ ਕਿ ਤੁਹਾਡੇ ਪੁਰਖਿਆਂ ਦਾ ਅਜੇ ਵੀ ਅਥਾਰ ਕਰਜ਼ਾ ਬਾਕੀ ਹੈ, ਤੇਰੇ ਦਾਦਾ ਨੇ ਵੀ ਇੰਨਾ ਕਰਜ਼ਾ ਲਿਆ ਸੀ, ਪੜਦਾਦੇ ਦਾ ਵੀ ਓਨਾ ਕਰਜ਼ਾ ਹਾਲੇ ਖੜ੍ਹਾ ਬੋਲਦਾ...’’ ਮੈਨੂੰ ਲੱਗਦਾ ਇਹ ਦੱਸਣ ਦੀ ਲੋੜ ਹੀ ਨਹੀਂ ਕਿ ਦਾਦਾ ਜੀ ਕਿਹੜੇ ਲੋਕਾਂ ਦੇ ਖੇਤਾਂ ਵਿੱਚ ਹਲ ਵਾਹੁੰਦੇ ਸਨ। ਜ਼ਮੀਨਾਂ ਕਿੰਨ੍ਹਾਂ ਦੇ ਹਿੱਸੇ ਸਨ ਅਤੇ ਮਜ਼ੂਦਰ ਕੌਣ ਸਨ। ਪਾਪਾ ਜਦੋਂ ਥੋੜ੍ਹਾ ਵੱਡੇ ਹੋਏ ਤਾਂ ਉਨ੍ਹਾਂ ਲੋਕਾਂ ਦੇ ਕੋਲ਼ ਰਹਿਣ ਲੱਗੇ ਜਿਨ੍ਹਾਂ ਕੋਲ਼ ਦਾਦਾ ਹਲ ਵਾਹੁੰਦੇ ਸਨ। ਸਿਰ 'ਤੇ ਮਾਂ ਦਾ ਹੱਥ ਤਾਂ ਸੀ ਨਹੀਂ, ਦਾਦਾ ਜੀ ਪਹਿਲਾਂ ਹੀ ਜਿਉਣ ਲਈ ਘੋਲ਼ ਕਰ ਰਹੇ ਸਨ, ਅਜਿਹੇ ਮੌਕੇ ਪਾਪਾ ਅਤੇ ਉਨ੍ਹਾਂ ਦੇ ਵੱਡੇ ਭਰਾ ਦਾ ਖ਼ਿਆਲ ਰੱਖਦਾ ਵੀ ਤਾਂ ਕੌਣ। ਪਾਪਾ ਪੂਰਾ ਦਿਨ ਉਨ੍ਹਾਂ ਲੋਕਾਂ ਦੇ ਘਰਾਂ ਵਿੱਚ ਬਿਤਾਉਂਦੇ ਅਤੇ ਖੇਤਾਂ ਤੋਂ ਲੈ ਕੇ ਘਰ ਦੇ ਜੋ ਕੋਈ ਵੀ ਕੰਮ ਹੁੰਦੇ ਕਰਦੇ ਜਾਂਦੇ। ਜਦੋਂ ਕੋਈ ਕੰਮ ਨਾ ਹੁੰਦਾ ਤਾਂ ਉਨ੍ਹਾਂ ਦੀਆਂ ਗਾਵਾਂ ਮੱਝਾਂ ਚਰਾਉਣ ਨਿਕਲ਼ ਜਾਂਦੇ। ਇਨ੍ਹਾਂ ਕੰਮਾਂ ਦੇ ਬਦਲੇ ਥੋੜ੍ਹੀ ਰੋਟੀ-ਟੁਕ ਮਿਲ਼ ਜਾਇਆ ਕਰਦਾ ਸੀ। ਬੱਸ ਇਹੀ ਉਨ੍ਹਾਂ ਦੀ ਮਜ਼ਦੂਰੀ ਹੁੰਦੀ ਸੀ। ਪਾਪਾ ਦੱਸਦੇ ਹਨ ਕਿ ਕੰਮ ਛੱਡ ਕੇ ਭੱਜ ਜਾਣ ਦਾ ਕੋਈ ਰਾਹ ਹੀ ਨਹੀਂ ਸੀ।

PHOTO • Courtesy: Mithun Kumar
PHOTO • Courtesy: Mithun Kumar

ਮਿਥੁਨ ਦੀ ਮਾਂ  ਉੱਤਰ ਪ੍ਰਦੇਸ਼ ਦੇ ਜਾਨੂਪੁਰ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ ਦੇ ਖੇਤਾਂ ਵਿੱਚ ਕੰਮ ਕਰਦੀ ਹੋਈ। ਕਰੀਬ 30 ਸਾਲ ਪਹਿਲਾਂ, ਉਹ ਪਿੰਡ ਤੋਂ ਮੁੰਬਈ ਅਤੇ ਮੁੰਬਈ ਤੋਂ ਪਿੰਡ ਆਇਆ ਜਾਇਆ ਕਰਦੀ, ਜਦੋਂ ਉਨ੍ਹਾਂ ਦੇ ਪਤੀ ਸ਼ਹਿਰ ਵਿੱਚ ਸਬਜ਼ੀ ਵੇਚਿਆ ਕਰਦੇ ਸਨ

ਸਾਲ 1970 ਵਿੱਚ ਪਿੰਡ ਦਾ ਇੱਕ ਗੁਆਂਢੀ ਮੁੰਬਈ ਆਇਆ ਸੀ ਅਤੇ ਉਨ੍ਹਾਂ ਨੇ ਕੇਲੇ ਵੇਚਣ ਦਾ ਕੰਮ ਸ਼ੁਰੂ ਕੀਤਾ। ਕੁਝ ਕੁ ਸਾਲਾਂ ਬਾਅਦ, ਵੱਡੇ ਪਿਤਾ ਜੀ (ਤਾਇਆ ਜੀ) ਉਨ੍ਹਾਂ ਦੇ ਸਹਾਰੇ ਮੁੰਬਈ ਆ ਗਏ ਅਤੇ ਉਨ੍ਹਾਂ ਦੇ ਸਹਿਯੋਗੀ ਬਣ ਕੇਲੇ ਦਾ ਕੰਮ ਕਰਨ ਲੱਗੇ। ਕੁਝ ਸਾਲਾਂ ਬਾਅਦ ਉਨ੍ਹਾਂ ਨੇ ਆਪਣਾ ਖ਼ੁਦ ਦਾ ਧੰਦਾ ਸ਼ੁਰੂ ਕਰ ਲਿਆ। ਅਗਲੀ ਵਾਰ ਜਦੋਂ ਵੱਡੇ ਪਿਤਾ ਜੀ ਪਿੰਡ ਆਏ ਤਾਂ ਉਨ੍ਹਾਂ ਦੇ ਨਾਲ਼ ਲਿਆਏ ਪੈਸੇ ਨਾਲ਼ ਪਹਿਲੀ ਵਾਰੀ ਘਰ ਵਿੱਚ ਰੌਣਕ ਆਈ। ਜਦੋਂ ਉਹ ਦੋਬਾਰਾ ਮੁੰਬਈ ਗਏ ਤਾਂ ਪਾਪਾ ਨੂੰ ਵੀ ਲੈ ਲਿਆ। ਇਸ ਗੱਲ ਦੀ ਭਿਣਕ ਜਦੋਂ ਉਨ੍ਹਾਂ ਲੋਕਾਂ ਨੂੰ ਪਈ ਜਿੰਨ੍ਹਾਂ ਕੋਲ਼ ਪਿਤਾ ਜੀ ਚਾਕਰੀ ਕਰਿਆ ਕਰਦੇ ਸਨ ਤਾਂ ਉਨ੍ਹਾਂ ਨੇ ਘਰ ਆ ਕੇ ਗੁਆਂਢੀ ਨਾਲ਼ ਲੜਾਈ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਡੇ ਆਦਮੀ (ਪਿਤਾ ਜੀ) ਨੂੰ ਭੜਕਾ ਰਹੇ ਹਨ, ਵਿਗਾੜ ਰਹੇ ਹਨ। ਗੱਲ ਇੰਨੀ ਵੱਧ ਗਈ ਕਿ ਹੱਥੋਪਾਈ ਦੀ ਨੌਬਤ ਆ ਗਈ। ਦੋਵਾਂ ਪਰਿਵਾਰਾਂ ਨੂੰ ਬੜੀਆਂ ਧਮਕੀਆਂ ਮਿਲ਼ੀਆਂ ਪਰ ਉਨ੍ਹਾਂ ਨੇ ਹਿੰਮਤ ਤੋਂ ਕੰਮ ਲਿਆ ਅਤੇ ਮੁੰਬਈ ਆ ਗਏ। ਗ਼ੁਲਾਮੀ ਦੀਆਂ ਬੇੜੀਆਂ ਤੋੜਨ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਪਹਿਲਾ ਕਦਮ... ਕਈ ਵਾਰ ਯਕੀਨ ਨਹੀਂ ਹੁੰਦਾ ਕਿ ਇਹ ਅੱਜ ਤੋਂ ਮਹਿਜ਼ 40-50 ਸਾਲ ਪਹਿਲਾਂ ਹੁੰਦਾ ਰਿਹਾ ਸੀ, ਉਹ ਵੀ ਇੱਕ ਅਜ਼ਾਦ ਮੁਲਕ ਵਿੱਚ।

ਮੁੰਬਈ ਵਿੱਚ ਵੱਡੇ ਪਿਤਾ ਜੀ ਦੇ ਨਾਲ਼ ਕੁਝ ਸਮਾਂ ਰਲ਼ ਕੇ ਕੰਮ ਕਰਨ ਤੋਂ ਬਾਅਦ, ਪਾਪਾ ਨੇ ਫ਼ਲਾਂ ਦੀ ਆਪਣੀ ਦੁਕਾਨ ਲਾਉਣੀ ਸ਼ੁਰੂ ਕੀਤੀ। ਹਾਲਾਤ ਕੁਝ ਬਿਹਤਰ ਹੋਏ ਤਾਂ ਪਿੰਡ ਵਿਖੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ। ਵਿਆਹ ਤੋਂ ਬਾਅਦ ਥੋੜ੍ਹਾ ਸਮਾਂ ਪਿੰਡ ਰਹਿਣ ਤੋਂ ਬਾਅਦ ਮਾਂ, ਪਾਪਾ ਦੇ ਨਾਲ਼ ਮੁੰਬਈ ਆਉਣ-ਜਾਣ ਲੱਗੀ। ਹੁਣ ਸਾਲ ਦੇ ਕੁਝ ਮਹੀਨੇ ਉਹ ਪਾਪਾ ਦੇ ਨਾਲ਼ ਹੀ ਮੁੰਬਈ ਰਹਿਣ ਲੱਗੀ ਅਤੇ ਫਿਰ ਪਿੰਡ ਚਲੀ ਜਾਂਦੀ। ਇਸੇ ਦੌਰਾਨ, 1990 ਵਿੱਚ ਮੁੰਬਈ ਦੇ ਜੁਹੂ ਇਲਾਕੇ ਦੇ ਕਪੂਰ ਹਸਪਤਾਲ ਵਿਖੇ ਮੇਰਾ ਜਨਮ ਹੋਇਆ।

ਮਾਂ ਦੇ ਪੇਕੇ ਘਰ ਵਿੱਚ ਆਰਥਿਕ ਹਾਲਤ ਬਿਹਤਰ ਸੀ। ਨਾਨਾ ਦਾ ਖੇਤੀਬਾੜੀ ਦਾ ਕੰਮ ਚੰਗਾ ਸੀ। ਦੋਵੇਂ ਮਾਮੇ ਸਹੀ ਤਰ੍ਹਾਂ ਪੜ੍ਹ-ਲਿਖ ਗਏ ਸਨ। ਅੱਜ ਤੋਂ ਕਰੀਬ 40 ਸਾਲ ਪਹਿਲਾਂ, ਉਨ੍ਹਾਂ ਦਾ ਬਾਰ੍ਹਵੀਂ ਤੱਕ ਪੜ੍ਹਾਈ ਕਰਨਾ ਛੋਟੀ ਗੱਲ ਨਹੀਂ ਸੀ। ਇਸ ਤੋਂ ਇਲਾਵਾ, ਉਨ੍ਹਾਂ ਦਾ ਰਾਜਨੀਤੀ ਵੱਲ ਝੁਕਾਅ, ਸਮਾਜਿਕ ਸਮਝ ਅਤੇ ਸਮਾਜ ਨੂੰ ਲੈ ਕੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਆਧੁਨਿਕ ਸੀ। ਪਰ, ਇਸ ਮਰਦ-ਪ੍ਰਧਾਨ ਸਮਾਜ ਵਿੱਚ ਪੁਰਸ਼ਾਂ ਦੀ ਹਾਲਤ ਕਿੰਨੀ ਵੀ ਕਿਉਂ ਨਾ ਬਿਹਤਰ ਹੋ ਜਾਵੇ, ਔਰਤਾਂ ਦੇ ਹਿੱਸੇ ਆਉਂਦਾ ਸੰਘਰਸ਼ ਕਦੇ ਮੁੱਕਦਾ ਹੀ ਨਹੀਂ। ਮੇਰੀ ਮਾਂ, ਮਾਸੀਆਂ ਅਤੇ ਮਾਮੀਆਂ ਦਾ ਜੀਵਨ ਖੇਤਾਂ ਵਿੱਚ ਮਿੱਟੀ ਨਾਲ਼ ਮਿੱਟੀ ਹੁੰਦਿਆਂ ਲੰਘ ਰਿਹਾ ਸੀ।

ਮਾਂ ਦਾ ਪਹਿਲਾ ਵਿਆਹ ਆਰਥਿਕ ਤੌਰ 'ਤੇ ਬਰਾਬਰ ਪਰਿਵਾਰ ਵਿੱਚ ਕਰ ਦਿੱਤਾ ਗਿਆ ਸੀ। ਪਰ ਕੁਝ ਅਰਸੇ ਬਾਅਦ ਮਾਂ ਪੇਕੇ ਆ ਗਈ। ਮੈਨੂੰ ਸਹੀ ਕਾਰਨ ਤਾਂ ਪਤਾ ਨਹੀਂ, ਪਰ ਜਿੱਥੋਂ ਤੱਕ ਸੁਣਿਆ ਹੈ ਮਾਂ ਦੇ ਚਮੜੀ ਰੋਗ ਕਾਰਨ ਇੰਝ ਹੋਇਆ ਸੀ। ਬਾਕੀ ਮੈਂ ਕਦੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਕੁਝ ਸਾਲ ਤੱਕ ਮਾਂ, ਨਾਨਾ-ਮਾਮਿਆਂ ਨਾਲ਼ ਹੀ ਰਹਿੰਦੀ ਰਹੀ। ਇਸ ਤੋਂ ਬਾਅਦ ਉਨ੍ਹਾਂ ਦਾ ਮੁੜ ਵਿਆਹ ਕਰਾ ਦਿੱਤਾ ਗਿਆ। ਦੂਸਰਾ ਵਿਆਹ ਪਾਪਾ ਦੇ ਨਾਲ਼ ਹੋਇਆ ਸੀ। ਗੱਲ ਸਿੱਧੀ ਸੀ, ਪਾਪਾ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ, ਇਸਲਈ ਥੋੜ੍ਹੇ ਬਿਹਤਰ ਘਰੋਂ ਆਏ ਰਿਸ਼ਤੇ ਨੂੰ ਮਨ੍ਹਾ ਕਰਨ ਦਾ ਕੋਈ ਕਾਰਨ ਵੀ ਨਹੀਂ ਸੀ।

PHOTO • Devesh
PHOTO • Sumer Singh Rathore

ਮਿਥੁਨ, ਹਰ ਰੋਜ ਸਵੇਰੇ 4:30 ਵਜੇ ਸਬਜ਼ੀ ਮੰਡੀ ਜਾਂਦੇ ਹਨ ਅਤੇ ਆਪਣੀ ਖ਼ਰੀਦ ਨੂੰ ਇੱਕ ਟੈਂਪੂ (ਖੱਬੇ) ਵਿੱਚ ਲੱਦ ਲੈਂਦੇ ਹਨ, ਜੋ ਸਬਜ਼ੀਆਂ ਨੂੰ ਉਨ੍ਹਾਂ ਦੀ ਦੁਕਾਨ ਤੱਕ ਪਹੁੰਚਾ ਆਉਂਦਾ ਹੈ

ਮੇਰੇ ਜਨਮ ਤੱਕ ਪਿਤਾ ਦੀ ਦੁਕਾਨ ਠੀਕ-ਠਾਕ ਚੱਲ ਰਹੀ ਸੀ। ਫਿਰ ਕੁਝ ਅਜਿਹੀਆਂ ਮੁਸ਼ਕਲਾਂ ਆਈਆਂ ਕਿ ਦੁਕਾਨ ਛੁੱਟ ਗਈ ਅਤੇ ਪਾਪਾ ਨੂੰ ਕਿਰਾਏ ਦੀ ਦੁਕਾਨ ਸ਼ੁਰੂ ਕਰਨੀ ਪਈ। ਬਾਕੀ, ਸਾਡੇ ਪੰਜ ਭੈਣ-ਭਰਾਵਾਂ ਦੇ ਜਨਮ ਤੋਂ ਬਾਅਦ ਮਾਂ ਦਾ ਮੁੰਬਈ ਆਉਣਾ-ਜਾਣਾ ਛੁੱਟ ਹੀ ਗਿਆ। ਮਾਂ, ਪਿੰਡ ਵਿਖੇ ਰਹਿ ਕੇ ਦਾਦਾ ਜੀ ਦੁਆਰਾ ਪਟੇ ‘ਤੇ ਲਏ ਖੇਤਾਂ ਵਿੱਚ ਖੱਪਦੀ ਰਹਿੰਦੀ ਅਤੇ ਬਾਕੀ ਬਚਦੇ ਸਮੇਂ ਮਿੱਟੀ ਦੇ ਭਾਂਡੇ ਬਣਾਉਣ ਵਾਲ਼ੀ ਮਿੱਟੀ ਗੁੰਨ੍ਹਦੀ ਰਹਿੰਦੀ। ਪਰ, ਆਰਥਿਕ ਕਾਰਨਾਂ ਕਰਕੇ ਪਰਿਵਾਰ ਵਿੱਚ ਇੰਨੀ ਕਲੇਸ਼ ਰਹਿਣ ਲੱਗੀ ਕਿ ਮਾਂ ਸਾਨੂੰ ਪੰਜਾਂ ਭੈਣ-ਭਰਾਵਾਂ ਨੂੰ ਲੈ ਕੇ ਅੱਡ ਰਹਿਣ ਲੱਗੀ। ਅੱਡ ਚੁੱਲ੍ਹਾ ਬਾਲਣਾ ਕੋਈ ਸੌਖ਼ਾ ਕੰਮ ਨਹੀਂ ਹੁੰਦਾ, ਕੱਚਾ ਘਰ, ਥੋੜ੍ਹੇ ਬਹੁਤ ਭਾਂਡੇ ਅਤੇ ਮਾੜੇ-ਮੋਟੇ ਅਨਾਜ ਤੋਂ ਇਲਾਵਾ ਮਾਂ ਦੇ ਹੱਥ ਹੋਰ ਕੁਝ ਨਹੀਂ ਸੀ। ਹਾਲਾਂਕਿ, ਮਾਮਿਆਂ ਨੇ ਥੋੜ੍ਹੀ-ਬਹੁਤ ਬਾਂਹ ਫੜ੍ਹੀ ਅਤੇ ਸ਼ੁਰੂ ਸ਼ੁਰੂ ਵਿੱਚ ਰਾਸ਼ਨ ਵਗੈਰਾ ਸੁਟਵਾ ਦਿੱਤਾ। ਫਿਰ ਮਾਂ ਨੇ ਪਿੰਡ ਦੇ ਉੱਚੀ ਜਾਤ ਦੇ ਲੋਕਾਂ ਦੇ ਖੇਤ ਠੇਕੇ 'ਤੇ ਲੈ ਕੇ ਖੇਤੀ ਕਰਨ ਲੱਗੀ। ਇਹ ਮਾਂ ਦੀ ਹੀ ਮਿਹਨਤ ਸੀ ਕਿ ਆਉਂਦੇ ਦੋ ਕੁ ਸਾਲਾਂ ਵਿੱਚ ਘਰ ਦੇ ਪੀਪਿਆਂ ਵਿੱਚ ਲੋੜੀਂਦਾ ਅਨਾਜ ਰਹਿਣ ਲੱਗਿਆ। ਮਾਂ ਦੂਸਰਿਆਂ ਦੇ ਘਰਾਂ ਵਿੱਚ ਕੰਮ ਵੀ ਕਰਨ ਲੱਗੀ। ਮਾਂ ਦੀ ਹੱਢ-ਭੰਨ੍ਹਵੀਂ ਮਿਹਨਤ ਦਾ ਅਸਰ ਇਹ ਨਿਕਲ਼ਿਆ ਕਿ ਅਸੀਂ ਕੱਪੜਿਆਂ ਅਤੇ ਖਾਣ-ਪੀਣ ਨੂੰ ਲੈ ਕੇ ਥੋੜ੍ਹੀ ਬਿਹਤਰ ਹਾਲਤ ਵਿੱਚ ਆ ਗਏ।

ਅਗਲੀ ਵਾਰ ਜਦੋਂ ਪਾਪਾ ਪਿੰਡ ਆਏ ਤਾਂ ਮਾਂ ਨੇ ਮੈਨੂੰ ਉਨ੍ਹਾਂ ਦੇ ਨਾਲ਼ ਮੁੰਬਈ ਭੇਜ ਦਿੱਤਾ। ਸ਼ਾਇਦ ਇਹ 1998-99 ਦੀ ਗੱਲ ਰਹੀ ਹੋਣੀ ਹੈ ਅਤੇ ਮੇਰੀ ਉਮਰ 8 ਜਾਂ 9 ਸਾਲ ਦੀ ਰਹੀ ਹੋਵੇਗੀ। ਮੁੰਬਈ ਭੇਜਣ ਦਾ ਮਕਸਦ ਇਹੀ ਸੀ ਕਿ ਇੱਕ ਤਾਂ ਮੇਰੀ ਅਵਾਰਾਗਰਦੀ ਘਟੂਗੀ ਅਤੇ ਪਾਪਾ ਦੀ ਮਦਦ ਵੀ ਹੋ ਜਾਵੇਗੀ। ਇਹ ਉਹ ਸਮਾਂ ਸੀ ਜਦੋਂ ਪਾਪਾ ਨੇ ਕਈ ਥਾਵੇਂ ਦੁਕਾਨ ਬਦਲੀ। ਕਿਤੇ ਕੰਮ ਨਾ ਚੱਲਿਆ ਤਾਂ ਕਿਤੇ ਬੀਐੱਮਸੀ (ਬ੍ਰਿਹਾਨ ਮੁੰਬਈ ਨਗਰਨਿਗਮ) ਦੀ ਕਾਰਵਾਈ ਨਾਲ਼ ਪਰੇਸ਼ਾਨੀ। ਉਨ੍ਹਾਂ ਦੇ ਕਿਤੇ ਕੋਈ ਪੱਕਾ ਟਿਕਾਣਾ ਨਾ ਰਿਹਾ। ਕੁਝ ਲੋਕਾਂ ਵੱਲੋਂ ਦਬਾਅ ਪਾਉਣ 'ਤੇ ਪਾਪਾ ਨੇ ਬੀਐੱਮਸੀ ਦੇ ਇੱਕ ਸਕੂਲ ਵਿਖੇ ਮੇਰਾ ਦਾਖ਼ਲਾ ਕਰਵਾ ਦਿੱਤਾ। ਮੇਰੀ ਉਮਰ ਦੇ ਹਿਸਾਬ ਨਾਲ਼ ਤੀਜੀ ਜਮਾਤ ਵਿੱਚ ਮੇਰਾ ਨਾਮ ਲਿਖਵਾ ਦਿੱਤਾ ਗਿਆ। ਸਕੂਲ ਵਿੱਚ ਕੁਝ ਨਵੇਂ ਬੱਚਿਆਂ ਨਾਲ਼ ਮੁਲਾਕਾਤ ਹੋਈ ਅਤੇ ਮੇਰੇ ਅੰਦਰ ਸਕੂਲ ਪ੍ਰਤੀ ਦੋਬਾਰਾ ਖਿੱਚ ਪੈਦਾ ਹੋ ਗਈ।

*****

ਹਾਲਾਤਾਂ ਨੇ ਮੈਨੂੰ 3-4 ਸਾਲ ਪੜ੍ਹਾਈ ਕਰਨ ਦੀ ਮੋਹਲਤ ਨਾ ਦਿੱਤੀ। ਸੋ ਮੈਂ ਪੜ੍ਹਾਈ ਦਾ ਸੁਪਨਾ ਹੀ ਲਾਂਭੇ ਰੱਖ ਦਿੱਤਾ

ਪਾਪਾ ਸਵੇਰੇ ਸਾਜਰੇ ਮੰਡੀ ਨਿਕਲ਼ ਜਾਂਦੇ। ਮੈਂ ਦੁੱਧ ਅਤੇ ਬਿਸਕੁਟ ਖਾ ਕੇ ਅਤੇ ਥੋੜ੍ਹੇ ਬਹੁਤੇ ਪੈਸੇ ਲੈ ਕੇ ਸਵੇਰੇ ਸੱਤ ਵਜੇ ਸਕੂਲ ਲਈ ਨਿਕਲ਼ ਜਾਂਦਾ। ਕਰੀਬ ਦਸ ਵਜੇ ਜਦੋਂ ਲੰਚ ਹੁੰਦਾ ਤਾਂ ਸਕੂਲ ਦੀ ਕੰਟੀਨ ਤੋਂ ਸਮੋਸਾ ਜਾਂ ਵੜਾ ਵਗੈਰਾ ਜੋ ਵੀ ਮਿਲ਼ਦਾ ਸੀ ਉਹ ਖਾ ਲੈਂਦਾ ਸੀ। ਬਾਰ੍ਹਾਂ ਵਜੇ ਘਰ ਮੁੜ੍ਹਦਾ ਅਤੇ ਪਾਪਾ ਦੇ ਦੱਸੇ ਮੁਤਾਬਕ ਸਟੋਪ (ਮਿੱਟੀ ਦੇ ਤੇਲ ਨਾਲ਼ ਚੱਲਣ ਵਾਲ਼ਾ) 'ਤੇ ਖਾਣਾ ਪਕਾਉਂਦਾ। ਉਹ ਅਮੁਮਨ ਖਿਚੜੀ ਜਾਂ ਦਾਲ-ਚੌਲ਼ ਬਣਾਉਣ ਦਾ ਤਰੀਕਾ ਸਮਝਾ ਜਾਂਦੇ ਸਨ। ਨੌਂ ਸਾਲ ਦੀ ਉਮਰੇ ਜਿੰਨਾ ਦਿਮਾਗ਼ ਕੰਮ ਕਰਦਾ ਉਸੇ ਮੁਤਾਬਕ ਕੁਝ ਨਾ ਕੁਝ ਰਿੰਨ੍ਹ ਹੀ ਲਿਆ ਕਰਦਾ। ਕਿੰਨੀ ਹੀ ਵਾਰ ਚੌਲ਼ ਘਿੱਪਾ ਹੋ ਜਾਂਦੇ, ਥੱਲੇ ਲੱਗ ਜਾਂਦੇ ਜਾਂ ਕੱਚੇ ਰਹਿ ਜਾਂਦੇ। ਖਾਣਾ ਬਣਾ ਕੇ ਮੈਂ ਟਿਫ਼ਿਨ ਪੈਕ ਕਰਦਾ ਅਤੇ ਬੀਈਐੱਸਟੀ (ਸੜਕ ਪਰਿਵਹਨ) ਦੀ ਬੱਸ ਫੜ੍ਹਦਾ ਅਤੇ ਕਰੀਬ ਪੰਜ ਕਿਲੋਮੀਟਰ ਦੂਰ ਪਾਪਾ ਦੀ ਦੁਕਾਨ 'ਤੇ ਜਾਂਦਾ। ਪਾਪਾ ਖਾਣਾ ਖਾਂਦੇ ਵੇਲ਼ੇ ਅਕਸਰ ਚੀਕ-ਚੀਕ ਪੈਂਦੇ ਅਤੇ ਕਹਿੰਦੇ, ਕੀ ਇਹੀ ਤਰੀਕਾ ਦੱਸਿਆ ਸੀ ਬਣਾਉਣ ਦਾ? ਬੇੜਾ ਗਰਕ ਕਰਕੇ ਰੱਖ ਦਿੱਤਾ...

PHOTO • Sumer Singh Rathore
PHOTO • Devesh

ਖੱਬੇ: ਮਿਥੁਨ ਸਵੇਰੇ ਕਰੀਬ 6:30 ਵਜੇ ਸੜਕ ਕੰਢੇ ਸਥਿਤ ਸਬਜ਼ੀ ਦੀ ਆਪਣੀ ਦੁਕਾਨ ਖੋਲ੍ਹਦੇ ਹਨ। ਸੱਜੇ: ਫਿਰ ਉਹ ਦੁਕਾਨ ਦੇ ਸਾਹਮਣੇ ਵਾਲ਼ੀ ਥਾਂ ਹੂੰਝਦੇ ਹਨ

ਦੁਪਹਿਰ ਵੇਲ਼ੇ ਪਾਪਾ ਦੁਕਾਨ ਵਿੱਚ ਭੁੰਜੇ ਹੀ ਸੌਂ ਜਾਂਦੇ ਤੇ ਮੈਂ ਦੁਕਾਨ ਸਾਂਭਦਾ। ਮੇਰਾ ਕੰਮ ਇੱਥੇ ਹੀ ਨਾ ਮੁੱਕਦਾ। ਜਦੋਂ ਸ਼ਾਮੀਂ ਉਹ ਉੱਠਦੇ ਤਾਂ ਮੈਂ ਨੇੜੇ-ਤੇੜੇ ਦੀਆਂ ਗਲ਼ੀਆਂ ਵਿੱਚ ਧਨੀਆ ਅਤੇ ਨਿੰਬੂ ਵੇਚਣ ਨਿਕਲ਼ ਜਾਂਦਾ। ਧਨੀਏ ਦੀ ਗੁੱਟੀ ਨੂੰ ਗੁੱਟ 'ਤੇ ਟਿਕਾਉਣ ਅਤੇ ਦੋਵਾਂ ਤਲ਼ੀਆਂ ਵਿਚਾਲ਼ੇ ਨਿੰਬੂ ਟਿਕਾ ਟਿਕਾ ਕੇ ਵੇਚਣ ਦਾ ਹੁਨਰ ਮੈਂ ਸਿੱਖ ਲਿਆ ਸੀ। ਨਿੰਬੂ-ਧਨੀਆ ਵੇਚ ਮੈਂ ਹਰ ਰੋਜ਼ 50 ਤੋਂ 80 ਰੁਪਏ ਤੱਕ ਕਮਾ ਹੀ ਲਿਆ ਕਰਦਾ ਸਾਂ। ਇਹ ਸਿਲਸਿਲਾ ਕਰੀਬ ਡੇਢ ਸਾਲ ਚੱਲਿਆ। ਫਿਰ ਅਚਾਨਕ ਕਿਸੇ ਕਾਰਨ ਕਰਕੇ ਪਾਪਾ ਨੂੰ ਪਿੰਡ ਜਾਣਾ ਪੈ ਗਿਆ ਸੋ ਮੈਂ ਵੀ ਨਾਲ਼ ਜਾਣਾ ਸੀ, ਇੰਜ ਮੇਰੀ ਪੰਜਵੀਂ ਦੀ ਪੜ੍ਹਾਈ ਵਿਚਾਲ਼ੇ ਰੁੱਕ ਗਈ।

ਇਸ ਵਾਰ ਮਾਂ ਨੇ ਮੈਨੂੰ ਪਿੰਡ ਵਿੱਚ ਹੀ ਰੋਕ ਲਿਆ। ਉਨ੍ਹਾਂ ਨੂੰ ਇੰਜ ਜਾਪਣ ਲੱਗਿਆ ਕਿ ਪੜ੍ਹਾਈ ਵੀ ਜ਼ਰੂਰੀ ਹੈ, ਇਸਲਈ ਘਰ ਦਾ ਕੋਈ ਬੱਚਾ ਤਾਂ ਪੜ੍ਹੇ। ਹੋ ਸਕਦਾ ਹੈ ਮੈਨੂੰ ਰੋਕ ਲੈਣ ਮਗਰਲਾ ਕਾਰਨ ਮੁੰਬਈ ਦਾ ਮੇਰਾ ਸੰਘਰਸ਼ ਵੀ ਹੋਵੇ। ਨਾ ਮੈਂ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਕਦੇ ਉਨ੍ਹਾਂ ਨੇ ਜਾਣਨਾ ਚਾਹਿਆ ਕਿ ਮੈਂ ਕਿੱਥੇ ਰਹਿਣਾ ਚਾਹੁੰਦਾ ਸਾਂ। ਉਨ੍ਹਾਂ ਨੂੰ ਜੋ ਬਿਹਤਰ ਲੱਗਿਆ ਉਨ੍ਹਾਂ ਨੇ ਉਹ ਕੀਤਾ।

ਮਾਮਾ ਦੇ ਘਰ ਪੜ੍ਹਾਈ ਦਾ ਬਿਹਤਰ ਮਾਹੌਲ ਸੀ, ਇਸਲਈ ਮਾਂ ਨੇ ਉਨ੍ਹਾਂ ਨਾਲ਼ ਗੱਲ ਕੀਤੀ ਅਤੇ ਮੈਂ ਕਰੀਬ ਗਿਆਰ੍ਹਾਂ ਸਾਲ ਦੀ ਉਮਰੇ ਮਾਮਾ ਦੇ ਘਰ ਚਲਾ ਗਿਆ। ਉੱਥੇ ਘਰ ਦੇ ਸਾਰੇ ਬੱਚੇ ਸਕੂਲ ਜਾਂਦੇ ਸਨ। ਮੈਨੂੰ ਪਹਿਲੀ ਵਾਰ ਪੜ੍ਹਾਈ ਦਾ ਅਜਿਹਾ ਮਾਹੌਲ ਮਿਲ਼ਿਆ ਸੀ। ਮੇਰੇ ਮਾਮੇ ਕਮਿਊਨਿਸਟ ਪਾਰਟੀ ਨਾਲ਼ ਜੁੜੇ ਹੋਏ ਸਨ ਤਾਂ ਘਰ ਦਾ ਮਾਹੌਲ ਅਕਸਰ ਰਾਜਨੀਤਕ ਹੁੰਦਾ। ਪਹਿਲੀ ਵਾਰ ਮੈਂ ਉਨ੍ਹਾਂ ਦੇ ਮੂੰਹੋਂ ਹੀ ਰਾਜਨੀਤਕ ਪਾਰਟੀਆਂ ਦੇ ਨਾਮ ਸੁਣੇ, ਇਲਾਕੇ ਦੇ ਨੇਤਾਵਾਂ ਦੇ ਨਾਮ ਜਾਣੇ। ਇੱਕ ਦੁਪਹਿਰੇ ਮੈਂ ਦੇਖਿਆ ਕਿ ਇੱਕ ਗੁਆਂਢੀ ਜਿਹਨੂੰ ਅਸੀਂ ਮਾਮਾ ਕਹਿੰਦੇ ਅਤੇ ਲੋਕ ਜਿਨ੍ਹਾਂ ਨੂੰ ਕਾਮਰੇਡ ਕਿਹਾ ਕਰਦੇ ਸਨ, ਕਾਫ਼ੀ ਸਾਰੇ ਲਾਲ ਝੰਡੇ ਫੜ੍ਹੀ ਬਰੂਹਾਂ 'ਤੇ ਖੜ੍ਹੇ ਸਨ। ਥੋੜ੍ਹਾ ਪੁੱਛਣ 'ਤੇ ਪਤਾ ਚੱਲਿਆ ਕਿ ਇਹ ਕਮਿਊਨਿਸਟ ਪਾਰਟੀ ਦਾ ਝੰਡਾ ਹੈ, ਕਿਸਾਨ-ਮਜ਼ਦੂਰਾਂ ਦਾ ਝੰਡਾ ਹੈ। ਉਹ ਲੋਕ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਸਨ। ਉਦੋਂ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਸਰਕਾਰ ਦਾ ਵਿਰੋਧ ਵੀ ਕੀਤਾ ਜਾ ਸਕਦਾ ਹੈ।

ਸਾਲ 2008 ਵਿੱਚ ਬਾਰਵ੍ਹੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਮਾਮਾ ਨੇ ਮੈਨੂੰ ਪੌਲੀਟੈਕਨਿਕ ਵਿੱਚ ਡਿਪਲੋਮਾ ਕਰਨ ਲਈ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰਨ ਦਾ ਸੁਝਾਅ ਦਿੱਤਾ। ਜਦੋਂ ਮੈਂ ਮਾਂ ਨਾਲ਼ ਇਸ ਬਾਰੇ ਚਰਚਾ ਕੀਤੀ ਤਾਂ ਮਾਂ ਨੇ ਕਿਹਾ ਕਿ ਹੁਣ ਪਹਿਲਾਂ ਵਾਂਗਰ ਹਾਲਾਤ ਨਹੀਂ ਰਹਿ ਗਏ ਹਨ। ਉਨ੍ਹਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਮਾਮਾ ਨੇ ਪੌਲੀਟੈਕਨਿਕ ਦਾ ਫ਼ਾਰਮ ਭਰਵਾ ਦਿੱਤਾ ਸੀ। ਪਹਿਲੀ ਵਾਰ ਵਿੱਚ ਠੀਕ ਰੈਂਕ ਨਾ ਆਇਆ। ਮੈਂ ਅਗਲੇ ਸਾਲ ਫਿਰ ਤੋਂ ਕੋਸ਼ਿਸ਼ ਕੀਤੀ ਅਤੇ ਇੱਕ ਸਾਲ ਦੀ ਮਿਹਨਤ ਕਰਕੇ ਵਧੀਆ ਰੈਂਕ ਆਇਆ ਅਤੇ ਇਸ ਵਾਰ ਇੱਕ ਸਰਕਾਰੀ ਕਾਲਜ ਮਿਲ਼ ਗਿਆ। ਕਾਊਂਸਲਿੰਗ ਦਾ ਲੈਟਰ ਵੀ ਆ ਗਿਆ ਸੀ ਅਤੇ ਪੂਰੇ ਸਾਲ ਦੀ ਫ਼ੀਸ 6,000 ਰੁਪਏ ਸੀ। ਮੈਂ ਮਾਂ ਤੋਂ ਇੱਕ ਵਾਰੀ ਫਿਰ ਪੁੱਛਿਆ, ਪਰ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ। ਮਾਮਾ ਨੇ ਕਿਹਾ ਅਸੀਂ ਦੇਖ ਲਵਾਂਗੇ। ਪਰ ਮਾਂ ਨੇ ਦੋਬਾਰਾ ਦਹੁਰਾਇਆ ਕਿ ਭੈਣਾਂ ਵੱਡੀਆਂ ਹੋ ਰਹੀਆਂ ਹਨ, ਪਾਪਾ ਹੁਣ ਓਨਾ ਨਹੀਂ ਕਮਾ ਪਾਉਂਦੇ। ਅੱਗੇ ਕੀ ਬਣੂਗਾ? ਮਾਂ ਆਪਣੀ ਥਾਂ ਸਹੀ ਸੀ। ਹਾਲਾਤ ਅਜਿਹੇ ਨਹੀਂ ਸਨ ਕਿ ਤਿੰਨ-ਚਾਰ ਸਾਲ ਦੀ ਮੋਹਲਤ ਮਿਲ਼ ਜਾਵੇ। ਮੈਂ ਉਹ ਸੁਪਨਾ ਉੱਥੇ ਹੀ ਦੱਬ ਦਿੱਤਾ।

PHOTO • Sumer Singh Rathore
PHOTO • Sumer Singh Rathore

ਖੱਬੇ: ਗਾਹਕਾਂ ਦੇ ਆਉਣ ਤੋਂ ਪਹਿਲਾਂ ਉਹ ਬੜੇ ਕਰੀਨੇ ਨਾਲ਼ ਸਬਜ਼ੀਆਂ ਟਿਕਾਉਂਦੇ ਹਨ। ਸੱਜੇ: ਪਾਲਕ ਦੇ ਬੰਡਲ ਨੂੰ ਵਿਕਰੀ ਵਾਸਤੇ ਰੱਖਣ ਤੋਂ ਪਹਿਲਾਂ ਉਹਦੇ ਸਿਰਿਆਂ ਨੂੰ ਵੱਢਦੇ ਹੋਏ

ਇਸ ਤੋਂ ਬਾਅਦ ਮੈਂ, ਕਈ ਵਾਰ ਸਾਈਕਲ ਚੁੱਕਿਆ ਅਤੇ ਪਿੰਡੋਂ ਦੂਰ ਕੁਝ ਬਜ਼ਾਰਾਂ ਵਿੱਚ ਕੰਮ ਲੱਭਣ ਦੀ ਕੋਸ਼ਿਸ਼ ਕੀਤੀ, ਖ਼ਾਸ ਕਰਕੇ ਉਨ੍ਹਾਂ ਬਜ਼ਾਰਾਂ ਵਿੱਚ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ। ਜਾਣ-ਪਛਾਣ ਵਾਲ਼ਿਆਂ ਤੋਂ ਕੰਮ ਮੰਗਣ ਵਿੱਚ ਥੋੜ੍ਹੀ ਝਿਜਕ ਹੁੰਦੀ ਸੀ। ਖ਼ੈਰ, ਕੰਮ ਲੱਭਦੇ ਲੱਭਦੇ ਇੱਕ ਥਾਂ ਟਿਊਸ਼ਨ ਪੜ੍ਹਾਉਣ ਦਾ ਕੰਮ ਮਿਲ਼ਿਆ। ਪਰ ਦੋ-ਤਿੰਨ ਮਹੀਨੇ ਪੜ੍ਹਾ ਕੇ ਦੇਖਿਆ ਕਿ ਪੈਸੇ ਹੀ ਪੂਰੇ ਨਹੀਂ ਮਿਲ਼ ਰਹੇ, ਇਸਲਈ ਮਨ ਟੁੱਟ ਗਿਆ। ਫਿਰ ਸੋਚਿਆ ਕਿਉਂ ਨਾ ਮੁੰਬਈ ਹੀ ਚਲਾ ਜਾਵਾਂ; ਪਾਪਾ ਤਾਂ ਉੱਥੇ ਹੈਗੇ ਹੀ ਨੇ ਕੋਈ ਨਾ ਕੋਈ ਕੰਮ  ਮਿਲ਼ ਹੀ ਜਾਵੇਗਾ। ਮਾਂ ਵੀ ਇਸੇ ਗੱਲ ਨਾਲ਼ ਰਾਜ਼ੀ ਸਨ। ਫਿਰ ਇੱਕ ਦਿਨ ਉਨ੍ਹਾਂ ਗੁਆਂਢੀ ਅੰਕਲ ਦੇ ਬੇਟੇ ਦੇ ਨਾਲ਼ ਮੈਂ ਮੁੰਬਈ ਆ ਗਿਆ ਜਿਨ੍ਹਾਂ ਦੇ ਸਹਾਰੇ ਪਾਪਾ ਪਹਿਲੀ ਵਾਰ ਮੁੰਬਈ ਆਏ ਸਨ।

*****

ਕੰਮ ਦੀ ਤਲਾਸ਼ ਫਿਰ ਸ਼ੁਰੂ ਹੋਈ। ਰਹਿਣ ਦਾ ਟਿਕਾਣਾ ਵੀ ਪੱਕਾ ਨਹੀਂ ਸੀ।
ਮੈਂ ਪੂਰਾ ਦਿਨ ਕੰਮ ਦੀ ਭਾਲ਼ ਵਿੱਚ ਮਾਰਿਆ ਮਾਰਿਆ ਫਿਰਦਾ ਸਾਂ

ਮੁੰਬਈ ਦੇ ਅੰਧੇਰੀ (ਵੈਸਟ) ਇਲਾਕੇ ਵਿੱਚ, ਪਾਪਾ ਜਿੱਥੇ ਸਬਜ਼ੀ ਦੀ ਦੁਕਾਨ ਚਲਾਉਂਦੇ ਸਨ, ਉੱਥੇ ਹੀ ਫੁਟਪਾਥ 'ਤੇ ਖਾਣਾ ਪਕਾਉਂਦੇ ਅਤੇ ਉੱਥੇ ਹੀ ਸੌਂ ਵੀ ਜਾਂਦੇ। ਇੰਝ ਉਨ੍ਹਾਂ ਦੇ ਨਾਲ਼ ਰਹਿਣਾ ਬਹੁਤ ਔਖ਼ਾ ਸੀ। ਦੁੱਧ ਦੀ ਇੱਕ ਦੁਕਾਨ 'ਤੇ ਮੈਨੂੰ ਕੰਮ ਮਿਲ਼ ਗਿਆ। ਮਾਲਕ ਨੇ ਕਿਹਾ ਕਿ ਬੱਸ ਦੁਕਾਨ ਦੇਖਣੀ ਹੈ, ਕਦੇ ਇੱਥੇ-ਉੱਤੇ ਸਮਾਨ ਛੱਡਣਾ ਪੈਣਾ, ਰਹਿਣਾ-ਖਾਣਾ ਇੱਥੇ ਹੀ ਹੋਵੇਗਾ, ਕੰਮ ਮਹੀਨੇ ਦੇ ਤੀਹ ਦੇ ਤੀਹ ਦਿਨ ਕਰਨਾ ਪੈਣਾ, ਕੋਈ ਛੁੱਟੀ ਨਹੀਂ ਅਤੇ ਤਨਖ਼ਾਹ ਮਿਲ਼ੂ 1,800 ਰੁਪਏ। ਮੈਂ ਹਾਮੀ ਭਰ ਦਿੱਤੀ। ਪਰ, ਹਫ਼ਤੇ ਕੁ ਬਾਅਦ ਮੇਰੇ ਪੈਰ ਸੁੱਜ ਗਏ। ਭਿਆਨਕ ਦਰਦ ਹੁੰਦਾ ਸੀ ਅਤੇ ਬੈਠਿਆਂ ਕੁਝ ਰਾਹਤ ਮਿਲ਼ਦੀ। ਵੀਹ-ਬਾਈ ਦਿਨ ਕੰਮ ਕਰਨ ਤੋਂ ਬਾਅਦ, ਮੈਂ ਸੇਠ ਨੂੰ ਕਹਿ ਦਿੱਤਾ ਕਿ ਇਹ ਮਹੀਨਾ ਪੂਰਾ ਹੋ ਜਾਣ ਤੋਂ ਬਾਅਦ ਕੰਮ ਨਹੀਂ ਕਰ ਪਾਊਂਗਾ।

ਕੰਮ ਦੀ ਭਾਲ਼ ਦੋਬਾਰਾ ਸ਼ੁਰੂ ਹੋਈ। ਰਹਿਣ ਦਾ ਟਿਕਾਣਾ ਵੀ ਤੈਅ ਨਹੀਂ ਸੀ। ਪੂਰਾ ਦਿਨ ਕੰਮ ਲੱਭਦਾ ਸੀ, ਫਿਰ ਕਦੇ ਬੱਸ ਸਟਾਪ ਜਾਂ ਕਿਸੇ ਦੁਕਾਨ ਦੇ ਸਾਹਮਣੇ ਸੌਂ ਜਾਂਦਾ ਸੀ। ਆਖ਼ਰਕਾਰ, ਇੱਕ ਆਨਲਾਈਨ ਲਾਟਰੀ ਦੀ ਦੁਕਾਨ 'ਤੇ ਕੰਮ ਮਿਲ਼ ਹੀ ਗਿਆ, ਜਿੱਥੇ ਲੋਕ ਸੱਟਾ ਲਾਉਣ ਆਉਂਦੇ। ਇੱਥੇ ਮੇਰਾ ਕੰਮ ਬੋਰਡ 'ਤੇ ਲਾਟਰੀ ਦੇ ਨੰਬਰ ਲਿਖਣ ਦਾ ਸੀ, ਜਿਹਦੇ ਬਦਲੇ ਮੈਨੂੰ 80 ਰੁਪਏ ਦਿਹਾੜੀ ਮਿਲ਼ਦੀ। ਇੱਕ ਦਿਨ ਮੇਰਾ ਸੇਠ ਆਪ ਹੀ ਸੱਟਾ ਲਾਉਣ ਬਹਿ ਗਿਆ, ਜਿਸ ਵਿੱਚ ਉਹਨੇ ਕਰੀਬ 7-8 ਲੱਖ ਰੁਪਏ ਡੁਬੋ ਲਏ। ਇਸ ਕਾਂਡ ਤੋਂ ਬਾਅਦ ਅਗਲੇ ਦੋ ਦਿਨ ਦੁਕਾਨ ਬੰਦ ਰਹੀ। ਤੀਜੇ ਦਿਨ ਕਿਸੇ ਨੇ ਮੈਨੂੰ ਦੱਸਿਆ ਕਿ ਸੇਠ ਦੇ ਸੇਠ ਨੇ ਸੇਠ ਦਾ ਕੁਟਾਪਾ ਚਾੜ੍ਹ ਦਿੱਤਾ ਸੀ ਅਤੇ ਹੁਣ ਦੂਸਰੇ ਸੇਠ ਦੇ ਆਉਣ ਤੱਕ ਦੁਕਾਨ ਨਹੀਂ ਖੁੱਲ੍ਹੇਗੀ। ਪਰ ਦੂਸਰਾ ਸੇਠ ਆਇਆ ਹੀ ਨਾ। ਮੇਰੇ ਕਰੀਬ ਇੱਕ ਹਜ਼ਾਰ ਰੁਪਏ ਬਾਕੀ ਸਨ, ਜੋ ਡੁੱਬ ਗਏ। ਇੱਕ ਵਾਰ ਫਿਰ ਕੰਮ ਦੀ ਭਾਲ਼ ਸ਼ੁਰੂ ਹੋ ਗਈ।

PHOTO • Devesh
PHOTO • Devesh

ਮਿਥੁਨ ਦੇ ਕਾਫ਼ੀ ਸਾਰੇ ਗਾਹਕ ਉਨ੍ਹਾਂ ਕੋਲ਼ੋਂ ਨਿਯਮਿਤ ਤੌਰ ‘ਤੇ ਸਬਜ਼ੀਆਂ ਖ਼ਰੀਦਦੇ ਹਨ; ਅਤੇ ਉਨ੍ਹਾਂ ਵਿੱਚੋਂ ਕੁਝ ਕੁ ਤਾਂ ਉਨ੍ਹਾਂ ਦੇ ਦੋਸਤ ਵੀ ਬਣ ਗਏ ਹਨ। ਉਹ ਸਾਲ 2008 ਤੋਂ ਮੁੰਬਈ ਵਿਖੇ ਸਬਜ਼ੀਆਂ ਵੇਚ ਰਹੇ ਹਨ

ਇਸ ਦਰਮਿਆਨ, ਪਾਪਾ ਦੇ ਪੈਰ ਵਿੱਚ ਥੋੜ੍ਹੀ ਦਿੱਕਤ ਹੋ ਗਈ। ਮੈਂ ਪਾਪਾ ਨੂੰ ਕਿਹਾ ਕਿ ਹੁਣ ਮੈਨੂੰ ਕੰਮ ਕਰਨ ਦਵੋ ਅਤੇ ਤੁਸੀਂ ਪਿੰਡੋਂ ਹੋ ਆਓ, ਮੈਂ ਦੁਕਾਨ ਸਾਂਭ ਲਊਂ। ਸ਼ੁਰੂ ਵਿੱਚ ਤਾਂ ਪਾਪਾ ਨੇ ਕਿਹਾ ਕਿ ਮੈਂ ਨਹੀਂ ਸਾਂਭ ਸਕੂੰਗਾ, ਦੁਨੀਆ ਭਰ ਦੇ ਸਿਆਪੇ ਹੁੰਦੇ ਹਨ ਸੜਕ 'ਤੇ ਰਹਿਣਾ ਸੌਖ਼ਾ ਨਹੀਂ ਹੁੰਦਾ। ਅੰਦਰੋਂ ਤਾਂ ਉਹ ਆਪ ਵੀ ਘਰ ਜਾਣਾ ਲੋਚਦੇ ਸਨ, ਮੈਂ ਵੀ ਉਨ੍ਹਾਂ ਨੂੰ ਖ਼ੁਦ ਦੁਕਾਨ ਸਾਂਭ ਲੈਣ ਦਾ ਭਰੋਸਾ ਦਵਾਇਆ ਅਤੇ ਰਾਜ਼ੀ ਕਰ ਲਿਆ ਸੀ।

ਆਪਣੇ ਸਿਰ-ਬ-ਸਿਰ ਦੁਕਾਨ ਚਲਾ ਕੇ ਮੈਂ ਕਰੀਬ ਡੇਢ ਹਜ਼ਾਰ ਰੁਪਏ ਬਚਾ ਲਏ। ਇਹ ਮੇਰੇ ਲਈ ਵੱਡੀ ਰਕਮ ਸੀ। ਇਸ ਕਮਾਈ ਨੇ ਮੇਰੇ ਅੰਦਰ ਕੰਮ ਨੂੰ ਲੈ ਕੇ ਸਮਰਪਣ ਭਾਵ ਜਗਾ ਦਿੱਤਾ ਅਤੇ ਇੱਕ ਮਹੀਨੇ ਦੀ ਮਿਹਨਤ ਕਰਕੇ ਮੈਂ ਪੰਜ ਹਜ਼ਾਰ ਰੁਪਏ ਬਚਾ ਲਏ। ਜਦੋਂ ਮੈਂ ਡਾਕ ਰਾਹੀਂ ਘਰੇ ਪਹਿਲੀ ਵਾਰ ਪੈਸੇ ਭੇਜੇ ਤਾਂ ਮਾਂ ਬੜੀ ਖੁਸ਼ ਹੋਈ ਅਤੇ ਪਾਪਾ ਹੈਰਾਨ ਹੋਏ ਕਿ ਜਿਸ ਦੁਕਾਨ ਤੋਂ ਉਹ ਕੁਝ ਨਹੀਂ ਬਚਾ ਪਾ ਰਹੇ ਸਨ, ਮੈਂ ਇੰਨੇ ਪੈਸੇ ਕਿਵੇਂ ਬਚਾ ਲਏ ਸਨ।

ਜਿੱਥੇ ਮੈਂ ਰੇੜੀ ਲਾਉਂਦਾ ਸਾਂ ਉੱਥੇ ਸੜਕੋਂ ਪਾਰ ਇੱਕ ਸਬਜ਼ੀ ਦੀ ਇੱਕ ਹੋਰ ਦੁਕਾਨ ਸੀ ਜਿੱਥੇ ਮੇਰੀ ਕੁ ਉਮਰ ਦਾ ਇੱਕ ਮੁੰਡਾ ਆ ਗਿਆ ਸੀ। ਹੌਲ਼ੀ-ਹੌਲ਼ੀ ਅਸੀਂ ਚੰਗੇ ਦੋਸਤ ਬਣ ਗਏ। ਮੈਨੂੰ ਚੇਤੇ ਹੈ ਜਦੋਂ ਉਹਨੇ ਪਹਿਲੀ ਵਾਰ ਭੋਜਨ ਦੀ ਥਾਲੀ ਮੇਰੇ ਵੱਲ ਵਧਾਈ ਸੀ। ਆਮਿਰ ਨਾਮ ਸੀ ਉਹਦਾ। ਆਮਿਰ ਦੇ ਆਉਣ ਨਾਲ਼ ਮੇਰੇ ਖਾਣ-ਪੀਣ ਦੀ ਚਿੰਤਾ ਮੁੱਕ ਗਈ। ਹੁਣ ਆਮਿਰ ਮੈਨੂੰ ਰੋਜ਼ ਪੁੱਛਦਾ ਕਿ ਅੱਜ ਕੀ ਪਕਾਈਏ। ਮੈਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਸੀ ਸੋ ਮੈਂ ਰੋਟੀ ਤੋਂ ਬਾਅਦ ਵਾਲ਼ੇ ਸਾਰੇ ਭਾਂਡੇ ਮਾਂਜ ਦਿਆ ਕਰਦਾ। ਜਿਸ ਖੁੱਲ੍ਹੀ ਥਾਵੇਂ ਅਸੀਂ ਸੌਂਦੇ ਸਾਂ ਉੱਥੇ ਸਾਡੀ ਜੇਬ੍ਹ ਕੱਟੀ ਜਾਣ ਲੱਗੀ। ਇੱਕ ਦਿਨ ਤਾਂ ਚੋਰ ਮੋਬਾਇਲ ਫ਼ੋਨ ਹੀ ਕੱਢ ਕੇ ਲੈ ਗਏ। ਇਸਲਈ, ਕੁਝ ਦਿਨ ਬਾਅਦ ਮੈਂ ਅਤੇ ਆਮਿਰ ਨੇ ਕਿਰਾਏ ਦਾ ਘਰ ਲੈਣ ਦਾ ਫ਼ੈਸਲਾ ਕੀਤਾ। ਇੱਕ ਪਛਾਣ ਵਾਲ਼ੇ ਨੇ ਚਾਲ਼ ਵਿੱਚ ਘਰ ਦਵਾ ਦਿੱਤਾ। ਪਗੜੀ ਵਜੋਂ ਕੁਝ ਪੈਸੇ ਦੇਣੇ ਪਏ ਸਨ ਅਤੇ ਮਹੀਨੇ ਦਾ ਕਿਰਾਇਆ 3,000 ਸੀ ਜੋ ਅਸੀਂ ਦੋਵੇਂ ਅੱਧਾ-ਅੱਧਾ ਕਰ ਲਿਆ ਕਰਦੇ।

ਮੇਰਾ ਪਿੰਡ ਵਾਲ਼ਾ ਘਰ ਕੱਚਾ ਸੀ। ਕੁਝ ਸਮੇਂ ਪਹਿਲਾਂ ਉਸ ਵਿੱਚ ਅੱਗ ਲੱਗ ਗਈ ਅਤੇ ਮੁਰੰਮਤ ਕਰਾਉਣ ਦੇ ਬਾਵਜੂਦ ਵੀ ਹਾਲਤ ਖ਼ਸਤਾ ਬਣੀ ਰਹੀ। ਇਸਲਈ, ਕੱਚਾ ਘਰ ਤੋੜ ਕੇ ਉਹਦੀ ਥਾਂ ਪੱਕਾ ਘਰ ਬਣਨ ਲੱਗਿਆ ਸੀ। ਇਹੀ ਉਹ ਸਮਾਂ ਸੀ ਜਦੋਂ ਸਾਲ 2013 ਦੇ ਮਈ ਮਹੀਨੇ ਵਿੱਚ ਮੇਰੀਆਂ ਦੋਵਾਂ ਲੱਤਾਂ ਵਿੱਚ ਅਜੀਬ ਜਿਹੀ ਪੀੜ੍ਹ ਸ਼ੁਰੂ ਹੋਈ। ਪਿੰਡ ਦੇ ਸਮੁਦਾਇਕ ਸਿਹਤ ਕੇਂਦਰ ਵਿਖੇ ਡਾਕਟਰ ਨੂੰ ਦਿਖਾਇਆ ਤਾਂ ਉਨ੍ਹਾਂ ਨੇ ਕੈਲਸ਼ੀਅਮ ਦੀ ਘਾਟ ਦੱਸਿਆ। ਜਦੋਂ ਮਾਮਲਾ ਠੀਕ ਨਾ ਹੋਇਆ ਤਾਂ ਡਾਕਟਰ ਨੇ ਮੁਕੰਮਲ ਜਾਂਚ ਕੀਤੀ। ਰਿਪੋਰਟ ਤੋਂ ਪਤਾ ਚੱਲਿਆ ਕਿ ਮੈਨੂੰ ਪੀਲੀਆ ਹੈ। ਇਲਾਜ ਦੇ ਬਾਵਜੂਦ ਮੇਰੀ ਹਾਲਤ ਖ਼ਰਾਬ ਹੀ ਹੁੰਦੀ ਚਲੀ ਗਈ। ਕਿਉਂਕਿ ਇਲਾਜ ਨਾਲ਼ ਵੀ ਰਾਹਤ ਨਹੀਂ ਮਿਲ਼ ਰਹੀ ਸੀ, ਇਸਲਈ ਘਰ ਵਾਲ਼ੇ ਕਿਸੇ ਸਿਆਣੇ ਕੋਲ਼ ਵੀ ਜਾਣ ਲੱਗੇ। ਪੈਸੇ ਦੋਵੇਂ ਪਾਸਿਓਂ ਜਾ ਰਹੇ ਸਨ, ਦਵਾਈ ਅਤੇ ਦੂਆ, ਦੋਵਾਂ ਵਿੱਚ। ਪਰ ਰਾਹਤ ਕਿਤੋਂ ਨਾ ਮਿਲ਼ੀ। ਮੈਂ ਜੇਬ੍ਹੋਂ ਖਾਲੀ ਹੋ ਗਿਆ ਤਾਂ ਮੇਰੀ ਹਾਲਤ ਦੇਖ ਰਿਸ਼ਤੇਦਾਰਾਂ ਨੇ ਕੁਝ ਮਦਦ ਕੀਤੀ। ਮੈਂ ਇੱਕ ਵਾਰ ਫਿਰ ਮੁੰਬਈ ਆ ਗਿਆ।

PHOTO • Sumer Singh Rathore
PHOTO • Sumer Singh Rathore

ਖੱਬੇ: ਮਿਥੁਨ ਨਿਯਮਿਤ ਰੂਪ ਨਾਲ਼ ਜਿੰਮ ਲਾਉਂਦੇ ਹਨ, ਜਿਹਨੂੰ ਦੇਖ ਕੇ ਕਈ ਲੋਕ ਹੱਕੇ-ਬੱਕੇ ਰਹਿ ਜਾਂਦੇ ਹਨ। ਮਿਥੁਨ ਕਹਿੰਦੇ ਹਨ,’ਕੀ ਸਬਜ਼ੀ ਵਾਲ਼ੇ ਨੂੰ ਸਿਹਤ ਬਣਾਉਣ ਦਾ ਹੱਕ ਨਹੀਂ ਹੈ? ਸੱਜੇ: ਘਰੇ ਖਾਣਾ ਪਕਾਉਂਦੇ ਹੋਏ

ਮੇਰੇ ਦਿਮਾਗ਼ ਵਿੱਚ ਵੰਨ-ਸੁਵੰਨੇ ਖ਼ਿਆਲ ਆਉਂਦੇ। ਕਦੇ ਲੱਗਦਾ ਮੈਂ ਪਿੰਡ ਹਾਂ ਤੇ ਕਦੇ ਜਾਪਦਾ ਜਿਵੇਂ ਮੁੰਬਈ ਹੀ ਹਾਂ। ਗਾਹਕ ਤੋਂ ਕਰੀਬੀ ਦੋਸਤ ਬਣ ਚੁੱਕੀ ਕਵਿਤਾ ਮਲਹੋਤਰਾ ਨੂੰ ਮੇਰਾ ਬਾਰੇ ਜਿਓਂ ਹੀ ਪਤਾ ਲੱਗਿਆ ਉਹ ਪਰੇਸ਼ਾਨ ਹੋ ਉੱਠੀ। ਪੇਸ਼ੇ ਤੋਂ ਅਧਿਆਪਕਾ ਕਵਿਤਾ ਮਲਹੋਤਰਾ ਮੈਨੂੰ ਆਪਣੇ ਜਾਣਕਾਰ ਡਾਕਟਰਾਂ ਕੋਲ਼ ਲੈ ਜਾਣ ਲੱਗੀ। ਸਾਰਾ ਖਰਚਾ ਉਹ ਆਪ ਝੱਲਦੀ ਰਹੀ। ਲੋਕਾਂ ਦੇ ਬੜੇ ਕਹਿਣ 'ਤੇ ਆਮਿਰ ਮੈਨੂੰ ਦਰਗਾਹ ਵੀ ਲੈ ਗਿਆ। ਲੋਕ ਦੱਸਦੇ ਹਨ ਕਿ ਮੈਂ ਕਦੇ ਸਰੀਰ ਦੇ ਸਾਰੇ ਲੀੜੇ ਲਾਹ ਸੁੱਟਦਾ ਅਤੇ ਕਦੇ ਇੱਧਰ-ਉੱਧਰ ਭੱਜਣ ਲੱਗਦਾ। ਇੱਕ ਦਿਨ ਪਾਪਾ ਮੈਨੂੰ ਟ੍ਰੇਨ ਵਿੱਚ ਬਿਠਾ ਕਿਸੇ ਪਛਾਣ ਵਾਲ਼ੇ ਦੇ ਸਹਿਯੋਗ ਨਾਲ਼ ਦੋਬਾਰਾ ਪਿੰਡ ਆ ਗਏ। ਪਿੰਡ ਵਿੱਚ ਡਾਕਟਰਾਂ ਅਤੇ ਸਿਆਣਿਆਂ ਨੂੰ ਵਿਖਾਉਣ ਦਾ ਸਿਲਸਿਲ ਦੋਬਾਰਾ ਸ਼ੁਰੂ ਹੋ ਚੁੱਕਿਆ ਸੀ। ਅਕਸਰ ਲੋਕ ਇਲਾਹਾਬਾਦ ਦੇ ਕਈ ਡਾਕਟਰਾਂ ਦਾ ਸੁਝਾਅ ਦਿੰਦੇ, ਬੋਲੇਰੋ ਬੁੱਕ ਕੀਤੀ ਜਾਂਦੀ, ਜਿਸ ਵਿੱਚ ਮਾਂ ਮੈਨੂੰ ਲੈ ਕੇ ਤੁਰ ਪੈਂਦੀ। ਮਾਂ ਕੋਲ਼ ਪੈਸੇ ਨਾ ਹੁੰਦੇ ਫਿਰ ਰਿਸ਼ਤੇਦਾਰ ਜਿਵੇਂ ਕਿਵੇਂ ਮਦਦ ਕਰ ਦਿੰਦੇ ਸਨ। ਮੇਰਾ ਵਜ਼ਨ ਘੱਟ ਕੇ ਚਾਲ੍ਹੀ ਕਿਲੋ ਹੋ ਗਿਆ ਸੀ। ਮੰਜੀ 'ਤੇ ਲੇਟਦਾ ਤਾਂ ਇੰਝ ਜਾਪਦਾ ਜਿਓਂ ਹੱਡੀਆਂ ਦਾ ਢਾਂਚਾ ਪਿਆ ਹੋਵੇ। ਲੋਕ ਕਹਿੰਦੇ ਕਿ ਹੁਣ ਬਚਣ ਦੀ ਕੋਈ ਉਮੀਦ ਨਹੀਂ ਹੈ। ਬੱਸ ਇੱਕ ਮਾਂ ਹੀ ਸੀ ਜਿਹਨੇ ਹਿੰਮਤ ਨਾ ਹਾਰੀ। ਮਾਂ ਨੇ ਇਲਾਜ ਵਾਸਤੇ ਆਪਣੇ ਗਹਿਣੇ ਵੇਚਣੇ ਸ਼ੁਰੂ ਕਰ ਦਿੱਤੇ।

ਇਸੇ ਦਰਮਿਆਨ, ਕਿਸੇ ਦੇ ਸੁਝਾਅ 'ਤੇ ਮੇਰਾ ਇਲਾਜ ਇਲਾਹਾਬਾਦ ਦੇ ਮਨੋਰੋਗ ਮਾਹਰ ਡਾਕਟਰ ਟੰਡਨ ਦੇ ਕੋਲ਼ ਸ਼ੁਰੂ ਹੋਇਆ। ਉਨ੍ਹਾਂ ਨੇ 15 ਅਗਸਤ 2013 ਦਾ ਨੰਬਰ ਦਿੱਤਾ ਸੀ। ਜਿਸ ਬੱਸ 'ਤੇ ਸਵਾਰ ਹੋ ਅਸੀਂ ਘਰੋਂ ਨਿਕਲ਼ੇ ਉਹ ਅੱਗੇ ਜਾ ਕੇ ਖਰਾਬ ਹੋ ਗਈ। ਉੱਥੋਂ ਦੋ ਕਿਲੋਮੀਟਰ ਦੂਰ ਹੀ ਚੋਰਾਹਾ ਸੀ ਜਿੱਥੋਂ ਇਲਾਹਾਬਾਦ ਲਈ ਬੱਸਾਂ ਮਿਲ਼ਦੀਆਂ ਸਨ। ਮੈਂ ਹਿੰਮਤ ਕੀਤੀ ਅਤੇ ਪੈਦਲ ਤੁਰਨਾ ਸ਼ੁਰੂ ਕੀਤਾ, ਪਰ ਥੋੜ੍ਹੀ ਹੀ ਦੂਰ ਜਾ ਕੇ ਹਾਰ ਗਿਆ ਅਤੇ ਸੜਕ ਦੇ ਕੰਢੇ ਬਹਿ ਗਿਆ। ਮਾਂ ਨੇ ਕਿਹਾ ਚੱਲ “ਮੈਂ ਤੈਨੂੰ ਆਪਣੇ ਗੰਧਾੜੇ ਚੁੱਕ ਲਵਾਂ।” ਉਹਦੀ ਗੱਲ ਸੁਣ ਮੇਰਾ ਗੱਚ ਭਰ ਆਇਆ। ਉਦੋਂ ਹੀ ਇੱਕ ਟੈਂਪੋ ਉਧਰੋਂ ਦੀ ਲੰਘਿਆ, ਮਾਂ ਨੇ ਹੱਥ ਜੋੜੇ ਤਾਂ ਉਹ ਰੁੱਕ ਗਿਆ। ਟੈਂਪੂ ਡਰਾਈਵਰ ਨੇ ਸਾਨੂੰ ਬੱਸੇ ਵੀ ਬਿਠਾਇਆ ਅਤੇ ਪੈਸੇ ਵੀ ਨਾ ਲਏ। ਮੈਨੂੰ ਆਪਣੀ ਬੀਮਾਰੀ ਦੇ ਦੌਰ ਦਾ ਕੁਝ ਵੀ ਚੇਤਾ ਨਹੀਂ ਪਰ ਇਹ ਘਟਨਾ ਚੇਤੇ ਹੈ। ਬੱਸ ਇੱਥੋਂ ਹੀ ਮੇਰੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ। ਹੌਲ਼ੀ-ਹੌਲ਼ੀ ਵਜ਼ਨ ਵਧਣ ਲੱਗਿਆ ਪਰ ਕਮਜ਼ੋਰੀ ਬਣੀ ਰਹੀ। ਮੈਂ ਬਹੁਤਾ ਭਾਰਾ ਕੰਮ ਨਾ ਕਰ ਪਾਉਂਦਾ ਪਰ ਫਿਰ ਵੀ ਹਿੰਮਤ ਕਰਕੇ ਕੰਮ ਕਰਨ ਲੱਗਿਆ ਅਤੇ ਫਿਰ ਤੋਂ ਮੁੰਬਈ ਆ ਗਿਆ। ਕਾਰੋਬਾਰ ਇੱਕ ਵਾਰ ਫਿਰ ਰਫ਼ਤਾਰ ਫੜ੍ਹਨ ਲੱਗਿਆ ਸੀ ਅਗਲੇ ਦੋ ਸਾਲ ਹਾਲਾਤ ਬਿਹਤਰ ਰਹੇ। ਫਿਰ ਸਾਲ 2016 ਵਿੱਚ ਨੋਟਬੰਦੀ ਦਾ ਐਲਾਨ ਹੋ ਗਿਆ, ਜਿਸ ਕਾਰਨ ਮੇਰਾ ਧੰਦਾ ਚੌਪਟ ਹੋ ਗਿਆ।

*****

ਭਗਤ ਸਿੰਘ ਨੂੰ ਪੜ੍ਹ ਕੇ ਮਨ ਵਿੱਚ ਸਵਾਲ ਉੱਭਰਦਾ ਕੀ ਮੌਜੂਦਾ ਭਾਰਤ ਹੀ ਉਨ੍ਹਾਂ ਦੇ ਸੁਪਨੇ ਦਾ ਭਾਰਤ ਸੀ ?

ਬੀਤੇ ਕੁਝ ਸਮੇਂ ਤੋਂ ਮੈਂ ਸੋਸ਼ਲ ਮੀਡਿਆ ਦਾ ਇਸਤੇਮਾਲ ਵੱਧ ਕਰਨ ਲੱਗਿਆ ਸਾਂ। ਵ੍ਹੈਟਸਅਪ ਫਾਰਵਰਡ ਪੜ੍ਹ ਪੜ੍ਹ ਕੇ ਦਿਮਾਗ਼ ਸੱਜੇ-ਪੱਖੀ ਵਿਚਾਰਧਾਰਾ ਤੋਂ ਪ੍ਰਭਾਵਤ ਹੋਣ ਲੱਗਿਆ। ਇੱਕ ਡੇਢ ਸਾਲ ਵਿੱਚ ਹੀ ਮੈਨੂੰ  ਸੋਸ਼ਲ਼ ਮੀਡਿਆ ਨੇ ਕੁਝ ਅਜਿਹਾ ਜਕੜਿਆ ਕਿ ਮੈਂ ਇੱਕ ਮੁਸਲਮ ਪਰਿਵਾਰ ਦੇ ਨਾਲ਼ ਰਹਿੰਦੇ ਹੋਏ ਵੀ ਮੁਸਲਮਾਨਾਂ ਨੂੰ ਨਫ਼ਰਤ ਕਰਨ ਲੱਗਿਆ ਸਾਂ। ਆਮਿਰ ਮੇਰੀਆਂ ਗੱਲਾਂ ਨੂੰ ਬਹੁਤੀ ਗੰਭੀਰਤਾ ਦੇ ਨਾਲ਼ ਨਾ ਲੈਂਦਾ। ਪਰ ਮੈਨੂੰ ਦੇਸ਼ ਦੇ ਬਾਕੀ ਮੁਸਲਮਾਨਾਂ ਤੋਂ ਪਰੇਸ਼ਾਨੀ ਸੀ। ਮੈਨੂੰ ਪਾਕਿਸਤਾਨ, ਕਸ਼ਮੀਰ, ਪੂਰਬੀ-ਉੱਤਰ ਦੇ ਲੋਕਾਂ ਤੋਂ ਪਰੇਸ਼ਾਨੀ ਸੀ। ਮੈਂ ਜਿਹੜੇ ਧਰਮ ਵਿੱਚ ਪੈਦਾ ਹੋਇਆ ਉਸ ਧਰਮ ਨੂੰ ਨਾ ਮੰਨਣ ਵਾਲ਼ਿਆਂ ਤੋਂ ਮੈਨੂੰ ਪਰੇਸ਼ਾਨੀ ਸੀ। ਕਿਸੇ ਔਰਤ ਨੂੰ ਜੀਨਸ ਪਾਈ ਦੇਖਦਾ ਤਾਂ ਲੱਗਦਾ ਇਹ ਸਮਾਜ ਨੂੰ ਵਿਗਾੜ ਰਹੀ ਹੈ। ਪ੍ਰਧਾਨਮੰਤਰੀ ਦੀ ਅਲੋਚਨਾ ਸੁਣ ਕੇ ਜਾਪਦਾ ਜਿਓਂ ਕੋਈ ਮੇਰੇ ਮਸੀਹਾ ਨੂੰ ਗਾਲ਼੍ਹ ਕੱਢ ਰਿਹਾ ਹੋਵੇ।

ਇੰਝ ਜਾਪਣ ਲੱਗਿਆ ਜਿਓਂ ਮੈਨੂੰ ਆਪਣੀ ਗੱਲ ਕਹਿਣੀ ਚਾਹੀਦੀ ਹੈ ਅਤੇ ਇਸੇ ਲਈ, ਮੈਂ ਆਪਣੇ ਖ਼ੁਦ ਦੇ ਤਜ਼ਰਬਿਆਂ ਨੂੰ ਸੋਸ਼ਲ ਮੀਡਿਆ ‘ਤੇ ਕਹਾਣੀ ਵਾਂਗਰ ਲਿਖਣ ਲੱਗਿਆਂ, ਜਿਹਨੂੰ ਪੜ੍ਹ-ਪੜ੍ਹ ਲੋਕ ਮੇਰੇ ਨਾਲ਼ ਜੁੜਦੇ ਚਲੇ ਗਏ

ਵੀਡਿਓ ਦੇਖੋ: ਸਬਜ਼ੀਆਂ ਦੇ ਨਾਲ਼, ਬਰਾਬਰੀ ਦਾ ਪਾਠ

ਇੱਕ ਦਿਨ ਆਮਿਰ ਨੇ ਇੱਕ ਪੱਤਰਕਾਰ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਨਾਮ ਮਯੰਕ ਸਕਸੈਨਾ ਸੀ। ਆਮਿਰ ਨੇ ਫੇਸਬੁੱਕ 'ਤੇ ਉਨ੍ਹਾਂ ਦੀਆਂ ਕਈ ਪੋਸਟਾਂ ਦਿਖਾਈਆਂ। ਮੈਨੂੰ ਜਾਪਿਆ ਕਿੰਨਾ ਬਕਵਾਸ ਆਦਮੀ ਹੈ, ਦੇਸ਼-ਵਿਰੋਧੀ। ਪ੍ਰਧਾਨਮੰਤਰੀ ਦੀ ਅਲੋਚਨਾ ਕਰਨ ਵਾਲ਼ੀ ਗੱਲ ਲਿਖਣ ਵਾਲ਼ੇ ਦੀ ਆਮਿਰ ਤਾਰੀਫ਼ ਕਰ ਰਿਹਾ ਸੀ, ਜੋ ਮੈਨੂੰ ਬਰਦਾਸ਼ਤ ਨਾ ਹੋਇਆ। ਪਰ ਮੈਂ ਆਮਿਰ ਨੂੰ ਕੁਝ ਨਾ ਕਹਿ ਸਕਿਆ। ਫਿਰ ਇੱਕ ਦਿਨ ਅਚਾਨਕ ਉਨ੍ਹਾਂ ਨਾਲ਼ ਮੁਲਾਕਾਤ ਵੀ ਹੋ ਗਈ। ਮਧਰੇ ਕੱਦ ਅਤੇ ਲੰਬੇ ਵਾਲ਼ਾਂ ਵਾਲ਼ਾ ਇਹ ਇਨਸਾਨ ਮੁਸਕਰਾਉਂਦੇ ਹੋਏ ਗਰਮਜੋਸ਼ੀ ਨਾਲ਼ ਮੈਨੂੰ ਮਿਲ਼ਿਆ। ਮੇਰੇ ਮਨ ਵਿੱਚ ਉਸ ਵਿਅਕਤੀ ਪ੍ਰਤੀ ਨਫ਼ਰਤ ਬਰਕਰਾਰ ਸੀ।

ਮਯੰਕ ਦੇ ਬਾਕੀ ਦੋਸਤ ਵੀ ਉਸੇ ਦੀ ਸੋਚ ਵਾਲ਼ੇ ਸਨ, ਉਨ੍ਹਾਂ ਨਾਲ਼ ਵੀ ਮੁਲਾਕਾਤ ਹੁੰਦੀ ਰਹੀ। ਮੈਂ ਉਨ੍ਹਾਂ ਨੂੰ ਬਹਿਸ ਕਰਦਿਆਂ ਦੇਖਦਾ। ਉਹ ਇੰਨੇ ਅੰਕੜੇ, ਕਿਤਾਬਾਂ, ਥਾਵਾਂ, ਵਿਅਕਤੀਆਂ ਦੇ ਨਾਮ ਲੈਂਦੇ ਜੋ ਮੈਂ ਕਦੇ ਸੁਣੇ ਹੀ ਨਹੀਂ ਸਨ। ਮਯੰਕ ਨੇ ਮੈਨੂੰ ਇੱਕ ਕਿਤਾਬ ਦਿੱਤੀ। ਉਹ ਸੀ 'ਸੱਚ ਦੇ ਪ੍ਰਯੋਗ'। ਇਹ ਗਾਂਧੀ ਦੀ ਲਿਖੀ ਹੋਈ ਕਿਤਾਬ ਸੀ। ਗਾਂਧੀ-ਨਹਿਰੂ ਨੂੰ ਲੈ ਕੇ ਮੇਰੇ ਦਿਮਾਗ਼ ਵਿੱਚ ਹੁਣ ਵੀ ਜ਼ਹਿਰ ਤਾਂ ਭਰਿਆ ਹੋਇਆ ਸੀ। ਉਹ ਕਿਤਾਬ ਮੈਨੂੰ ਬੋਰਿੰਗ ਲੱਗੀ ਪਰ ਮੈਂ ਪੜ੍ਹਦਾ ਗਿਆ। ਪਹਿਲੀ ਵਾਰ ਗਾਂਧੀ ਬਾਰੇ ਇੰਨਾ ਕੁਝ ਜਾਣ ਸਕਿਆ। ਪਰ ਹੁਣ ਵੀ ਬਹੁਤ ਕੁਝ ਪੜ੍ਹਨਾ-ਜਾਣਨਾ ਬਾਕੀ ਸੀ। ਜੋ ਕੂੜਾ ਦਿਮਾਗ਼ ਵਿੱਚ ਭਰਿਆ ਸੀ ਉਹ ਹੌਲ਼ੀ-ਹੌਲ਼ੀ ਨਿਕਲ਼ਣ ਲੱਗਿਆ ਸੀ।

ਇੱਕ ਵਾਰ ਦਾਦਰ ਵਿੱਚ ਇੱਕ ਧਰਨਾ-ਪ੍ਰਦਰਸ਼ਨ ਸੀ। ਮਯੰਕ ਉੱਥੇ ਜਾ ਰਹੇ ਸਨ। ਉਨ੍ਹਾਂ ਨੇ ਮੈਨੂੰ ਚੱਲਣ ਲਈ ਪੁੱਛਿਆ ਤਾਂ ਮੈਂ ਵੀ ਨਾਲ਼ ਹੋ ਤੁਰਿਆ। ਦਾਦਰ ਸਟੇਸ਼ਨ ਦੇ ਬਾਹਰ ਕਾਫ਼ੀ ਸਾਰੇ ਲੋਕ ਘੇਰਾ ਘੱਤੀ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ, ਨਾਅਰੇ ਲਾ ਰਹੇ ਸਨ ਅਤੇ ਸਰਕਾਰ ਦੀਆਂ ਜਾਬਰ ਨੀਤੀਆਂ ਦਾ ਵਿਰੋਧ ਕਰ ਰਹੇ ਸਨ। ਬੜੇ ਸਾਲਾਂ ਬਾਅਦ ਮੈਨੂੰ ਲਾਲ ਝੰਡਾ ਦੋਬਾਰਾ ਦਿੱਸਿਆ। ਮਯੰਕ ਡਫਲੀ ਲੈ ਕੇ ਲੋਕਾਂ ਦੇ ਨਾਲ਼ ਜਮਹੂਰੀਅਤ ਦੇ ਗੀਤ ਗਾਉਣ ਲੱਗੇ। ਪ੍ਰੋਟੈਸਟ ਦਾ ਇਹ ਮੇਰਾ ਪਹਿਲਾ ਤਜ਼ਰਬਾ ਸੀ ਅਤੇ ਇਹ ਸਾਰਾ ਕੁਝ ਦੇਖਣਾ ਕਿਸੇ ਹੈਰਾਨੀ ਤੋਂ ਘੱਟ ਨਹੀਂ ਸੀ। ਮਯੰਕ ਥੋੜ੍ਹਾ ਫ਼ਾਰਗ ਹੋਏ ਤਾਂ ਮੈਂ ਪੁੱਛਿਆ ਕਿ ਇਨ੍ਹਾਂ ਨੂੰ ਇੱਥੇ ਆਉਣ ਦੇ ਪੈਸੇ ਕੌਣ ਦਿੰਦਾ ਹੈ? ਮਯੰਕ ਨੇ ਮੋੜਵਾਂ ਸਵਾਲ ਦਾਗ਼ਦੇ ਹੋਏ ਪੁੱਛਿਆ, ਤੈਨੂੰ ਇੱਥੇ ਆਉਣ ਲਈ ਕਿਹਨੇ ਪੈਸੇ ਦਿੱਤੇ? ਇਸੇ ਸਵਾਲ ਵਿੱਚ ਹੀ ਮੈਨੂੰ ਮੇਰਾ ਜਵਾਬ ਮਿਲ਼ ਗਿਆ ਸੀ।

PHOTO • Devesh
PHOTO • Devesh

ਗਾਹਕਾਂ ਨੂੰ ਦੇਖਣ ਦੇਖਦੇ ਹੋਇਆਂ ਵੀ ਮਿਥੁਨ ਪੜ੍ਹਨ ਲਈ ਸਮਾਂ ਕੱਢ ਹੀ ਲੈਂਦੇ ਹਨ। ‘ਲਗਾਤਾਰ ਪੜ੍ਹਨ ਦਾ ਫ਼ਾਇਦਾ ਇਹ ਹੋਇਆ ਕਿ ਮੇਰੇ ਅੰਦਰ ਲਿਖਣ ਦੀ ਇੱਛਾ ਜਾਗਣ ਲੱਗੀ‘
ਉਹ ਸੱਤ ਤੋਂ ਵੱਧ ਸਾਲਾਂ ਤੋਂ ਸੋਸ਼ਲ ਮੀਡਿਆ ‘ਤੇ ਲਿਖਦੇ ਰਹੇ ਹਨ ਅਤੇ ਉਨ੍ਹਾਂ ਦਾ ਲਿਖਿਆ ਪੜ੍ਹਨ ਲਈ ਕਾਫ਼ੀ ਸਾਰੇ ਲੋਕ ਉਨ੍ਹਾਂ ਨੂੰ ਫ਼ੌਲੋ ਕਰਦੇ ਹਨ

ਇਸੇ ਪ੍ਰਦਰਸ਼ਨੀ ਵਿੱਚ ਮੇਰੀ ਮੁਲਾਕਾਤ ਅਨਵਰ ਹੁਸੈਨ ਦੇ ਨਾਲ਼ ਹੋਈ। ਉਹ ਹੁਣ ਅਕਸਰ ਆਉਂਦੇ ਅਤੇ ਦੁਕਾਨ ਤੋਂ ਸਬਜ਼ੀਆਂ ਲੈ ਜਾਂਦੇ। ਉਨ੍ਹਾਂ ਨੂੰ ਜਦੋਂ ਪਤਾ ਚੱਲਿਆ ਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਤਾਂ ਉਹ ਮੈਨੂੰ ਕੁਝ ਕਿਤਾਬਾਂ ਦੇ ਗਏ। ਉਨ੍ਹਾਂ ਵਿੱਚ ਮੰਟੋ, ਭਗਤ ਸਿੰਘ, ਪ੍ਰੇਮ ਚੰਦ ਦੀਆਂ ਕਿਤਾਬਾਂ ਜ਼ਿਆਦਾ ਸਨ। ਮੰਟੋ ਨੇ ਮੈਨੂੰ ਕੁਝ ਇੰਝ ਹਲ਼ੂਣਿਆ ਕਿ ਔਰਤਾਂ ਪ੍ਰਤੀ ਇੱਕ ਵੱਖ ਹੀ ਨਜ਼ਰਿਆ ਜਨਮ ਲੈਣ ਲੱਗਿਆ। ਭਗਤ ਸਿੰਘ ਨੂੰ ਪੜ੍ਹ ਕੇ ਮਨ ਵਿੱਚ ਸਵਾਲ ਉੱਭਰਦਾ ਸੀ ਕਿ ਇਹ ਜਿਹੜਾ ਅੱਜ ਦਾ ਭਾਰਤ ਹੈ, ਕੀ ਉਨ੍ਹਾਂ ਨੇ ਇਸੇ ਭਾਰਤ ਦਾ ਸੁਪਨਾ ਦੇਖਿਆ ਸੀ? ਮੁਨਸ਼ੀ ਪ੍ਰੇਮਚੰਦ ਨੂੰ ਪੜ੍ਹ ਕੇ ਇੰਝ ਜਾਪਿਆ ਜਿਵੇਂ ਮੈਂ ਆਪਣੀ ਜੀਵਨੀ, ਆਪਣੇ ਲੋਕਾਂ, ਆਪਣੇ ਹੀ ਸਮਾਜ ਨੂੰ ਦੇਖ ਰਿਹਾ ਹੋਵਾਂ। ਫਿਰ ਮੈਂ ਹਰੀਸ਼ੰਕਰ ਪਰਸਾਈ ਨੂੰ ਪੜ੍ਹਨਾ ਸ਼ੁਰੂ ਕੀਤਾ। ਪਰਸਾਈ ਨੂੰ ਪੜ੍ਹ ਕੇ ਸਮਾਜ ਅਤੇ ਆਪਣੇ-ਆਪ ਵਿੱਚ ਬਦਲਾਓ ਲਿਆਉਣ ਦੀ ਅਜਿਹੀ ਲੂਹਣੀ ਉੱਠਦੀ ਕਿ ਲੱਗਦਾ ਇਹ ਇਨਸਾਨ ਤਾਂ ਮੌਜੂਦਾ ਸਮੇਂ ਹੋਣਾ ਚਾਹੀਦਾ ਸੀ। ਜੇ ਉਹ ਹੁਣ ਹੁੰਦਾ ਤਾਂ ਸਾਰਿਆਂ ਨੂੰ ਨੰਗਿਆਂ ਕਰ ਰਿਹਾ ਹੁੰਦਾ।

ਕਿਸੇ ਸਮੁਦਾਏ, ਜੇਂਡਰ, ਇਲਾਕੇ, ਨਸਲ ਨੂੰ ਲੈ ਕੇ ਜੋ ਮੇਰੇ ਅੰਦਰ ਦੀ ਨਫ਼ਰਤ ਸੀ ਉਹ ਹੌਲ਼ੀ-ਹੌਲ਼ੀ ਜਾਂਦੀ ਰਹੀ। ਲਗਾਤਾਰ ਪੜ੍ਹਨ ਦਾ ਫ਼ਾਇਦਾ ਇਹ ਹੋਇਆ ਕਿ ਮੇਰੇ ਅੰਦਰ ਲਿਖਣ ਦੀ ਇੱਛਾ ਜਾਗਣ ਲੱਗੀ। ਉਂਝ ਵੀ, ਇੰਨੇ ਵੱਡੇ ਲੇਖਕਾਂ ਦੀ ਲੇਖਣੀ ਨੂੰ ਪੜ੍ਹ ਕੇ ਮੈਨੂੰ ਸੋਸ਼ਲ ਮੀਡੀਆ 'ਤੇ ਕਈਆਂ ਦੀਆਂ ਲਿਖਤਾਂ ਬਣਾਵਟੀ ਜਾਪਣ ਲੱਗੀਆਂ ਅਤੇ ਆਪਣੀ ਗੱਲ ਕਹਿਣ ਲਈ ਮੇਰੇ ਅੰਦਰਲਾ ਕੁਝ ਫਟਣ ਲੱਗਿਆ। ਹੁਣ ਮੈਂ ਅਕਸਰ ਆਪਣੇ ਖ਼ੁਦ ਦੇ ਤਜ਼ਰਬਿਆਂ ਨੂੰ ਸੋਸ਼ਲ ਮੀਡਿਆ 'ਤੇ ਕਹਾਣੀ ਵਾਂਗਰ ਲਿਖ ਦਿੰਦਾ, ਜਿਨ੍ਹਾਂ ਨੂੰ ਪੜ੍ਹ ਕੇ ਲੋਕ ਮੇਰੇ ਨਾਲ਼ ਜੁੜਦੇ ਗਏ। ਮੈਂ ਵੀ ਚੰਗਾ ਲਿਖਣ ਵਾਲ਼ਿਆਂ ਨੂੰ ਫ਼ੌਲੋ ਕਰਨ ਲੱਗਿਆ। ਸਿੱਖਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੀ।

*****

ਵਿਆਹ ਵੇਲ਼ੇ ਨਾ ਮੰਗਲ-ਸੂਤਰ ਸੀ, ਨਾ ਕੰਨਿਆਦਾਨ ਅਤੇ ਨਾ ਹੀ ਦਾਜ। ਮੈਂ ਡੌਲੀ ਨੂੰ ਸਿੰਦੂਰ ਲਾਇਆ, ਡੌਲੀ ਨੇ ਮੈਨੂੰ...

ਮੇਰਾ ਧੰਦਾ ਸੜਕ 'ਤੇ ਚੱਲਦਾ ਹੈ, ਇਸਲਈ ਪੁਲਿਸ ਵੱਲੋਂ ਸ਼ੋਸ਼ਣ ਦੇ ਪਤਾ ਨਹੀਂ ਕਿੰਨੇ ਕੁ ਤਜ਼ਰਬੇ ਰਹੇ। ਹਫ਼ਤਾ-ਵਸੂਲੀ, ਗਾਲ਼੍ਹਾਂ ਕੱਢਣਾ, ਥਾਣੇ ਵਿੱਚ ਲਿਜਾ ਕੇ ਲਗਾਤਾਰ ਬਿਠਾਈ ਰੱਖਣਾ, ਜਦੋਂ ਮਰਜੀ਼ 1,250 ਰੁਪਏ ਜ਼ੁਰਮਾਨਾ ਠੋਕ ਦੇਣਾ। ਇਹ ਸਾਰਾ ਕੁਝ ਇੰਨੀ ਵਾਰ ਹੋਇਆ ਕਿ ਜੇ ਕਿਤੇ ਲਿਖਣ ਬੈਠਾਂ ਤਾਂ ਇੱਕ ਪੂਰੀ ਮੋਟੀ ਕਿਤਾਬ ਬਣ ਜਾਣੀ। ਕਿੰਨੇ ਹੀ ਪੁਲਿਸ ਵਾਲ਼ਿਆਂ ਨੇ ਕੁਟਾਪਾ ਚਾੜ੍ਹਿਆ ਜਾਂ ਕੁੱਟਣ ਦੀਆਂ ਧਮਕੀਆਂ ਦਿੱਤੀਆਂ। ਹਫ਼ਤਾ ਨਾ ਭਰਨ 'ਤੇ ਕਈ ਘੰਟਿਆਂ ਤੱਕ ਗੱਡੀ ਵਿੱਚ ਬਿਠਾ ਕੇ ਪੂਰਾ ਸ਼ਹਿਰ ਘੁਮਾਉਂਦੇ ਰਹੇ। ਇਹ ਸਾਰਾ ਕੁਝ ਸਧਾਰਣ ਸੀ। ਇਨ੍ਹਾਂ ਤਜ਼ਰਬਿਆਂ ਨੂੰ ਸੋਸ਼ਲ ਮੀਡਿਆ 'ਤੇ ਲਿਖਦੇ ਵੇਲ਼ੇ ਵੀ ਡਰ ਲੱਗਦਾ ਹੈ ਪਰ ਮੈਂ ਇਸ ਲਹਿਜੇ ਵਿੱਚ ਲਿਖਦਾ ਕਿ ਨਾ ਤਾਂ ਕਿਸੇ ਪੁਲਿਸ ਵਾਲ਼ੇ ਦਾ ਨਾਮ ਆਉਂਦਾ ਅਤੇ ਨਾ ਹੀ ਸ਼ਹਿਰ ਜਾਂ ਸੂਬੇ ਦਾ ਜ਼ਿਕਰ ਹੁੰਦਾ। ਨੋਟਬੰਦੀ ਤੋਂ ਬਾਅਦ ਦੇ ਦੌਰ ਵਿੱਚ ਇੱਕ ਦਿਨ ਸੀਨੀਅਰ ਪੱਤਰਕਾਰ ਅਤੇ ਫ਼ਿਲਮਕਾਰ ਰੁਕਮਣੀ ਸੇਨ ਨੇ ਨੋਟਿਸ ਕੀਤਾ ਅਤੇ ਸਬਰੰਗ ਇੰਡੀਆ ਵਾਸਤੇ ਲਿਖਣ ਨੂੰ ਕਿਹਾ, ਜੋ ਸਿਲਸਿਲਾ ਅਜੇ ਤੱਕ ਜਾਰੀ ਹੈ।

PHOTO • Courtesy: Mithun Kumar
PHOTO • Sumer Singh Rathore

ਉਹ ਸੱਤ ਤੋਂ ਵੱਧ ਸਾਲਾਂ ਤੋਂ ਸੋਸ਼ਲ ਮੀਡਿਆ ‘ਤੇ ਲਿਖਦੇ ਰਹੇ ਹਨ ਅਤੇ ਉਨ੍ਹਾਂ ਦਾ ਲਿਖਿਆ ਪੜ੍ਹਨ ਲਈ ਕਾਫ਼ੀ ਸਾਰੇ ਲੋਕ ਉਨ੍ਹਾਂ ਨੂੰ ਫ਼ੌਲੋ ਕਰਦੇ ਹਨ

ਇਸੇ ਦਰਮਿਆਨ 2017 ਵਿੱਚ ਮੇਰੀ ਦੂਸਰੀ ਭੈਣ ਦਾ ਵੀ ਵਿਆਹ ਹੋ ਗਿਆ ਸੀ। ਹੁਣ ਮੇਰੇ 'ਤੇ ਵੀ ਵਿਆਹ ਦਾ ਜ਼ੋਰ ਪੈਣ ਲੱਗਿਆ। ਪਰ ਹੁਣ ਤੱਕ ਇੰਨੀ ਕੁ ਸੋਝੀ ਤਾਂ ਆ ਗਈ ਸੀ ਕਿ ਵਿਆਹ ਜਿਹੇ ਅਹਿਮ ਫ਼ੈਸਲੇ ਸਮਾਜਿਕ ਦਬਾਅ ਵਿੱਚ ਆ ਕੇ ਨਹੀਂ ਲੈਣੇ ਚਾਹੀਦੇ। ਇਸ ਦੌਰਾਨ ਮੇਰੀ ਜ਼ਿੰਦਗੀ ਵਿੱਚ ਡੌਲੀ ਆਈ। ਅਸੀਂ ਇਕੱਠਿਆਂ ਰਲ਼ ਬਹਿੰਦੇ, ਘੁੰਮਦੇ ਫਿਰਦੇ ਤਾਂ ਲੋਕਾਂ ਨੂੰ ਇਹ ਗੱਲ ਖਟਕਦੀ। ਲੋਕ ਵੰਨ-ਸੁਵੰਨੇ ਸਵਾਲ ਪੁੱਛਦੇ। ਇਹ ਕੁੜੀ ਕੌਣ ਹੈ, ਕਿਹੜੀ ਜਾਤ ਦੀ ਹੈ? ਮੇਰੀ ਜਾਤ ਵਿੱਚ ਜੰਮਿਆਂ ਨੂੰ ਇਹ ਜਾਣਨ ਦੀ ਵੱਧ ਉਤਸੁਕਤਾ ਸੀ ਕਿ ਕੁੜੀ ਕਿਹੜੀ ਜਾਤ ਦੀ ਹੈ। ਦੂਸਰੀ ਜਾਤੀ ਦੀ ਹੋਣ 'ਤੇ ਉਨ੍ਹਾਂ ਦਾ ਨੱਕ ਵੱਢਿਆ ਜਾਂਦਾ ਪਰ ਮੈਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਚੁੱਕਿਆ ਸਾਂ।

ਡਾਲੀ ਨੇ ਆਪਣੇ ਘਰਦਿਆਂ ਨਾਲ਼ ਮੇਰੇ ਬਾਰੇ ਗੱਲ ਕੀਤੀ। ਕੁਝ ਦਿਨ ਬਾਅਦ ਮੈਂ ਡੌਲੀ ਦੇ ਮਾਪਿਆਂ ਨੂੰ ਇੱਕ ਵਾਰ ਮਿਲ਼ ਲਿਆ। ਮੇਰੇ ਘਰਦੇ ਚਾਹੁੰਦੇ ਸਨ ਕਿ ਮੈਂ ਛੇਤੀ ਛੇਤੀ ਵਿਆਹ ਕਰ ਲਵਾਂ। ਡੌਲੀ ਅਤੇ ਮੈਂ ਵੀ ਵਿਆਹ ਕਰਨਾ ਚਾਹੁੰਦਾ ਸਾਂ, ਪਰ ਪਹਿਲਾਂ ਚੰਗੀ ਤਰ੍ਹਾਂ ਸੈਟਲ ਹੋ ਜਾਈਏ। ਦੋ-ਢਾਈ ਸਾਲ ਇੰਜ ਹੀ ਨਿਕਲ਼ ਗਏ ਅਤੇ ਹੁਣ ਡੌਲੀ ਦੇ ਮਾਪਿਆਂ ਵੱਲੋਂ ਉਸ ‘ਤੇ ਦਬਾਅ ਵੱਧਦਾ ਹੀ ਗਿਆ। ਉਹ ਕੁੜੀ ਦੇ ਮਾਪੇ ਸਨ, ਉਨ੍ਹਾਂ 'ਤੇ ਅੱਡ ਤਰ੍ਹਾਂ ਦਾ ਸਮਾਜਿਕ ਦਬਾਅ ਹੋਣਾ ਸੁਭਾਵਕ ਸੀ। ਉਹ ਰਵਾਇਤੀ ਤੌਰ ਤਰੀਕਿਆਂ ਨਾਲ਼ ਵਿਆਹ ਕਰਨਾ ਚਾਹੁੰਦੇ ਸਨ। ਮੇਰੇ ਘਰਦਿਆਂ ਦਾ ਵੀ ਇਹੀ ਇਰਾਦਾ ਸੀ। ਪਰ ਮੈਂ ਕੋਰਟ ਮੈਰਿਜ ਦੇ ਹੱਕ ਵਿੱਚ ਸਾਂ। ਡੌਲੀ ਵੀ ਇਹੀ ਚਾਹੁੰਦੀ ਸੀ ਪਰ ਡੌਲੀ ਦੇ ਘਰਦਿਆਂ ਨੂੰ ਲੱਗਦਾ ਸੀ ਜਿਵੇਂ ਮੈਂ ਉਨ੍ਹਾਂ ਦੀ ਧੀ ਨੂੰ ਛੱਡ ਕੇ ਭੱਜ ਨਾ ਜਾਵਾਂ। ਮੇਰੇ ਮਾਪੇ ਚਾਹੁੰਦੇ ਸਨ ਕਿ ਲੱਗਣਾ ਤਾਂ ਚਾਹੀਦਾ ਪੁੱਤ ਦਾ ਵਿਆਹ ਕੀਤਾ। ਦਬਾਅ ਵਿੱਚ ਫ਼ੈਸਲਾ ਤਾਂ ਲੈਣਾ ਹੀ ਸੀ। ਡੌਲੀ ਦੇ ਘਰਦਿਆਂ ਨੇ ਇੱਕ ਛੋਟੇ ਜਿਹੇ ਹਾਲ ਵਿੱਚ ਵਿਆਹ ਦਾ ਬੰਦੋਬਸਤ ਕੀਤਾ।

ਹਾਲਾਂਕਿ, ਸਾਡੀ ਜ਼ਿੱਦ ਅੱਗੇ ਸਾਡੇ ਪਰਿਵਾਰਾਂ ਨੂੰ ਝੁਕਣਾ ਪਿਆ। ਵਿਆਹ ਵਿੱਚ ਨਾ ਤਾਂ ਮੰਗਲ-ਸੂਤਰ ਸੀ, ਨਾ ਹੀ ਕੰਨਿਆਦਾਨ ਅਤੇ ਨਾ ਹੀ ਦਾਜ। ਮੈਂ ਡੌਲੀ ਦੇ ਸਿੰਦੂਰ ਭਰਿਆ ਅਤੇ ਡੌਲੀ ਨੇ ਮੈਨੂੰ ਲਾਇਆ। ਸੱਤ ਫੇਰੇ ਹੋਏ। ਪੰਡਤ ਆਪਣੇ ਮੰਤਰ ਪੜ੍ਹ ਦਿੰਦਾ ਅਤੇ ਹਰ ਫੇਰੇ ਦੇ ਬਾਅਦ ਮਯੰਕ ਸਾਡੇ ਵਚਨ ਪੜ੍ਹਦੇ, ਜੋ ਬਰਾਬਰੀ ਦੀ ਗੱਲ਼ ਕਰਨ ਵਾਲ਼ੇ ਸਨ। ਹਾਲ ਵਿੱਚ ਇਕੱਠਾ ਲੋਕਾਂ ਨੂੰ ਹਾਸਾ ਆਉਂਦਾ, ਪਰ ਉਹ ਸਮਝ ਰਹੇ ਸਨ ਕਿ ਕੁਝ ਅੱਡ ਹੋ ਰਿਹਾ ਹੈ ਅਤੇ ਬੇੜੀਆਂ ਟੁੱਟ ਰਹੀਆਂ ਹਨ। ਕੁਝ ਲੋਕ ਨਰਾਜ਼ ਸਨ ਪਰ ਉਨ੍ਹਾਂ ਦੀ ਨਰਾਜ਼ਗੀ ਨਾਲ਼ੋਂ ਕਿਤੇ ਵੱਧ ਜ਼ਰੂਰੀ ਸੀ ਕਿ ਅਸੀਂ ਸਦੀਆਂ ਤੋਂ ਤੁਰੀਆਂ ਆ ਰਹੀਆਂ ਗ਼ੈਰ-ਬਰਾਬਰੀ, ਬ੍ਰਾਹਮਣਵਾਦੀ ਅਤੇ ਔਰਤ-ਵਿਰੋਧੀ ਰੂੜ੍ਹੀਆਂ ਨੂੰ ਭੰਨ੍ਹੀਏ। ਵਿਆਹ ਤੋਂ ਬਾਅਦ ਮੈਂ ਅਤੇ ਡੌਲੀ ਨਵੇਂ ਘਰ ਵਿੱਚ ਸ਼ਿਫਟ ਹੋ ਗਏ। ਮਾਰਚ 2019 ਵਿੱਚ ਜਦੋਂ ਅਸੀਂ ਵਿਆਹ ਕੀਤਾ ਸੀ, ਉਦੋਂ ਘਰ ਵਿੱਚ ਕੁਝ ਨਹੀਂ ਸੀ। ਪਰ ਹੌਲ਼ੀ-ਹੌਲ਼ੀ ਬੁਨਿਆਦੀ ਚੀਜ਼ਾਂ ਆਉਣ ਲੱਗੀਆਂ। ਅਸੀਂ ਆਪਣੀ ਮਿਹਨਤ ਦੀ ਕਮਾਈ ਜੋੜ ਜੋੜ ਕੇ ਸੂਈ ਤੋਂ ਲੈ ਕੇ ਅਲਮਾਰੀ ਤੱਕ ਸਾਰਾ ਸਮਾਨ ਬਣਾ ਲਿਆ।

PHOTO • Sumer Singh Rathore
PHOTO • Sumer Singh Rathore
PHOTO • Devesh

ਖੱਬੇ: ਮਿਥੁਨ ਅਤੇ ਡੌਲੀ ਕੋਵਿਡ-19 ਤਾਲਾਬੰਦੀ ਦੌਰਾਨ ਮੁੰਬਈ ਵਿਖੇ ਹੀ ਰਹੇ। ਵਿਚਕਾਰ: ਮਿਥੁਨ ਕਹਿੰਦੇ ਹਨ,’ਜ਼ਿੰਦਗੀ ਨਾਲ਼ ਜੂਝਦੇ ਰਹਾਂਗੇ।‘ ਸੱਜੇ: ਉਨ੍ਹਾਂ ਦਾ ਛੋਟਾ ਭਰਾ ਰਵੀ

ਸਾਲ 2020 ਦੇ ਮਾਰਚ ਮਹੀਨੇ ਵਿੱਚ ਕਰੋਨਾ ਨੇ ਆਣ ਬੂਹਾ ਖੜ੍ਹਕਾਇਆ ਅਤੇ ਫਿਰ ਤਾਲਾਬੰਦੀ ਲੱਗ ਗਈ। ਸਮਾਨ ਖਰੀਦਣ ਲਈ ਲੋਕਾਂ ਵਿਚਾਲੇ ਹੜਕੰਪ ਮੱਚ ਗਿਆ। ਕੁਝ ਹੀ ਮਿੰਟਾਂ ਵਿੱਚ ਦੁਕਾਨ ਹੀ ਦੁਕਾਨ ਖਾਲੀ ਹੋ ਗਈ, ਕਈਆਂ ਨੇ ਲੁੱਟ ਵੀ ਮਚਾਈ। ਥੋੜ੍ਹੇ ਜਿਹਿਆਂ ਨੇ ਹੀ ਪੈਸੇ ਦਿੱਤੇ। ਸਾਰੀਆਂ ਦੁਕਾਨਾਂ ਦਾ ਇਹੀ ਹਾਲ ਸੀ। ਦੇਖਦੇ ਹੀ ਦੇਖਦੇ ਪੁਲਿਸ ਨੇ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਹ ਵੀ ਨਾ ਦੱਸਿਆ ਕਿ ਕਦੋਂ ਖੁੱਲ੍ਹਣਗੀਆਂ। ਲੋਕ ਪਿੰਡ ਵੱਲ ਭੱਜਣ ਲੱਗੇ। ਜਿਹੜੀ ਬਿਲਡਿੰਗ ਵਿੱਚ ਅਸੀਂ ਰਹਿੰਦੇ ਸਾਂ ਉਹ ਦੋ ਦਿਨਾਂ ਵਿੱਚ ਹੀ ਖਾਲੀ ਹੋ ਗਈ। ਪਲਾਇਨ, ਕਰੋਨਾ ਦੇ ਡਰੋਂ ਘੱਟ ਅਤੇ ਇਸ ਗੱਲੋਂ ਵੱਧ ਹੋ ਰਿਹਾ ਸੀ ਕਿ ਸਾਰਾ ਕੰਮ-ਧੰਦਾ ਚੌਪਟ ਹੋ ਗਿਆ ਤਾਂ ਖਾਵਾਂਗੇ ਕੀ। ਡੌਲੀ, ਟ੍ਰੇਕਿੰਗ ਅਤੇ ਜੈਕਟ ਬਣਾਉਣ ਵਾਲ਼ੇ ਸਟੋਰ ਵਿੱਚ ਕੰਮ ਕਰਦੀ ਸੀ। ਉਹ ਵੀ 15 ਮਾਰਚ 2020 ਨੂੰ ਬੰਦ ਹੋ ਗਿਆ ਸੀ।

ਘਰ ਵਾਲ਼ੇ ਕਹਿੰਦੇ ਕਿ ਅਜੇ ਪਿੰਡ ਆ ਜਾਓ, ਬਾਅਦ ਵਿੱਚ ਸਾਰਾ ਕੁਝ ਠੀਕ ਰਿਹਾ ਤਾਂ ਦੇਖਾਂਗੇ। ਪਰ ਉਸ ਸਮੇਂ ਹਾਲਤ ਅਜਿਹੀ ਸੀ ਕਿ ਜਮ੍ਹਾਂ ਪੂੰਜੀ ਵੀ ਖਰਚ ਹੋ ਚੁੱਕ ਸੀ। ਇਸਲਈ ਅਸੀਂ ਰੁਕਣਾ ਹੀ ਬਿਹਤਰ ਸਮਝਿਆ। ਧੰਦਾ ਸਬਜ਼ੀ ਨਾਲ਼ ਜੁੜੇ ਹੋਣ ਕਾਰਨ ਇਹਨੂੰ ਜਾਰੀ ਰੱਖਣ ਦੀ ਇਜਾਜ਼ਤ ਸੀ। ਪਰ ਵੱਡੀ ਮੁਸ਼ਕਿਲ ਸਬਜ਼ੀ ਦਾ ਮਿਲ਼ਣਾ ਸੀ। ਮੁੱਖ ਮਾਰਕਿਟ ਦਾਦਰ ਵਿੱਚ ਸੀ ਜਿਸ ਨੂੰ ਤਾਲਾ ਲੱਗ ਚੁੱਕਿਆ ਸੀ। ਸਬਜ਼ੀਆਂ ਅਕਸਰ ਚੁਨਾ ਭੱਠੀ, ਸੁਮੈਯਾ ਗਰਾਊਂਡ ਜਿਹੀਆਂ ਹਾਈਵੇਅ ਦੀਆਂ ਥਾਵਾਂ 'ਤੇ ਮਿਲ਼ਦੀਆਂ। ਇਨ੍ਹਾਂ ਥਾਵਾਂ 'ਤੇ ਕਾਫ਼ੀ ਭੀੜ ਹੁੰਦੀ। ਡਰ ਲੱਗਦਾ ਕਿਤੇ ਕਰੋਨਾ ਨਾ ਹੋਵੇ ਜਾਵੇ ਅਤੇ ਫਿਰ ਕਿਤੇ ਮੇਰੇ ਤੋਂ ਡੌਲੀ ਨੂੰ ਨਾ ਹੋ ਜਾਵੇ। ਪਰ ਭੀੜ ਵਿੱਚ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਜਿਵੇਂ-ਕਿਵੇਂ ਕੰਮ ਜੋਗਾ ਹੀ ਖਰਚਾ ਪਾਣੀ ਨਿਕਲ਼ ਰਿਹਾ ਸੀ। ਮਈ ਵਿੱਚ ਬੀਐੱਮਸੀ ਨੇ ਦੁਕਾਨ ਖੋਲ੍ਹਣ ਦਾ ਸਮਾਂ ਮਹਿਜ਼ ਤਿੰਨ ਘੰਟੇ, ਦੁਪਹਿਰ 12 ਵਜੇ ਤੋਂ 3 ਕਰ ਦਿੱਤਾ। ਦਿੱਤੇ ਗਏ ਸਮੇਂ ਤੋਂ ਮਾਸਾ ਵੀ ਦੇਰੀ ਹੁੰਦੀ ਤਾਂ ਪੁਲਿਸ ਡੰਡਾ ਚਲਾਉਣ ਲੱਗਦੀ। ਸਬਜ਼ੀ ਮੰਗਵਾਉਣ ਦੇ ਜਿੰਨੇ ਵੀ ਆਨਲਾਈਨ ਪੋਰਟਲ ਸਨ, ਸਵੇਰ ਤੋਂ ਰਾਤ ਤੀਕਰ ਖੁੱਲ੍ਹੇ ਰਹਿੰਦੇ। ਲੋਕਾਂ ਨੇ ਸਬਜ਼ੀ ਵਗੈਰਾ ਆਨਲਾਈਨ ਮੰਗਵਾਉਣਾ ਬਿਹਤਰ ਸਮਝਿਆ। ਇਸ ਤਰ੍ਹਾਂ ਧੰਦੇ 'ਤੇ ਕਾਫ਼ੀ ਫ਼ਰਕ ਪਿਆ। ਉਸੇ ਵੇਲ਼ੇ ਦਾਦਾ ਜੀ ਦੀ ਲੱਤ ਟੁੱਟ ਗਈ ਅਤੇ ਕਰੋਨਾ ਦੇ ਸਮੇਂ ਕਿਵੇਂ ਉਹ ਵਿਦਾ ਹੋਏ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ।

ਕੁਝ ਮਹੀਨਿਆਂ ਬਾਅਦ, ਕੰਮ ਦਾ ਸਮਾਂ ਵਧਾ ਕੇ ਸ਼ਾਮੀਂ 7 ਵਜੇ ਤੱਕ ਕਰ ਦਿੱਤਾ ਗਿਆ ਸੀ। ਇੱਕ ਸ਼ਾਮ ਮੇਰਾ ਛੋਟਾ ਭਰਾ ਰਵੀ ਸੱਤ ਵਜੇ ਤੋਂ ਬਾਅਦ, ਠੇਲ੍ਹੇ 'ਤੇ ਪਏ ਸੜੇ ਫਲਾਂ ਵਿੱਚੋਂ ਚੰਗੇ ਫਲ ਅੱਡ ਕਰ ਰਿਹਾ ਸੀ। ਇੱਕ ਪੁਲਿਸ ਵਾਲ਼ਾ ਆਇਆ ਅਤੇ ਵੀਡਿਓ ਬਣਾਉਣ ਲੱਗਿਆ। ਡਰ ਦੇ ਮਾਰੇ ਰਵੀ ਨੇ ਉਨ੍ਹਾਂ ਨੂੰ ਕੁਝ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਪਰ ਪੁਲਿਸ ਵਾਲ਼ੇ ਨੇ ਵੱਡੀ ਰਕਮ ਮੰਗੀ, ਨਹੀਂ ਤਾਂ ਕੇਸ ਠੋਕਣ ਦੀ ਧਮਕੀ ਦੇਣ ਲੱਗਿਆ। ਉਹ ਰਵੀ ਨੂੰ ਥਾਣੇ ਲੈ ਗਿਆ। ਰਾਤ ਦੇ ਇੱਕ-ਡੇਢ ਵਜੇ ਇੱਕ ਪੁਲਿਸ ਵਾਲ਼ੇ ਨੇ ਰਵੀ ਦੀ ਜੇਬ੍ਹ ਵਿੱਚ ਪਏ ਕਰੀਬ 1,500 ਰੁਪਏ ਕੱਢ ਲਏ ਅਤੇ ਉਹਨੂੰ ਭਜਾ ਦਿੱਤਾ। ਇਹੀ ਰਕਮ ਉਹਦੀ ਕੁੱਲ ਜਮ੍ਹਾਂ-ਪੂੰਜੀ ਸੀ। ਹਾਲਾਂਕਿ ਦੋ-ਤਿੰਨ ਦਿਨਾਂ ਬਾਅਦ ਇੱਕ ਪਛਾਣ ਵਾਲ਼ੇ ਦੇ ਜ਼ਰੀਏ ਇੱਕ ਵੱਡੇ ਅਹੁਦੇ ਵਾਲ਼ੇ ਪੁਲਿਸ ਵਾਲ਼ੇ ਨਾਲ਼ ਗੱਲ ਹੋ ਗਈ। ਦੋ ਦਿਨਾਂ ਬਾਅਦ ਜਿਹੜੇ ਪੁਲਿਸ ਵਾਲ਼ੇ ਨੇ ਪੈਸੇ ਲਏ ਸਨ, ਉਹ ਰਵੀ ਨੂੰ ਲੱਭਦਾ ਹੋਇਆ ਆਇਆ ਅਤੇ ਪੂਰੇ ਪੈਸੇ ਮੋੜ ਗਿਆ।

ਕਰੋਨਾ ਦੇ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਧੰਦੇ ਦੀ ਹਾਲਤ ਸੁਧਰੀ ਨਹੀਂ ਹੈ। ਦੁਨੀਆ ਨਾਲ਼ ਘੋਲ਼ ਕਰਦਿਆਂ ਅਸੀਂ ਅੱਜ ਵੀ ਆਪਣੀ ਜ਼ਿੰਦਗੀ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਮੇਂ ਜਦੋਂ ਮੈਂ ਇਹ ਕਹਾਣੀ ਲਿਖ ਰਿਹਾ ਹਾਂ, ਕਰੋਨਾ ਪੌਜ਼ੀਟਿਵ ਹਾਂ। ਡੌਲੀ ਵੀ ਕਰੋਨਾ ਪੌਜ਼ੀਟਿਵ ਹੈ। ਅਸੀਂ ਦੋਵਾਂ ਨੇ ਖ਼ੁਦ ਨੂੰ ਘਰੇ ਬੰਦ ਕਰਕੇ ਰੱਖਿਆ ਹੈ। ਦੁਕਾਨ 'ਤੇ ਜੋ ਸਬਜ਼ੀਆਂ ਬਚੀਆਂ ਸਨ, ਨੇੜੇ-ਤੇੜੇ ਦੇ ਰੇੜ੍ਹੀ ਵਾਲ਼ਿਆਂ ਦੀ ਮਦਦ ਨਾਲ਼ ਵਿਕ ਗਈਆਂ। ਜੋ ਮਾੜੀ-ਮੋਟੀ ਰਕਮ ਕੋਲ਼ ਬਚੀ ਸੀ ਉਹ ਵੀ ਦਵਾਈਆਂ ਵਗੈਰਾ ਅਤੇ ਜਾਂਚ ਵਗੈਰਾ ਕਰਾਉਣ ਵਿੱਚ ਖੱਪ ਗਈ। ਪਰ ਠੀਕ ਹੈ। ਜਾਂਚ ਰਿਪੋਰਟ ਨੈਗੇਟਿਵ ਆਵੇਗੀ ਤਾਂ ਫਿਰ ਬਾਹਰ ਨਿਕਲ਼ਾਂਗੇ। ਫਿਰ ਕੋਸ਼ਿਸ਼ ਕਰਾਂਗੇ ਅਤੇ ਜ਼ਿੰਦਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਾਂਗੇ.... ਹੋਰ ਕੋਈ ਚਾਰਾ ਵੀ ਤਾਂ ਨਹੀਂ।

ਨਿੱਜਤਾ ਨੂੰ ਬਚਾਉਣ ਦੇ ਮੱਦੇਨਜ਼ਰ  ਕੁਝ ਲੋਕਾਂ ਅਤੇ ਥਾਂਵਾਂ ਦੇ ਨਾਮ ਨਹੀਂ ਲਏ ਗਏ।

ਇਹ ਸਟੋਰੀ ਲੇਖਕ ਦੁਆਰਾ ਮੂਲ਼ ਰੂਪ ਵਿੱਚ ਹਿੰਦੀ ਭਾਸ਼ਾ ਵਿੱਚ ਲਿਖੀ ਗਈ ਹੈ ਅਤੇ ਦਿਵੇਸ਼ ਦੁਆਰਾ ਸੰਪਾਦਤ ਕੀਤੀ ਗਈ ਹੈ।

ਕਵਰ ਫ਼ੋਟੋ ਸੁਮੇਰ ਸਿੰਘ ਰਾਠੌਰ  ਵੱਲੋਂ

ਤਰਜਮਾ: ਕਮਲਜੀਤ ਕੌਰ

Mithun Kumar

Mithun Kumar runs a vegetable shop in Mumbai and writes about social issues on various online media platforms.

Other stories by Mithun Kumar
Photographs : Devesh

Devesh is a poet, journalist, filmmaker and translator. He is the Translations Editor, Hindi, at the People’s Archive of Rural India.

Other stories by Devesh
Photographs : Sumer Singh Rathore

Sumer is a visual storyteller, writer and journalist from Jaisalmer, Rajasthan.

Other stories by Sumer Singh Rathore
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur