ਉਹ ਥਾਂ ਜਿੱਥੇ ਚੰਪਤ ਨਰਾਇਣ ਜੰਗਲੇ ਮੁਰਦਾ ਪਏ ਸਨ, ਨਰਮੇ ਦੇ ਲਹਿਰਾਉਂਦੇ ਖੇਤਾਂ ਦਾ ਇੱਕ ਪਥਰੀਲਾ ਤੇ ਉਜੜਿਆ ਪਾਸਾ ਹੈ।
ਮਹਾਰਾਸ਼ਟਰ ਦੇ ਇਨ੍ਹਾਂ ਇਲਾਕਿਆਂ ਵਿੱਚ, ਅਜਿਹੀ ਥਾਂ ਨੂੰ ਹਲਕੀ ਜਾਂ ਖੋਖਲੀ ਜ਼ਮੀਨ ਕਹਿੰਦੇ ਹਨ। ਹਰੀ-ਭਰੀ ਪਹਾੜੀ ਅੰਧ ਕਬੀਲੇ ਨਾਲ਼ ਜੁੜੀਆਂ ਜ਼ਮੀਨਾਂ ਦੇ ਕੈਨਵਾਸ ਨੂੰ ਇੱਕ ਸੁੰਦਰ ਪਿੱਠਭੂਮੀ ਪ੍ਰਦਾਨ ਕਰਦੀ ਹੈ, ਜੋ ਪਿੰਡੋਂ ਦੂਰ ਖੇਤ ਦਾ ਇੱਕ ਅਲੱਗ-ਥਲੱਗ ਪਿਆ ਹਿੱਸਾ ਹੈ।
ਜੰਗਲੀ ਸੂਰਾਂ ਤੋਂ ਆਪਣੇ ਖੇਤਾਂ ਨੂੰ ਬਚਾਉਣ ਲਈ ਚੰਪਤ ਕਈ ਦਿਨ ਅਤੇ ਕਈ ਰਾਤਾਂ ਉੱਥੇ ਖੇਤ ਵਿੱਚ ਬਿਤਾਉਂਦੇ ਸਨ ਤੇ ਫੂਸ ਦਾ ਕੁੱਲੀ ਹੀ ਸੀ ਜੋ ਉਨ੍ਹਾਂ ਨੂੰ ਤੇਜ਼ ਧੁੱਪ ਤੇ ਮੀਂਹ ਤੋਂ ਬਚਾਉਂਦੀ। ਉਹ ਕੁੱਲੀ ਅਜੇ ਵੀ ਉਸੇ ਥਾਵੇਂ ਮੋਛਿਆਂ/ਡਾਂਗਾ ਸਹਾਰੇ ਖੜ੍ਹੀ ਹੈ। ਉਨ੍ਹਾਂ ਦੇ ਗੁਆਂਢੀ ਚੇਤੇ ਕਰਦਿਆਂ ਕਹਿੰਦੇ ਹਨ ਕਿ ਚੰਪਤ ਸਦਾ ਇੱਥੇ ਹੀ ਮੌਜੂਦ ਰਹਿੰਦੇ ਸਨ।
45 ਸਾਲਾ, ਅੰਧ ਆਦਿਵਾਸੀ ਕਿਸਾਨ ਚੰਪਤ ਨੂੰ ਕੁੱਲੀ ਤੋਂ ਆਪਣੇ ਖੇਤ ਦਾ ਪੂਰਾ ਨਜ਼ਾਰਾ ਦਿੱਸਦਾ ਹੋਵੇਗਾ ਤੇ ਨਾਲ਼ ਹੀ ਉਨ੍ਹਾਂ ਨੂੰ ਨੁਕਸਾਨੀ ਫ਼ਸਲ ਦੇ ਡਿੱਗੇ ਸਿੱਟੇ, ਗੋਡਿਆਂ ਤੱਕ ਲੰਬੇ ਅਰਹਰ ਦੇ ਪੌਦੇ ਅਤੇ ਕਦੇ ਨਾ ਪੂਰਿਆ ਜਾਣ ਵਾਲ਼ਾ ਨੁਕਸਾਨ ਵੀ ਨਜ਼ਰੀ ਪੈਂਦਾ ਹੋਵੇਗਾ।
ਉਨ੍ਹਾਂ ਨੂੰ ਪਤਾ ਹੋਵੇਗਾ ਕਿ ਦੋ ਮਹੀਨਿਆਂ ਬਾਅਦ, ਜਦੋਂ ਫ਼ਸਲ ਦੀ ਵਾਢੀ ਸ਼ੁਰੂ ਹੋਵੇਗੀ ਤਾਂ ਇੱਕ ਵੀ ਦਾਣਾ ਹੱਥ ਨਹੀਂ ਲੱਗਣਾ। ਉਨ੍ਹਾਂ ਨੇ ਇਸੇ ਫ਼ਸਲ ਦੀ ਵਿਕਰੀ ਤੋਂ ਹੀ ਤਾਂ ਕਰਜੇ ਲਾਹੁੰਣੇ ਸੀ, ਪਰਿਵਾਰ ਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਸਨ। ਪਰ, ਹੁਣ ਤਾਂ ਕੋਈ ਪੈਸਾ ਵੀ ਖੱਟਿਆ ਨਹੀਂ ਜਾਣਾ।
















