ਜਦੋਂ ਕਮਲਾ ਚੌਥੀ ਵਾਰ ਗਰਭਵਤੀ ਹੋਈ ਅਤੇ ਉਹਨੇ ਬੱਚਾ ਨਾ ਰੱਖਣ ਦਾ ਫ਼ੈਸਲਾ ਕੀਤਾ ਤਾਂ ਉਹਦੇ ਛੋਟੇ ਜਿਹੇ ਪਿੰਡ ਤੋਂ 30 ਕਿਲੋਮੀਟਰ ਦੂਰ ਬੇਨੂਰ ਪ੍ਰਾਇਮਰੀ ਹੈਲਥ ਸੈਂਟਰ ਉਹਦਾ ਪਹਿਲਾ ਪੜਾਅ ਨਹੀਂ ਸੀ। ਉਹਨੇ ਅੱਜ ਤੱਕ ਸਿਰਫ਼ ਹਫ਼ਤੇਵਰੀ ਹਾਟ ਤੱਕ ਦਾ ਹੀ ਸਫ਼ਰ ਕੀਤਾ ਸੀ, ਜੋ ਕਿ ਉਹਦੇ ਘਰ ਤੋਂ ਬਹੁਤ ਥੋੜ੍ਹਾ ਰਸਤਾ ਬਣਦਾ ਸੀ, ਅਤੇ ਉਹ ਕਹਿੰਦੀ ਹਨ, "ਮੈਂ ਕਦੇ ਵੀ ਇਸ ਥਾਂ ਬਾਰੇ ਸੁਣਿਆ ਨਹੀਂ। ਮੇਰੇ ਪਤੀ ਨੇ ਬਾਅਦ ਵਿੱਚ ਇਹ ਥਾਂ ਲੱਭੀ।"
ਕਮਲਾ ਜਿਹਦੀ ਉਮਰ 30 ਤੋਂ ਵੀ ਘੱਟ ਹੈ, ਅਤੇ ਉਹਦੇ ਪਤੀ ਰਵੀ (ਬਦਲਿਆ ਨਾਮ), ਜਿਹਦੀ ਉਮਰ 35 ਸਾਲ ਹੈ, ਇਹ ਦੋਵੇਂ ਗੋਂਡ ਆਦਿਵਾਸੀ ਭਾਈਚਾਰੇ ਤੋਂ ਹਨ, ਇਨ੍ਹਾਂ ਨੇ ਪਹਿਲਾਂ ਆਪਣੇ ਪਿੰਡ ਦੇ ਨੇੜਲੇ 'ਡਾਕਟਰ' ਤੱਕ ਪਹੁੰਚ ਕੀਤੀ। "ਇੱਕ ਦੋਸਤ ਨੇ ਸਾਨੂੰ ਉਹਦੇ ਬਾਰੇ ਦੱਸਿਆ ਸੀ," ਉਹ ਕਹਿੰਦੀ ਹੈ। ਕਮਲਾ ਆਪਣੇ ਘਰ ਦੇ ਨੇੜੇ ਹੀ ਜ਼ਮੀਨ ਦੇ ਇੱਕ ਟੁਕੜੇ 'ਤੇ ਸਬਜ਼ੀਆਂ ਉਗਾਉਂਦੀ ਹੈ ਜਿਨ੍ਹਾਂ ਨੂੰ ਉਹ ਹਾਟ (ਮਾਰਕਿਟ) ਵਿੱਚ ਵੇਚ ਦਿੰਦੀ ਹੈ, ਜਦੋਂਕਿ ਰਵੀ ਸਥਾਨਕ ਮੰਡੀ ਵਿੱਚ ਮਜ਼ਦੂਰੀ ਕਰਦਾ ਹੈ ਅਤੇ ਆਪਣੇ ਦੋ ਭਰਾਵਾਂ ਨਾਲ਼ ਰਲ਼ ਕੇ ਤਿੰਨ ਏਕੜ ਵਿੱਚ ਕਣਕ ਅਤੇ ਮੱਕੀ ਉਗਾਉਂਦਾ ਹੈ। ਜਿਸ ਕਲੀਨਿਕ ਦਾ ਜ਼ਿਕਰ ਉਹ ਕਰਦੀ ਹੈ ਉਹ ਹਾਈਵੇਅ ਤੋਂ ਬਹੁਤ ਨੇੜੇ ਹੈ। ਇਹ ਕਲੀਨਿਕ ਆਪਣੇ ਆਪ ਵਿੱਚ 'ਹਸਪਤਾਲ' ਹੈ ਅਤੇ ਜਦੋਂਕਿ ਇੱਥੇ ਪ੍ਰਵੇਸ਼ 'ਤੇ 'ਡਾਕਟਰ' ਦੀ ਕੋਈ ਨੇਮਪਲੇਟ ਤੱਕ ਨਹੀਂ ਹੈ, ਅਹਾਤੇ ਦੀਆਂ ਕੰਧਾਂ ਤੋਂ ਲਮਕ ਰਹੇ ਫ਼ਲੈਕਸਾਂ 'ਤੇ ਹੀ ਉਹਦੇ ਨਾਮ ਤੋਂ ਪਹਿਲਾਂ ਟਾਈਟਲ (ਡਾਕਟਰ) ਲਿਖਿਆ ਦਿੱਸਦਾ ਹੈ। 'ਡਾਕਟਰ' ਉਹਨੂੰ ਤਿੰਨ ਦਿਨਾਂ ਤੱਕ ਖਾਣ ਲਈ ਪੰਜ ਗੋਲ਼ੀਆਂ ਦਿੰਦਾ ਹੈ ਅਤੇ ਬਦਲੇ ਵਿੱਚ 500 ਰੁਪਏ ਲੈਂਦਾ ਹੈ, ਅਤੇ ਅਗਲੇ ਮਰੀਜ਼ ਨੂੰ ਬੁਲਾਉਂਦਾ ਹੈ। ਗੋਲ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ, ਜਿਵੇਂ ਗੋਲ਼ੀਆਂ ਦੇ ਉਲਟ-ਅਸਰ ਬਾਰੇ ਅਤੇ ਸਭ ਤੋਂ ਜ਼ਰੂਰੀ ਗੱਲ ਕਿ ਉਹਨੂੰ ਇੰਨਾ ਵੀ ਨਹੀਂ ਦੱਸਿਆ ਜਾਂਦਾ ਕਿ ਉਹ ਗਰਭਪਾਤ ਕਦੋਂ ਅਤੇ ਕਿਵੇਂ ਹੋ ਸਕਦਾ ਹੈ।
ਦਵਾਈ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਕਮਲਾ ਨੂੰ ਖੂਨ ਪੈਣ ਲੱਗਦਾ ਹੈ। "ਮੈਂ ਕੁਝ ਦਿਨ ਉਡੀਕ ਕੀਤੀ ਪਰ ਜਦੋਂ ਖੂਨ ਪੈਣਾ ਨਾ ਰੁਕਿਆ, ਤਾਂ ਅਸੀਂ ਉਸੇ ਡਾਕਟਰ ਕੋਲ਼ ਵਾਪਸ ਗਏ ਜਿਹਨੇ ਇਹ ਦਵਾਈ ਦਿੱਤੀ ਸੀ। ਉਹਨੇ ਸਾਨੂੰ ਪੀਐੱਚਸੀ ਜਾ ਕੇ ਸਫ਼ਾਈ ਕਰਾਉਣ ਲਈ ਕਿਹਾ।" ਇਸ 'ਸਫ਼ਾਈ' ਦਾ ਮਤਲਬ, ਬੱਚੇਦਾਨੀ ਦਾ ਵੈਕਿਊਮ ਐਸਪੀਰੇਸ਼ਨ (ਭਰੂਣ ਨੂੰ ਬਾਹਰ ਖਿੱਚਣ ਦੀ ਤਕਨੀਕ) ਕਰਨਾ।
ਹਲਕੇ ਸਿਆਲ ਦੀ ਧੁੱਪ ਵਿੱਚ ਬਾਨੂਰ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਦੇ ਬਾਹਰ ਇੱਕ ਬੈਂਚ 'ਤੇ ਬੈਠੀ ਕਮਲਾ ਆਪਣੇ ਬੁਲਾਏ ਜਾਣ ਦੀ ਉਡੀਕ ਕਰ ਰਹੀ ਹਨ ਜਿੱਥੇ ਉਨ੍ਹਾਂ ਦਾ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ/MTP (ਭਾਵ ਗਰਭਪਾਤ ਕੀਤੇ ਜਾਣ ਦਾ ਡਾਕਟਰੀ ਤਰੀਕਾ) ਕੀਤਾ ਜਾਣਾ ਹੈ, ਇਸ ਪ੍ਰਕਿਰਿਆ ਵਾਸਤੇ 30 ਮਿੰਟ ਲੱਗਦੇ ਹਨ, ਪਰ ਕੀਤੇ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਗਭਗ 3-4 ਘੰਟਿਆਂ ਦਾ ਅਰਾਮ ਕਰਨਾ ਲੋੜੀਂਦਾ ਹੁੰਦਾ ਹੈ। ਖ਼ੂਨ ਅਤੇ ਪੇਸ਼ਾਬ ਦੀ ਲੋੜੀਂਦੀ ਜਾਂਚ ਬੀਤੇ ਦਿਨ ਪੂਰੀ ਹੋ ਚੁੱਕੀ ਹੈ।
ਛੱਤੀਸਗੜ੍ਹ ਜ਼ਿਲ੍ਹੇ ਵਿਚਲੀ ਨਰਾਇਣਪੁਰ ਦਾ ਸਭ ਤੋਂ ਵੱਡਾ ਪੀਐੱਚਸੀ ਦਾ 2019 ਵਿੱਚ ਨਵੀਨੀਕਰਨ ਕੀਤਾ ਗਿਆ। ਇਸ ਵਿੱਚ ਚਮਕਦੇ ਚਿਹਰੇ ਵਾਲ਼ੀਆਂ ਮਾਵਾਂ ਅਤੇ ਤੰਦਰੁਸਤ ਬੱਚਿਆਂ ਦੀਆਂ ਲਿਸ਼ਕਦੀਆਂ ਪੇਟਿੰਗਾਂ ਵਾਲ਼ੇ ਪ੍ਰਸੂਤੀ ਕਮਰੇ, 10 ਬਿਸਤਰਿਆਂ ਵਾਲ਼ਾ ਵਾਰਡ, ਤਿੰਨ ਬਿਸਤਰਿਆਂ ਵਾਲ਼ਾ ਲੇਬਰ ਰੂਮ, ਆਟੋਕਲੇਵ ਮਸ਼ੀਨ, ਪ੍ਰਸਵ ਦੀ ਉਡੀਕ ਕਰਦੀਆਂ ਔਰਤਾਂ ਦੇ ਰਹਿਣ ਦੀ ਸੁਵਿਧਾ ਦੇ ਨਾਲ਼-ਨਾਲ਼ ਇੱਕ ਕਿਚਨ ਗਾਰਡਨ ਵੀ ਹੈ। ਬਸਤਰ ਦੇ ਖ਼ਾਸ ਕਰਕੇ ਆਦਿਵਾਸੀ ਹਿੱਸੇ ਵਿੱਚ ਇਹ ਪੀਐੱਚਸੀ ਜਨਤਕ ਹੈਲਥ ਸੇਵਾਵਾਂ ਦੀ ਉਮੀਦਭਰੀ ਤਸਵੀਰ ਪੇਸ਼ ਕਰਦਾ ਹੈ।












