11ਵੀਂ ਜਮਾਤ ਦਾ ਗੁਰਪ੍ਰਤਾਪ ਸਿੰਘ ਅਤੇ 13 ਸਾਲਾ ਉਹਦਾ ਚਚੇਰਾ ਭਰਾ ਸੁਖਬੀਰ ਜਮਾਤ 7ਵੀਂ ਦਾ ਵਿਦਿਆਰਥੀ ਹੈ। ਦੋਵੇਂ ਹੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲ਼ੇ ਹਨ। ਇਸ ਸਮੇਂ ਦੋਵੇਂ ਹੀ ਸਕੂਲ ਤੋਂ ਦੂਰ ਹਨ, ਪਰ ਇੱਕ ਵੱਖਰੀ ਹੀ ਤਰ੍ਹਾਂ ਦੀ ਵਿੱਦਿਆ ਵਿੱਚ ਮਸ਼ਗੂਲ ਹਨ।
"ਅਸੀਂ ਇੱਥੇ ਕਿਸਾਨਾਂ ਦੇ ਇਸ ਖੇਮੇ ਦੀ ਰਾਖੀ ਕਰ ਰਹੇ ਹਾਂ ਅਤੇ ਅਸੀਂ ਕਰਦੇ ਰਹਾਂਗੇ," ਸੋਨੀਪਤ-ਹਰਿਆਣਾ ਦੇ ਦਿੱਲੀ-ਸਿੰਘੂ ਬਾਰਡਰ 'ਤੇ ਤੈਨਾਤ 17 ਸਾਲ ਦੇ ਗੁਰਪ੍ਰਤਾਪ ਨੇ ਮੈਨੂੰ ਕਿਹਾ।
ਦਿੱਲੀ ਦੀਆਂ ਇਨ੍ਹਾਂ ਸੀਮਾਵਾਂ 'ਤੇ ਇਕੱਠੇ ਹੋਏ ਸੈਂਕੜੇ ਹਜ਼ਾਰਾਂ ਦੇ ਇਸ ਹਜ਼ੂਮ ਵਿੱਚ ਬਹੁਤੇਰੇ ਲੋਕ ਕਿਸਾਨ ਪਰਿਵਾਰਾਂ ਵਿੱਚੋਂ ਹਨ। ਕੁਝ ਪਰਿਵਾਰ ਦੋ ਹਫ਼ਤੇ ਪਹਿਲਾਂ ਰਾਜਧਾਨੀ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਉੱਤਰੀ-ਦਿੱਲੀ ਦੇ ਬੁੜਾਰੀ ਵਿਖੇ ਕੈਂਪ ਲਾਇਆ ਹੋਇਆ ਹੈ।
ਸਾਰੇ ਧਰਨਾਂ ਸਥਲਾਂ 'ਤੇ ਮੌਜੂਦ ਪੂਰੇ ਦੇ ਪੂਰੇ ਹਜ਼ੂਮ ਅਤੇ ਸ਼ਾਂਤੀਮਈ ਪ੍ਰਦਰਸ਼ਨਕਾਰੀਆਂ ਵੱਲੋਂ ਇੱਕੋ ਮੰਗ ਕੀਤੀ ਜਾ ਰਹੀ ਹੈ, ਉਹ ਹੈ ਇਨ੍ਹਾਂ ਤਿੰਨਾਂ ਖ਼ੇਤੀ ਕਾਨੂੰਨਾਂ ਦਾ ਵਾਪਸ ਲਿਆ ਜਾਣਾ। ਯਾਦ ਰਹੇ ਇਹ ਕਾਨੂੰਨ ਇਸੇ ਸਾਲ ਸਤੰਬਰ ਮਹੀਨੇ ਵਿੱਚ ਸੰਸਦ ਦੁਆਰਾ ਪਾਸ ਕੀਤੇ ਗਏ ਅਤੇ ਜਿਨ੍ਹਾਂ ਦੇ ਰੱਦ ਹੋਣ ਦਾ ਕੋਈ ਸੰਕੇਤ ਨਹੀਂ ਮਿਲ਼ ਰਿਹਾ। ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਲੰਬੀ ਲੜਾਈ ਲੜਨ ਲਈ ਦ੍ਰਿੜ-ਸੰਕਲਪ ਹਨ।
ਦੇਰ ਸ਼ਾਮ ਦਾ ਸਮਾਂ ਹੈ, ਸਿੰਘੂ ਅਤੇ ਬੁੜਾਰੀ ਵਿਖੇ ਕਿਸਾਨਾਂ ਵੱਲੋਂ ਸਥਾਪਤ ਕੀਤੇ ਇਨ੍ਹਾਂ ਕੈਂਪਾਂ ਵਿੱਚੋਂ ਹੋ ਕੇ ਲੰਘਦਾ ਹੋਇਆ ਮੈਂ ਦੇਖਦਾ ਹਾਂ ਕਿ ਕੁਝ ਕੁ ਜਣੇ ਸੌਣ ਦੀ ਤਿਆਰੀ ਕਰ ਰਹੇ ਹਨ। ਕੁਝ ਕਿਸਾਨ ਆਪਣੇ ਟਰੱਕਾਂ ਵਿੱਚ ਠਹਿਰ ਰਹੇ ਹਨ, ਕੁਝ ਪੈਟਰੋਲ ਪੰਪਾਂ 'ਤੇ ਸੌਂ ਰਹੇ ਹਨ ਕੁਝ ਕੁ ਟੋਲੇ ਅਜਿਹੇ ਵੀ ਹਨ ਜੋ ਗੀਤ ਗਾ-ਗਾ ਕੇ ਰਾਤ ਬਿਤਾਉਂਦੇ ਹਨ। ਨਿੱਘੀ ਸਾਥੀ-ਭਾਵਨਾ, ਸੰਕਲਪ-ਸ਼ਕਤੀ ਅਤੇ ਵਿਰੋਧ ਕਰਨ ਦੀ ਇਹ ਭਾਵਨਾ ਇਨ੍ਹਾਂ ਸਮੂਹਾਂ ਵਿੱਚੋਂ ਹੀ ਆਉਂਦੀ ਹੈ।
ਕਿਸਾਨ ਇਨ੍ਹਾਂ ਤਿੰਨ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ: ਦਿ ਫਾਰਮਰਸ ਪ੍ਰੋਡਿਉਸ ਟਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸੀਲਿਏਸ਼ਨ) ਬਿੱਲ, 2020 ; ਦਿ ਫਾਰਮਰਸ (ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਫ਼ ਪ੍ਰਾਇਸ ਇੰਸ਼ਿਉਰੈਂਸ ਐਂਡ ਫਾਰਮ ਸਰਵਿਸਸ ਬਿੱਲ 2020 ; ਅਤੇ ਜ਼ਰੂਰੀ ਵਸਤਾਂ (ਸੋਧ) ਬਿੱਲ 2020
ਉਹ ਇਨ੍ਹਾਂ ਕਾਨੂੰਨਾਂ ਨੂੰ ਲਾਜ਼ਮੀ ਰੂਪ ਵਿੱਚ ਖੇਤੀ ਵਿੱਚ ਕਿਸਾਨਾਂ ਦੇ ਅਧਿਕਾਰ ਅਤੇ ਹਿੱਸੇਦਾਰੀ ਨੂੰ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਕਾਰਪੋਰੇਟਾਂ ਦੇ ਹੱਥ ਸੌਂਪੇ ਜਾਣ ਦੇ ਰੂਪ ਵਿੱਚ ਦੇਖਦੇ ਹਨ, ਜੋ ਉਨ੍ਹਾਂ (ਕਿਸਾਨਾਂ) ਨੂੰ ਇਨ੍ਹਾਂ ਵੱਡੇ ਕਾਰੋਬਾਰੀਆਂ ਦੇ ਰਹਿਮ 'ਤੇ ਛੱਡੇ ਜਾਣਾ ਤੈਅ ਕਰਦੇ ਹਨ। "ਜੇਕਰ ਇਹ ਧੋਖਾ ਨਹੀਂ, ਤਾਂ ਹੋਰ ਕੀ ਹੈ?" ਹਨ੍ਹੇਰੇ ਵਿੱਚੋਂ ਇੱਕ ਅਵਾਜ਼ ਪੁੱਛਦੀ ਹੈ।
"ਸਾਡਾ ਕਿਸਾਨਾਂ ਦਾ ਇਨ੍ਹਾਂ ਕਾਰਪੋਰੇਟਾਂ ਨਾਲ਼ ਪਹਿਲਾਂ ਵੀ ਵਾਹ ਪੈ ਚੁੱਕਿਆ ਹੈ- ਅਤੇ ਅਸੀਂ ਇਨ੍ਹਾਂ 'ਤੇ ਭਰੋਸਾ ਨਹੀਂ ਕਰਦੇ। ਉਨ੍ਹਾਂ ਨੇ ਪਹਿਲਾਂ ਵੀ ਸਾਨੂੰ ਧੋਖਾ ਦਿੱਤਾ ਹੈ ਅਤੇ ਅਸੀਂ ਮੂਰਖ ਨਹੀਂ ਹਾਂ। ਅਸੀਂ ਆਪਣੇ ਅਧਿਕਾਰਾਂ ਬਾਰੇ ਜਾਣਦੇ ਹਾਂ," ਕਈ ਅਵਾਜ਼ਾਂ ਨੇ ਇੱਕੋ ਸਾਂਝੇ ਸੁਰ ਵਿੱਚ ਕਿਹਾ, ਜਦੋਂ ਦੇਰ ਸ਼ਾਮ ਮੈਂ ਸਿੰਘੂ ਵਿਖੇ ਸਥਾਪਤ ਇਨ੍ਹਾਂ ਕੈਂਪਾਂ ਵਿੱਚੋਂ ਦੀ ਲੰਘਿਆ।
ਕੀ ਉਹ ਇੱਥੇ ਉਪਜੀ ਖੜ੍ਹੋਤ ਨੂੰ ਲੈ ਕੇ ਚਿੰਤਤ ਨਹੀਂ ਹਨ, ਜਦੋਂ ਸਰਕਾਰ ਸਪੱਸ਼ਟ ਤੌਰ 'ਤੇ ਇਨ੍ਹਾਂ ਨੂੰ ਰੱਦ ਕੀਤੇ ਜਾਣ ਦੀ ਕਿਸੇ ਵੀ ਸੰਭਾਵਨਾ ਨੂੰ ਮੂਲ਼ੋਂ ਨਕਾਰ ਰਹੀ ਹੈ? ਕੀ ਉਹ ਅੰਦੋਲਨ ਟਿਕਾਈ ਰੱਖਣਗੇ?
"ਅਸੀਂ ਤਾਕਤਵਰ ਹਾਂ," ਪੰਜਾਬ ਤੋਂ ਆਇਆ ਦੂਜਾ ਕਿਸਾਨ (ਕਾਸ਼ਤਕਾਰ) ਕਹਿੰਦਾ ਹੈ। "ਅਸੀਂ ਆਪਣਾ ਖਾਣਾ ਆਪ ਹੀ ਬਣਾ ਰਹੇ ਹਾਂ ਅਤੇ ਦੂਸਰਿਆਂ ਨੂੰ ਵੰਡ ਰਹੇ ਹਾਂ। ਅਸੀਂ ਕਿਸਾਨ ਹਾਂ, ਅਸੀਂ ਬਾਖ਼ੂਬੀ ਜਾਣਦੇ ਹਾਂ ਕਿ ਤਾਕਤਵਰ ਕਿਵੇਂ ਰਹੀਦਾ ਹੈ।"![](/media/images/02-IMG_7078-01-SF.width-1440.jpg)
ਗੁਰਪ੍ਰਤਾਪ ਸਿੰਘ ਜਮਾਤ 11ਵੀਂ ਦਾ ਅਤੇ ਉਹਦਾ ਚਚੇਰਾ ਭਰਾ ਸੁਖਬੀਰ, ਉਮਰ 13 ਸਾਲ ਜਮਾਤ 7ਵੀਂ ਦਾ ਵਿਦਿਆਰਥੀ ਹੈ। ਦੋਵੇਂ ਹੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲ਼ੇ ਹਨ, ਸਿੰਘੂ ਧਰਨੇ 'ਤੇ ਮੌਜੂਦ ਹਨ ਅਤੇ ਦੱਸਦੇ ਹਨ ਕਿ ਉਹ 'ਇੱਥੇ ਹਰੇਕ ਰਾਤ ਕਿਸਾਨਾਂ ਦੇ ਇਲਾਕੇ 'ਦੀ ਰਾਖੀ ਕਰ ਰਹੇ ਹਨ'
ਅਤੇ ਇੱਥੇ ਹਰਿਆਣਾ ਤੋਂ ਆਏ ਕਿਸਾਨ ਵੀ ਹਨ, ਜੋ ਆਪਣੇ ਤਰੀਕੇ ਨਾਲ਼ ਪ੍ਰਦਰਸ਼ਨਕਾਰੀਆਂ ਦੀ ਮਦਦ ਕਰਦੇ ਹਨ। ਜਿਵੇਂ ਕੈਥਲ ਜ਼ਿਲ੍ਹੇ ਤੋਂ ਆਇਆ 50 ਸਾਲਾ ਸ਼ਿਵ ਕੁਮਾਰ ਬਾਹਦ ਕਹਿੰਦਾ ਹੈ: "ਸਾਡੇ ਕਿਸਾਨ ਭਰਾ ਆਪਣੇ ਘਰ ਦੇ ਆਰਾਮ ਨੂੰ ਛੱਡ ਕੇ, ਦਿੱਲੀ ਬਾਰਡਰ 'ਤੇ ਇਕੱਠੇ ਹੋਏ ਹਨ। ਅਸੀਂ ਉਨ੍ਹਾਂ ਨੂੰ ਉਹ ਸਭ ਪ੍ਰਦਾਨ ਕਰ ਰਹੇ ਹਾਂ ਜੋ ਅਸੀਂ ਕਰ ਸਕਦੇ ਹਾਂ।"
ਸਿੰਘੂ ਅਤੇ ਬੁੜਾਰੀ ਧਰਨੇ 'ਤੇ ਬੈਠੇ ਕਿਸਾਨ ਉਸ ਸਦਭਾਵਨਾ ਅਤੇ ਦੇਖਭਾਲ਼ ਦਾ ਵੀ ਜ਼ਿਕਰ ਕਰਦੇ ਹਨ ਜੋ ਉਹ ਸਾਥੀ ਨਾਗਰਿਕਾਂ ਤੋਂ ਪ੍ਰਾਪਤ ਕਰ ਰਹੇ ਹਨ। "ਲੋਕ ਸਾਡੀ ਸਹਾਇਤਾ ਲਈ ਆ ਰਹੇ ਹਨ। ਸਾਨੂੰ ਮੈਡੀਕਲ ਸਹਾਇਤਾ ਦੇਣ ਵਾਸਤੇ ਡਾਕਟਰਾਂ ਨੇ ਵੱਖੋ-ਵੱਖ ਥਾਵਾਂ (ਬਾਰਡਰਾਂ) 'ਤੇ ਕੈਂਪ ਸਥਾਪਤ ਕੀਤੇ ਹੋਏ ਹਨ," ਇੱਕ ਪ੍ਰਦਰਸ਼ਨਕਾਰੀ ਦੱਸਦਾ ਹੈ।
"ਅਸੀਂ ਕਾਫ਼ੀ ਕੱਪੜੇ ਲਿਆਏ ਹਾਂ," ਇੱਕ ਹੋਰ ਜਣਾ ਮੈਨੂੰ ਦੱਸਦਾ ਹੈ, "ਪਰ ਅਜੇ ਵੀ ਲੋਕ ਵਾਧੂ ਕੱਪੜੇ ਅਤੇ ਕੰਬਲ ਦਾਨ ਕਰ ਰਹੇ ਹਨ। ਇਹ ਇੱਕ ਅਜਿਹਾ ਕਾਫ਼ਲਾ ਹੈ ਜੋ ਘਰ ਵਾਂਗ ਪ੍ਰਤੀਤ ਹੁੰਦਾ ਹੈ।"
ਸਰਕਾਰ ਅਤੇ ਕਾਰਪੋਰੇਟ ਵਰਲਡ ਨੂੰ ਲੈ ਕੇ, ਇੱਥੇ ਗੁੱਸੇ ਅਤੇ ਸ਼ਿਕਾਇਤ ਦੀ ਅਤਿ-ਤੀਬਰ ਭਾਵਨਾ ਹੈ। "ਸਰਕਾਰ ਨੇ ਕਿਸਾਨਾਂ ਨਾਲ਼ ਧੱਕਾ ਕੀਤਾ ਹੈ," ਇੱਕ ਪ੍ਰਦਰਸ਼ਨਕਾਰੀ ਕਹਿੰਦਾ ਹੈ। "ਅਸਾਂ ਇਸ ਦੇਸ਼ ਨੂੰ ਭੋਜਨ ਦਿੱਤਾ ਅਤੇ ਬਦਲੇ ਵਿੱਚ ਸਾਨੂੰ ਅੱਥਰੂ ਗੈਸ ਦੇ ਗੋਲ਼ੇ ਅਤੇ ਪਾਣੀ ਦੀਆਂ ਵਾਛੜਾਂ ਮਿਲ਼ੀਆਂ।"
"ਜਦੋਂ ਕੜਕਦੀ ਠੰਡ ਵਿੱਚ ਇੱਕ ਕਿਸਾਨ ਆਪਣੇ ਖ਼ੇਤਾਂ ਨੂੰ ਪਾਣੀ ਲਾਉਂਦਾ ਹੈ, ਉਸ ਵੇਲੇ ਇਹ ਕਾਰਪੋਰੇਟ, ਇਹ ਸਿਆਸਤਦਾਨ ਆਪੋ-ਆਪਣੇ ਨਿੱਘੇ ਬਿਸਤਰਿਆਂ ਵਿੱਚ ਸੁੱਤੇ ਹੁੰਦੇ ਹਨ," ਦੂਸਰਾ ਕਿਸਾਨ ਗੱਲ ਜੋੜਦਿਆਂ ਕਹਿੰਦਾ ਹੈ।
ਪਰ ਵਿਰੋਧ ਕਰਨ ਦਾ ਦ੍ਰਿੜ-ਨਿਸ਼ਚਾ ਆਪਣੀ ਡੂੰਘੀ ਚਾਲ਼ ਚੱਲਦਾ ਹੈ: "ਅਸੀਂ ਹਰ ਵਾਰੀ ਸਿਆਲ ਰੁੱਤ ਹੰਢਾਉਂਦੇ ਹਾਂ, ਪਰ ਇਸ ਸਿਆਲ, ਸਾਡੇ ਦਿਲ ਮੱਚਦੇ ਹੋਏ ਅੰਗਾਰ ਹਨ," ਗੁੱਸੇ ਵਿੱਚ ਇੱਕ ਕਿਸਾਨ ਕਹਿੰਦਾ ਹੈ।
"ਤੁਸੀਂ ਇਨ੍ਹਾਂ ਟਰੈਕਟਰਾਂ ਨੂੰ ਦੇਖਦੇ ਹੋ?" ਉਨ੍ਹਾਂ ਵਿੱਚੋਂ ਇੱਕ ਪੁੱਛਦਾ ਹੈ। "ਇਹ ਵੀ ਸਾਡੇ ਹਥਿਆਰ ਹਨ। ਅਸੀਂ ਇਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਦੇਖਭਾਲ਼ ਕਰਦੇ ਹਾਂ।" ਦਿੱਲੀ ਸੀਮਾਵਾਂ 'ਤੇ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਹਨ ਅਤੇ ਇਨ੍ਹਾਂ ਨਾਲ਼ ਜੁੜੀਆਂ ਟਰਾਲੀਆਂ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਥੇ ਆਏ ਹਨ।
ਦੂਜਾ ਵਿਅਕਤੀ ਬੋਲਦਾ ਹੈ: "ਪੇਸ਼ੇ ਤੋਂ ਮੈਂ ਇੱਕ ਮੈਕੇਨਿਕ ਹਾਂ ਅਤੇ ਮੈਂ ਆਪਣੇ-ਆਪ ਨਾਲ਼ ਵਾਅਦਾ ਕੀਤਾ ਹੈ, ਮੈਂ ਹਰੇਕ ਕਿਸਾਨ ਦੇ ਟਰੈਕਟਰ ਦੀ ਮੁਫ਼ਤ ਮੁਰੰਮਤ ਕਰਾਂਗਾ।"
ਉਨ੍ਹਾਂ ਵਿੱਚੋਂ ਹਰ ਕੋਈ ਇਹੀ ਮਹਿਸੂਸ ਕਰਦਾ ਹੈ ਕਿ ਉਹ ਇੱਕ ਦੀਰਘਕਾਲੀਨ ਲੜਾਈ ਵੱਲ ਖਿੱਚੇ ਗਏ ਹਨ। ਕਈਆਂ ਦਾ ਕਹਿਣਾ ਹੈ ਇਹ ਖੜ੍ਹੋਤ ਕੁਝ ਮਹੀਨੇ ਚੱਲ ਸਕਦੀ ਹੈ। ਪਰ ਕੋਈ ਵੀ ਪਿਛਾਂਹ ਹਟਣ ਨੂੰ ਰਾਜ਼ੀ ਨਹੀਂ।
ਉਨ੍ਹਾਂ ਵਿੱਚੋਂ ਇੱਕ ਸਮੀਖਿਆ ਕਰਦਾ ਹੈ: "ਅਸੀਂ ਇੱਥੇ ਹੀ ਹਾਂ ਜਦੋਂ ਤੱਕ ਕਿ ਇਹ ਕਾਲ਼ੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਜਾਂ ਸਾਡੀ ਮੌਤ ਨਹੀਂ ਆ ਜਾਂਦੀ।"![](/media/images/03-IMG_20201128_132101_570-SF.width-1440.jpg)
ਉੱਤਰੀ ਦਿੱਲੀ ਦੇ ਬੁੜਾਰੀ ਵਿਖੇ ਮੌਜੂਦ 70 ਸਾਲਾਂ ਦਾ ਇਹ ਪ੍ਰਦਰਸ਼ਨਕਾਰੀ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਨਾਲ਼ ਧੋਖਾ ਕਰਨ ਦਾ ਦੋਸ਼ ਲਾਉਂਦਾ ਹੈ। ਉਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਜਦੋਂ ਤੱਕ ਇਹ ਤਿੰਨੋਂ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਹ ਇੱਥੋਂ ਹਿੱਲਣਗੇ ਹੀ ਨਹੀਂ। ਮੁੱਕਦੀ ਗੱਲ, 'ਅਸੀਂ ਮੌਤ ਆਉਣ ਤੱਕ ਇੱਥੇ ਹੀ ਬਣੇ ਰਹਾਂਗੇ'
![](/media/images/04-IMG_6969-01-01-SF.width-1440.jpg)
ਰਾਤ ਪੈਣ ਮੌਕੇ, ਉੱਤਰੀ-ਦਿੱਲੀ ਦੇ ਬੁੜਾਰੀ ਗਰਾਉਂਡ 'ਤੇ ਇੱਕ ਨੌਜਵਾਨ ਪ੍ਰਦਰਸ਼ਨਕਾਰੀ
![](/media/images/05-IMG_7158-01-SF.width-1440.jpg)
ਹਰਿਆਣਾ ਦੇ ਸੋਨੀਪਤ ਵਿਖੇ ਦਿੱਲੀ ਸਿੰਘੂ ਬਾਰਡਰ 'ਤੇ ਮੌਜੂਦ ਕਿਸਾਨ ਆਪਣੀ ਸ਼ਾਮ ਦੀ ਅਰਦਾਸ ਕਰਦੇ ਹੋਏ। ਕਈ ਗੁਰੂਦੁਆਰਿਆਂ ਨੇ ਲੰਗਰ (ਸਿੱਖਾਂ ਦੀ ਸਾਂਝੀ ਰਸੋਈ) ਅਯੋਜਤ ਕੀਤੇ ਗਏ ਹਨ ਜਿੱਥੇ ਕਈ ਪੁਲਿਸ ਵਾਲ਼ਿਆਂ ਨੇ ਵੀ ਖਾਣਾ ਖਾਧਾ
![](/media/images/06-IMG_7118-01-SF.width-1440.jpg)
ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਇੱਕ ਜੱਥਾ ਆਪਣੇ ਪ੍ਰਦਰਸ਼ਨਕਾਰੀਆਂ ਦੀ ਟੁਕੜੀ ਲਈ ਖਾਣਾ ਤਿਆਰ ਕਰਨ ਦਾ ਆਯੋਜਨ ਕਰਦਾ ਹੋਇਆ, ਇਹ ਸਿੰਘੂ ਅਤੇ ਬੁੜਾਰੀ ਵਿਖੇ ਜਾਰੀ ਬਹੁਤ ਸਾਰੇ ਯਤਨਾਂ ਵਿੱਚੋਂ ਇੱਕ ਹੈ
![](/media/images/07-IMG_7113-01-SF.width-1440.jpg)
ਅਤੇ ਸਿੰਘੂ ਬਾਰਡਰ ਵਿਖੇ ਇਸ ਕੈਂਪ ਵਿੱਚ ਰਾਤ ਵੇਲ਼ੇ ਲੰਗਰ (ਸਾਂਝੀ ਰਸੋਈ) ਦੀ ਸੇਵਾ ਚੱਲਦੀ ਹੋਈ
![](/media/images/8-IMG_6977-01-01-01-SF.width-1440.jpg)
ਬੁੜਾਰੀ ਗਰਾਉਂਡ ਵਿਖੇ ਇੱਕ ਬਜ਼ੁਰਗ ਕਿਸਾਨ ਟਰੱਕ ਵਿੱਚ ਚੜ੍ਹਦਾ ਹੋਇਆ। ਕਈ ਕਿਸਾਨ ਪ੍ਰਦਰਸ਼ਨ ਦੌਰਾਨ ਆਪਣੇ ਟਰੱਕਾਂ ਵਿੱਚ ਸੌ ਰਹੇ ਹਨ
![](/media/images/9-IMG_7038-01-01-SF.width-1440.jpg)
ਸਿੰਘੂ ਬਾਰਡਰ ਵਿਖੇ ਕਿਸਾਨ ਆਪਣੇ ਟਰੱਕਾਂ ਵਿੱਚ ਅਰਾਮ ਕਰਦੇ ਹੋਏ
![](/media/images/10-IMG_7062-01-SF.width-1440.jpg)
ਸਿੰਘੂ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਦਾ ਇੱਕ ਦਲ ਪੈਟਰੋਲ ਪੰਪ 'ਤੇ ਸੁੱਤਾ ਹੋਇਆ
![](/media/images/11-IMG_7026-01-01-SF.width-1440.jpg)
ਪ੍ਰਦਰਸ਼ਨਕਾਰੀ ਨੇ ਆਪਣੇ ਨਾਲ਼ ਹਜ਼ਾਰਾਂ ਟਰੈਕਟਰ ਲਿਆਂਦੇ ਹਨ, ਇਹ ਟਰੈਕਟਰ ਉਨ੍ਹਾਂ ਲਈ ਵਾਹਨਾਂ ਨਾਲ਼ੋਂ ਕਿਤੇ ਵੱਧ ਹਨ। ਬੁੜਾਰੀ ਵਿਖੇ ਮੌਜੂਦ ਕਿਸਾਨਾਂ ਵਿੱਚੋਂ ਇੱਕ ਕਿਸਾਨ ਕਹਿੰਦਾ ਹੈ,'ਇਹ ਟਰੈਕਟਰ ਵੀ ਸਾਡੇ ਹਥਿਆਰ ਹੀ ਹਨ'
![](/media/images/012-IMG_20201128_132101_653-01-SF.width-1440.jpg)
'ਮੈਨੂੰ ਨੀਂਦ ਨਹੀਂ ਆ ਰਹੀ, ਸਰਕਾਰ ਨੇ ਮੇਰੀ ਨੀਂਦ ਖੋਹ ਲਈ ਹੈ,' ਉੱਤਰੀ ਦਿੱਲੀ ਵਿਖੇ ਮੌਜੂਦ ਬੁੜਾਰੀ ਦੇ ਧਰਨਾ-ਸਥਲ 'ਤੇ ਤੈਨਾਤ ਇਹ ਕਿਸਾਨ ਕਹਿੰਦਾ ਹੈ
ਤਰਜਮਾ: ਕਮਲਜੀਤ ਕੌਰ