ਲਕਸ਼ਿਮਾ ਨੂੰ ਤਰੀਕ ਤਾਂ ਨਹੀਂ ਚੇਤੇ ਪਰ ਉਨ੍ਹਾਂ ਨੂੰ ਯੱਖ਼ ਕਰ ਸੁੱਟਣ ਵਾਲ਼ੀ ਉਹ ਰਾਤ ਜ਼ਰੂਰ ਚੇਤੇ ਹੈ। ਇਹ ਉਹ ਸਮਾਂ ਸੀ ਜਦੋਂ “ਕਣਕ ਦੀ ਫ਼ਸਲ ਗਿੱਟਿਆਂ ਤੱਕ ਹੋ ਗਈ’’ ਅਤੇ ਅਚਾਨਕ ਉਨ੍ਹਾਂ ਦੇ ਪਾਣੀ ਵਾਲ਼ੀ ਥੈਲੀ ਫਟ ਗਈ ਅਤੇ ਜੰਮਣ ਪੀੜ੍ਹਾਂ ਛੁੱਟ ਪਈਆਂ। "ਇਹ ਗੱਲ ਸਾਲ 2018 ਜਾਂ 19 ਦੀ ਹੈ ਅਤੇ ਸ਼ਾਇਦ ਦਸੰਬਰ ਜਾਂ ਜਨਵਰੀ ਦਾ ਮਹੀਨਾ ਰਿਹਾ ਹੋਣਾ।"

ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਬੜਾਗਾਓਂ ਬਲਾਕ ਦੇ ਪ੍ਰਾਇਮਰੀ ਸਿਹਤ ਕੇਂਦਰ ਲਿਜਾਣ ਲਈ ਕਿਰਾਏ ’ਤੇ ਟੈਂਪੋ ਲਿਆ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਜਿਲ੍ਹੇ ਵਿਖੇ ਸਥਿਤ ਉਨ੍ਹਾਂ ਦੇ ਪਿੰਡ ਤੋਂ ਪੀਐੱਚਸੀ ਦੀ ਦੂਰੀ ਕੋਈ 6 ਕਿਲੋਮੀਟਰ ਹੈ। 30 ਸਾਲਾ ਲਕਸ਼ਿਮਾ ਚੇਤੇ ਕਰਦੀ ਹਨ,"ਜਦੋਂ ਅਸੀਂ ਪੀਐੱਚਸੀ ਪੁੱਜੇ ਤਾਂ ਪੀੜ੍ਹ ਨਾਲ਼ ਮੇਰਾ ਬੁਰਾ ਹਾਲ ਸੀ।" ਉਨ੍ਹਾਂ ਦੇ ਤਿੰਨੋਂ ਬੱਚੇ ਰੇਣੂ, ਰਾਜੂ ਅਤੇ ਰੇਸ਼ਮ ਜਿਨ੍ਹਾਂ ਦੀ ਉਮਰ 5 ਸਾਲ ਤੋਂ 11 ਸਾਲ ਵਿਚਕਾਰ ਹੈ, ਘਰੇ ਹੀ ਸਨ। "ਹਸਪਤਾਲ ਵਾਲ਼ਿਆਂ ਨੇ ਮੈਨੂੰ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ (ਸਟਾਫ਼) ਨੇ ਕਿਹਾ ਕਿ ਮੈਂ ਗਰਭਵਤੀ ਹੀ ਨਹੀਂ ਹਾਂ ਅਤੇ ਮੇਰਾ ਜੋ ਢਿੱਡ ਹੈ ਉਹਦੀ ਫੁਲਾਵਟ ਕਿਸੇ ਬੀਮਾਰੀ ਕਾਰਨ ਹੈ।"

ਲਕਸ਼ਿਮਾ ਦੀ ਸੱਸ ਹੀਰਾਮਨੀ ਨੇ ਸਟਾਫ਼ ਕਰਮੀਆਂ ਨੂੰ ਉਨ੍ਹਾਂ ਨੂੰ ਭਰਤੀ ਕਰਨ ਦੀ ਗੁਜ਼ਾਰਿਸ਼ ਕੀਤੀ ਪਰ ਪੀਐੱਚਸੀ ਸਟਾਫ਼ ਨੇ ਮਨ੍ਹਾ ਕਰ ਦਿੱਤਾ। ਅੰਤ ਵਿੱਚ, ਹੀਰਾਮਨੀ ਨੇ ਹਸਪਤਾਲ ਸਟਾਫ਼ ਨੂੰ ਕਿਹਾ ਕਿ ਬੱਚਾ ਪੈਦਾ ਕਰਾਉਣ ਵਿੱਚ ਹੁਣ ਉਹ ਖ਼ੁਦ ਆਪਣੀ ਨੂੰਹ ਦੀ ਮਦਦ ਕਰੇਗੀ। ਲਕਸ਼ਿਮਾ ਕਹਿੰਦੀ ਹਨ,"ਮੇਰੇ ਪਤੀ ਮੈਨੂੰ ਕਿਸੇ ਹੋਰ ਥਾਵੇਂ ਲਿਜਾਣ ਵਾਸਤੇ ਆਟੋ ਲੱਭ ਰਹੇ ਸਨ। ਪਰ ਉਂਝ ਮੈਂ ਕਿਤੇ ਵੀ ਜਾਣ ਦੀ ਹਾਲਤ ਵਿੱਚ ਨਹੀਂ ਰਹਿ ਗਈ ਸਾਂ। ਮੈਂ ਪੀਐੱਚਸੀ ਦੇ ਐਨ ਬਾਹਰ ਲੱਗੇ ਰੁੱਖ ਹੇਠਾਂ ਬਹਿ ਗਈ।"

ਹੀਰਾਮਨੀ ਜਿਨ੍ਹਾਂ ਦੀ ਉਮਰ 60 ਸਾਲ ਦੇ ਕਰੀਬ ਹੈ, ਲਕਸ਼ਿਮਾ ਦੇ ਕੋਲ਼ ਬਹਿ ਗਈ ਅਤੇ ਘੁੱਟ ਕੇ ਉਨ੍ਹਾਂ ਦਾ ਹੱਥ ਫੜ੍ਹ ਲਿਆ ਅਤੇ ਉਨ੍ਹਾਂ ਨੂੰ ਲੰਬੇ-ਲੰਬੇ ਸਾਹ ਲੈਣ ਲਈ ਕਹਿਣ ਲੱਗੀ। ਕਰੀਬ ਇੱਕ ਘੰਟੇ ਬਾਅਦ ਅੱਧੀ ਕੁ ਰਾਤੀਂ ਉਨ੍ਹਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਲਕਸ਼ਿਮਾ ਚੇਤੇ ਕਰਦੀ ਹਨ ਅਤੇ ਦੱਸਦੀ ਹਨ ਕਿ ਉਹ ਕਿੰਨੀ ਯੱਖ ਕਰ ਸੁੱਟਣ ਵਾਲ਼ੀ ਠੰਡੀ ਰਾਤ ਸੀ।

Lakshima with her infant son Amar, and daughters Resham (in red) and Renu. She remembers the pain of losing a child three years ago, when the staff of a primary health centre refused to admit her
PHOTO • Parth M.N.

ਲਕਸ਼ਿਮਾ ਆਪਣੇ ਨਵਜਾਤ ਬੱਚੇ ਅਮਰ ਅਤੇ ਧੀਆਂ ਰੇਸ਼ਮ (ਲਾਲ ਕੱਪੜੇ ਪਾਈ) ਅਤੇ ਰੇਣੂ ਦੇ ਨਾਲ਼। ਉਨ੍ਹਾਂ ਦੇ ਜ਼ਿਹਨ ਵਿੱਚ ਤਿੰਨ ਸਾਲ ਪਹਿਲਾਂ ਆਪਣੇ ਬੱਚੇ ਨੂੰ ਗੁਆ ਲੈਣ ਦੀ ਤਕਲੀਫ਼ ਅੱਜ ਵੀ ਉਵੇਂ ਹੀ ਪਈ ਹੈ , ਖ਼ਾਸ ਕਰਕੇ ਜਦੋਂ ਪ੍ਰਾਇਮਰੀ ਸਿਹਤ ਕੇਂਦਰ ਦੇ ਕਰਮੀਆਂ ਨੇ ਉਨ੍ਹਾਂ ਨੂੰ ਭਰਤੀ ਕਰਨ ਤੋਂ ਹੀ ਮਨ੍ਹਾ ਕਰ ਦਿੱਤਾ ਸੀ

ਬੱਚਾ ਬੱਚ ਨਾ ਸਕਿਆ। ਉਸ ਘਟਨਾ ਨੂੰ ਲਕਸ਼ਿਮਾ ਅੱਜ ਵੀ ਚੇਤੇ ਨਹੀਂ ਕਰਨਾ ਚਾਹੁੰਦੀ। "ਉਸ ਤੋਂ ਬਾਅਦ ਪੀਐੱਚਸੀ ਵਾਲ਼ਿਆਂ ਨੇ ਮੇਰੀ ਦੇਖਭਾਲ਼ ਕੀਤੀ ਅਤੇ ਅਗਲੇ ਦਿਨ ਮੈਨੂੰ ਛੁੱਟੀ ਮਿਲ਼ੀ," ਉਹ ਆਪਣੀ ਉਸ ਰਾਤ ਦੀ ਕਮਜ਼ੋਰੀ ਅਤੇ ਥਕਾਵਟ ਬਾਰੇ ਦੱਸਦਿਆਂ ਕਹਿੰਦੀ ਹਨ,"ਜੇ ਉਨ੍ਹਾਂ ਨੇ ਪਹਿਲਾਂ ਧਿਆਨ ਦਿੱਤਾ ਹੁੰਦਾ ਤਾਂ ਮੇਰਾ ਬੱਚਾ ਜ਼ਰੂਰ  ਬੱਚ ਜਾਂਦਾ।" ਗੱਲ ਕਰਦੇ ਵੇਲ਼ੇ ਉਨ੍ਹਾਂ ਦੇ ਚਿਹਰੇ ਦੇ ਹਾਵਭਾਵ ਗੰਭੀਰ ਹੋ ਗਏ।

ਲਕਸ਼ਿਮਾ ਮੁਸਹਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ। ਇਹ ਭਾਈਚਾਰਾ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਵਾਂਝੇ ਭਾਈਚਾਰਿਆਂ ਵਿੱਚੋਂ ਇੱਕ ਹੈ ਅਤੇ ਹਾਸ਼ੀਆਗਤ ਇਸ ਗ਼ਰੀਬ ਦਲਿਤ ਭਾਈਚਾਰੇ ਨੂੰ ਸਭ ਤੋਂ ਵੱਧ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਕਹਿੰਦੀ ਹਨ,"ਜਦੋਂ ਸਾਡੇ ਜਿਹੇ ਲੋਕ ਹਸਪਤਾਲ ਜਾਂਦੇ ਹਨ ਤਾਂ ਸਾਡੇ ਨਾਲ਼ ਕਦੇ ਚੰਗਾ ਸਲੂਕ ਕੀਤਾ ਹੀ ਨਹੀਂ ਜਾਂਦਾ।"

ਉਸ ਰਾਤ ਉਨ੍ਹਾਂ ਨੇ ਇਲਾਜ ਨੂੰ ਲੈ ਕੇ ਜੋ ਸਲੂਕ ਝੱਲਿਆ ਉਹ ਉਨ੍ਹਾਂ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ ਅਤੇ ਨਾ ਹੀ ਇਹ ਇਕੱਲੀ ਲਕਸ਼ਿਮਾ ਦੀ ਕਹਾਣੀ ਹੈ।

ਅਸ਼ਵਰੀ ਤੋਂ ਦੋ ਕਿਲੋਮੀਟਰ ਦੂਰ ਸਥਿਤ ਦੱਲੀਪੁਰ ਦੀ ਇੱਕ ਮੁਸਹਰ ਬ਼ਸਤੀ ਵਿਖੇ 36 ਸਾਲਾ ਨਿਰਮਲਾ ਦੱਸਦੀ ਹਨ ਕਿ ਉਨ੍ਹਾਂ ਦੇ ਨਾਲ਼ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ। ਉਹ ਕਹਿੰਦੀ ਹਨ,''ਜਦੋਂ ਅਸੀਂ ਹਸਪਤਾਲ ਜਾਂਦੇ ਹਾਂ ਤਾਂ ਉਹ ਸਾਨੂੰ ਭਰਤੀ ਕਰਨ ਤੋਂ ਬੱਚਦੇ ਹਨ। ਕਰਮਚਾਰੀ ਬਿਨਾ ਕਿਸੇ ਲੋੜ ਤੋਂ ਪੈਸੇ ਮੰਗਦੇ ਰਹਿੰਦੇ ਹਨ। ਉਹ ਸਾਨੂੰ ਹਸਪਤਾਲ ਅੰਦਰ ਜਾਣ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ। ਜੇ ਅਸੀਂ ਅੰਦਰ ਜਾਂਦੇ ਹਾਂ ਤਾਂ ਸਾਨੂੰ ਭੁੰਜੇ ਬੈਠਣ ਲਈ ਕਿਹਾ ਜਾਂਦਾ ਹੈ। ਦੂਸਰਿਆਂ ਦੇ ਬੈਠਣ ਲਈ ਕੁਰਸੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨਾਲ਼ ਇੱਜ਼ਤ ਨਾਲ਼ ਗੱਲ ਕੀਤੀ ਜਾਂਦੀ ਹੈ।''

ਵਾਰਾਣਸੀ ਅਧਾਰਤ ਪੀਪਲਸ ਵਿਜੀਲੈਂਸ ਕਮੇਟੀ ਆਨ ਹਿਊਮਨ ਰਾਈਟਸ ਨਾਲ਼ ਜੁੜੇ 42 ਸਾਲਾ ਸਮਾਜਿਕ ਕਾਰਕੁੰਨ ਮੰਗਲਾ ਰਾਜਭਰ ਕਹਿੰਦੇ ਹਨ ਕਿ ਮੁਸਹਰ ਔਰਤਾਂ ਹਸਪਤਾਲ ਜਾਣਾ ਹੀ ਨਹੀਂ ਚਾਹੁੰਦੀਆਂ। ਅੱਗੇ ਉਹ ਕਹਿੰਦੇ ਹਨ,''ਸਾਨੂੰ ਲੋੜ ਹੈ ਕਿ ਅਸੀਂ ਉਨ੍ਹਾਂ ਨੂੰ ਹਸਪਤਾਲ ਜਾਣ ਲਈ ਰਾਜੀ ਕਰੀਏ। ਉਨ੍ਹਾਂ ਵਿੱਚੋਂ ਬਹੁਤੇਰੀਆਂ ਔਰਤਾਂ ਘਰੇ ਹੀ ਬੱਚੇ ਜੰਮਣ ਨੂੰ ਤਰਜੀਹ ਦਿੰਦੀਆਂ ਹਨ।''

Mangla Rajbhar, an activist in Baragaon block, has been trying to convince Musahar women to seek medical help in hospitals
PHOTO • Parth M.N.

ਬੜਾਗਾਓਂ ਬਲਾਕ ਦੇ ਸਮਾਜਿਕ ਕਾਰਕੁੰਨ ਮੰਗਲਾ ਰਾਜਭਰ , ਮੁਸਹਰ ਔਰਤਾਂ ਨੂੰ ਹਸਪਤਾਲ ਵਿਖੇ ਇਲਾਜ ਵਾਸਤੇ ਮਦਦ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ

ਐੱਨਐੱਫ਼ਐੱਚਐੱਸ-5 ਮੁਤਾਬਕ, ਯੂਪੀ ਵਿਖੇ ਪਿਛੜੀਆਂ ਜਾਤੀਆਂ ਦੀਆਂ ਕਰੀਬ 81 ਫ਼ੀਸਦ ਔਰਤਾਂ ਸਿਹਤ ਕੇਂਦਰਾਂ ਵਿਖੇ ਬੱਚੇ ਪੈਦਾ ਕਰਨਾ ਪਸੰਦ ਕਰਦੀਆਂ ਹਨ- ਇਹ ਅੰਕੜਾ ਪੂਰੇ ਰਾਜ ਦੇ ਅੰਕੜਿਆਂ ਨਾਲ਼ੋਂ 2.4 ਫ਼ੀਸਦ ਘੱਟ ਹੈ। ਇਹ ਸ਼ਾਇਦ ਨਵਜਾਤ ਬੱਚਿਆਂ ਦੀ ਮੌਤ ਦਰ ਦਾ ਇੱਕ ਕਾਰਕ ਹੈ ਜੋ ਪਿਛੜੀਆਂ ਜਾਤੀਆਂ ਵਿੱਚ ਸਭ ਤੋਂ ਉੱਚਾ ਹੈ

ਨੈਸ਼ਨਲ ਫ਼ੈਮਿਲੀ ਹੈਲਥ ਸਰਵੇਖਣ 5 ਦੇ ਮੁਤਾਬਕ, ਯੂਪੀ ਵਿਖੇ ਪਿਛੜੀਆਂ ਜਾਤੀ ਦੀਆਂ ਕਰੀਬ 81 ਫ਼ੀਸਦ ਔਰਤਾਂ ਹਸਪਤਾਲ ਵਿਖੇ ਬੱਚੇ ਪੈਦਾ ਕਰਨੇ ਪਸੰਦ ਕਰਦੀਆਂ ਹਨ। ਇਹ ਅੰਕੜਾ ਪੂਰੇ ਰਾਜ ਦੇ ਅੰਕੜੇ ਨਾਲ਼ੋਂ 2.4 ਫ਼ੀਸਦ ਘੱਟ ਹੈ। ਇਹ ਸ਼ਾਇਦ ਨਵਜਾਤ ਬੱਚਿਆਂ ਦੀ ਮੌਤ ਦਰ ਦਾ ਇੱਕ ਕਾਰਕ ਹੈ, ਜੋ ਪੂਰੇ ਰਾਜ (35.7 ਫ਼ੀਸਦ) ਦੇ ਮੁਕਾਬਲੇ ਪਿਛੜੀਆਂ ਜਾਤੀਆਂ (41.6 ਫ਼ੀਸਦ) ਵਿਚਾਲੇ ਜ਼ਿਆਦਾ ਹੈ।

ਰਾਜਭਰ ਵੱਲੋਂ ਜਨਵਰੀ 2022 ਵਿੱਚ ਕੀਤੇ ਗਏ ਇੱਕ ਸਰਵੇਖਣ ਵਿੱਚ ਬੜਾਗਾਓਂ ਬਲਾਕ ਦੀਆਂ ਸੱਤ ਮੁਸਹਰ ਬਸਤੀਆਂ ਵਿੱਚ, ਹਾਲੀਆ ਸਮੇਂ ਪੈਦਾ ਹੋਏ ਕੁੱਲ 64 ਬੱਚਿਆਂ ਵਿੱਚੋਂ ਕਰੀਬ 35 ਬੱਚੇ ਘਰੇ ਪੈਦਾ ਹੋਏ ਹਨ।

ਸਾਲ 2020 ਵਿੱਚ ਜਦੋਂ ਉਨ੍ਹਾਂ ਨੇ ਆਪਣੇ ਬੇਟੇ ਕਿਰਨ ਨੂੰ ਜਨਮ ਦਿੱਤਾ ਤਾਂ ਉਨ੍ਹਾਂ ਨੇ ਹਸਪਤਾਲ ਨਹੀਂ ਸਗੋਂ ਘਰੇ ਹੀ ਜਨਮ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਕਿਹਾ,''ਮੈਂ ਭੁੱਲੀ ਨਹੀਂ ਕਿ ਪਿਛਲੀ ਵਾਰ ਕੀ ਹੋਇਆ ਸੀ। ਉੱਥੇ (ਪੀਐੱਚਸੀ) ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸਲਈ, ਮੈਂ ਇੱਕ ਆਸ਼ਾ ਵਰਕਰ ਨੂੰ ਘਰ ਬੁਲਾਇਆ ਅਤੇ 500 ਰੁਪਏ ਦਿੱਤੇ। ਉਹ ਘਰੇ ਆਈ ਅਤੇ ਬੱਚੇ ਦੀ ਡਿਲਵਰੀ ਕਰਵਾਈ। ਉਹ ਵੀ ਇੱਕ ਦਲਿਤ ਹੀ ਸੀ।''

ਉਨ੍ਹਾਂ ਵਾਂਗਰ, ਰਾਜ ਦੇ ਸਾਰੇ ਲੋਕਾਂ ਨੂੰ ਹਸਪਤਾਲ ਵਿਖੇ ਜਾਂ ਸਿਹਤ ਕਰਮੀਆਂ ਦੁਆਰਾ ਪੱਖਪਾਤ ਦਾ ਸਾਹਮਣਾ ਕਰਨਾ ਪਿਆ। ਨਵੰਬਰ 2021 ਵਿੱਚ, ਓਕਸਫ਼ੈਮ ਇੰਡੀਆ ਦੁਆਰਾ ਮਰੀਜ਼ਾਂ ਦੇ ਅਧਿਕਾਰਾਂ ਨੂੰ ਲੈ ਕੇ ਕੀਤੇ ਗਏ ਸਰਵੇਖਣ ਵਿੱਚ ਪਤਾ ਲੱਗਿਆ ਕਿ ਸਰਵੇਖਣ ਦਾ ਜਵਾਬ ਦੇਣ ਵਾਲ਼ੇ ਉੱਤਰ ਪ੍ਰਦੇਸ਼ ਦੇ 472 ਲੋਕਾਂ ਵਿੱਚੋਂ 52.44 ਫ਼ੀਸਦ ਲੋਕਾਂ ਨੇ ਖ਼ਰਾਬ ਆਰਥਿਕ ਹਾਲਤ ਦੇ ਕਾਰਨ ਹੋਏ ਪੱਖਪਾਤ ਦਾ ਸਾਹਮਣਾ ਕੀਤਾ ਹੈ ਲਗਭਗ 14.34 ਫ਼ੀਸਦ ਨੇ ਆਪਣੇ ਧਰਮ ਕਾਰਨ ਅਤੇ 18.68 ਫ਼ੀਸਦ ਨੇ ਜਾਤੀ ਦੇ ਅਧਾਰ 'ਤੇ ਭੇਦਭਾਵ ਦਾ ਸਾਹਮਣਾ ਕੀਤਾ।

ਇਸ ਝੁਕਾਅ (ਤਰਫ਼ਦਾਰੀ) ਦੇ ਦੀਰਘ ਨਤੀਜੇ ਨਿਕਲ਼ਦੇ ਹਨ, ਖ਼ਾਸ ਕਰਕੇ ਉਸ ਰਾਜ ਵਿੱਚ ਜਿੱਥੇ 20.7 ਫ਼ੀਸਦ ਲੋਕ ਪਿਛੜੀ ਜਾਤੀ ਦੇ ਹੋਣ ਅਤੇ 19.3 ਫ਼ੀਸਦ ਮੁਸਲਮਾਨ (ਮਰਦਮਸ਼ੁਮਾਰੀ 2011 ਮੁਤਾਬਕ) ਅਤੇ ਅਜਿਹੇ ਰਾਜ ਵਿੱਚ ਸਿਹਤ ਸੇਵਾਵਾਂ ਯਕੀਨੀ ਬਣਾਉਣੀਆਂ ਹੋਣ।

ਇਹੀ ਕਾਰਨ ਹੈ ਕਿ ਜਦੋਂ ਯੂਪੀ ਅੰਦਰ ਕੋਵਿਡ-19 ਫ਼ੈਲ ਰਿਹਾ ਸੀ ਤਾਂ ਕਈ ਲੋਕਾਂ ਨੇ ਕਰੋਨਾਵਾਇਰਸ ਦੀ ਜਾਂਚ ਨਹੀਂ ਕਰਵਾਈ। ਸਾਲ 2021 ਵਿੱਚ ਮਹਾਂਮਾਰੀ ਦੀ ਦੂਸਰੀ ਲਹਿਰ ਨੂੰ ਚੇਤੇ ਕਰਦਿਆਂ ਨਿਰਮਲਾ ਕਹਿੰਦੀ ਹਨ,''ਪਿਛਲੇ ਸਾਲ ਸਾਡੇ (ਪਿੰਡ ਵਿੱਚ) ਵਿੱਚੋਂ ਕਈ ਜਣੇ ਬੀਮਾਰ ਪੈ ਗਏ ਸਨ, ਪਰ ਫਿਰ ਵੀ ਅਸੀਂ ਘਰੇ ਹੀ ਰਹੇ। ਇੱਕ ਤਾਂ ਕਰੋਨਾ ਦਾ ਪਹਿਲਾਂ ਹੀ ਸਾਨੂੰ ਡਰਾਇਆ ਹੋਇਆ ਤਾਂ ਦੱਸੋ ਉੱਤੋਂ ਬੇਇੱਜ਼ਤੀ ਕੌਣ ਕਰਾਵੇ।''

Salimun at home in Amdhha Charanpur village. She says she has faced humiliating experiences while visiting health facilities
PHOTO • Parth M.N.

ਅਮਦਹਾ ਚਰਨਪੁਰ ਪਿੰਡ ਵਿੱਚ ਆਪਣੇ ਘਰ ਦੇ ਬਾਹਰ ਸਲੀਮਨ। ਉਹ ਕਹਿੰਦੀ ਹਨ ਕਿ ਹਸਪਤਾਲ ਜਾਣ ' ਤੇ ਉਨ੍ਹਾਂ ਅਪਮਾਨ ਅਤੇ ਭੇਦਭਾਵ ਝੱਲਣਾ ਪਿਆ ਹੈ

ਪਰ ਚੰਦੌਲੀ ਜ਼ਿਲ੍ਹੇ ਦੀ ਅਮਦਹਾ ਚਰਨਪੁਰ ਪਿੰਡ ਦੀ 55 ਸਾਲਾ ਨਿਵਾਸੀ ਸਲੀਮਨ, ਮਾਰਚ 2021 ਵਿੱਚ ਬੀਮਾਰ ਹੋਣ ਦੀ ਹਾਲਤ ਵਿੱਚ ਘਰ ਰਹਿਣ ਦੇ ਫ਼ੈਸਲੇ 'ਤੇ ਖੜ੍ਹੀ ਨਾ ਰਹਿ ਸਕੀ। ਉਹ ਕਹਿੰਦੀ ਹਨ,''ਮੈਨੂੰ ਟਾਈਫ਼ਾਈਡ ਹੋ ਗਿਆ ਸੀ। ਪਰ ਜਦੋਂ ਮੈਂ ਲੈਬ ਗਈ ਤਾਂ ਉੱਥੇ ਮੌਜੂਦ ਕਰਮਚਾਰੀ ਮੇਰੇ ਲਹੂ ਦਾ ਨਮੂਨਾ ਲੈਣ ਦੌਰਾਨ ਜਿੰਨਾ ਸੰਭਵ ਹੋ ਸਕਿਆ ਮੇਰੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਆਪਣੇ ਹੱਥਾਂ ਨੂੰ ਦੂਰ ਦੂਰ ਖਿੱਚਦਾ ਗਿਆ। ਅਖ਼ੀਰ ਮੈਂ ਉਹਨੂੰ ਕਹਿ ਹੀ ਦਿੱਤਾ ਕਿ ਮੇਰਾ ਪਹਿਲਾਂ ਵੀ ਤੇਰੇ ਜਿਹਿਆਂ ਨਾਲ਼ ਵਾਹ ਪਿਆ ਹੈ।''

ਸਲੀਮਨ ਲੈਬ ਸਹਾਇਕ ਦੇ ਵਤੀਰੇ ਤੋਂ ਜਾਣੂ ਸਨ। ਉਹ ਮਾਰਚ 2020 ਵਿੱਚ ਵਾਪਰੀਆਂ ਘਟਨਾਵਾਂ ਨੂੰ ਚੇਤੇ ਕਰਦਿਆਂ ਕਹਿੰਦੀ ਹਨ,''ਇਹ ਤਬਲੀਗੀ ਜਮਾਤ ਦੀ ਘਟਨਾ ਕਾਰਨ ਹੀ ਹੋਇਆ ਕਿਉਂਕਿ ਮੈਂ ਇੱਕ ਮੁਸਲਮਾਨ ਹਾਂ।'' ਉਸ ਵੇਲ਼ੇ ਇਸ ਧਾਰਮਿਕ ਸਮੂਹ ਦੇ ਮੈਂਬਰ, ਸੰਗਤ ਲਈ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਵਿੱਚ ਇਕੱਠੇ ਹੋਏ ਸਨ। ਬਾਅਦ ਵਿੱਚ, ਉਨ੍ਹਾਂ ਵਿੱਚੋਂ 100 ਤੋਂ ਜ਼ਿਆਦਾ ਜਣੇ ਕੋਵਿਡ-19 ਪੌਜ਼ੀਟਿਵ ਪਾਏ ਗਏ ਅਤੇ ਪੂਰੀ ਬਿਲਡਿੰਗ ਨੂੰ ਹਾਟਸਪਾਟ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਨਫ਼ਰਤ ਫ਼ੈਲਾਉਂਦੀ ਮੁਹਿੰਮ ਵਿੱਢੀ ਗਈ ਜਿਸ ਵਿੱਚ ਵਾਇਰਸ ਦੇ ਪ੍ਰਸਾਰ ਲਈ ਮੁਸਲਮਾਨਾਂ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ। ਇਹਦੇ ਕਾਰਨ ਯੂਪੀ ਅਤੇ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ।

43 ਸਾਲਾ ਸਮਾਜਿਕ ਕਾਰਕੁੰਨ ਨੀਤੂ ਸਿੰਘ ਕਹਿੰਦੀ ਹਨ ਕਿ ਇਸ ਤਰ੍ਹਾਂ ਦੇ ਵਿਤਕਰੇ ਭਰੇ ਸਲੂਕ ਨੂੰ ਰੋਕਣ ਲਈ, ਉਹ ਆਪਣੇ ਦੇਖਰੇਖ ਵਿੱਚ ਆਉਣ ਵਾਲ਼ੇ ਸਿਹਤ ਕੇਂਦਰਾਂ ਦਾ ਦੌਰਾ ਕਰਦੀ ਹਨ। ਉਹ ਅੱਗੇ ਦੱਸਦੀ ਹਨ,''ਤਾਂਕਿ ਕਰਮਚਾਰੀਆਂ ਨੂੰ ਪਤਾ ਚੱਲੇ ਕਿ ਮੈਂ ਨੇੜੇ-ਤੇੜੇ ਹੀ ਹਾਂ ਅਤੇ ਉਹ ਮਰੀਜ਼ਾਂ ਦੇ ਨਾਲ਼ ਉਨ੍ਹਾਂ ਦੇ ਵਰਗ, ਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਗ਼ੈਰ ਚੰਗਾ ਸਲੂਕ ਕਰਨ... ਨਹੀਂ ਤਾਂ ਵਿਤਕਰੇ ਦਾ ਇਹ ਸਲੂਕ ਬੇਕਾਬੂ ਹੋ ਜਾਵੇਗਾ,'' ਨੀਤੂ 'ਸਹਿਯੋਗ' ਨਾਮਕ ਇੱਕ ਐੱਨਜੀਓ ਨਾਲ਼ ਜੁੜੀ ਹਨ ਅਤੇ ਉਹ ਨੌਗੜ ਬਲਾਕ ਦੀਆਂ ਔਰਤਾਂ ਦੇ ਸਿਹਤ ਮੁੱਦਿਆਂ ਨੂੰ ਲੈ ਕੇ ਕੰਮ ਕਰਦੀ ਹਨ ਜਿੱਥੇ ਅਮਦਹਾ ਚਰਨਪੁਰ ਪਿੰਡ ਵੀ ਸਥਿਤ ਹੈ।

ਸਲੀਮਨ ਨੇ ਅਜਿਹੀਆਂ ਕਈ ਹੋਰ ਹੱਡ-ਬੀਤੀਆਂ ਸੁਣਾਈਆਂ। ਉਨ੍ਹਾਂ ਦੀ 22 ਸਾਲਾ ਨੂੰਹ ਸ਼ਮਸੁਨੀਆ ਨੂੰ ਫ਼ਰਵਰੀ 2021 ਨੂੰ ਬੱਚੇ ਦੇ ਜਨਮ ਦੌਰਾਨ ਕਈ ਪੇਚੀਦਗੀਆਂ ਦਾ ਸਾਹਮਣਾ ਕਰਨਾ ਪਿਆ ਸੀ। ਸਲੀਮਨ ਕਹਿੰਦੀ ਹਨ,''ਖ਼ੂਨ ਵਗਣਾ ਰੁੱਕ ਹੀ ਨਹੀਂ ਸੀ ਰਿਹਾ। ਉਹ ਕਮਜ਼ੋਰ ਹੋ ਗਈ ਸੀ। ਇਸਲਈ ਪੀਐੱਚਸੀ ਦੀ ਸਟਾਫ਼ ਨਰਸ ਨੇ ਸਾਨੂੰ ਨੌਗੜ ਕਸਬੇ ਦੇ ਕਮਿਊਨਿਟੀ ਹੈਲਥ ਕੇਂਦਰ ਜਾਣ ਲਈ ਕਿਹਾ।''

ਨੌਗੜ ਸੀਐੱਚਸੀ ਵਿਖੇ, ਸਮਸੁਨੀਆ ਦੀ ਜਾਂਚ ਕਰ ਰਹੀ ਇੱਕ ਸਹਾਇਕ ਨਰਸ ਨੇ ਉਨ੍ਹਾਂ ਦੇ ਇੱਕ ਟਾਂਕੇ ਨੂੰ ਵਿਗਾੜ ਸੁੱਟਿਆ। ਸਮਸੁਨੀਆ ਕਹਿੰਦੀ ਹਨ,''ਮੈਂ ਪੀੜ੍ਹ ਨਾਲ਼ ਵਿਲ਼ਕ ਉੱਠੀ। ਉਹਨੇ ਮੈਨੂੰ ਚਪੇੜ ਮਾਰਨ ਲਈ ਜਿਉਂ ਹੀ ਆਪਣਾ ਹੱਥ ਅੱਗੇ ਵਧਾਇਆ ਤਾਂ ਮੇਰੀ ਸੱਸ ਨੇ ਉਹਦਾ ਹੱਥ ਫੜ੍ਹਿਆ ਅਤੇ ਉਹਨੂੰ ਰੋਕ ਲਿਆ।''

ਸੀਐੱਚਸੀ ਸਟਾਫ਼ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਪਰਿਵਾਰ ਨੂੰ ਕੋਈ ਹੋਰ ਹਸਪਤਾਲ ਲੱਭਣ ਲਈ ਕਹਿ ਦਿੱਤਾ। ਸਲੀਮਨ ਕਹਿੰਦੀ ਹਨ,''ਅਸੀਂ ਨੌਗੜ ਦੇ ਇੱਕ ਨਿੱਜੀ ਹਸਪਤਾਲ ਗਏ ਜਿੱਥੇ ਸਾਨੂੰ ਵਾਰਾਣਸੀ ਜਾਣ ਲਈ ਕਿਹਾ ਗਿਆ। ਮੈਨੂੰ ਉਹਦੀ ਚਿੰਤਾ ਹੋ ਰਹੀ ਸੀ। ਉਹਦਾ ਲਹੂ ਵੱਗਦਾ ਹੀ ਜਾ ਰਿਹਾ ਸੀ ਅਤੇ ਅਸੀਂ ਡਿਲੀਵਰੀ ਦੇ ਪੂਰੇ ਇੱਕ ਦਿਨ ਬਾਅਦ ਤੱਕ ਵੀ ਉਹਨੂੰ ਇਲਾਜ ਨਾ ਦੇ ਸਕੇ।''

Neetu Singh, an activist in Naugarh block, says that discrimination is rampant in hospitals
PHOTO • Parth M.N.

ਨੌਗੜ ਬਲਾਕ ਦੀ ਸਮਾਜਿਕ ਕਾਰਕੁੰਨ ਨੀਤੂ ਸਿੰਘ ਦਾ ਕਹਿਣਾ ਹੈ ਕਿ ਹਸਪਤਾਲਾਂ ਵਿੱਚ ਵਿਤਕਰਾ ਹੁੰਦਾ ਹੈ

ਪਰਿਵਾਰ ਨੇ ਇੱਕੋ ਦਿਨ ਪਕਾਈ ਜਾਣ ਵਾਲ਼ੀ ਦਾਲ ਅਤੇ ਸਬਜ਼ੀ ਰਿੰਨ੍ਹਣੀ ਬੰਦ ਕਰ ਦਿੱਤੀ ਹੈ। ਸਲੀਮਨ ਕਹਿੰਦੀ ਹਨ,'ਚੌਲ਼ ਅਤੇ ਰੋਟੀ ਦੇ ਮਾਮਲੇ ਵਿੱਚ ਵੀ ਇਹੀ ਕੁਝ ਹੈ। ਇੱਕ ਦਿਨ ਅਸੀਂ ਜਾਂ ਤਾਂ ਚੌਲ਼ ਰਿੰਨ੍ਹਦੇ ਹਾਂ ਜਾਂ ਰੋਟੀ ਪਕਾਉਂਦੇ ਹਾਂ। ਇੱਥੇ ਸਾਰਿਆਂ ਦਾ ਹੀ ਇਹੀ ਹਾਲ ਹੈ। ਜ਼ਿਆਦਾਤਰ ਲੋਕਾਂ ਨੂੰ ਸਿਰਫ਼ ਡੰਗ ਟਪਾਉਣ ਲਈ ਵੀ ਉਧਾਰ ਹੀ ਚੁੱਕਣਾ ਪੈਂਦਾ ਹੈ'

ਅਖ਼ੀਰ, ਨੌਗੜ ਦੇ ਇੱਕ ਹੋਰ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਅਗਲੇ ਦਿਨ ਭਰਤੀ ਕਰਾਇਆ ਗਿਆ। ਸਲੀਮਨ ਕਹਿੰਦੀ ਹਨ,''ਉੱਥੋਂ ਦੀ ਕਈ ਕਰਮੀ ਮੁਸਲਮਾਨ ਸਨ। ਉਨ੍ਹਾਂ ਨੇ ਸਾਨੂੰ ਭਰੋਸਾ ਦਵਾਇਆ ਅਤੇ ਡਾਕਟਰਾਂ ਨੇ ਅਗਲੇ ਕੁਝ ਦਿਨਾਂ ਤੱਕ ਉਹਦਾ ਇਲਾਜ ਕੀਤਾ।''

ਇੱਕ ਹਫ਼ਤੇ ਬਾਅਦ ਸ਼ਮਸੁਨੀਆ ਨੂੰ ਹਸਪਤਾਲੋਂ ਛੁੱਟੀ ਮਿਲ਼ੀ। ਉਨ੍ਹਾਂ ਦੇ ਇਲਾਜ 'ਤੇ ਲਗਭਗ 35,000 ਰੁਪਏ ਖ਼ਰਚ ਹੋਏ। ਸਲੀਮਨ ਕਹਿੰਦੀ ਹਨ,''ਅਸੀਂ ਆਪਣੀਆਂ ਕੁਝ ਬੱਕਰੀਆਂ ਮਹਿਜ 16,000 ਰੁਪਏ ਵਿੱਚ ਵੇਚ ਦਿੱਤੀਆਂ। ਜੇ ਅਸੀਂ ਇੰਨੀ ਕਾਹਲੀ ਨਾ ਕੀਤੀ ਹੁੰਦੀ ਤਾਂ ਸਾਨੂੰ ਉਨ੍ਹਾਂ ਬੱਕਰੀਆਂ ਦੇ ਬਦਲੇ ਘੱਟੋ-ਘੱਟ 30,000 ਰੁਪਏ ਮਿਲ਼ ਜਾਣੇ ਸਨ। ਮੇਰੇ ਬੇਟੇ ਫ਼ਾਰੂਕ ਦੇ ਕੋਲ਼ ਬਚਤ ਦੇ ਕੁਝ ਪੈਸੇ ਸਨ, ਜਿਸ ਨਾਲ਼ ਬਾਕੀ ਦਾ ਡੰਗ ਟਪਾਇਆ ਗਿਆ।''

ਸਮਸੁਨੀਆ ਦੇ ਪਤੀ 25 ਸਾਲਾ ਫ਼ਾਰੂਕ ਪੰਜਾਬ ਵਿਖੇ ਮਜ਼ਦੂਰੀ ਕਰਦੇ ਹਨ। ਇਹੀ ਕੰਮ ਉਨ੍ਹਾਂ ਦੇ ਛੋਟੇ ਤਿੰਨੋਂ ਭਰਾ ਵੀ ਕਰਦੇ ਹਨ। ਉਹ ਬੜੀ ਮੁਸ਼ਕਲ ਨਾਲ਼ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ ਅਤੇ ਕੁਝ ਪੈਸੇ ਘਰ ਵੀ ਭੇਜਦੇ ਹਨ। ਸ਼ਮਸੁਨੀਆ ਕਹਿੰਦੀ ਹਨ,''ਉਹ (ਫ਼ਾਰੂਕ) ਗੁਫ਼ਰਾਨ (ਬੱਚਾ) ਦੇ ਨਾਲ਼ ਬਹੁਤਾ ਸਮਾਂ ਬਿਤਾ ਨਾ ਸਕੇ। ''ਪਰ ਅਸੀਂ ਕਰੀਏ ਵੀ ਤਾਂ ਕੀ? ਇੱਥੇ ਕੋਈ ਕੰਮ ਨਹੀਂ ਹੈ।''

ਸਲੀਮਨ ਕਹਿੰਦੀ ਹਨ,''ਮੇਰੇ ਬੇਟਿਆਂ ਨੂੰ ਪੈਸਾ ਕਮਾਉਣ ਲਈ ਪ੍ਰਵਾਸ ਕਰਨਾ ਪੈਂਦਾ ਹੈ।'' ਨੌਗੜ ਵਿਖੇ, ਜਿੱਥੇ ਟਮਾਟਰ ਅਤੇ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ, ਫ਼ਾਰੂਕ ਅਤੇ ਉਨ੍ਹਾਂ ਦੇ ਭਰਾਵਾਂ ਜਿਹੇ ਬੇਜ਼ਮੀਨੇ ਮਜ਼ਦੂਰਾਂ ਨੂੰ 100 ਰੁਪਏ ਦਿਹਾੜੀ ਮਿਲ਼ਦੀ ਹੈ। ਸਲੀਮਨ ਅੱਗੇ ਕਹਿੰਦੀ ਹਨ,''ਅਤੇ ਇਹਦੇ ਨਾਲ਼ ਨਾਲ਼ ਉਨ੍ਹਾਂ ਨੂੰ ਹਫ਼ਤੇ ਵਿੱਚ ਦੋ ਵਾਰੀ, ਅੱਧਾ ਕਿਲੋ ਟਮਾਟਰ ਜਾਂ ਮਿਰਚ ਵੀ ਦੇ ਦਿੰਦੇ ਹਨ। ਹਾਲਾਂਕਿ ਪੰਜਾਬ ਵਿੱਚ ਫ਼ਾਰੂਕ ਨੂੰ 400 ਰੁਪਏ ਦਿਹਾੜੀ ਮਿਲ਼ਦੀ ਹੈ ਪਰ ਹਫ਼ਤੇ ਵਿੱਚ ਸਿਰਫ਼ 3-4 ਦਿਹਾੜੀਆਂ ਹੀ ਲੱਗਦੀਆਂ ਹਨ। ''ਅਸੀਂ ਕੋਵਿਡ-19 ਮਹਾਂਮਾਰੀ ਤੋਂ ਬਾਅਦ ਬੜਾ ਔਖ਼ਾ ਹੀ ਗੁਜ਼ਾਰਾ ਕਰ ਰਹੇ ਹਾਂ। ਸਾਡੇ ਕੋਲ਼ ਤਾਂ ਖਾਣ ਨੂੰ ਵੀ ਬਹੁਤਾ ਕੁਝ ਨਹੀਂ ਹੁੰਦਾ ਸੀ।''

ਪਰਿਵਾਰ ਨੇ ਇੱਕੋ ਦਿਨ ਪਕਾਈ ਜਾਣ ਵਾਲ਼ੀ ਦਾਲ ਅਤੇ ਸਬਜ਼ੀ ਰਿੰਨ੍ਹਣੀ ਬੰਦ ਕਰ ਦਿੱਤੀ ਹੈ। ਸਲੀਮਨ ਕਹਿੰਦੀ ਹਨ,''ਚੌਲ਼ ਅਤੇ ਰੋਟੀ ਦੇ ਮਾਮਲੇ ਵਿੱਚ ਵੀ ਇਹੀ ਕੁਝ ਹੈ। ਇੱਕ ਦਿਨ ਅਸੀਂ ਜਾਂ ਤਾਂ ਚੌਲ਼ ਰਿੰਨ੍ਹਦੇ ਹਾਂ ਜਾਂ ਰੋਟੀ ਪਕਾਉਂਦੇ ਹਾਂ। ਇੱਥੇ ਸਾਰਿਆਂ ਦਾ ਹੀ ਇਹੀ ਹਾਲ ਹੈ। ਜ਼ਿਆਦਾਤਰ ਲੋਕਾਂ ਨੂੰ ਸਿਰਫ਼ ਡੰਗ ਟਪਾਉਣ ਲਈ ਵੀ ਉਧਾਰ ਹੀ ਚੁੱਕਣਾ ਪੈਂਦਾ ਹੈ।''

Salimun with Gufran, her grandson
PHOTO • Parth M.N.
Shamsunisa cooking in the house. She says her husband, Farooq, could not spend much time with the baby
PHOTO • Parth M.N.

ਖੱਬੇ : ਸਲੀਮਨ ਆਪਣੇ ਪੋਤੇ ਗੁਫ਼ਰਾਨ ਦੇ ਨਾਲ਼। ਸੱਜੇ : ਸ਼ਮਸੁਨੀਆ ਘਰ ਵਿੱਚ ਖਾਣਾ ਪਕਾਉਂਦੀ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਫ਼ਾਰੂਕ ਬੱਚੇ ਦੇ ਨਾਲ਼ ਬਹੁਤਾ ਸਮਾਂ ਨਹੀਂ ਬਿਤਾ ਸਕੇ

ਯੂਪੀ ਦੇ ਨੌ ਜ਼ਿਲ੍ਹਿਆਂ ਦੇ ਸਾਰੇ ਪਿੰਡਾਂ ਵਿੱਚ, ਮਹਾਂਮਾਰੀ ਦੇ ਪਹਿਲੇ ਤਿੰਨ ਮਹੀਨਿਆਂ (ਅਪ੍ਰੈਲ ਤੋਂ ਜੂਨ 2020) ਵਿਖੇ ਲੋਕਾਂ ਦੇ ਕਰਜ਼ੇ ਵਿੱਚ 83 ਫ਼ੀਸਦ ਤੱਕ ਵਾਧਾ ਹੋਇਆ। ਜ਼ਮੀਨੀ ਪੱਧਰ ਦੇ ਸੰਗਠਨਾਂ ਦੇ ਇੱਕ ਸਮੂਹ, ਕਲੈਕਟ (COLLECT) ਦੁਆਰਾ ਕੀਤੇ ਗਏ ਇੱਕ ਸਰਵੇਖਣ ਦੇ ਜ਼ਰੀਏ ਇਹ ਡਾਟਾ ਇਕੱਠਾ ਕੀਤਾ ਗਿਆ ਸੀ। ਇਹ ਦੇਖਿਆ ਗਿਆ ਕਿ ਜੁਲਾਈ ਤੋਂ ਸਤੰਬਰ ਅਤੇ ਅਕਤੂਬਰ ਤੋਂ ਦਸੰਬਰ 2020 ਵਿੱਚ ਕਰਜ਼ਾ ਚੁੱਕਣ ਵਾਲ਼ੇ ਲੋਕਾਂ ਵਿੱਚ 87 ਅਤੇ 80 ਫ਼ੀਸਦ (ਕ੍ਰਮਵਾਰ) ਵਾਧਾ ਹੋਇਆ।

ਇੰਨੀਆਂ ਮਾੜੀਆਂ ਹਾਲਤਾਂ ਕਾਰਨ, ਲਕਸ਼ਿਮਾ ਨੂੰ ਦਸੰਬਰ 2021 ਦੇ ਅਖ਼ੀਰਲੇ ਹਫ਼ਤੇ, ਆਪਣੇ ਸਭ ਤੋਂ ਛੋਟੇ ਬੱਚੇ ਦੇ ਜਨਮ ਦੇ ਸਿਰਫ਼ 15 ਦਿਨਾਂ ਬਾਅਦ ਹੀ ਇੱਟ ਭੱਠੇ 'ਤੇ ਕੰਮ ਕਰਨ ਜਾਣਾ ਪਿਆ। ਆਪਣੇ ਨੰਨ੍ਹੇ ਬੱਚੇ ਨੂੰ ਝੁਲਾਉਂਦਿਆਂ ਉਹ ਕਹਿੰਦੀ ਹਨ,''ਮੈਂ ਉਮੀਦ ਕਰ ਰਹੀ ਹਾਂ ਕਿ ਸਾਡਾ ਮਾਲਕ ਸਾਡੀ ਹਾਲਤ ਨੂੰ ਦੇਖ ਕੇ ਰੋਟੀ ਵਗੈਰਾ ਲਈ ਥੋੜ੍ਹੇ ਵੱਧ ਪੈਸੇ ਦੇ ਦੇਵੇਗਾ।'' ਉਹ ਅਤੇ ਉਨ੍ਹਾਂ ਨੇ 32 ਸਾਲਾ ਪਤੀ ਸੰਜੈ ਨੂੰ ਇੱਕ ਦਿਨ ਦੇ ਕੰਮ ਵਾਸਤੇ 350 ਰੁਪਏ ਮਿਲ਼ਦੇ ਹਨ। ਉਹ ਦੋਵੇਂ ਪਿੰਡੋਂ ਕਰੀਬ ਛੇ ਕਿਲੋਮੀਟਰ ਦੂਰ ਪੈਂਦੇ ਦੇਵਚੰਦਪੁਰ ਵਿਖੇ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਜਾਂਦੇ ਹਨ।

ਇਸ ਵਾਰ ਗਰਭ ਦੌਰਾਨ ਮੰਗਲਾਂ ਰਾਜਭਰ ਨੇ ਲਕਸ਼ਿਮਾ ਨੂੰ ਘਰੇ ਬੱਚਾ ਨਾ ਜੰਮਣ ਦੀ ਸਲਾਹ ਦਿੱਤੀ। ਰਾਜਭਰ ਕਹਿੰਦੇ ਹਨ,''ਉਹਨੂੰ ਮਨਾਉਣਾ ਸੌਖ਼ਾ ਕੰਮ ਨਹੀਂ ਸੀ। ਇਹਦੇ ਵਾਸਤੇ ਮੈਂ ਉਹਨੂੰ ਦੋਸ਼ ਨਹੀਂ ਦਿੰਦਾ। ਪਰ ਅਖ਼ੀਰ ਉਹ ਮੰਨ ਗਈ ਹਨ।''

ਇਸ ਵਾਰ ਲਕਸ਼ਿਮਾ ਅਤੇ ਹੀਰਾਮਨੀ ਪੂਰੀ ਤਰ੍ਹਾਂ ਨਾਲ਼ ਤਿਆਰ ਸਨ। ਜਿਹੜੇ ਸਟਾਫ਼ ਮੈਂਬਰਾਂ ਨੇ ਲਕਸ਼ਿਮਾ ਨੂੰ ਭਰਤੀ ਕਰਨ ਤੋਂ ਮਨ੍ਹਾ ਕੀਤਾ ਸੀ ਉਨ੍ਹਾਂ ਨਾਲ਼ ਰਾਜਭਰ ਨੇ ਫ਼ੋਨ ਜ਼ਰੀਏ ਗੱਲ ਕੀਤੀ। ਅਖ਼ੀਰ ਕਰਮਚਾਰੀ ਹਾਰ ਮੰਨ ਗਏ ਅਤੇ ਲਕਸ਼ਿਮਾ ਨੇ ਪੀਐੱਚਸੀ ਵਿਖੇ ਆਪਣੇ ਬੱਚੇ ਨੂੰ ਜਨਮ ਦਿੱਤਾ... ਉਸੇ ਪੀਐੱਚਸੀ ਵਿਖੇ ਜਿੱਥੇ ਥੋੜ੍ਹੀ ਵਿੱਥ ‘ਤੇ ਸਥਿਤ ਇੱਕ ਰੁੱਖ ਹੇਠਾਂ ਉਨ੍ਹਾਂ ਨੇ ਆਪਣੇ ਬੱਚੇ ਨੂੰ ਮਰਦੇ ਦੇਖਿਆ ਅਤੇ ਅੰਤ, ਇਨ੍ਹਾਂ ਕੁਝ ਕੁ ਮੀਟਰਾਂ ਦੀ ਵਿੱਥ ਨੇ ਹੀ ਸਾਰਾ ਕੁਝ ਅੱਖੀਂ ਬਦਲਦੇ ਦੇਖਿਆ।

ਪਾਰਥ ਐੱਮ.ਐੱਨ. ਠਾਕੁਰ ਫ਼ੈਮਿਲੀ ਫ਼ਾਊਂਡੇਸ਼ਨ ਪਾਸੋਂ ਮਿਲ਼ੇ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ , ਜਨਤਕ ਸਿਹਤ ਅਤੇ ਨਾਗਰਿਕ ਅਜ਼ਾਦੀ ਦੇ ਮਸਲੇ ਸਬੰਧੀ ਰਿਪੋਰਟਿੰਗ ਕਰਦੇ ਹਨ। ਠਾਕੁਰ ਫ਼ੈਮਿਲਾ ਫ਼ਾਊਂਡੇਸ਼ਨ ਨੇ ਇਸ ਰਿਪੋਰਟੇਜ਼ ਦੀ ਸਮੱਗਰੀ ਦੇ ਸੰਪਾਦਕੀ ਤੇ ਕਿਤੇ ਕੋਈ ਨਿਯੰਤਰਣ ਨਹੀਂ ਰੱਖਿਆ ਹੈ

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur
jitkamaljit83@gmail.com

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur