ਚਮਾਰੂ ਨੇ ਕਿਹਾ,"ਇਹ ਸਾਰੀਆਂ ਅਪੀਲਾਂ ਵਾਪਸ ਲੈ ਲਓ ਅਤੇ ਉਨ੍ਹਾਂ ਨੂੰ ਪਾੜ ਕੇ ਸੁੱਟ ਦਿਓ। ਇਹ ਵੈਧ ਨਹੀਂ ਹਨ। ਇਹ ਅਦਾਲਤ ਇਨ੍ਹਾਂ ਨੂੰ ਪ੍ਰਵਾਨ ਨਹੀਂ ਕਰੇਗੀ।"

ਉਨ੍ਹਾਂ ਨੇ ਸੱਚਮੁੱਚ ਵਿੱਚ ਮੈਜਿਸਟ੍ਰੇਟ ਦੀ ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ।

ਇਹ ਅਗਸਤ 1942 ਦੀ ਗੱਲ ਹੈ, ਜਦੋਂ ਪੂਰਾ ਦੇਸ਼ ਉਤਸਾਹ ਨਾਲ਼ ਭਰਿਆ ਹੋਇਆ ਸੀ। ਸੰਬਲਪੁਰ ਕੋਰਟ ਵਿੱਚ ਵੀ ਇਹ ਉਤਸਾਹ ਪੂਰੇ ਜ਼ੋਰਾਂ 'ਤੇ ਸੀ। ਚਮਾਰੂ ਪਰੀਦਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਹੁਣੇ-ਹੁਣੇ ਇਸ ਅਦਾਲਤ 'ਤੇ ਕਬਜ਼ਾ ਕੀਤਾ ਸੀ। ਚਮਾਰੂ ਨੇ ਖ਼ੁਦ ਦੇ ਜੱਜ ਹੋਣ ਬਾਰੇ ਐਲਾਨ ਕਰ ਦਿੱਤਾ ਸੀ। ਜਤਿੰਦਰ ਪ੍ਰਧਾਨ ਉਨ੍ਹਾਂ ਦੇ ''ਅਰਦਲੀ'' ਸਨ।ਪੂਰਣਚੰਦ ਪ੍ਰਧਾਨ ਨੇ ਪੇਸ਼ਕਾਰ ਜਾਂ ਨਿਆਇਕ ਕਲਰਕ ਬਣਨਾ ਪਸੰਦ ਕੀਤਾ ਸੀ।

ਅਦਾਲਤ 'ਤੇ ਉਨ੍ਹਾਂ ਦਾ ਇਹ ਕਬਜ਼ਾ, ਭਾਰਤ ਛੱਡੋ ਅੰਦੋਲਨ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਹੀ ਇੱਕ ਹਿੱਸਾ ਸੀ।

ਚਮਾਰੂ ਨੇ ਅਦਾਲਤ ਵਿੱਚ ਹਾਜ਼ਰ ਹੈਰਾਨ ਭੀੜ ਨੂੰ ਸੰਬੋਧਤ ਕਰਦਿਆਂ ਕਿਹਾ,"ਇਹ ਅਪੀਲਾਂ ਬ੍ਰਿਟਿਸ਼ ਰਾਜ ਦੇ ਨਾਮ ਨੂੰ ਸੰਬੋਧਤ ਹਨ। ਅਸੀਂ ਅਜ਼ਾਦ ਭਾਰਤ ਵਿੱਚ ਰਹਿ ਰਹੇ ਹਾਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਨ੍ਹਾਂ ਮਾਮਲਿਆਂ 'ਤੇ ਵਿਚਾਰ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਵਾਪਸ ਲੈ ਲਓ । ਇਨ੍ਹਾਂ ਅਪੀਲਾਂ ਨੂੰ ਮੁੜ ਤਿਆਰ ਕਰੋ। ਉਨ੍ਹਾਂ ਨੂੰ ਮਹਾਤਮਾ ਗਾਂਧੀ ਨੂੰ ਸੰਬੋਧਤ ਕਰੋ, ਉਦੋਂ ਹੀ ਅਸੀਂ ਇਨ੍ਹਾਂ 'ਤੇ ਵਿਚਾਰ ਕਰਾਂਗੇ।"

ਅੱਜ ਕਰੀਬ 60 ਸਾਲਾਂ ਬਾਅਦ, ਚਮਾਰੂ ਇਹ ਕਹਾਣੀ ਉਸੇ ਲੁਤਫ਼ ਨਾਲ਼ ਸੁਣਾਉਂਦੇ ਹਨ। ਉਹ ਹੁਣ 91 ਸਾਲ ਦੇ ਹੋ ਚੁੱਕੇ ਹਨ। 81 ਸਾਲ ਜਤਿੰਦਰ ਉਨ੍ਹਾਂ ਦੇ ਨਾਲ਼ ਹੀ ਬੈਠੇ ਹੋਏ ਹਨ। ਪੂਰਣਚੰਦਰ, ਹਾਲਾਂਕਿ, ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਇਹ ਲੋਕ ਹੁਣ ਵੀ ਓੜੀਸਾ ਦੇ ਬਾਰਗਢ ਜਿਲ੍ਹੇ ਦੇ ਪਨੀਮਾਰਾ ਪਿੰਡ ਵਿੱਚ ਹੀ ਰਹਿੰਦੇ ਹਨ। ਅਜ਼ਾਦੀ ਦੀ ਲੜਾਈ ਜਦੋਂ ਪੂਰੇ ਜੋਸ਼ ਨਾਲ਼ ਲੜੀ ਜਾ ਰਹੀ ਸੀ, ਤਦ ਇਸ ਪਿੰਡ ਨੇ ਯਕੀਨੋ ਬਾਹਰੀ ਰੂਪ ਨਾਲ਼ ਆਪਣੇ ਕਈ ਧੀਆਂ-ਪੁੱਤਰਾਂ ਨੂੰ ਜੰਗ-ਏ-ਮੈਦਾਨ ਵਿੱਚ ਭੇਜਿਆ ਸੀ। ਮੌਜੂਦਾ ਰਿਕਾਰਡ ਦੇ ਅਨੁਸਾਰ, ਸਿਰਫ਼ 1942 ਵਿੱਚ ਹੀ ਇਸ ਪਿੰਡ ਤੋਂ 32 ਲੋਕ ਜੇਲ੍ਹ ਗਏ ਸਨ। ਚਮਾਰੂ ਅਤੇ ਜਤਿੰਦਰ ਸਣੇ, ਉਨ੍ਹਾਂ ਵਿੱਚੋਂ ਸੱਤ ਅਜੇ ਵੀ ਜਿਊਂਦੇ ਹਨ।

ਇੱਕ ਵਾਰ ਤਾਂ ਇੱਥੋਂ ਦੇ ਕਰੀਬ ਹਰ ਪਰਿਵਾਰ ਨੇ ਆਪੋ-ਆਪਣੇ ਘਰੋਂ ਇੱਕ ਸਤਿਆਗ੍ਰਿਹੀ ਨੂੰ ਭੇਜਿਆ ਸੀ। ਇਸ ਪਿੰਡ ਨੇ ਬ੍ਰਿਟਿਸ਼ ਰਾਜ ਨੂੰ ਹਿੱਲਾ ਕੇ ਰੱਖ ਦਿੱਤਾ ਸੀ। ਇੱਥੋਂ ਦੀ ਏਕਤਾ ਨੂੰ ਤੋੜ ਸਕਣਾ ਮੁਸ਼ਕਲ ਸੀ। ਇੱਥੋਂ ਦੇ ਲੋਕਾਂ ਦੀ ਵਚਨਬੱਧਤਾ ਆਦਰਸ਼ ਬਣ ਗਈ। ਜੋ ਲੋਕ ਅੰਗਰੇਜ਼ਾਂ ਨਾਲ਼ ਟਾਕਰਾ ਕਰ ਰਹੇ ਸਨ, ਉਹ ਗ਼ਰੀਬ ਅਤੇ ਅਨਪੜ੍ਹ ਕਿਸਾਨ ਸਨ। ਛੋਟੇ ਕਿਸਾਨ, ਆਪਣਾ ਡੰਗ ਟਪਾਉਣ ਲਈ ਸੰਘਰਸ਼ ਕਰ ਰਹੇ ਸਨ। ਬਹੁਤੇਰੇ ਲੋਕ ਇਸੇ ਪੱਧਰ ਦੇ ਹੀ ਬਣੇ ਰਹੇ।

ਪਰ, ਬੜੀ ਅਜੀਬ ਗੱਲ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਉਨ੍ਹਾਂ ਦਾ ਕਿਤੇ ਵੀ ਉਲੇਖ ਤੱਕ ਨਹੀਂ ਹੈ। ਹਾਲਾਂਕਿ, ਗੱਲ਼ ਇਹ ਨਹੀਂ ਹੈ ਕਿ ਓੜੀਸਾ ਵਿੱਚ ਉਨ੍ਹਾਂ ਨੂੰ ਵਿਸਾਰ ਦਿੱਤਾ ਗਿਆ ਹੈ। ਬਾਰਗੜ੍ਹ ਵਿੱਚ, ਇਹ ਅਜੇ ਵੀ ਅਜ਼ਾਦੀ ਘੁਲਾਟੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਵਿਰਲ਼ਾ ਹੀ ਕੋਈ ਹੈ, ਜਿਹਨੂੰ ਇਸ ਲੜਾਈ ਦਾ ਨਿੱਜੀ ਫਾਇਦਾ ਹੋਇਆ ਹੋਵੇ ਅਤੇ ਇਹ ਗੱਲ ਤਾਂ ਪੂਰੀ ਤਰ੍ਹਾਂ ਪੱਕੀ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਾ ਤਾਂ ਕੋਈ ਪੁਰਸਕਾਰ ਮਿਲ਼ਿਆ ਹੈ ਨਾ ਹੀ ਪਦ ਜਾਂ ਨੌਕਰੀ। ਫਿਰ ਵੀ ਉਨ੍ਹਾਂ ਖ਼ਤਰਾ ਮੁੱਲ ਲਿਆ। ਇਹ ਉਹ ਲੋਕ ਸਨ, ਜੋ ਭਾਰਤ ਨੂੰ ਅਜ਼ਾਦ ਕਰਾਉਣ ਲਈ ਲੜੇ।

ਇਹ ਅਜ਼ਾਦੀ ਦੇ ਪੈਦਲ ਸਿਪਾਹੀ ਸਨ। ਸਾਰੇ ਨੰਗੇ ਪੈਰੀਂ ਤੁਰਨ ਵਾਲੇ ਕਿਉਂਕਿ ਉਨ੍ਹਾਂ ਵਿੱਚੋਂ ਕਿਸੇ ਕੋਲ ਵੀ ਇੰਨਾ ਪੈਸਾ ਨਹੀਂ ਸੀ ਕਿ ਉਹ ਚੱਪਲਾਂ ਖਰੀਦ ਸਕਣ।

Seated left to right: Dayanidhi Nayak, 81, Chamuru Parida, 91, Jitendra Pradhan, 81, and (behind) Madan Bhoi, 80, four of seven freedom fighters of Panimara village still alive
PHOTO • P. Sainath

ਖੱਬੇ ਤੋਂ ਸੱਜੇ ਬੈਠੇ ਹੋਏ : 81 ਸਾਲ ਦੇ ਦਇਆਨਿਧੀ ਨਾਇਕ, 91 ਸਾਲ ਚਮਾਰੂ ਪਰੀਦਾ, 81 ਦੇ ਜਤਿੰਦਰ ਪ੍ਰਧਾਨ, 81 ਅਤੇ 80 ਸਾਲ ਦੇ ਮਦਨ ਭੋਈ (ਪਿੱਛੇ) : ਪਨੀਮਾਰਾ ਪਿੰਡ ਦੇ ਸੱਤ ਜੀਵਤ ਅਜ਼ਾਦੀ ਘੁਲਾਟੀਆਂ ਵਿੱਚੋਂ ਚਾਰ ਇੱਥੇ (ਇਸ ਤਸਵੀਰ ਵਿੱਚ) ਹਨ

ਗੁਟਕਦੇ ਹੋਏ ਚਮਾਰੂ ਕਹਿੰਦੇ ਹਨ,"ਅਦਾਲਤ ਵਿੱਚ ਮੌਜੂਦ ਪੁਲਿਸ ਹੈਰਾਨ ਸੀ। ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ। ਉਨ੍ਹਾਂ ਨੇ ਜਦੋਂ ਸਾਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਕਿਹਾ,'ਮੈਂ ਮੈਜਿਸਟ੍ਰੇਟ ਹਾਂ। ਤੈਨੂੰ ਸਾਡੀ ਆਗਿਆ ਦਾ ਪਾਲਣ ਕਰਨਾ ਪਵੇਗਾ। ਜੇ ਤੁਸੀਂ ਭਾਰਤੀ ਹੋ ਤਾਂ ਮੇਰੀ ਗੱਲ ਮੰਨੋ ਅਤੇ ਜੇਕਰ ਤੁਸੀਂ ਅੰਗਰੇਜ਼ ਹੋ ਤਾਂ ਆਪਣੇ ਦੇਸ਼ ਵਾਪਸ ਚਲੇ ਜਾਓ'।"

ਪੁਲਿਸ ਇਸ ਤੋਂ ਬਾਅਦ ਅਸਲੀ ਜੱਜ ਦੇ ਕੋਲ਼  ਗਈ, ਜੋ ਉਸ ਦਿਨ ਆਪਣੇ ਨਿਵਾਸ 'ਤੇ ਹੀ ਮੌਜੂਦ ਸਨ। ਜਤਿੰਦਰ ਪ੍ਰਧਾਨ ਦੱਸਦੇ ਹਨ,''ਜੱਜ ਨੇ ਸਾਡੀ ਗ੍ਰਿਫਤਾਰੀ ਦੇ ਆਰਡਰ 'ਤੇ ਹਸਤਾਖ਼ਰ ਕਰਨ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਪੁਲਿਸ ਨੇ ਵਾਰੰਟ 'ਤੇ ਨਾਮ ਨਹੀਂ ਲਿਖੇ ਸਨ। ਪੁਲਿਸ ਉੱਥੋਂ ਬਦਰੰਗ ਹੱਥੀਂ ਮੁੜੀ ਅਤੇ ਉਹਨੇ ਸਾਡੇ ਨਾਮ ਪੁੱਛੇ। ਅਸੀਂ ਉਨ੍ਹਾਂ ਨੂੰ ਆਪਣੀ ਪਛਾਣ ਦੱਸਣ ਤੋਂ ਮਨ੍ਹਾ ਕਰ ਦਿੱਤਾ।''

ਚਮਾਰੂ ਦੱਸਦੇ ਹਨ ਕਿ ਹੱਕਾ-ਬੱਕਾ ਪੁਲਿਸ ਟੁਕੜੀ ਸੰਬਲਪੁਰ ਦੇ ਕਲੈਕਟਰ ਦੇ ਕੋਲ਼ ਗਈ। '' ਉਹਦੇ ਚਿਹਰੇ 'ਤੇ ਥਕਾਵਟ ਦੇਖ ਕੇ ਉਹਨੇ ਕਿਹਾ,'ਕੁਝ ਲੋਕਾਂ ਦੇ ਨਾਮ ਲਿਖ ਲੋ। ਇਨ੍ਹਾਂ ਬੰਦਿਆਂ ਦੇ ਨਾਮ 'ਏ', 'ਬੀ' ਅਤੇ 'ਸੀ' ਲਿਖ ਲਓ ਅਤੇ ਫਿਰ ਉਸੇ ਹਿਸਾਬ ਨਾਲ਼ ਫਾਰਮ ਭਰ ਲਓ।' ਪੁਲਿਸ ਨੇ ਉਵੇਂ ਹੀ ਕੀਤਾ ਅਤੇ ਇਸ ਤਰ੍ਹਾਂ ਸਾਨੂੰ ਅਪਰਾਧੀ ਏ, ਬੀ ਅਤੇ ਸੀ ਦੇ ਰੂਪ ਵਿੱਚ ਗ੍ਰਿਫ਼ਤਾਰ ਕਰ ਲਿਆ।''

ਉਹ ਪੂਰਾ ਦਿਨ ਪੁਲਿਸ ਲਈ ਥਕਾ ਦੇਣ ਵਾਲ਼ਾ ਰਿਹਾ। ਇਹਦੇ ਬਾਅਦ ਚਮਾਰੂ ਹੱਸਦਿਆਂ ਕਹਿੰਦੇ ਹਨ,''ਜੇਲ੍ਹ ਵਿੱਚ ਵਾਰਡਨ ਨੇ ਸਾਨੂੰ ਪ੍ਰਵਾਨ ਕਰਨ ਤੋਂ ਮਨ੍ਹਾ ਕਰ ਦਿੱਤਾ। ਪੁਲਿਸ ਅਤੇ ਉਹਦੇ ਦਰਮਿਆਨ ਤਕਰਾਰ ਹੋਣ ਲੱਗੀ। ਵਾਰਡਨ ਨੇ ਉਨ੍ਹਾਂ ਨੂੰ ਕਿਹਾ: 'ਤੂੰ ਮੈਨੂੰ ਗਧਾ ਸਮਝਦਾ ਏਂ? ਜੇਕਰ ਇਹ ਬੰਦੇ ਕੱਲ੍ਹ ਨੂੰ ਭੱਜ ਜਾਂਦੇ ਹਨ ਜਾਂ ਗਾਇਬ ਹੋ ਜਾਂਦੇ ਹਨ ਤਦ ਕੀ ਹੋਵੇਗਾ? ਕੀ ਮੈਂ ਰਿਪੋਰਟ ਵਿੱਚ ਇਹ ਲਿਖਾਂਗਾ ਕਿ ਏ, ਬੀ ਅਤੇ ਸੀ ਭੱਜ ਗਏ? ਕੋਈ ਮੂਰਖ ਹੀ ਇੰਝ ਕਰ ਸਕਦਾ ਹੈ।'' ਉਹ ਆਪਣੀ ਗੱਲ 'ਤੇ ਅੜ੍ਹਿਆ ਰਿਹਾ।''

ਕਈ ਘੰਟਿਆਂ ਤੱਕ ਇਵੇਂ ਹੀ ਤਕਰਾਰ ਚੱਲਦੀ ਰਹੀ, ਫਿਰ ਕਿਤੇ ਜਾ ਕੇ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਸੁਰੱਖਿਆ ਦੇ ਹਵਾਲੇ ਕੀਤਾ। ਜਤਿੰਦਰ ਦੱਸਦੇ ਹਨ,''ਗੁੱਸਾ ਤਾਂ ਸਤਵੇਂ ਅਸਮਾਨ 'ਤੇ ਉਦੋਂ ਪਹੁੰਚਿਆ, ਜਦੋਂ ਸਾਨੂੰ ਅਦਾਲਤ ਵਿੱਚ ਪੇਸ ਕੀਤਾ ਗਿਆ। ਪਰੇਸ਼ਾਨ ਅਰਦਲੀ ਨੂੰ ਚੀਕਣਾ ਪਿਆ: ਏ, ਹਾਜ਼ਰ ਹੋ ! ਬੀ, ਹਾਜ਼ਰ ਹੋ ! ਸੀ, ਹਾਜ਼ਰ ਹੋ ! ਇਹਦੇ ਬਾਅਦ ਹੀ ਕੋਰਟ ਸਾਡੇ ਵੱਲ ਮੁਖਾਤਬ ਹੋਇਆ।''

ਇਸ ਸ਼ਰਮਿੰਦਗੀ ਦਾ ਬਦਲਾ ਤੰਤਰ ਨੇ ਆਪ ਹੀ ਲਿਆ। ਉਨ੍ਹਾਂ ਨੇ ਛੇ ਮਹੀਨੇ ਬਾ-ਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਅਪਰਾਧੀਆਂ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਚਮਾਰੂ ਕਹਿੰਦੇ ਹਨ,''ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹ ਸਾਨੂੰ ਉਸ ਥਾਂ ਭੇਜਦੇ, ਜਿੱਥੇ ਆਮ ਤੌਰ 'ਤੇ ਰਾਜਨੀਤਕ, ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਪਰ ਉਸ ਸਮੇਂ ਅੰਦੋਲਨ ਸਿਖਰ 'ਤੇ ਸੀ। ਖ਼ੈਰ, ਪੁਲਿਸ ਸਦਾ ਜ਼ਾਲਮ ਅਤੇ ਸਜ਼ਾ ਦੇਣ ਵਾਲ਼ੀ ਰਹੀ ਹੈ।''

''ਉਨ੍ਹੀਂ ਦਿਨੀਂ ਮਹਾਨਦੀ 'ਤੇ ਕੋਈ ਪੁਲ ਨਹੀਂ ਸੀ। ਉਨ੍ਹਾਂ ਨੂੰ ਸਾਨੂੰ ਬੇੜੀ ਵਿੱਚ ਬਿਠਾ ਕੇ ਲੈ ਜਾਣਾ ਪਿਆ। ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਲੋਕ ਆਪਣੀ ਮਰਜ਼ੀ ਨਾਲ਼ ਗ੍ਰਿਫ਼ਤਾਰ ਹੋਏ ਹਾਂ, ਇਸਲਈ ਸਾਡਾ ਭੱਜਣ ਦਾ ਕੋਈ ਇਰਾਦਾ ਨਹੀਂ ਹੈ। ਇਹਦੇ ਬਾਵਜੂਦ, ਉਨ੍ਹਾਂ ਨੇ ਸਾਡੇ ਹੱਥ ਬੰਨ੍ਹ ਦਿੱਤੇ, ਫਿਰ ਸਾਨੂੰ ਸਾਰਿਆਂ ਨੂੰ ਇੱਕ-ਦੂਸਰੇ ਨਾਲ਼ ਬੰਨ੍ਹ ਦਿੱਤਾ। ਜੇਕਰ ਬੇੜੀ ਡੁੱਬ ਗਈ ਹੁੰਦੀ ਕਿਉਂਕਿ ਅਜਿਹਾ ਹਾਦਸਾ ਤਾਂ ਅਕਸਰ ਵਾਪਰ ਹੀ ਜਾਂਦਾ ਸੀ ਤਾਂ ਦੱਸੋ ਸਾਡੇ ਬਚਣ ਦਾ ਕੋਈ ਰਾਹ ਹੁੰਦਾ? ਓਸ ਹਾਲਤ ਵਿੱਚ ਅਸੀਂ ਸਾਰੇ ਮਾਰੇ ਗਏ ਹੁੰਦੇ।

"ਪੁਲਿਸ ਨੇ ਸਾਡੇ ਘਰਵਾਲ਼ਿਆਂ ਨੂੰ ਵੀ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਤਾਂ ਇੰਜ ਹੋਇਆ ਕਿ ਮੈਂ ਜੇਲ੍ਹ ਵਿੱਚ ਸਾਂ ਅਤੇ ਮੇਰੇ 'ਤੇ 30 ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ (ਉਸ ਸਮੇਂ ਇਹ ਕਾਫ਼ੀ ਵੱਡੀ ਰਾਸ਼ੀ ਹੁੰਦੀ ਸੀ ਜਦੋਂ ਕਿ ਪੂਰਾ ਦਿਨ ਮੁਸ਼ੱਕਤ ਕਰਕੇ ਦੋ ਆਨਿਆਂ ਦੇ ਬਰਾਬਰ ਹੀ ਅਨਾਜ ਮਿਲ਼ਦਾ ਸੀ: ਪੀਐੱਸ)। ਉਹ ਮੇਰੀ ਮਾਂ ਪਾਸੋਂ ਜੁਰਮਾਨਾ ਵਸੂਲ ਕਰਨ ਗਏ। ਉਨ੍ਹਾਂ ਨੇ ਚੇਤਾਵਨੀ ਦਿੱਤੀ, 'ਜੁਰਮਾਨਾ ਦਿਓ, ਨਹੀਂ ਤਾਂ ਉਹਨੂੰ ਹੋਰ ਵੱਡੀ ਸਜ਼ਾ ਮਿਲ਼ੇਗੀ'।"

The stambh or pillar honouring the 32 ‘officially recorded’ freedom fighters of Panimara
PHOTO • P. Sainath

ਉਹ ਖੰਭਾ, ਜਿਸ ' ਤੇ ਪਨੀਮਾਰਾ ਦੇ ' ਅਧਿਕਾਰਕ ਤੌਰ ' ਤੇ ਦਰਜ਼ ' 32 ਅਜ਼ਾਦੀ ਘੁਲਾਟੀਆਂ ਦੇ ਨਾਮ ਹਨ

''ਮੇਰੀ ਮਾਂ ਨੇ ਕਿਹਾ: 'ਉਹ ਮੇਰਾ ਬੇਟਾ ਨਹੀਂ ਹੈ, ਉਹ ਇਸ ਪਿੰਡ ਦਾ ਬੇਟਾ ਹੈ। ਉਹ ਮੇਰੇ ਨਾਲ਼ੋਂ ਵੱਧ ਪਿੰਡ ਦੀ ਚਿੰਤਾ ਕਰਦਾ ਹੈ'। ਉਹ ਫਿਰ ਵੀ ਨਹੀਂ ਮੰਨੇ ਅਤੇ ਉਨ੍ਹਾਂ 'ਤੇ ਦਬਾਅ ਪਾਉਂਦੇ ਰਹੇ। ਫਿਰ ਉਨ੍ਹਾਂ ਨੇ ਕਿਹਾ: 'ਇਸ ਪਿੰਡ ਦੇ ਸਾਰੇ ਨੌਜਵਾਨ ਮੇਰੇ ਬੇਟੇ ਹਨ। ਕੀ ਮੈਨੂੰ ਜੇਲ੍ਹ ਵਿੱਚ ਤੂੜੇ ਗਏ ਉਨ੍ਹਾਂ ਸਾਰਿਆਂ ਦਾ ਜੁਰਮਾਨਾ ਭਰਨਾ ਪਵੇਗਾ'?''

ਪੁਲਿਸ ਪਰੇਸ਼ਾਨ ਸੀ। ''ਉਨ੍ਹਾਂ ਨੇ ਕਿਹਾ,'ਠੀਕ ਹੈ, ਸਾਨੂੰ ਕੋਈ ਅਜਿਹੀ ਚੀਜ਼ ਦੇ ਦਿਓ ਜਿਸਨੂੰ ਅਸੀਂ ਕਬਜ਼ੇ ਦੇ ਰੂਪ ਵਿੱਚ ਦਿਖਾ ਸਕੀਏ। ਦਾਤੀ ਜਾਂ ਕੁਝ ਹੋਰ।' ਉਨ੍ਹਾਂ ਨੇ ਜਵਾਬ ਦਿੱਤਾ: 'ਸਾਡੇ ਕੋਲ਼ ਦਾਤੀ ਨਹੀਂ ਹੈ'। ਅਤੇ ਉਨ੍ਹਾਂ ਨੇ ਗੋਬਰ ਪਾਣੀ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਜਿਸ ਥਾਵੇਂ ਉਹ ਖੜ੍ਹੇ ਹਨ ਉਹਨੂੰ ਉਹ ਸ਼ੁੱਧ ਕਰਨਾ ਚਾਹੁੰਦੀ ਹਨ। ਕ੍ਰਿਪਾ ਇੱਥੋਂ ਚਲੇ ਜਾਓ?'' ਆਖ਼ਰਕਾਰ ਉਹ ਉੱਥੋਂ ਚਲੇ ਗਏ।

* * *

ਅਦਾਲਤ ਦੇ ਕਮਰੇ ਵਿੱਚ ਜਦੋਂ ਉਹ ਮਖੌਲ ਚੱਲ ਰਿਹਾ ਸੀ, ਪਨੀਮਾਰਾ ਦੇ ਸੱਤਿਗ੍ਰਹੀਆਂ ਦੀ ਦੂਸਰੀ ਟੁਕੜੀ ਆਪਣੇ ਕੰਮ ਵਿੱਚ ਰੁਝੀ ਸੀ। ਚਮਾਰੂ ਦੇ ਭਤੀਜੇ ਦਇਆਨਿਧੀ ਨਾਇਕ ਦੱਸਦੇ ਹਨ,''ਸਾਡਾ ਕੰਮ ਸੀ ਸੰਬਲਪੁਰ ਬਜ਼ਾਰ 'ਤੇ ਕਬਜ਼ਾ ਕਰਨਾ ਅਤੇ ਅੰਗਰੇਜ਼ੀ ਵਸਤਾਂ ਨੂੰ ਤਬਾਹ ਕਰਨਾ। ਮੈਂ ਅਗਵਾਈ ਲਈ ਚਾਚਾ ਵੱਲ ਦੇਖਿਆ। ਮੇਰੇ ਜਨਮ ਦੇ ਸਮੇਂ ਮੇਰੀ ਮਾਂ ਮਰ ਗਈ ਸੀ। ਜਿਹਦੇ ਬਾਅਦ ਚਮਾਰੂ ਨੇ ਹੀ ਮੈਨੂੰ ਪਾਲ਼ਿਆ।''

ਬ੍ਰਿਟਿਸ਼ ਰਾਜ ਦੇ ਨਾਲ਼ ਪਹਿਲੀ ਵਾਰ ਜਦੋਂ ਦਇਆਨਿਧੀ ਦੀ ਮੁੱਠਭੇੜ ਹੋਏ ਤਾਂ ਉਸ ਸਮੇਂ ਉਹ ਸਿਰਫ਼ 11 ਸਾਲ ਦੀ ਸੀ। ਸਾਲ 1942 ਵਿੱਚ ਉਹ 21 ਸਾਲ ਦੇ ਹੋ ਚੁੱਕੇ ਸਨ ਅਤੇ ਉਦੋਂ ਤੱਕ ਉਹ ਇੱਕ ਕੁਸ਼ਲ ਲੜਾਕੇ ਬਣ ਚੁੱਕੇ ਸਨ। ਹੁਣ 81 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਨੂੰ ਹਰ ਘਟਨਾ ਚੰਗੀ ਤਰ੍ਹਾਂ ਚੇਤੇ ਹੈ।

''ਅੰਗਰੇਜ਼ਾਂ ਖਿਲਾਫ਼ ਪੂਰੇ ਦੇਸ਼ ਵਿੱਚ ਜਬਰਦਸਤ ਨਫ਼ਰਤ ਦਾ ਮਾਹੌਲ ਸੀ। ਰਾਜ ਦੁਆਰਾ ਸਾਨੂੰ ਡਰਾਉਣ ਦੀ ਕੋਸ਼ਿਸ਼ ਨੇ ਇਸ ਮਾਹੌਲ ਨੂੰ ਹੋਰ ਗਰਮਾ ਦਿੱਤਾ। ਉਨ੍ਹਾਂ ਨੇ ਕਈ ਵਾਰ ਆਪਣੇ ਹਥਿਆਰਬੰਦ ਸਿਪਾਹੀਆਂ ਨੂੰ ਇਸ ਪਿੰਡ ਨੂੰ ਘੇਰਨ ਦਾ ਹੁਕਮ ਦਿੱਤਾ ਅਤੇ ਫਲੈਗ ਮਾਰਚ ਕੱਢਣ ਨੂੰ ਕਿਹਾ। ਪਰ ਇਹਦਾ ਕੋਈ ਫ਼ਾਇਦਾ ਨਾ ਹੋਇਆ।''

''ਅੰਗਰੇਜ਼ਾਂ ਦੇ ਖਿਲਾਫ਼ ਗੁੱਸਾ ਹਰ ਵਰਗ ਵਿੱਚ ਸੀ, ਬੇਜ਼ਮੀਨੇ ਮਜ਼ਦੂਰਾਂ ਤੋਂ ਲੈ ਕੇ ਸਕੂਲੀ ਅਧਿਆਪਕਾਂ ਤੱਕ। ਅਧਿਆਪਕ ਇਸ ਲਹਿਰ ਦੇ ਨਾਲ਼ ਸਨ। ਉਹ ਅਸਤੀਫ਼ਾ ਨਹੀਂ ਦਿੰਦੇ ਸਨ, ਸਗੋਂ ਕੰਮ ਕਰਨਾ ਬੰਦ ਕਰ ਦਿੰਦੇ ਸਨ ਅਤੇ ਇਹਦੇ ਲਈ ਉਨ੍ਹਾਂ ਦੇ ਕੋਲ਼ ਇੱਕ ਵੱਡਾ ਬਹਾਨਾ ਸੀ। ਉਹ ਕਹਿੰਦੇ: 'ਅਸੀਂ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਕਿਵੇਂ ਦੇ ਸਕਦੇ ਹਾਂ? ਅਸੀਂ ਅੰਗਰੇਜ਼ਾਂ ਨੂੰ ਨਹੀਂ ਪਛਾਣਦੇ।' ਇਸਲਈ ਉਹ ਕੰਮ ਹੀ ਨਹੀਂ ਕਰਦੇ ਸਨ।''

''ਉਨ੍ਹੀਂ ਦਿਨੀਂ ਸਾਡਾ ਪਿੰਡ ਕਈ ਤਰ੍ਹਾਂ ਨਾਲ਼ ਕੱਟਿਆ-ਵੰਡਿਆ ਹੋਇਆ ਸੀ। ਗ੍ਰਿਫ਼ਤਾਰੀ ਅਤੇ ਛਾਪੇਮਾਰੀ ਦੇ ਕਾਰਨ, ਕਾਂਗਰਸ ਕਾਰਕੁੰਨ ਕੁਝ ਦਿਨਾਂ ਤੱਕ ਨਹੀਂ ਆਏ। ਇਹਦਾ ਮਤਲਬ ਇਹ ਸੀ ਕਿ ਸਾਨੂੰ ਬਾਹਰੀ ਦੁਨੀਆ ਦੀ ਖ਼ਬਰ ਨਹੀਂ ਮਿਲ਼ ਪਾ ਰਹੀ ਸੀ। ਅਗਸਤ 1942 ਵਿੱਚ ਇੰਝ ਹੀ ਚੱਲਦਾ ਰਿਹਾ।'' ਇਹਦੇ ਬਾਅਦ ਪਿੰਡ ਨੇ ਕੁਝ ਲੋਕਾਂ ਨੂੰ ਬਾਹਰ ਭੇਜਿਆ, ਇਹ ਪਤਾ ਲਾਉਣ ਲਈ ਕਿ ਦੇਸ਼ ਵਿੱਚ ਕੀ ਕੁਝ ਚੱਲ ਰਿਹਾ ਹੈ। ''ਅੰਦੋਲਨ ਦਾ ਇਹ ਚਰਣ ਇਸੇ ਤਰ੍ਹਾਂ ਸ਼ੁਰੂ ਹੋਇਆ। ਮੈਂ ਦੂਸਰੀ ਟੁਕੜੀ ਦੇ ਨਾਲ਼ ਸਾਂ।''

''ਸਾਡੇ ਸਮੂਹ ਦੇ ਸਾਰੇ ਪੰਜੋਂ ਮੁੰਡੇ ਬੜੇ ਛੋਟੇ ਸਨ। ਸਭ ਤੋਂ ਪਹਿਲਾਂ,ਅਸੀਂ ਕਾਂਗਰਸੀ ਫਕੀਰਾ ਬੇਹੇਰਾ ਦੇ ਸੰਬਲਪੁਰ ਸਥਿਤ ਘਰ ਗਏ। ਸਾਨੂੰ ਫੁੱਲ ਅਤੇ ਹੱਥ 'ਤੇ ਬੰਨ੍ਹਣ ਵਾਲ਼ੀ ਪੱਟੀ ਦਿੱਤੀ ਗਈ, ਜਿਸ 'ਤੇ ਲਿਖਿਆ ਸੀ 'ਕਰੋ ਜਾਂ ਮਰੋ'। ਅਸੀਂ ਬਜ਼ਾਰਾਂ ਵਿੱਚ ਮਾਰਚ ਕਰਦੇ ਅਤੇ ਹਜ਼ਾਰਾਂ ਸਕੂਲੀ ਬੱਚੇ ਅਤੇ ਹੋਰ ਲੋਕ ਸਾਡੇ ਨਾਲ ਚੱਲਦੇ।''

''ਬਜ਼ਾਰਾਂ ਵਿੱਚ ਅਸੀਂ ਭਾਰਤ ਛੱਡੋ ਦਾ ਨਾਅਰਾ ਲਗਾਉਂਦੇ। ਜਿਸ ਸਮੇਂ ਅਸੀਂ ਇਹ ਨਾਅਰਾ ਲਾਇਆ, ਉੱਥੇ ਮੌਜੂਦ ਲਗਭਗ 30 ਹਥਿਆਰਬੰਦ ਪੁਲਿਸ ਵਾਲ਼ਿਆਂ ਨੇ ਸਾਨੂੰ ਗ੍ਰਿਫ਼ਤਾਰ ਕਰ ਲਿਆ।''

"ਪਰ, ਦੁਚਿੱਤੀ ਇੱਥੇ ਵੀ ਸੀ, ਇਸਲਈ ਉਨ੍ਹਾਂ ਨੇ ਸਾਡੇ ਕੁਝ ਨੂੰ ਫ਼ੌਰਨ ਛੱਡ ਦਿੱਤਾ।"

ਕਿਉਂ?

At the temple, the last living fighters in Panimara
PHOTO • P. Sainath

ਪਨੀਮਾਰਾ ਦੇ ਅੰਤਮ ਜੀਵਤ ਅਜ਼ਾਦੀ ਘੁਲਾਟੀਏ, ਮੰਦਰ ਵਿੱਚ

''ਕਿਉਂਕਿ, 11 ਸਾਲ ਦੇ ਮੁੰਡਿਆਂ ਨੂੰ ਗ੍ਰਿਫ਼ਤਾਰ ਕਰਨਾ ਅਤੇ ਫਿਰ ਉਨ੍ਹਾਂ ਦੇ ਹੱਥ ਬੰਨ੍ਹ ਦੇਣੇ, ਉਨ੍ਹਾਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਸੀ। ਇਸਲਈ ਸਾਡੇ ਵਿੱਚੋਂ ਲੜਕੇ 12 ਸਾਲ ਤੋਂ ਘੱਟ ਉਮਰ ਦੇ ਸਨ, ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਪਰ ਦੋ ਛੋਟੇ ਮੁੰਡਿਆਂ, ਜੋਗੇਸ਼ਵਰ ਜੇਨਾ ਅਤੇ ਇੰਦਰਜੀਤ ਪ੍ਰਧਾਨ ਨੇ ਉੱਥੋਂ ਜਾਣ ਤੋਂ ਮਨ੍ਹਾਂ ਕਰ ਦਿੱਤਾ। ਉਹ ਸਮੂਹ ਦੇ ਨਾਲ਼ ਹੀ ਰਹਿਣਾ ਚਾਹੁੰਦੇ ਸਨ, ਪਰ ਅਸੀਂ ਉਨ੍ਹਾਂ ਨੂੰ ਮਨਾਇਆ ਅਤੇ ਉੱਥੋਂ ਵਾਪਸ ਭੇਜਿਆ।''

* * *

80 ਸਾਲਾ ਮਦਨ ਭੋਈ, ਹਾਲੇ ਵੀ ਚੰਗੀ ਅਵਾਜ਼ ਵਿੱਚ ਗਾਣਾ ਗਾਉਂਦੇ ਹਨ। ਉਹ ਦੱਸਦੇ ਹਨ, ''ਇਹ ਉਹ ਗਾਣਾ ਹੈ ਜੋ ਸਾਡੇ ਪਿੰਡ ਦੇ ਨੌਜਵਾਨਾਂ ਦੀ ਤੀਸਰੀ ਟੁਕੜੀ, ਸੰਬਲਪੁਰ ਸਥਿਤ ਕਾਂਗਰਸ ਦਫ਼ਤਰ ਜਾਂਦੇ ਹੋਏ ਗਾ ਰਹੀ ਸੀ।'' ਅੰਗਰੇਜ਼ਾਂ ਨੇ ਵਿਦਰੋਹੀ ਗਤੀਵਿਧੀਆਂ ਦੇ ਦੋਸ਼ ਵਿੱਚ ਇਸ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ।

ਤੀਸਰੀ ਟੁਕੜੀ ਦਾ ਟੀਚਾ ਸੀ: ਸੀਲ ਕੀਤੇ ਗਏ ਕਾਂਗਰਸ ਦਫ਼ਤਰ ਨੂੰ ਅਜ਼ਾਦ ਕਰਾਉਣਾ।

''ਮੈਂ ਜਦੋਂ ਬਹੁਤ ਛੋਟਾ ਸਾਂ, ਉਦੋਂ ਮੇਰੇ ਮਾਤਾ-ਪਿਤਾ ਦੁਨੀਆ ਛੱਡ ਗਏ। ਚਾਚਾ ਅਤੇ ਚਾਚੀ, ਜਿਨ੍ਹਾਂ ਦੇ ਨਾਲ਼ ਮੈਂ ਰਹਿੰਦਾ ਸਾਂ, ਉਨ੍ਹਾਂ ਨੂੰ ਮੇਰੀ ਬਹੁਤੀ ਪਰਵਾਹ ਨਹੀਂ ਸੀ। ਜਦੋਂ ਮੈਂ ਕਾਂਗਰਸ ਦੀਆਂ ਬੈਠਕਾਂ ਵਿੱਚ ਜਾਂਦਾ, ਤਾਂ ਉਹ ਚੌਕੰਨੇ ਹੋ ਜਾਂਦੇ। ਜਦੋਂ ਮੈਂ ਸਤਿਆਗ੍ਰਹੀਆਂ ਦੇ ਨਾਲ਼ ਜੁੜਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੈਂ ਝੂਠ ਬੋਲਿਆ ਕਿ ਹੁਣ ਮੈਂ ਇੰਝ ਨਹੀਂ ਕਰਾਂਗਾ, ਸੁਧਰ ਜਾਊਂਗਾ। ਸੋ ਉਨ੍ਹਾਂ ਨੇ ਮੈਨੂੰ ਅਜ਼ਾਦ ਕਰ ਦਿੱਤਾ। ਮੈਂ ਖੇਤ ਵੱਲ ਤੁਰ ਪਿਆ, ਜਿਓਂ ਕੰਮ ਕਰਨ ਜਾ ਰਿਹਾ ਹੋਵਾਂ। ਕਹੀ, ਡੱਬੇ ਅਤੇ ਹੋਰ ਸਮਾਨਾਂ ਦੇ ਨਾਲ਼, ਖੇਤ ਤੋਂ ਹੀ ਬਾਰਗੜ੍ਹ ਸਤਿਆਗ੍ਰਹਿ ਵੱਲ ਚਲਿਆ ਗਿਆ। ਉੱਥੇ ਮੇਰੇ ਪਿੰਡ ਦੇ 13 ਲੋਕ ਹੋਰ ਮੌਜੂਦ ਸਨ, ਜੋ ਸੰਬਲਪੁਰ ਵੱਲੋਂ ਮਾਰਚ ਕਰਨ ਲਈ ਤਿਆਰ ਬੈਠੇ ਸਨ। ਖਾਦੀ ਨੂੰ ਭੁੱਲ ਜਾਓ। ਉਸ ਸਮੇਂ ਮੇਰੇ ਕੋਲ਼ ਪਾਉਣ ਲਈ ਕੋਈ ਸ਼ਰਟ ਤੱਕ ਨਹੀਂ ਸੀ। ਗਾਂਧੀ ਜੀ ਨੂੰ 9 ਅਗਸਤ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਸਾਡੇ ਪਿੰਡ ਵਿੱਚ ਇਹ ਖ਼ਬਰ ਕਈ ਦਿਨਾਂ ਬਾਅਦ ਪਹੁੰਚੀ। ਅਤੇ ਉਹ ਵੀ ਉਦੋਂ, ਜਦੋਂ ਪ੍ਰਦਰਸ਼ਨਕਾਰੀਆਂ ਦੀਆਂ ਤਿੰਨ ਜਾਂ ਚਾਰ ਟੁਕੜੀਆਂ ਨੂੰ ਪਿੰਡੋਂ ਬਾਹਰ ਸੰਬਲਪੁਰ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਸੀ।''

''ਪਹਿਲੇ ਕਾਫ਼ਲੇ ਨੂੰ 22 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਾਨੂੰ 23 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਸਾਨੂੰ ਅਦਾਲਤ ਵੀ ਲੈ ਕੇ ਨਹੀਂ ਗਈ, ਕਿਉਂਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਉਸੇ ਤਰ੍ਹਾਂ ਮਜ਼ਾਕ ਬਣਨ ਦਾ ਖਦਸ਼ਾ ਸੀ, ਜੋ ਚਮਾਰੂ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਅਦਾਲਤ ਵਿੱਚ ਪੇਸ਼ ਕਰਦੇ ਵੇਲੇ ਉਨ੍ਹਾਂ ਨੂੰ ਝੱਲਣਾ ਪਿਆ ਸੀ। ਸਾਨੂੰ ਕਾਂਗਰਸ ਦਫ਼ਤਰ ਤੱਕ ਜਾਣ ਦੀ ਕਦੇ ਆਗਿਆ ਨਹੀਂ ਦਿੱਤੀ ਗਈ। ਅਸੀਂ ਸਿੱਧੇ ਜੇਲ੍ਹ ਭੇਜ ਦਿੱਤੇ ਗਏ।''

ਪਨੀਮਾਰਾ ਹੁਣ ਬਦਨਾਮ ਹੋ ਚੁੱਕਿਆ ਸੀ। ਭੋਈ ਫ਼ਖਰ ਨਾਲ਼ ਕਹਿੰਦੇ ਹਨ,''ਸਾਨੂੰ ਚਾਰੇ ਪਾਸੇ ਬਦਮਾਸ਼ ਗਾਓਂ (ਪਿੰਡ) ਵਜੋਂ ਜਾਣਿਆ ਜਾਣ  ਲੱਗਿਆ।''

ਤਸਵੀਰਾਂ: ਪੀ.ਸਾਈਨਾਥ

ਇਹ ਲੇਖ ਸਭ ਤੋਂ ਪਹਿਲਾਂ ਦਿ ਹਿੰਦੂ ਸੰਡੇ ਮੈਗਜ਼ੀਨ ਵਿੱਚ 20 ਅਕਤੂਬਰ, 2002 ਨੂੰ ਪ੍ਰਕਾਸ਼ਤ ਹੋਇਆ

ਇਸ ਲੜੀ ਵਿੱਚ ਹੋਰ ਕਹਾਣੀਆਂ ਹਨ :

ਜਦੋਂ ਸਾਲੀਹਾਨ ਨੇ ਰਾਜ ਨਾਲ਼ ਮੁਕਾਬਲ ਕੀਤਾ

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-2

ਲਕਸ਼ਮੀ ਪਾਂਡਾ ਦੀ ਆਖ਼ਰੀ ਲੜਾਈ

ਅਹਿੰਸਾ ਦੇ ਨੌ ਦਹਾਕੇ

ਸ਼ੇਰਪੁਰ: ਵੱਡੀ ਕੁਰਬਾਨੀ, ਛੋਟੀ ਯਾਦ

ਗੋਦਾਵਰੀ: ਅਤੇ ਪੁਲਿਸ ਹਾਲੇ ਵੀ ਹਮਲੇ ਦੀ ਉਡੀਕ ਵਿੱਚ

ਸੋਨਾਖਾਨ: ਜਦੋਂ ਵੀਰ ਨਰਾਇਣ ਸਿੰਘ ਦੋ ਵਾਰ ਮਰੇ

ਕੈਲੀਅਸਰੀ: ਸੁਮੁਕਨ ਦੀ ਖੋਜ ਵਿੱਚ

ਕੈਲੀਅਸਰੀ: ਉਮਰ ਦੇ 50ਵੇਂ ਵਰ੍ਹੇ ਵੀ ਲੜਦੇ ਹੋਏ


ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur