ਡਰਾਈਵਰ ਨੇ ਉਸਨੂੰ ਤਸੱਲੀ ਦਿੱਤੀ ਕਿ ਉਹ ਉਸਨੂੰ ਘਰ ਛੱਡ ਦੇਵੇਗਾ, ਪਰ ਕਾਰ ਸੀ ਕਿ ਤੇਜ਼ ਗਤੀ ਨਾਲ ਉਲਟੀ ਦਿਸ਼ਾ ਵਿੱਚ ਜਾਂਦੀ ਰਹੀ। ਜਦ ਉਸਨੇ ਹਾਈਵੇਅ ਉੱਤੇ ਪਹਿਲਾ ਯੂ-ਟਰਨ ਉਲੰਘਿਆ, ਤਾਂ ਨੇਹਾ ਨੇ ਸੋਚਿਆ ਕਿ ਉਸਨੇ ਅਣਜਾਣੇ ਵਿੱਚ ਇਸਨੂੰ ਉਲੰਘ ਦਿੱਤਾ ਹੋਣਾ। ਦੂਜੀ ਯੂ-ਟਰਨ ਦੇ ਨੇੜੇ ਆਉਣ ਤੇ ਕਾਰ ਅੱਗੇ ਲੰਘ ਜਾਣ ’ਤੇ 15 ਸਾਲਾ ਨੇਹਾ ਦਾ ਸ਼ੱਕ ਵਧ ਗਿਆ। ਜਦ ਤੀਸਰੀ ਵਾਰ ਵੀ ਇਵੇਂ ਹੀ ਹੋਇਆ ਤਾਂ ਉਹ ਘਬਰਾ ਗਈ। ਉਸਦੀਆਂ ਅੱਖਾਂ ਭਰ ਆਈਆਂ; ਉਸਦਾ ਸਰੀਰ ਭਾਰੀ ਹੋਣ ਲੱਗਾ।
ਬੇਚੈਨੀ ਤੇ ਚਿੰਤਾ ਵਿੱਚ ਉਹ ਆਪਣੇ ਮਾਪਿਆਂ ਕੋਲ ਜਾਣ ਲਈ ਰੋਣ ਲੱਗੀ। ਕਾਰ ਵਿੱਚ ਉਸਦੇ ਨਾਲ ਬੈਠੀ ਔਰਤ ਤੇ ਡਰਾਈਵਰ ਨੇ ਉਸਨੂੰ ਚਿੰਤਾ ਨਾ ਕਰਨ ਦਾ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਪਰ ਨੇਹਾ ਸਮਝ ਚੁੱਕੀ ਸੀ ਕਿ ਉਹ ਵੱਡੀ ਮੁਸ਼ਕਿਲ ਵਿੱਚ ਫਸ ਗਈ ਹੈ। ਉਸਨੇ ਵੇਗ ਵਿੱਚ ਆ ਕੇ ਘਰ ਛੱਡਣ ਦਾ ਫੈਸਲਾ ਤਾਂ ਲੈ ਲਿਆ ਸੀ, ਤੇ ਉਸਨੂੰ ਹੁਣ ਇਸ ’ਤੇ ਪਛਤਾਵਾ ਹੋ ਰਿਹਾ ਸੀ।
ਸਾਲ ਦੀ ਸ਼ੁਰੂਆਤ ਵਿੱਚ, ਮਈ 2023 ਵਿੱਚ, ਨੇਹਾ ਦੀ ਆਪਣੇ ਮਾਪਿਆਂ ਨਾਲ ਇਸ ਗੱਲ ’ਤੇ ਬਹਿਸ ਹੋ ਗਈ ਕਿ ਉਹ ਆਪਣੀਆਂ ਕਿਤਾਬਾਂ ਨਾਲੋਂ ਫੋਨ ’ਤੇ ਜ਼ਿਆਦਾ ਸਮਾਂ ਲੱਗੀ ਰਹਿੰਦੀ ਹੈ। ਬਹਿਸ ਦਾ ਨਤੀਜਾ ਇਹ ਹੋਇਆ ਕਿ ਨੇਹਾ ਤੋਂ ਫੋਨ ਲੈ ਲਿਆ ਗਿਆ।
“ਮੇਰੇ ਮਾਪਿਆਂ ਨੇ ਮੇਰਾ ਫੋਨ ਖੋਹ ਲਿਆ, ਮੈਨੂੰ ਇਸ ਗੱਲ ’ਤੇ ਬਹੁਤ ਗੁੱਸਾ ਆਇਆ,” ਬਿਨ੍ਹਾਂ ਨਜ਼ਰਾਂ ਮਿਲਾਏ ਉਹ ਹੌਲੀ ਜਿਹੀ ਆਵਾਜ਼ ਵਿੱਚ ਕਹਿੰਦੀ ਹੈ। “ਮੈਂ ਬੱਸ ਉਹਨਾਂ ਤੋਂ ਦੂਰ ਜਾਣਾ ਚਾਹੁੰਦੀ ਸੀ।”
ਸੋ ਉਹ ਸਵੇਰੇ 6 ਕੁ ਵਜੇ ਘਰੋਂ ਨਿਕਲੀ ਅਤੇ ਆਪਣੇ ਮੁਹੱਲੇ ਦੀਆਂ ਭੀੜੀਆਂ ਗਲੀਆਂ ਵਿੱਚੋਂ ਲੰਘ ਕੇ ਹਾਈਵੇਅ ’ਤੇ ਪਹੁੰਚ ਗਈ। ਆਪਣੇ ਮਾਪਿਆਂ ’ਤੇ ਗੁੱਸੇ ਦੇ ਚਲਦੇ ਉਹ ਹਾਈਵੇਅ ’ਤੇ 7-8 ਕਿਲੋਮੀਟਰ ਤੁਰਦੀ ਗਈ ਅਤੇ ਫੇਰ ਉਸਨੂੰ ਅੰਦਾਜ਼ਾ ਹੋਇਆ ਕਿ ਉਹ ਕਾਫ਼ੀ ਦੂਰ ਆ ਗਈ ਸੀ। ਉਸ ਸਮੇਂ ਤੱਕ ਸੂਰਜ ਨੂੰ ਚੜ੍ਹੇ ਕੁਝ ਘੰਟੇ ਬੀਤ ਚੁੱਕੇ ਸਨ ਅਤੇ ਉਸਨੂੰ ਪਿਆਸ ਲੱਗ ਗਈ, ਪਰ ਉਸ ਕੋਲ ਪਾਣੀ ਦੀ ਬੋਤਲ ਖਰੀਦਣ ਲਈ ਪੈਸੇ ਨਹੀਂ ਸਨ।
ਉਸ ਅੱਗੇ ਇੱਕ ਚਮਕਦੀ ਕਾਲੀ ਸਿਡਾਨ(ਕਾਰ) ਆ ਕੇ ਰੁਕੀ। “ਇੱਕ ਸ਼ਖਸ ਕਾਰ ਚਲਾ ਰਿਹਾ ਸੀ ਅਤੇ ਇੱਕ ਔਰਤ ਪਿੱਛੇ ਬੈਠੀ ਸੀ,” ਨੇਹਾ ਨੇ ਯਾਦ ਕਰਦਿਆਂ ਕਿਹਾ। ਔਰਤ ਨੇ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਅਤੇ ਨੇਹਾ ਨੂੰ ਪੁੱਛਿਆ ਕਿ ਕੀ ਉਸਨੂੰ ਘਰ ਵਾਪਸ ਜਾਣ ਲਈ ਲਿਫਟ ਚਾਹੀਦੀ ਹੈ। “ਉਹ ਚੰਗੇ ਲੋਕ ਲੱਗ ਰਹੇ ਸਨ। ਥਕਾਵਟ ਕਾਰਨ ਪੈਦਲ ਵਾਪਸ ਜਾਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਅਤੇ ਬੱਸ ਦੀ ਟਿਕਟ ਲੈਣ ਲਈ ਮੇਰੇ ਕੋਲ ਪੈਸੇ ਨਹੀਂ ਸਨ।”
ਨੇਹਾ ਨੇ ਉਹਨਾਂ ਦੀ ਪੇਸ਼ਕਸ਼ ਮੰਨ ਲਈ। ਏ.ਸੀ. ਕਾਰਨ ਉਸਨੂੰ ਬੜਾ ਆਰਾਮ ਮਿਲਿਆ, ਉਸਨੇ ਆਪਣਾ ਸਿਰ ਪਿਛਾਂਹ ਸੁੱਟ ਦਿੱਤਾ ਅਤੇ ਰੁਮਾਲ ਨਾਲ ਆਪਣੇ ਮੱਥੇ ਦਾ ਪਸੀਨਾ ਪੂੰਝਿਆ। ਔਰਤ ਨੇ ਉਸਨੂੰ ਪਾਣੀ ਦੀ ਬੋਤਲ ਦਿੱਤੀ।
ਪਰ ਉਸਦਾ ਆਰਾਮ ਛੇਤੀ ਹੀ ਦਹਿਸ਼ਤ ਵਿੱਚ ਬਦਲ ਗਿਆ, ਜਦ ਉਹ ਆਦਮੀ ਉਸਨੂੰ ਉਸਦੇ ਘਰ ਤੋਂ ਕਾਫ਼ੀ ਦੂਰ ਲੈ ਗਿਆ। ਉਸਨੇ ਚੀਕਣ ਅਤੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਇੱਕ ਘੰਟਾ ਬਾਅਦ ਹੀ ਜਾ ਕੇ ਰੁਕੀ। ਉਹ ਭੋਪਾਲ ਪਹੁੰਚ ਚੁੱਕੇ ਸੀ। ਨੇਹਾ ਅਗਵਾ ਹੋ ਗਈ ਸੀ।
ਮੱਧ ਪ੍ਰਦੇਸ਼ ਗੁੰਮ ਹੋਏ ਬੱਚਿਆਂ ਦੇ ਅੰਕੜਿਆਂ ਦੇ ਮਾਮਲੇ ਵਿੱਚ ਲਗਾਤਾਰ ਸਭ ਤੋਂ ਉੱਪਰ ਬਣਿਆ ਹੋਇਆ ਹੈ। 2016 ਅਤੇ 2021 ਦੇ ਦਰਮਿਆਨ ਸੂਬੇ ਵਿੱਚ 60,031 ਮਾਮਲੇ (ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ) ਰਿਕਾਰਡ ਕੀਤੇ ਗਏ। 2022 ਵਿੱਚ ਚਾਈਲਡ ਰਾਈਟਸ ਅਤੇ ਯੂ (CRY) ਦੁਆਰਾ ਪਾਈ ਇੱਕ RTI ਦੇ ਮੁਤਾਬਕ 11,717 ਬੱਚੇ ਗੁੰਮ ਹੋਏ। ਹਰ ਸਾਲ ਔਸਤਨ 10,250 ਬੱਚੇ ਜਾਂ ਹਰ ਦਿਨ 28 ਬੱਚੇ ਗੁੰਮ ਹੁੰਦੇ ਹਨ ਜੋ ਕਿ ਭਾਰਤ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਬਹੁਤ ਜ਼ਿਆਦਾ ਹੈ।
ਤੇ ਗੁੰਮ ਹੋਏ ਬੱਚਿਆਂ ਦਾ 77 ਫੀਸਦ ਦੇ ਕਰੀਬ – 55,073 – ਨੇਹਾ ਵਰਗੀਆਂ ਕੁੜੀਆਂ ਹਨ। “ਪਰ (ਗੁੰਮ ਹੋਏ ਬੱਚਿਆਂ ਦੇ) ਇਹ ਅੰਕੜੇ ਵੀ ਸੰਭਾਵੀ ਤੌਰ ਤੇ ਘੱਟ ਅੰਦਾਜ਼ਾ ਹੈ ਕਿਉਂਕਿ ਰਿਮੋਟ ਇਲਾਕਿਆਂ ਦੇ ਬਹੁਤ ਸਾਰੇ ਗੁੰਮਸ਼ੁਦਗੀ ਦੇ ਮਾਮਲੇ ਦਰਜ ਹੀ ਨਹੀਂ ਹੁੰਦੇ,” ਮੱਧ ਪ੍ਰਦੇਸ਼ ਵਿੱਚ ਗੁੰਮ ਹੋਏ ਬੱਚਿਆਂ ਦੇ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਜੋ ਬੱਚਿਆਂ ਦੇ ਹੱਕਾਂ ਲਈ ਕੰਮ ਕਰਦੀ ਹੈ, ਵਿਕਾਸ ਸਮਵਾਦ ਸਮਿਤੀ ਨਾਲ ਕੰਮ ਕਰਦੇ ਭੋਪਾਲ ਦੇ ਸਚਿਨ ਜੈਨ ਨੇ ਕਿਹਾ।
ਇਸ ਦੌਰਾਨ ਸ਼ਹਿਰ ਦੇ ਬਾਹਰਵਾਰ ਆਪਣੀ ਇੱਕ ਕਮਰੇ ਦੀ ਕੋਠੜੀ ਵਿੱਚ ਰਹਿੰਦੇ ਨੇਹਾ ਦੇ ਮਾਪਿਆਂ ਪ੍ਰੀਤੀ ਅਤੇ ਰਮਨ ਨੇ ਤੇਜ਼ੀ ਨਾਲ ਭਾਲ ਸ਼ੁਰੂ ਕਰ ਦਿੱਤੀ, ਗੁਆਂਢੀਆਂ ਦੇ ਦਰਵਾਜ਼ੇ ਖੜਕਾਏ ਅਤੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ। “ਮੈਂ ਆਪਣੇ ਆਪ ਨੂੰ ਦੋਸ਼ ਦਿੱਤਾ,” ਪ੍ਰੀਤੀ ਨੇ ਕਿਹਾ। “ਅਸੀਂ ਸਾਰਾ ਮੁਹੱਲਾ ਛਾਣ ਮਾਰਿਆ ਪਰ ਉਹ ਕਿਤੇ ਨਹੀਂ ਮਿਲੀ। ਅਸੀਂ ਸੋਚਿਆ ਕਿ ਉਹ ਦੁਪਹਿਰ ਬਾਅਦ ਤੱਕ ਘਰ ਆ ਜਾਵੇਗੀ।” ਅਗਲੇ ਦਿਨ ਉਹ ਸਥਾਨਕ ਪੁਲਿਸ ਥਾਣੇ ਗਏ ਅਤੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।
ਉਹ ਦੋਵੇਂ (ਪਤੀ-ਪਤਨੀ) ਭੋਪਾਲ ਦੇ ਆਲੇ-ਦੁਆਲੇ ਦੀਆਂ ਵੱਖ-ਵੱਖ ਫੈਕਟਰੀਆਂ ’ਚ ਕੰਮ ਕਰਦੇ ਦਿਹਾੜੀਦਾਰ ਮਜ਼ਦੂਰ ਹਨ, ਮਿਲ ਕੇ ਮਹੀਨੇ ਦਾ 8 ਤੋਂ 10 ਹਜ਼ਾਰ ਰੁਪਇਆ ਕਮਾਉਂਦੇ ਹਨ। “ਅਸੀਂ ਹਮੇਸ਼ਾ ਹਰ ਕੀਮਤ ’ਤੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹਿਆ ਹੈ ਤਾਂ ਜੋ ਉਹ ਕੋਈ ਚੰਗੀ ਨੌਕਰੀ ਲੱਗ ਸਕਣ,” ਪ੍ਰੀਤੀ ਨੇ ਕਿਹਾ।
ਉਹ ਤੇ ਉਸਦਾ ਪਤੀ ਬੇਜ਼ਮੀਨੇ ਪਰਵਾਸੀ ਹਨ ਜੋ 20 ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਆਏ ਸਨ; ਉਹ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
ਨੇਹਾ ਵਾਂਗ, ਕਿਸ਼ੋਰ ਲੜਕੇ-ਲੜਕੀਆਂ ਜੋ ਆਪਣੇ ਮਾਂ-ਬਾਪ ਨਾਲ ਲੜਾਈ ਤੋਂ ਬਾਅਦ ਘਰ ਛੱਡ ਦਿੰਦੇ ਹਨ, ਉਹ ਨੌਜਵਾਨ ਜੋ ਪਿਆਰ ਵਿੱਚ ਪੈ ਕੇ ਘਰੋਂ ਭੱਜ ਜਾਂਦੇ ਹਨ, ਗੁੰਮ ਹੋਏ ਬੱਚਿਆਂ ਦੀਆਂ ਉਹਨਾਂ ਕੁਝ ਸੂਚੀਆਂ ਵਿੱਚ ਆਉਂਦੇ ਹਨ ਜਿਹਨਾਂ ਦੀ ਸੈਕਸ ਜਾਂ ਮਜ਼ਦੂਰੀ ਲਈ ਤਸਕਰੀ ਦੇ ਮਾਮਲੇ ਸਭ ਤੋਂ ਗੰਭੀਰ ਹਨ। “ਠੇਕੇਦਾਰ ਬੱਚਿਆਂ ਨੂੰ ਕੰਮ ਲਈ ਇੱਕ ਤੋਂ ਦੂਜੀ ਥਾਂ ਲੈ ਜਾਂਦੇ ਹਨ। ਇਸ ਤਰ੍ਹਾਂ ਦੀ ਬਾਲ ਮਜ਼ਦੂਰੀ ਪਿੱਛੇ ਇੱਕ ਵੱਡਾ ਨੈਕਸਸ ਹੈ,” ਜੈਨ ਨੇ ਦੱਸਿਆ।
*****
ਨੇਹਾ ਨੂੰ ਭੋਪਾਲ ਦੇ ਇੱਕ ਫਲੈਟ ਵਿੱਚ ਲਿਜਾਇਆ ਗਿਆ ਅਤੇ ਉਸਨੂੰ ਨਾ ਕਿਤੇ ਜਾਣ ਦਿੱਤਾ ਗਿਆ ਤੇ ਨਾ ਹੀ ਕਿਸੇ ਨਾਲ ਸੰਪਰਕ ਕਰਨ ਦਿੱਤਾ ਗਿਆ। ਉਸ ਆਦਮੀ ਤੇ ਔਰਤ ਨੇ ਗੁਆਂਢੀਆਂ ਨੂੰ ਕਿਹਾ ਕਿ ਉਹ ਉਹਨਾਂ ਦੇ ਰਿਸ਼ਤੇਦਾਰ ਦੀ ਬੇਟੀ ਹੈ ਅਤੇ ਉਸਨੂੰ ਸਨਾ ਦੇ ਨਾਮ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ; ਜਦ ਵੀ ਉਹ ਨਵੇਂ ਨਾਮ ਨਾਲ ਪੁਕਾਰੇ ਜਾਣ ’ਤੇ ਜਵਾਬ ਨਾ ਦਿੰਦੀ ਤਾਂ ਉਸਨੂੰ ਮਾਰਿਆ-ਕੁੱਟਿਆ ਜਾਂਦਾ।
ਆਪਣੇ ਘਰੋਂ ਨੱਠੀ ਲੜਕੀ ਦਾ ਸਰੀਰਕ ਤੇ ਜਿਨਸੀ ਤੌਰ ’ਤੇ ਸ਼ੋਸ਼ਣ ਕੀਤਾ ਗਿਆ। “ਮੈਂ ਘਰ ਵਾਪਸ ਜਾਣ ਦੀ ਉਮੀਦ ਛੱਡ ਦਿੱਤੀ ਸੀ,” ਉਸਨੇ ਯਾਦ ਕਰਦਿਆਂ ਕਿਹਾ। “ਜਦ ਪੁਲਿਸ ਨੇ ਮੈਨੂੰ ਬਚਾਇਆ ਤਾਂ ਮੈਨੂੰ ਯਕੀਨ ਨਹੀਂ ਸੀ ਆ ਰਿਹਾ।”
ਪੁਲਿਸ ਨੇ ਉਸਨੂੰ ਉਸਦੀ ਹਾਈਵੇਅ ’ਤੇ ਤੁਰੀ ਜਾਂਦੀ ਦੀ ਸੀਸੀਟੀਵੀ ਫੁਟੇਜ ਤੋਂ ਲੱਭਿਆ ਪਰ ਉਹਨਾਂ ਨੂੰ ਉਸਨੂੰ ਭੋਪਾਲ ਵਿੱਚ ਲੱਭਣ ਵਿੱਚ ਕਈ ਦਿਨ ਲੱਗ ਗਏ। ਉਸ ਆਦਮੀ ਤੇ ਔਰਤ ਨੂੰ ਅਗਵਾ ਕਰਨ ਦੇ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੌਕਸੋ (POCSO) ਐਕਟ 2012 ਅਤੇ ਬਾਲ ਮਜ਼ਦੂਰੀ ਐਕਟ 1986 ਦੇ ਤਹਿਤ ਕੇਸ ਪਾਇਆ ਗਿਆ।
ਜਦ ਉਹ ਘਰ ਪਹੁੰਚੀ ਤਾਂ ਉਸਦੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ ਤੇ ਫੁੱਟ-ਫੁੱਟ ਰੋਣ ਲੱਗੇ। “ਅਸੀਂ ਹਮੇਸ਼ਾ ਪੁਲਿਸ ਦੇ ਸ਼ੁਕਰਗੁਜ਼ਾਰ ਰਹਾਂਗੇ,” ਪ੍ਰੀਤੀ ਨੇ ਕਿਹਾ।
ਨੇਹਾ ਵਾਂਗ, ਕਿਸ਼ੋਰ ਲੜਕੇ-ਲੜਕੀਆਂ ਜੋ ਆਪਣੇ ਮਾਂ-ਬਾਪ ਨਾਲ ਲੜਾਈ ਤੋਂ ਬਾਅਦ ਘਰ ਛੱਡ ਦਿੰਦੇ ਹਨ, ਉਹ ਨੌਜਵਾਨ ਜੋ ਪਿਆਰ ਵਿੱਚ ਪੈ ਕੇ ਘਰੋਂ ਭੱਜ ਜਾਂਦੇ ਹਨ, ਗੁੰਮ ਹੋਏ ਬੱਚਿਆਂ ਦੀਆਂ ਉਹਨਾਂ ਕੁਝ ਸੂਚੀਆਂ ਵਿੱਚ ਆਉਂਦੇ ਹਨ ਜਿਹਨਾਂ ਦੀ ਸੈਕਸ ਜਾਂ ਮਜ਼ਦੂਰੀ ਲਈ ਤਸਕਰੀ ਦੇ ਮਾਮਲੇ ਸਭ ਤੋਂ ਗੰਭੀਰ ਹਨ
ਜੈਨ ਦਾ ਕਹਿਣਾ ਹੈ ਕਿ ਨੇਹਾ ਖੁਸ਼ਕਿਸਮਤ ਸੀ ਕਿ ਉਸਨੂੰ ਬੜੀ ਛੇਤੀ ਲੱਭ ਲਿਆ ਗਿਆ ਪਰ ਜਿੰਨੀਆਂ ਗੁੰਮਸ਼ੁਦਗੀਆਂ ਦੇ ਕੇਸ ਹਨ, ਉਹ ਵੱਡੀ ਚਿੰਤਾ ਦਾ ਵਿਸ਼ਾ ਹਨ। “ਇਹ ਸਿਰਫ਼ ਕਾਨੂੰਨ ਤੇ ਸੁਰੱਖਿਆ ਦੀ ਸਮੱਸਿਆ ਨਹੀਂ,” ਉਸਨੇ ਕਿਹਾ। “ਇਹ ਸਮਾਜਿਕ ਸਮੱਸਿਆ ਹੈ। ਅੱਜ ਦੇ ਸਮੇਂ ਵਿੱਚ ਸਮਾਜ ਨੂੰ ਬੱਚਿਆਂ ਅਤੇ ਕਿਸ਼ੋਰ ਲੜਕੇ-ਲੜਕੀਆਂ ਦੀਆਂ ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ।”
ਪਿਛਲੇ ਸੱਤ ਸਾਲਾਂ ਵਿੱਚ ਮੱਧ ਪ੍ਰਦੇਸ਼ ਵਿੱਚ 70,000 ਬੱਚੇ ਗੁੰਮਸ਼ੁਦਾ ਹੋ ਗਏ, ਜਿਹਨਾਂ ਵਿੱਚੋਂ ਹਰ ਸਾਲ ਸੂਬੇ ਦੀ ਪੁਲਿਸ ਨੇ 60-65 ਫੀਸਦ ਬੱਚੇ ਲੱਭ ਲਏ। ਪਰ ਇੱਕ ਬੱਚਾ ਗੁੰਮ ਹੋਣਾ ਵੀ ਚਿੰਤਾ ਦਾ ਵਿਸ਼ਾ ਹੈ। ਇਸ ਸਮੇਂ 11,000 ਤੋਂ ਵੱਧ ਬੱਚੇ ਐਸੀ ਜ਼ਿੰਦਗੀ ਜੀਅ ਰਹੇ ਹਨ ਜੋ ਉਹਨਾਂ ਨੇ ਨਹੀਂ ਜਿਉਣੀ ਸੀ ਅਤੇ ਉਹਨਾਂ ਦੇ ਮਾਪੇ ਅਤੇ ਪਰਿਵਾਰ ਇਸ ਡਰ ਅਤੇ ਜਾਣਕਾਰੀ ਦੀ ਘਾਟ ਵਿੱਚ ਜੀਅ ਰਹੇ ਹਨ ਕਿ ਉਹਨਾਂ ਦੇ ਬੱਚੇ ਉੱਤੇ ਕੀ-ਕੀ ਜ਼ੁਲਮ ਹੋ ਰਹੇ ਹੋਣਗੇ।
ਲਕਸ਼ਮੀ ਤੇ ਨਿਤੀਸ਼ ਉਦੋਂ ਤੋਂ ਹਰ ਵੇਲੇ ਆਪਣੇ ਮਨ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸੋਚਦੇ ਰਹਿੰਦੇ ਹਨ ਜਦ ਤੋਂ ਉਹਨਾਂ ਦੀ 14 ਸਾਲ ਦੀ ਬੇਟੀ ਪੂਜਾ ਅਗਸਤ ਵਿੱਚ ਗੁੰਮਸ਼ੁਦਾ ਹੋ ਗਈ। ਪੁਲਿਸ ਅਜੇ ਤੱਕ ਉਸਨੂੰ ਲੱਭ ਨਹੀਂ ਸਕੀ ਅਤੇ ਅਜੇ ਵੀ ਉਸਦੀ ਭਾਲ ਜਾਰੀ ਹੈ।
“ ਦਿਮਾਗ ਖਰਾਬ ਹੋ ਗਯਾ ,” ਨਿਤੀਸ਼ ਨੇ ਕਿਹਾ। “ਅਸੀਂ ਜਿੰਨਾ ਹੋ ਸਕੇ ਚੰਗਾ ਹੀ ਸੋਚਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਸਾਡੀ ਬੇਟੀ ਕੀ ਕਰ ਰਹੀ ਹੋਵੇਗੀ, ਇਹ ਨਾ ਸੋਚਣਾ ਅਸੰਭਵ ਹੈ।”
ਇੱਕ ਸਵੇਰ, ਪੂਜਾ ਸਕੂਲ ਗਈ ਪਰ ਵਾਪਸ ਨਹੀਂ ਆਈ। ਸੀਸੀਟੀਵੀ ਫੁਟੇਜ ਵਿੱਚ ਸਕੂਲ ਦੇ ਅੱਧੇ ਰਾਹ ਤੱਕ ਉਹ ਨਜ਼ਰ ਆਉਂਦੀ ਹੈ ਪਰ ਉਸ ਤੋਂ ਬਾਅਦ ਗਾਇਬ ਹੋ ਜਾਂਦੀ ਹੈ। ਉਸਦੇ ਮਾਪਿਆਂ ਨੂੰ ਲਗਦਾ ਹੈ ਕਿ ਉਸਨੇ ਇਹ ਜਾਣਬੁੱਝ ਕੇ ਕੀਤਾ ਕਿਉਂਕਿ ਉਹ ਆਪਣਾ ਫੋਨ ਘਰ ਛੱਡ ਕੇ ਗਈ ਸੀ, ਜੋ ਉਸਨੇ ਕਦੇ ਵੀ ਨਹੀਂ ਸੀ ਕੀਤਾ। “ਪੁਲਿਸ ਨੇ ਉਸਦੇ ਫੋਨ ਦਾ ਰਿਕਾਰਡ ਚੈਕ ਕੀਤਾ ਅਤੇ ਪਾਇਆ ਕਿ ਉਹ ਲਗਾਤਾਰ ਕਿਸੇ ਲੜਕੇ ਨਾਲ ਗੱਲ ਕਰ ਰਹੀ ਸੀ,” ਨਿਤੀਸ਼ ਨੇ ਦੱਸਿਆ। “ਉਹ ਕਾਫ਼ੀ ਦੇਰ ਫੋਨ ਉੱਤੇ ਲੱਗੀ ਰਹਿੰਦੀ ਸੀ ਪਰ ਅਸੀਂ ਉਸਦੀ ਗੋਪਨੀਯਤਾ ਦੀ ਕਦਰ ਕਰਦੇ ਸੀ। ਅਸੀਂ ਸੋਚਿਆ ਕਿ ਇਸ ਉਮਰ ਵਿੱਚ ਉਹ (ਬੱਚੇ) ਹਰ ਵੇਲੇ ਆਪਣੇ ਦੋਸਤਾਂ ਨਾਲ ਗੱਲ ਕਰਨਾ ਚਾਹੁੰਦੇ ਹਨ,” ਉਸਦੇ 49 ਸਾਲਾ ਪਿਤਾ ਨੇ ਕਿਹਾ।
ਜਿਸ ਲੜਕੇ ਨਾਲ ਪੂਜਾ ਗੱਲ ਕਰਦੀ ਸੀ ਉਹ ਉਸਦੀ ਹੀ ਉਮਰ ਦਾ ਸੀ ਅਤੇ ਉੱਤਰ ਪ੍ਰਦੇਸ਼ ਦੇ ਕਿਸੇ ਪਿੰਡ ਦਾ ਸੀ ਜਿਹਨੂੰ ਉਹ ਖੁਦ ਵੀ ਜਾਣਦੇ ਸੀ। ਪੁਲਿਸ ਉਸਨੂੰ ਅਤੇ ਪੂਜਾ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹਨਾਂ ਨੂੰ ਅਜੇ ਤੱਕ ਦੋਵਾਂ ’ਚੋਂ ਕੋਈ ਨਹੀਂ ਲੱਭਿਆ।
ਨਿਤੀਸ਼ ਅਤੇ ਲਕਸ਼ਮੀ ਨੇ ਭਾਣਾ ਮੰਨ ਲਿਆ ਹੈ ਅਤੇ ਹਰ ਰੋਜ਼ ਆਪਣੇ ਕੰਮ ’ਤੇ ਜਾ ਰਹੇ ਹਨ। ਉਹ ਦੋਵੇਂ, ਹੁਣ 40ਵਿਆਂ ਦੇ ਅਖੀਰ ਦੀ ਉਮਰ ਵਿੱਚ, ਕੰਮ ਦੀ ਤਲਾਸ਼ ਵਿੱਚ ਪੱਛਮੀ ਬਿਹਾਰ ਦੇ ਇੱਕ ਪਿੰਡ ਤੋਂ ਕਰੀਬ 30 ਸਾਲ ਪਹਿਲਾਂ ਪਰਵਾਸ ਕਰਕੇ ਆਏ ਸਨ। “ਅਸੀਂ ਕਿਸੇ ਨੂੰ ਜਾਣਦੇ ਸੀ ਜੋ ਇੱਥੇ ਪਰਵਾਸ ਕਰਕੇ ਆਇਆ ਸੀ,” ਨਿਤੀਸ਼ ਨੇ ਦੱਸਿਆ। “ਉਸਨੇ ਸਾਨੂੰ ਇੱਥੇ ਆ ਕੇ ਕੰਮ ਦੀ ਤਲਾਸ਼ ਦੀ ਸਲਾਹ ਦਿੱਤੀ।”
ਉਹ ਦੋਵੇਂ ਦਿਹਾੜੀਦਾਰ ਮਜ਼ਦੂਰ ਦੇ ਤੌਰ ’ਤੇ ਕੰਮ ਕਰਦੇ ਹਨ ਅਤੇ ਝੌਂਪੜੀ ਛੱਡ ਕੇ ਪੱਕੇ ਘਰ ਵਿੱਚ ਜਾਣ ਲਈ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਵਿਆਹ ਲਈ ਪੈਸੇ ਜੋੜ ਰਹੇ ਹਨ। ਹਰ ਦਿਨ 12-14 ਘੰਟੇ ਕੰਮ ਕਰਕੇ ਉਹ ਮਹੀਨੇ ਦੇ 9,000 ਰੁਪਏ ਕਮਾ ਲੈਂਦੇ ਹਨ। ਨਿਤੀਸ਼ ਸੋਚਦਾ ਹੈ ਕਿ ਸ਼ਾਇਦ ਕੰਮ ਦੇ ਜ਼ਿਆਦਾ ਘੰਟਿਆਂ ਕਾਰਨ ਉਸਨੇ ਆਪਣੀ ਬੇਟੀ ਵੱਲ ਧਿਆਨ ਨਹੀਂ ਦਿੱਤਾ। “ਅਸੀਂ ਹਰ ਉਹ ਕੰਮ ਕੀਤਾ ਜੋ ਵੀ ਸਾਨੂੰ ਮਿਲਿਆ ਕਿਉਂਕਿ ਅਸੀਂ ਆਪਣੇ ਬੱਚਿਆਂ ਲਈ ਬਿਹਤਰ ਜਿੰਦਗੀ ਚਾਹੁੰਦੇ ਸਾਂ। ਉਹ ਸਾਡੇ ਨਾਲ ਗੱਲ ਨਹੀਂ ਕਰ ਪਾਈ, ਕੀ ਅਸੀਂ ਮਾਪਿਆਂ ਦੇ ਤੌਰ ’ਤੇ ਨਾਕਾਮਯਾਬ ਰਹੇ?”
ਪੂਜਾ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਉਚੇਰੀ ਪੜ੍ਹਾਈ ਦਾ ਸੁਪਨਾ ਰੱਖਦੀ ਸੀ। ਉਸਦੀਆਂ ਵੱਡੀਆਂ ਭੈਣਾਂ ਦਾ 20 ਅਤੇ 22 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ ਪਰ ਉਸਦਾ ਸੁਪਨਾ ਪੁਲਿਸ ਅਫ਼ਸਰ ਬਣਨ ਦਾ ਸੀ। ਉਸਦੇ ਮਾਪੇ ਸੋਚਦੇ ਹਨ ਕਿ ਕੀ ਉਸਨੇ ਆਪਣਾ ਸੁਪਨਾ ਤਿਆਗ ਦਿੱਤਾ ਹੈ, ਜਾਂ ਕੀ ਉਹ ਉਹਨਾਂ ਨੂੰ ਯਾਦ ਕਰਦੀ ਹੈ। ਉਹ ਇਹ ਵੀ ਸੋਚਦੇ ਹਨ ਕਿ ਸ਼ਾਇਦ ਉਸਨੂੰ ਉਸਦੀ ਮਰਜ਼ੀ ਤੋਂ ਬਿਨ੍ਹਾਂ ਲਿਜਾਇਆ ਗਿਆ ਅਤੇ ਇਹ ਵੀ ਕਿ ਕੀ ਉਹ ਉਸਨੂੰ ਮੁੜ ਕਦੇ ਦੇਖ ਪਾਉਣਗੇ ਜਾਂ ਨਹੀਂ।
“ਜੋ ਲੜਕੀਆਂ ਗੁੰਮਸ਼ੁਦਾ ਹੋ ਜਾਂਦੀਆਂ ਹਨ ਉਹਨਾਂ ਨਾਲ ਕੀ ਵਾਪਰਦਾ ਹੈ, ਇਸ ਬਾਰੇ ਕਿੰਨੀਆਂ ਹੀ ਭਿਆਨਕ ਖ਼ਬਰਾਂ ਆਉਂਦੀਆਂ ਹਨ,” ਲਕਸ਼ਮੀ ਕਹਿੰਦੀ ਹੈ, ਜੋ ਉਸ ਵੇਲੇ ਤੋਂ ਨਹੀਂ ਸੁੱਤੀ ਜਦ ਤੋਂ ਉਸ ਦੀ ਬੇਟੀ ਗੁੰਮ ਹੋਈ ਹੈ। “ਮੈਨੂੰ ਬੜੇ ਹੀ ਭਿਆਨਕ ਖਿਆਲ ਆਉਂਦੇ ਰਹਿੰਦੇ ਹਨ, ਜਿਹਨਾਂ ਤੋਂ ਪਿੱਛਾ ਛੁਡਾਉਣਾ ਮੁਸ਼ਕਿਲ ਹੈ। ਘਰ ਵਿੱਚ ਮਰਗ ਵਰਗਾ ਮਾਹੌਲ ਹੈ।”
ਆਮ ਵਿਧੀ (SOP) ਮੁਤਾਬਕ ਜੇ ਕੋਈ ਨਾਬਾਲਗ ਚਾਰ ਮਹੀਨੇ ਤੱਕ ਲੱਭਿਆ ਨਾ ਜਾ ਸਕੇ, ਤਾਂ ਕੇਸ ਜ਼ਿਲ੍ਹੇ ਦੀ ਐਂਟੀ ਮਨੁੱਖੀ ਤਸਕਰੀ ਯੂਨਿਟ (AHTU) ਕੋਲ ਟਰਾਂਸਫਰ ਕਰਨਾ ਹੁੰਦਾ ਹੈ।
ਜੈਨ ਦਾ ਕਹਿਣਾ ਹੈ ਕਿ ਜਦ ਯੂਨਿਟ ਕੋਲ ਕੇਸ ਟਰਾਂਸਫਰ ਕਰ ਦਿੱਤਾ ਜਾਵੇ, ਤਾਂ ਉਸਦੀ ਜਾਂਚ ਹੋਰ ਜਿਆਦਾ ਗਰਮਜੋਸ਼ੀ, ਗੰਭੀਰਤਾ ਧਿਆਨ ਨਾਲ ਕੀਤੀ ਜਾਂਦੀ ਹੈ। “ਪਰ ਸੂਬਾ (ਸਰਕਾਰ) ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਜਿਹਾ ਨਾ ਹੋਵੇ ਕਿਉਂਕਿ ਜੇ ਤਸਕਰੀ ਦੇ ਅੰਕੜੇ ਬਹੁਤ ਜਿਆਦਾ ਵਧ ਜਾਣ ਤਾਂ ਇਸ ਨਾਲ ਸੂਬੇ ਦੀ ਬਦਨਾਮੀ ਹੁੰਦੀ ਹੈ।” ਅਜਿਹੇ ਬਦਕਿਸਮਤ ਕੇਸ ਸਥਾਨਕ ਪੁਲਿਸ ਕੋਲ ਪਏ ਰਹਿੰਦੇ ਹਨ ਅਤੇ ਇਸ ਨਾਲ ਗੁੰਮਸ਼ੁਦਾ ਬੱਚੇ ਦੇ ਲੱਭਣ ਵਿੱਚ ਦੇਰੀ ਹੁੰਦੀ ਰਹਿੰਦੀ ਹੈ।
*****
ਜਦ ਬੱਚੇ ਲੱਭ ਜਾਂਦੇ ਹਨ ਤਾਂ ਉਹਨਾਂ ਦਾ ਮੁੜ-ਵਸੇਬਾ ਬੜਾ ਜ਼ਰੂਰੀ ਹੁੰਦਾ ਹੈ ਕਿਉਂਕਿ ਉਹ ਬੜੇ ਹੀ ਸਦਮੇ ਭਰੇ ਅਨੁਭਵ ਵਿੱਚੋਂ ਲੰਘੇ ਹੁੰਦੇ ਹਨ। ਉਹਨਾਂ ਦੀ ਮਾਨਸਿਕ ਸਥਿਤੀ ਆਮ ਤੌਰ ’ਤੇ ਬੜੀ ਹੀ ਬੁਰੀ ਹਾਲਤ ਵਿੱਚ ਹੁੰਦੀ ਹੈ।
ਭੋਪਾਲ ਦੀ ਇੱਕ ਬੱਚਿਆਂ ਦੇ ਹੱਕਾਂ ਲਈ ਲੜਨ ਵਾਲੀ ਆਗੂ ਰੇਖਾ ਸ਼੍ਰੀਧਰ ਕਹਿੰਦੀ ਹੈ ਕਿ ਮੱਧ ਪ੍ਰਦੇਸ਼ ਦੇ ਸਰਕਾਰੀ ਹਸਪਤਾਲਾਂ ਵਿੱਚ ਪੇਸ਼ੇਵਰ ਮਨੋਵਿਗਿਆਨੀਆਂ ਦੀ ਘਾਟ ਹੈ ਅਤੇ ਇਹਨਾਂ ਵਿੱਚੋਂ ਬਹੁਤੇ ਸ਼ਹਿਰਾਂ ਵਿੱਚ ਹੀ ਹਨ। “ਇਸਦਾ ਮਤਲਬ ਹੈ ਕਿ ਰਿਮੋਟ ਇਲਾਕੇ ਦੇ ਸਦਮੇ ਦੇ ਮਾਰੇ ਬੱਚਿਆਂ ਲਈ ਲਗਾਤਾਰ ਕਾਊਂਸਲਿੰਗ ਦੇ ਸੈਸ਼ਨ ਨਹੀਂ ਮੁਹੱਈਆ ਹੁੰਦੇ, ਜਿਹਨਾਂ ਦੀ ਉਹਨਾਂ ਨੂੰ ਬੁਰੀ ਤਰ੍ਹਾਂ ਲੋੜ ਹੁੰਦੀ ਹੈ,” ਉਸਨੇ ਕਿਹਾ, ਨਾਲ ਹੀ ਦੱਸਿਆ, “ਮਾਪੇ ਘਰ ਵਿੱਚ ਇਸ ਨੂੰ ਸੰਭਾਲ ਨਹੀਂ ਪਾਉਂਦੇ ਕਿਉਂਕਿ ਉਹ ਆਪਣੀਆਂ ਆਰਥਿਕ ਮੁਸ਼ਕਿਲਾਂ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ ਅਤੇ ਵੈਸੇ ਵੀ ਮਾਨਸਿਕ ਰੋਗੀ ਦੀ ਸੰਭਾਲ ਨੂੰ ਲੈ ਕੇ ਬਹੁਤੀ ਚੇਤੰਨਤਾ ਨਹੀਂ।”
ਸ਼੍ਰੀਧਰ ਕਾਊਂਸਲਿੰਗ ਦੀ ਮਹੱਤਤਾ ’ਤੇ ਜ਼ੋਰ ਦਿੰਦੀ ਹੈ। “ਬੱਚੇ ਡਿਪਰੈਸ਼ਨ ਵਿੱਚ ਜਾ ਸਕਦੇ ਹਨ ਅਤੇ ਉਹਨਾਂ ਦਾ ਝੁਕਾਅ ਖੁਦਕੁਸ਼ੀ ਵੱਲ ਹੋ ਸਕਦਾ ਹੈ,” ਉਸਨੇ ਕਿਹਾ। “ਉਹਨਾਂ ਦੇ ਮਨ ਤੇ ਇਸਦਾ ਡੂੰਘਾ ਪ੍ਰਭਾਵ ਪੈ ਸਕਦਾ ਹੈ ਅਤੇ ਭਵਿੱਖ ਵਿੱਚ ਹਰ ਸੰਭਾਵੀ ਰਿਸ਼ਤੇ ’ਤੇ ਅਸਰ ਪੈ ਸਕਦਾ ਹੈ।”
ਨੇਹਾ ਨੂੰ ਘਰ ਵਾਪਸ ਆਏ ਪੰਜ ਮਹੀਨੇ ਹੋ ਚੁੱਕੇ ਹਨ। ਉਸਦੇ ਉਦੋਂ ਤੋਂ ਚਾਰ ਤੋਂ ਪੰਜ ਕਾਊਂਸਲਿੰਗ ਦੇ ਸੈਸ਼ਨ ਹੋ ਚੁੱਕੇ ਹਨ ਪਰ ਉਹ ਅਜੇ ਵੀ ਪੂਰੀ ਤਰ੍ਹਾਂ ਸੰਭਲ ਨਹੀਂ ਸਕੀ। ਉਸਨੂੰ ਇਹ ਯਕੀਨ ਕਰਨ ਵਿੱਚ ਸਮਾਂ ਲੱਗਿਆ ਕਿ ਉਹ ਹੁਣ ਆਪਣੇ ਘਰ ਵਿੱਚ ਹੈ ਤੇ ਸੁਰੱਖਿਅਤ ਹੈ। “ਉਹ 17 ਦਿਨ ਮੈਨੂੰ ਸਾਲਾਂ ਵਰਗੇ ਲੱਗੇ,” ਨੇਹਾ ਨੇ ਕਿਹਾ।
ਉਸਨੇ ਮੁੜ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ ਪਰ ਉਸਨੂੰ ਇਕੱਲੇ ਜਾਣ ਵਿੱਚ ਡਰ ਲਗਦਾ ਹੈ। ਉਸਦਾ ਭਰਾ ਉਸਨੂੰ ਰੋਜ਼ ਸਕੂਲ ਛੱਡਦਾ ਹੈ ਅਤੇ ਵਾਪਸ ਘਰ ਲੈ ਕੇ ਆਉਂਦਾ ਹੈ। ਨੇਹਾ, ਜੋ ਕਾਫੀ ਖੁੱਲ੍ਹੇ ਮਿਜ਼ਾਜ ਦੀ ਸੀ, ਹੁਣ ਨਵੇਂ ਲੋਕਾਂ ਨੂੰ ਮਿਲਣ ਤੋਂ ਡਰਦੀ ਹੈ ਅਤੇ ਨਜ਼ਰਾਂ ਨਹੀਂ ਮਿਲਾਉਂਦੀ।
ਉਸਦਾ ਪਰਿਵਾਰ ਇੱਟਾਂ ਦੇ ਬਣੇ ਇੱਕ ਕਮਰਾ-ਰਸੋਈ ਵਿੱਚ ਰਹਿੰਦਾ ਹੈ, ਜਿਸਦੀ ਛੱਤ ਟੀਨ ਦੀ ਹੈ ਅਤੇ ਇੱਥੇ ਉਹ ਫਰਸ਼ ਉੱਤੇ ਇਕੱਠੇ ਸੌਂਦੇ ਹਨ। ਪਰ ਨੇਹਾ ਲਈ ਇਹੀ ਯਾਦਾਂ ਡਰਾਉਣੀਆਂ ਸਾਬਤ ਹੁੰਦੀਆਂ ਹਨ। “ਇਹ ਜਦ ਤੋਂ ਵਾਪਸ ਆਈ ਹੈ, ਉਦੋਂ ਤੋਂ ਆਰਾਮ ਨਾਲ ਨਹੀਂ ਸੁੱਤੀ,” ਪ੍ਰੀਤੀ ਨੇ ਦੱਸਿਆ। “ਜਦ ਵੀ ਇਸਦੇ ਨਾਲ ਪਿਆ ਕੋਈ ਨੀਂਦ ਵਿੱਚ ਹਿਲਦਾ ਹੈ, ਤਾਂ ਇਹ ਉੱਠ ਕੇ ਮਦਦ ਲਈ ਪੁਕਾਰਨ ਲਗਦੀ ਹੈ। ਇਸਨੂੰ ਸ਼ਾਂਤ ਕਰਨ ਵਿੱਚ ਸਮਾਂ ਲਗਦਾ ਹੈ।”
ਨਾਬਾਲਗਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਰਿਪੋਰਟ ਵਿਚਲੇ ਸਾਰੇ ਲੋਕਾਂ ਦੇ ਨਾਂ ਬਦਲੇ ਗਏ ਹਨ।
ਤਰਜਮਾ: ਅਰਸ਼ਦੀਪ ਅਰਸ਼ੀ