ਝਾਰਖੰਡ ਦੇ ਚੇਚਰੀਆ ਪਿੰਡ ਵਿੱਚ ਸਵਿਤਾ ਦੇਵੀ ਦੇ ਮਿੱਟੀ ਦੇ ਘਰ ਦੀ ਕੰਧ ਤੋਂ ਡਾ. ਬੀ. ਆਰ. ਅੰਬੇਦਕਰ ਦੀ ਤਸਵੀਰ ਹੇਠਾਂ ਨੂੰ ਝਾਤ ਮਾਰ ਰਹੀ ਹੈ। “(ਵੋਟ ਦਾ ਹੱਕ) ਸਾਨੂੰ ਬਾਬਾ ਸਾਹਿਬ ਨੇ ਦਿੱਤਾ ਹੈ, ਇਸ ਕਰਕੇ ਅਸੀਂ ਵੋਟ ਪਾ ਰਹੇ ਹਾਂ,” ਸਵਿਤਾ ਨੇ ਕਿਹਾ।
ਸਵਿਤਾ ਕੋਲ ਇੱਕ ਬਿੱਘਾ (ਪੌਣਾ ਏਕੜ) ਜ਼ਮੀਨ ਹੈ ਜਿਸ ਵਿੱਚ ਉਹ ਖਰੀਫ਼ ਵੇਲੇ ਝੋਨਾ ਤੇ ਮੱਕੀ ਅਤੇ ਰੱਬੀ ਵੇਲੇ ਕਣਕ, ਛੋਲੇ ਤੇ ਤੇਲ ਦੇ ਬੀਜ ਉਗਾਉਂਦੀ ਹੈ। ਉਹਨੇ ਸੋਚਿਆ ਸੀ ਕਿ ਘਰ ਦੇ ਪਿਛਲੇ ਵਿਹੜੇ ਵਿਚਲੀ ਜ਼ਮੀਨ ਨੂੰ ਪੱਧਰਾ ਕਰਕੇ ਸਬਜ਼ੀਆਂ ਉਗਾਵੇਗੀ। “ਪਰ ਦੋ ਸਾਲ ਤੋਂ ਪਾਣੀ ਹੀ ਨਹੀਂ ਮਿਲਿਆ।” ਲਗਾਤਾਰ ਦੋ ਸਾਲ ਤੋਂ ਸੋਕਾ ਪੈਣ ਕਾਰਨ ਪਰਿਵਾਰ ’ਤੇ ਕਰਜ਼ਾ ਚੜ੍ਹ ਗਿਆ ਹੈ।
32 ਸਾਲਾ ਸਵਿਤਾ ਆਪਣੇ ਚਾਰ ਬੱਚਿਆਂ ਨਾਲ ਪਲਾਮੂ ਜ਼ਿਲ੍ਹੇ ਦੇ ਇਸ ਪਿੰਡ ਵਿੱਚ ਰਹਿੰਦੀ ਹੈ; ਉਹਦਾ ਪਤੀ, 37 ਸਾਲਾ ਪ੍ਰਮੋਦ ਰਾਮ 2,000 ਕਿਲੋਮੀਟਰ ਦੂਰ ਬੰਗਲੁਰੂ ਵਿੱਚ ਪਰਵਾਸੀ ਮਜ਼ਦੂਰ ਦੇ ਤੌਰ ’ਤੇ ਕੰਮ ਕਰਦਾ ਹੈ। “ਸਰਕਾਰ ਨੌਕਰੀਆਂ ਨਹੀਂ ਦੇ ਰਹੀ,” ਦਲਿਤ ਦਿਹਾੜੀਦਾਰ ਨੇ ਕਿਹਾ। “ਜਵਾਕਾਂ ਦਾ ਢਿੱਡ ਭਰਨ ਜੋਗਾ ਹੀ ਮਸਾਂ ਹੁੰਦਾ ਹੈ।”
ਉਸਾਰੀ ਵਾਲੀਆਂ ਜਗ੍ਹਾਵਾਂ ’ਤੇ ਕੰਮ ਕਰਕੇ ਪ੍ਰਮੋਦ ਮਹੀਨੇ ਦੇ 10,000 ਤੋਂ 12,000 ਰੁਪਏ ਕਮਾ ਲੈਂਦਾ ਹੈ। ਕਈ ਵਾਰ ਉਹ ਟਰੱਕ ਡਰਾਈਵਰ ਦੇ ਤੌਰ ’ਤੇ ਵੀ ਕੰਮ ਕਰਦਾ ਹੈ, ਪਰ ਇਹ ਕੰਮ ਸਾਰਾ ਸਾਲ ਨਹੀਂ ਮਿਲਦਾ। “ਜੇ ਚਾਰ ਮਹੀਨੇ ਮਰਦ ਘਰ ਬਹਿ ਜਾਣ ਤਾਂ ਸਾਨੂੰ ਭੀਖ ਮੰਗਣੀ ਪੈਂਦੀ ਹੈ। (ਪਰਵਾਸ ਤੋਂ ਇਲਾਵਾ) ਹੋਰ ਅਸੀਂ ਕਰ ਵੀ ਕੀ ਸਕਦੇ ਹਾਂ?” ਸਵਿਤਾ ਪੁੱਛਦੀ ਹੈ।
960 ਲੋਕਾਂ ਦੀ ਆਬਾਦੀ (2011 ਦੀ ਮਰਦਮਸ਼ੁਮਾਰੀ ਮੁਤਾਬਕ) ਵਾਲੇ ਪਿੰਡ ਚੇਚਰੀਆ ਦੇ ਜ਼ਿਆਦਾਤਰ ਮਰਦ ਕੰਮ ਦੀ ਤਲਾਸ਼ ਵਿੱਚ ਪਰਵਾਸ ਕਰਦੇ ਹਨ ਕਿਉਂਕਿ “ਇੱਥੇ ਨੌਕਰੀਆਂ ਨਹੀਂ ਮਿਲਦੀਆਂ। ਜੇ ਨੌਕਰੀਆਂ ਹੁੰਦੀਆਂ, ਫਿਰ ਲੋਕ ਕਿਤੇ ਹੋਰ ਕਿਉਂ ਜਾਂਦੇ?” ਸਵਿਤਾ ਦੀ 60 ਸਾਲਾ ਸੱਸ, ਸੁਰਪਤੀ ਦੇਵੀ ਨੇ ਕਿਹਾ।
(2011 ਦੀ ਮਰਦਮਸ਼ੁਮਾਰੀ ਮੁਤਾਬਕ) ਅੱਠ ਲੱਖ ਤੋਂ ਜ਼ਿਆਦਾ ਲੋਕ ਕੰਮ ਤੇ ਨੌਕਰੀ ਲਈ ਝਾਰਖੰਡ ਤੋਂ ਬਾਹਰ ਜਾਂਦੇ ਹਨ। “ਇਸ ਪਿੰਡ ਵਿੱਚ 20 ਤੋਂ 52 ਸਾਲ ਦੀ ਉਮਰ ਦਾ ਇੱਕ ਵੀ ਬੰਦਾ ਕੰਮ ਕਰਦਾ ਨਹੀਂ ਮਿਲੇਗਾ,” ਹਰੀਸ਼ੰਕਰ ਦੂਬੇ ਨੇ ਕਿਹਾ। “ਸਿਰਫ਼ ਪੰਜ ਫੀਸਦ ਲੋਕ ਰਹਿ ਗਏ ਹਨ; ਬਾਕੀ ਸਭ ਪਰਵਾਸ ਕਰ ਗਏ,” ਬਸਨਾ ਪੰਚਾਇਤ ਸੰਮਤੀ , ਜਿਸ ਦਾ ਚੇਚਰੀਆ ਪਿੰਡ ਹਿੱਸਾ ਹੈ, ਦੇ ਮੈਂਬਰ ਨੇ ਕਿਹਾ।
“ਇਸ ਵਾਰ ਜਦ ਉਹ ਵੋਟਾਂ ਮੰਗਣ ਆਉਣਗੇ ਤਾਂ ਅਸੀਂ ਪੁੱਛਾਂਗੇ ਕਿ ਤੁਸੀਂ ਸਾਡੇ ਪਿੰਡ ਲਈ ਕੀਤਾ ਕੀ ਹੈ?” ਗੁੱਸੇ ਤੇ ਦ੍ਰਿੜ੍ਹਤਾ ਨਾਲ ਸਵਿਤਾ ਨੇ ਕਿਹਾ। ਉਹ ਗੁਲਾਬੀ ਰੰਗ ਦੇ ਨਾਈਟ ਸੂਟ ਵਿੱਚ, ਸਿਰ ’ਤੇ ਪੀਲੇ ਰੰਗ ਦਾ ਦੁਪੱਟਾ ਲਈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਘਰ ਦੇ ਬਾਹਰ ਬੈਠੀ ਹੈ। ਦੁਪਹਿਰ ਦਾ ਵੇਲਾ ਹੈ, ਤੇ ਉਹਦੇ ਸਕੂਲ ਜਾਂਦੇ ਚਾਰ ਬੱਚੇ ਮਿਡ-ਡੇਅ ਮੀਲ ਵਿੱਚ ਖਿਚੜੀ ਖਾ ਕੇ ਸਕੂਲੋਂ ਪਰਤੇ ਹਨ।
ਸਵਿਤਾ ਦਲਿਤਾਂ ਦੇ ਚਮਾਰ ਭਾਈਚਾਰੇ ਨਾਲ ਸਬੰਧ ਰੱਖਦੀ ਹੈ ਤੇ ਕਹਿੰਦੀ ਹੈ ਕਿ ਉਹਨੂੰ ਬਾਬਾ ਸਾਹਿਬ ਅੰਬੇਦਕਰ – ਜਿਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ – ਬਾਰੇ ਪਿੰਡ ਦੇ ਵਾਸੀਆਂ – ਜਿਹਨਾਂ ਵਿੱਚੋਂ 70 ਫ਼ੀਸਦ ਪਛੜੀਆਂ ਜਾਤੀਆਂ ਨਾਲ ਸਬੰਧਿਤ ਹਨ – ਵੱਲੋਂ ਕਰਾਏ ਅੰਬੇਦਕਰ ਜਯੰਤੀ ਸਮਾਗਮ ਜ਼ਰੀਏ ਪਤਾ ਲੱਗਿਆ। ਅੰਬੇਦਕਰ ਦੀ ਫਰੇਮ ਕੀਤੀ ਤਸਵੀਰ ਉਹ ਕੁਝ ਸਾਲ ਪਹਿਲਾਂ 25 ਕਿਲੋਮੀਟਰ ਦੂਰ ਪੈਂਦੇ ਗੜ੍ਹਵਾ ਦੇ ਬਜ਼ਾਰ ’ਚੋਂ ਲੈ ਕੇ ਆਈ ਸੀ।
2022 ਵਿੱਚ ਪੰਚਾਇਤ ਚੋਣਾਂ ਤੋਂ ਪਹਿਲਾਂ, ਤੇਜ਼ ਬੁਖਾਰ ਦੀ ਹਾਲਤ ਵਿੱਚ, ਸਵਿਤਾ ਪਿੰਡ ਦੇ ਮੁਖੀ ਦੀ ਪਤਨੀ ਦੇ ਕਹਿਣ ਤੇ ਪ੍ਰਚਾਰ ਰੈਲੀ ਵਿੱਚ ਸ਼ਾਮਲ ਹੋਈ ਸੀ। “ਉਹਨੇ ਵਾਅਦਾ ਕੀਤਾ ਸੀ ਕਿ ਜੇ ਉਹ ਜਿੱਤੀ ਤਾਂ ਨਲਕਾ ਲਵਾ ਕੇ ਦਵੇਗੀ,” ਸਵਿਤਾ ਨੇ ਕਿਹਾ। ਜਦ ਉਹ ਜਿੱਤ ਗਈ ਪਰ ਵਾਅਦਾ ਪੂਰਾ ਨਾ ਕੀਤਾ ਤਾਂ ਸਵਿਤਾ ਦੋ ਵਾਰ ਉਹਦੇ ਘਰ ਗਈ। “ਮਿਲਣਾ ਤਾਂ ਛੱਡੋ, ਉਹਨੇ ਮੇਰੇ ਵੱਲ ਵੇਖਿਆ ਵੀ ਨਹੀਂ। ਉਹ ਆਪ ਔਰਤ ਹੈ ਪਰ ਦੂਜੀ ਔਰਤ ਦੀ ਹਾਲਤ ’ਤੇ ਉਹਨੂੰ ਤਰਸ ਨਹੀਂ ਆਇਆ।”
ਚੇਚਰੀਆ ਪਿੰਡ ਵਿੱਚ ਦਹਾਕੇ ਤੋਂ ਵੱਧ ਸਮੇਂ ਤੋਂ ਪਾਣੀ ਦੀ ਸਮੱਸਿਆ ਹੈ। ਇੱਕੋ ਖੂਹ ਹੈ ਜਿੱਥੋਂ 179 ਘਰਾਂ ਵਿੱਚ ਪਾਣੀ ਜਾਂਦਾ ਹੈ। ਹਰ ਰੋਜ਼ ਸਵਿਤਾ ਦੋ ਵਾਰ 200 ਮੀਟਰ ਦੀ ਚੜ੍ਹਾਈ ’ਤੇ ਸਥਿਤ ਨਲਕੇ ਤੋਂ ਪਾਣੀ ਭਰਨ ਜਾਂਦੀ ਹੈ। ਉਹ ਸਵੇਰੇ ਚਾਰ ਜਾਂ ਪੰਜ ਵਜੇ ਤੋਂ ਲੈ ਕੇ ਹਰ ਰੋਜ਼ ਪੰਜ ਤੋਂ ਛੇ ਘੰਟੇ ਪਾਣੀ ਨਾਲ ਸਬੰਧਿਤ ਕੰਮਾਂ ਵਿੱਚ ਲਾਉਂਦੀ ਹੈ। “ਕੀ ਨਲਕਾ ਮੁਹੱਈਆ ਕਰਾਉਣਾ ਸਰਕਾਰ ਦੀ ਜ਼ਿੰਮੇਦਾਰੀ ਨਹੀਂ?” ਉਹ ਪੁੱਛਦੀ ਹੈ।
ਝਾਰਖੰਡ ਵਿੱਚ ਲਗਾਤਾਰ ਸੋਕਾ ਪੈਂਦਾ ਰਿਹਾ ਹੈ: 2022 ਵਿੱਚ ਲਗਭਗ ਪੂਰਾ ਸੂਬਾ – 226 ਬਲਾਕ – ਸੋਕੇ ਤੋਂ ਪ੍ਰਭਾਵਿਤ ਐਲਾਨ ਦਿੱਤੇ ਗਏ ਸਨ। ਅਗਲੇ ਸਾਲ, 2023 ਵਿੱਚ, 158 ਬਲਾਕ ਸੋਕੇ ਤੋਂ ਪ੍ਰਭਾਵਿਤ ਹੋਏ।
“ਕੱਪੜੇ ਧੋਣ ਤੇ ਪੀਣ ਲਈ ਕਿੰਨਾ ਪਾਣੀ ਵਰਤਣਾ ਹੈ, ਇਹ ਸਾਨੂੰ ਸੋਚਣਾ ਪੈਂਦਾ ਹੈ,” ਆਪਣੇ ਕੱਚੇ ਘਰ ਵਿੱਚ ਪਿਛਲੇ ਮਹੀਨੇ, 2024 ਦੀ ਗਰਮੀ ਦੀ ਸ਼ੁਰੂਆਤ, ਤੋਂ ਸੁੱਕੇ ਪਏ ਖੂਹ ਵੱਲ ਇਸ਼ਾਰਾ ਕਰਦਿਆਂ ਸਵਿਤਾ ਨੇ ਕਿਹਾ।
ਚੇਚਰੀਆ ਦੇ ਲੋਕ 2024 ਦੀਆਂ ਆਮ ਚੋਣਾਂ ਲਈ 13 ਮਈ ਨੂੰ ਵੋਟਾਂ ਪਾਉਣਗੇ। ਪ੍ਰਮੋਦ ਤੇ ਉਹਦਾ ਛੋਟਾ ਭਰਾ, ਜੋ ਉਹਦੇ ਵਾਂਗ ਪਰਵਾਸੀ ਮਜ਼ਦੂਰ ਹੈ, ਉਸ ਤੋਂ ਪਹਿਲਾਂ ਘਰ ਵਾਪਸ ਆ ਜਾਣਗੇ। “ਉਹ ਸਿਰਫ਼ ਵੋਟ ਪਾਉਣ ਲਈ ਹੀ ਆ ਰਹੇ ਹਨ,” ਸਵਿਤਾ ਨੇ ਦੱਸਿਆ। ਘਰ ਵਾਪਸ ਆ ਕੇ ਜਾਣ ਦਾ 700 ਰੁਪਏ ਖਰਚਾ ਪਵੇਗਾ। ਹੋ ਸਕਦਾ ਹੈ ਉਹਨਾਂ ਦੀ ਨੌਕਰੀ ਵੀ ਚਲੀ ਜਾਵੇ, ਤੇ ਉਹਨਾਂ ਨੂੰ ਮੁੜ ਦਿਹਾੜੀਦਾਰਾਂ ਵਾਲਾ ਕੰਮ ਕਰਨਾ ਪਵੇ।
*****
ਚੇਚਰੀਆ ਤੋਂ ਕੁਝ ਹੀ ਕਿਲੋਮੀਟਰ ਦੂਰ ਛੇ-ਲੇਨ ਹਾਈਵੇਅ ਦੀ ਉਸਾਰੀ ਹੋ ਰਹੀ ਹੈ, ਪਰ ਇਸ ਪਿੰਡ ਤੱਕ ਅਜੇ ਸੜਕ ਨਹੀਂ ਪਹੁੰਚੀ। ਇਸ ਕਰਕੇ ਜਦ 25 ਸਾਲਾ ਰੇਨੂ ਦੇਵੀ ਜਣੇਪੇ ਵਿੱਚ ਸੀ ਤਾਂ ਸਰਕਾਰੀ ਗੱਡੀ (ਐਂਬੂਲੈਂਸ) ਉਹਦੇ ਘਰ ਤੱਕ ਨਹੀਂ ਪਹੁੰਚ ਪਾਈ। “ਉਸ ਹਾਲਤ ਵਿੱਚ ਮੈਨੂੰ ਮੁੱਖ ਸੜਕ ਤੱਕ (ਕਰੀਬ 300 ਮੀਟਰ) ਤੁਰ ਕੇ ਜਾਣਾ ਪਿਆ,” ਰਾਤ 11 ਵਜੇ ਦਾ ਉਹ ਸਮਾਂ ਉਹਦੇ ਦਿਮਾਗ ਵਿੱਚ ਅਜੇ ਵੀ ਦਰਜ ਹੈ।
ਸਿਰਫ਼ ਐਂਬੂਲੈਂਸਾਂ ਹੀ ਨਹੀਂ, ਜਾਪਦਾ ਹੈ ਕਿ ਹੋਰ ਸਰਕਾਰੀ ਸਕੀਮਾਂ ਵੀ ਉਹਨਾਂ ਦੇ ਦਰਵਾਜ਼ੇ ਤੱਕ ਨਹੀਂ ਪਹੁੰਚੀਆਂ।
ਚੇਚਰੀਆ ਦੇ ਬਹੁਤੇ ਘਰਾਂ ਵਿੱਚ ਭੋਜਨ ਚੁੱਲ੍ਹੇ ’ਤੇ ਤਿਆਰ ਹੁੰਦਾ ਹੈ – ਜਾਂ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ LPG ਸਿਲੰਡਰ ਨਹੀਂ ਮਿਲਿਆ ਜਾਂ ਉਹਨਾਂ ਕੋਲ ਸਿਲੰਡਰ ਭਰਾਉਣ ਦੇ ਪੈਸੇ ਨਹੀਂ।
ਚੇਚਰੀਆ ਦੇ ਸਾਰੇ ਵਾਸੀਆਂ ਕੋਲ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਕਾਰਡ ਹੈ, ਜਿਸ ਦੇ ਤਹਿਤ ਉਹਨਾਂ ਨੂੰ ਸਾਲ ਵਿੱਚ 100 ਦਿਨ ਕੰਮ ਮਿਲਣ ਦੀ ਗਰੰਟੀ ਮਿਲਦੀ ਹੈ। ਪੰਜ-ਛੇ ਸਾਲ ਪਹਿਲਾਂ ਕਾਰਡ ਜਾਰੀ ਹੋਏ ਸਨ, ਪਰ ਉਹਨਾਂ ਅੰਦਰਲੇ ਕਾਗਜ਼ ਖਾਲੀ ਪਏ ਹਨ। ਕਾਗਜ਼ ਅਜੇ ਵੀ ਨਵਿਆਂ ਵਾਂਗ ਪਏ ਹਨ।
ਰੇਨੂ ਦੀ ਭੈਣ, ਪ੍ਰਿਅੰਕਾ ਨੇ 12ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਕਿਉਂਕਿ ਪਰਿਵਾਰ ਕੋਲ ਉਹਨੂੰ ਪੜ੍ਹਾਉਣ ਲਈ ਪੈਸੇ ਨਹੀਂ ਸਨ। 20 ਸਾਲਾ ਪ੍ਰਿਅੰਕਾ ਨੇ ਹਾਲ ਹੀ ਵਿੱਚ ਆਪਣੀ ਚਾਚੀ ਤੋਂ ਸਿਲਾਈ ਮਸ਼ੀਨ ਲਈ ਹੈ, ਇਸ ਉਮੀਦ ਵਿੱਚ ਕਿ ਉਹ ਸਿਲਾਈ ਦੇ ਕੰਮ ਤੋਂ ਕੁਝ ਕਮਾ ਸਕੇਗੀ। “ਇਹਦਾ ਜਲਦੀ ਵਿਆਹ ਹੋਣ ਵਾਲਾ ਹੈ,” ਬੱਚੇ ਨੂੰ ਜਨਮ ਦੇਣ ਤੋਂ ਬਾਅਦ ਆਪਣੇ ਪੇਕੇ ਘਰ ਰਹਿ ਰਹੀ ਰੇਨੂ ਨੇ ਕਿਹਾ। “ਲਾੜੇ ਕੋਲ ਨਾ ਨੌਕਰੀ ਹੈ ਨਾ ਪੱਕਾ ਘਰ, ਪਰ 2 ਲੱਖ ਰੁਪਏ ਮੰਗ ਰਿਹਾ ਹੈ।” ਪਰਿਵਾਰ ਨੇ ਪਹਿਲਾਂ ਹੀ ਵਿਆਹ ਲਈ ਪੈਸੇ ਉਧਾਰ ਲੈ ਲਏ ਹਨ।
ਕਮਾਈ ਦੀ ਅਣਹੋਂਦ ਵਿੱਚ ਚੇਚਰੀਆ ਦੇ ਕਈ ਬਾਸ਼ਿੰਦੇ ਸ਼ਾਹੂਕਾਰਾਂ ਤੋਂ ਪੈਸੇ ਉਧਾਰ ਲੈ ਲੈਂਦੇ ਹਨ, ਜਿਹੜੇ ਬਹੁਤ ਜ਼ਿਆਦਾ ਵਿਆਜ ’ਤੇ ਉਧਾਰ ਦਿੰਦੇ ਹਨ। “ਇਸ ਪਿੰਡ ’ਚ ਕੋਈ ਅਜਿਹਾ ਘਰ ਨਹੀਂ, ਜਿਸ ’ਤੇ ਕਰਜ਼ੇ ਦਾ ਬੋਝ ਨਹੀਂ,” ਸੁਨੀਤਾ ਦੇਵੀ ਨੇ ਕਿਹਾ, ਜਿਸਦੇ ਦੋਵੇਂ ਬੇਟੇ, ਲਵ ਤੇ ਕੁਸ਼ ਕੰਮ ਲਈ ਮਹਾਰਾਸ਼ਟਰ ਦੇ ਕੋਲ੍ਹਾਪੁਰ ਪਰਵਾਸ ਕਰ ਗਏ ਹਨ। ਜੋ ਪੈਸੇ ਉਹ ਭੇਜਦੇ ਹਨ, ਉਸੇ ਨਾਲ ਘਰ ਦਾ ਗੁਜ਼ਾਰਾ ਚਲਦਾ ਹੈ। “ਕਦੇ ਉਹ 5,000 ਅਤੇ ਕਦੇ 10,000 (ਰੁਪਏ) ਭੇਜਦੇ ਹਨ,” ਉਹਨਾਂ ਦੀ 49 ਸਾਲਾ ਮਾਂ ਨੇ ਕਿਹਾ।
ਪਿਛਲੇ ਸਾਲ ਆਪਣੀ ਬੇਟੀ ਦੇ ਵਿਆਹ ਲਈ ਸੁਨੀਤਾ ਤੇ ਉਹਦੇ ਪਤੀ ਰਾਜਕੁਮਾਰ ਰਾਮ ਨੇ ਇੱਕ ਸਥਾਨਕ ਸ਼ਾਹੂਕਾਰ ਤੋਂ ਪੰਜ ਫ਼ੀਸਦ ਵਿਆਜ ’ਤੇ ਇੱਕ ਲੱਖ ਰੁਪਏ ਉਧਾਰ ਲਏ ਸਨ – ਉਹਨਾਂ ਨੇ 20,000 ਰੁਪਏ ਮੋੜ ਦਿੱਤੇ ਹਨ ਤੇ ਕਹਿੰਦੇ ਹਨ ਕਿ ਅਜੇ 1.5 ਲੱਖ ਰੁਪਏ ਦੇਣੇ ਰਹਿੰਦੇ ਹਨ।
“ਗਰੀਬ ਕੇ ਛਾਓ ਦੇਵ ਲਾ ਕੋਈ ਨਈਕੇ। ਅਗਰ ਏਕ ਦਿਨ ਹਮਨ ਝੂਰੀ ਨਹੀਂ ਲਾਨਬ, ਤਾ ਅਗਲਾ ਦਿਨ ਹਮਨ ਕੇ ਚੂਲਹਾ ਨਹੀਂ ਜਲਤੀ (ਗਰੀਬਾਂ ਦੀ ਮਦਦ ਲਈ ਕੋਈ ਨਹੀਂ ਆਉਂਦਾ। ਜੇ ਕਿਸੇ ਦਿਨ ਅਸੀਂ ਬਾਲਣ ਲਈ ਲੱਕੜ ਨਾ ਲੈ ਕੇ ਆਈਏ ਤਾਂ ਅਗਲੇ ਦਿਨ ਸਾਡੇ ਚੁੱਲ੍ਹਿਆਂ ’ਚ ਅੱਗ ਨਹੀਂ ਬਲੇਗੀ),” ਸੁਨੀਤਾ ਦੇਵੀ ਨੇ ਕਿਹਾ।
ਪਿੰਡ ਦੀਆਂ ਹੋਰਨਾਂ ਔਰਤਾਂ ਨਾਲ ਉਹ ਹਰ ਰੋਜ਼ ਪਹਾੜ ਤੋਂ ਬਾਲਣ ਇਕੱਠਾ ਕਰਨ 10-15 ਕਿਲੋਮੀਟਰ ਦੂਰ ਜਾਂਦੀ ਹੈ ਤੇ ਜੰਗਲਾਤ ਸੁਰੱਖਿਆਕਰਮੀਆਂ ਵੱਲੋਂ ਲਗਾਤਾਰ ਪਰੇਸ਼ਾਨੀ ਝੱਲਦੀ ਹੈ।
2019 ਵਿੱਚ, ਪਿਛਲੀਆਂ ਆਮ ਚੋਣਾਂ ਤੋਂ ਪਹਿਲਾਂ, ਪਿੰਡ ਦੀਆਂ ਹੋਰ ਔਰਤਾਂ ਨਾਲ ਸੁਨੀਤਾ ਦੇਵੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਦੇ ਤਹਿਤ ਘਰ ਲਈ ਅਰਜ਼ੀ ਦਿੱਤੀ ਸੀ। “ਕਿਸੇ ਨੂੰ ਵੀ ਘਰ ਨਹੀਂ ਮਿਲਿਆ,” ਉਹਨੇ ਕਿਹਾ, “ਸਿਰਫ਼ ਰਾਸ਼ਨ ਦਾ ਹੀ ਲਾਭ ਮਿਲਦਾ ਹੈ। ਪਰ ਉਹਦੇ ਵਿੱਚ ਵੀ ਪੰਜ ਕਿਲੋ ਦੀ ਜਗ੍ਹਾ ਸਾਨੂੰ 4.5 ਕਿਲੋ ਹੀ ਰਾਸ਼ਨ ਮਿਲਦਾ ਹੈ।”
ਪੰਜ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿਸ਼ਨੂੰ ਦਿਆਲ ਰਾਮ ਨੇ ਕੁੱਲ ਵੋਟਾਂ ਵਿੱਚੋਂ 62 ਫ਼ੀਸਦ ਨਾਲ ਜਿੱਤ ਹਾਸਲ ਕੀਤੀ ਸੀ। ਉਹਨਾਂ ਨੇ ਰਾਸ਼ਟਰੀ ਜਨਤਾ ਦਲ ਦੇ ਘੁਰਨ ਰਾਮ ਨੂੰ ਹਰਾਇਆ ਸੀ। ਇਸ ਸਾਲ ਵੀ ਉਹ ਇਸੇ ਸੀਟ ਤੋਂ ਚੋਣ ਲੜ ਰਹੇ ਹਨ।
ਪਿਛਲੇ ਸਾਲ, 2023 ਤੱਕ ਸੁਨੀਤਾ ਨੂੰ ਉਹਨਾਂ ਬਾਰੇ ਕੁਝ ਪਤਾ ਨਹੀਂ ਸੀ। ਸਥਾਨਕ ਮੇਲੇ ’ਤੇ ਉਹਨੇ ਉਹਨਾਂ ਦੇ ਨਾਂ ਦੇ ਨਾਅਰੇ ਲਗਦੇ ਸੁਣੇ ਸੀ। “ਹਮਾਰਾ ਨੇਤਾ ਕੈਸਾ ਹੋ? ਵੀ ਡੀ ਰਾਮ ਜੈਸਾ ਹੋ!”
ਸੁਨੀਤਾ ਕਹਿੰਦੀ ਹੈ, “ ਆਜ ਤਕ ਉਨਕੋ ਹਮਲੋਗ ਦੇਖੇ ਨਹੀਂ ਹੈ (ਅਸੀਂ ਉਹਨਾਂ ਨੂੰ ਅੱਜ ਤੱਕ ਕਦੇ ਨਹੀਂ ਦੇਖਿਆ)।”
ਤਰਜਮਾ: ਅਰਸ਼ਦੀਪ ਅਰਸ਼ੀ