''ਇੱਕ ਛੋਟੀ ਜਿਹੀ ਗ਼ਲਤੀ ਹੋਈ ਨਹੀਂ ਕਿ ਬਣਾਉਣਾ ਸਾਤੂਰ ਹੋਊ ਤੇ ਬਣ ਕੋਯਤਾ ਜਾਣਾ!'' ਰਾਜੇਸ਼ ਸਾਫੇਕਰ ਨੂੰ ਕਸਾਈ ਦੇ ਚਾਕੂ ਤੇ ਦਾਤੀ ਵਿਚਾਲੇ ਫ਼ਰਕ ਪਤਾ ਹੈ। ਮਹਾਰਾਸ਼ਟਰ ਦੇ ਪਿੰਡ ਅਕਟਨ ਦੇ ਇਸ ਨਿਪੁੰਨ ਲੁਹਾਰ ਨੇ ਆਪਣੀ ਵਰਕਸ਼ਾਪ ਵਿੱਚ 10,000 ਦੇ ਕਰੀਬ ਸੰਦ ਬਣਾਏ ਹਨ।
52 ਸਾਲਾ ਇਸ ਲੁਹਾਰ ਨੇ ਆਪਣੇ ਪਿਤਾ, ਦੱਤਾਤ੍ਰੇਯ ਸਾਫੇਕਰ ਪਾਸੋਂ ਕੰਮ ਸਿੱਖਿਆ ਤੇ ਉਨ੍ਹਾਂ ਦਾ ਤਾਅਲੁੱਕ ਪੰਚਾਲ ਲੋਹਾਰਾਂ ਦੀ ਜਾਤੀ ਨਾਲ਼ ਹੈ ਜਿਨ੍ਹਾਂ ਨੇ ਮਹਾਰਾਸ਼ਟਰ ਦੇ ਕਿਸਾਨ ਭਾਈਚਾਰੇ ਅੰਦਰ ਆਪਣੀ ਵੱਖਰੀ ਸ਼ਾਖ ਬਣਾਈ। ਵਸਾਈ ਤਾਲੁਕਾ ਦੇ ਇਸ ਸੱਤਵੀਂ ਪੀੜ੍ਹੀ ਦੇ ਲੁਹਾਰ ਦਾ ਕਹਿਣਾ ਹੈ,''ਲੋਕੀਂ ਕਹਿੰਦੇ, ' ਅਕਟਨ ਸੇ ਹੀ ਹਥਿਆਰ ਲੇਕੇ ਆਓ '।'' ਉਹ ਖੇਤੀ ਨਾਲ਼ ਜੁੜੇ 25 ਅੱਡ-ਅੱਡ ਕਿਸਮਾਂ ਦੇ ਸੰਦ ਬਣਾ ਸਕਦੇ ਹਨ।
ਗਾਹਕ 90 ਕਿਲੋਮੀਟਰ (ਜਿੰਨੀ ਉਰਾਨ ਤੇ ਨਵੀਂ ਮੁੰਬਈ ਦੀ ਦੂਰੀ ਹੈ) ਦਾ ਪੈਂਡਾ ਮਾਰ ਕੇ ਤਾਸਨੀ ਬਣਾਉਣ ਦਾ ਲੰਬਾ-ਚੌੜਾ ਆਰਡਰ ਦੇਣ ਆਇਆ ਕਰਦੇ। ਇਹ ਸੰਦ ਕਿਸ਼ਤੀ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ''ਚਾਰ ਦਿਨ ਗਿਰਾਹਕ ਸਾਡੇ ਘਰ ਹੀ ਠਹਿਰਦੇ ਤੇ ਸੰਦ ਬਣਨ ਦੀ ਪੂਰੀ ਪ੍ਰਕਿਰਿਆ ਨੂੰ ਬੜੇ ਗਹੁ ਨਾਲ਼ ਦੇਖਿਆ ਕਰਦੇ,'' ਉਹ ਚੇਤੇ ਕਰਦੇ ਹਨ।
ਅਕਟਨ ਪਿੰਡ ਦੀਆਂ ਭੀੜੀਆਂ ਗਲ਼ੀਆਂ ਪੀੜ੍ਹੀਆਂ ਤੋਂ ਤੁਰੇ ਆਉਂਦੇ ਜਾਤ-ਅਧਾਰਤ ਪੇਸ਼ਿਆਂ ਨੂੰ ਸਮਝਣ ਦੀ ਇੱਕ ਚੰਗੀ ਮਿਸਾਲ ਹਨ। ਇੱਥੇ ਸੁਨਾਰ (ਸੁਨਿਆਰੇ), ਲੁਹਾਰ , ਸੁਤਾਰ (ਤਰਖ਼ਾਣ), ਚੰਬਭਾਰ (ਮੋਚੀ) ਤੇ ਕੁੰਭਾਰ (ਘੁਮਿਆਰ) ਰਹਿੰਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਵਿਸ਼ਵਾਕਰਮਾ ਬਾਬੇ ਦੇ ਭਗਤ ਹਨ। ਪੰਚਾਲ ਲੁਹਾਰ 2008 ਤੋਂ ਹੀ ਖ਼ਾਨਾਬਦੋਸ਼ ਕਬੀਲਿਆਂ ਵਿੱਚ ਗਿਣੇ ਜਾਣ ਲੱਗੇ ਹਨ, ਇਸ ਤੋਂ ਪਹਿਲਾਂ ਉਨ੍ਹਾਂ ਨੂੰ ਓਬੀਸੀ (ਹੋਰ ਪਿਛੜੇ ਵਰਗ) ਵਜੋਂ ਸੂਚੀਬੱਧ ਕੀਤਾ ਗਿਆ ਸੀ।
ਰਾਜੇਸ਼ ਦਾ ਕਹਿਣਾ ਹੈ ਕਿ 19 ਸਾਲ ਦੇ ਹੁੰਦਿਆਂ ਤੱਕ ਉਨ੍ਹਾਂ ਦਾ ਲੁਹਾਰ ਦੇ ਆਪਣੇ ਜੱਦੀ ਪੇਸ਼ੇ ਨੂੰ ਅਪਣਾਉਣ ਤੇ ਜਾਰੀ ਰੱਖਣ ਦਾ ਕੋਈ ਵਿਚਾਰ ਨਹੀਂ ਸੀ। ਸੋ ਉਨ੍ਹਾਂ ਨੇ ਬਿਜਲੀ ਦੀ ਦੁਕਾਨ 'ਤੇ ਸਟੋਰ-ਕੀਪਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਉਨ੍ਹਾਂ ਨੂੰ ਮਹੀਨੇ ਦੇ 1,200 ਰੁਪਏ ਮਿਲ਼ਿਆ ਕਰਦੇ। ਇੱਕ ਸਮਾਂ ਆਇਆ ਜਦੋਂ ਉਨ੍ਹਾਂ ਦੇ ਸਾਂਝੇ ਟੱਬਰ ਵਿੱਚ ਝਗੜਾ ਛਿੜ ਗਿਆ ਤੇ ਉਨ੍ਹਾਂ ਦੇ ਪਿਤਾ ਦੇ ਹੱਥੋਂ ਕੰਮ ਖੁੱਸਦਾ ਗਿਆ। ਇੰਝ ਪਰਿਵਾਰ ਦਾ ਵੱਡਾ ਬੇਟਾ ਹੋਣ ਨਾਤੇ ਰਾਜੇਸ਼ ਨੂੰ ਆਪਣੇ ਪਰਿਵਾਰਕ ਕੰਮ ਵੱਲ ਮੁੜਨਾ ਪਿਆ।
ਤਿੰਨ ਦਹਾਕੇ ਬੀਤਣ ਤੋਂ ਬਾਅਦ ਅੱਜ ਉਹ ਨਿਪੁੰਨ ਲੁਹਾਰ ਬਣ ਗਏ ਹਨ। ਉਨ੍ਹਾਂ ਦੀ ਦਿਹਾੜੀ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਅਗਲੇ 12 ਘੰਟੇ ਚੱਲਦੀ ਰਹਿੰਦੀ ਹੈ। ਵਿੱਚੋਂ-ਵਿੱਚੋਂ ਉਹ ਚਾਹ ਵਗੈਰਾ ਪੀਣ ਲਈ ਛੋਟੀ ਜਿਹੀ ਬ੍ਰੇਕ ਲੈਂਦੇ ਹਨ। ਇੱਕ ਦਿਨ ਵਿੱਚ ਉਹ ਤਿੰਨ ਸੰਦ ਬਣਾ ਲੈਂਦੇ ਹਨ। ਉਨ੍ਹਾਂ ਦੇ ਗਾਹਕਾਂ ਵਿੱਚ ਬੇਨਾਪੱਤੀ ਦੇ ਆਦਿਵਾਸੀ ਵੀ ਹਨ ਜੋ ਵਸਾਈ ਨੇੜੇ ਭੂਈਗਾਓਂ ਅਤੇ ਮੁੰਬਈ ਦੇ ਗੋਰਾਈ ਪਿੰਡ ਵਿਖੇ ਰਹਿੰਦੇ ਹਨ।
ਉਨ੍ਹਾਂ ਵੱਲੋਂ ਬਣਾਏ ਕੁਝ ਕੁ ਸੰਦ ਬਹੁਤ ਜ਼ਿਆਦਾ ਵਿਕਦੇ ਹਨ, ਜਿਨ੍ਹਾਂ ਵਿੱਚ ਕੋਯਤਾ (ਛੋਟੀ ਦਾਤੀ), ਮੋਰਲੀ (ਸਬਜ਼ੀ ਤੇ ਮਾਸ ਕੱਟਣ ਵਾਲ਼ਾ ਸੰਦ), ਔਤ (ਹੱਲ਼), ਤਾਸਨੀ (ਅਡਜ਼ੇ), ਕਾਤੀ (ਮੱਛੀ ਕੱਟਣ ਵਾਲ਼ਾ ਚਾਕੂ), ਚਿਮਟੇ ਤੇ ਸੂਤਾਰ (ਕਸਾਈ ਦਾ ਚਾਕੂ) ਸ਼ਾਮਲ ਹਨ।
ਰਾਜੇਸ਼ ਗਾਹਕਾਂ ਦੀ ਲੋੜ ਮੁਤਾਬਕ ਵੀ ਸੰਦ ਬਣਾ ਦਿੰਦੇ ਹਨ ਕਿਉਂਕਿ ''ਹਰੇਕ ਪਿੰਡ ਵਾਲ਼ਿਆਂ ਦੇ ਆਪੋ-ਆਪਣੇ ਡਿਜ਼ਾਇਨ ਤੇ ਲੋੜਾਂ ਹੁੰਦੀਆਂ ਹਨ। ਤਾੜੀ ਤੋੜਨ ਵਾਲ਼ਿਆਂ ਨੂੰ ਵਧੇਰੇ ਪਕੜ ਬਣਾਉਣ ਵਾਲ਼ਾ ਕੋਯਤਾ (ਛੋਟੀ ਦਾਤੀ) ਚਾਹੀਦਾ ਹੈ ਜਿਸ ਸਹਾਰੇ ਉਹ ਰੁੱਖਾਂ 'ਤੇ ਚੜ੍ਹ ਸਕਣ।'' ਕੇਲੇ ਤੇ ਨਾਰੀਅਲ ਉਗਾਉਣ ਵਾਲ਼ੇ ਕਾਸ਼ਤਕਾਰ ਪੂਰਾ ਸਾਲ ਆਪਣੇ ਸੰਦਾਂ ਨੂੰ ਧਾਰ ਲਵਾਉਣ ਤੇ ਮੁਰੰਮਤ ਕਰਨ ਲਈ ਭੇਜਦੇ ਰਹਿੰਦੇ ਹਨ।
''ਕੰਮ ਦੇ ਬਦਲੇ ਵਿੱਚ ਸਾਨੂੰ ਤੋਹਫ਼ੇ ਵੀ ਮਿਲ਼ਦੇ ਰਹਿੰਦੇ ਹਨ,'' ਇਹ ਕਹਿੰਦਿਆਂ ਹੀ ਉਹ ਸਾਨੂੰ ਤਾਜ਼ਾ ਨਾਰੀਅਲ ਦਿਖਾਉਣ ਲੱਗਦੇ ਹਨ ਜੋ ਉਨ੍ਹਾਂ ਨੂੰ ਸਥਾਨਕ ਕਾਸ਼ਤਕਾਰਾਂ ਨੇ ਦਾਤੀ ਨੂੰ ਧਾਰ ਲਾਉਣ ਬਦਲੇ ਖ਼ੁਸ਼ੀ-ਖ਼ੁਸ਼ੀ ਦਿੱਤੇ। ''ਜਦੋਂ ਕਦੇ ਮੈਂ ਕਾਤੀ ਦੀ ਮੁਰੰਮਤ ਕਰਦਾ ਹਾਂ ਤਾਂ ਕੋਲੀ ਭਰਾ ਕਦੇ-ਕਦੇ ਸਾਨੂੰ ਤਾਜ਼ੀ ਫੜ੍ਹੀ ਮੱਛੀ ਦੇ ਜਾਂਦੇ ਹਨ,'' ਰਾਜੇਸ਼ ਗੱਲ ਪੂਰੀ ਕਰਦੇ ਹਨ।
ਉਨ੍ਹਾਂ ਨੂੰ ਪੂਨੇ ਦੇ ਵਾਘੋਲੀ ਤੋਂ ਵੀ ਕਈ ਆਰਡਰ ਮਿਲ਼ਦੇ ਰਹਿੰਦੇ ਹਨ ਕਿਉਂਕਿ ਉਸ ਇਲਾਕੇ ਵਿੱਚ ਲੁਹਾਰ ਵਿਰਲੇ ਹੀ ਬਚੇ ਹਨ। '' ਤਯਾਨ ਛੇ ਸਾਤੂਰ ਅਸਤਾਤ, ਬਕਰੇ ਕਾਪਾਯਲਾ (ਉਨ੍ਹਾਂ ਦੇ ਆਰਡਰਾਂ ਵਿੱਚ ਕਸਾਈ ਦੇ ਚਾਕੂਆਂ ਤੋਂ ਲੈ ਕੇ ਬੱਕਰੇ ਦੇ ਮੀਟ ਕੱਟਣ ਵਾਲ਼ੇ ਸੰਦ ਸ਼ਾਮਲ ਹੁੰਦੇ ਹਨ)।''
ਆਪਣੇ ਪੇਸ਼ੇ ਵਿੱਚ ਕੁਝ ਨਵਾਂ ਕਰਨ ਦੇ ਚਾਹਵਾਨ ਰਾਜੇਸ਼ ਨੇ ਸਖ਼ਤ ਸੁੱਕੇ ਨਾਰੀਅਲ ਨੂੰ ਕੱਟਣ ਵਾਸਤੇ ਖ਼ਾਸ ਕਿਸਮ ਦੀ ਦਾਤੀ ਤਿਆਰ ਕੀਤੀ ਹੈ,''ਮੈਂ ਨਿੱਤ-ਨਵੇਂ ਪ੍ਰਯੋਗ ਕਰਦਾ ਹੀ ਰਹਿੰਦਾ ਹਾਂ। ਪਰ ਮੈਂ ਇਹ ਤੁਹਾਨੂੰ ਨਹੀਂ ਦਿਖਾ ਸਕਦਾ। ਇਹ ਮੇਰਾ ਪੇਟੈਂਟ ਹੈ!'' ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ। ਇੰਝ ਉਨ੍ਹਾਂ ਨੇ ਮੈਨੂੰ ਆਪਣੇ ਨਵੇਂ ਸੰਦ ਦੀ ਫ਼ੋਟੋ ਨਾ ਖਿੱਚਣ ਦਿੱਤੀ।
ਧੜੱਲੇ ਨਾਲ਼ ਵਿਕਣ ਵਾਲ਼ੀਆਂ ਚੀਜ਼ਾਂ ਵਿੱਚੋਂ ਮੋਰਲੀ ਸਭ ਤੋਂ ਮੋਹਰੀ ਹੈ। ਸਬਜ਼ੀ ਕੱਟਣ ਵਾਲ਼ਾ ਇਹ ਛੋਟਾ ਜਿਹਾ ਸੰਦ ਹੈ ਜਿਹਨੂੰ ਰਸੋਈ ਦੀ ਸਲੈਬ ਨਾਲ਼ ਜੋੜ ਕੇ ਵਰਤਿਆ ਜਾ ਸਕਦਾ ਹੈ। ਇਹ ਖ਼ਾਸ ਤੌਰ 'ਤੇ ਬਜ਼ੁਰਗਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ ਜਿਨ੍ਹਾਂ ਲਈ ਭੁੰਜੇ ਬਹਿ ਕੇ ਵੱਡੇ ਤੇ ਰਵਾਇਤੀ ਮੋਰਲੀ ਨੂੰ ਵਰਤਣਾ ਔਖਾ ਹੈ।
ਮਾਨਸੂਨ ਦੇ ਮਹੀਨਿਆਂ ਦੌਰਾਨ ਕਿਸਾਨ ਕਮਾਈ ਕਰਨ ਲਈ ਸ਼ਹਿਰਾਂ ਦਾ ਰਾਹ ਫੜ੍ਹਦੇ ਹਨ, ਜਿਸ ਕਾਰਨ ਸੰਦਾਂ ਦੀ ਵਿਕਰੀ ਘੱਟ ਜਾਂਦੀ ਹੈ। ''ਕਦੇ-ਕਦੇ ਮੈਨੂੰ 100 ਰੁਪਏ ਦਿਹਾੜੀ ਬਣਦੀ ਹੈ ਤੇ ਕਦੇ-ਕਦੇ 10 ਰੁਪਏ ਹੀ। ਕਦੇ-ਕਦੇ ਮੇਰੀ 3,000 ਜਾਂ 5,000 ਰੁਪਏ ਤੱਕ ਵਿਕਰੀ ਹੋ ਜਾਂਦੀ ਹੈ ਤੇ ਕਈ ਵਾਰੀਂ ਅਗਲੇ ਦਿਨ ਖਾਤਾ ਵੀ ਨਹੀਂ ਖੁੱਲ੍ਹਦਾ। ਕਮਾਈ ਦਾ ਮੈਂ ਅੰਦਾਜ਼ਾ ਲਾ ਹੀ ਨਹੀਂ ਪਾਉਂਦਾ,'' ਆਪਣੀ ਕਮਾਈ ਬਾਰੇ ਦੱਸਦਿਆਂ ਉਹ ਕਹਿੰਦੇ ਹਨ। '' ਗਿਰਾਹਕ ਆਣੀ ਮਰਨ ਕਧੀ ਯੇਤਿਲ ਕਾਈ ਸਾਂਗਤਾ ਯੇਤਾ ਕਾ ? (ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਗਾਹਕ ਤੇ ਮੌਤ ਕਦੋਂ ਤੁਹਾਡੇ ਬੂਹੇ ਆਣ ਖੜ੍ਹਨ?''
*****
ਰਾਜੇਸ਼ ਹਰ ਰੋਜ਼ ਸਵੇਰੇ ਭੱਠੀ ਮਘਾਉਂਦੇ ਹਨ, ਐਤਵਾਰ ਵੀ।
ਜਿਸ ਦਿਨ ਪਾਰੀ ਉਨ੍ਹਾਂ ਨੂੰ ਮਿਲ਼ਣ ਜਾਂਦੀ ਹੈ, ਉਹ ਭੱਠੀ ਮਘਣ ਦੀ ਉਡੀਕ ਕਰ ਰਹੇ ਹੁੰਦੇ ਹਨ। ਉਦੋਂ ਹੀ ਕੋਈ ਗੁਆਂਢੀ ਆਲੂ ਲੈ ਕੇ ਆਉਂਦਾ ਹੈ, ਬਗ਼ੈਰ ਕਿਸੇ ਗੁਫ਼ਤਗੂ ਦੇ ਰਾਜੇਸ਼ ਆਲੂ ਫੜ੍ਹਦੇ ਹਨ ਤੇ ਭੱਠੀ ਦੇ ਛੋਟੇ ਹਿੱਸੇ ਵਿੱਚ ਰੱਖ ਕੇ ਭੁੰਨ੍ਹਣ ਲੱਗਦੇ ਹਨ। ''ਉਹਨੂੰ ਕੋਲ਼ੇ 'ਤੇ ਭੁੱਜੇ ਆਲੂ ਬੇਹੱਦ ਪਸੰਦ ਨੇ। ਉਹ ਘੰਟੇ ਤੱਕ ਆ ਕੇ ਲੈ ਜਾਊਗਾ,'' ਰਾਜੇਸ਼ ਸਾਨੂੰ ਦੱਸਦੇ ਹਨ।
ਛੇਤੀ ਹੀ ਦਿਨ ਦਾ ਪਹਿਲਾ ਗਾਹਕ ਆਉਂਦਾ ਹੈ ਤੇ ਧਾਰ ਲਾਉਣ ਲਈ ਚਾਰ ਦਾਤੀਆਂ ਫੜ੍ਹਾਉਂਦਾ ਹੈ। ਕੁਝ ਦੇਰ ਰੁਕ ਕੇ ਰਾਜੇਸ਼ ਪੁੱਛਦੇ ਹਨ,''ਕੋਈ ਕਾਹਲੀ ਤਾਂ ਨਹੀਂ ਨਾ?'' ਗਾਹਕ ਸਿਰ ਹਿਲਾਉਂਦਾ ਕਹਿੰਦਾ ਹੈ ਨਹੀਂ, ਮੈਂ ਕੁਝ ਦਿਨਾਂ ਬਾਅਦ ਲੈ ਜਾਊਂਗਾ।
''ਮੈਂ ਕੀ ਕਰਾਂ, ਪੁੱਛਣਾ ਹੀ ਪੈਂਦਾ ਏ। ਮੇਰੇ ਨਾਲ਼ ਕੰਮ ਕਰਾਉਣ ਵਾਲ਼ਾ ਤਾਂ ਕੋਈ ਹੈ ਨਹੀਂ,'' ਰਾਜੇਸ਼ ਕਹਿੰਦੇ ਹਨ।
ਜਿਓਂ ਹੀ ਦਿਨ ਦੇ ਆਰਡਰ ਆਉਂਦੇ ਹਨ ਉਹ ਲੋੜ ਗੋਚਰਾ ਕੱਚਾ ਮਾਲ਼ ਇਕੱਠਾ ਕਰਨ ਲੱਗਦੇ ਹਨ। ਭੱਠੀ ਮਘਣ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਲੋੜ ਦਾ ਹਰ ਸਮਾਨ ਉਨ੍ਹਾਂ ਦਾ ਆਸ-ਪਾਸ ਪਿਆ ਰਹੇ। ਉਹ ਛੇ ਤੋਂ ਅੱਠ ਕਿੱਲੋ ਮਘਦੇ ਕੋਲ਼ੇ ਇੱਕ ਭਾਂਡੇ ਵਿੱਚ ਪਾਉਂਦੇ ਹਨ ਤੇ ਨੰਗੇ ਹੱਥਾਂ ਨਾਲ਼ ਹੀ ਕੋਲ਼ਿਆਂ ਵਿੱਚੋਂ ਪੱਥਰ ਅੱਡ ਕਰਨ ਲੱਗਦੇ ਹਨ। ''ਛੋਟੇ-ਛੋਟੇ ਪੱਥਰਾਂ ਕਾਰਨ ਵੀ ਕੋਲ਼ੇ ਮਘਣ ਵਿੱਚ ਦੇਰੀ ਹੁੰਦੀ ਏ,'' ਉਹ ਕਹਿੰਦੇ ਹਨ, ਸੋ ਜ਼ਰੂਰੀ ਹੈ ਕਿ ਭੱਠੀ ਵਿੱਚ ਅੱਗ ਬਲ਼ਣ ਤੋਂ ਪਹਿਲਾਂ ਇਨ੍ਹਾਂ ਨੂੰ ਹਟਾਇਆ ਜਾਵੇ।
ਫਿਰ ਇਹ ਬਜ਼ੁਰਗ ਲੁਹਾਰ ਲੱਕੜ ਦੇ ਬੂਰੇ ਦੀਆਂ ਕੁਝ ਕਾਤਰਾਂ ਮੱਘ ਰਹੇ ਕੋਲ਼ਿਆਂ ਦੇ ਉੱਪਰ ਸੁੱਟਦਾ ਹੈ ਤਾਂ ਜੋ ਭੱਠੀ ਅੱਗ ਫੜ੍ਹ ਲਵੇ। ਭਾਟਾ , ਜਿਹਨੂੰ ਪਹਿਲਾਂ ਧਾਮਨੀ (ਫੂਕਣੀ) ਕਿਹਾ ਜਾਂਦਾ ਸੀ, ਨਾਲ਼ ਭੱਠੀ ਅੰਦਰ ਅੱਗ ਬਾਲਣ ਵਿੱਚ ਮਦਦ ਲੈਂਦਾ ਹੈ। ਇਹ ਭੱਠੀ ਨੂੰ ਗਰਮ ਰੱਖਣ ਲਈ ਵਾਧੂ ਹਵਾ ਪ੍ਰਦਾਨ ਕਰਦੇ ਹੋਏ ਹਵਾ ਦੀ ਦਿਸ਼ਾ ਨੂੰ ਨਿਯੰਤਰਿਤ ਕਰਨ ਵਿੱਚ ਵੀ ਮਦਦ ਕਰਦਾ ਹੈ।
ਕੱਚੀ ਧਾਤ ਨੂੰ ਗਰਮ ਹੋਣ ਵਾਸਤੇ ਪੰਜ ਤੋਂ ਸੱਤ ਮਿੰਟਾਂ ਲਈ ਭੱਠੀ ਅੰਦਰ ਰੱਖਿਆ ਜਾਂਦਾ ਹੈ। ਇੱਕ ਵਾਰ ਗਰਮ ਹੋਣ ਤੋਂ ਬਾਅਦ ਜਦੋਂ ਧਾਤ ਲਾਲ ਹੋ ਜਾਂਦੀ ਹੈ ਤਾਂ ਉਹਨੂੰ ਬਾਹਰ ਕੱਢ ਕੇ ਆਈਰਨ (ਐਨਵਿਲ), ਲੋਹੇ ਦੇ ਵੱਡੇ ਬਲਾਕ 'ਤੇ ਟਿਕਾਇਆ ਜਾਂਦਾ ਹੈ। ਫਿਰ ਰਾਜੇਸ਼ ਧਾਤੂ ਨੂੰ ਕੁਝ ਸਕਿੰਟਾਂ ਲਈ ਉਲਟਾ ਕਰਦੇ ਹੋਏ ਘਣ (ਹਥੌੜੇ) ਨਾਲ਼ ਇੱਕ ਤੋਂ ਬਾਅਦ ਇੱਕ ਸੱਟ ਮਾਰਨ ਲੱਗਦੇ ਹਨ, "ਧਾਤ ਦੇ ਠੰਡੇ ਹੋਣ ਤੋਂ ਪਹਿਲਾਂ ਇਹ ਕਰਨ ਦੀ ਜ਼ਰੂਰਤ ਹੈ ਨਹੀਂ ਤਾਂ ਇਹਦਾ ਆਕਾਰ ਖ਼ਰਾਬ ਹੋ ਸਕਦਾ ਹੈ," ਉਹ ਦੱਸਦੇ ਹਨ।
ਰਾਜੇਸ਼ ਇੱਕ ਛੋਟੇ ਹਥੌੜੇ ਦੀ ਵਰਤੋਂ ਕਰਦੇ ਹਨ ਜਦੋਂ ਕਿ ਉਨ੍ਹਾਂ ਦਾ ਬੇਟਾ ਓਮ ਵੱਡਾ ਹਥੌੜਾ ਚੁੱਕਦਾ ਹੈ। ਇਕੱਠੇ ਮਿਲ਼ ਕੇ ਉਹ ਧਾਤ ਨੂੰ ਕਦੇ ਕੁੱਟਣ ਅਤੇ ਕਦੇ ਗਰਮ ਕਰਨ ਦੀ ਸਖ਼ਤ ਪ੍ਰਕਿਰਿਆ ਨੂੰ ਲਗਭਗ ਇੱਕ ਘੰਟੇ ਲਈ ਦੁਹਰਾਉਂਦੇ ਜਾਂਦੇ ਹਨ ਜਦੋਂ ਤੱਕ ਕਿ ਉਹ ਲੋੜੀਂਦਾ ਆਕਾਰ ਪ੍ਰਾਪਤ ਨਹੀਂ ਕਰ ਲੈਂਦਾ। ਇੱਕ ਵਾਰ ਜਦੋਂ ਸੰਦ ਆਕਾਰ ਲੈ ਲੈਂਦਾ ਹੈ, ਤਾਂ ਮਾਂਡਲ (ਇੱਕ ਗੋਲਾਕਾਰ ਸਟੀਲ ਚੱਕਰ) ਨੂੰ ਲੱਕੜ ਦੇ ਅਧਾਰ ਅਤੇ ਧਾਤ ਨੂੰ ਬੰਨ੍ਹਣ ਲਈ ਵਰਤਣ ਲਈ ਰੱਖਿਆ ਜਾਂਦਾ ਹੈ।
ਸਿਰਿਆਂ ਨੂੰ ਤਿੱਖਾ ਕਰਨ ਵਾਸਤੇ ਉਹ 80 ਸਾਲ ਪੁਰਾਣਾ ਸਾਣ ਇਸਤੇਮਾਲ ਕਰਦੇ ਹਨ। ਫਿਰ ਰਾਜੇਸ਼ ਮੋਗਰੀ ਦੀ ਮਦਦ ਨਾਲ਼ ਹੱਥੀਂ ਤਿਆਰ ਕੀਤੇ ਉਪਕਰਣ ਨੂੰ ਅੰਤਿਮ ਛੂਹ ਦਿੰਦੇ ਹਨ, ਜੋ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦਿੱਤਾ ਸੀ।
ਉਨ੍ਹਾਂ ਦੀ ਵਰਕਸ਼ਾਪ ਅਕਸਰ ਧੂੰਆਂਖੀ ਰਹਿੰਦੀ ਹੈ ਪਰ ਇਸ ਦੀ ਉਨ੍ਹਾਂ ਕਦੇ ਪਰਵਾਹ ਨਹੀਂ ਕੀਤੀ। ''ਮੈਨੂੰ ਤਪਸ਼ ਪਸੰਦ ਹੈ। ਮਜਾ ਆਤਾ ਹੈ ਮੇਰੇ ਕੋ। '' ਜੇਕਰ ਭੱਠੀ ਨੇੜੇ ਬਹਿਣਾ ਮੁਸ਼ਕਲ ਹੋ ਜਾਵੇ ਤਾਂ ਉਹ ਕੁਝ ਰਾਹਤ ਵਾਸਤੇ ਆਪਣੀਆਂ ਨੰਗੀਆਂ ਲੱਤਾਂ 'ਤੇ ਪਾਣੀ ਛਿੜਕ ਲੈਂਦੇ ਹਨ।
ਕਿਸੇ ਸਥਾਨਕ ਯੂ-ਟਿਊਬਰ ਨੇ ਉਨ੍ਹਾਂ ਦੀ ਵੀਡਿਓ ਬਣਾਈ ਤੇ ਦਸਤਾਵੇਜ਼ ਤਿਆਰ ਕੀਤਾ, ਵੀਡਿਓ ਵਾਇਰਲ ਹੋਣ ਤੋਂ ਬਾਅਦ, ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਰਹਿਣ ਵਾਲ਼ੇ ਭਾਰਤੀਆਂ ਤੋਂ ਆਰਡਰ ਮਿਲ਼ਣੇ ਸ਼ੁਰੂ ਹੋ ਗਏ। ਪਰ ਉਹ ਸੰਦਾਂ ਨੂੰ ਭੇਜ ਨਹੀਂ ਸਕੇ ਕਿਉਂਕਿ ਇਨ੍ਹਾਂ ਸੰਦਾਂ ਨੂੰ ਹਥਿਆਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਹੁਣ ਆਸਟਰੇਲੀਆ ਦੇ ਗਾਹਕ ਨਿੱਜੀ ਤੌਰ 'ਤੇ ਕਸਾਈ ਚਾਕੂ ਇਕੱਠੇ ਕਰਨ ਲਈ ਉਨ੍ਹਾਂ ਦੀ ਵਰਕਸ਼ਾਪ ਦਾ ਦੌਰਾ ਕਰਦੇ ਹਨ।
ਰਾਜੇਸ਼ ਦੇ ਗਾਹਕ ਕਾਫ਼ੀ ਧੀਰਜਵਾਨ ਹਨ ਪਰ ਉਨ੍ਹਾਂ ਨੂੰ ਕਦੇ-ਕਦੇ ਆਰਡਰ ਪੂਰੇ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਉਨ੍ਹਾਂ ਦੀ ਮਦਦ ਕਰਨ ਵਾਲ਼ਾ ਕੋਈ ਹੈ ਨਹੀਂ। ''ਮੈਂ ਉਨ੍ਹਾਂ ਨੂੰ ਕੱਲ੍ਹ ਦੋਬਾਰਾ ਆਉਣ ਨੂੰ ਨਹੀਂ ਕਹਿ ਸਕਦਾ,'' ਰਾਜੇਸ਼ ਕਹਿੰਦੇ ਹਨ।
ਉਨ੍ਹਾਂ ਦੇ ਭਾਈਚਾਰੇ ਦੇ ਕਈ ਮੈਂਬਰ ਹੁਣ ਬਿਹਤਰ ਨੌਕਰੀ ਦੀ ਭਾਲ਼ ਵਿੱਚ ਠਾਣੇ ਅਤੇ ਮੁੰਬਈ ਦੇ ਨੇੜੇ ਚਲੇ ਗਏ ਹਨ, ਜਿਨ੍ਹਾਂ ਨੂੰ ਰੇਲਵੇ ਅਤੇ ਛੋਟੇ ਕਾਰੋਬਾਰਾਂ ਵਿੱਚ ਨੌਕਰੀਆਂ ਮਿਲ਼ ਗਈਆਂ ਹਨ ਤੇ ਵਧੇਰੇ ਤਨਖਾਹਾਂ ਵੀ ਮਿਲਦੀਆਂ ਹਨ: "ਹੁਣ ਅਸੀਂ ਕੀ ਕਰੀਏ ਜਦੋਂ ਖੇਤ ਹੀ ਨਾ ਰਹੇ।'' ਉਹ 30 ਸਾਲ ਪਹਿਲਾਂ ਦੇ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ ਗਲੀ ਵਿੱਚ 10-12 ਲੁਹਾਰ ਵਰਕਸ਼ਾਪਾਂ ਹੁੰਦੀਆਂ ਸਨ। ਉਹ ਕਹਿੰਦੇ ਹਨ, " ਆਤਾ ਡੋਨਾ ਕ੍ਰਾਹਿਲੇ! (ਹੁਣ ਸਿਰਫ਼ ਦੋ ਹੀ ਹਨ!)। ਰਾਜੇਸ਼ ਤੋਂ ਇਲਾਵਾ, ਉਨ੍ਹਾਂ ਦਾ ਚਚੇਰਾ ਭਰਾ ਹੀ ਭਾਈਚਾਰੇ ਦਾ ਇਕਲੌਤਾ ਲੁਹਾਰ ਹੈ। ਉਨ੍ਹਾਂ ਦੀ ਪਤਨੀ ਸੋਨਾਲੀ ਇੱਕ ਅਧਿਆਪਕਾ ਹਨ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਲੁਹਾਰ ਦੇ ਕੰਮ ਜਾਰੀ ਰੱਖਣ ਦੇ ਫੈਸਲੇ 'ਤੇ ਮਾਣ ਹੈ। "ਅੱਜ ਹਰ ਕੋਈ ਸੌਖੇ ਤਰੀਕੇ ਨਾਲ਼ ਪੈਸਾ ਚਾਹੁੰਦਾ ਹੈ। ਭੱਠੀ ਦੀ ਤਪਸ਼ ਮੂਹਰੇ ਬੈਠ ਕੇ ਘਣ (ਹਥੌੜਾ) ਕੌਣ ਮਾਰੇਗਾ?" ਉਹ ਪੁੱਛਦੀ ਹਨ।
ਉਨ੍ਹਾਂ ਦਾ 20 ਸਾਲਾ ਬੇਟਾ, ਓਮ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ''ਹਫ਼ਤੇ ਦੇ ਅਖੀਰਲੇ ਦਿਨੀਂ ਮੈਂ ਉਹਨੂੰ ਮਦਦ ਕਰਾਉਣ ਲਈ ਕਹਿੰਦਾ ਹਾਂ। ਇਹ ਸਾਡਾ ਜੱਦੀ ਕੰਮ ਹੈ ਤੇ ਇਹ ਹੁਨਰ ਕਿਤੇ ਗੁਆਚਣਾ ਨਹੀਂ ਚਾਹੀਦਾ।'' ਰਾਜੇਸ਼ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਓਮ ਸਾਰੇ ਦੇ ਸਾਰੇ ਸੰਦ ਸਾਂਭ ਕੇ ਰੱਖੇ। ''ਮੇਰੇ ਕੋਲ਼ ਹਾਲੇ ਤੀਕਰ ਆਪਣੇ ਪਿਤਾ ਤੇ ਦਾਦੇ ਦੇ ਸੰਦ ਪਏ ਹਨ। ਤੁਸੀਂ ਸੰਦ 'ਤੇ ਵੱਜੀਆਂ ਹਥੌੜੇ ਦੀਆਂ ਸੱਟਾਂ ਤੋਂ ਇਹਦੇ ਬਣਾਉਣ ਵਾਲ਼ੇ ਦਾ ਪਤਾ ਲਾ ਸਕਦੇ ਹੋ। ਹਰੇਕ ਦੇ ਸੱਟ ਮਾਰਨ ਦਾ ਤਰੀਕਾ ਵੱਖੋ-ਵੱਖ ਹੁੰਦਾ ਸੀ।''
ਭੱਠੀ ਚਲਾਉਣ ਲਈ ਨਾਨ-ਕੁਕਿੰਗ ਕੋਲ਼ਾ ਖਰੀਦਣਾ ਮਹਿੰਗਾ ਹੁੰਦਾ ਜਾ ਰਿਹਾ ਹੈ: ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ.) ਨੇ 2023 'ਚ ਹਾਈ ਗ੍ਰੇਡ ਕੋਲ਼ੇ ਦੀਆਂ ਕੀਮਤਾਂ 'ਚ 8 ਫੀਸਦੀ ਦਾ ਵਾਧਾ ਕੀਤਾ ਹੈ। "ਜਦੋਂ ਮੈਂ [32 ਸਾਲ ਪਹਿਲਾਂ] ਕੰਮ ਦੀ ਸ਼ੁਰੂਆਤ ਕੀਤੀ ਸੀ, ਤਾਂ ਇਹ ਲਗਭਗ 3 ਰੁਪਏ ਕਿਲੋ ਸੀ ਅਤੇ ਅੱਜ ਇਹ 58 ਰੁਪਏ ਕਿਲੋ ਹੈ," ਉਹ ਕਹਿੰਦੇ ਹਨ।
ਹਰ ਰੋਜ਼ ਵਰਤੇ ਜਾਣ ਵਾਲ਼ੇ ਕੋਲ਼ੇ ਦੀ ਲਾਗਤ ਭਾਵ ਖਰਚੇ ਨੂੰ ਪੂਰਾ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਉਹ ਇੱਕ ਦਾਤੀ 750 ਰੁਪਏ ਵਿੱਚ ਵੇਚਦੇ ਹਨ। ਇੱਕ ਦਾਤੀ ਬਣਾਉਣ ਲਈ ਉਨ੍ਹਾਂ ਨੂੰ ਕੱਚੀ ਧਾਤ ਨੂੰ ਆਕਾਰ ਦੇਣ ਲਈ ਲਗਭਗ ਛੇ ਕਿਲੋ ਕੋਲ਼ਾ ਲੱਗਦਾ ਹੈ। ਇਸ ਧਾਤ ਦਾ ਭਾਰ ਦੋ ਤੋਂ ਤਿੰਨ ਕਿਲੋ ਦੇ ਵਿਚਕਾਰ ਹੁੰਦਾ ਹੈ ਅਤੇ ਇਸਦੀ ਕੀਮਤ 120-140 ਰੁਪਏ ਪ੍ਰਤੀ ਟੁਕੜਾ ਹੁੰਦੀ ਹੈ। ਜੇਕਰ ਸੰਦ ਦਾ ਅਧਾਰ ਲੱਕੜ ਦਾ ਰੱਖਣਾ ਹੋਵੇ ਤਾਂ ਇਹਦੀ ਕੀਮਤ 15 ਰੁਪਏ ਪ੍ਰਤੀ ਟੁਕੜਾ ਹੁੰਦੀ ਹੈ, ਹਾਂ ਜੇ ਥੋਕ ਵਿੱਚ ਖਰੀਦਿਆ ਜਾਵੇ ਤਾਂ, ਨਹੀਂ ਤਾਂ ਇਹਦੇ ਇੱਕ ਪੀਸ ਦੀ ਕੀਮਤ 60 ਰੁਪਏ ਤੱਕ ਜਾ ਸਕਦੀ ਹੈ।
''ਹਿਸਾਬ ਲਾ ਕੇ ਦੱਸਿਓ ਮੈਨੂੰ ਕਿੰਨਾ ਮੁਨਾਫ਼ਾ ਹੋਇਆ?''
ਕੋਲ਼ੇ ਦੀਆਂ ਲਾਗਤਾਂ ਦਾ ਵੱਧਣਾ ਭਾਈਚਾਰੇ ਤੇ ਹੋਰਨਾਂ ਦੇ ਕੰਮਾਂ ਦਾ ਨੁਕਸਾਨ ਵੀ ਹੈ। ਉਹ ਕਹਿੰਦੇ ਹਨ ਕਿ ਕਿਸੇ ਸਮੇਂ ਤਰਖ਼ਾਣ ਅਤੇ ਲੁਹਾਰ ਖ਼ਰਚਿਆਂ ਨੂੰ ਘੱਟ ਰੱਖਣ ਵਿੱਚ ਇੱਕ ਦੂਜੇ ਦੀ ਮਦਦ ਕਰਦੇ ਸਨ। "ਅਸੀਂ ਖੈਰ ਦੀ ਲੱਕੜ ਦੀ ਵਰਤੋਂ ਕਰਦੇ ਸੀ ਜੋ ਅੱਜ ਸਾਨੂੰ ਮਿਲ਼ਣ ਵਾਲੇ ਬਾਬੁਲ ਨਾਲ਼ੋਂ ਵੀ ਵਧੇਰੇ ਮਹਿੰਗੀ ਸੀ। ਪਰ ਤਰਖਾਣ ਜਦੋਂ ਵੀ ਜੰਗਲ ਜਾਇਆ ਕਰਦੇ ਸਾਡੇ ਲਈ ਇਹ ਲੈ ਕੇ ਆਉਂਦੇ। ਬਦਲੇ ਵਿੱਚ ਅਸੀਂ ਉਨ੍ਹਾਂ ਦੇ ਗੱਡਿਆਂ ਦੇ ਪਹੀਏ ਵਿੱਚ ਹੱਬ ਬੈਂਡ ਅਤੇ ਬਾਕਸਿੰਗ [ਧਾਤ ਲਾ ਕੇ] ਬਣਾਉਣ ਵਿੱਚ ਮਦਦ ਕਰਿਆ ਕਰਦੇ। ਇਸ ਤਰ੍ਹਾਂ ਅਸੀਂ ਇਕ-ਦੂਜੇ ਦੀ ਮਦਦ ਕਰਦੇ।''
ਅੱਗ ਤੇ ਧਾਤਾਂ ਨਾਲ਼ ਕੰਮ ਕਰਨ ਦੇ ਆਪਣੇ ਹੀ ਖ਼ਤਰੇ ਹਨ ਜਿਸ ਵਿੱਚ ਸੱਟਾਂ ਲੱਗਣਾ ਵੀ ਇੱਕ ਹੈ। ਬਜ਼ਾਰ ਵਿੱਚ ਸੁਰੱਖਿਆ ਉਪਕਰਣ ਉਪਲਬਧ ਤਾਂ ਹਨ ਪਰ ਰਾਜੇਸ਼ ਮੁਤਾਬਕ ਉਨ੍ਹਾਂ ਨੂੰ ਪਹਿਨ ਕੇ ਭੱਠੀ ਅੱਗੇ ਕੰਮ ਕਰਨਾ ਕਾਫ਼ੀ ਦਮਘੋਟੂ ਹੈ। ਉਨ੍ਹਾਂ ਦੀ ਪਤਨੀ ਸੋਨਾਲੀ ਨੂੰ ਪਤੀ ਦੇ ਸੜਨ ਵਗੈਰਾ ਦੀ ਚਿੰਤਾ ਲੱਗੀ ਰਹਿੰਦੀ ਹੈ ਤੇ ਉਹ ਕਹਿੰਦੀ ਹਨ,''ਸੰਦ ਬਣਾਉਣ ਲੱਗਿਆਂ ਉਨ੍ਹਾਂ ਨੇ ਕਈ ਵਾਰੀਂ ਆਪਣਾ ਹੱਥ ਚੀਰ ਲਿਆ। ਇੱਕ ਵਾਰ ਤਾਂ ਆਪਣਾ ਪੈਰ ਹੀ ਕੱਟ ਬੈਠੇ।''
ਪਰ ਰਾਜੇਸ਼ ਨਹੀਂ ਰੁਕਦੇ। ''ਵਿਹਲੇ ਬੈਠਿਆਂ ਮੈਨੂੰ ਕੰਮ ਨਹੀਂ ਮਿਲ਼ਣਾ। ਮੈਨੂੰ ਭੱਠੀ ਮੂਹਰੇ ਬਹਿਣਾ ਹੀ ਪੈਣਾ ਏ। ਕੋਯਲਾ ਜਲਾਨਾ ਹੈ ਮੇਰੇ ਕੋ। ''
ਦਹਾਕਿਆਂ ਦੇ ਆਪਣੇ ਲੁਹਾਰ ਦੇ ਕੰਮ ਨੂੰ ਜਾਰੀ ਰੱਖਣ ਦੇ ਦ੍ਰਿੜ ਸੰਕਪਲ ਨਾਲ਼ ਉਹ ਕਹਿੰਦੇ ਹਨ,' ' ਚਲਤਾ ਹੈ ਘਰ। ''
ਤਰਜਮਾ: ਕਮਲਜੀਤ ਕੌਰ