ਜਦੋਂ ਭਗਤ ਰਾਮ ਯਾਦਵ ਹਰਿਆਣਾ ਰੋਡਵੇਜ਼ ਤੋਂ ਬਤੌਰ ਕਲਰਕ ਸੇਵਾਮੁਕਤ ਹੋਏ ਤਾਂ ਉਨ੍ਹਾਂ ਸਾਹਵੇਂ ਅਰਾਮ ਨਾਲ਼ ਜਿਊਣ ਦਾ ਵਿਕਲਪ ਮੌਜੂਦ ਸੀ। ''ਪਰ ਮੇਰੇ ਅੰਦਰ ਜਨੂੰਨ ਦਾ ਕੀੜਾ ਸੀ,'' 73 ਸਾਲਾ ਬਜ਼ੁਰਗ ਤੇ ਪੁਰਸਕਾਰ ਜੇਤੂ ਮੁਲਾਜ਼ਮ ਦਾ ਕਹਿਣਾ ਹੈ।

ਇਹ ਜਨੂੰਨ ਉਨ੍ਹਾਂ ਨੂੰ ਉਸ ਕਲਾ ਵੱਲ ਲੈ ਗਿਆ ਜੋ ਬਚਪਨ ਵਿੱਚ ਉਨ੍ਹਾਂ ਆਪਣੇ ਪਿਤਾ, ਗੁਗਨ ਰਾਮ ਯਾਦਵ ਕੋਲ਼ੋਂ ਸਿੱਖੀ ਸੀ- ਚਾਰਪਾਈ ( ਚਾਰਪਾਈ (ਮੰਜੀ)ਆਂ) ਤੇ ਪੀੜ੍ਹੀਆਂ ਬਣਾਉਣ ਦੀ।

ਭਗਤ ਨੂੰ ਇਹ ਕਲਾ ਸਿੱਖਿਆ ਅੱਧੀ ਸਦੀ ਬੀਤ ਚੁੱਕੀ ਸੀ, ਉਸ ਵੇਲ਼ੇ 15 ਸਾਲਾ ਇਹ ਬੱਚਾ ਆਪਣੇ ਤਿੰਨ ਭਰਾਵਾਂ ਨਾਲ਼ ਬੈਠਾ ਆਪਣੇ ਪਿਤਾ ਦੇ ਹੁਨਰਮੰਦ ਹੱਥਾਂ ਨੂੰ ਚਾਰਪਾਈ (ਮੰਜੀ)ਆਂ ਬਣਾਉਂਦੇ ਦੇਖਿਆ ਕਰਦਾ। 125 ਕਿੱਲਿਆਂ ਦੇ ਮਾਲਕ ਭਗਤ ਦੇ ਪਿਤਾ ਕਣਕ ਦੀ ਵਾਢੀ ਤੋਂ ਬਾਅਦ ਦਾ ਆਪਣਾ ਬਹੁਤਾ ਸਮਾਂ ਚਾਰਪਾਈ (ਮੰਜੀ)ਆਂ ਬਣਾਉਣ ਲੇਖੇ ਲਾਉਂਦੇ। ਇਸ ਕੰਮ ਵਿੱਚ ਉਹ ਹੱਥੀਂ ਬਣਾਏ ਸੁੰਨ ਜੂਟ (ਕ੍ਰੋਟਾਲਾਰੀਆ ਜੁਨਸੀਆ), ਸੂਤ ਅਤੇ ਸਾਲ (ਸ਼ੋਰੀਆ ਰੋਬਸਟਾ) ਅਤੇ ਟਾਹਲੀ ਦੀ ਲੱਕੜ ਦਾ ਇਸਤੇਮਾਲ ਕਰਦੇ। ਪਿਤਾ ਦੀ ਕੰਮ ਵਾਲ਼ੀ ਥਾਂ ਬੈਠਕ ਹੁੰਦੀ, ਉਹ ਖੁੱਲ੍ਹਾ ਜਿਹਾ ਕਮਰਾ ਜਿੱਥੇ ਇੱਕ ਪਾਸੇ ਡੰਗਰ ਬੱਝੇ ਰਹਿੰਦੇ ਤੇ ਲੋਕਾਂ ਦਾ ਆਉਣਾ-ਜਾਣਾ ਵੀ ਲੱਗਿਆ ਰਹਿੰਦਾ।

ਭਗਤ ਰਾਮ ਆਪਣੇ ਪਿਤਾ ਨੂੰ ਉਸ ਮਹਾਨ ਕਾਰੀਗਰ- '' ਏਕ ਨੰਬਰ ਕਾ ਆਰੀ '' ਵਜੋਂ ਯਾਦ ਕਰਦੇ ਹਨ ਜਿਨ੍ਹਾਂ ਨੂੰ ਆਪਣੇ ਸੰਦਾਂ ਨਾਲ਼ ਬੇਹੱਦ ਲਗਾਅ ਸੀ। ''ਮੇਰੇ ਪਿਤਾ ਸਾਨੂੰ ਚਾਰਪਾਈ (ਮੰਜੀ) ਬਣਾਉਣ ਦੀ ਕਲ਼ਾ ਸਿੱਖਣ ਲਈ ਉਤਸ਼ਾਹਤ ਕਰਿਆ ਕਰਦੇ। ਉਹ ਕਹਿੰਦੇ,''ਇੱਧਰ ਆ, ਦੇਖ ਇਹਨੂੰ; ਇਹੀ ਕੰਮ ਬਾਅਦ 'ਚ ਤੇਰੇ ਕੰਮ ਆਊ,'' ਪਿਤਾ ਨੂੰ ਚੇਤੇ ਕਰਦਿਆਂ ਭਗਤ ਕਹਿੰਦੇ ਹਨ।

ਇਸ ਥਕਾਊ ਕੰਮ ਤੋਂ ਬਚਣ ਦਾ ਮਾਰਾ ਉਹ ਸ਼ਰਾਰਤੀ ਬੱਚਾ ਪਿਤਾ ਦੀ ਗੱਲ ਅਣਸੁਣੀ ਕਰ ਫੁੱਟਬਾਲ, ਹਾਕੀ ਤੇ ਕਬੱਡੀ ਖੇਡਣ ਲਈ ਛੂਟ ਵੱਟ ਜਾਂਦਾ। ''ਸਾਡੇ ਪਿਤਾ ਸਾਨੂੰ ਝਿੜਕਿਆਂ ਕਰਦੇ, ਕਈ ਵਾਰ ਚਪੇੜ ਵੀ ਕੱਢ ਮਾਰਦੇ ਪਰ ਅਸੀਂ ਰਤਾ ਪਰਵਾਹ ਨਾ ਕਰਦੇ। ਸਾਡਾ ਧਿਆਨ ਤਾਂ ਨੌਕਰੀ ਕਰਨ ਵੱਲ ਲੱਗਾ ਕਹਿੰਦਾ। ਅਸੀਂ ਜੋ ਕੁਝ ਵੀ ਸਿੱਖਿਆ ਬੱਸ ਪਿਤਾ ਦੇ ਸਹਿਮ ਵਿੱਚ ਹੀ ਸਿੱਖਿਆ। ਜਦੋਂ ਅਸੀਂ ਕਿਸੇ ਔਖੇ ਡਿਜ਼ਾਇਨ ਵਿੱਚ ਫਸ ਜਾਂਦੇ ਤਾਂ ਰੱਸੀ ਦੇ ਵਲ਼ੇਵਿਆਂ ਬਾਰੇ ਪੁੱਛ-ਪੁੱਛ ਪਿਤਾ ਨੂੰ ਸਤਾ ਮਾਰਦੇ।''

PHOTO • Naveen Macro
PHOTO • Naveen Macro

ਖੱਬੇ : ਆਪਣੇ ਹੱਥੀਂ ਬਣਾਈ ਚਾਰਪਾਈ (ਮੰਜੀ) ਤੇ ਬਿਰਾਜਮਾਨ ਭਗਤ ਰਾਮ ਯਾਦਵ। ਉਨ੍ਹਾਂ ਨੇ ਅਜੇ ਤੱਕ ਉਹ ਮੁੰਦਰੀ ਪਾਈ ਹੋਈ ਹੈ ਜੋ ਹਰਿਆਣਾ ਰੋਡਵੇਜ਼ ਮਹਿਕਮੇ ਵਾਲ਼ਿਆਂ ਨੇ ਉਨ੍ਹਾਂ ਨੂੰ ਸਾਲਾਂ ਦੀ ਸੇਵਾ ਨਿਭਾਉਣ ਬਦਲੇ ਦਿੱਤੀ ਸੀ

ਫਿਰ ਸਮਾਂ ਆਉਂਦਾ ਹੈ ਕਮਾਈ ਕਰਨ ਦਾ, ਉਦੋਂ ਭਗਤ ਰਾਮ ਨੇ ਨੌਕਰੀ ਲੱਭੀ, ਪਹਿਲਾਂ ਉਹ ਰਾਜਸਥਾਨ ਵਿਖੇ ਨਿੱਜੀ ਬੱਸ ਵਿੱਚ ਕੰਡਕਟਰੀ ਕਰਨ ਲੱਗੇ ਤੇ ਫਿਰ 1982 ਵਿੱਚ ਹਰਿਆਣਾ ਰੋਡਵੇਜ਼ ਵਿੱਚ ਬਤੌਰ ਕਲਰਕ ਭਰਤੀ ਹੋਏ। ਉਨ੍ਹਾਂ ਮੁਤਾਬਕ ਉਹ ਸਦਾ ਇੱਕੋ ਸਿਧਾਂਤ-''ਕਿਸੇ ਗ਼ਲਤ ਕੰਮ ਵਿੱਚ ਨਾ ਫਸੋ'' 'ਤੇ ਚੱਲਦੇ ਰਹੇ। ਇਸੇ ਸਿਧਾਂਤ ਨੇ ਉਨ੍ਹਾਂ ਨੂੰ ਤਿੰਨ ਪੁਰਸਕਾਰ ਜਿਤਾਏ ਤੇ ਇੱਕ ਮੁੰਦਰੀ ਵੀ ਜੋ ਉਨ੍ਹਾਂ ਨੇ ਬੜੇ ਮਾਣ ਨਾਲ਼ ਉਂਗਲ ਵਿੱਚ ਸਜਾਈ ਹੋਈ ਹੈ। ਦਸੰਬਰ 2009 ਵਿੱਚ, 58 ਸਾਲ ਦੀ ਉਮਰੇ ਉਹ ਸੇਵਾਮੁਕਤ ਹੋਏ। ਉਸ ਤੋਂ ਬਾਅਦ ਕੁਝ ਸਮੇਂ ਲਈ ਉਨ੍ਹਾਂ ਪਰਿਵਾਰਕ ਭੋਇੰ 'ਤੇ ਨਰਮੇ ਦੀ ਕਾਸ਼ਤ ਦੀ ਕੋਸ਼ਿਸ਼ ਕੀਤੀ ਪਰ ਇਸ ਉਮਰ ਵਿੱਚ ਇਹ ਕਾਫ਼ੀ ਥਕਾ ਸੁੱਟਣ ਵਾਲ਼ਾ ਕੰਮ ਹੋ ਨਿਬੜਿਆ। 2012 ਵਿੱਚ ਉਨ੍ਹਾਂ ਨੇ ਅਖੀਰ ਪਿਤਾ ਵੱਲੋਂ ਸਿਖਾਈ ਇਸ ਕਲਾ ਨੂੰ ਅਪਣਾ ਲਿਆ।

ਅਹੀਰ ਭਾਈਚਾਰੇ (ਸੂਬੇ ਅੰਦਰ ਹੋਰ ਪਿਛੜੀਆਂ ਜਾਤਾਂ ਵਜੋਂ ਸੂਚੀਬੱਧ) ਨਾਲ਼ ਤਾਅਲੁੱਕ ਰੱਖਣ ਵਾਲ਼ੇ ਭਗਤ ਰਾਮ ਅੱਜ ਮੰਜਾ ਬਣਾਉਣ ਵਾਲ਼ੇ ਪਿੰਡ ਦੇ ਇਕਲੌਤੇ ਕਾਰੀਗਰ ਹਨ।

*****

ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਧਨ ਖੁਰਦ ਪਿੰਡ ਦੇ ਵਸਨੀਕ ਭਗਤ ਰਾਮ ਦੀ ਰੋਜ਼ਮੱਰਾ ਦੀ ਰੁਟੀਨ ਸਥਿਰ ਹੈ। ਹਰ ਸਵੇਰ ਉਹ ਲਗਭਗ 6 ਵਜੇ ਉੱਠਦੇ ਹਨ ਅਤੇ ਦੋ ਬੈਗ ਭਰਦੇ ਹਨ: ਇੱਕ ਬਾਜਰੇ ਨਾਲ਼ ਅਤੇ ਦੂਜਾ ਰੋਟੀਆਂ ਨਾਲ਼। ਫਿਰ ਉਹ ਆਪਣੇ ਖੇਤ ਜਾਂਦੇ ਹਨ ਜਿੱਥੇ ਉਹ ਕਬੂਤਰਾਂ ਨੂੰ ਦਾਣਾ ਅਤੇ ਕੀੜੀਆਂ, ਕੁੱਤਿਆਂ ਅਤੇ ਬਿੱਲੀਆਂ ਨੂੰ ਬੁਰਕੀਆਂ ਪਾਉਂਦੇ ਹਨ।

"ਉਸ ਤੋਂ ਬਾਅਦ, ਮੈਂ ਆਪਣਾ ਹੁੱਕਾ ਤਿਆਰ ਕਰਦਾ ਹਾਂ ਅਤੇ ਸਵੇਰੇ 9 ਵਜੇ ਕੰਮ 'ਤੇ ਬੈਠ ਜਾਂਦਾ ਹਾਂ," ਭਗਤ ਕਹਿੰਦੇ ਹਨ। ਜੇ ਕੋਈ ਜ਼ਰੂਰੀ ਮੰਗ ਨਾ ਹੋਵੇ ਤਾਂ ਉਹ ਦੁਪਹਿਰ ਤੱਕ ਕੰਮ ਕਰਦੇ ਹਨ। "ਫਿਰ ਮੈਂ ਸ਼ਾਮੀਂ 5 ਵਜੇ ਤੱਕ ਇੱਕ ਹੋਰ ਘੰਟਾ ਕੰਮ ਕਰਦਾਂ ਹਾਂ।" ਉਨ੍ਹਾਂ ਨੇ ਆਪਣੇ ਕਮਰੇ ਵਿੱਚ ਬਣਾਈ ਰੱਸੀ ਦੀ ਚਾਰਪਾਈ (ਮੰਜੀ) 'ਤੇ ਬੈਠ ਕੇ ਸਾਡੇ ਨਾਲ਼ ਗੱਲਾਂ ਕਰਦਿਆਂ ਕਿਹਾ।  ਖਿੜਕੀਆਂ ਵਿੱਚੋਂ ਦੀ ਪੁਣ-ਪੁਣ ਕੇ ਰੌਸ਼ਨੀ ਅੰਦਰ ਆ ਰਹੀ ਸੀ ਅਤੇ ਗੱਲਬਾਤ ਦਰਮਿਆਨ ਉਹ ਕਿਸੇ ਕਿਸੇ ਵੇਲੇ ਹੁੱਕੇ ਦਾ ਸੂਟਾ ਲਾਉਣਾ ਨਾ ਭੁੱਲਦੇ।

ਜੁਲਾਈ ਦੀ ਉਸ ਸਵੇਰ ਤਾਜ਼ੀ ਤੇ ਠੰਡੀ ਹਵਾ ਚੱਲ ਰਹੀ ਸੀ ਜਦੋਂ ਪਾਰੀ (ਟੀਮ) ਭਗਤ ਰਾਮ ਨੂੰ ਮਿਲ਼ਣ ਗਈ। ਉਸ ਵੇਲ਼ੇ ਭਗਤ ਗੋਦੀ ਵਿੱਚ ਪੀੜ੍ਹਾ ਟਿਕਾਈ ਬਾਰੀਕ ਕਲਾਕਾਰੀ ਵਿੱਚ ਰੁਝੇ ਹੋਏ ਸਨ। "ਮੈਂ ਇਸ ਨੂੰ ਇੱਕ ਦਿਨ ਵਿੱਚ ਪੂਰਾ ਕਰ ਸਕਦਾ ਹਾਂ," ਦ੍ਰਿੜ ਵਿਸ਼ਵਾਸ ਨਾਲ਼ ਭਰੇ ਭਗਤ ਨੇ ਕਿਹਾ। ਤਜ਼ਰਬੇ ਦੇ ਨਾਲ਼ ਨਿਖਰੇ ਉਨ੍ਹਾਂ ਦੇ ਹੱਥ ਬੜੇ ਧਿਆਨ ਨਾਲ਼ ਤਾਣੇ ਅਤੇ ਪੇਟੇ ਨੂੰ ਟਾਹਲੀ ਦੀ ਲੱਕੜ ਦੇ ਬਣੇ ਚੌਖਟੇ 'ਤੇ ਇਕਸਾਰ ਮੜ੍ਹਨ ਲੱਗਦੇ ਹਨ।

ਉਹ ਕਹਿੰਦੇ ਹਨ ਕਿ ਵੱਧਦੀ ਉਮਰ ਨਾਲ਼ ਉਨ੍ਹਾਂ ਦੇ ਕੰਮ ਕਰਨ ਦੀ ਰਫ਼ਤਾਰ ਮੱਠੀ ਪੈਣ ਲੱਗੀ ਹੈ। "ਜਦੋਂ ਮੈਂ ਚਾਰਪਾਈ ਆਂ ਬਣਾਉਣ ਦੇ ਕੰਮ ਨੂੰ ਫੜ੍ਹਿਆ ਉਦੋਂ ਮੇਰੇ ਹੱਥ ਤੇ ਸਰੀਰ ਕਾਫ਼ੀ ਫੁਰਤੀ ਨਾਲ਼ ਸਾਥ ਦਿੰਦੇ ਰਹੇ। ਹੁਣ ਮੈਂ ਦਿਨ ਵਿੱਚ ਦੋ-ਤਿੰਨ ਘੰਟੇ ਤੋਂ ਵੱਧ ਕੰਮ ਨਹੀਂ ਕਰ ਪਾਉਂਦਾ।''

ਇੱਕ ਪਾਸੇ ਦੀ ਬੁਣਾਈ ਖ਼ਤਮ ਹੋਣ ਤੋਂ ਬਾਅਦ, ਉਹ ਪ੍ਰਕਿਰਿਆ ਨੂੰ ਦੁਹਰਾਉਣ ਲਈ ਪੀੜ੍ਹੀ ਨੂੰ ਘੁਮਾਉਂਦੇ ਜਾਂਦੇ ਹਨ। ਉਹ ਇਹ ਸੁਨਿਸ਼ਚਿਤ ਕਰਦੇ ਹਨ ਕਿ ਪੈਟਰਨ ਦੋਵੇਂ ਪਾਸਿਓਂ ਇੱਕੋ ਜਿਹਾ ਰਹੇ। "ਪੀੜ੍ਹਾ ਬਣਾਉਣ ਵੇਲ਼ੇ ਦੋਵਾਂ ਪਾਸਿਆਂ ਤੋਂ ਭਰਾਈ ਕੀਤੀ ਜਾਂਦੀ ਹੈ। ਇੰਝ ਪੀੜ੍ਹਾ ਮਜ਼ਬੂਤ ਬਣਿਆ ਰਹਿੰਦਾ ਹੈ ਤੇ ਵੱਧ ਟਿਕਾਊ ਵੀ। ਪਰ ਜ਼ਿਆਦਾਤਰ ਕਾਰੀਗਰ ਇੰਝ ਨਹੀਂ ਕਰਦੇ," ਉਹ ਦੱਸਦੇ ਹਨ।

PHOTO • Naveen Macro
PHOTO • Naveen Macro

ਖੱਬੇ: ਹਰੇਕ ਪੀੜ੍ਹਾ ਘੱਟੋ ਘੱਟ ਦੋ ਚਮਕਦਾਰ ਰੰਗ ਦੀਆਂ ਰੱਸੀਆਂ ਦੇ ਸੁਮੇਲ ਦੁਆਰਾ ਬਣਾਇਆ ਜਾਂਦਾ ਹੈ। ਭਗਤ ਰਾਮ ਨੇ ਪਾਰੀ ਨੂੰ ਦੱਸਿਆ, 'ਤੁਹਾਨੂੰ ਬਜ਼ਾਰੋਂ ਅਜਿਹੇ ਰੰਗੀਨ ਪੀੜ੍ਹੇ ਨਹੀਂ ਮਿਲ਼ਣੇ।' ਸੱਜੇ: ਪੀੜ੍ਹੇ ਲਈ, ਭਗਤ ਰਾਮ ਉਨ੍ਹਾਂ ਕੁਝ ਕਾਰੀਗਰਾਂ ਵਿੱਚੋਂ ਇੱਕ ਹਨ ਜੋ ਬਿਹਤਰ ਮਜ਼ਬੂਤੀ ਲਈ ਦੋਵੇਂ ਪਾਸਿਓਂ ਭਰਾਈ ਕਰਦੇ ਹਨ

PHOTO • Naveen Macro
PHOTO • Naveen Macro

ਖੱਬੇ: ਭਗਤ ਰਾਮ ਪੀੜ੍ਹਾ ਬਣਾਉਂਦੇ ਹੋਏ, ਤਾਣੇ ਤੇ ਪੇਟੇ ਦੇ ਸਿਰਿਆਂ ਨੂੰ ਇਕਸਾਰ ਫੜ੍ਹੀ ਟਾਹਲੀ ਦੇ ਚੌਖਟੇ 'ਤੇ ਲਪੇਟਣ ਲੱਗਦੇ ਹਨ। ਸੱਜੇ: ਇੱਕ ਪਾਸੇ ਨੂੰ ਪੂਰਾ ਕਰਨ ਤੋਂ ਬਾਅਦ, ਉਹ ਇਸੇ ਪ੍ਰਕਿਰਿਆ ਨੂੰ ਮਗਰਲੇ ਪਾਸੇ ਦੁਹਰਾਉਣ ਪੀੜ੍ਹੇ ਨੂੰ ਘੁਮਾਉਂਦੇ ਹਨ

ਹਰ ਵਾਰ ਪੇਟੇ ਵਾਲ਼ਾ ਪਾਸਾ ਪੂਰਾ ਹੋਣ 'ਤੇ ਭਗਤ ਖੁਟੀ ਜਾਂ ਠੋਕਨਾ ਨਾਮਕ ਇੱਕ ਹੱਥਨੁਮਾ ਔਜ਼ਾਰ ਨਾਲ਼ ਧਾਗੇ ਨੂੰ ਠੋਕ-ਠੋਕ ਕੇ ਇਕਸਾਰ ਕਰਦੇ ਹਨ। ਠੋਕਨੇ ਤੋਂ ਨਿਕਲ਼ਣ ਵਾਲ਼ੀ ਠਕ ਠਕ ਠਕ ਦੀ ਲੈਅਬੱਧ ਧੁਨੀ ਇਹਦੇ ਸਿਰਿਆਂ 'ਤੇ ਲੱਗੇ ਘੁੰਗਰੂਆਂ ਦੀ ਛਣ ਛਣ ਛਣ ਨਾਲ਼ ਰਲ਼ ਕੇ ਧੁਨੀਆਂ ਦੀ ਇੱਕ ਜੁਗਲਬੰਗੀ (ਸਿੰਫਨੀ) ਪੈਦਾ ਕਰਦੀ ਹੈ।

ਉਨ੍ਹਾਂ ਦੇ ਕੋਲ਼ ਜੋ ਠੋਕਨਾ ਹੈ ਉਹ ਦੋ ਦਹਾਕੇ ਪਹਿਲਾਂ ਉਨ੍ਹਾਂ ਦੇ ਪਿੰਡ ਦੇ ਇੱਕ ਕਾਰੀਗਰ ਦੁਆਰਾ ਬਣਾਇਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੇ ਸਜਾਵਟ ਲਈ ਇਸ ਵਿੱਚ ਨੱਕਾਸ਼ੀਦਾਰ ਫੁੱਲ ਅਤੇ ਘੁੰਗਰੂ ਲਾ ਦਿੱਤੇ। ਉਨ੍ਹਾਂ ਨੇ ਸਕੂਲ ਜਾਂਦੇ ਆਪਣੇ ਦੋ ਪੋਤੇ-ਪੋਤੀਆਂ ਨੂੰ ਬੁਲਾਇਆ ਅਤੇ ਸਾਨੂੰ ਦਿਖਾਉਣ ਲਈ ਇੱਕ ਹੋਰ ਸਟੂਲ ਲਿਆਉਣ ਲਈ ਕਿਹਾ ਤੇ ਫਿਰ ਸਾਡੇ ਵੱਲ ਝੁਕਦਿਆਂ ਆਪਣਾ ਇੱਕ ਭੇਤ ਜ਼ਾਹਰ ਕੀਤਾ: ਉਹ ਆਪਣੇ ਬਣਾਏ ਹਰ ਪੀੜ੍ਹੇ ਵਿੱਚ ਲਗਭਗ ਪੰਜ ਘੁੰਗਰੂ ਬੰਨ੍ਹਦੇ ਹਨ। ਇਹ ਆਮ ਤੌਰ 'ਤੇ ਚਾਂਦੀ ਜਾਂ ਪਿੱਤਲ ਦੇ ਬਣੇ ਹੁੰਦੇ ਹਨ। ਭਗਤ ਰਾਮ ਕਹਿੰਦੇ ਹਨ, "ਮੈਨੂੰ ਬਚਪਨ ਤੋਂ ਹੀ ਘੁੰਗਰੂਆਂ ਦੀ ਅਵਾਜ਼ ਬੜੀ ਪਸੰਦ ਹੈ।''

ਹਰੇਕ ਸਟੂਲ ਨੂੰ ਘੱਟੋ ਘੱਟ ਦੋ ਰੰਗਾਂ ਦੀ ਰੱਸੀ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। "ਤੁਹਾਨੂੰ ਬਾਜ਼ਾਰ ਵਿੱਚ ਅਜਿਹੇ ਰੰਗੀਨ ਪੀੜ੍ਹੇ ਨਹੀਂ ਮਿਲ਼ਣੇ," ਉਹ ਕਹਿੰਦੇ ਹਨ।

ਉਹ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਮਹੂਆ ਕਸਬੇ ਵਿੱਚ ਸਪਲਾਇਰਾਂ ਤੋਂ ਰੱਸੀਆਂ ਲਿਆਉਂਦੇ ਹਨ। ਇੱਕ ਕਿੱਲੋ ਰੱਸੀ ਦੀ ਕੀਮਤ 330 ਰੁਪਏ ਹੈ, ਜਿਸ ਵਿੱਚ ਆਵਾਜਾਈ ਦੀ ਲਾਗਤ ਵੀ ਸ਼ਾਮਲ ਹੈ। ਉਹ ਅਕਸਰ ਵੱਖ-ਵੱਖ ਰੰਗਾਂ ਦੀਆਂ ਲਗਭਗ ਪੰਜ ਤੋਂ ਸੱਤ ਕੁਇੰਟਲ ਰੱਸੀਆਂ ਲਿਆਉਂਦੇ ਹਨ।

ਉਨ੍ਹਾਂ ਦੇ ਮਗਰ ਮੇਜ਼ 'ਤੇ ਰੱਸੀ ਦੇ ਕੁਝ ਬੰਡਲ ਪਏ ਸਨ। ਉਹ ਉੱਠੇ ਤੇ ਸਾਨੂੰ ਆਪਣਾ ਅਸਲੀ ਸੰਗ੍ਰਹਿ ਦਿਖਾਇਆ – ਰੰਗੀਨ ਰੱਸੀਆਂ ਨਾਲ਼ ਭਰੀ ਸ਼ੈਲਫ।

ਉਨ੍ਹਾਂ ਨੇ ਸਾਨੂੰ ਇੱਕ ਪੀੜ੍ਹਾ ਫੜ੍ਹਾਉਂਦਿਆਂ ਕਿਹਾ, "ਦੇਖੋ ਰੱਸੀ ਕਿੰਨੀ ਮੁਲਾਇਮ ਹੈ। ਹਾਲਾਂਕਿ ਉਹ ਨਹੀਂ ਜਾਣਦੇ ਸਨ ਕਿ ਇਹ ਕਿਸ ਸਮੱਗਰੀ ਤੋਂ ਬਣੀ ਸੀ, ਪਰ ਉਨ੍ਹਾਂ ਨੂੰ ਯਕੀਨ ਸੀ ਕਿ ਇਹ ਕਾਫ਼ੀ ਮਜ਼ਬੂਤ ਸੀ ਅਤੇ ਉਨ੍ਹਾਂ ਕੋਲ਼ ਇਸ ਦੇ ਸਬੂਤ ਸਨ। ਇੱਕ ਵਾਰ ਜਦੋਂ ਕਿਸੇ ਗਾਹਕ ਨੇ ਉਨ੍ਹਾਂ ਦੇ ਸਾਮਾਨ ਦੀ ਗੁਣਵੱਤਾ ਬਾਰੇ ਸ਼ੱਕ ਜ਼ਾਹਰ ਕੀਤਾ, ਤਾਂ ਭਗਤ ਨੇ ਗਾਹਕ ਨੂੰ ਹੱਥਾਂ ਨਾਲ਼ ਰੱਸੀ ਤੋੜਨ ਦੀ ਚੁਣੌਤੀ ਦੇ ਦਿੱਤੀ। ਸਿਰਫ਼ ਗਾਹਕ ਹੀ ਨਹੀਂ, ਬਲਕਿ ਇੱਕ ਦਿਨ ਸੋਨੂੰ ਪਹਿਲਵਾਨ ਨਾਂ ਦਾ ਇੱਕ ਪੁਲਿਸ ਮੁਲਾਜ਼ਮ ਵੀ ਰੱਸੀ ਤੋੜ ਨਾ ਸਕਿਆ।

PHOTO • Naveen Macro
PHOTO • Naveen Macro

ਖੁਟੀ (ਖੱਬੇ) ਅਤੇ ਠੋਕਨਾ (ਸੱਜੇ) ਭਗਤ ਰਾਮ ਦੁਆਰਾ ਵਰਤੀਂਦੇ ਦੋ ਸੰਦ ਹਨ। ਭਗਤ ਰਾਮ ਨੇ ਠੋਕਨਾ ' ਤੇ ਘੁੰਗਰੂ ਖੁਦ ਲਾਏ ਹਨ

PHOTO • Naveen Macro
PHOTO • Naveen Macro

ਖੱਬੇ ਅਤੇ ਸੱਜੇ: ਭਗਤ ਰਾਮ ਯਾਦਵ ਆਪਣੇ ਕੋਲ਼ ਪਈਆਂ ਰੰਗੀਨ ਰੱਸੀਆਂ ਦਿਖਾਉਂਦੇ ਹੋਏ

ਚਾਰਪਾਈ ਬਣਾਉਣ ਵਿੱਚ, ਰੱਸੀ ਦੀ ਪਕਿਆਈ ਸਭ ਤੋਂ ਜ਼ਰੂਰੀ ਹੈ ਜੋ ਮੰਜੀ ਦੀ ਬੁਨਿਆਦ ਬਣਦੀ ਹੈ, ਲੋੜੀਂਦਾ ਆਸਰਾ ਬਣਦੀ ਹੈ ਤੇ ਇਸਦੀ ਲੰਬੀ ਉਮਰ ਨੂੰ ਯਕੀਨੀ ਬਣਾਉਂਦੀ ਹੈ। ਇਸ ਦੀ ਮਜ਼ਬੂਤੀ ਨਾਲ਼ ਕੀਤਾ ਕੋਈ ਵੀ ਸਮਝੌਤਾ ਇਹਦੇ ਘੱਟ ਟਿਕਾਊਪੁਣੇ ਤੇ ਬੇਅਰਾਮੀ ਦਾ ਸਬਬ ਬਣ ਸਕਦਾ ਹੈ।

ਭਗਤ ਰਾਮ ਲਈ ਚੁਣੌਤੀ ਸਿਰਫ਼ ਰੱਸੀ ਦੀ ਮਜ਼ਬੂਤੀ ਨਿਰਧਾਰਤ ਕਰਨਾ ਨਹੀਂ ਹੈ; ਚੁਣੌਤੀ ਦਾ ਕੁਝ ਹਿੱਸਾ ਇਸ ਕਲਾ ਵਿੱਚ ਉਨ੍ਹਾਂ ਦੇ ਬੇਮਿਸਾਲ ਹੁਨਰ ਦਾ ਸਬੂਤ ਵੀ ਬਣਨਾ ਹੈ। ਜਦੋਂ ਪੁਲਿਸ ਮੁਲਾਜ਼ਮ ਨੇ ਪੁੱਛਿਆ ਕਿ ਉਹ ਕੀ ਸ਼ਰਤ ਲਾਉਂਦੇ ਹਨ ਤਾਂ ਅੱਗਿਓਂ ਭਗਤ ਨੇ ਕਿਹਾ, "ਇੰਨਾ ਹੀ ਕਾਫ਼ੀ ਹੈ ਕਿ ਤੁਸੀਂ ਇਸ ਦੀ ਗੁਣਵੱਤਾ ਨੂੰ ਸਵੀਕਾਰੋ ਤੇ ਹਾਰ ਪ੍ਰਵਾਨ ਕਰੋ।'' ਪਰ ਮੁਲਾਜ਼ਮ ਪਿਆਰ ਨਾਲ਼ ਭਗਤ ਲਈ ਦੋ ਵੱਡੀਆਂ ਗੋਹਾਨਾ ਜਲੇਬੀਆਂ ਲੈ ਆਇਆ। ਭਗਤ ਨੇ ਹੱਸਦਿਆਂ ਉਹ ਵਾਕਿਆ ਯਾਦ ਕੀਤਾ ਤੇ ਆਪਣੇ ਹੱਥ ਖੋਲ੍ਹ ਕੇ ਵੱਡ-ਅਕਾਰੀ ਜਲੇਬੀਆਂ ਦਾ ਅਕਾਰ ਦੱਸਿਆ।

ਉਸ ਦਿਨ ਸਿਰਫ਼ ਪੁਲਿਸ ਮੁਲਾਜ਼ਮ ਨੇ ਹੀ ਸਬਕ ਨਹੀਂ ਸਿੱਖਿਆ - ਭਗਤ ਰਾਮ ਨੇ ਵੀ ਸਿੱਖਿਆ। ਦਸਤਕਾਰੀ ਮੇਲੇ ਦਾ ਦੌਰਾ ਕਰਨ ਵਾਲ਼ੀਆਂ ਬਜ਼ੁਰਗ ਔਰਤਾਂ ਨੇ ਸ਼ਿਕਾਇਤ ਕੀਤੀ ਕਿ ਇੰਨੇ ਨੀਂਵੇਂ ਪੀੜ੍ਹਿਆਂ 'ਤੇ ਬੈਠਣਾ ਅਸਹਿਜ ਸੀ ਅਤੇ ਗੋਡਿਆਂ ਵਿੱਚ ਦਰਦ ਹੁੰਦਾ ਸੀ। "ਉਨ੍ਹਾਂ ਨੇ ਮੈਨੂੰ ਲਗਭਗ ਡੇਢ ਫੁੱਟ ਉੱਚੇ ਪੀੜ੍ਹੇ ਬਣਾਉਣ ਲਈ ਕਿਹਾ," ਭਗਤ ਰਾਮ ਉਨ੍ਹਾਂ ਉੱਚੇ ਪੀੜ੍ਹਿਆਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਜਿਨ੍ਹਾਂ ਦਾ ਚੌਖਟਾ ਉਹ ਹੁਣ ਸਟੀਲ ਦਾ ਬਣਵਾ ਰਹੇ ਹਨ।

ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇਵੀ ਨੇ ਕਾਹਲੀ-ਕਾਹਲੀ ਵਿਹੜੇ ਵਿੱਚ ਪਈਆਂ ਪੀੜ੍ਹੀਆਂ ਇਕੱਠੀਆਂ ਕੀਤੀਆਂ। 70 ਸਾਲਾ ਬਜ਼ੁਰਗ ਪਹਿਲਾਂ ਦਰੀਆਂ ਬੁਣਨ ਦਾ ਕੰਮ ਕਰਦੀ ਸੀ, ਪਰ ਪੰਜ ਸਾਲ ਪਹਿਲਾਂ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਹ ਸਾਰਾ ਦਿਨ ਘਰ ਦੇ ਕੰਮ ਕਰਨ ਅਤੇ ਪਸ਼ੂਆਂ ਦੀ ਦੇਖਭਾਲ਼ ਕਰਨ ਵਿੱਚ ਬਿਤਾਉਂਦੇ ਹਨ।

ਭਗਤ ਰਾਮ ਦੇ ਪੁੱਤਰ ਜਸਵੰਤ ਕੁਮਾਰ ਅਤੇ ਸੁਨੇਹਰਾ ਸਿੰਘ ਭਗਤ ਰਾਮ ਦੇ ਨਕਸ਼ੇ ਕਦਮਾਂ 'ਤੇ ਨਹੀਂ ਚੱਲੇ।  ਸੁਨੇਹਰਾ ਹਿਸਾਰ ਜ਼ਿਲ੍ਹਾ ਅਦਾਲਤ ਵਿੱਚ ਟਾਈਪਿਸਟ ਵਜੋਂ ਕੰਮ ਕਰਦੇ ਹਨ, ਜਦੋਂ ਕਿ ਜਸਵੰਤ ਪਰਿਵਾਰ ਦੀ ਜ਼ਮੀਨ ਸਾਂਭਦੇ ਹਨ ਜਿੱਥੇ ਉਹ ਕਣਕ ਅਤੇ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। "ਤੁਸੀਂ ਸਿਰਫ਼ ਇਸੇ ਕਲਾ ਸਹਾਰੇ ਡੰਗ ਨਹੀਂ ਚਲਾ ਸਕਦੇ; ਕਿਉਂਕਿ ਮੈਨੂੰ 25,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ਼ਦੀ ਹੈ ਇਸ ਲਈ ਮੈਂ ਇਹ ਕਲਾ ਜਾਰੀ ਰੱਖ ਪਾ ਰਿਹਾ ਹਾਂ," ਉਹ ਕਹਿੰਦੇ ਹਨ।

PHOTO • Naveen Macro
PHOTO • Naveen Macro

ਖੱਬੇ ਅਤੇ ਸੱਜੇ: ਭਗਤ ਰਾਮ ਦੁਆਰਾ ਬਣਾਏ ਗਏ ਪੀੜ੍ਹੇ

PHOTO • Naveen Macro
PHOTO • Naveen Macro

ਖੱਬੇ: ਭਗਤ ਰਾਮ ਯਾਦਵ ਦੀ ਪਤਨੀ ਕ੍ਰਿਸ਼ਨਾ ਦੇਵੀ, ਛੋਟਾ ਬੇਟਾ ਸੁਨੇਹਰਾ ਸਿੰਘ ਅਤੇ ਪੋਤੇ-ਪੋਤੀਆਂ ਮਨੀਸ਼ ਅਤੇ ਈਸ਼ਾਨ। ਸੱਜੇ: ਸੁਨੇਹਰਾ ਪੀੜ੍ਹੇ ਅੰਤਿਮ ਛੋਹ ਦੇ ਰਹੇ ਹਨ

*****

ਭਗਤ ਰਾਮ ਪੀੜ੍ਹਾ 2,500 ਤੋਂ 3,000 ਰੁਪਏ ਵਿੱਚ ਵੇਚਦੇ ਹਨ। ਉਹ ਕਹਿੰਦੇ ਹਨ ਕਿਉਂਕਿ ਉਹ ਬਹੁਤ ਬਰੀਕੀ ਵਿੱਚ ਹਰ ਵੇਰਵੇ 'ਤੇ ਧਿਆਨ ਦਿੰਦੇ ਹਨ ਜਿਸ ਕਾਰਨ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। "ਅੱਠ ਕਿਲੋਮੀਟਰ ਦੂਰ, ਹਾਂਸੀ ਤੋਂ ਖਰੀਦੀ ਗਈ ਪਾਈ (ਪਾਵੇ) ਸਮੇਤ ਹਰ ਪਹਿਲੂ ਨੂੰ ਧਿਆਨ ਨਾਲ਼ ਚੁਣਿਆ ਜਾਂਦਾ ਹੈ। ਅਸੀਂ ਇਸ ਨੂੰ ਪੇਡੀ , ਮੋਟਾ ਪੇਡ ਜਾਂ ਦੱਤ ਕਹਿੰਦੇ ਹਾਂ। ਫਿਰ ਅਸੀਂ ਇਸ ਨੂੰ ਉਕੇਰਦੇ ਹਾਂ ਅਤੇ ਗਾਹਕ ਨੂੰ ਦਿਖਾਉਂਦੇ ਹਾਂ। ਇੱਕ ਵਾਰ ਜਦੋਂ ਉਹ ਆਪਣੀ ਸਹਿਮਤੀ ਦੇ ਦਿੰਦੇ ਹਨ ਮੈਂ ਇਸ ਨੂੰ ਪਾਲਿਸ਼ ਕਰਨ ਲੱਗਦਾ ਹਾਂ," ਉਹ ਕਹਿੰਦੇ ਹਨ।

ਚਾਰਪਾਈ ਬਣਾਉਣ ਵੇਲ਼ੇ ਵੀ ਇਸੇ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਂਦੀ ਹੈ। ਇੱਕ ਰੰਗੀਨ ਚਾਰਪਾਈ ਨੂੰ ਪੂਰਾ ਹੋਣ ਵਿੱਚ ਤਿੰਨ ਤੋਂ ਚਾਰ ਦਿਨ ਲੱਗਦੇ ਹਨ, ਜਦੋਂ ਕਿ ਇੱਕ ਡਿਜ਼ਾਈਨਰ ਚਾਰਪਾਈ ਨੂੰ ਪੂਰਾ ਕਰਨ ਵਿੱਚ 15 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ।

ਚਾਰਪਾਈ ਬਣਾਉਣ ਲਈ, ਲੱਕੜ ਦੇ ਫਰੇਮ ਦੇ ਅੰਦਰ ਇੱਕ ਪੈਰ ਦੀ ਜਗ੍ਹਾ ਛੱਡ ਕੇ, ਭਗਤ ਰਾਮ ਰੱਸੀਆਂ ਨੂੰ ਦੋਵੇਂ ਬਾਹੀਆਂ ਨਾਲ਼ ਜੋੜ ਕੇ ਬੁਣਾਈ ਸ਼ੁਰੂ ਕਰਦੇ ਹਨ, ਉਨ੍ਹਾਂ ਨੂੰ ਹਰ ਪਾਸੇ ਦੋ ਤੋਂ ਤਿੰਨ ਗੰਢਾਂ ਮਾਰ ਮਜ਼ਬੂਤ ਕਰਦੇ ਹਨ। ਫਿਰ ਉਹ ਚਾਰਪਾਈ ਦੀ ਤਾਣੀ (ਲੰਬੇ ਪਾਸਿਓਂ) ਪਾਉਣ ਨਾਲ਼ ਸ਼ੁਰੂਆਤ ਕਰਦੇ ਹੋਏ ਅੱਗੇ ਵਧਦੇ ਹਨ। ਇਸ ਦੇ ਨਾਲ਼ ਹੀ ਕੁੰਡੇ ਨਾਂ ਦੇ ਔਜ਼ਾਰ ਦੀ ਵਰਤੋਂ ਕਰਦਿਆਂ ਚਾਰਪਾਈ ਦੀ ਬੁਣਾਈ ਨੂੰ ਹੋਰ ਮਜ਼ਬੂਤੀ ਦੇਣ ਲਈ ਗੁੰਡੀ ਨਾਂ ਦੀ ਤਕਨੀਕ ਤੋਂ ਕੰਮ ਲੈਂਦੇ ਹਨ।

" ਚਾਰਪਾਈ ਬਣਾਉਂਦੇ ਸਮੇਂ ਰੱਸੀਆਂ ਢਿੱਲੀਆਂ ਨਾ ਪੈ ਜਾਣ ਇਸ ਵਾਸਤੇ ਗੁੰਡੀ ਤਕਨੀਕ ਨੂੰ ਅਪਣਾਇਆ ਜਾਂਦਾ ਹੈ," ਭਗਤ ਰਾਮ ਦੱਸਦੇ ਹਨ।

ਤਾਣੀ ਪਾਉਣ ਤੋਂ ਬਾਅਦ, ਉਹ ਡਿਜ਼ਾਈਨ ਬਣਾਉਣ ਲਈ ਆਡੇ ਰੁਕ ਰੰਗੀਨ ਰੱਸੀਆਂ ਦੀ ਭਰਾਈ ਸ਼ੁਰੂ ਕਰਦੇ ਹਨ। ਇਨ੍ਹਾਂ ਰੱਸੀਆਂ ਨੂੰ ਵੀ ਗੁੰਡੀ ਸਹਾਰੇ ਸੁਰੱਖਿਅਤ ਕੀਤਾ ਜਾਂਦਾ ਹੈ। ਇੱਕ ਚਾਰਪਾਈ ਬੁਣਨ ਲਈ ਲਗਭਗ 10 ਤੋਂ 15 ਕਿਲੋਗ੍ਰਾਮ ਰੱਸੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਜਦੋਂ ਵੱਖ-ਵੱਖ ਰੰਗਾਂ ਦੀ ਰੱਸੀ ਵਰਤੀ ਜਾਂਦੀ ਹੈ, ਤਾਂ ਉਹ ਦੋਵਾਂ ਦੇ ਸਿਰਿਆਂ ਨੂੰ ਜੋੜਨ ਲਈ ਸੂਈ ਤੇ ਧਾਗੇ ਨਾਲ਼ ਟਾਂਕੇ ਲਾਉਂਦੇ ਹਨ। ਰੱਸੀ ਦੇ ਅੰਤਲੇ ਸਿਰੇ 'ਤੇ ਉਸੇ ਰੰਗ ਦੇ ਧਾਗੇ ਦੀ ਰੱਸੀ ਨੂੰ ਟਾਂਕੇ ਸਹਾਰੇ ਆਪਸ ਵਿੱਚ ਜੋੜਿਆ ਜਾਂਦਾ ਹੈ। ਉਹ ਕਹਿੰਦੇ ਹਨ, "ਜੇ ਤੁਸੀਂ ਸਿਰਫ਼ ਗੰਢ ਮਾਰਦੇ ਹੋ ਤਾਂ ਇਹ ਛੋਲੇ ਦੇ ਦਾਣੇ ਵਾਂਗਰ ਚੁੱਭਦੀ ਰਹੇਗੀ।''

PHOTO • Naveen Macro
PHOTO • Naveen Macro

ਖੱਬੇ: ਭਗਤ ਰਾਮ ਚਾਰਪਾਈ ਬਣਾਉਣ ਵੇਲ਼ੇ ਰੱਸੀਆਂ ਦੇ ਮਾਮਲੇ ਵਿੱਚ ਇੱਕ ਖਾਸ ਤਕਨੀਕ ਦੀ ਵਰਤੋਂ ਕਰਦੇ ਹਨ। ਸੱਜੇ: ਹਰ ਵਾਰ ਜਦੋਂ ਉਹ ਦੋ ਰੱਸੀਆਂ ਦੇ ਸਿਰਿਆਂ ਨੂੰ ਜੋੜਦੇ ਹਨ, ਤਾਂ ਉਨ੍ਹਾਂ ਨੂੰ ਸੂਈ ਅਤੇ ਧਾਗੇ ਨਾਲ਼ ਟਾਂਕੇ ਲਾ ਕੇ ਸੁਰੱਖਿਅਤ ਕਰਦੇ ਹਨ

PHOTO • Naveen Macro
PHOTO • Naveen Macro

ਖੱਬੇ: ਗੁੰਡੀ ਇੱਕ ਅਜਿਹੀ ਤਕਨੀਕ ਹੈ ਜਿਸ ਦੀ ਵਰਤੋਂ ਕੁੰਡੇ ਨਾਲ਼ ਕੀਤੀ ਜਾਂਦੀ ਹੈ ਤਾਂ ਜੋ ਚਾਰਪਾਈ ਦੀਆਂ ਰੱਸੀਆਂ ਢਿੱਲੀਆਂ ਨਾ ਪੈਣ। ਸੱਜੇ: ਭਗਤ ਰਾਮ ਦੇ ਔਜ਼ਾਰ

ਚਾਰਪਾਈ ਬਣਾਉਣ ਵਿੱਚ ਉਨ੍ਹਾਂ ਦੀ ਜ਼ਿਆਦਾਤਰ ਰਚਨਾਤਮਕ ਪ੍ਰੇਰਣਾ ਪਿੰਡ ਦੇ ਅੰਦਰ ਪ੍ਰਾਚੀਨ ਘਰਾਂ ਅਤੇ ਕੰਧ ਪੇਂਟਿੰਗਾਂ 'ਤੇ ਪਾਈਆਂ ਜਾਣ ਵਾਲ਼ੀਆਂ ਗੁੰਝਲਦਾਰ ਨੱਕਾਸ਼ੀਆਂ ਅਤੇ ਹਰਿਆਣਾ ਦੇ ਵੱਖ-ਵੱਖ ਖੇਤਰਾਂ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਸਮੇਂ ਨਜ਼ਰੀਂ ਪੈਣ ਵਾਲ਼ੀਆਂ ਪੇਂਟਿੰਗਾਂ ਤੋਂ ਆਉਂਦੀ ਹੈ। "ਮੈਂ ਆਪਣੇ ਫ਼ੋਨ 'ਤੇ ਤਸਵੀਰਾਂ ਖਿੱਚਦਾ ਹਾਂ ਅਤੇ ਫਿਰ ਉਨ੍ਹਾਂ ਡਿਜਾਇਨਾਂ ਨੂੰ ਆਪਣੇ ਚਾਰਪਾਈ ਬੁਣਨ ਵੇਲ਼ੇ ਪਾਉਂਦਾ ਹਾਂ," ਭਗਤ ਰਾਮ ਆਪਣੇ ਫ਼ੋਨ 'ਤੇ ਇੱਕ ਚਾਰਪਾਈ ਦੀ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। ਇਸ ਦਾ ਡਿਜ਼ਾਈਨ ਸਵਾਸਤਿਕ ਅਤੇ ਚੌਪਾਰ ਬੋਰਡ ਦੀ ਖੇਡ ਤੋਂ ਪ੍ਰੇਰਿਤ ਸੀ। ਜਿਸ ਚਾਰਪਾਈ ਜਾਂ ਪੀੜ੍ਹੀ ਨੂੰ ਰੱਸੀ ਨਾਲ਼ ਬੁਣਨਾ ਹੁੰਦਾ ਹੈ, ਉਸਦੀ ਬਾਈ/ਬਾਈਆਂ (ਲੰਬੀ ਬਾਹੀ) ਅਤੇ ਸ਼ੇਰੂ (ਚੌੜੀ ਬਾਹੀ) ਸਾਲ ਦੀ ਲੱਕੜ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ, ਜਦੋਂ ਕਿ ਪਾਈ (ਪਾਵੇ) ਟਾਹਲੀ ਲੱਕੜ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ, ਜਿਨ੍ਹਾਂ ਸਾਰਿਆਂ ਨੂੰ ਇੱਕ ਛੋਟੇ ਪਿੱਤਲ ਦੇ ਟੁਕੜੇ ਦੀ ਵਰਤੋਂ ਕਰਕੇ ਸਜਾਇਆ ਜਾਂਦਾ ਹੈ।

ਭਗਤ ਰਾਮ ਰੱਸੀ ਦੀਆਂ ਜੋ ਚਾਰਪਾਈ ਬਣਾਉਂਦੇ ਹਨ, ਉਨ੍ਹਾਂ ਦੀ ਕੀਮਤ ਆਮ ਤੌਰ 'ਤੇ 25,000 ਰੁਪਏ ਤੋਂ ਲੈ ਕੇ 30,000 ਰੁਪਏ ਤੱਕ ਹੁੰਦੀ ਹੈ, ਜੋ 8x6 ਫੁੱਟ, 10x8 ਫੁੱਟ ਜਾਂ 10x10 ਫੁੱਟ ਦੇ ਆਕਾਰ 'ਤੇ ਨਿਰਭਰ ਕਰਦੀ ਹੈ। ਉਹ ਚਾਰਪਾਈ ਜਾਂ ਪੀੜ੍ਹਾ ਬਣਾ ਕੇ ਰੋਜ਼ ਦੇ 500 ਰੁਪਏ ਕਮਾਉਂਦੇ ਹਨ ਅਤੇ ਮਹੀਨੇ ਵਿੱਚ ਕੁੱਲ 5,000 ਤੋਂ 15,000 ਰੁਪਏ ਕਮਾਉਂਦੇ ਹਨ। "ਯੇ ਸਰਕਾਰ ਕਾ ਮੋਲ ਤੋ ਹੈ ਨਹੀਂ , ਮੇਰੇ ਮਨ ਕਾ ਮੋਲ ਹੈ , '' ਭਗਤ ਰਾਮ ਕਹਿੰਦੇ ਹਨ।

ਉਹ ਸਰਕਾਰ ਦੀ ਅਧਿਕਾਰਤ ਦਸਤਕਾਰੀ ਸੂਚੀ ਵਿੱਚ ਚਾਰਪਾਈ ਨੂੰ ਸ਼ਾਮਲ ਕੀਤੇ ਜਾਣ ਦੇ ਮਿਸ਼ਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪਾਰੀ ਨੂੰ ਆਪਣੇ ਮੋਬਾਈਲ ਫੋਨ 'ਤੇ ਇੱਕ ਵੀਡੀਓ ਕਲਿੱਪ ਦਿਖਾਉਂਦੇ ਹੋਏ ਮਾਣ ਨਾਲ਼ ਕਿਹਾ, ''ਮੈਂ ਇੱਕ ਸਥਾਨਕ ਨਿਊਜ਼ ਚੈਨਲ ਦੇ ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ।''

ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਦੋ ਵਾਰੀਂ ਆਪਣੇ ਪਿੰਡ ਤੋਂ ਲਗਭਗ 200 ਕਿਲੋਮੀਟਰ ਦੂਰ ਫਰੀਦਾਬਾਦ ਸ਼ਹਿਰ ਵਿੱਚ ਅਯੋਜਿਤ ਸੂਰਜਕੁੰਡ ਮੇਲੇ ਵਿੱਚ ਸਾਲਾਨਾ ਦਸਤਕਾਰੀ ਮੇਲੇ ਵਿੱਚ ਜਾ ਚੁੱਕੇ ਹਨ। ਪਰ ਪਹਿਲੀ ਵਾਰ, 2018 ਵਿੱਚ, ਉਨ੍ਹਾਂ ਕੋਲ਼ ਕਾਰੀਗਰ ਦਾ ਕਾਰਡ ਨਾ ਹੋਣ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ। ਪਰ ਕਿਸਮਤ ਉਨ੍ਹਾਂ ਦੇ ਹੱਕ ਵਿੱਚ ਸੀ। ਇੱਕ ਸਬ-ਇੰਸਪੈਕਟਰ ਨੇ ਡਿਪਟੀ ਸੁਪਰਡੈਂਟ ਲਈ ਦੋ ਚਾਰਪਾਈਆਂ ਦੀ ਮੰਗ ਕੀਤੀ। ਉਸ ਤੋਂ ਬਾਅਦ ਕਿਸੇ ਨੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ। ਭਗਤ ਮੁਸਕਰਾਉਂਦੇ ਹੋਏ ਕਹਿੰਦੇ ਹਨ,"ਸਾਰਿਆਂ ਨੇ ਕਿਹਾ, ' ਤਾਊ ਤੋ ਡੀਐੱਸਪੀ ਸਾਹਿਬ ਕਾ ਬੋਹੋਤ ਤਗੜਾ ਜਾਨਕਰ ਹੈ ' ''

ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਟੈਕਸਟਾਈਲ ਮੰਤਰਾਲਾ ਕਾਰੀਗਰਾਂ ਦੇ ਕਾਰਡ ਲਈ ਅਰਜ਼ੀ ਦਿੰਦੇ ਸਮੇਂ ਚਾਰਪਾਈ ਨੂੰ ਦਸਤਕਾਰੀ ਵਜੋਂ ਮਾਨਤਾ ਨਹੀਂ ਦਿੰਦਾ। ਇਸ ਲਈ ਰੇਵਾੜੀ ਦੇ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਰਡ ਫੋਟੋ ਲਈ ਦਰੀ ਬੁਣਕਰ ਵਜੋਂ ਪੇਸ਼ ਹੋਣ ਲਈ ਕਿਹਾ।

ਸਾਲ 2019 'ਚ ਵੀ ਉਹ ਇਹੀ ਕਾਰਡ ਆਪਣੇ ਨਾਲ਼ ਲੈ ਗਏ ਸਨ। ਹਾਲਾਂਕਿ ਮੇਲੇ ਵਿੱਚ ਹਰ ਕਿਸੇ ਨੇ ਉਨ੍ਹਾਂ ਦੀ ਚਾਰਪਾਈ ਦੀ ਪ੍ਰਸ਼ੰਸਾ ਹੀ ਕੀਤੀ, ਪਰ ਉਹ ਮੁਕਾਬਲੇ ਵਿੱਚ ਹਿੱਸਾ ਲੈਣ ਜਾਂ ਆਪਣੀ ਕਲਾ ਲਈ ਪੁਰਸਕਾਰ ਜਿੱਤਣ ਦੇ ਹੱਕਦਾਰ ਨਹੀਂ ਹਨ। "ਮੈਂ ਆਪਣੀਆਂ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨਾ ਚਾਹੁੰਦਾ ਸੀ ਅਤੇ ਪੁਰਸਕਾਰ ਵੀ ਜਿੱਤਣਾ ਚਾਹੁੰਦਾ ਸੀ। ਮੈਨੂੰ ਦੁੱਖ ਹੋਇਆ ਕਿ ਇਹ ਸੰਭਵ ਹੀ ਨਹੀਂ ਸੀ," ਭਗਤ ਰਾਮ ਕਹਿੰਦੇ ਹਨ।

PHOTO • Naveen Macro
PHOTO • Naveen Macro

ਖੱਬੇ ਅਤੇ ਸੱਜੇ: ਪੀੜ੍ਹਾ 'ਤੇ ਕੀਤੀ ਸਜਾਵਟ

PHOTO • Naveen Macro
PHOTO • Naveen Macro

ਖੱਬੇ: ਭਗਤ ਰਾਮ ਨੂੰ ਇੱਕ ਚਾਰਪਾਈ ਬਣਾਉਣ ਵਿੱਚ ਲਗਭਗ 15 ਦਿਨ ਲੱਗਦੇ ਹਨ। ਸੱਜੇ: ਉਨ੍ਹਾਂ ਦੀ ਕੀਮਤ ਆਮ ਤੌਰ 'ਤੇ ਆਕਾਰ ਦੇ ਅਧਾਰ 'ਤੇ 25,000 ਤੋਂ 30,000 ਰੁਪਏ ਦੇ ਵਿਚਕਾਰ ਹੁੰਦੀ ਹੈ

*****

ਭਗਤ ਰਾਮ ਲਈ ਹੁਣ ਤੱਕ ਦੀ ਸਭ ਤੋਂ ਯਾਦਗਾਰੀ ਮੰਗ ਸੀ ਜਦੋਂ 2021 ਵਿੱਚ ਸਾਲ ਭਰ ਚੱਲਣ ਵਾਲੇ ਕਿਸਾਨ ਵਿਰੋਧ ਪ੍ਰਦਰਸ਼ਨ ਲਈ ਉਨ੍ਹਾਂ ਨੇ 12 x 6.5 ਫੁੱਟ ਲੰਬੀ ਇੱਕ ਵੱਡੀ ਚਾਰਪਾਈ ਬਣਾਈ ਸੀ। (ਪਾਰੀ ਦੀ ਪੂਰੀ ਕਵਰੇਜ ਇੱਥੇ ਪੜ੍ਹੋ)। ਭਗਤ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਧਾਗਿਆਂ ਨਾਲ਼ ਡਿਜਾਇਨ ਪਾਉਣ ਵੇਲੇ ਕਿਸਾਨ ਅੰਦੋਲਨ (ਅੱਖਰ)ਵੀ ਬੁਣਨ।

ਉਨ੍ਹਾਂ ਨੂੰ ਲਗਭਗ 500 ਕਿਲੋਗ੍ਰਾਮ ਭਾਰ ਵਾਲ਼ੀ ਉਸ ਚਾਰਪਾਈ (ਮੰਜੀ) ਨੂੰ ਬਣਾਉਣ ਲਈ 150,000 ਰੁਪਏ ਦਿੱਤੇ ਗਏ ਸਨ। "ਮੈਨੂੰ ਇਸ ਨੂੰ ਵਿਹੜੇ ਵਿੱਚ ਰੱਖਣਾ ਪਿਆ ਅਤੇ ਉੱਥੇ ਹੀ ਕੰਮ ਵੀ ਕਰਨਾ ਪਿਆ ਕਿਉਂਕਿ ਇਹ ਮੇਰੇ ਕਮਰੇ ਵਿੱਚ ਫਿੱਟ ਨਹੀਂ ਸੀ ਬੈਠਦੀ," ਭਗਤ ਕਹਿੰਦੇ ਹਨ। ਤਸਵੀਰ ਸਿੰਘ ਅਹਲਾਵਤ ਦੀ ਬੇਨਤੀ 'ਤੇ ਬਣਾਈ ਗਈ ਇਹ ਚਾਰਪਾਈ /ਖਾਟ ਅਹਲਾਵਤ ਸਮੂਹ ਵੱਲੋਂ ਭਗਤ ਦੇ ਪਿੰਡ ਤੋਂ 76 ਕਿਲੋਮੀਟਰ ਦੂਰ ਹਰਿਆਣਾ ਦੇ ਦਿਗਲ ਟੋਲ ਪਲਾਜ਼ਾ 'ਤੇ ਲਿਜਾਈ ਗਈ।

ਇਸ ਤੋਂ ਇਲਾਵਾ ਉਨ੍ਹਾਂ ਦੀ ਕਲਾ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ ਅਤੇ ਕਰਨਾਟਕ ਦੇ ਗਾਹਕਾਂ ਤੱਕ ਵੀ ਪਹੁੰਚ ਚੁੱਕੀ ਹੈ।

"ਇਹ ਇੱਕ ਸ਼ੌਕ ਹੈ ਜੋ ਹਰ ਕਿਸੇ ਵਿੱਚ ਨਹੀਂ ਮਿਲ਼ਦਾ," ਭਗਤ ਰਾਮ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਜਦੋਂ ਹਰਿਆਣਾ ਦੇ ਇੱਕ ਪਸ਼ੂ ਪਾਲਕ ਨੇ 35,000 ਰੁਪਏ ਦੀ ਚਾਰਪਾਈ ਖਰੀਦੀ ਸੀ। "ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਸਿਰਫ਼ ਇੱਕ ਪਸ਼ੂ ਪਾਲਕ ਹੈ, ਤਾਂ ਮੈਂ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਕੀਤੀ। ਪਰ ਉਸਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਉਹ ਇਸ ਖਾਟ ਲਈ ਇੱਕ ਲੱਖ ਰੁਪਏ ਦੇਣ ਲਈ ਵੀ ਤਿਆਰ ਹੈ।''

ਭਗਤ ਰਾਮ 2019 ਵਿੱਚ ਦੂਜੀ ਵਾਰ ਸਾਲਾਨਾ ਦਸਤਕਾਰੀ ਮੇਲੇ ਵਿੱਚ ਜ਼ਰੂਰ ਗਏ ਪਰ ਬਾਅਦ ਵਿੱਚ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਇਸ ਤੋਂ ਬਹੁਤੀ ਆਮਦਨ ਨਹੀਂ ਸੀ ਹੁੰਦੀ। ਵੈਸੇ ਵੀ ਉਨ੍ਹਾਂ ਕੋਲ਼ ਘਰੇ ਜ਼ਿਆਦਾ ਕੰਮ ਉਪਲਬਧ ਹੈ ਅਤੇ ਉਨ੍ਹਾਂ ਨੂੰ ਨਵੇਂ ਆਰਡਰਾਂ ਵਾਲ਼ੇ ਫ਼ੋਨ ਆਉਂਦੇ ਹੀ ਰਹਿੰਦੇ ਹਨ। ਭਗਤ ਰਾਮ ਮਾਣ ਨਾਲ਼ ਕਹਿੰਦੇ ਹਨ, "ਹਮੇਸ਼ਾ ਕੋਈ ਨਾ ਕੋਈ ਫ਼ੋਨ ਕਰਕੇ ਕਦੇ ਚਾਰਪਾਈ ਤੇ ਕਦੇ ਪੀੜ੍ਹੇ ਦੀ ਮੰਗ ਕਰਦਾ ਹੀ ਰਹਿੰਦਾ ਹੈ।''

ਇਸ ਰਿਪੋਰਟ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਫੈਲੋਸ਼ਿਪ ਦੁਆਰਾ ਸਮਰਥਨ ਦਿੱਤਾ ਗਿਆ ਸੀ।

ਤਰਜਮਾ: ਕਮਲਜੀਤ ਕੌਰ

Sanskriti Talwar

সংস্কৃতি তলওয়ার নয়া দিল্লি-ভিত্তিক স্বতন্ত্র সাংবাদিক এবং ২০২৩ সালের পারি-এমএমএফ ফেলোশিপ প্রাপক রিপোর্টার।

Other stories by Sanskriti Talwar
Photographs : Naveen Macro

নবীন ম্যাক্রো দিল্লি-ভিত্তিক স্বতন্ত্র চিত্রসাংবাদিক, তথ্যচিত্র নির্মাতা এবং ২০২৩ সালের পারি-এমএমএফ ফেলোশিপ প্রাপক রিপোর্টার।

Other stories by Naveen Macro
Editor : Sarbajaya Bhattacharya

সর্বজয়া ভট্টাচার্য বরিষ্ঠ সহকারী সম্পাদক হিসেবে পিপলস আর্কাইভ অফ রুরাল ইন্ডিয়ায় কর্মরত আছেন। দীর্ঘদিন যাবত বাংলা অনুবাদক হিসেবে কাজের অভিজ্ঞতাও আছে তাঁর। কলকাতা নিবাসী সর্ববজয়া শহরের ইতিহাস এবং ভ্রমণ সাহিত্যে সবিশেষ আগ্রহী।

Other stories by Sarbajaya Bhattacharya
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur