“ਭਾਵੇਂ ਕੋਲਕਾਤਾ ਹੋਵੇ, ਜੈਪੁਰ, ਦਿੱਲੀ ਜਾਂ ਮੁੰਬਈ ਹੋਵੇ, ਬਾਂਸ ਦੀਆਂ ਪੋਲੋ ਗੇਂਦਾਂ ਸਿੱਧਾ ਦਿਉਲਪੁਰ ਤੋਂ ਜਾਂਦੀਆਂ ਸਨ,” ਭਾਰਤ ਵਿੱਚ ਜਿੱਥੇ-ਜਿੱਥੇ ਪੋਲੋ ਖੇਡੀ ਜਾਂਦੀ ਸੀ, ਉਹਨਾਂ ਜਗ੍ਹਾਵਾਂ ਬਾਰੇ ਦੱਸਦਿਆਂ ਰਣਜੀਤ ਮੱਲ ਨੇ ਕਿਹਾ।
ਪੱਛਮੀ ਬੰਗਾਲ ਦੇ ਦਿਉਲਪੁਰ ਕਸਬੇ ਦੇ ਰਹਿਣ ਵਾਲੇ ਪੋਲੋ ਦੀਆਂ ਗੇਂਦਾਂ ਬਣਾਉਣ ਵਾਲੇ 71 ਸਾਲਾ ਕਾਰੀਗਰ ਰਣਜੀਤ ਨੇ ਗੁਆਡੁਆ ਬਾਂਸ (ਬਾਂਸ ਦੀ ਕਿਸਮ) ਦੇ ਰਾਈਜ਼ੋਮ ਤੋਂ 40 ਸਾਲ ਦੇ ਕਰੀਬ ਤੋਂ ਗੇਂਦਾਂ ਬਣਾਈਆਂ ਹਨ। ਰਾਈਜ਼ੋਮ, ਜਿਹਨਾਂ ਨੂੰ ਸਥਾਨਕ ਭਾਸ਼ਾ ਵਿੱਚ ਬਾਂਸ਼-ਏਰ ਗੋੜਾ ਕਿਹਾ ਜਾਂਦਾ ਹੈ, ਬਾਂਸ ਦੇ ਪੌਦੇ ਦਾ ਜ਼ਮੀਂਦੋਜ਼ ਹਿੱਸਾ ਹੁੰਦੇ ਹਨ ਜੋ ਪੌਦਿਆਂ ਨੂੰ ਵਧਣ ਅਤੇ ਫੈਲਣ ਵਿੱਚ ਮਦਦ ਕਰਦੇ ਹਨ। ਅੱਜ ਦੇ ਸਮੇਂ ਵਿੱਚ ਉਹ ਇਸ ਕਲਾ ਦਾ ਆਖਰੀ ਸ਼ਿਲਪਕਾਰ ਹੈ; ਇੱਕ ਅਜਿਹਾ ਹੁਨਰ, ਜੋ ਉਸਦੇ ਮੁਤਾਬਕ, ਪਹਿਲਾਂ ਹੀ ਇਤਿਹਾਸ ਬਣ ਚੁੱਕਿਆ ਹੈ।
ਪਰ ਜਦ ਤੋਂ ਪਿਛਲੇ ਤਕਰੀਬਨ 160 ਸਾਲ ਤੋਂ ਜਦ ਤੋਂ ਮਾਡਰਨ ਪੋਲੋ ਖੇਡੀ ਗਈ ਹੈ – ਸ਼ੁਰੂਆਤ ਵਿੱਚ ਮਿਲਟਰੀ, ਸ਼ਾਹੀ ਲੋਕਾਂ, ਅਤੇ ਅਲੀਟ ਕਲੱਬਾਂ ਦੁਆਰਾ – ਉਦੋਂ ਤੋਂ ਬਾਂਸ ਦੀਆਂ ਗੇਂਦਾਂ ਦਿਉਲਪੁਰ ਤੋਂ ਆਉਂਦੀਆਂ ਸਨ। ਸਗੋਂ ਦੁਨੀਆ ਦਾ ਪਹਿਲਾ ਪੋਲੋ ਕਲੱਬ ਸਿਲਚਰ, ਅਸਮ ਵਿੱਚ 1859 ਵਿੱਚ ਖੁੱਲ੍ਹਿਆ ਸੀ; ਦੂਜਾ 1863 ਵਿੱਚ ਕਲਕੱਤੇ ਵਿੱਚ ਖੁੱਲ੍ਹਿਆ। ਮਾਡਰਨ ਪੋਲੋ ਸਗੋਲ ਕਾਂਗਜੇਈ (ਮਣੀਪੁਰ ਵਿੱਚ ਮੈਤੇਈ ਭਾਈਚਾਰੇ ਦੀ ਇੱਕ ਰਵਾਇਤੀ ਖੇਡ) ਦਾ ਇੱਕ ਰੂਪ ਹੈ, ਅਤੇ ਖੇਡਣ ਲਈ ਬਾਂਸ ਦੇ ਰਾਈਜ਼ੋਮ ਤੋਂ ਬਣੀਆਂ ਗੇਂਦਾਂ ਦਾ ਇਸਤੇਮਾਲ ਮੈਤੇਈ ਕਰਦੇ ਸਨ।
1940ਵਿਆਂ ਦੇ ਸ਼ੁਰੂ ਵਿੱਚ ਦਿਉਲਪੁਰ ਪਿੰਡ ਦੇ ਛੇ ਤੋਂ ਸੱਤ ਪਰਿਵਾਰ 125 ਤੋਂ ਵੱਧ ਕਾਰੀਗਰਾਂ ਨੂੰ ਰੁਜ਼ਗਾਰ ਦਿੰਦੇ ਸਨ ਜੋ ਹਰ ਸਾਲ ਇਕੱਠਿਆਂ ਮਿਲ ਕੇ ਇੱਕ ਲੱਖ ਦੇ ਕਰੀਬ ਪੋਲੋ ਗੇਂਦਾਂ ਬਣਾਉਂਦੇ ਸਨ। “ਸਾਡੇ ਹੁਨਰਮੰਦ ਸ਼ਿਲਪਕਾਰ ਪੋਲੋ ਦੇ ਬਜ਼ਾਰ ਤੋਂ ਜਾਣੂੰ ਸਨ,” ਰਣਜੀਤ ਨੇ ਕਿਹਾ। ਹਾਵੜਾ ਜ਼ਿਲ੍ਹੇ ਦੀ ਬ੍ਰਿਟਿਸ਼ ਸਮੇਂ ਦੀ ਇੱਕ ਸਰਵੇ ਤੇ ਸੈਟਲਮੈਂਟ ਰਿਪੋਰਟ ਉਸਦੇ ਦਾਅਵਿਆਂ ਦੀ ਤਸਦੀਕ ਕਰਦੀ ਹੈ, ਜਿਸ ਮੁਤਾਬਕ: “ਦਿਉਲਪੁਰ ਸ਼ਾਇਦ ਭਾਰਤ ਵਿੱਚ ਇੱਕੋ ਜਗ੍ਹਾ ਹੈ ਜਿੱਥੇ ਪੋਲੋ ਗੇਂਦਾਂ ਬਣਦੀਆਂ ਹਨ।”
ਰਣਜੀਤ ਦੀ ਪਤਨੀ, ਮਿਨੋਤੀ ਮੱਲ ਨੇ ਕਿਹਾ, “ਪੋਲੋ ਗੇਂਦਾਂ ਬਣਾਉਣ ਦਾ ਸੰਪੰਨ ਧੰਦਾ ਦੇਖ ਕੇ ਮੇਰੇ ਪਿਤਾ ਨੇ ਮੈਨੂੰ ਇੱਥੇ ਵਿਆਹ ਦਿੱਤਾ, ਜਦ ਮੈਂ ਮਹਿਜ਼ 14 ਸਾਲ ਦੀ ਸੀ।” ਉਹ ਹੁਣ ਸੱਠਵਿਆਂ ਵਿੱਚ ਹੈ, ਅਤੇ ਇੱਕ ਦਹਾਕਾ ਪਹਿਲਾਂ ਤੱਕ ਇਸ ਕਲਾ ਵਿੱਚ ਆਪਣੇ ਪਤੀ ਦੀ ਮਦਦ ਕਰਦੀ ਸੀ। ਉਹਨਾਂ ਦਾ ਪਰਿਵਾਰ ਮੱਲ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਜੋ ਪੱਛਮੀ ਬੰਗਾਲ ਵਿੱਚ ਅਨੁਸੂਚਿਤ ਜਾਤੀਆਂ ਵਿੱਚ ਆਉਂਦਾ ਹੈ; ਰਣਜੀਤ ਸਾਰੀ ਉਮਰ ਦਿਉਲਪੁਰ ਵਿੱਚ ਹੀ ਰਿਹਾ ਹੈ।
ਆਪਣੇ ਘਰ ਵਿੱਚ ਮਦੁਰ ਘਾਹ ਦੇ ਮੈਟ ’ਤੇ ਬੈਠਿਆਂ, ਉਹ ਪੁਰਾਣੇ ਅਖਬਾਰਾਂ ਦੀਆਂ ਕਾਤਰਾਂ ਅਤੇ ਮੈਗਜ਼ੀਨਾਂ ਦੇ ਲੇਖਾਂ ਦੇ ਆਪਣੇ ਕੀਮਤੀ ਭੰਡਾਰ ਨੂੰ ਫਰੋਲ ਰਿਹਾ ਹੈ। “ਜੇ ਤੁਹਾਨੂੰ ਦੁਨੀਆ ਵਿੱਚ ਲੂੰਗੀ ਪਹਿਨੇ ਕਿਸੇ ਵਿਅਕਤੀ ਦੀ ਪੋਲੋ ਗੇਂਦਾਂ ਬਣਾਉਂਦੇ ਦੀ ਤਸਵੀਰ ਦਿਖੇ, ਤਾਂ ਉਹ ਮੇਰੀ ਤਸਵੀਰ ਹੈ,” ਉਹ ਮਾਣ ਨਾਲ ਕਹਿੰਦਾ ਹੈ।
ਰਣਜੀਤ ਸੁਭਾਸ਼ ਬੌਗ਼ ਦੀ ਵਰਕਸ਼ਾਪ ਵਿੱਚ ਕੰਮ ਦੇ ਦਿਨਾਂ ਨੂੰ ਯਾਦ ਕਰਦਾ ਹੈ ਜਿੱਥੇ ਉਸਦੇ ਟੇਪ ਰਿਕਾਰਡ ’ਤੇ ਮੁਹੰਮਦ ਰਫ਼ੀ ਦੇ ਗਾਣੇ ਚੱਲ ਰਹੇ ਹੁੰਦੇ ਸਨ। “ਮੈਂ ਰਫ਼ੀ ਦਾ ਵੱਡਾ ਭਗਤ (ਫੈਨ) ਹਾਂ। ਮੈਂ ਉਸਦੇ ਗੀਤਾਂ ਦੀਆਂ ਕੈਸੇਟਾਂ ਵੀ ਬਣਾਈਆਂ ਸਨ,” ਉਹ ਮੁਸਕੁਰਾਉਂਦੇ ਹੋਏ ਕਹਿੰਦਾ ਹੈ। ਕੋਲਕਾਤਾ ਦੇ ਫੋਰਟ ਵਿਲੀਅਮ ਤੋਂ ਪੋਲੋ ਖੇਡਣ ਵਾਲੇ ਮਿਲਟਰੀ ਦੇ ਅਫ਼ਸਰ ਗੇਂਦਾਂ ਖਰੀਦਣ ਆਉਂਦੇ ਸਨ। “ ਗਾਣ ਸ਼ੂਣੇ ਪਛੰਦੋ ਹੋਏ ਗੇ ਚੀਲੋ, ਸਬ ਕੈਸੇਟ ਨੀਏ ਗੇਲੋ (ਅਫ਼ਸਰਾਂ ਨੇ ਗਾਣੇ ਸੁਣੇ ਅਤੇ ਉਹਨਾਂ ਨੂੰ ਇਹ ਪਸੰਦ ਆਏ। ਫੇਰ ਉਹ ਸਾਰੀਆਂ ਕੈਸੇਟਾਂ ਆਪਣੇ ਨਾਲ ਲੈ ਗਏ),” ਰਣਜੀਤ ਯਾਦ ਕਰਦਿਆਂ ਕਹਿੰਦਾ ਹੈ।
ਦਿਉਲਪੁਰ ਨੂੰ ਹਾਸਲ ਮਾਣ ਇਸ ਕਰਕੇ ਸੀ ਕਿ ਇੱਥੇ ਗੁਆਡੁਆ ਬਾਂਸ ਸੌਖਿਆਂ ਮਿਲ ਜਾਂਦਾ ਸੀ, ਜਿਸ ਨੂੰ ਸਥਾਨਕ ਭਾਸ਼ਾ ਵਿੱਚ ਘੋਰੋ ਬਾਂਸ਼ ਕਿਹਾ ਜਾਂਦਾ ਹੈ ਅਤੇ ਜੋ ਹਾਵੜਾ ਜ਼ਿਲ੍ਹੇ ਦੇ ਇਸ ਇਲਾਕੇ ਵਿੱਚ ਬਹੁਤਾਤ ਵਿੱਚ ਪਾਇਆ ਜਾਂਦਾ ਹੈ। ਗੁਆਡੁਆ ਬਾਂਸ ਗੁੱਛੇਦਾਰ ਹੋ ਕੇ ਵਧਦਾ ਹੈ, ਜਿਸ ਨਾਲ ਜ਼ਮੀਨ ਦੇ ਹੇਠਾਂ ਮਜ਼ਬੂਤ ਅਤੇ ਲੰਮੇ ਰਾਈਜ਼ੋਮ ਬਣਦੇ ਹਨ, ਜਿਹਨਾਂ ਤੋਂ ਪੋਲੋ ਦੀਆਂ ਗੇਂਦਾਂ ਘੜੀਆਂ ਜਾਂਦੀਆਂ ਹਨ।
“ਬਾਂਸ ਦੀ ਹਰ ਕਿਸਮ ਵਿੱਚ ਅਜਿਹਾ ਰਾਈਜ਼ੋਮ ਨਹੀਂ ਹੁੰਦਾ ਜਿਸਦਾ ਭਾਰ ਅਤੇ ਆਕਾਰ ਪੋਲੋ ਗੇਂਦ ਲਈ ਸਹੀ ਹੋਵੇ,” ਰਣਜੀਤ ਨੇ ਦੱਸਿਆ। ਹਰ ਇੱਕ ਬਾਲ ਨੂੰ ਬੜੇ ਧਿਆਨ ਨਾਲ ਬਣਾਇਆ ਜਾਂਦਾ ਹੈ, ਭਾਰਤੀ ਪੋਲੋ ਐਸੋਸੀਏਸ਼ਨ ਦੁਆਰਾ ਤੈਅ ਕੀਤੇ ਮਿਆਰ ਮੁਤਾਬਕ ਤਕਰੀਬਨ 78-90 ਮਿਲੀਮੀਟਰ ਵਿਆਸ ਅਤੇ 150 ਗ੍ਰਾਮ ਭਾਰ।
1990ਵਿਆਂ ਤੱਕ ਸਾਰੀਆਂ ਪੋਲੋ ਗੇਂਦਾਂ ਇਸੇ ਸਮੱਗਰੀ ਤੋਂ ਬਣਦੀਆਂ ਸਨ। “ਉਹਨਾਂ (ਬਾਂਸ ਗੇਂਦਾਂ) ਦੀ ਜਗ੍ਹਾ ਹੌਲੀ-ਹੌਲੀ ਅਰਜਨਟੀਨਾ ਤੋਂ ਲਿਆਂਦੀਆਂ ਫਾਈਬਰਗਲਾਸ ਗੇਂਦਾਂ ਨੇ ਲੈ ਲਈ,” ਤਜਰਬੇਕਾਰ ਕਾਰੀਗਰ ਨੇ ਕਿਹਾ।
ਫਾਈਬਰਗਲਾਸ ਗੇਂਦਾਂ ਵਧੇਰੇ ਹੰਢਣਸਾਰ ਹੁੰਦੀਆਂ ਹਨ ਅਤੇ ਇਹਨਾਂ ਦੀ ਕੀਮਤ ਵੀ ਬਾਂਸ ਦੀਆਂ ਗੇਂਦਾਂ ਤੋਂ ਜ਼ਿਆਦਾ ਹੁੰਦੀ ਹੈ। ਪਰ “ਪੋਲੋ ਪਰੋਚੂਰ ਧਨੀ ਲੋਕਾਂ (ਬਹੁਤ ਅਮੀਰ ਲੋਕ) ਦੀ ਖੇਡ ਬਣੀ ਹੋਈ ਹੈ, ਇਸ ਕਰਕੇ (ਗੇਂਦਾਂ ’ਤੇ) ਜ਼ਿਆਦਾ ਪੈਸੇ ਖਰਚ ਕਰਨਾ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ,” ਰਣਜੀਤ ਨੇ ਕਿਹਾ। ਬਜ਼ਾਰ ਵਿੱਚ ਆਈ ਇਸ ਤਬਦੀਲੀ ਨੇ ਦਿਉਲਪੁਰ ਵਿੱਚ ਇਸ ਕਲਾ ਨੂੰ ਤਬਾਹ ਕਰ ਦਿੱਤਾ ਹੈ। “2009 ਤੱਕ ਇੱਥੇ 100-150 ਦੇ ਕਰੀਬ ਗੇਂਦ ਬਣਾਉਣ ਵਾਲੇ ਸਨ,” ਉਸਨੇ ਦੱਸਿਆ, “2015 ਤੱਕ ਪੋਲੋ ਗੇਂਦਾਂ ਬਣਾਉਣ ਵਾਲਾ ਸਿਰਫ਼ ਮੈਂ ਹੀ ਰਹਿ ਗਿਆ।” ਪਰ ਕੋਈ ਖ਼ਰੀਦਦਾਰ ਹੀ ਨਹੀਂ।
*****
ਹੱਥ ਵਿੱਚ ਦਾਤੀ ਚੁੱਕੀਂ ਮਿਨੋਤੀ ਆਪਣੇ ਬਾਂਸ਼-ਏਰ ਬਾਗਾਂ (ਬਾਂਸ ਦੇ ਜੰਗਲ) ਵੱਲ ਲਿਜਾਂਦੀ ਹੈ, ਅਤੇ ਮੈਂ ਤੇ ਰਣਜੀਤ ਉਸਦੇ ਪਿੱਛੇ ਜਾਂਦੇ ਹਾਂ। ਪਤੀ-ਪਤਨੀ ਕੋਲ ਆਪਣੇ ਘਰ ਤੋਂ ਕਰੀਬ 200 ਮੀਟਰ ਦੂਰ ਛੇ ਕਾਠਾ (ਇੱਕ ਕਾਠਾ = 720 ਸਕੁਐਰ ਫੁੱਟ) ਜ਼ਮੀਨ ਹੈ ਜਿੱਥੇ ਉਹ ਆਪਣੇ ਵਰਤਣ ਲਈ ਫਲ ਅਤੇ ਸਬਜ਼ੀਆਂ ਉਗਾਉਂਦੇ ਹਨ, ਅਤੇ ਵਾਧੂ ਉਤਪਾਦ ਨੂੰ ਸਥਾਨਕ ਵਿਕਰੇਤਾਵਾਂ ਕੋਲ ਵੇਚ ਦਿੰਦੇ ਹਨ।
“ਜਦ ਇੱਕ ਵਾਰ ਬਾਂਸ ਦੇ ਪੌਦੇ ਦਾ ਤਣਾ ਕੱਟ ਲਿਆ ਜਾਂਦਾ ਹੈ, ਤਾਂ ਜ਼ਮੀਨ ਦੇ ਹੇਠੋਂ ਰਾਈਜ਼ੋਮ ਕੱਢਿਆ ਜਾਂਦਾ ਹੈ,” ਮਿਨੋਤੀ ਇਸਨੂੰ ਕੱਢਣ ਦੀ ਪ੍ਰਕਿਰਿਆ ਬਾਰੇ ਦੱਸਦੀ ਹੈ, ਜੋ ਮੁੱਖ ਤੌਰ ’ਤੇ ਦਿਉਲਪੁਰ ਦੇ ਸਰਦਾਰ ਭਾਈਚਾਰੇ ਵੱਲੋਂ ਕੀਤੀ ਜਾਂਦੀ ਸੀ। ਰਣਜੀਤ ਉਹਨਾਂ ਤੋਂ ਬਾਂਸ ਦੇ ਰਾਈਜ਼ੋਮ ਲਿਆਉਂਦਾ ਸੀ – 2-3 ਕਿਲੋ ਵਜ਼ਨ ਦੇ ਰਾਈਜ਼ੋਮ ਦੀ ਕੀਮਤ 25-32 ਰੁਪਏ ਤੱਕ ਹੁੰਦੀ ਸੀ।
ਰਾਈਜ਼ੋਮ ਨੂੰ ਕਰੀਬ ਚਾਰ ਮਹੀਨੇ ਧੁੱਪ ਵਿੱਚ ਸੁਕਾਇਆ ਜਾਂਦਾ ਸੀ। “ ਨਾ ਸ਼ੁਕਲੇ, ਕਾਚਾ ਔਬੋਸ਼ਥਾਟੇ ਬੌਲ ਚਿਟ-ਕੇ ਜਾਬੇ, ਟੇਢਾ ਬੇਕਾ ਹੋਈ ਜਾਬੇ (ਜੇ ਸਹੀ ਤਰ੍ਹਾਂ ਨਾ ਸੁਕਾਇਆ ਜਾਵੇ, ਤਾਂ ਗੇਂਦ ਵਿੱਚ ਤਰੇੜ ਆ ਜਾਂਦੀ ਹੈ ਅਤੇ ਆਕਾਰ ਸਹੀ ਨਹੀਂ ਰਹਿੰਦਾ),” ਰਣਜੀਤ ਦੱਸਦਾ ਹੈ।
ਉਸ ਤੋਂ ਬਾਅਦ ਉਹਨਾਂ ਨੂੰ 15-20 ਦਿਨ ਇੱਕ ਛੱਪੜ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ। “ ਰੋਡ-ਏ ਪਾਕਾ (ਧੁੱਪ ਵਿੱਚ ਸੁੱਕੇ) ਰਾਈਜ਼ੋਮ ਨੂੰ ਪੋਲਾ ਕਰਨ ਲਈ ਪਾਣੀ ਵਿੱਚ ਡੁਬੋ ਕੇ ਰੱਖਣਾ ਜ਼ਰੂਰੀ ਹੈ – ਨਹੀਂ ਤਾਂ ਤੁਸੀਂ ਰਾਈਜ਼ੋਮ ਨੂੰ ਕੱਟ ਨਹੀਂ ਸਕਦੇ,” ਤਜਰਬੇਕਾਰ ਕਾਰੀਗਰ ਨੇ ਕਿਹਾ, “ਅਸੀਂ ਇਸ ਨੂੰ 15-20 ਦਿਨ ਹੋਰ ਸੁਕਾਉਂਦੇ ਹਾਂ। ਉਸ ਤੋਂ ਬਾਅਦ ਹੀ ਇਹ (ਗੇਂਦ ਬਣਾਉਣ ਦੇ ਲਈ) ਤਿਆਰ ਹੁੰਦਾ ਹੈ।”
ਦਾਤੀ ਜਾਂ ਕੁਰੁਲ (ਕੁਹਾੜੀ) ਨਾਲ ਰਾਈਜ਼ੋਮ ਨੂੰ ਕੱਟਣ ਤੋਂ ਲੈ ਕੇ ਬਿਖੜੇ ਰਾਈਜ਼ੋਮ ਨੂੰ ਗੋਲਾਕਾਰ ਟੁਕੜਿਆਂ ਵਿੱਚ ਕੱਟਣ ਲਈ ਕੋਰਾਥ (ਆਰੀ) ਦੀ ਵਰਤੋਂ, “ਪ੍ਰਕਿਰਿਆ ਦਾ ਹਰ ਹਿੱਸਾ ਪੱਬਾਂ ਭਾਰ ਬਹਿ ਕੇ ਕਰਨਾ ਪੈਂਦਾ ਹੈ,” ਰਣਜੀਤ ਨੇ ਦੱਸਿਆ, ਜਿਸਦੀ ਪਿੱਠ ਵਿੱਚ ਹੁਣ ਅਸਹਿ ਦਰਦ ਰਹਿੰਦਾ ਹੈ ਅਤੇ ਬਹੁਤ ਹੌਲੀ ਤੁਰ ਸਕਦਾ ਹੈ। “ਪੋਲੋ ਦੀ ਖੇਡ ਸਾਡੇ ਸ਼ਿਲਪਕਾਰਾਂ ਦੇ ਸਿਰ ’ਤੇ ਖੇਡੀ ਜਾਂਦੀ ਸੀ,” ਉਸਨੇ ਕਿਹਾ।
ਜਦ ਇੱਕ ਵਾਰ ਰਾਈਜ਼ੋਮ ਤੋਂ ਗੋਲਾਕਾਰ ਟੁਕੜੇ ਕੱਟ ਲਏ ਜਾਂਦੇ, ਤਾਂ ਫੇਰ ਉਹਨਾਂ ਨੂੰ ਛੈਣੀ ਨਾਲ, ਜਿਸਦਾ ਹੈਂਡਲ ਪੱਥਰ ਨਾਲ ਜੋੜਿਆ ਹੁੰਦਾ ਸੀ, ਪੂਰੇ ਗੋਲੇ ਵਿੱਚ ਆਕਾਰ ਦਿੱਤਾ ਜਾਂਦਾ। ਰਾਈਜ਼ੋਮ ਦੇ ਆਕਾਰ ਮੁਤਾਬਕ ਅਸੀਂ ਇੱਕ ਟੁਕੜੇ ਤੋਂ ਦੋ, ਤਿੰਨ ਜਾਂ ਚਾਰ ਗੇਂਦਾਂ ਬਣਾ ਲੈਂਦੇ ਸੀ,” ਰਣਜੀਤ ਨੇ ਦੱਸਿਆ। ਉਸ ਤੋਂ ਬਾਅਦ ਉਹ ਸਤ੍ਹਾ ’ਤੇ ਪਈਆਂ ਰਗੜਾਂ ਨੂੰ ਕੂਲਾ ਕਰਨ ਲਈ ਗੇਂਦ ਨੂੰ ਹੱਥੀਂ ਫੜੇ ਜਾਣ ਵਾਲੇ ਰੰਦੇ ਨਾਲ ਘਿਸਰਦਾ।
ਦਿਉਲਪੁਰ ਨੂੰ ਹਾਸਲ ਮਾਣ ਇਸ ਕਰਕੇ ਸੀ ਕਿ ਇੱਥੇ ਗੁਆਡੁਆ ਬਾਂਸ ਸੌਖਿਆਂ ਮਿਲ ਜਾਂਦਾ ਸੀ, ਜਿਸ ਨੂੰ ਸਥਾਨਕ ਭਾਸ਼ਾ ਵਿੱਚ ਘੋਰੋ ਬਾਂਸ਼ ਕਿਹਾ ਜਾਂਦਾ ਹੈ ਅਤੇ ਜੋ ਹਾਵੜਾ ਜ਼ਿਲ੍ਹੇ ਦੇ ਇਸ ਇਲਾਕੇ ਵਿੱਚ ਬਹੁਤਾਤ ਵਿੱਚ ਪਾਇਆ ਜਾਂਦਾ ਹੈ
ਇੱਕ ਪੁਰਾਣੀ ਗੇਂਦ ਲੈ ਕੇ ਮਿਨੋਤੀ ਚਮਕ ਲਿਆਉਣ ਦਾ ਕੰਮ ਦਰਸਾਉਂਦੀ ਹੈ: “ਘਰ ਦੇ ਕੰਮ ਦੇ ਨਾਲ-ਨਾਲ, ਸ਼ਿਰੀਸ਼ ਪੇਪਰ ਨੀਏ ਬਾਲ ਆਮੀ ਮਾਝਤਮ (ਮੈਂ ਰੇਗਮਾਰ ਨਾਲ ਕੂਲਾ ਕਰਨ ਅਤੇ ਚਮਕ ਲਿਆਉਣ ਦਾ ਕੰਮ ਕਰਦੀ ਸੀ)। ਉਸ ਤੋਂ ਬਾਅਦ ਇਸ ਨੂੰ ਸਫ਼ੈਦ ਰੰਗ ਕੀਤਾ ਜਾਂਦਾ ਸੀ। ਕਈ ਵਾਰ ਅਸੀਂ ਇਸ ਉੱਤੇ ਸਟੈਂਪ ਵੀ ਲਾਉਂਦੇ ਸਾਂ,” ਉਸਨੇ ਦੱਸਿਆ।
ਹਰ ਗੇਂਦ ਬਣਾਉਣ ’ਤੇ 20-25 ਮਿੰਟ ਲਗਦੇ ਸਨ। “ਇੱਕ ਦਿਨ ਵਿੱਚ ਅਸੀਂ ਦੋਵੇਂ ਮਿਲ ਕੇ 20 ਗੇਂਦਾਂ ਤਿਆਰ ਕਰ ਲੈਂਦੇ ਸੀ ਅਤੇ 200 ਰੁਪਏ ਕਮਾ ਲੈਂਦੇ ਸੀ,” ਰਣਜੀਤ ਨੇ ਦੱਸਿਆ।
ਇਸ ਕਿੱਤੇ ਲਈ ਲੋੜੀਂਦੀ ਮਹਾਰਤ, ਜਾਣਕਾਰੀ ਅਤੇ ਵੇਰਵੇ ਤੇ ਧਿਆਨ ਦੇ ਬਾਵਜੂਦ, ਰਣਜੀਤ ਨੇ ਪਿਛਲੇ ਸਾਲਾਂ ਦੌਰਾਨ ਨਾ-ਬਰਾਬਰ ਮੁਨਾਫ਼ਾ ਕਮਾਇਆ। ਜਦ ਉਸਨੇ ਇੱਕ ਕਾਰਖਾਨੇ ਵਿੱਚ ਪੋਲੋ ਗੇਂਦਾਂ ਬਣਾਉਣੀਆਂ ਸ਼ੁਰੂ ਕੀਤੀਆਂ ਸਨ, ਉਸਨੂੰ ਹਰ ਗੇਂਦ ਲਈ ਮਹਿਜ਼ 30 ਪੈਸੇ ਮਿਲਦੇ ਸਨ। 2015 ਤੱਕ ਇੱਕ ਗੇਂਦ ਲਈ ਮਜ਼ਦੂਰੀ ਮਹਿਜ਼ 10 ਰੁਪਏ ਤੱਕ ਹੀ ਪਹੁੰਚੀ।
“ਦਿਉਲਪੁਰ ਤੋਂ ਹਰ ਇੱਕ ਗੇਂਦ 50 ਰੁਪਏ ਵਿੱਚ ਵੇਚੀ ਜਾਂਦੀ ਸੀ,” ਉਸਨੇ ਦੱਸਿਆ। ਕਲਕੱਤਾ ਪੋਲੋ ਕਲੱਬ ਦੀ ਵੈਬਸਾਈਟ ਦੇ ਵਿਕਰੀ ਸੈਕਸ਼ਨ ’ਤੇ ਇੱਕ ਨਜ਼ਰ ਮਾਰ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਸ਼ਿਲਪਕਾਰਾਂ ਦੀ ਮਿਹਨਤ ਤੋਂ ਬੜੇ ਵੱਡੇ ਮੁਨਾਫੇ ਕਮਾਏ ਗਏ।
ਵੈਬਸਾਈਟ ਉੱਤੇ ਇਹਨਾਂ ਗੇਂਦਾਂ ਨੂੰ “ਪੱਛਮੀ ਬੰਗਾਲ ਦੇ ਪੇਂਡੂ ਉਦਯੋਗ ਵਿੱਚ ਖ਼ਾਸ ਤੌਰ ’ਤੇ ਬਣਾਈਆਂ ਬਾਂਸ ਦੀਆਂ ਗੇਂਦਾਂ” ਦੇ ਤੌਰ ’ਤੇ ਦਰਸਾਇਆ ਗਿਆ ਹੈ ਅਤੇ ਇੱਕ ਗੇਂਦ ਦੀ ਕੀਮਤ ਇਸ ਵੇਲੇ 150 ਰੁਪਏ ਰੱਖੀ ਗਈ ਹੈ, ਇੱਕ ਗੇਂਦ ਤੋਂ ਰਣਜੀਤ ਦੀ ਮਜ਼ਦੂਰੀ ਤੋਂ 15 ਫੀਸਦ ਜ਼ਿਆਦਾ।
“ਇੱਕ ਪੋਲੋ ਮੈਚ ਲਈ 25-30 ਗੇਂਦਾਂ ਚਾਹੀਦੀਆਂ ਹੁੰਦੀਆਂ ਸਨ।” ਵੱਡੇ ਅੰਕੜੇ ਬਾਰੇ ਦੱਸਦਿਆਂ ਉਸਨੇ ਕਿਹਾ, “ਰਾਈਜ਼ੋਮ ਕੁਦਰਤੀ (ਚੀਜ਼) ਹੈ ਅਤੇ ਇਸ ਦਾ ਭਾਰ ਵੱਖੋ-ਵੱਖਰਾ ਹੋ ਸਕਦਾ ਹੈ। ਪੋਲੋ ਮੈਚ ਦੌਰਾਨ ਹਥੌੜੇ ਦੀ ਵਾਰ-ਵਾਰ ਸੱਟ ਵੱਜਣ ਨਾਲ ਇਸਦਾ ਆਕਾਰ ਬੜੀ ਛੇਤੀ ਬਦਲ ਜਾਂਦਾ ਹੈ ਜਾਂ ਇਸ ਵਿੱਚ ਤਰੇੜਾਂ ਪੈ ਜਾਂਦੀਆਂ ਹਨ।” ਦੂਜੇ ਪਾਸੇ ਫਾਈਬਰਗਲਾਸ ਦੀਆਂ ਗੇਂਦਾਂ ਲੰਮਾ ਸਮਾਂ ਕੱਢਦੀਆਂ ਹਨ: “ਇੱਕ ਪੋਲੋ ਮੈਚ ਲਈ ਸਿਰਫ਼ ਤਿੰਨ ਜਾਂ ਚਾਰ ਹੀ ਚਾਹੀਦੀਆਂ ਹਨ,” ਰਣਜੀਤ ਨੇ ਕਿਹਾ।
1860ਵਿਆਂ ਦੇ ਸ਼ੁਰੂ ਵਿੱਚ 30 ਕਿਲੋਮੀਟਰ ਦੂਰ ਕਲਕੱਤਾ ਪੋਲੋ ਕਲੱਬ ਬਣਨ ਨਾਲ ਦਿਉਲਪੁਰ ਵਿੱਚ ਪੋਲੋ ਦੀਆਂ ਗੇਂਦਾਂ ਬਣਾਉਣ ਦੇ ਕੰਮ ਨੂੰ ਹੁਲਾਰਾ ਮਿਲਿਆ ਸੀ, ਪਰ ਜਿਵੇਂ ਹੀ ਇਹਨਾਂ ਗੇਂਦਾਂ ਦੀ ਮੰਗ ਵਿੱਚ ਕਮੀ ਆਈ ਤਾਂ 2015 ਤੱਕ ਆਉਂਦੇ-ਆਉਂਦੇ ਕਲੱਬ ਨੇ ਬਾਂਸ ਦੀਆਂ ਗੇਂਦਾਂ ਖਰੀਦਣੀਆਂ ਬਿਲਕੁਲ ਬੰਦ ਕਰ ਦਿੱਤੀਆਂ।
*****
ਰਣਜੀਤ ਲਈ ਖੇਡਾਂ ਜਾਂ ਖੇਡ ਭਾਵਨਾ ਅਜਨਬੀ ਨਹੀਂ – ਉਸਨੇ ਪਿੰਡ ਦੇ ਖੇਡ ਕਲੱਬ, ਦਿਉਲਪੁਰ ਪ੍ਰਗਤੀ ਸੰਘ ਲਈ ਫੁਟਬਾਲ ਅਤੇ ਕ੍ਰਿਕਟ ਖੇਡੀ ਅਤੇ ਕਲੱਬ ਦਾ ਪਹਿਲਾ ਸਕੱਤਰ ਵੀ ਰਿਹਾ। “ਤੇਜ਼ ਬਾਲਰ ਅਤੇ ਡਿਫੈਂਡਰ ਦੇ ਤੌਰ ’ਤੇ ਖੂਬ ਨਾਮ ਥਾ ਹਮਾਰਾ ਗਾਓਂ ਮੇਂ (ਮੈਂ ਪਿੰਡ ਵਿੱਚ ਬੜਾ ਮਸ਼ਹੂਰ ਸੀ),” ਉਸਨੇ ਯਾਦ ਕਰਦਿਆਂ ਕਿਹਾ।
ਉਸਨੇ ਸੁਭਾਸ਼ ਬੌਗ ਦੇ ਕਾਰਖਾਨੇ ਵਿੱਚ ਕੰਮ ਦੀ ਸ਼ੁਰੂਆਤ ਕੀਤੀ ਸੀ, ਜਿਸਦੇ ਦਾਦਾ ਨੇ ਦਿਉਲਪੁਰ ਵਿੱਚ ਪੋਲੋ ਗੇਂਦਾ ਬਣਾਉਣ ਦੀ ਕਾਰੀਗਰੀ ਦੀ ਸ਼ੁਰੂਆਤ ਕੀਤੀ ਸੀ। ਹੁਣ 55 ਸਾਲ ਦੀ ਉਮਰ ਵਿੱਚ ਪੋਲੋ ਅਤੇ ਦਿਉਲਪੁਰ ਵਿਚਲਾ ਇੱਕੋ ਸੰਪਰਕ ਸੁਭਾਸ਼ ਹੈ – ਪਰ ਉਸਨੇ ਹੁਣ ਪੋਲੋ ਦੇ ਹਥੌੜੇ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਹੈ।
ਅੱਧੀ ਸਦੀ ਪਹਿਲਾਂ, ਪੋਲੋ ਦੀਆਂ ਗੇਂਦਾਂ ਬਣਾਉਣਾ ਦਿਉਲਪੁਰ ਦੇ ਲੋਕਾਂ ਲਈ ਕਈ ਤਰ੍ਹਾਂ ਦੀ ਕਾਰੀਗਰੀ ਦੇ ਨਾਲ ਰੁਜ਼ਗਾਰ ਦਾ ਇੱਕ ਹੋਰ ਸਾਧਨ ਸੀ। “ ਜ਼ਰੀ-ਰ ਕਾਜ (ਧਾਤ ਦੇ ਧਾਗੇ ਨਾਲ ਕਢਾਈ), ਬੀੜੀ ਬਾਂਧਾ (ਬੀੜੀ ਬਣਾਉਣਾ), ਤੋਂ ਲੈ ਕੇ ਪੋਲੋ ਦੀਆਂ ਗੇਂਦਾਂ ਬਣਾਉਣਾ, ਅਸੀਂ ਆਪਣਾ ਗੁਜ਼ਾਰਾ ਚਲਾਉਣ ਅਤੇ ਆਪਣੇ ਤਿੰਨ ਬੱਚਿਆਂ ਨੂੰ ਪਾਲਣ ਲਈ ਹਰ ਸੰਭਵ ਕੰਮ ਕੀਤਾ,” ਮਿਨੌਤੀ ਨੇ ਕਿਹਾ, “ ਸ਼ੌਬ ਆਲਪੋ ਪੌਇਸ਼ਾ-ਰ ਕਾਜ ਚਿਲੋ, ਖੂਬ ਕੋਸ਼ਟੇ ਹੋਏ ਚਿਲੋ (ਇਹ ਸਾਰੇ ਬਹੁਤ ਹੀ ਘੱਟ ਮਿਹਨਤਾਨੇ ਵਾਲੇ ਅਤੇ ਹੱਡ-ਤੋੜਵੀਂ ਮਿਹਨਤ ਵਾਲੇ ਕੰਮ ਸਨ। ਅਸੀਂ ਬਹੁਤ ਸੰਘਰਸ਼ ਕੀਤਾ),” ਰਣਜੀਤ ਨੇ ਕਿਹਾ।
“ਹੁਣ ਕਰੀਬ ਚਾਰ ਕਿਲੋਮੀਟਰ ਦੂਰ ਧੂਲਾਗੜ੍ਹ ਚੌਰਸਤਾ ਨੇੜੇ ਬਹੁਤ ਸਾਰੇ ਉਦਯੋਗ ਆ ਗਏ ਹਨ,” ਰਣਜੀਤ ਖੁਸ਼ ਹੈ ਕਿ ਹੁਣ ਦਿਉਲਪੁਰ ਦੇ ਵਸਨੀਕਾਂ ਕੋਲ ਬਿਹਤਰ ਨੌਕਰੀਆਂ ਹਨ। “ਲਗਭਗ ਹਰ ਪਰਿਵਾਰ ਵਿੱਚੋਂ ਇੱਕ ਸ਼ਖਸ ਤਨਖਾਹ ਵਾਲੀ ਨੌਕਰੀ ਕਰਦਾ ਹੈ। ਪਰ ਕੁਝ ਲੋਕ ਅਜੇ ਵੀ ਘਰ ਵਿੱਚ ਜ਼ਰੀ-ਰ ਕਾਜ ਕਰਦੇ ਹਨ,” ਮਿਨੌਤੀ ਨੇ ਦੱਸਿਆ। ਦਿਉਲਪੁਰ ਵਿੱਚ ਕਰੀਬ 3,253 ਲੋਕ ਘਰੇਲੂ ਉਦਯੋਗਾਂ ਵਿੱਚ ਕੰਮ ਕਰਦੇ ਹਨ (2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ)।
ਪਤੀ-ਪਤਨੀ ਆਪਣੇ ਨੌਜਵਾਨ ਬੇਟੇ, ਸ਼ੌਮਿਤ, 31, ਅਤੇ ਨੂੰਹ, ਸ਼ੂਮੋਨਾ ਨਾਲ ਰਹਿੰਦੇ ਹਨ। ਸ਼ੌਮਿਤ ਕੋਲਕਾਤਾ ਕੋਲ ਇੱਕ CCTV ਕੈਮਰਾ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਸ਼ੂਮੋਨਾ ਬੀਏ ਦੀ ਪੜ੍ਹਾਈ ਕਰ ਰਹੀ ਹੈ, ਜਿਸ ਤੋਂ ਬਾਅਦ ਉਸਨੂੰ ਵੀ ਨੌਕਰੀ ਮਿਲਣ ਦੀ ਉਮੀਦ ਹੈ।
*****
“ਮੇਰੇ ਵਰਗੇ ਸ਼ਿਲਪਕਾਰਾਂ ਨੇ ਇਸ ਕਲਾ ਤੇ ਆਪਣਾ ਸਭ ਕੁਝ ਲਾ ਦਿੱਤਾ ਪਰ ਸਾਨੂੰ ਨਾ ਪੋਲੋ ਦੇ ਖਿਡਾਰੀਆਂ ਤੋਂ ਨਾ ਸਰਕਾਰ ਤੋਂ ਕੁਝ ਮਿਲਿਆ,” ਰਣਜੀਤ ਨੇ ਕਿਹਾ।
2013 ਵਿੱਚ ਪੱਛਮੀ ਬੰਗਾਲ ਦੀ ਸਰਕਾਰ ਨੇ UNESCO ਨਾਲ ਮਿਲ ਕੇ ਸੂਬੇ ਭਰ ਵਿੱਚ ਰਵਾਇਤੀ ਕਲਾ ਅਤੇ ਕਾਰੀਗਰੀ ਦੇ ਵਿਕਾਸ ਲਈ ਪੇਂਡੂ ਕਰਾਫਟ ਹਬ ਪ੍ਰਾਜੈਕਟ ਸ਼ੁਰੂ ਕੀਤੇ। ਇਹ ਭਾਈਵਾਲੀ ਹੁਣ ਤੀਜੇ ਫੇਜ਼ ਵਿੱਚ ਪਹੁੰਚ ਚੁੱਕੀ ਹੈ ਅਤੇ ਸੂਬੇ ਭਰ ਵਿੱਚ ਕਰੀਬ 50,000 ਲਾਭਾਰਥੀ ਹਨ – ਪਰ ਇਹਨਾਂ ਵਿੱਚ ਬਾਂਸ ਦੀਆਂ ਗੇਂਦਾਂ ਬਣਾਉਣ ਵਾਲਾ ਇੱਕ ਵੀ ਨਹੀਂ।
“ਅਸੀਂ 2017-18 ਵਿੱਚ ਇਹ ਯਕੀਨੀ ਬਣਾਉਣ ਲਈ ਕਿ ਸਾਡੀ ਕਲਾ ਖ਼ਤਮ ਨਾ ਹੋ ਜਾਵੇ, ਇਸਦੇ ਲਈ ਕਦਮ ਚੁੱਕਣ ਦੀ ਮੰਗ ਲੈ ਕੇ ਨਬੰਨਾ (ਸੂਬੇ ਦੇ ਸਰਕਾਰੀ ਹੈਡਕੁਆਟਰ) ਗਏ ਸੀ। ਅਸੀਂ ਆਪਣੇ ਹਾਲਾਤ ਬਿਆਨ ਕੀਤੇ, ਅਰਜ਼ੀਆਂ ਲਿਖੀਆਂ, ਪਰ ਕੁਝ ਵੀ ਹੱਥ ਨਹੀਂ ਆਇਆ,” ਰਣਜੀਤ ਨੇ ਦੱਸਿਆ। “ਸਾਡੀ ਆਰਥਿਕ ਸਥਿਤੀ ਕੀ ਹੋਵੇਗੀ? ਅਸੀਂ ਕੀ ਖਾਵਾਂਗੇ? ਸਾਡੀ ਕਲਾ ਅਤੇ ਰੁਜ਼ਗਾਰ ਖ਼ਤਮ ਹੋ ਗਿਆ ਹੈ, ਅਸੀਂ ਉਹਨਾਂ ਨੂੰ ਪੁੱਛਿਆ।”
“ਸ਼ਾਇਦ ਪੋਲੋ ਦੀਆਂ ਗੇਂਦਾਂ ਵੇਖਣ ਨੂੰ ਸੋਹਣੀਆਂ ਨਹੀਂ ਲਗਦੀਆਂ, ਇਸ ਕਰਕੇ ਬਹੁਤਿਆਂ ਨੂੰ ਫ਼ਰਕ ਨਹੀਂ ਪਿਆ,” ਰਣਜੀਤ ਇੱਕ ਪਲ ਰੁਕਿਆ ਅਤੇ ਫਿਰ ਕਿਹਾ, “…ਕਿਸੇ ਨੇ ਕਦੇ ਸਾਡੇ ਬਾਰੇ ਨਹੀਂ ਸੋਚਿਆ।”
ਮਿਨੋਤੀ ਕੁਝ ਦੂਰੀ ’ਤੇ ਬਾਟਾ ਮੱਛੀ ਸਾਫ਼ ਕਰ ਰਹੀ ਹੈ। ਰਣਜੀਤ ਨੂੰ ਸੁਣ ਕੇ ਉਸਨੇ ਕਿਹਾ, “ਮੈਨੂੰ ਅਜੇ ਵੀ ਸਾਡੀ ਨਿਰੰਤਰ ਮਿਹਨਤ ਲਈ ਕੋਈ ਮਾਨਤਾ ਮਿਲਣ ਦੀ ਉਮੀਦ ਹੈ।”
ਹਾਲਾਂਕਿ ਰਣਜੀਤ ਨੂੰ ਬਹੁਤੀ ਉਮੀਦ ਨਹੀਂ। “ਕੁਝ ਸਾਲ ਪਹਿਲਾਂ ਤੱਕ ਪੋਲੋ ਦੀ ਦੁਨੀਆ ਪੂਰੀ ਤਰ੍ਹਾਂ ਸਾਡੇ ਕਾਰੀਗਰਾਂ ’ਤੇ ਨਿਰਭਰ ਸੀ। ਪਰ ਉਹਨਾਂ ਨੂੰ ਅੱਗੇ ਲੰਘ ਜਾਣ ਵਿੱਚ ਬਹੁਤਾ ਸਮਾਂ ਨਹੀਂ ਲੱਗਿਆ,” ਉਸਨੇ ਕਿਹਾ। “ਹੁਣ ਇੱਕ ਖ਼ਤਮ ਹੋ ਚੁੱਕੀ ਕਲਾ ਦਾ ਇੱਕੋ-ਇੱਕ ਸਬੂਤ ਹਾਂ।”
ਤਰਜਮਾ: ਅਰਸ਼ਦੀਪ ਅਰਸ਼ੀ