''ਬੰਗਾਲ ਦੇ ਲੋਕੀਂ ਡੁਲੀ ਨਹੀਂ ਬਣਾ ਸਕਦੇ।''
ਬਬਨ ਮਹਾਤੋ ਦਰਅਸਲ ਉਸ ਵੱਡੀ ਸਾਰੀ ''ਧਾਨ ਧੋਰਾਰ ਡੁਲੀ '' ਬਾਰੇ ਗੱਲ ਕਰ ਰਹੇ ਹਨ ਜੋ ਛੇ ਫੁੱਟ ਲੰਬੀ ਤੇ ਚਾਰ ਫੁੱਟ ਚੌੜੀ ਹੁੰਦੀ ਹੈ ਤੇ ਉਹ ਝੋਨਾ ਸਾਂਭਣ ਦੇ ਕੰਮ ਆਉਂਦੀ ਹੈ।
ਜਦੋਂ ਅਸੀਂ ਪਹਿਲੀ ਵਾਰ ਇਸਦੇ ਬਣਾਉਣ ਢੰਗ ਨੂੰ ਨਾ ਸਮਝਿਆ, ਤਾਂ ਬਿਹਾਰ ਦੇ ਇਸ ਕਾਰੀਗਰ ਨੇ ਇੱਕ ਵਾਰ ਫਿਰ ਸਮਝਾਇਆ ਕਿ " ਡੁਲੀ ਬਣਾਉਣਾ ਇੰਨਾ ਸੌਖਾ ਨਹੀਂ ਹੈ"। ਇਸ ਨੂੰ ਬਣਾਉਣ ਲਈ ਕਈ ਪੜਾਵਾਂ ਵਿੱਚ ਕੰਮ ਕਰਨਾ ਪੈਂਦਾ ਹੈ। " ਕੰਡਾ ਸਾਧਨਾ , ਕਾਮ ਸਾਧਨਾ , ਤੱਲੀ ਬਿਠਾਣਾ , ਖੜਾ ਕਰਨਾ , ਬੁਨਾਈ ਕਰਨਾ , ਤੇਰੀ ਚਡਾਨਾ [ਬਹੁਤ ਸਾਰਾ ਕੰਮ ਕਰਨਾ ਬਾਕੀ ਹੈ, ਜਿਸ ਵਿੱਚ ਬਾਂਸ ਤੋਂ ਟੋਕਰੀ ਦੀਆਂ ਉੱਚੀਆਂ ਪੱਟੀਆਂ ਬਣਾਉਣਾ, ਇੱਕ ਗੋਲਾਕਾਰ ਫਰੇਮ ਬਣਾਉਣਾ, ਟੋਕਰੀ ਨੂੰ ਖੜ੍ਹਾ ਕਰਨਾ, ਅੰਤ ਵਿੱਚ ਸਭ ਕੁਝ ਇਕੱਠਾ ਕਰਨਾ ਅਤੇ ਇਸਨੂੰ ਅੰਤਿਮ ਰੂਪ ਦੇਣਾ] ਸ਼ਾਮਲ ਹਨ।
52 ਸਾਲਾ ਬਬਨ ਪਿਛਲੇ 40 ਸਾਲਾਂ ਤੋਂ ਇਹੀ ਕੰਮ ਕਰਦੇ ਆਏ ਹਨ। ''ਮੇਰੀ ਬਾਲ ਉਮਰ ਤੋਂ ਹੀ ਮੇਰੇ ਮਾਪਿਆਂ ਨੇ ਮੈਨੂੰ ਬੱਸ ਇਹੀ ਕੰਮ ਸਿਖਾਇਆ। ਉਹ ਆਪ ਵੀ ਇਹੀ ਕੰਮ ਕਰਿਆ ਕਰਦੇ ਸਨ। ਸਾਰੇ ਹੀ ਬਿੰਦ ਲੋਕੀਂ ਡੁਲੀ ਬਣਾਉਂਦੇ ਹਨ। ਉਹ ਮੱਛੀਆਂ ਫੜ੍ਹਨ ਵਾਲ਼ੀਆਂ ਟੋਕਰੀਆਂ ਬਣਾਉਣ ਦੇ ਨਾਲ਼-ਨਾਲ਼ ਬੇੜੀਆਂ ਵੀ ਚਲਾਉਂਦੇ ਹਨ।''
ਬਬਨ ਬਿਹਾਰ ਦੇ ਬਿੰਦ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਜੋ ਰਾਜ ਅੰਦਰ ਅਤਿ ਪਿਛੜੇ ਵਰਗ (ਈਬੀਸੀ) ਵਜੋਂ ਸੂਚੀਬੱਧ ਹੈ (ਜਾਤੀ ਗਣਨਾ 2022-23)। ਬਬਨ ਮੁਤਾਬਕ ਡੁਲੀ ਬੁਣਨ ਵਾਲ਼ੇ ਬਹੁਤੇਰੇ ਬਿੰਦ ਭਾਈਚਾਰੇ ਦੇ ਹੀ ਲੋਕ ਹੁੰਦੇ ਹਨ ਪਰ ਦਹਾਕਿਆਂ ਤੱਕ ਬਿੰਦ ਲੋਕਾਂ ਦੇ ਨੇੜੇ ਰਹਿਣ ਵਾਲ਼ੇ ਕਾਨੂੰ ਤੇ ਹਲਵਾਈ ਭਾਈਚਾਰੇ (ਇਹ ਵੀ ਈਬੀਸੀ) ਵੀ ਡੁਲੀ ਬੁਣਨ ਵਿੱਚ ਮੁਹਾਰਤ ਹਾਸਲ ਕਰ ਗਏ।
''ਮੇਰੇ ਹੱਥ ਆਪੇ ਹੀ ਬੁਣਤੀ ਕਰਦੇ ਜਾਂਦੇ ਹਨ, ਫਿਰ ਭਾਵੇਂ ਮੇਰੀਆਂ ਅੱਖਾਂ ਬੰਦ ਹੋਣ ਜਾਂ ਹਨ੍ਹੇਰਾ ਹੀ ਕਿਉਂ ਨਾ ਹੋਵੇ, ਮੇਰੇ ਹੱਥ ਹੀ ਮੇਰੇ ਲਈ ਗਾਈਡ ਦਾ ਕੰਮ ਕਰਦੇ ਹਨ,'' ਉਹ ਕਹਿੰਦੇ ਹਨ।
ਸ਼ੁਰੂਆਤ ਵਿੱਚ ਉਹ ਬਾਂਸ ਨੂੰ ਲੰਬਾਈ ਵਿੱਚ ਕੱਟਦੇ ਹਨ, ਫਿਰ ਲੰਬੀਆਂ ਤੇ ਪਤਲੀਆਂ 104 ਲਚੀਲੀਆਂ ਕਾਤਰਾਂ ਕੱਟਦੇ ਹਨ, ਇਸ ਕੰਮ ਵਿੱਚ ਬੜੀ ਨਿਪੁੰਨਤਾ ਦੀ ਲੋੜ ਰਹਿੰਦੀ ਹੈ। ਫਿਰ ਬੜਾ ਹੀ ਸਟੀਕ ਹਿਸਾਬ ਲਾਉਂਦਿਆਂ '' ਛੇ ਯਾ ਸਾਤ ਹਾਥ (ਮੋਟਾਮੋਟੀ 9 ਤੋਂ 10 ਫੁੱਟ) ਭਾਵ ਟੋਕਰੀ ਦੀ ਡੂੰਘਾਈ ਦੇ ਹਿਸਾਬ ਨਾਲ਼ ਦਾ ਵਿਆਸ ਰੱਖਦੇ ਹੋਏ, ਗੋਲ਼ਕਾਰ ਕਾਤਰਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇੱਕ ' ਹਾਥ ' ਤੋਂ ਭਾਵ ਦਰਮਿਆਨੀ ਉਂਗਲ ਤੋਂ ਲੈ ਕੇ ਕੂਹਣੀ ਤੀਕਰ ਦਾ ਮਾਪ, ਜੋ ਭਾਰਤ ਦੇ ਕਾਰੀਗਰਾਂ ਦੇ ਨਾਪ ਵਜੋਂ ਵਰਤੀਦੀ ਇਕਾਈ ਹੈ। ਜੇ ਇੰਚਾਂ ਦੀ ਗੱਲ ਕਰੀਏ ਤਾਂ ਇਹ ਨਾਪ 18 ਇੰਚ ਬਣਦਾ ਹੈ।
ਪਾਰੀ ਅਲੀਪੁਰਦੁਆਰ ਜ਼ਿਲ੍ਹੇ (ਪਹਿਲਾਂ ਜਲਪਾਈਗੁੜੀ) ਦੇ ਬਬਨ ਨਾਲ਼ ਗੱਲ ਕਰ ਰਹੀ ਹੈ। ਇਹ ਬਿਹਾਰ ਦੇ ਭਗਵਾਨੀ ਛਪਰਾ ਵਿੱਚ ਉਨ੍ਹਾਂ ਦੇ ਘਰ ਤੋਂ 600 ਕਿਲੋਮੀਟਰ ਦੂਰ ਹੈ, ਜਿੱਥੋਂ ਉਹ ਹਰ ਸਾਲ ਕੰਮ ਦੀ ਭਾਲ਼ ਵਿੱਚ ਪੱਛਮੀ ਬੰਗਾਲ ਦੇ ਉੱਤਰੀ ਮੈਦਾਨਾਂ ਦੀ ਯਾਤਰਾ ਕਰਦੇ ਹਨ, ਕਾਰਤਿਕ (ਅਕਤੂਬਰ-ਨਵੰਬਰ) ਦੇ ਮਹੀਨੇ ਇੱਥੇ ਆਉਂਦੇ ਹਨ, ਜਦੋਂ ਝੋਨੇ ਦੀ ਫ਼ਸਲ ਵਾਢੀ ਲਈ ਤਿਆਰ ਹੁੰਦੀ ਹੈ। ਉਹ ਅਗਲੇ ਦੋ ਮਹੀਨੇ ਉੱਥੇ ਰਹਿੰਦੇ ਹਨ ਅਤੇ ਡੁਲੀ ਬਣਾਉਂਦੇ ਅਤੇ ਵੇਚਦੇ ਹਨ।
ਉਹ ਇਕੱਲੇ ਨਹੀਂ ਹਨ ਜੋ ਇੰਝ ਪ੍ਰਵਾਸ ਕਰਦੇ ਹਨ। "ਬੰਗਾਲ ਦੇ ਅਲੀਪੁਰਦੁਆਰ ਅਤੇ ਕੂਚ ਬਿਹਾਰ ਜ਼ਿਲ੍ਹਿਆਂ ਦੇ ਹਰ ਹਾਟ [ਹਫ਼ਤਾਵਾਰੀ ਬਾਜ਼ਾਰ] ਵਿੱਚ ਸਾਡੇ ਭਗਵਾਨੀ ਛਪਰਾ ਪਿੰਡ ਦੇ ਡੁਲੀ ਨਿਰਮਾਤਾ ਦੇਖੇ ਜਾ ਸਕਦੇ ਹਨ," ਪੂਰਨ ਸਾਹਾ ਕਹਿੰਦੇ ਹਨ। ਉਹ ਵੀ ਡੁਲੀ ਨਿਰਮਾਤਾ ਹਨ ਜੋ ਹਰ ਸਾਲ ਬਿਹਾਰ ਤੋਂ ਕੂਚ ਬਿਹਾਰ ਜ਼ਿਲ੍ਹੇ ਦੇ ਖਾਗਰਾਬਾਰੀ ਕਸਬੇ ਦੇ ਡੋਡੀਅਰ ਹਾਟ ਵਿੱਚ ਪਰਵਾਸ ਕਰਦੇ ਹਨ। ਇਸ ਕੰਮ ਲਈ ਆਉਣ ਵਾਲ਼ੇ ਜ਼ਿਆਦਾਤਰ ਪ੍ਰਵਾਸੀ 5 ਤੋਂ 10 ਦੇ ਸਮੂਹਾਂ ਵਿੱਚ ਇਕੱਠੇ ਹੁੰਦੇ ਹਨ। ਉਹ ਕੋਈ ਇੱਕ ਹਾਟ ਚੁਣਦੇ ਹਨ ਅਤੇ ਉੱਥੇ ਹੀ ਆਪਣਾ ਅੱਡਾ ਲਾ ਲੈਂਦੇ ਹਨ। ਉਂਝ ਉਹ ਅਸਥਾਈ ਟੈਂਟਾਂ ਵਿੱਚ ਰਹਿੰਦੇ ਹਨ।
ਬਬਨ 13 ਸਾਲਾਂ ਦੇ ਸਨ ਜਦੋਂ ਉਹ ਪਹਿਲੀ ਵਾਰ ਪੱਛਮੀ ਬੰਗਾਲ ਆਏ ਸਨ। ਉਹ ਆਪਣੇ ਗੁਰੂ ਰਾਮ ਪਰਬੇਸ਼ ਮਹਾਤੋ ਨਾਲ਼ ਆਏ ਸਨ। "ਮੈਂ ਆਪਣੇ ਗੁਰੂ ਨਾਲ਼ 15 ਸਾਲ ਯਾਤਰਾ ਕੀਤੀ ਤੇ ਕੰਮ ਸਿੱਖਿਆ, ਫਿਰ ਕਿਤੇ ਜਾ ਕੇ ਮੈਂ ( ਡੁਲੀ ਬਣਾਉਣ) ਨੂੰ ਪੂਰੀ ਤਰ੍ਹਾਂ ਸਮਝ ਸਕਿਆ," ਬਬਨ ਕਹਿੰਦੇ ਹਨ, ਜੋ ਡੁਲੀ ਕਾਰੀਗਰਾਂ ਦੇ ਪਰਿਵਾਰ ਤੋਂ ਆਉਂਦੇ ਹਨ।
*****
ਬਬਨ ਦੇ ਦਿਨ ਦੀ ਸ਼ੁਰੂਆਤ ਅੱਗ ਬਾਲ਼ ਕੇ ਹੁੰਦੀ ਹੈ। ਇੰਨੀ ਠੰਡ ਵਿੱਚ ਤੰਬੂ ਅੰਦਰ ਨਿੱਘ ਨਹੀਂ ਮਿਲ਼ਦਾ ਇਸਲਈ ਉਹ ਸੜਕ ਕਿਨਾਰੇ ਅੱਗ ਦੁਆਲ਼ੇ ਬੈਠ ਜਾਂਦੇ ਹਨ। "ਮੈਂ ਹਰ ਰੋਜ਼ ਸਵੇਰੇ 3 ਵਜੇ ਉੱਠਦਾ ਹਾਂ। ਰਾਤ ਨੂੰ ਇੱਥੇ ਬਹੁਤ ਠੰਢ ਹੁੰਦੀ ਹੈ। ਇਸ ਲਈ ਮੈਂ ਬਿਸਤਰੇ ਤੋਂ ਉੱਠ ਕੇ, ਅੱਗ ਬਾਲ਼ ਕੇ ਇੱਥੇ ਬੈਠ ਜਾਂਦਾ ਹਾਂ," ਉਹ ਕਹਿੰਦੇ ਹਨ। ਇੱਕ ਘੰਟੇ ਬਾਅਦ ਉਹ ਕੰਮ ਸ਼ੁਰੂ ਕਰਦੇ ਹਨ। ਬਾਹਰ ਭਾਵੇਂ ਹਨ੍ਹੇਰਾ ਹੀ ਹੁੰਦਾ ਹੈ ਪਰ ਨੇੜਲੇ ਖੰਭੇ ਦੀ ਸਟਰੀਟ ਲਾਈਟ ਦਾ ਚਾਨਣ ਉਨ੍ਹਾਂ ਦੇ ਕੰਮ ਲਈ ਕਾਫ਼ੀ ਰਹਿੰਦਾ ਹੈ।
ਉਹ ਕਹਿੰਦੇ ਹਨ ਕਿ ਡੁਲੀ ਟੋਕਰੀ ਦੀ ਤਿਆਰੀ ਪ੍ਰਕਿਰਿਆ ਦਾ ਇੱਕ ਅਨਿੱਖੜਵਾਂ ਅੰਗ ਸਹੀ ਕਿਸਮ ਦੇ ਬਾਂਸ ਦੀ ਚੋਣ ਕਰਨਾ ਹੈ। "ਤਿੰਨ ਸਾਲ ਪੁਰਾਣਾ ਬਾਂਸ ਇਸ ਉਦੇਸ਼ ਲਈ ਸਭ ਤੋਂ ਵਧੀਆ ਰਹਿੰਦਾ ਹੈ ਕਿਉਂਕਿ ਇਹ ਆਸਾਨੀ ਨਾਲ਼ ਪਾੜਿਆ ਜਾ ਸਕਦਾ ਹੈ ਅਤੇ ਓਨਾ ਮੋਟਾ ਵੀ ਹੁੰਦਾ ਹੈ ਜਿੰਨਾ ਅਸੀਂ ਚਾਹੁੰਦੇ ਹਾਂ," ਬਬਨ ਕਹਿੰਦੇ ਹਨ।
ਸਹੀ ਨਾਪ ਰੱਖ ਕੇ ਬਾਂਸ ਦੀ ਸਟੀਕ ਰੂਪਰੇਖਾ ਵਿਛਾਉਣਾ ਕਾਫ਼ੀ ਮੁਸ਼ਕਲ ਕੰਮ ਹੈ ਅਤੇ ਇਸ ਕੰਮ ਵਾਸਤੇ ਉਹ 'ਦਾਓ' (ਦਾਤਰ) ਨਾਮਕ ਸੰਦ ਵਰਤਦੇ ਹਨ। ਅਗਲੇ 15 ਘੰਟੇ ਉਹ ਲਗਾਤਾਰ ਕੰਮ ਕਰਦੇ ਹਨ ਤੇ ਸਿਰਫ਼ ਖਾਣਾ ਖਾਣ ਅਤੇ ਬੀੜੀ ਪੀਣ ਲਈ ਬ੍ਰੇਕ ਲੈਂਦੇ ਹਨ।
ਇੱਕ ਆਮ ਡੁਲੀ ਦੀ ਉਚਾਈ 5 ਫੁੱਟ ਅਤੇ ਵਿਆਸ (ਚੌੜਾਈ) 4 ਫੁੱਟ ਹੁੰਦਾ ਹੈ। ਬਬਨ ਆਪਣੇ ਬੇਟੇ ਦੀ ਮਦਦ ਨਾਲ਼ ਦਿਨ ਵਿੱਚ ਦੋ ਡੁਲੀ ਟੋਕਰੀਆਂ ਬੁਣ ਸਕਦੇ ਹਨ। ਬੁਣੀਆਂ ਹੋਈਆਂ ਟੋਕਰੀਆਂ ਅਲੀਪੁਰਦੁਆਰ ਜ਼ਿਲ੍ਹੇ ਦੇ ਮਥੁਰਾ ਵਿਖੇ ਲੱਗਦੇ ਸੋਮਵਾਰ ਹਾਟ ਵਿੱਚ ਵੇਚੀਆਂ ਜਾਂਦੀਆਂ ਹਨ। "ਹਾਟ ਜਾਂਦੇ ਸਮੇਂ, ਮੈਂ ਵੱਖ-ਵੱਖ ਆਕਾਰ ਦੀ ਡੁਲੀ ਲੈ ਜਾਂਦਾ ਹਾਂ ਜਿਨ੍ਹਾਂ ਵਿੱਚ 10 ਮਣ, 15 ਮਣ, 20 ਮਣ, 25 ਮਣ ਝੋਨਾ ਸਾਂਭਿਆ ਜਾ ਸਕਦਾ ਹੈ। ਇੱਕ 'ਮਣ' 40 ਕਿਲੋਗ੍ਰਾਮ ਦੇ ਬਰਾਬਰ ਹੁੰਦਾ ਹੈ, 10 ਮਣ ਦੀ ਡੁਲੀ 400 ਕਿਲੋ ਝੋਨਾ ਸਾਂਭ ਸਕਦੀ ਹੈ। ਬਬਨ ਆਪਣੇ ਗਾਹਕਾਂ ਦੀ ਇੱਛਾ ਤੇ ਝੋਨਾ ਸਾਂਭਣ ਦੀ ਲੋੜ ਮੁਤਾਬਕ ਵੀ ਡੁਲੀ ਬਣਾਉਂਦੇ ਹਨ। ਡੁਲੀ ਦੀ ਉਚਾਈ ਅਨਾਜ ਰੱਖੇ ਜਾਣ ਦੀ ਮਾਤਰਾ ਦੇ ਅਧਾਰ ਤੇ 5 ਤੋਂ 8 ਫੁੱਟ ਤੱਕ ਹੋ ਸਕਦਾ ਹੈ।
ਮੇਰੇ ਮਾਪਿਆਂ ਨੇ ਬਚਪਨ ਵਿੱਚ ਹੀ ਮੈਨੂੰ ਟੋਕਰੀ ਬਣਾਉਣਾ ਸਿਖਾਇਆ। ਉਹ ਖ਼ੁਦ ਵੀ ਉਹੀ ਕੰਮ ਕਰਦੇ ਸਨ
"ਵਾਢੀ ਸਮੇਂ ਸਾਨੂੰ ਇੱਕ ਡੁਲੀ ਦੇ 600-800 ਰੁਪਏ ਮਿਲ਼ਦੇ ਹਨ। ਜਿਓਂ ਵਾਢੀ ਖ਼ਤਮ ਹੁੰਦੀ ਜਾਂਦੀ ਹੈ, ਮੰਗ ਘਟਣ ਲੱਗਦੀ ਹੈ। ਫਿਰ ਮੈਨੂੰ ਉਹੀ ਟੋਕਰੀ ਸਸਤੀ ਕੀਮਤ 'ਤੇ ਵੇਚਣੀ ਪੈਂਦੀ ਹੈ। ਜੇ ਮੈਨੂੰ 50 ਰੁਪਏ ਵੀ ਬੱਚਦੇ ਲੱਗਣ, ਮੈਂ ਡੁਲੀ ਵੇਚ ਦਿੰਦਾ ਹਾਂ," ਉਹ ਕਹਿੰਦੇ ਹਨ।
ਇੱਕ ਡੁਲੀ ਦਾ ਭਾਰ ਅੱਠ ਕਿਲੋਗ੍ਰਾਮ ਹੁੰਦਾ ਹੈ ਅਤੇ ਬਬਨ ਆਪਣੇ ਸਿਰ 'ਤੇ ਅਜਿਹੀਆਂ ਤਿੰਨ ਡੁਲੀਆਂ (ਲਗਭਗ 25 ਕਿਲੋਗ੍ਰਾਮ) ਚੁੱਕ ਸਕਦੇ ਹਨ। "ਕੀ ਮੈਂ ਥੋੜ੍ਹੀ ਦੇਰ ਲਈ ਵੀ 25 ਕਿਲੋ ਭਾਰ ਨਹੀਂ ਚੁੱਕ ਸਕਦਾ? ਇਹ ਕੋਈ ਬਹੁਤੀ ਵੱਡੀ ਗੱਲ ਤਾਂ ਨਹੀਂ ਹੈ," ਉਹ ਕਹਿੰਦੇ ਹਨ।
ਬਬਨ ਆਪਣੇ ਪਿੰਡ ਦੇ ਲੋਕਾਂ ਨੂੰ ਸਲਾਮ ਕਰਦੇ ਹੋਏ ਬਾਜ਼ਾਰ ਵੱਲ ਤੁਰੀ ਜਾਂਦੇ ਹਨ। ਉਨ੍ਹਾਂ ਨੇ ਸਾਨੂੰ ਆਪਣੇ ਭਾਈਚਾਰੇ ਨਾਲ਼ ਸਬੰਧਤ ਲੋਕਾਂ ਅਤੇ ਬੰਗਾਲੀ ਲੋਕਾਂ ਦੀਆਂ ਦੁਕਾਨਾਂ ਵੀ ਦਿਖਾਈਆਂ ਜਿਨ੍ਹਾਂ ਲੋਕਾਂ ਨੇ ਕੰਮ ਵਿੱਚ ਉਨ੍ਹਾਂ ਦੀ ਮਦਦ ਕੀਤੀ। " ਸਭ ਜਾਨ ਪਹਿਚਾਣ ਕੇ ਹੈਂ ," ਉਹ ਕਹਿੰਦੇ ਹਨ। "ਜੇ ਮੇਰੇ ਕੋਲ਼ ਇੱਕ ਪੈਸਾ ਵੀ ਨਾ ਹੋਵੇ, ਉਸ ਹਾਲਤ ਵਿੱਚ ਜੇ ਮੈਂ ਚਾਵਲ, ਦਾਲ ਅਤੇ ਰੋਟੀ ਮੰਗਾਂ ਤਾਂ ਉਹ ਬਗ਼ੈਰ ਪੈਸੇ ਬਾਰੇ ਸੋਚੇ ਮੈਨੂੰ ਸਭ ਕੁਝ ਦੇ ਦੇਣਗੇ," ਉਨ੍ਹਾਂ ਕਿਹਾ।
ਉਨ੍ਹਾਂ ਦੀ ਖਾਨਾਬਦੀ ਜ਼ਿੰਦਗੀ ਨੇ ਉਨ੍ਹਾਂ ਲਈ ਆਪਣੀ ਜੱਦੀ ਭਾਸ਼ਾ, ਭੋਜਪੁਰੀ ਤੋਂ ਇਲਾਵਾ ਹੋਰ ਭਾਸ਼ਾਵਾਂ ਸਮਝਣ ਤੇ ਬੋਲਣ ਦਾ ਰਾਹ ਖੋਲ੍ਹਿਆ। ਉਹ ਹਿੰਦੀ, ਬੰਗਾਲੀ ਅਤੇ ਅਸਾਮੀ ਭਾਸ਼ਾਵਾਂ ਬੋਲਦੇ ਹਨ ਅਤੇ ਮੇਚੀਆ ਭਾਈਚਾਰੇ ਦੁਆਰਾ ਬੋਲੀ ਜਾਣ ਵਾਲ਼ੀ ਮੇਚੀਆ ਭਾਸ਼ਾ ਨੂੰ ਵੀ ਸਮਝਦੇ ਹਨ, ਜੋ ਅਲੀਪੁਰਦੁਆਰ ਜ਼ਿਲ੍ਹੇ (ਪਹਿਲਾਂ ਜਲਪਾਈਗੁੜੀ ਜ਼ਿਲ੍ਹਾ) ਦੇ ਦੱਖਣੀ ਚਕੋਖੇੜੀ ਵਿੱਚ ਰਹਿਣ ਵਾਲ਼ਾ ਭਾਈਚਾਰਾ ਹੈ।
ਉਹ ਕਹਿੰਦੇ ਹਨ ਕਿ ਉਹ ਹਰ ਰੋਜ਼ 10 ਰੁਪਏ ਦੀ ਸ਼ਰਾਬ ਪੀਂਦੇ ਹਨ, "ਸਾਰਾ ਦਿਨ ਕੰਮ ਕਰਨ ਨਾਲ਼ ਮੇਰਾ ਸਰੀਰ ਫੋੜੇ ਵਾਂਗ ਦੁਖਦਾ ਹੈ। ਸ਼ਰਾਬ ਦਰਦ ਨੂੰ ਸ਼ਾਂਤ ਕਰਕੇ ਮੈਨੂੰ ਰਾਹਤ ਦਿੰਦੀ ਹੈ।''
ਉਨ੍ਹਾਂ ਦੇ ਪਿੰਡ ਦੇ ਸਾਰੇ ਬਿਹਾਰੀ ਇਕੱਠੇ ਰਹਿ ਰਹੇ ਹਨ। ਪਰ ਬਬਨ ਇਕੱਲੇ ਰਹਿੰਦੇ ਹਨ। "ਜੇ ਮੈਂ 50 ਰੁਪਏ ਦਾ ਖਾਣਾ ਖਾਂਦਾ ਤਾਂ ਮੇਰੇ ਨਾਲ਼ ਦੇ ਕਹਿਣਾ ਸੀ,'ਮੈਨੂੰ ਵੀ ਇਸ ਵਿੱਚੋਂ ਹਿੱਸਾ ਚਾਹੀਦਾ ਹੈ!' ਇਸ ਲਈ ਮੈਂ ਇਕੱਲਾ ਖਾਣਾ ਖਾਂਦਾ ਹਾਂ ਤੇ ਇਕੱਲਾ ਹੀ ਰਹਿੰਦਾ ਹਾਂ। ਇੰਝ ਮੈਂ ਜੋ ਵੀ ਖਾਵਾਂ ਉਹ ਮੇਰਾ ਹੈ ਅਤੇ ਜੋ ਕੁਝ ਵੀ ਮੈਂ ਕਮਾਵਾਂ ਮੇਰਾ ਹੈ।''
ਬਿਹਾਰ ਵਿੱਚ ਬਿੰਦ ਭਾਈਚਾਰੇ ਲਈ, ਰੋਜ਼ੀਰੋਟੀ ਦੇ ਵਸੀਲੇ ਨਾ ਮਾਤਰ ਹਨ। ਇਸ ਲਈ ਉੱਥੋਂ ਦੇ ਲੋਕ ਪੀੜ੍ਹੀਆਂ ਤੋਂ ਪਰਵਾਸ ਕਰ ਰਹੇ ਹਨ, ਬਬਨ ਕਹਿੰਦੇ ਹਨ। ਬਬਨ ਦਾ 30 ਸਾਲਾ ਬੇਟਾ, ਅਰਜੁਨ ਮਹਾਤੋ ਵੀ ਜਦੋਂ ਛੋਟਾ ਸੀ ਤਾਂ ਆਪਣੇ ਪਿਤਾ ਨਾਲ਼ ਇੱਥੇ ਆਉਂਦਾ ਸੀ। ਉਹ ਇਸ ਸਮੇਂ ਮੁੰਬਈ ਵਿੱਚ ਬਤੌਰ ਪੇਂਟਰ ਕੰਮ ਕਰ ਰਿਹਾ ਹੈ। "ਸਾਡੇ ਬਿਹਾਰ ਵਿੱਚ ਜਿਉਣ ਲਈ ਲੋੜੀਂਦੀ ਮਜ਼ਦੂਰੀ/ਕਮਾਈ ਨਹੀਂ ਹੈ। ਇੱਥੇ ਰੇਤ ਦੀ ਮਾਈਨਿੰਗ ਦਾ ਹੀ ਕਾਰੋਬਾਰ ਹੈ ... ਪਰ ਪੂਰਾ ਬਿਹਾਰ ਰੋਜ਼ੀ-ਰੋਟੀ ਲਈ ਇਸੇ ਕੰਮ 'ਤੇ ਨਿਰਭਰ ਨਹੀਂ ਕਰ ਸਕਦਾ।''
ਬਬਨ ਦੇ ਅੱਠ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਚੰਦਨ ਇਸ ਸਾਲ (2023) ਪ੍ਰਵਾਸ ਕਰਕੇ ਉਨ੍ਹਾਂ ਦੇ ਨਾਲ਼ ਆਇਆ ਹੈ। ਉਨ੍ਹਾਂ ਨੇ ਪੱਛਮੀ ਬੰਗਾਲ ਤੋਂ ਅਸਾਮ ਜਾਣ ਵਾਲ਼ੇ ਰਾਸ਼ਟਰੀ ਰਾਜਮਾਰਗ -17 ਦੇ ਨੇੜਲੇ ਚਾਹ ਬਗ਼ਾਨਾਂ ਦੇ ਰਸਤੇ ਵਿੱਚ ਹੀ ਅਸਥਾਈ ਘਰ ਬਣਾਇਆ ਹੈ। ਉਨ੍ਹਾਂ ਦਾ ਘਰ ਇੱਕ ਗੈਰਾਜ ਹੈ ਜਿਸ ਦੇ ਤਿੰਨ ਪਾਸੇ ਢਿੱਲੀ ਕਰਕੇ ਤਰਪਾਲ ਬੰਨ੍ਹੀ ਹੋਈ ਹੈ ਅਤੇ ਟੀਨ ਦੀ ਇੱਕ ਛੱਤ ਹੈ, ਇੱਕ ਮਿੱਟੀ ਦਾ ਚੁੱਲ੍ਹਾ (ਸਟੋਵ), ਬਿਸਤਰਾ ਅਤੇ ਡੁਲੀ ਟੋਕਰੀਆਂ ਰੱਖਣ ਲਈ ਕੁਝ ਜਗ੍ਹਾ ਹੈ।
ਪਿਤਾ ਅਤੇ ਪੁੱਤਰ ਸ਼ੌਚ ਕਰਨ ਲਈ ਸੜਕ ਦੇ ਕਿਨਾਰੇ ਖੁੱਲ੍ਹੀਆਂ ਥਾਵਾਂ 'ਤੇ ਕਰਦੇ ਹਨ; ਨਹਾਉਣ ਲਈ, ਨੇੜੇ ਦੇ ਹੈਂਡ ਪੰਪ ਤੋਂ ਪਾਣੀ ਲਿਆਂਦਾ ਜਾਂਦਾ ਹੈ। "ਅਜਿਹੀਆਂ ਹਾਲਤਾਂ ਵਿੱਚ ਰਹਿਣ ਵਿੱਚ ਮੈਨੂੰ ਕੋਈ ਸਮੱਸਿਆ ਨਹੀਂ ਹੈ। ਮੈਂ ਹਮੇਸ਼ਾ ਅਪਨੇ ਕਾਮ ਕੇ ਸੁਰ ਵਿੱਚ ਰਹਤਾ ਹੂੰ ," ਬਬਨ ਕਹਿੰਦੇ ਹਨ। ਘਰ ਦੇ ਬਾਹਰਲੇ ਪਾਸੇ ਉਹ ਡੁਲੀ ਬਣਾਉਂਦੇ ਤੇ ਵੇਚਦੇ ਹਨ ਅਤੇ ਖਾਣਾ ਘਰ ਦੇ ਅੰਦਰ ਬਣਾਉਂਦੇ ਹਨ ਤੇ ਅੰਦਰ ਹੀ ਸੌਂਦੇ ਹਨ।
" ਮਾਂ , ਸਾਡੀ ਮਕਾਨ ਮਾਲਕਣ ਨੇ ਬਗੀਚੀ ਵਿੱਚ ਉਗਾਏ ਤੇਜ ਪੱਤੇ (ਸੁੱਕੇ ਲੌਂਗ ਦੇ ਪੱਤੇ) ਪੈਕ ਕਰਕੇ ਮੈਨੂੰ ਘਰ ਲਿਜਾਣ ਲਈ ਦਿੱਤੇ," ਕਾਰੀਗਰ ਕਹਿੰਦੇ ਹਨ।
*****
ਝੋਨਾ ਸਾਂਭਣ ਲਈ ਪਲਾਸਟਿਕ ਦੇ ਥੈਲਿਆਂ ਦੇ ਆਉਣ ਅਤੇ ਪ੍ਰੋਸੈਸਿੰਗ ਤੇ ਸਟੋਰੇਜ ਦੇ ਬਦਲਦੇ ਪੈਟਰਨਾਂ ਕਾਰਨ ਡੁਲੀ ਨਿਰਮਾਤਾਵਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ। "ਇਲਾਕੇ ਵਿੱਚ ਖੁੱਲ੍ਹੀਆਂ ਚਾਵਲ ਮਿੱਲਾਂ ਨੇ ਪਿਛਲੇ ਪੰਜ ਸਾਲਾਂ ਤੋਂ ਸਾਡਾ ਕੰਮ ਪ੍ਰਭਾਵਿਤ ਕੀਤਾ ਹੈ। ਕਿਸਾਨ ਆਪਣੇ ਝੋਨੇ ਨੂੰ ਪਹਿਲਾਂ ਵਾਂਗ ਸਟੋਰ ਨਹੀਂ ਕਰਦੇ ਤੇ ਅਗਲੇਰੀ ਪ੍ਰੋਸੈਸਿੰਗ ਲਈ ਵਾਢੀ ਕਰਕੇ ਸਿੱਧਾ ਮਿੱਲਾਂ ਨੂੰ ਵੇਚ ਦਿੰਦੇ ਹਨ। ਬਹੁਤ ਸਾਰੇ ਲੋਕ ਭੰਡਾਰਨ ਲਈ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਕਰਨ ਲੱਗੇ ਹਨ," ਬਿਹਾਰ ਦੇ ਡੁਲੀ ਨਿਰਮਾਤਾਵਾਂ ਦੇ ਇੱਕ ਸਮੂਹ ਨੇ ਪਾਰੀ ਨੂੰ ਦੱਸਿਆ।
ਹੋਰ, ਛੋਟੇ ਆਕਾਰ ਦੀਆਂ ਟੋਕਰੀਆਂ ਬਣਾਏ ਜਾਣ ਦੀ ਇੱਕ ਸੰਭਾਵਨਾ ਤਾਂ ਹੈ, ਪਰ ਉਨ੍ਹਾਂ ਨੂੰ ਇਹ ਬਣਾਉਣ ਲਈ ਮੁਕਾਮੀ ਲੋਕਾਂ ਦੀ ਸਹਿਮਤੀ ਲੈਣੀ ਜ਼ਰੂਰੀ ਰਹਿੰਦੀ ਹੈ ਜੋ ਖ਼ੁਦ ਛੋਟੀਆਂ ਟੋਕਰੀਆਂ ਬਣਾਉਂਦੇ ਹਨ ਤੇ ਸਾਨੂੰ ਬੇਨਤੀ ਕਰਦਿਆਂ ਕਹਿੰਦੇ ਹਨ, '' ਦੇਖੋ ਭਾਈ , ਯਹ ਮਤ ਬਨਾਓ , ਅਪਨਾ ਬੜਾ ਵਾਲ਼ਾ ਡੁਲੀ ਬਨਾਓ... ਹਮਲੋਗ ਕਾ ਪੇਟ ਮੇ ਲਾਤ ਮਤ ਮਾਰੋ । ''
ਬਿਹਾਰ ਅਤੇ ਅਲੀਪੁਰਦੁਆਰ ਜ਼ਿਲ੍ਹਿਆਂ ਵਿੱਚ ਇੱਕ ਬਸਤਾ (ਪਲਾਸਟਿਕ ਬੈਗ) 20 ਰੁਪਏ ਵਿੱਚ ਮਿਲ਼ ਜਾਂਦਾ ਹੈ, ਜਦੋਂਕਿ ਇੱਕ ਡੁਲੀ ਦੀ ਕੀਮਤ 600 ਤੋਂ 1,000 ਰੁਪਏ ਦੇ ਵਿਚਕਾਰ ਹੈ। ਇੱਕ ਬਸਤੇ ਵਿੱਚ 40 ਕਿਲੋ ਚੌਲ਼ ਆਉਂਦੇ ਹਨ ਪਰ ਇੱਕ ਆਮ ਡੁਲੀ ਵਿੱਚ 500 ਕਿਲੋ ਚੌਲ਼ ਭਰੇ ਜਾ ਸਕਦੇ ਹਨ।
ਸੁਸ਼ੀਲਾ ਰਾਏ (50) ਝੋਨਾ ਉਗਾਉਂਦੇ ਹਨ ਤੇ ਡੁਲੀ ਵਿੱਚ ਅਨਾਜ ਸਾਂਭਣਾ ਪਸੰਦ ਕਰਦੇ ਹਨ। ਅਲੀਪੁਰਦੁਆਰ ਜ਼ਿਲ੍ਹੇ ਦੇ ਦੱਖਣੀ ਚਕੋਯਾਖੇਟੀ ਪਿੰਡ ਦੀ ਇਸ ਵਾਸੀ ਦਾ ਕਹਿਣਾ ਹੈ, "ਜੇ ਅਸੀਂ ਝੋਨੇ ਨੂੰ ਪਲਾਸਟਿਕ ਦੇ ਥੈਲੇ ਵਿੱਚ ਸਟੋਰ ਕਰਦੇ ਹਾਂ, ਤਾਂ ਸੁਸਰੀ ਪੈ ਜਾਂਦੀ ਹੈ। ਇਸ ਲਈ, ਅਸੀਂ ਡੁਲੀ ਦੀ ਵਰਤੋਂ ਕਰਦੇ ਹਾਂ। ਅਸੀਂ ਇੱਕ ਸਾਲ ਲਈ ਆਪਣੀ ਖਪਤ ਜੋਗੇ ਚੌਲਾਂ ਦਾ ਵੱਡਾ ਸਟਾਕ ਡੁਲੀ ਵਿੱਚ ਹੀ ਰੱਖਦੇ ਹਾਂ।''
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਇਸ ਰਿਪੋਰਟ ਅਨੁਸਾਰ, ਪੱਛਮੀ ਬੰਗਾਲ 2021-22 ਵਿੱਚ 16.76 ਮਿਲੀਅਨ ਟਨ ਦੇ ਸਾਲਾਨਾ ਚੌਲ ਉਤਪਾਦਨ ਦੇ ਨਾਲ਼ ਦੇਸ਼ ਦਾ ਸਭ ਤੋਂ ਵੱਡਾ ਚੌਲ ਉਤਪਾਦਕ (ਭਾਰਤ ਦੇ ਕੁੱਲ ਚੌਲ ਉਤਪਾਦਨ ਦਾ 13 ਪ੍ਰਤੀਸ਼ਤ) ਵਜੋਂ ਉਭਰਿਆ ਹੈ।
*****
ਬਬਨ, ਪ੍ਰਵਾਸੀ ਮਜ਼ਦੂਰ, ਅਕਤੂਬਰ ਦੇ ਅੱਧ ਤੋਂ ਦਸੰਬਰ ਤੱਕ ਦਾ ਸਮਾਂ ਪੱਛਮੀ ਬੰਗਾਲ ਵਿੱਚ ਸਮਾਂ ਬਿਤਾਉਣਗੇ ਅਤੇ ਫਿਰ ਥੋੜ੍ਹੇ ਸਮੇਂ ਲਈ ਬਿਹਾਰ ਵਾਪਸ ਆ ਜਾਣਗੇ। ਫਰਵਰੀ ਵਿੱਚ, ਉਹ ਅਸਾਮ ਦੇ ਚਾਹ ਬਗ਼ਾਨਾਂ ਵਿੱਚ ਚਲੇ ਜਾਂਦੇ ਹਨ। ਉਸ ਸਮੇਂ ਚਾਹ-ਪੱਤੀਆਂ ਦੀ ਤੁੜਾਈ ਦਾ ਮੌਸਮ ਹੁੰਦਾ ਹੈ। ਉਹ ਅਗਲੇ ਛੇ ਤੋਂ ਅੱਠ ਮਹੀਨੇ ਉੱਥੇ ਬਿਤਾਉਣਗੇ। ''ਅਸਾਮ 'ਚ ਅਜਿਹੀ ਕੋਈ ਥਾਂ ਨਹੀਂ, ਜਿੱਥੇ ਮੈਂ ਗਿਆ ਨਾ ਹੋਵਾਂ। ਡਿਬਰੂਗੜ੍ਹ, ਤੇਜ਼ਪੁਰ, ਤਿਨਸੁਕੀਆ, ਗੋਲਾਘਾਟ, ਜੋਰਹਾਟ, ਗੁਹਾਟੀ," ਵੱਡੇ ਕਸਬਿਆਂ ਅਤੇ ਸ਼ਹਿਰਾਂ ਦਾ ਨਾਮ ਲੈਂਦੇ ਹੋਏ ਉਹ ਕਹਿੰਦੇ ਹਨ।
ਅਸਾਮ ਵਿੱਚ ਉਹ ਬਾਂਸ ਦੀਆਂ ਜੋ ਟੋਕਰੀਆਂ ਬਣਾਉਂਦੇ ਹਨ, ਉਨ੍ਹਾਂ ਨੂੰ ਡੋਕੋ ਕਿਹਾ ਜਾਂਦਾ ਹੈ। ਡੁਲੀ ਦੇ ਮੁਕਾਬਲੇ, ਡੋਕੋ ਉਚਾਈ ਵਿੱਚ ਬਹੁਤ ਛੋਟੀ ਹੁੰਦੀ ਹੈ- ਤਿੰਨ ਫੁੱਟ। ਇਨ੍ਹਾਂ ਦੀ ਵਰਤੋਂ ਚਾਹ ਦੀਆਂ ਪੱਤੀਆਂ ਤੋੜਨ ਵੇਲੇ ਕੀਤੀ ਜਾਂਦੀ ਹੈ। ਉੱਥੇ ਉਹ ਇੱਕ ਮਹੀਨੇ ਵਿੱਚ 400 ਟੋਕਰੀਆਂ ਬਣਾਉਂਦੇ ਹਨ ਜਿੰਨ੍ਹਾਂ ਦੀ ਮੰਗ ਚਾਹ ਬਗ਼ਾਨਾਂ ਵੱਲੋਂ ਕੀਤੀ ਜਾਂਦੀ ਹੈ, ਇੰਨਾ ਹੀ ਨਹੀਂ ਉਹ ਬਾਂਸ ਵੀ ਆਪ ਦਿੰਦੇ ਹਨ ਤੇ ਕਾਰੀਗਰ ਦੇ ਰਹਿਣ ਲਈ ਥਾਂ ਵੀ।
" ਬਾਂਸ ਕਾ ਕਾਮ ਕੀਆ , ਗੋਬਰ ਕਾ ਕਾਮ ਕੀਆ , ਮਾਟੀ ਕਾ ਕਾਮ ਕੀਆ , ਖੇਤੀ ਮੇਂ ਕਾਮ ਕੀਆ , ਆਈਸਕ੍ਰੀਮ ਕਾ ਭੀ ਕਾਮ ਕੀਆ... '' ਅੱਡੋ-ਅੱਡ ਕੰਮ ਕਰਨ ਵਾਲ਼ੇ ਬਬਨ ਸਾਲ ਭਰ ਕੀਤੇ ਗਏ ਕੰਮ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ।
ਜੇ ਅਸਾਮ ਵਿੱਚ ਟੋਕਰੀ ਦੀ ਮੰਗ ਘੱਟ ਜਾਂਦੀ ਹੈ, ਤਾਂ ਉਹ ਰਾਜਸਥਾਨ ਜਾਂ ਦਿੱਲੀ ਜਾਂਦੇ ਹਨ ਅਤੇ ਸਟਰੀਟ ਵਿਕਰੇਤਾ ਵਜੋਂ ਆਈਸਕ੍ਰੀਮ ਵੇਚਦੇ ਹਨ। ਉਨ੍ਹਾਂ ਦੇ ਪਿੰਡ ਦੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ ਅਤੇ ਜਦੋਂ ਵੀ ਲੋੜ ਪੈਂਦੀ ਹੈ, ਉਹ ਜਾ ਕੇ ਉਨ੍ਹਾਂ ਨਾਲ਼ ਜੁੜ ਜਾਂਦੇ ਹਨ। "ਰਾਜਸਥਾਨ, ਦਿੱਲੀ, ਅਸਾਮ, ਬੰਗਾਲ - ਮੈਂ ਆਪਣੀ ਪੂਰੀ ਜ਼ਿੰਦਗੀ ਇਨ੍ਹਾਂ ਥਾਵਾਂ ਦੇ ਵਿਚਕਾਰ ਬਿਤਾਈ ਹੈ," ਉਹ ਕਹਿੰਦੇ ਹਨ।
ਦਹਾਕਿਆਂ ਤੱਕ ਬਤੌਰ ਕਾਰੀਗਰ ਕੰਮ ਕਰਨ ਤੋਂ ਬਾਅਦ ਵੀ, ਬਬਨ ਕੋਲ਼ ਦਸਤਕਾਰੀ ਵਿਕਾਸ ਕਮਿਸ਼ਨਰ (ਟੈਕਸਟਾਈਲ ਮੰਤਰਾਲੇ ਦੇ ਅਧੀਨ) ਦੇ ਦਫ਼ਤਰ ਦੁਆਰਾ ਜਾਰੀ ਕੀਤਾ ਗਿਆ ਕਾਰੀਗਰ ਪਛਾਣ ਪੱਤਰ ਨਹੀਂ ਹੈ। ਇਹ ਕਾਰਡ ਕਾਰੀਗਰ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਅਤੇ ਕਰਜ਼ੇ, ਪੈਨਸ਼ਨਾਂ, ਕਲਾ ਨੂੰ ਮਾਨਤਾ ਦੇਣ ਵਾਲ਼ੇ ਪੁਰਸਕਾਰਾਂ ਲਈ ਯੋਗਤਾ ਦੇ ਨਾਲ਼ - ਨਾਲ਼ ਹੁਨਰ ਅਪਗ੍ਰੇਡੇਸ਼ਨ ਅਤੇ ਬੁਨਿਆਦੀ ਢਾਂਚੇ ਦੀ ਸਹਾਇਤਾ ਪ੍ਰਾਪਤ ਕਰਨ ਲਈ ਰਸਮੀ ਪਛਾਣ ਦਿੰਦਾ ਹੈ।
"ਸਾਡੇ ਕੋਲ਼ ਬਹੁਤ ਸਾਰੇ (ਕਾਰੀਗਰ) ਹਨ, ਪਰ ਗਰੀਬਾਂ ਦੀ ਪਰਵਾਹ ਕੌਣ ਕਰਦਾ ਹੈ? ਹਰ ਕੋਈ ਆਪਣੀਆਂ ਜੇਬ੍ਹਾਂ ਭਰਨ ਲੱਗਾ ਹੋਇਆ ਹੈ," ਬਬਨ ਕਹਿੰਦੇ ਹਨ, ਜਿਨ੍ਹਾਂ ਦਾ ਬੈਂਕ ਖਾਤਾ ਵੀ ਨਹੀਂ ਹੈ। "ਮੈਂ ਆਪਣੇ ਅੱਠ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਹੈ। ਹੁਣ ਜਿੰਨਾ ਚਿਰ ਮੇਰੇ ਅੰਦਰ ਤਾਕਤ ਹੈ, ਮੈਂ ਕਮਾਵਾਂਗਾ ਅਤੇ ਖਾਵਾਂਗਾ। ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ? ਹੋਰ ਕੀ ਕੀਤਾ ਜਾ ਸਕਦਾ ਹੈ?"
ਇਹ ਸਟੋਰੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐੱਮਐੱਮਐੱਫ਼) ਤੋਂ ਮਿਲ਼ੀ ਫ਼ੈਲੋਸ਼ਿਪ ਤਹਿਤ ਲਿਖੀ ਗਈ ਹੈ।
ਤਰਜਮਾ: ਕਮਲਜੀਤ ਕੌਰ