“ਆਜ਼ਾਦੀ ਦੇ ਯੁੱਧ ਦੌਰਾਨ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਆਸ ਦੀ ਕੋਈ ਕਿਰਨ ਨਾ ਦਿਸਦੀ। ਸੁਣਿਆ ਕਰਦੇ ਕਿ ਅਸੀਂ ਜਿੱਤ ਨਹੀਂ ਸਕਦੇ। ਤੁਸੀਂ ਸੰਸਾਰ ਦੀ ਸਭ ਤੋਂ ਵੱਡੀ ਸਲਤਨਤ ਨਾਲ਼ ਪੰਗਾ ਲੈ ਲਿਆ ... ਪਰ ਅਸੀਂ ਇਨ੍ਹਾਂ ਧਮਕੀਆਂ, ਤਾੜਨਾਵਾਂ ਤੋਂ ਉੱਪਰ ਉੱਠ ਗਏ ਸਾਂ। ਜੋ ਹੋਵੇ ਸੋ ਹੋਵੇ, ਅਸੀਂ ਤਾਂ ਲੜਨਾ ਹੈ। ਇਸੇ ਕਰਕੇ ਅੱਜ ਇਥੇ ਤੱਕ ਪੁੱਜੇ ਹਾਂ।”
— ਆਰ. ਨੱਲਾਕੰਨੂੰ
*****
“ਪੀਲ਼ੇ ਡੱਬੇ ਵਿੱਚ ਵੋਟ ਪਾਓ,” ਸ਼ੋਰ ਉਠਦਾ, “ਪਵਿੱਤਰ ਮੰਜਾਲ ਪੇਟੀ ਨੁੰ ਚੁਣੋ!”
ਇਹ ਉਸ ਸਮੇਂ ਦੀ ਗੱਲ ਹੈ ਜਦੋਂ 1937 ਵਿੱਚ ਅੰਗਰੇਜ਼ ਸਰਕਾਰ ਨੇ ਮਦਰਾਸ ਪ੍ਰੈਜ਼ੀਡੈਂਸੀ ਦੀਆਂ ਪ੍ਰਾਂਤਕ ਚੋਣਾਂ ਕਰਵਾਈਆਂ ਸਨ।
ਜੁਆਨ ਢੋਲ ਢਮੱਕਿਆਂ ਨਾਲ਼ ਨਾਅਰੇ ਲਾ ਰਹੇ ਸਨ। ਬਹੁਤੇ ਤਾਂ ਅਜੇ ਵੋਟ ਪਾਉਣ ਦੀ ਉਮਰ ਤੱਕ ਵੀ ਨਹੀਂ ਅੱਪੜੇ ਸਨ। ਉਮਰ ਵੀ ਹੁੰਦੀ ਤਾਂ ਵੀ ਵੋਟ ਦੇ ਹੱਕਦਾਰ ਨਹੀਂ। ਸਾਰੇ ਬਾਲਗ ਵੋਟਰ ਨਹੀਂ ਹੁੰਦੇ ਸਨ।
ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਹੋਇਆ ਕਰਦੀ, ਉਹੋ ਵੋਟ ਪਾ ਸਕਦੇ, ਪਿੰਡਾਂ ਵਿੱਚ ਅਮੀਰ ਕਿਸਾਨ।
ਵੋਟ ਪਾਉਣ ਤੋਂ ਮਹਿਰੂਮ ਜੁਆਨ ਲੋਕਾਂ ਦਾ ਸਰਗਰਮ ਅੰਦੋਲਨ ਕੋਈ ਨਵੀਂ ਘਟਨਾ ਨਹੀਂ ਸੀ।
ਇਨਸਾਫ਼ ਪਾਰਟੀ ਦਾ ਅਖ਼ਬਾਰ ‘ਇਨਸਾਫ਼’ ਹੁੰਦਾ ਸੀ ਜਿਸਨੇ ਜੁਲਾਈ 1935 ਵਿੱਚ ਖ਼ਬਰ ਛਾਪੀ ਜਿਸ ਵਿੱਚ ਨਿਰਾਸ਼ਤਾ ਤਾਂ ਸੀ, ਬੇਅਦਬੀ ਭੋਰਾ ਨਹੀਂ:
ਬੇਸ਼ੱਕ ਦੂਰ ਦੁਰਾਡੇ ਦੇ ਕਿਸੇ ਪਿੰਡ ਚਲੇ ਜਾਉ, ਗਾਂਧੀ ਖੱਦਰ ਅਤੇ ਟੋਪੀ ਪਹਿਨੀਂ ਤੁਹਾਨੂੰ ਛੋਕਰਿਆਂ ਦੀਆਂ ਟੋਲੀਆਂ ਦਿਸ ਜਾਣਗੀਆਂ ਜਿਨ੍ਹਾਂ ਨੇ ਹੱਥਾਂ ਵਿੱਚ ਤਿਰੰਗੇ ਫੜੇ ਹੋਏ ਹਨ। ਇਨ੍ਹਾਂ ਵਿੱਚ ਅੱਸੀ ਫ਼ੀਸਦ ਲੋਕ, ਕਾਮੇ ਤੇ ਸ੍ਵੈਸੇਵੀ ਉਹ ਬੰਦੇ ਹਨ ਜਿਨ੍ਹਾਂ ਦੀ ਵੋਟ ਨਹੀਂ, ਜਾਇਦਾਦ ਨਹੀਂ, ਪੇਂਡੂ ਸ਼ਹਿਰੀ ਸੈਂਕੜੇ ਬੇਰੁਜ਼ਗਾਰ...।
1937 ਦੇ ਸਾਲ ਇਨ੍ਹਾਂ ਛੋਕਰਿਆਂ ਵਿੱਚ ਇੱਕ ਆਰ. ਨੱਲਾਕੰਨੂੰ ਵੀ ਸੀ ਜੋ ਉਦੋਂ 12 ਸਾਲ ਦਾ ਸੀ, ਹੁਣ 2022 ਵਿੱਚ 97 ਸਾਲਾਂ ਦਾ ਹੈ, ਹੱਸਦਾ ਹੋਇਆ ਉਸ ਡਰਾਮੇ ਦੀਆਂ ਗੱਲਾਂ ਦੱਸ ਰਿਹਾ ਹੈ ਜਦੋਂ ਉਨ੍ਹਾਂ ਛੋਕਰਿਆਂ ਵਿੱਚ ਉਹ ਵੀ ਭੱਜਿਆ ਫਿਰਦਾ ਹੁੰਦਾ ਸੀ। ''ਜਿਨ੍ਹਾਂ ਲੋਕਾਂ ਕੋਲ ਜ਼ਮੀਨ ਸੀ ਤੇ ਦਸ ਰੁਪਏ ਸਲਾਨਾ ਮਾਲੀਆ ਤਾਰਦੇ ਸਨ, ਬਸ ਉਹ ਵੋਟ ਪਾ ਕਰਦੇ ਸਨ,'' ਉਹ ਯਾਦ ਕਰ ਰਿਹਾ ਹੈ। ਸਾਲ 1937 ਵਿੱਚ ਵੋਟ ਪਾਉਣ ਦਾ ਦਾਇਰਾ ਕੁਝ ਕੁ ਮੋਕਲਾ ਕੀਤਾ ਸੀ ''ਪਰ ਤਾਂ ਵੀ ਬਾਲਗਾਂ ਵਿੱਚੋਂ 15-20 ਪ੍ਰਤੀਸ਼ਤ ਹੀ ਵੋਟ ਪਾ ਸਕਦੇ ਸਨ ਤੇ ਇੱਕ ਹਲਕੇ ਵਿੱਚ ਹਜ਼ਾਰ ਤੋਂ ਬਾਰਾਂ ਸੌ ਤਕ ਬਸ।''
ਨੱਲਾਕੰਨੂੰ ਸ੍ਰੀਵੈਂਕੁੰਟਮ ਵਿੱਚ ਜੰਮਿਆ ਜੋ ਉਦੋਂ ਤੀਰੂਨੇਲਵੇਲੀ ਜ਼ਿਲ੍ਹੇ ਵਿੱਚ ਹੁੰਦਾ ਸੀ। ਹੁਣ ਇਹ ਇਲਾਕਾ ਤਮਿਲਨਾਡੂ ਵਿੱਚ ਹੈ, ਥੂਥੂਕੁਡੀ ਜ਼ਿਲ੍ਹੇ ਵਿੱਚ। ਇਸ ਜ਼ਿਲ੍ਹੇ ਦਾ ਨਾਮ 1997 ਤੱਕ ਟੂਟੀਕੋਰਿਨ ਸੀ।
ਨੱਲਾਕੰਨੂੰ ਦੀਆਂ ਗਤੀਵਿਧੀਆਂ ਜਲਦੀ ਸ਼ੁਰੂ ਹੋ ਗਈਆਂ ਸਨ।
“ਉਦੋਂ ਮੈਂ ਅਜੇ ਬੱਚਾ ਹੀ ਸਾਂ। ਥੂਥੂਕੁਡੀ ਦੀ ਮਿੱਲ ਦੇ ਕਾਮਿਆਂ ਨੇ ਹੜਤਾਲ ਕਰ ਦਿੱਤੀ। ਕੰਮ ਠੱਪ। ਇਹ ਮਿੱਲ ਹਾਰਵੇ ਗਰੁੱਪ ਦੀ ਸੀ। ਇਸ ਨੂੰ ਪੰਚਾਲਾਈ ਕਾਮਿਆਂ ਦੀ ਹੜਤਾਲ ਕਹਿੰਦੇ ਹਨ, ਪੰਚਾਲਾਈ ਮਾਇਨੇ ਧਾਗਾ ਮਿੱਲ।
“ਉਨ੍ਹਾਂ ਦੀ ਸਹਾਇਤਾ ਕਰਨ ਵਾਸਤੇ, ਉਨ੍ਹਾਂ ਦੇ ਘਰੀਂ ਡੱਬਿਆਂ ਵਿੱਚ ਬੰਦ ਕਰਕੇ ਚਾਵਲ ਪੁਚਾਉਣੇ ਹੁੰਦੇ ਸਨ। ਹਰੇਕ ਘਰੋਂ ਚਾਵਲ ਲੈ ਕੇ ਥੂਥੂਕੁਡੀ ਪੁਚਾਂਦੇ। ਮੇਰੀ ਉਮਰ ਦੇ ਛੋਟੇ ਮੁੰਡੇ ਚਾਵਲ ਇਕੱਠੇ ਕਰਨ ਦਾ ਕੰਮ ਕਰਿਆ ਕਰਦੇ। ਲੋਕ ਗ਼ਰੀਬ ਸਨ ਪਰ ਹਰੇਕ ਘਰ ਕੁਝ ਨਾ ਕੁਝ ਦਿਆ ਕਰਦਾ। ਮੈਂ ਉਦੋਂ ਮਸਾਂ ਪੰਜ ਛੇ ਸਾਲ ਦਾ ਸਾਂ ਪਰ ਮੇਰੇ ਮਨ ਉੱਪਰ ਕਾਮਿਆਂ ਦੇ ਸੰਘਰਸ਼ ਅਤੇ ਲੋਕਾਂ ਦੀ ਮਿਲਵਰਤਨ ਦਾ ਗਹਿਰਾ ਅਸਰ ਹੋਇਆ। ਇਸ ਦਾ ਮਤਲਬ ਇਹ ਕਿ ਛੋਟੀ ਉਮਰ ਵਿੱਚ ਹੀ ਮੈਂ ਸਿਆਸਤ ਵਿੱਚ ਸਰਗਰਮ ਹੋਣਾ ਸੀ।''
ਆਪਾਂ 1937 ਦੀਆਂ ਚੋਣਾ ਵੱਲ ਪਰਤੀਏ। ਪੀਲ਼ੇ ਡੱਬੇ ਨੂੰ ਵੋਟ ਦੇਣ ਦਾ ਕੀ ਮਤਲਬ ਸੀ?
ਉਹ ਦੱਸਦਾ ਹੈ, “ਮਦਰਾਸ ਵਿੱਚ ਦੋ ਮੁੱਖ ਪਾਰਟੀਆਂ ਹੋਇਆ ਕਰਦੀਆਂ ਸਨ, ਕਾਂਗਰਸ ਅਤੇ ਇਨਸਾਫ਼ ਪਾਰਟੀ। ਚੋਣ ਨਿਸ਼ਾਨ ਦੀ ਥਾਂ ਪਾਰਟੀ ਦੀ ਨਿਸ਼ਾਨੀ ਡੱਬੇ ਦਾ ਰੰਗ ਹੋਇਆ ਕਰਦੀ। ਜਿਸ ਕਾਂਗਰਸ ਪਾਰਟੀ ਦੇ ਅਸੀਂ ਹਮਾਇਤੀ ਸਾਂ, ਉਸਦਾ ਪੀਲ਼ਾ ਡੱਬਾ ਸੀ, ਇਨਸਾਫ਼ ਪਾਰਟੀ ਨੂੰ ਹਰਾ ਰੰਗ ਮਿਲਿਆ। ਇਨ੍ਹਾਂ ਰੰਗਾਂ ਤੋਂ ਪਾਰਟੀਆਂ ਦੀ ਪਛਾਣ ਹੁੰਦੀ। ਉਦੋਂ ਵੀ ਚੋਣਾਂ ਵਿੱਚ ਬੜੇ ਡਰਾਮੇ ਹੋਇਆ ਕਰਦੇ, ਰੌਣਕਾਂ ਹੁੰਦੀਆਂ।''
’ਦ ਹਿੰਦੂ ਅਖ਼ਬਾਰ ਨੇ ਲਿਖਿਆ, “ਦੇਵਦਾਸੀ ਚੋਣ ਪ੍ਰਚਾਰਕ ਥੰਜਾਵੁਰ ਕੰਮੂਕਨਾਮਲ ਦੇ ਨਾਅਰੇ ਸਨ, 'ਨਸਵਾਰ ਡੱਬਾ, ਨਸਵਾਰ ਡੱਬਾ'।'' ਉਸ ਸਮੇਂ ਨਸਵਾਰ ਦੀਆਂ ਡੱਬੀਆਂ ਪੀਲ਼ੇ ਜਾਂ ਸੁਨਹਿਰੀ ਰੰਗ ਦੀਆਂ ਹੋਇਆ ਕਰਦੀਆਂ ਸਨ। ’ਦ ਹਿੰਦੂ ਨੇ ਖ਼ੁਦ ਸੁਰਖੀ ਲਾਈ ਸੀ ਤੇ ਆਪਣੇ ਪਾਠਕਾਂ ਅੱਗੇ ਪੁਕਾਰ ਕੀਤੀ ਸੀ, “ਪੀਲ਼ੇ ਡੱਬੇ ਭਰ ਦਿਉ।”
“ਬਾਰਾਂ ਸਾਲ ਦੇ ਦੀ ਮੇਰੀ ਕਿਹੜਾ ਵੋਟ ਬਣੀ ਸੀ ਪਰ ਮੈਂ ਜਿੰਨਾ ਕਰ ਸਕਿਆ, ਪ੍ਰਚਾਰ ਕਰਦਾ ਰਿਹਾ।'' ਤਿੰਨ ਸਾਲਾਂ ਬਾਅਦ ਉਹ ਚੋਣਾਂ ਤੋਂ ਛੁੱਟ ਸਿਆਸੀ ਪ੍ਰਚਾਰ ਵਿੱਚ ਸ਼ਾਮਲ ਹੁੰਦੇ ਹਨ ਤੇ ''ਗਲ਼ ਵਿੱਚ ਢੋਲ ਪਾ ਕੇ ਉੱਚੀ-ਉੱਚੀ ਨਾਅਰੇ ਲਾਉਂਦੇ ਫਿਰਦੇ ਹੁੰਦੇ, ਚੋਣਾਂ ਹੋਣ ਜਾਂ ਨਾ ਹੋਣ।''
ਪਰ ਉਹ ਕਾਂਗਰਸ ਦਾ ਹਮਾਇਤੀ ਨਹੀਂ ਸੀ, “ਮੈਂ ਤਾਂ 15 ਸਾਲ ਦੀ ਉਮਰ ਤੋਂ ਹੀ ਕਮਿਊਨਿਸਟ ਪਾਰਟੀ ਆਫ਼ ਇੰਡੀਆ ਨਾਲ਼ ਹੁੰਦਾ ਸੀ।” ਦੋਸਤ ਉਸ ਨੂੰ ਕਾਮਰੇਡ ਆਰ.ਐੱਨ.ਕੇ. ਕਿਹਾ ਕਰਦੇ। ਪਾਰਟੀ ਦੀ ਮੈਂਬਰਸ਼ਿਪ ਲੈਣ ਵਾਸਤੇ ਕਈ ਸਾਲ ਉਡੀਕ ਕਰਨੀ ਪਈ। ਪਰ ਆਰ.ਐੱਨ.ਕੇ. ਨੇ ਆਗਾਮੀ ਕੁਝ ਦਹਾਕਿਆਂ ਬਾਅਦ ਕਮਿਊਨਿਸਟ ਲਹਿਰ ਦੀ ਬਹੁਤ ਵੱਡੀ ਹਸਤੀ ਵਜੋਂ ਉਭਰਨਾ ਸੀ। ਪੀਲ਼ੇ ਡੱਬੇ ਦੀ ਥਾਂ ਉਹ ਲਾਲ ਡੱਬੇ ਵਾਸਤੇ ਵੋਟਾਂ ਮੰਗਦਾ ਅਤੇ ਅਕਸਰ ਕਾਮਯਾਬ ਹੁੰਦਾ।
*****
“ਤੀਰੂਨੇਲਵਲੀ ਸਾਡੇ ਵਾਲ਼ੇ ਪਾਸੇ ਕੇਵਲ ਇੱਕ ਸਕੂਲ ਸੀ ਜਿਸਨੂੰ ‘ਸਕੂਲ’ ਕਹਿੰਦੇ। ਬਸ ਇਹੀ ਉਸਦਾ ਨਾਮ ਸੀ।”
ਨੱਲਾਕੰਨੂੰ ਚੇਨਈ ਵਿੱਚ ਆਪਣੇ ਦਫ਼ਤਰ ਵਿੱਚ ਬੈਠਾ ਸਾਡੇ ਨਾਲ਼ ਗੱਲਾਂ ਕਰਦਾ ਰਿਹਾ। ਉਸਦੇ ਇੱਕ ਪਾਸੇ ਪਏ ਮੇਜ਼ ਉੱਪਰ ਕੁਝ ਮੂਰਤੀਆਂ ਰੱਖੀਆਂ ਹੋਈਆਂ ਹਨ, ਲੈਨਿਨ, ਮਾਰਕਸ ਅਤੇ ਪੇਰੀਆਰ ਦੇ ਬਸਟ ਅੱਗੇ ਹਨ, ਇਨ੍ਹਾਂ ਦੇ ਪਿੱਛੇ ਅੰਬੇਡਕਰ ਦਾ ਵੱਡਾ ਸੁਨਹਿਰੀ ਬੁੱਤ, ਫਿਰ ਇਨਕਲਾਬੀ ਤਮਿਲ ਕਵੀ ਸੁਬਰਾਮਣੀਆਂ ਭਾਰਤੀ ਦਾ ਚਿੱਤਰ। ਪੇਰੀਆਰ ਦੇ ਛੋਟੇ ਬਸਟ ਪਿੱਛੋ ਇੱਕ ਹੋਰ ਚਿੱਤਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਹੈ। ਇਨ੍ਹਾਂ ਸਾਰਿਆਂ ਦੇ ਅਖੀਰ ਵਿੱਚ ਕੈਲੰਡਰ ਟੰਗਿਆ ਹੋਇਆ ਹੈ ਜਿਸ ਤੇ ਲਿਖਿਆ ਹੈ, 'ਪਾਣੀ ਦੀ ਵਰਤੋਂ ਘੱਟ ਕਰੋ।'
ਜਿਸ ਬੰਦੇ ਨਾਲ਼ ਤੀਜੀ ਵਾਰ ਗੱਲਬਾਤ ਕਰਨ ਆਏ ਹਾਂ, ਆਲ਼ਾ-ਦੁਆਲ਼ਾ ਉਸ ਦੇ ਬੌਧਿਕ ਨੈਣ ਨਕਸ਼ਾਂ ਦੇ ਇਤਿਹਾਸ ਦਾ ਪ੍ਰਤਿਬਿੰਬ ਹੈ। ਪੱਚੀ ਜੂਨ 2022 ਦਾ ਦਿਨ ਹੈ। ਉਸ ਨਾਲ਼ ਸਾਡੀ ਪਹਿਲੀ ਮੁਲਾਕਾਤ 2019 ਵਿੱਚ ਹੋਈ ਸੀ।
ਨੱਲਾਕੰਨੂੰ ਦੱਸਦਾ ਹੈ, “ਭਾਰਤੀਯਾਰ ਮੇਰੇ ਲਈ ਸਭ ਤੋਂ ਵਧੀਕ ਪ੍ਰੇਰਣਾ ਦਾ ਸਰੋਤ ਰਿਹਾ। ਉਸਦੇ ਗੀਤ ਕਵਿਤਾਵਾਂ ਉੱਪਰ ਅਕਸਰ ਪਾਬੰਦੀ ਲੱਗਦੀ ਰਹਿੰਦੀ।'' ਉਹ 'ਸੁਤੰਤਰ ਪੱਲੂ' (ਆਜ਼ਾਦੀ ਦਾ ਗੀਤ) ਵਿੱਚੋਂ ਕੁਝ ਸਤਰਾਂ ਸੁਣਾਉਂਦਾ ਹੈ, ਕਵੀ ਦਾ ਅਸਾਧਾਰਣ ਗੀਤ। ''ਮੈਨੂੰ ਲੱਗਦੈ 1909 ਵਿੱਚ ਲਿਖਿਆ ਸੀ। ਜਿਹੜੀ ਆਜ਼ਾਦੀ 1947 ਵਿੱਚ ਹਾਸਲ ਕੀਤੀ, ਉਹ ਇਸ ਤੋਂ 38 ਸਾਲ ਪਹਿਲਾਂ ਉਸਦਾ ਜਸ਼ਨ ਮਨਾਉਂਦਾ ਹੈ!''
ਅਸੀਂ
ਨੱਚਾਂਗੇ
,
ਅਸੀਂ
ਗਾਵਾਂਗੇ।
ਕਿਉਂਕਿ
ਅਸੀਂ
ਆਜ਼ਾਦੀ
ਦੀ
ਖੁਸ਼ੀ
ਹਾਸਲ
ਕਰ
ਲਈ
ਹੈ
ਬ੍ਰਾਹਮਣਾਂ
ਅੱਗੇ
ਮੱਥਾ
ਟੇਕਣ
ਦਾ
ਯੁੱਗ
ਖ਼ਤਮ
ਹੋ
ਗਿਆ
ਗੋਰਿਆਂ
ਨੂੰ
ਲਾਰਡ
ਕਹਿਣ
ਦਾ
ਯੁੱਗ
ਬੀਤ
ਗਿਆ।
ਜਿਹੜੇ
ਸਾਥੋਂ
ਭੀਖ
ਮੰਗਦੇ
ਸਨ
ਉਨ੍ਹਾਂ
ਅੱਗੇ
ਸਿਰ
ਝੁਕਾਣਾ
ਖ਼ਤਮ
ਜਿਹੜੇ
ਸਾਡਾ
ਮਜ਼ਾਕ
ਉਡਾਇਆ
ਕਰਦੇ
ਸਨ
ਉਨ੍ਹਾਂ
ਦੀ
ਸੇਵਾ
ਕਰਨੀ
ਬੰਦ
ਥਾਂ
ਥਾਂ
,
ਹਰ
ਥਾਂ
ਕੇਵਲ
ਆਜ਼ਾਦੀ
ਦਾ
ਜ਼ਿਕਰ
...
ਨੱਲਾਕੰਨੂੰ ਦੇ ਜਨਮ ਤੋਂ ਚਾਰ ਸਾਲ ਪਹਿਲਾਂ ਭਾਰਤੀ ਦਾ ਦੇਹਾਂਤ ਹੋ ਗਿਆ ਸੀ। ਗੀਤ ਇਸ ਤੋਂ ਵੀ ਪਹਿਲਾਂ ਲਿਖਿਆ ਸੀ ਪਰ ਇਸ ਗੀਤ ਨੇ ਤੇ ਇਸ ਵਰਗੇ ਹੋਰ ਗੀਤਾਂ ਨੇ ਸੰਘਰਸ਼ ਦੌਰਾਨ ਉਸਨੂੰ ਪ੍ਰੇਰਨਾ ਦਿੱਤੀ। ਬਾਰਾਂ ਸਾਲ ਦੀ ਉਮਰ ਤੋਂ ਪਹਿਲਾਂ ਆਰ.ਐਨ.ਕੇ. ਨੂੰ ਭਾਰਤੀ ਦੇ ਬਹੁਤ ਗੀਤ ਜ਼ਬਾਨੀ ਯਾਦ ਸਨ। ਅੱਜ ਵੀ ਬਹੁਤ ਸਾਰੀਆਂ ਕਵਿਤਾਵਾਂ ਯਾਦ ਹਨ। ''ਸਕੂਲ ਵਿੱਚ ਹਿੰਦੀ ਦੇ ਪੰਡਿਤ ਪੱਲਵੇਯਮ ਚੇਤੀਆਰ ਪਾਸੋਂ ਕਈ ਕਵਿਤਾਵਾਂ ਸੁਣੀਆਂ,'' ਉਹ ਕਹਿੰਦਾ ਹੈ। ਇਹ ਉਹ ਕਵਿਤਾਵਾਂ ਸਨ ਜਿਹੜੀਆਂ ਸਿਲੇਬਸ ਦੀਆਂ ਕਿਤਾਬਾਂ ਵਿੱਚ ਨਹੀਂ ਸਨ।
''ਜਦੋਂ ਐਸ.ਸੱਤਿਆਮੂਰਤੀ ਸਕੂਲ ਵਿੱਚ ਆਏ, ਮੈਂ ਉਨ੍ਹਾਂ ਪਾਸੋਂ ਭਾਰਤੀਆਰ ਦੀ ਕਿਤਾਬ ਲਈ। ਇਹ ਉਸਦੀਆਂ ਕਵਿਤਾਵਾਂ ਦਾ ਸੰਗ੍ਰਹਿ ਸੀ, ਤੇਸੀਆ ਗੀਤਮ।'' ਸੱਤਿਆਮੂਰਤੀ ਆਜ਼ਾਦੀ ਸੰਗਰਾਮੀਆਂ, ਸਿਆਸਤਦਾਨ ਅਤੇ ਕਲਾਵਾਂ ਦਾ ਸਰਪ੍ਰਸਤ ਸੀ। ਭਾਰਤੀ ਉਨ੍ਹਾਂ ਪਹਿਲੇ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 1917 ਦੇ ਰੂਸੀ ਅਕਤੂਬਰ ਇਨਕਲਾਬ ਦਾ ਸਵਾਗਤ ਕੀਤਾ ਤੇ ਇਸਦੀ ਉਪਮਾ ਦੇ ਗੀਤੇ ਲਿਖੇ।
ਚੰਗਾ ਰਹੇ ਜੇ ਭਾਰਤੀ ਦੇ ਪ੍ਰੇਮ ਰਾਹੀਂ ਅਸੀਂ ਨੱਲਾਕੰਨੂੰ ਨੂੰ ਜਾਣੀਏ। ਭਾਰਤੀ ਉਸ ਵਾਸਤੇ ਕਿਸਾਨਾਂ ਕਾਮਿਆਂ ਨੂੰ ਦੇਖਣ ਵਾਲ਼ਾ ਪ੍ਰਿਜ਼ਮ ਸੀ ਜਿਨ੍ਹਾਂ ਕਾਮਿਆਂ ਵਾਸਤੇ ਉਹ ਅੱਠ ਦਹਾਕੇ ਸੰਘਰਸ਼ ਵਿੱਚ ਸਰਗਰਮ ਰਿਹਾ।
ਕਿਸੇ ਹੋਰ ਤਰੀਕੇ ਕਾਮਰੇਡ ਆਰ.ਐਨ.ਕੇ. ਦੀ ਕਹਾਣੀ ਸੁਣਾਉਣੀ ਮੁਸ਼ਕਿਲ ਹੈ। ਆਪਣੀ ਖ਼ੁਦੀ ਨੂੰ ਮਿਟਾਉਣ ਵਾਲੀ ਇਹੋ ਜਿਹੀ ਰੂਹ ਮੈਂ ਹੋਰ ਨਹੀਂ ਕਿਤੇ ਦੇਖੀ। ਜਿਨ੍ਹਾਂ ਵੱਡੀਆਂ ਘਟਨਾਵਾਂ, ਹੜਤਾਲਾਂ ਅਤੇ ਸੰਘਰਸ਼ਾਂ ਦਾ ਸਾਡੇ ਕੋਲ ਜ਼ਿਕਰ ਕਰਦਾ ਹੈ, ਕਿਸੇ ਥਾਂ ਆਪਣੇ ਆਪ ਨੂੰ ਕੇਂਦਰ ਵਿੱਚ ਨਹੀਂ ਲਿਆਉਂਦਾ ਬੇਸ਼ੱਕ ਸਾਨੂੰ ਪਤਾ ਹੈ ਉਸਦੀ ਭੂਮਿਕਾ ਨਿਰਣਾਇਕ ਅਤੇ ਕੇਂਦਰੀ ਹੋਇਆ ਕਰਦੀ, ਪਰ ਉਸਦੇ ਮੂੰਹੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੁਣੋਗੇ।
ਜੀ. ਰਾਮਾਕ੍ਰਿਸ਼ਨਨ ਦੱਸਦਾ ਹੈ, ''ਰਾਜ ਵਿੱਚ ਕਾਮਰੇਡ ਆਰ.ਐੱਨ.ਕੇ. ਕਿਸਾਨੀ ਲਹਿਰਾਂ ਦਾ ਮੋਢੀ ਲੀਡਰ ਹੋਇਆ ਕਰਦਾ ਸੀ।'' 'ਜੀ.ਆਰ.' ਸੀ.ਪੀ.ਆਈ (ਐਮ) ਦੀ ਸਟੇਟ ਕਮੇਟੀ ਦਾ ਮੈਂਬਰ, ਉਸਦੀ ਦੇਣ ਅਤੇ ਭੂਮਿਕਾ ਨੂੰ ਨਿਸੰਗ ਪ੍ਰਣਾਮ ਕਰਦਾ ਹੈ। ਮੁੱਛਫੁੱਟ ਗੱਭਰੂ ਦੀ ਉਮਰ ਤੋਂ ਲੈ ਕੇ 97 ਸਾਲ ਦੀ ਉਮਰ ਤੱਕ, ਸਿਰੀਨਿਵਾਸ ਰਾਉ ਅਤੇ ਉਹ ਹੈ ਜਿਸਨੇ ਰਾਜਪੱਧਰ ਤੱਕ ਕਿਸਾਨ ਸਭਾ ਦਾ ਆਧਾਰ ਤਿਆਰ ਕੀਤਾ। ਇਹ ਹਸਤੀਆਂ ਅੱਜ ਵੀ ਖੱਬੇ ਪੱਖੀ ਧਿਰਾਂ ਦੇ ਸਰੋਤ ਅਤੇ ਸ਼ਕਤੀ ਹਨ। ਨੱਲਾਕੰਨੂੰ ਦੀ ਅਣਥੱਕ ਮਿਹਨਤ, ਸੰਘਰਸ਼ ਨੇ ਤਮਿਲਨਾਡੂ ਵਿੱਚ ਇਨਕਲਾਬੀ ਮਾਹੌਲ ਸਿਰਜਿਆ।
ਨੱਲਾਕੰਨੂ ਦੇ ਬੇਜੋੜ ਸੰਘਰਸ਼ ਸਦਕਾ ਕਿਸਾਨੀ ਜੰਗਾਂ ਅੰਗਰੇਜ਼-ਵਿਰੋਧੀ ਲਹਿਰ ਵਿੱਚ ਘੁਲ਼ਮਿਲ਼ ਗਈਆਂ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਉਸ ਵੇਲ਼ੇ ਦੇ ਤਮਿਲਨਾਡੂ ਵਿੱਚ ਇਹ ਸੰਘਰਸ਼ ਜਗੀਰਦਾਰੀ ਵਿਰੁੱਧ ਵੀ ਸੀ। ਇਹ ਦੋਵੇਂ ਲਹਿਰਾਂ 1947 ਤੋਂ ਬਾਅਦ ਵੀ ਸ਼ਕਤੀਸ਼ਾਲੀ ਰਹੀਆਂ। ਉਸਦੀ ਜੰਗ ਕਈ ਭੁੱਲੀਆਂ ਵਿਸਰੀਆਂ ਜੰਗਾਂ ਦਾ ਸੁਮੇਲ ਸੀ ਅਤੇ ਹੈ। ਕੇਵਲ ਅੰਗਰੇਜ਼ਾਂ ਪਾਸੋਂ ਆਜ਼ਾਦੀ ਨਹੀਂ, ਕਈ ਪਾਸਿਉਂ।
''ਉਨ੍ਹਾਂ ਵਿਰੁੱਧ ਅਸੀਂ ਰਾਤ ਨੂੰ ਵੀ ਲੜਦੇ, ਪੱਥਰ ਮਾਰਦੇ, ਸਾਡੇ ਕੋਲ ਬਸ ਇਹੀ ਹਥਿਆਰ ਸਨ, ਉਨ੍ਹਾਂ ਨੂੰ ਖਦੇੜ ਦਿੰਦੇ, ਪਿੱਛੇ ਕਰਦੇ। ਕਦੀ ਕਦੀ ਘਮਸਾਣ ਦੀਆਂ ਲੜਾਈਆਂ ਹੁੰਦੀਆਂ। ਸਾਲ 1940 ਵਿੱਚ ਅੰਦੋਲਨਾਂ ਦੌਰਾਨ ਕਈ ਵਾਰ ਅਜਿਹਾ ਹੋਇਆ। ਅਸੀਂ ਅਜੇ ਛੋਕਰੇ ਸਾਂ ਪਰ ਲੜੇ। ਆਪਣੀ ਕਿਸਮ ਦੇ ਹਥਿਆਰਾਂ ਨਾਲ਼ ਦਿਨ ਰਾਤ ਲੜੇ!''
ਕਿਸ ਵਿਰੁੱਧ ਲੜੇ? ਕਿਸਨੂੰ ਕਿੱਥੋਂ ਖਦੇੜਿਆ ਤੇ ਕਿੱਧਰ ਨੂੰ?
''ਮੇਰੇ ਪਿੰਡ ਦੁਆਲ਼ੇ ਨਮਕ-ਕੁੰਡ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸਨ। ਮਜ਼ਦੂਰਾਂ ਦੀ ਅਤਿ ਦੁਰਦਸ਼ਾ ਸੀ। ਉਹੋ ਜਿਹੀ ਜਿਹੋ ਜਿਹੀ ਫੈਕਟਰੀ ਮਜ਼ਦੂਰਾਂ ਦੀ ਜਿੱਥੇ ਅਸੀਂ ਦਹਾਕੇ ਪਹਿਲਾਂ ਸੰਘਰਸ਼ ਕੀਤੇ। ਪ੍ਰਦਰਸ਼ਨ ਹੁੰਦੇ, ਲੋਕਾਂ ਤੇ ਬੇਅੰਤ ਹਮਦਰਦੀ ਤੋਂ ਮਦਦ ਮਿਲਦੀ।
''ਪੁਲਿਸ ਇਸ ਤਰ੍ਹਾਂ ਦੀ ਹੁੰਦੀ ਜਿਵੇਂ ਨਮਕ ਝੀਲਾਂ ਦੇ ਮਾਲਕਾਂ ਦੀ ਏਜੰਟ ਹੋਵੇ। ਇੱਕ ਮੁੱਠਭੇੜ ਵਿੱਚ ਸਬ-ਇੰਸਪੈਕਟਰ ਮਾਰਿਆ ਗਿਆ। ਸਗੋਂ ਉਥੇ ਜਿਹੜਾ ਥਾਣਾ ਪੈਂਦਾ ਸੀ ਉਸ ਉਪਰ ਵੀ ਹਮਲਾ ਹੋਇਆ। ਫਿਰ ਉਨ੍ਹਾਂ ਨੇ ਗਸ਼ਤ ਕਰਨ ਵਾਲੀ ਟੁਕੜੀ ਬਣਾ ਲਈ। ਦਿਨ ਵਿੱਚ ਉਹ ਝੀਲਾਂ ਦੀ ਰਾਖੀ ਕਰਦੇ ਤੇ ਰਾਤੀਂ ਸਾਡੇ ਪਿੰਡ ਨੇੜੇ ਆ ਜਾਂਦੇ। ਇਹ ਸੀ ਉਹ ਸਮਾਂ ਜਦੋਂ ਸਾਡੀ ਟੱਕਰ ਹੋ ਜਾਂਦੀ। ਕਈ ਸਾਲ ਇਹ ਸੰਘਰਸ਼ ਅਤੇ ਟੱਕਰਾਂ ਹੁੰਦੀਆਂ ਰਹੀਆਂ। ਪਰ 1942 ਦੇ ਆਸ ਪਾਸ ਭਾਰਤ ਛੱਡੋ ਅੰਦੋਲਨ ਵਕਤ ਇਹ ਟਕਰਾਉ ਬਹੁਤ ਵਧ ਗਿਆ।''
ਕੱਚੀ ਉਮਰ ਦਾ ਨੱਲਾਕੰਨੂੰ ਇਸ ਖੱਪਖ਼ਾਨੇ ਵਿੱਚ ਪਵੇ, ਪਿਤਾ ਰਾਮਾਸਵਾਮੀ ਥੇਵਰ ਨੂੰ ਬੁਰਾ ਲੱਗਾ। ਥੇਵਰ ਚਾਰ ਪੰਜ ਏਕੜ ਜ਼ਮੀਨ ਦਾ ਮਾਲਕ ਕਿਸਾਨ ਸੀ ਜਿਸਦੇ ਛੇ ਬੱਚੇ ਸਨ। ਛੋਟੇ ਆਰ.ਐੱਨ.ਕੇ. ਨੂੰ ਘਰ ਵਿੱਚ ਵਿੱਚ ਅਕਸਰ ਕੁੱਟ ਪੈਂਦੀ। ਕਦੀ ਕਦੀ ਪਿਤਾ ਸਕੂਲ ਵਾਸਤੇ ਫ਼ੀਸ ਨਾ ਦਿੰਦਾ।
''ਲੋਕ ਉਸ ਨੂੰ ਦੱਸਦੇ ਤੇਰਾ ਮੁੰਡਾ ਪੜ੍ਹਨੋਂ ਹਟ ਗਿਐ? ਸਾਰਾ ਦਿਨ ਬਾਹਰ ਨਾਅਰੇ ਲਾਉਂਦਾ ਫਿਰੀ ਜਾਂਦੈ। ਇਉਂ ਲਗਦੈ ਜਿਵੇਂ ਹੱਥਾਂ ਵਿੱਚੋਂ ਨਿਕਲ ਗਿਆ ਹੋਵੇ, ਜਿਵੇਂ ਕਾਂਗਰਸੀਆਂ ਹੋ ਗਿਆ ਹੋਵੇ।'' ਹਰ ਮਹੀਨੇ ਦੀ 14 ਤੋਂ 24 ਤਰੀਕ ਤੱਕ ਸਕੂਲ ਫੀਸ ਭਰਨੀ ਹੁੰਦੀ ਸੀ। ''ਜੇ ਮੈਂ ਪਿਤਾ ਕੋਲੋਂ ਫੀਸ ਮੰਗਦਾ, ਉਹ ਗੱਜਦਾ: 'ਪੜ੍ਹਨਾ-ਪੁੜ੍ਹਨਾ ਛੱਡ। ਚਾਚਿਆਂ ਨਾਲ਼ ਖੇਤੀ ਦਾ ਕੰਮ ਕਰ'।''
“ਸਮਾਂ ਲੰਘਦਾ। ਕੋਈ ਜਣਾ ਜਿਹੜਾ ਮੇਰੇ ਪਿਤਾ ਦੇ ਰਤਾ ਨਜ਼ਦੀਕ ਹੁੰਦਾ, ਉਸਨੂੰ ਠੰਢਾ ਕਰਦਾ। ਕਹਿ ਦਿੰਦੇ ਅਸੀਂ ਮੁੰਡੇ ਨੂੰ ਸਮਝਾ ਬੁਝਾ ਕੇ ਰਸਤੇ ’ਤੇ ਲੈ ਆਵਾਂਗੇ। ਮੈਨੂੰ ਝਾੜ ਝੰਬ ਕਰ ਦਿੰਦੇ। ਤਾਂ ਕਿਤੇ ਪਿਤਾ ਫੀਸ ਦਿੰਦਾ।”
ਪਰ, ''ਜਿਉਂ ਜਿਉਂ ਪਿਤਾ ਮੇਰੇ ਢੰਗ ਤਰੀਕਿਆਂ ਨੂੰ ਨਫ਼ਰਤ ਕਰਦਾ, ਤਿਵੇਂ ਤਿਵੇਂ ਮੇਰੇ ਅੰਦਰ ਬਗ਼ਾਵਤ ਵਧਦੀ ਜਾਂਦੀ। ਹਿੰਦੂ ਕਾਲਜ ਮਦੁਰਾਇ ਤੋਂ ਮੈਂ ਤਮਿਲ ਵਿੱਚ ਬਾਰ੍ਹਵੀਂ ਪਾਸ ਕਰ ਲਈ। ਇਹ ਹੈ ਤਾਂ ਤੀਰੂਲਨੇਲਵਲੀ ਜੰਕਸ਼ਨ ਤੇ ਪਰ ਕਹਿੰਦੇ ਇਸਨੂੰ ਹਿੰਦੂ ਕਾਲਜ ਮਦੁਰਾਇ। ਇੱਥੇ ਮੈਂ ਬਸ ਦੋ ਸਾਲ ਪੜ੍ਹਿਆ, ਹੋਰ ਨਹੀਂ।”
ਉਹ ਅੰਦੋਲਨਾਂ ਵਿੱਚ ਸ਼ਾਮਲ ਹੁੰਦਾ ਰਹਿੰਦਾ। ਬੇਸ਼ੱਕ ਕੋਈ ਪ੍ਰਦਰਸ਼ਨ ਆਪ ਵਿਉਂਤੇ ਤੇ ਸਿਰੇ ਚਾੜ੍ਹੇ ਪਰ ਨਿਮਰ ਏਨਾ ਕਿ ਮੰਨਦਾ ਨਹੀਂ ਉਹੀ ਲੀਡਰ ਸੀ। ਆਰ.ਐਨ.ਕੇ. ਤੇਜ਼ੀ ਨਾਲ਼ ਇੱਕ ਨੇਤਾ ਵਜੋਂ ਪ੍ਰਗਟ ਹੋਣ ਲੱਗਾ ਪਰ ਖ਼ੁਦ ਕਦੀ ਮਾਣ ਨਹੀਂ ਕੀਤਾ, ਕਰੈਡਿਟ ਨਹੀਂ ਲਿਆ, ਕੋਈ ਰੁਤਬਾ ਨਹੀਂ ਮੰਗਿਆ।
ਜਿਨ੍ਹਾਂ ਲਹਿਰਾਂ ਅੰਦੋਲਨਾਂ ਵਿੱਚ ਉਸਨੇ ਭਾਗ ਲਿਆ, ਉਨ੍ਹਾਂ ਨੂੰ ਕ੍ਰਮਵਾਰ ਇਤਿਹਾਸਕ ਤੌਰ ’ਤੇ ਲਿਖਣਾ ਔਖਾ ਕੰਮ ਹੈ। ਉਨ੍ਹਾਂ ਦੀ ਕਿਹੜਾ ਥੋੜ੍ਹੀ ਗਿਣਤੀ ਸੀ? ਫਰੰਟ ਵੀ ਅਨੇਕ ਸਨ।
ਉਹ ਆਪ ਮਹੱਤਵਪੂਰਨ ਲਹਿਰਾਂ ਨੂੰ ਸੰਖੇਪ ਵਿੱਚ ਦੱਸਦਾ ਹੈ: ''ਸਭ ਭਾਰਤ ਛੱਡੋ ਅੰਦੋਲਨ ਦੁਆਲ਼ੇ ਘੁੰਮਦੀਆਂ ਸਨ।'' ਅਜੇ 17 ਸਾਲਾਂ ਦਾ ਨਹੀਂ ਸੀ ਹੋਇਆ ਕਿ ਅੰਦੋਲਨ ਦਾ ਕੇਂਦਰ ਬਿੰਦੂ ਬਣ ਜਾਂਦਾ। ਬਾਰਾਂ ਤੋਂ ਪੰਦਰਾਂ ਸਾਲ ਦੀ ਉਮਰ ਦੌਰਾਨ ਉਹ ਕਾਂਗਰਸ ਵੱਲੋਂ ਸਰਕ ਕੇ ਕਮਿਊਨਿਜ਼ਮ ਵੱਲ ਆ ਗਿਆ।
ਅੰਦੋਲਨ ਸਿਰੇ ਚਾੜ੍ਹਨ ਲਈ ਉਹ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰਦਾ?
ਦੱਸਦਾ ਹੈ,''ਸ਼ੁਰੂ ਵਿੱਚ ਸਾਡੇ ਕੋਲ ਟੀਨ ਦੇ ਬਣਾਏ ਹੋਏ ਲਾਊਡਸਪੀਕਰ ਹੋਇਆ ਕਰਦੇ। ਜਿੰਨੇ ਕੁ ਮੇਜ਼ ਕੁਰਸੀਆਂ ਲੱਭਦੇ, ਡਾਹ ਲੈਂਦੇ ਤੇ ਪਿੰਡ ਜਾਂ ਕਸਬੇ ਵਿੱਚ ਗਾਉਣ ਲੱਗ ਜਾਂਦੇ। ਮੇਜ਼, ਬੁਲਾਰੇ ਦੇ ਖੜ੍ਹ ਕੇ, ਉੱਪਰ ਚੜ੍ਹਕੇ ਭਾਸ਼ਣ ਦੇਣ ਵਾਸਤੇ ਹੁੰਦਾ ਸੀ। ਧਿਆਨ ਦਿਉ, ਭੀੜਾਂ ਜੁੜ ਜਾਂਦੀਆਂ।'' ਲੋਕਾਂ ਨੂੰ ਇਕੱਠੇ ਕਰਨ ਵਿੱਚ ਉਸਦੀ ਕੀ ਭੂਮਿਕਾ ਹੁੰਦੀ, ਇਹ ਨਹੀਂ ਦਸਦਾ। ਸਾਰੇ ਜਣੇ ਉਸ ਵਰਗੇ ਪੈਦਲ ਸਿਪਾਹੀ ਹੀ ਹੋਇਆ ਕਰਦੇ ਸਨ ਜਿਹੜੇ ਦਿੱਤੀ ਜ਼ਿੰਮੇਵਾਰੀ ਨਿਭਾਉਂਦੇ।
''ਜੀਵਨ ਨੰਦਨ ਵਰਗੇ ਬੁਲਾਰੇ ਮੇਜ਼ ’ਤੇ ਚੜ੍ਹਕੇ ਵੱਡੀ ਭੀੜ ਸਾਹਮਣੇ ਭਾਸ਼ਣ ਦਿੰਦੇ। ਮਾਈਕ ਨਹੀਂ ਹੁੰਦਾ ਸੀ। ਲੋੜ ਹੀ ਨਹੀਂ ਸੀ।
''ਸਮਾਂ ਬੀਤਣ ਨਾਲ਼ ਸਾਡੇ ਕੋਲ ਵਧੀਆ ਮਾਈਕ ਅਤੇ ਲਾਊਡ ਸਪੀਕਰ ਆ ਗਏ। ਮੈਨੂੰ ਯਾਦ ਹੈ ਸਭ ਤੋਂ ਵਧੀਆ ਸ਼ਿਕਾਗੋ ਮਾਈਕ ਹੋਇਆ ਕਰਦੇ ਜਾਂ ਕਹਿ ਲਵੋ ਸ਼ਿਕਾਗੋ ਰੇਡੀਓ ਸਿਸਟਮ। ਮਹਿੰਗੇ ਹੋਣ ਕਰਕੇ ਕਈ ਵਾਰ ਇਸੇ ਤਰ੍ਹਾਂ ਸਾਰ ਲੈਂਦੇ।''
ਜਦੋਂ ਪੁਲਿਸ ਛਾਪਾਮਾਰੀ ਕਰਦੀ ਉਦੋਂ ਸੰਪਰਕ ਸਾਧਨ ਕੀ ਹੁੰਦੇ ਸਨ?
“ਬੜੀ ਵਾਰ ਅਜਿਹੀ ਨੌਬਤ ਆਈ, ਜਿਵੇਂ 1946 ਦੀ ਇੰਡੀਅਨ ਨੇਵੀ ਵਿੱਚ ਬਗ਼ਾਵਤ। ਕਾਮਰੇਡਾਂ ਉੱਪਰ ਤਾਂ ਪੁਲਿਸ ਟੁੱਟ ਕੇ ਪੈ ਗਈ। ਛਾਪਾਮਾਰੀ ਪਹਿਲਾਂ ਵੀ ਹੁੰਦੀ ਰਹੀ ਸੀ। ਪਿੰਡਾਂ ਵਿਚਲੇ ਦਫ਼ਤਰਾਂ ਦੀ ਤਲਾਸ਼ੀ ਹੁੰਦੀ। ਇਹ ਕੁਝ ਆਜ਼ਾਦੀ ਤੋਂ ਬਾਅਦ ਵੀ ਹੁੰਦਾ ਰਿਹਾ ਜਦੋਂ ਪਾਰਟੀ ਤੇ ਪਾਬੰਦੀ ਲੱਗ ਗਈ ਸੀ। ਸਾਡੇ ਆਪਣੇ ਅਖ਼ਬਾਰ ਰਿਸਾਲੇ ਸਨ, ਜਿਵੇਂ ਜਨਸ਼ਕਤੀ ਪਰ ਸੰਚਾਰ ਦੇ ਹੋਰ ਸਾਧਨ ਵੀ ਸਨ। ਕਈ ਤਾਂ ਸਦੀਆਂ ਪੁਰਾਣੇ ਢੰਗ ਤਰੀਕੇ ਸਨ।
''ਕੱਟਾਬੋਮਨ (18ਵੀਂ ਸਦੀ ਦਾ ਲੋਕ ਨਾਇਕ, ਬਾਗ਼ੀ, ਅੰਗਰੇਜ਼ ਵਿਰੋਧੀ ਨਾਇਕ) ਤੋਂ ਲੈ ਕੇ ਹੁਣ ਤੱਕ ਲੋਕ ਘਰ ਦੇ ਬੂਹੇ ਤੇ ਨਿੰਮ ਦੀਆਂ ਟਾਹਣੀਆਂ ਲਟਕਾ ਦਿੰਦੇ। ਇਹ ਸੰਕੇਤ ਹੁੰਦਾ ਸੀ ਕਿ ਅੰਦਰ ਕੋਈ ਬਿਮਾਰ ਹੈ, ਜਿਵੇਂ ਕਿ ਚੇਚਕ ਆਦਿ ਦਾ ਰੋਗੀ। ਅੰਦਰ ਨਾ ਆਉ। ਇਹ ਗੱਲ ਦਾ ਵੀ ਸੰਕੇਤ ਹੁੰਦਾ ਕਿ ਅੰਦਰ ਮੀਟਿੰਗ ਚੱਲ ਰਹੀ ਹੈ।
''ਜੇ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਹੈ ਤਾਂ ਉਸਦਾ ਮਤਲਬ ਮੀਟਿੰਗ ਅਜੇ ਚੱਲ ਰਹੀ ਹੈ। ਦਰਵਾਜ਼ੇ ’ਤੇ ਗੋਹਾ ਪਿਆ ਹੋਣਾ ਵੀ ਇਹੋ ਸੰਕੇਤ ਹੁੰਦਾ। ਸੁੱਕੀਆਂ ਪਾਥੀਆਂ ਦਾ ਮਤਲਬ ਹੁੰਦਾ ਕਿ ਖ਼ਤਰਾ ਹੈ, ਚਲੇ ਜਾਉ। ਜਾਂ ਫਿਰ ਇਹ ਕਿ ਮੀਟਿੰਗ ਖ਼ਤਮ ਹੋ ਗਈ ਹੈ।
ਆਜ਼ਾਦੀ ਸੰਗਰਾਮ ਦੌਰਾਨ ਆਰ.ਐਨ.ਕੇ. ਦਾ ਸਭ ਤੋਂ ਵੱਡਾ ਪ੍ਰੇਰਨਾ ਸ੍ਰੋਤ ਕੌਣ ਰਿਹਾ?
'ਕਮਿਊਨਿਸਟ ਪਾਰਟੀ ਸਾਡਾ ਸਭ ਤੋਂ ਵੱਡਾ ਪ੍ਰੇਰਨਾ ਸ੍ਰੋਤ ਸੀ।'
*****
ਆਰ.ਐਨ.ਕੇ. ਹੱਸਦਿਆਂ ਪੁੱਛਦਾ ਹੈ, 'ਗ੍ਰਿਫਤਾਰੀ ਬਾਅਦ ਮੈਂ ਮੁੱਛਾਂ ਕਿਉਂ ਮੁਨਵਾ ਦਿੱਤੀਆਂ? ਕਦੀ ਨਹੀਂ ਮੁਨਵਾਈਆਂ। ਬੇਪਛਾਣ ਹੋਣ ਵਾਸਤੇ ਕਦੇ ਰੱਖੀਆਂ ਵੀ ਨਹੀਂ। ਇਹ ਗੱਲ ਹੁੰਦੀ, ਇੱਕ ਮੁੱਛ ਕਿਉਂ ਰੱਖਦਾ?
'ਪੁਲਿਸ ਨੇ ਸਿਗਰਟ ਨਾਲ਼ ਮੁੱਛ ਸਾੜੀ ਸੀ। ਇੰਸਪੈਕਟਰ ਕ੍ਰਿਸ਼ਨਾਮੂਰਤੀ ਮਦਰਾਸ ਸ਼ਹਿਰ ਦਾ ਸੀ। ਉਹ ਸਵੇਰੇ 2 ਵਜੇ ਮੇਰੇ ਹੱਥ ਬੰਨ੍ਹ ਦਿਆ ਕਰਦਾ ਤੇ ਅਗਲੇ ਦਿਨ 10 ਵਜੇ ਸਵੇਰੇ ਖੋਲ੍ਹਦਾ। ਆਪਣੇ ਬੈਂਤ ਨਾਲ਼ ਮੈਨੂੰ ਦੇਰ ਤੱਕ ਮੈਨੂੰ ਕੁੱਟਦਾ ਰਹਿੰਦਾ।'
ਬਿਨਾਂ ਕਿਸੇ ਨਿੱਜੀ ਛੋਹ ਦੇਣ ਦੇ, ਉਹ ਆਪਣੀ ਗੱਲ ਸੁਣਾਈ ਜਾਂਦਾ ਹੈ। ਕੋਈ ਨਿੱਜੀ ਮਲਾਲ ਨਹੀਂ, ਤਸੀਹੇ ਦੇਣ ਦਾ ਕੋਈ ਗਿਲਾ ਨਹੀਂ। ਪਿੱਛੋਂ ਜਾ ਕੇ ਹਿਸਾਬ ਕਿਤਾਬ ਬਰਾਬਰ ਕਰਨ ਵਾਸਤੇ ਪੁਲਿਸ ਇੰਸਪੈਕਟਰ ਵੱਲ ਧਿਆਨ ਨਹੀਂ ਦਿੱਤਾ। ਕਦੀ ਇੱਕ ਵਾਰ ਵੀ ਬਦਲਾਖੋਰੀ ਦੀ ਭਾਵਨਾ ਨਹੀਂ ਜਾਗੀ।
'ਦੇਸ਼ ਆਜ਼ਾਦ ਹੋ ਗਿਆ, ਉਸ ਤੋਂ ਬਾਅਦ 1948 ਵਿੱਚ ਬਹੁਤ ਸਾਰੇ ਪ੍ਰਾਂਤਾਂ ਵਿੱਚ ਪਾਰਟੀ ਉੱਪਰ ਪਾਬੰਦੀ ਲੱਗ ਗਈ, ਮਦਰਾਸ ਵਿੱਚ ਵੀ, ਤੇ 1951 ਤੱਕ ਲੱਗੀ ਰਹੀ।
'ਤੁਹਾਨੂੰ ਪਤਾ ਹੋਵੇ ਕਿ ਜਗੀਰਦਾਰੀ ਪ੍ਰਥਾ ਵਿਰੁੱਧ ਵੀ ਅਜੇ ਲੜਾਈਆਂ ਲੜਨੀਆਂ ਸਨ। ਇਸ ਵਾਸਤੇ ਕੀਮਤ ਚੁਕਾਉਣੀ ਪਈ। ਇਹ ਲੜਾਈਆਂ 1947 ਤੋਂ ਪਹਿਲਾਂ ਸ਼ੁਰੂ ਹੋਈਆਂ ਤੇ ਆਜ਼ਾਦੀ ਪਿੱਛੋਂ ਵੀ ਜਾਰੀ ਰਹੀਆਂ।
'ਆਜ਼ਾਦੀ ਦੀ ਲਹਿਰ, ਸਮਾਜ ਸੁਧਾਰ, ਜਾਗੀਰਦਾਰੀ ਪ੍ਰਥਾ ਵਿਰੁੱਧ, ਅਸੀਂ ਸਾਰੇ ਮਸਲੇ ਇਕੱਠੇ ਕਰ ਲਏ। ਇਸੇ ਤਰ੍ਹਾਂ ਦਾ ਕੰਮ ਸੀ ਸਾਡਾ।
ਅਸੀਂ ਵੱਧ ਅਤੇ ਬਰਾਬਰ ਤਨਖ਼ਾਹਾਂ ਵਾਸਤੇ ਲੜੇ। ਛੂਤ-ਛਾਤ ਵਿਰੁੱਧ ਲੜੇ। ਸ਼ੂਦਰਾਂ ਨੂੰ ਮੰਦਰਾਂ ਵਿੱਚ ਜਾਣ ਦੀ ਆਗਿਆ ਦਿਵਾਉਣ ਲਈ ਲੜੇ।
'ਤਮਿਲਨਾਡੂ ਵਿੱਚ ਜਾਗੀਰਦਾਰੀ ਪ੍ਰਥਾ ਦੇ ਖ਼ਾਤਮੇ ਲਈ ਵੱਡੀ ਮੁਹਿਮ ਚਲਾਈ। ਸਟੇਟ ਵਿੱਚ ਬਹੁਤ ਤਕੜੀਆਂ ਜ਼ਿਮੀਂਦਾਰੀਆਂ ਸਨ। ਅਸੀਂ ਮੀਰਾਸਦਾਰੀ ਵਿਰੁੱਧ ਲੜੇ। ਮੀਰਾਸਦਾਰੀ ਜੱਦੀ ਜਾਇਦਾਦ ਨੂੰ ਆਖਦੇ ਹਨ। ਇਨਾਮਦਾਰੀ ਵਿਰੁੱਧ ਲੜੇ। ਈਨਾਮਦਾਰੀ ਉਸ ਜਾਇਦਾਦ ਨੂੰ ਆਖਦੇ ਹਨ ਜਿਹੜੀ ਸਰਕਾਰ ਕਿਸੇ ਨੂੰ ਖ਼ੁਸ਼ ਹੋ ਕੇ ਇਨਾਮ ਵਜੋਂ ਦੇ ਦੇਵੇ। ਇਨ੍ਹਾਂ ਜੰਗਾਂ ਦੇ ਸਿਪਾਹਸਾਲਾਰ ਕਮਿਊਨਿਸਟ ਹੋਇਆ ਕਰਦੇ ਸਨ। ਵੱਡੇ ਜ਼ਿਮੀਂਦਾਰਾਂ ਕੋਲ ਗੁੰਡੇ, ਬਦਮਾਸ਼ ਹੋਇਆ ਕਰਦੇ, ਉਨ੍ਹਾਂ ਨਾਲ਼ ਸਿੱਝਣਾ ਪੈਂਦਾ।
'ਪੁੰਨੀਊਰ, ਸਾਂਬਾਸਿਵਾ ਅੱਯਰ, ਨੇਡੂਮਾਨਮ ਸਾਮੀਆਪਾ ਮੁਦਲਿਆਰ, ਪੂੰਡੀ ਵੰਡੀਅਰ ਵਰਗੇ ਸਾਮੰਤ ਸਨ ਜਿਨ੍ਹਾਂ ਦੇ ਕਬਜ਼ੇ ਵਿੱਚ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਸੀ।'
ਅਸੀਂ ਇਤਿਹਾਸ ਦਾ ਸ਼ਾਨਦਾਰ ਅਧਿਆਇ ਸੁਣ ਰਹੇ ਹਾਂ। ਉਸ ਮਨੁੱਖ ਦੇ ਮੂੰਹੋਂ ਜਿਸਨੇ ਉਹ ਇਤਿਹਾਸ ਸਿਰਜਿਆ।
'ਅਜ਼ਾਦੀ, ਸਮਾਜ-ਸੁਧਾਰ, ਜਗੀਰੂ ਵਿਰੋਧੀ ਸੰਘਰਸ਼ - ਅਸਾਂ ਇਹ ਮੁੱਦੇ ਇਕੱਠੇ ਕੀਤੇ ਤੇ ਢੁਕਵੀਂ ਤੇ ਬਰਾਬਰ ਉਜਰਤ ਦੀ ਲੜਾਈ ਲੜੀ, ਅਸਾਂ ਛੂਆ-ਛਾਤ ਦੇ ਖਾਤਮੇ ਲਈ ਲੜੇ। ਅਸਾਂ ਮੰਦਰ ਪ੍ਰਵੇਸ਼ ਨਾਲ਼ ਜੁੜੇ ਅੰਦੋਲਨ ਵੀ ਲੜੇ'
' ਬ੍ਰਾਹਮਾਤਿਅਮ ਅਤੇ ਥੇਵਾਥਾਨਮ ਵਰਗੀਆਂ ਸਦੀਆਂ ਪੁਰਾਣੀਆਂ ਰੀਤਾਂ ਸਨ।
'ਪਹਿਲੀ ਸ਼੍ਰੇਣੀ ਵਿੱਚ ਉਹ ਬ੍ਰਾਹਮਣ ਆਉਂਦੇ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ। ਜ਼ਮੀਨਾਂ ਸਦਕਾ ਉਹ ਮੌਜਾਂ ਕਰਦੇ। ਆਪ ਵਾਹੀ ਨਹੀਂ ਕਰਦੇ ਸਨ, ਮੁਜ਼ਾਰਿਆਂ ਤੋਂ ਹਿੱਸਾ ਮਿਲਿਆ ਕਰਦਾ। ਥੇਵਾਥਾਨਮ ਰੀਤੀ ਵਿੱਚ ਮੰਦਰਾਂ ਦੇ ਨਾਮ ਜ਼ਮੀਨ ਲੁਆਈ ਜਾਂਦੀ। ਕਿਸੇ ਕਿਸੇ ਮੰਦਰ ਹਿੱਸੇ ਪੂਰੇ ਦਾ ਪੂਰਾ ਪਿੰਡ ਆ ਜਾਂਦਾ। ਮਾਮੂਲੀ ਮੁਜ਼ਾਹਰੇ ਤੇ ਨੌਕਰ ਪੁਜਾਰੀਆਂ ਦੇ ਰਹਿਮੋ-ਕਰਮ ’ਤੇ ਜਿਉਂਦੇ। ਕੋਈ ਵਿਰੋਧ ਕਰਦਾ, ਪਿੰਡ ਵਿੱਚੋਂ ਕੱਢ ਦਿੱਤਾ ਜਾਂਦਾ।
'ਤੁਹਾਨੂੰ ਪਤਾ ਹੋਵੇ ਇਨ੍ਹਾਂ ਮੱਠਾਂ ਦੇ ਨਾਮ ਛੇ ਲੱਖ ਏਕੜ ਜ਼ਮੀਨ ਸੀ। ਕੀ ਪਤਾ ਹੁਣ ਵੀ ਹੋਵੇ। ਪਰ ਉਨ੍ਹਾਂ ਦੀ ਸ਼ਕਤੀ ਨੂੰ ਲੋਕ ਅੰਦੋਲਨਾ ਸਦਕਾ ਨੱਥ ਪੈ ਗਈ।
“1948 ਵਿੱਚ ਤਮਿਲਨਾਡੂ ਜ਼ਿਮੀਂਦਾਰੀ ਐਬੋਲੀਸ਼ਨ ਐਕਟ ਪਾਸ ਹੋ ਗਿਆ। ਪਰ ਜ਼ਿਮੀਂਦਾਰਾਂ, ਵੱਡੇ ਭੂਮੀਪਤੀਆਂ ਨੂੰ ਮੁਆਵਜ਼ੇ ਦਿੱਤੇ ਗਏ। ਜਿਹੜੇ ਇਨ੍ਹਾਂ ਜ਼ਮੀਨਾਂ ’ਤੇ ਕੰਮ ਕਰਿਆ ਕਰਦੇ ਸਨ, ਉਨ੍ਹਾਂ ਨੂੰ ਕੁਝ ਨਾ ਮਿਲਿਆ। ਜਿਨ੍ਹਾਂ ਕਾਮਿਆਂ ਦਾ ਕਿਤੇ ਉੱਪਰ ਹੱਥ ਪੈਂਦਾ ਸੀ, ਉਹ ਲੈ ਗਏ। ਸਾਲ 1947-49 ਤੱਕ ਮੰਦਰਾਂ ਦੀ ਜ਼ਮੀਨ ਵਿੱਚੋਂ ਵੱਡੀ ਗਿਣਤੀ ਵਿੱਚੋਂ ਕਾਮੇ ਬੇਦਖ਼ਲ ਕੀਤੇ ਗਏ। ਅਸੀਂ ਵੱਡੇ ਅੰਦੋਲਨ ਚਲਾਏ ਤੇ ਨੀਤੀ ਇਹ ਸੀ, 'ਕਿਸਾਨ ਕੇਵਲ ਤਦ ਜਿਉਂਦੇ ਰਹਿ ਸਕਣਗੇ ਜੇ ਉਨ੍ਹਾਂ ਕੋਲ ਜ਼ਮੀਨ ਦੀ ਮਾਲਕੀ ਹੋਈ।'
“1948 ਤੋਂ 1960 ਤੱਕ, ਇਹ ਸਨ ਸਾਡੇ ਸੰਗਰਾਮ ਜੋ ਅਸੀਂ ਹੱਕ ਲੈਣ ਵਾਸਤੇ ਲੜੇ। ਮੁੱਖ ਮੰਤਰੀ ਸੀ. ਰਾਜਗੋਪਾਲਾਚਾਰੀ (ਰਾਜਾ ਜੀ) ਨੇ ਜ਼ਿਮੀਂਦਾਰਾਂ ਅਤੇ ਮੰਦਰਾਂ ਦੇ ਹੱਕ ਵਿੱਚ ਸਟੈਂਡ ਲਿਆ। ਅਸੀਂ ਕਿਹਾ—ਜ਼ਮੀਨ ਉਸਦੀ ਜਿਹੜਾ ਵਾਹੇ। ਰਾਜਾ ਜੀ ਕਹਿਣ ਜ਼ਮੀਨ ਉਸਦੀ ਜਿਸਦੀ ਕਾਗਜ਼ਾਂ ਵਿੱਚ, ਰਿਕਾਰਡ ਵਿੱਚ ਮਾਲਕੀ ਹੋਵੇ। ਪਰ ਸਾਡੇ ਸੰਘਰਸ਼ ਨੇ ਮੱਠਾਂ ਮੰਦਰਾਂ ਦੀ ਸਾਰੀ ਤਾਕਤ ਭੰਨਤੋੜ ਦਿੱਤੀ। ਅਸੀਂ ਉਨ੍ਹਾਂ ਦੇ ਕਾਨੂੰਨ ਅਤੇ ਪਰੰਪਰਾਵਾਂ ਵਗਾਹ ਮਾਰੀਆਂ। ਅਸੀਂ ਗ਼ੁਲਾਮ ਹੋਣ ਤੋਂ ਇਨਕਾਰ ਕਰ ਦਿੱਤਾ।
“ਇਹ ਸਾਰਾ ਕੁਝ ਸਮਾਜਕ ਜੰਗਾਂ ਤੋਂ ਨਿੱਖੜ ਕੇ ਨਹੀਂ ਹੋਇਆ ਕਰਦਾ।
“ਮੈਨੂੰ ਇੱਕ ਰਾਤ ਮੰਦਰ ਵਿੱਚ ਹੋਇਆ ਅੰਦੋਲਨ ਯਾਦ ਆਇਆ ਹੈ। ਮੰਦਰਾਂ ਵਿੱਚ ਰੱਥਾਂ ਦੇ ਤਿਉਹਾਰ ਹੋਇਆ ਕਰਦੇ। ਕਿਸਾਨ ਰੱਸਿਆਂ ਨਾਲ਼ ਉਨ੍ਹਾਂ ਰੱਥਾਂ ਨੂੰ ਖਿੱਚਿਆ ਕਰਦੇ। ਅਸੀਂ ਕਿਹਾ ਜੇ ਪਿੰਡੋਂ ਛੇਕੇ ਹੋਏ ਕਿਸਾਨ ਮੁੜ ਬਹਾਲ ਨਹੀਂ ਕੀਤੇ ਜਾਂਦੇ, ਉਹ ਰੱਥ ਨਹੀਂ ਖਿੱਚਣਗੇ। ਅਸੀਂ ਕਿਹਾ, ਬਿਜਾਈ ਵਾਸਤੇ ਤੁਹਾਥੋਂ ਬੀਜ ਲੈਣ ਦਾ ਵੀ ਸਾਡਾ ਹੱਕ ਹੈ।”
ਹੁਣ ਉਹ ਕਦੀ ਆਜ਼ਾਦੀ ਤੋਂ ਪਹਿਲਾਂ ਦੀਆਂ, ਕਦੀ ਪਿੱਛੋਂ ਦੀਆਂ ਗੱਲਾਂ ਕਰ ਰਿਹਾ ਹੈ। ਕਿਤੇ ਕਿਤੇ ਗੱਲਾਂ ਉਲ਼ਝ ਵੀ ਜਾਂਦੀਆਂ ਹਨ। ਇਸ ਤੋਂ ਉਨ੍ਹਾਂ ਵੇਲ਼ਿਆਂ ਦੇ ਗੁੰਝਲ਼ ਹਾਲਾਤ ਦਾ ਵੀ ਪਤਾ ਲੱਗਦਾ ਹੈ। ਬਹੁਤ ਸਾਰੀਆਂ ਆਜ਼ਾਦੀਆਂ ਚਾਹੀਦੀਆਂ ਸਨ। ਇਨ੍ਹਾਂ ਵਿੱਚੋਂ ਕਈਆਂ ਦੇ ਆਦਿ ਅਤੇ ਅੰਤ ਦਾ ਪਤਾ ਨਹੀਂ ਲੱਗਦਾ। ਏਨਾ ਪਤਾ ਲੱਗਦਾ ਹੈ ਕਿ ਆਰ.ਐਨ.ਕੇ. ਵਰਗੇ ਲੋਕ ਉਨ੍ਹਾਂ ਆਜ਼ਾਦੀਆਂ ਦੀ ਪ੍ਰਾਪਤੀ ਵਾਸਤੇ ਥਿਰ ਖਲੋਤੇ ਰਹੇ।
“ਇਨ੍ਹਾਂ ਦਹਾਕਿਆਂ ਦੌਰਾਨ ਅਸੀਂ ਕਾਮਿਆਂ ਦੀ ਕੁੱਟਮਾਰ, ਤਸੀਹੇ ਰੋਕਣ ਵਾਸਤੇ ਵੀ ਲੜੇ।
“1943 ਵਿੱਚ ਦਲਿਤਾਂ ਨੁੰ ਕੋੜੇ ਮਾਰੇ ਜਾਂਦੇ ਸਨ। ਉਨ੍ਹਾਂ ਦੇ ਜ਼ਖ਼ਮਾਂ ਉੱਪਰ ਗਾਂ ਦਾ ਗੋਹਾ ਲਿੱਪਿਆ ਜਾਂਦਾ। ਸਵੇਰੇ ਚਾਰ ਪੰਜ ਵਜੇ ਮੁਰਗੇ ਦੀ ਬਾਂਗ ਨਾਲ਼ ਉਨ੍ਹਾਂ ਨੂੰ ਕੰਮ ’ਤੇ ਜਾਣਾ ਪੈਂਦਾ। ਉਹ ਮੀਰਾਸਦਾਰਾਂ ਦੀਆਂ ਜ਼ਮੀਨਾਂ ’ਤੇ ਕੰਮ ਕਰਦੇ, ਗੋਹਾ ਚੁੱਕਦੇ, ਪਸ਼ੂ ਨੁਹਾਉਂਦੇ, ਫਿਰ ਖੇਤਾਂ ਨੂੰ ਪਾਣੀ ਦੇਣ ਚਲੇ ਜਾਂਦੇ। ਥੰਜਾਵੁਰ ਜ਼ਿਲ੍ਹੇ ਵਿੱਚ ਇੱਕ ਪਿੰਡ ਸੀ ਤੀਰਥੂਰਾਇਪੂੰਡੀ। ਉਥੇ ਜਾ ਕੇ ਅਸੀਂ ਮੁਜ਼ਾਹਰੇ ਕਰਿਆ ਕਰਦੇ।
''ਕਿਸਾਨ ਸਭਾ ਦੇ ਨੇਤਾ ਸ੍ਰੀਨਿਵਾਸ ਰਾਓ ਦੀ ਅਗਵਾਈ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ ਸੀ। ਭਾਵਨਾ ਸੀ 'ਜੇ ਲਾਲ ਝੰਡਾ ਚੁੱਕਣ ਕਾਰਨ ਤੁਹਾਨੂੰ ਕੁੱਟ ਪੈਂਦੀ ਹੈ ਤਾਂ ਝੰਡੇ ਨਾਲ਼ ਹੀ ਉਨ੍ਹਾਂ ਨੂੰ ਕੁੱਟੋ'। ਆਖ਼ਰ ਤੀਰਥੂਰਾਇਪੂੰਡੀ ਪਿੰਡ ਵਿੱਚ ਮੀਰਾਸਦਾਰਾਂ, ਮੁਦਲਿਆਰਾਂ ਨਾਲ਼ ਰਾਜ਼ੀਨਾਵੇਂ ’ਤੇ ਦਸਤਖ਼ਤ ਹੋਏ ਕਿ ਅੱਗੋਂ ਤੋਂ ਕੋੜੇ ਨਹੀਂ ਮਾਰੇ ਜਾਣਗੇ, ਗੋਹਾ ਨਹੀਂ ਮਲ਼ਿਆ ਜਾਵੇਗਾ ਤੇ ਜ਼ਾਲਮਾਨਾ ਢੰਗ ਤਰੀਕੇ ਰੋਕੇ ਜਾਣਗੇ।''
1940 ਤੋਂ 1960 ਅਤੇ ਉਸਤੋਂ ਬਾਅਦ ਤੱਕ ਵੀ ਆਰ.ਐਨ.ਕੇ. ਨੇ ਇਨ੍ਹਾਂ ਵੱਡੇ ਯੁੱਧਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਆਲ ਇੰਡੀਆ ਕਿਸਾਨ ਸਭਾ ਤਮਿਲਨਾਡੂ ਦਾ ਉਸਤੋਂ ਬਾਅਦ ਵਾਰਿਸ ਸ੍ਰੀਨਿਵਾਸ ਰਾਉ ਬਣਿਆ। 1947 ਤੋਂ ਦਹਾਕਿਆਂ ਬਾਅਦ ਵੀ ਇਹ ਖਾਮੋਸ਼ ਪੈਦਲ ਸਿਪਾਹੀ ਕਿਸਾਨ ਮਜ਼ਦੂਰਾਂ ਦੀਆਂ ਜੰਗਾਂ ਵਿੱਚ ਤਾਕਤਵਰ ਜਰਨੈਲ ਵਜੋਂ ਉਭਰਿਆ।
*****
ਦੋਵੇਂ ਉਤੇਜਿਤ ਹਨ, ਜਜ਼ਬਾਤੀ ਹਨ। ਸੀ.ਪੀ.ਆਈ (ਐਮ) ਨੇਤਾ ਅਤੇ ਆਜ਼ਾਦੀ ਘੁਲਾਟੀਆ ਐਨ. ਸੰਕਰਈਆ ਦੇ ਘਰ ਅਸੀਂ ਇੰਟਰਵਿਊ ਕਰ ਰਹੇ ਹਾਂ। ਉਸ ਨਾਲ਼ ਅਤੇ ਨੱਲਾਕੰਨੂੰ ਨਾਲ਼ ਇਕੱਠਿਆਂ ਗੱਲ ਹੋ ਰਹੀ ਹੈ। ਅੱਠ ਦਹਾਕਿਆਂ ਦੇ ਸਾਥੀ ਜਿਵੇਂ ਇੱਕ ਦੂਜੇ ਨੂੰ ਮਿਲਦੇ ਹਨ, ਕਮਰੇ ਵਿੱਚ ਬੈਠ ਬਾਕੀਆਂ ਦੇ ਜਜ਼ਬਾਤ ਨੂੰ ਵੀ ਛੂੰਹਦੇ ਹਨ।
ਕੋਈ ਉਦਾਸੀ, ਕੋਈ ਕੜਵਾਹਟ ਨਹੀਂ? 60 ਸਾਲ ਪਹਿਲਾਂ ਜਦੋਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੁਫਾੜ ਹੋਈ ਸੀ, ਉਨ੍ਹਾਂ ਆਪੋ ਆਪਣੀ ਡੰਡੀ ਫੜੀ। ਇਹ ਕੋਈ ਦੋਸਤਾਨਾ ਵਿਦਾਇਗੀ ਨਹੀਂ ਹੋਈ ਸੀ।
ਨੱਲਾਕੰਨੂੰ ਦੱਸਦਾ ਹੈ, “ਤਾਂ ਵੀ ਬਹੁਤ ਸਾਰੇ ਮਸਲਿਆਂ ’ਤੇ, ਸੰਘਰਸ਼ ਵਿੱਚ ਅਸੀਂ ਇਕੱਠਿਆਂ ਕੰਮ ਵੀ ਕੀਤਾ, ਉਸੇ ਲਹਿਜੇ ਵਿੱਚ ਜਿਵੇਂ ਪਹਿਲਾਂ ਕਰਿਆ ਕਰਦੇ ਸਾਂ।”
ਸੰਕਰਈਆ ਨੇ ਕਿਹਾ, “ਜਦੋਂ ਅਸੀਂ ਦੋਵੇਂ ਮਿਲਦੇ ਹਾਂ ਉਦੋਂ ਅਸੀਂ ਇਕੋ ਪਾਰਟੀ ਹੋਇਆ ਕਰਦੇ ਹਾਂ।”
ਅਜੋਕੇ ਫ਼ਿਰਕੂ ਹਿੰਸਾ ਅਤੇ ਨਫ਼ਰਤ ਬਾਰੇ ਉਨ੍ਹਾਂ ਕੀ ਨਜ਼ਰੀਆ ਹੈ? ਰਾਸ਼ਟਰ ਦੇ ਬਚੇ ਰਹਿਣ ਦੀ ਚਿੰਤਾ ਹੈ, ਉਸ ਰਾਸ਼ਟਰ ਦੀ ਸੁਰੱਖਿਆ ਦਾ ਫ਼ਿਕਰ ਜਿਸ ਦੀ ਆਜ਼ਾਦੀ ਵਾਸਤੇ ਉਨ੍ਹਾਂ ਨੇ ਸੰਘਰਸ਼ ਕੀਤਾ?
ਨੱਲਾਕੰਨੂ ਦੱਸਦਾ ਹੈ, “ਆਜ਼ਾਦੀ ਦੇ ਸੰਗਰਾਮ ਵੇਲ਼ੇ ਵੀ ਕਦੀ ਕਦਾਈਂ ਮਾਹੌਲ ਨਾਗਵਾਰ ਲੱਗਿਆ ਕਰਦਾ। ਸਾਨੂੰ ਦੱਸਿਆ ਜਾਦਾ ਕਿ ਅਸੀਂ ਜਿੱਤ ਨਹੀਂ ਸਕਦੇ, ਦੁਨੀਆ ਦੀ ਸਭ ਤੋਂ ਵੱਡੀ ਹਕੂਮਤ ਵਿਰੁੱਧ ਲੜ ਰਹੇ ਹੋ। ਸਾਡੇ ਕੁਝ ਕੁ ਪਰਿਵਾਰਾਂ ਨੂੰ ਕਿਹਾ ਜਾਂਦਾ ਕਿ ਇਸ ਖੱਪਖਾਨੇ ਤੋਂ ਪਰ੍ਹੇ ਹਟ ਕੇ ਰਹੋ। ਤਾੜਨਾਵਾਂ ਮਿਲਦੀਆਂ। ਪਰ ਅਸੀਂ ਸਭ ਧਮਕੀਆਂ, ਤਾੜਨਾਵਾਂ ਤੋਂ ਉੱਪਰ ਉੱਠ ਚੁੱਕੇ ਸਾਂ। ਜਿਵੇਂ ਕਿਵੇਂ ਯੁੱਧ ਲੜਦੇ ਰਹੇ। ਇਸੇ ਕਰਕੇ ਤਾਂ ਇੱਥੇ ਪੁੱਜੇ ਹਾਂ ਅੱਜ।''
ਦੋਵੇਂ ਆਖਦੇ ਹਨ, ਵਿਆਪਕ ਏਕਤਾ ਬਣਾਉਣ ਦੀ ਲੋੜ ਹੈ। ਇੱਕ ਦੂਜੇ ਤੋਂ ਪਹਿਲਾਂ ਵਾਂਗ ਸਿੱਖਣ ਦੀ ਲੋੜ ਹੈ। ਆਰ.ਐੱਨ.ਕੇ. ਕਹਿੰਦਾ ਹੈ, “ਮੇਰਾ ਖ਼ਿਆਲ ਐ ਈ.ਐਮ.ਐਸ. (ਨੰਬੂਦਰੀਪਾਦ) ਦੇ ਕਮਰੇ ਵਿੱਚ ਗਾਂਧੀ ਦੀ ਤਸਵੀਰ ਹੋਇਆ ਕਰਦੀ ਸੀ।''
ਅਜੋਕੀ ਸਿਆਸੀ ਸਥਿਤੀ ਜਿਹੜੀ ਸਾਡੇ ਵਿੱਚ ਲੱਖਾਂ ਨੂੰ ਭੈਭੀਤ ਕਰ ਦਿੰਦੀ ਹੈ, ਤੁਸੀਂ ਦੋਵੇਂ ਉਸ ਵਿੱਚ ਵੀ ਸ਼ਾਂਤ ਅਤੇ ਸੰਤੁਸ਼ਟ ਕਿਵੇਂ ਰਹਿ ਰਹੇ ਹੋ? ਇਹ ਸਵਾਲ ਨੱਲਾਕੰਨੂੰ ਨੂੰ ਝੰਜੋੜਦਾ ਹੈ, “ਅਸੀਂ ਇਸ ਤੋਂ ਵੀ ਮਾੜਾ ਸਮਾਂ ਦੇਖਿਆ ਹੈ।”
ਵਧੀਕ ਟਿੱਪਣੀ:
ਸੁਤੰਤਰਤਾ ਦਿਵਸ, 2022 ਮੌਕੇ- ਜਦੋਂ ' ਦਿ ਲਾਸਟ ਹੀਰੋਜ਼ : ਫੁੱਟ ਸ਼ੋਲਜਿਅਰ ਆਫ਼ ਇੰਡੀਅਨ ਫ੍ਰੀਡਮ ' ਕਿਤਾਬ ਛਪਣ ਲਈ ਪ੍ਰੈੱਸ ਵਿੱਚ ਜਾ ਚੁੱਕੀ ਸੀ, ਤਮਿਲਨਾਡੂ ਸਰਕਾਰ ਨੇ ਆਰਐੱਨਕੇ ਨੂੰ ਥਾਗੈਸਲ ਥਮੀਲਾਰ ਪੁਰਸਕਾਰ ਨਾਲ਼ ਸਨਮਾਨਤ ਕੀਤਾ। ਇਹ ਤਮਿਲਨਾਡੂ ਦਾ ਸਿਰਮੌਰ ਪੁਰਸਕਾਰ ਹੈ, ਜਿਹਦੀ ਸਥਾਪਨਾ 2021 ਵਿੱਚ ਕੀਤੀ ਗਈ, ਇਸ ਉੱਘੀ ਸ਼ਖਸੀਅਤ ਲਈ ਜਿਹਨੇ ਰਾਜ ਤੇ ਤਾਮਿਲ ਭਾਈਚਾਰੇ ਲਈ ਅਹਿਮ ਯੋਗਦਾਨ ਪਾਇਆ। ਜਿਸ ਵਿੱਚ 10 ਲੱਖ ਰੁਪਏ ਦੀ ਨਕਦ ਰਾਸ਼ੀ ਸੀ ਜੋ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਫੋਰਟ ਸੇਂਟ ਜਾਰਜ ਦੀ ਫਸੀਲ ਤੋਂ ਆਰਐੱਨਕੇ ਨੂੰ ਇਸ ਪੁਰਸਕਾਰ ਦੇ ਰੂਪ ਵਿੱਚ ਸੌਂਪੀ।
ਤਰਜਮਾ: ਹਰਪਾਲ ਸਿੰਘ ਪੰਨੂ