“ ਸ਼ੁਰੂ ਸ਼ੁਰੂ ਮੇਂ ਏਕ ਨਗ ਬਨਾਨੇ ਮੇਂ ਆਧੀ ਕਲਕ ਲਗਤੀ ਥੀ ਮੇਰੀ (ਪਹਿਲਾਂ ਮੈਨੂੰ ਇੱਕ ਛਾਣਨੀ ਬਣਾਉਣ ਵਿੱਚ ਅੱਧਾ ਘੰਟਾ ਲਗਦਾ ਸੀ)।” ਮੁਹੰਮਦ ਭਾਈ ਛਾਣਨੀ ਬਣਾਉਣ ਬਾਰੇ ਗੱਲ ਕਰਦੇ ਹੋਏ ਆਪਣੀਆਂ ਉਂਗਲਾਂ ’ਤੇ ਲੱਗੀਆਂ ਚੋਟਾਂ ਨੂੰ ਅੰਗੂਠੇ ਨਾਲ਼ ਦਬਾ ਰਹੇ ਹਨ। ਭਾਵੇਂ ਅਜੇ ਵੀ ਕੰਮ ਕਰਦੇ ਹੋਏ ਉਹਨਾਂ ਦੀਆਂ ਉਂਗਲੀਆਂ ’ਤੇ ਚੋਟ ਲੱਗ ਜਾਵੇ, ਪਰ ਉਹਨਾਂ ਲਈ ਸਮੇਂ ਅਤੇ ਤਜ਼ਰਬੇ ਨਾਲ਼ ਹੁਣ ਇਹ ਕੰਮ ਸੌਖਾ ਹੋ ਗਿਆ ਹੈ। ਉਹ ਵਿੱਚ-ਵਿੱਚ ਗੁਜਰਾਤੀ ਲਫ਼ਜ਼ਾਂ ਦੀ ਵਰਤੋਂ ਕਰਦੇ ਹੋਏ ਨਿਰਾਲੀ ਜਿਹੀ ਹਿੰਦੀ ਵਿੱਚ ਗੱਲ ਕਰਦੇ ਹਨ, ਜੋ ਅਕਸਰ ਗੁਜਰਾਤ ਦੇ ਮੁਸਲਮਾਨਾਂ ਦੁਆਰਾ ਬੋਲੀ ਜਾਂਦੀ ਹੈ। “ ਏਕ ਮਹੀਨਾ ਤਕਲੀਫ਼ ਪੜੀ ਮੇਰੇ ਕੋ, ਅਬ ਏਕ ਨਗ ਪਾਂਚ ਮਿਨਟ ਮੇਂ ਬਨ ਜਾਤਾ ਹੈ (ਪਰ ਜਦ ਮੈਨੂੰ ਇੱਕ ਵਾਰ ਇਸ ਦੀ ਜਾਚ ਆ ਗਈ ਤਾਂ ਮੈਂ ਇਹ ਤੇਜ਼ੀ ਨਾਲ਼ ਕਰ ਪਾਉਣ ਲੱਗਾ। ਇੱਕ ਕੁ ਮਹੀਨਾ ਔਖਾ ਲੱਗਿਆ, ਪਰ ਹੁਣ ਮੈਂ ਇੱਕ ਨਗ ਪੰਜ ਮਿੰਟਾਂ ਵਿੱਚ ਬਣਾ ਸਕਦਾ ਹਾਂ),” ਉਹਨਾਂ ਨੇ ਹੱਸਦਿਆਂ ਕਿਹਾ।
ਅਸੀਂ ਅਹਿਮਦਾਬਾਦ ਵਿੱਚ ਕੁਤਬੀ ਇਮਾਰਤ ਦੇ ਇੱਕ 10 X 10 ਦੇ ਕਮਰੇ ਵਿੱਚ ਬੈਠੇ ਹਾਂ, ਜਿੱਥੇ 43 ਸਾਲਾ ਮੁਹੰਮਦ ਚਰਣਾਵਾਲ਼ਾ ਅਤੇ ਉਹਨਾਂ ਦੀ 76 ਸਾਲਾ ਅੰਮੀ (ਮਾਂ), ਰੁਕਈਆ ਮੌਜਹੁਸੈਨੀ ਰਹਿੰਦੇ ਹਨ। ਉਹਨਾਂ ਦਾ ਘਰ ਅਹਿਮਦਾਬਾਦ ਦੇ ਕਾਲੂਪੁਰ ਸਟੇਸ਼ਨ ਨੇੜਲੀ ਦਾਊਦੀ ਵੋਹਰਾ ਦੀ ਰੋਜ਼ਾ, ਇੱਕ ਚਾਲ , ਵਿੱਚ ਇਸ ਦੋ ਮੰਜ਼ਲੀ ਇਮਾਰਤ ਵਿਚਲੇ 24 ਘਰਾਂ ਵਿੱਚੋਂ ਇੱਕ ਹੈ, ਜਿੱਥੇ ਮੁਸਲਮਾਨ ਮਜ਼ਦੂਰ ਜਮਾਤ ਰਹਿੰਦੀ ਹੈ। ਨਵੇਂ ਨਜ਼ਰ ਆਉਂਦੇ ਰੇਲਵੇ ਸਟੇਸ਼ਨ ਦੇ ਦੂਸਰੇ ਪਾਸੇ ਪੈਰ ਧਰਦੇ ਹੀ ਤੁਸੀਂ ਪੁਰਾਣੇ ਸ਼ਹਿਰ ਵਿੱਚ ਪਹੁੰਚ ਜਾਂਦੇ ਹੋ।
ਗਲੀਆਂ, ਖਾਣੇ, ਲੜਾਈਆਂ-ਝਗੜਿਆਂ, ਕਦੇ-ਕਦਾਈਆਂ ਵਰ੍ਹਦੀਆਂ ਗਾਲ੍ਹਾਂ, ਅਤੇ ਹੌਲੀ ਰਫ਼ਤਾਰ ਦੇ ਟ੍ਰੈਫਿਕ ਵਿੱਚੋਂ ਦੀ ਲੰਘਦੇ ਹੋਏ, ਤੁਸੀਂ ਸੜਕਾਂ ਦੇ ਇੱਕ ਜਾਲ਼ ਕੋਲ਼ ਪਹੁੰਚ ਜਾਓਗੇ – ਇੱਕ ਤਿਰਛੇ ਪਾਸੇ ਨੂੰ ਜਾਂਦੀ, ਇੱਕ ਸੱਜੇ ਪਾਸੇ ਵੱਲ ਘੁੰਮਦੀ, ਇੱਕ ਖੱਬੇ ਜਿੱਧਰ ਗਲੀ ਮੁੱਕ ਜਾਂਦੀ ਹੈ, ਅਤੇ ਇੱਕ ਪਹਿਲਾਂ ਘੁੰਮਦੀ, ਫਿਰ ਸਿੱਧਾ ਜਾਂਦੀ ਅਤੇ ਫਿਰ ਇੱਕ ਹੋਰ ਸੜਕ ਵਿੱਚ ਮਿਲ ਜਾਂਦੀ ਹੈ। ਇਹੀ ਸੜਕ ਹੈ ਜੋ ਤੁਹਾਨੂੰ ਕੁਤਬੀ ਇਮਾਰਤ ਤੱਕ ਲੈ ਕੇ ਜਾਂਦੀ ਹੈ, ਜੋ ਦਾਊਦੀ ਵੋਹਰਾ ਦੇ ਰੋਜ਼ਾ ਵਿੱਚ ਵੋਰਾ ਟਰੱਸਟ ਨਾਲ਼ ਸਬੰਧ ਰੱਖਦੀ ਹੈ ਅਤੇ ਜਿੱਥੇ ਕੁੱਲ 110 ਪਰਿਵਾਰ ਰਹਿੰਦੇ ਹਨ।
ਮੁਹੰਮਦ ਭਾਈ ਹਫ਼ਤੇ ਵਿੱਚ ਤਿੰਨ ਦਿਨ ਆਪਣੀ ਰੇਹੜੀ ਲੈ ਕੇ ਸ਼ਹਿਰ ਵਿੱਚ 30 ਕਿਲੋਮੀਟਰ ਦਾ ਸਫ਼ਰ ਕਰਦੇ ਹਨ। ਉਹ ਸਵੇਰੇ ਛੇ ਵਜੇ ਘਰੋਂ ਤੁਰ ਪੈਂਦੇ ਹਨ। “ਜਿੱਥੇ ਵੀ ਉਸਦੇ ਅੱਬਾ ਜਾਂਦੇ ਸਨ!” ਆਪਣੇ ਖਾਵੰਦ ਨੂੰ ਯਾਦ ਕਰਦਿਆਂ, ਚੁੰਨੀ ਨਾਲ਼ ਚਿਹਰਾ ਪੂੰਝਦਿਆਂ ਰੁਕਈਆ ਨੇ ਕਿਹਾ। “ਉਹ ਦਰਿਆ ਦੇ ਪਾਰ, ਸਾਬਰਮਤੀ ਦੇ ਦੂਜੇ ਪਾਸੇ ਤੱਕ ਜਾਂਦੇ ਸਨ, ਅਤੇ ਰਾਤ ਨੂੰ ਦੇਰ ਨਾਲ਼ 9 ਜਾਂ 10 ਵਜੇ ਵਾਪਸ ਆਉਂਦੇ ਸਨ।” ਅੱਬਾ ਮੌਜਹੁਸੈਨੀ ਦੀ ਫਰਵਰੀ 2023 ਵਿੱਚ ਮੌਤ ਹੋ ਗਈ। ਉਸ ਵੇਲੇ ਉਹਨਾਂ ਦੀ ਉਮਰ 79 ਸਾਲ ਸੀ।
ਨਹੀਂ, ਮੁਹੰਮਦ ਭਾਈ ਨੇ ਇਹ ਕਲਾ ਆਪਣੇ ਵਾਲਿਦ (ਪਿਤਾ) ਤੋਂ ਨਹੀਂ ਸਿੱਖੀ। “ ਹੋ ਗਈ ਹਿੰਮਤ ਤੋ ਕਰ ਲੀਆ (ਮੇਰੇ ਵਿੱਚ ਕਰ ਕੇ ਦੇਖਣ ਦੀ ਹਿੰਮਤ ਸੀ ਤਾਂ ਕਰ ਲਿਆ),” ਉਸਨੇ ਕਿਹਾ। “ਮੈਂ ਉਹਨਾਂ ਨੂੰ ਘਰ ਵਿੱਚ ਉਹ (ਛਾਣਨੀਆਂ) ਬਣਾਉਂਦਿਆਂ ਵੇਖਦਾ ਸੀ। ਪਰ ਉਹਨਾਂ ਦੇ ਹੁੰਦਿਆਂ ਮੈਂ ਕਦੇ ਵੀ ਕਿਸੇ ਨਗ ਨੂੰ ਹੱਥ ਲਾ ਕੇ ਨਹੀਂ ਸੀ ਵੇਖਿਆ। ਮੈਨੂੰ ਲਗਦਾ ਹੈ ਕਿ ਮੈਂ ਦੇਖ-ਦੇਖ ਕੇ ਸਿੱਖ ਗਿਆ।” ਉਹਨਾਂ ਦੇ ਵਾਲਿਦ ਉਸਦੇ ਮਾਮੇ ਦੀ ਚਾਹ ਦੀ ਦੁਕਾਨ ਵਿੱਚ ਕੰਮ ਕਰਦੇ ਸਨ ਪਰ ਇੱਕ ਵਾਰ ਝਗੜੇ ਤੋਂ ਬਾਅਦ ਉਹਨਾਂ ਨੇ ਇਹ ਕੰਮ ਛੱਡ ਦਿੱਤਾ ਅਤੇ ਛਾਣਨੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਹੰਮਦ ਭਾਈ ਯਾਦ ਕਰਦਿਆਂ ਕਹਿੰਦੇ ਹਨ ਕਿ “1974 ਵਿੱਚ ਜਦ ਅਸੀਂ ਸਰਸਪੁਰ ਆ ਗਏ, ਉਦੋਂ ਤੋਂ ਮੇਰੇ ਅੱਬਾ ਰੇਹੜੀ ਲੈ ਕੇ ਜਾਂਦੇ ਸਨ,” ਅਤੇ ਅਖੀਰ ਤੱਕ ਉਹਨਾਂ ਨੇ ਇਹੀ ਕੰਮ ਕੀਤਾ।
ਪਰ ਮੁਹੰਮਦ ਭਾਈ ਇਸ ਕੰਮ ਵਿੱਚ ਨਵੇਂ ਹਨ। ਉਹਨਾਂ ਨੇ ਆਪਣੇ ਅੱਬਾ ਦੀ ਮੌਤ ਦੇ ਪੰਜ ਮਹੀਨੇ ਦੇ ਬਾਅਦ ਹੀ ਇਹ ਕੰਮ ਸ਼ੁਰੂ ਕੀਤਾ ਹੈ। ਅਤੇ ਉਹ ਹਫ਼ਤੇ ਵਿੱਚ ਤਿੰਨ ਦਿਨ ਇਹ ਕੰਮ ਕਰਦੇ ਹਨ। “ਬਾਕੀ ਦਿਨ ਮੈਂ ਡੀਜ਼ਲ, ਪੈਟਰੋਲ, ਗੈਸ ਦੇ 200-250 ਕਿਲੋ ਵਾਲਵਾਂ ਨੂੰ ਰੰਗ ਕਰਦਾ ਹਾਂ ਜਿਹਨਾਂ ਨੂੰ ਵੱਡੀਆਂ ਯੂਨਿਟਾਂ ਵਿੱਚ ਵਰਤਿਆ ਜਾਂਦਾ ਹੈ। ਮੈਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 7:30 ਵਜੇ ਤੱਕ ਕੰਮ ਕਰਦਾ ਹਾਂ ਜਿਸ ਵਿੱਚ ਅੱਧਾ ਘੰਟਾ ਦੁਪਹਿਰ ਦੇ ਖਾਣੇ ਲਈ ਮਿਲਦਾ ਹੈ। ਮੈਨੂੰ ਇੱਕ ਦਿਨ ਦੇ ਕੰਮ ਦੇ 400 ਰੁਪਏ ਮਿਲਦੇ ਹਨ।” ਛਾਣਨੀ ਦੀ ਮੁਰੰਮਤ ਦੇ ਕੰਮ ਤੋਂ ਉਹਨਾਂ ਨੂੰ ਕੋਈ ਜ਼ਿਆਦਾ ਪੈਸੇ ਨਹੀਂ ਮਿਲਦੇ। “ ਕੋਈ ਦਿਨ ਸੌ ਆਏ। ਕੋਈ ਦਿਨ ਪਾਂਚਸੌ ਭੀ ਲੈ ਕੇ ਆਏ। ਕੋਈ ਦਿਨ ਨਹੀਂ ਭੀ ਲਾਏ। ਕੋਈ ਨੱਕੀ ਨਹੀਂ (ਕਈ ਵਾਰ ਮੈਨੂੰ 100 ਰੁਪਏ ਬਣ ਜਾਂਦੇ ਹਨ, ਕਈ ਵਾਰ 500 ਰੁਪਏ ਵੀ ਬਣ ਜਾਂਦੇ ਹਨ, ਕਈ ਵਾਰ ਕੁਝ ਵੀ ਨਹੀਂ ਖੱਟਦਾ। ਕੁਝ ਪੱਕਾ ਨਹੀਂ ਹੈ),” ਉਹਨਾਂ ਨੇ ਦੱਸਿਆ।
ਪਰ ਫੇਰ ਉਹ ਹਫ਼ਤੇ ਦੇ ਸਾਰੇ ਦਿਨ ਹੀ ਵਾਲਵਾਂ ਨੂੰ ਰੰਗ ਕਰਨ ਦਾ ਕੰਮ ਹੀ ਕਿਉਂ ਨਹੀਂ ਕਰ ਲੈਂਦੇ?
“ਜੇ ਤੁਸੀਂ ਕੋਈ ਅਜਿਹਾ ਧੰਦਾ ਕਰ ਰਹੇ ਹੋ ਜਿਸ ਨੂੰ ਤੁਸੀਂ ਵਧਾਉਣ ਦੀ ਉਮੀਦ ਰੱਖਦੇ ਹੋ, ਤਾਂ ਉਹ ਕਰਦੇ ਰਹੋ। ਦੂਸਰੇ ਕੰਮ ਨੂੰ ਨੌਕਰੀ ਕਿਹਾ ਜਾਂਦਾ ਹੈ, ਤੁਸੀਂ ਸਵੇਰੇ ਜਾਂਦੇ ਹੋ ਅਤੇ ਰਾਤ ਨੂੰ ਵਾਪਸ ਆ ਜਾਂਦੇ ਹੋ।” ਉਹ ਇੱਕੋ ਵੇਲੇ ਥੱਕੇ-ਥੱਕੇ ਅਤੇ ਉਮੀਦ ਨਾਲ਼ ਭਰਪੂਰ ਨਜ਼ਰ ਆ ਰਹੇ ਹਨ।
“ਮੈਂ 7ਵੀਂ ਜਮਾਤ ਤੱਕ ਪੜ੍ਹਿਆ ਹਾਂ। ਮੈਂ ਅੱਠਵੀਂ ਵਿੱਚ ਦਾਖਲਾ ਲੈ ਲਿਆ ਸੀ, ਪਰ ਫੇਰ ਦੰਗੇ ਸ਼ੁਰੂ ਹੋ ਗਏ। ਮੈਂ ਮੁੜ ਸਕੂਲ ਨਹੀਂ ਗਿਆ। ਉਦੋਂ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਦੇ 5 ਰੁਪਏ ਲਈ ਇੱਕ ਦੁਕਾਨ ਵਿੱਚ ਪ੍ਰਾਈਮਸ ਸਟੋਵ ਦੀ ਮੁਰੰਮਤ ਕਰਨ ਦਾ ਕੰਮ ਕੀਤਾ। ਮੈਂ ਕੈਰੋਸੀਨ ਪੰਪ, ਵੈਲਡਿੰਗ ਵਾਲ਼ੇ ਡੰਡੇ ਵੀ ਬਣਾਏ। ਬਹੁਤ ਕੁਝ ਕੀਤਾ,” ਉਹਨਾਂ ਨੇ ਕਿਹਾ। ਛਾਣਨੀਆਂ ਬਣਾਉਣਾ ਅਤੇ ਇਹਨਾਂ ਦੀ ਮੁਰੰਮਤ ਕਰਨੀ ਉਹਨਾਂ ਦਾ ਸਭ ਤੋਂ ਨਵਾਂ ਉੱਦਮ ਹੈ।
ਅਹਿਮਦਾਬਾਦ ਅਤੇ ਹੋਰਨਾਂ ਸ਼ਹਿਰਾਂ ਵਿੱਚ ਛਾਣਨੀਆਂ ਦੀ ਮੁਕੰਮਤ ਕਰਨ ਵਾਲ਼ੇ ਕਈ ਹਨ ਪਰ ਮੁਹੰਮਦ ਭਾਈ ਵਾਂਗ ਘਰ-ਘਰ ਜਾ ਕੇ ਮੁਰੰਮਤ ਦਾ ਕੰਮ ਕਰਨ ਵਾਲ਼ੇ ਜ਼ਿਆਦਾ ਨਹੀਂ। “ਪਹਿਲਾਂ ਮੇਰੇ ਅੱਬਾ ਇਹ ਕੰਮ ਕਰਦੇ ਸੀ ਅਤੇ ਹੁਣ ਮੈਂ ਕਰਦਾ ਹਾਂ। ਮੈਂ ਅਜਿਹੇ ਕਿਸੇ ਵੀ ਸ਼ਖਸ ਨੂੰ ਨਹੀਂ ਜਾਣਦਾ ਜੋ ਰੇਹੜੀ ਲੈ ਕੇ ਮੁਰੰਮਤ ਦਾ ਕੰਮ ਕਰਨ ਜਾਂਦਾ ਹੋਵੇ। ਕਿਸੇ ਬਾਰੇ ਨਹੀਂ ਸੁਣਿਆ। ਕਿਸੇ ਨੂੰ ਨਹੀਂ ਦੇਖਿਆ। ਮੈਂ ਹੀ ਹਾਂ ਜੋ ਰੇਹੜੀ ਲੈ ਕੇ ਜਗ੍ਹਾ-ਜਗ੍ਹਾ ਜਾਂਦਾ ਹਾਂ,” ਉਹਨਾਂ ਨੇ ਕਿਹਾ।
ਉਹਨਾਂ ਦੀ ਰੇਹੜੀ ਵੱਖੋ-ਵੱਖਰੀ ਮਜ਼ਬੂਤੀ ਅਤੇ ਮੋਟਾਈ ਵਾਲੀਆਂ ਲੋਹੇ ਦੀਆਂ ਜਾਲੀਆਂ, ਕੁਝ ਪੁਰਾਣੀਆਂ ਛਾਣਨੀਆਂ, ਕੁਝ ਮੇਖਾਂ, ਇੱਕ ਪਲਾਸ, ਕਾਫੀ ਵੱਡੀ ਕੈਂਚੀ, ਕੁਝ ਹਥੌੜੀਆਂ, ਅਤੇ ਤਕਰਬੀਨ ਤਿੰਨ ਫੁੱਟ ਲੰਬੇ ਰੇਲ ਪਟੜੀ ਦੇ ਇੱਕ ਹਿੱਸੇ ਨਾਲ਼ ਭਰੀ ਹੋਈ ਹੈ। ਕਦੇ ਕੁੜ੍ਹਤਾ-ਪਜਾਮਾ ਪਾ ਕੇ, ਤੇ ਕਦੇ ਪੈਂਟ-ਸ਼ਰਟ ਪਾ ਕੇ, ਪੈਰਾਂ ਵਿੱਚ ਪੁਰਾਣੀਆਂ ਚੱਪਲਾਂ ਪਾਈਂ, ਮੋਢੇ ਉੱਤੇ ਮੂੰਹ ਪੂੰਝਣ ਲਈ ਰੁਮਾਲ ਲਟਕਾ ਕੇ, ਉਹ ਸ਼ਹਿਰ ਦੀਆਂ ਗਲੀਆਂ ਵਿੱਚ 100 ਕਿਲੋ ਵਜ਼ਨ ਦੀ ਆਪਣੀ ਰੇਹੜੀ ਨੂੰ ਧੱਕਾ ਲਾਉਂਦੇ ਹਨ।
ਛਾਣਨੀ ਬਣਾਉਣ ਦਾ ਮਤਲਬ ਹੈ ਕਿ ਬਜ਼ਾਰ ਦੇ ਕਈ ਚੱਕਰ ਲਾਉਣੇ। ਮੁਹੰਮਦ ਭਾਈ ਪਹਿਲਾਂ ਬਜ਼ਾਰ ਤੋਂ ਟੀਨ ਦੀ ਚਾਦਰ ਲੈਂਦੇ ਹਨ, ਫੇਰ ਚਾਦਰ ਨੂੰ ਲੋੜੀਂਦੀ ਲੰਬਾਈ ਅਤੇ ਚੌੜਾਈ ਮੁਤਾਬਕ ਕੱਟਦੇ ਹਨ। ਫੇਰ ਉਹ ਕੱਟੀਆਂ ਹੋਈਆਂ ਚਾਦਰਾਂ ਨੂੰ ਆਕਾਰ ਦੇਣ ਅਤੇ ਰਿੰਮ ਲਈ ਪੱਧਰੀਆਂ ਪੱਤੀਆਂ ਤਿਆਰ ਕਰਨ ਲਈ ਪ੍ਰੈਸ ’ਤੇ ਲੈ ਕੇ ਜਾਂਦੇ ਹਨ। ਜਿਸਨੂੰ ਉਹ ‘ਪ੍ਰੈਸ’ ਕਹਿੰਦੇ ਹਨ, ਉਹ ਦਰਅਸਲ ਇੱਕ ਛੋਟੀ ਜਿਹੀ ਦੁਕਾਨ ਹੈ ਜਿੱਥੇ ਲੋਹੇ ਦੀਆਂ ਚਾਦਰਾਂ ਨੂੰ ਕੱਟਿਆ ਅਤੇ ਪੱਧਰਾ ਕੀਤਾ ਜਾਂਦਾ ਹੈ।
ਆਪਣੇ ਘਰ ਵਿੱਚ ਬੈਠਿਆਂ ਉਹ ਡੰਡੀਆਂ ਉੱਤੇ ਪੱਤੀ ਲਾ ਕੇ ਦੋ ਮੇਖਾਂ ਗੱਡਦੇ ਹਨ, ਅਤੇ ਫਿਰ ਦੁਬਾਰਾ “ ਕੋਰ-ਕੰਦੋਰੋ ” ਲੈਣ ਲਈ ਬਜ਼ਾਰ ਜਾਂਦੇ ਹਨ – ਛਾਣਨੀ ਲਈ ਫਰੇਮ ਤਿਆਰ ਕਰਨ ਦਾ ਇੱਕ ਤਰੀਕਾ। ਘਰ ਆ ਕੇ ਉਹ ਛਾਣਨੀ ਦੇ ਗੋਲ ਫਰੇਮ ਉੱਤੇ ਤਾਰ ਦੀ ਬੁਣੀ ਜਾਲੀ ਅਤੇ ਮੇਖਾਂ ਲਾਉਂਦੇ ਹਨ।
“ਫੁੱਲੀਆਂ, ਖਿੱਲਾਂ, ਭੁੰਨੇ ਹੋਏ ਛੋਲੇ, ਅਤੇ ਸੁਪਾਰੀ ਲਈ ਚੌੜੀ ਜਾਲੀ ਵਰਤੀ ਜਾਂਦੀ ਹੈ। ਅਸੀਂ ਉਸ ਵੱਡੀ ਮੋਰੀ ਵਾਲੀ ਜਾਲੀ ਨੂੰ ‘ਨੰਬਰ 5’ ਕਹਿੰਦੇ ਹਾਂ। ਬਾਕੀ ਸਾਰਾ ਕੁਝ ‘ਕੰਮ ਚਲਾਊ’ ਹੈ ਜਿਸਨੂੰ ਕਣਕ, ਚੌਲ, ਜਵਾਰ-ਬਾਜਰਾ ਵਗੈਰਾ ਲਈ ਵਰਤਿਆ ਜਾਂਦਾ ਹੈ,” ਇੱਕ ਵੱਡੀ ਛਾਣਨੀ ਦਿਖਾਉਂਦੇ ਹੋਏ ਮੁਹੰਮਦ ਭਾਈ ਨੇ ਕਿਹਾ। “ਮੈਂ ਨਵੀਂ ਛਾਣਨੀ 70 ਰੁਪਏ ਵਿੱਚ ਵੇਚਦਾ ਹਾਂ, ਪੁਰਾਣੀ ਦੀ ਮੁਰੰਮਤ ਮੈਂ ਚਾਲੀ ਜਾਂ ਪੰਤਾਲੀ ਰੁਪਏ ਵਿੱਚ ਕਰ ਸਕਦਾ ਹਾਂ। ਇਹ ਸਭ ਜਾਲੀ ਦੀ ਗੁਣਵੱਤਾ ਉੱਤੇ ਨਿਰਭਰ ਕਰਦਾ ਹੈ।”
ਛਾਣਨੀ ਦੇ ਆਕਾਰ ਦੇ ਨਾਲ਼-ਨਾਲ਼ ਇਸਦੀ ਪਛਾਣ ਲਈ ਜਾਲੀ ਦੀ ਗੁਣਵੱਤਾ ਇਹ ਪਤਾ ਕਰਨ ਦਾ ਇੱਕ ਹੋਰ ਢੰਗ ਹੈ, ਉਹਨਾਂ ਨੇ ਦੱਸਿਆ। “ਇਹ ਵੱਖੋ-ਵੱਖਰੇ ਆਕਾਰਾਂ ਵਿੱਚ ਆਉਂਦੀਆਂ ਹਨ – 10 ਇੰਚ, 12 ਇੰਚ, 13 ਇੰਚ, 15 ਇੰਚ ਜਾਂ 16 ਇੰਚ ਦੇ ਵਿਆਸ ਵਿੱਚ ਅਤੇ ਹਰ ਇੱਕ ਵਿੱਚ ਵੱਖੋ-ਵੱਖਰੀ ਗੁਣਵੱਤਾ ਵਾਲੀ ਜਾਲੀ ਲੱਗੀ ਹੋ ਸਕਦੀ ਹੈ,” ਉਹਨਾਂ ਨੇ ਦੱਸਿਆ।
“ਤਾਰ ਦੀ ਬੁਣੀ ਜਾਲੀ ਦਾ 30 ਮੀਟਰ ਦਾ ਇੱਕ ਰੋਲ ਤਕਰੀਬਨ 4000 ਰੁਪਏ ਦਾ ਆਉਂਦਾ ਹੈ। ਕੰਮ ਚਲਾਊ ਚੀਜ਼ਾਂ, ਆਮ ਛਾਣਨੀਆਂ ਲਈ ਮੈਂ 10 ਤੋਂ 40 ਰੁਪਏ ਲੈਂਦਾ ਹਾਂ। 12 ਨੰਬਰ ਲਈ ਮੈਂ 70 ਜਾਂ 80 ਰੁਪਏ ਵੀ ਲੈ ਸਕਦਾ ਹਾਂ, ਇਹ ਸਭ ਗਾਹਕ ਉੱਤੇ ਨਿਰਭਰ ਹੈ। ਉਹ ਵੀ ਹਨ ਜੋ ਮੈਨੂੰ 90 ਜਾਂ 100 ਰੁਪਏ ਦੇਣ ਲਈ ਵੀ ਰਾਜ਼ੀ ਹਨ।”
ਕੁਝ ਕੁ ਮਹੀਨੇ ਬਾਅਦ ਉਹ ਕੱਚੇ ਮਾਲ ਉੱਤੇ 35,000 ਰੁਪਏ ਖਰਚ ਕਰਦੇ ਹਨ। ਉਹ ਮਹੀਨੇ ਵਿੱਚ ਛੇ ਤੋਂ ਸੱਤ ਹਜ਼ਾਰ ਰੁਪਏ ਕਮਾਉਂਦੇ ਹਨ। ਖਰਚਾ ਕਾਫੀ ਹੋ ਜਾਂਦਾ ਹੈ, ਉਹਨਾਂ ਨੇ ਲੰਮਾ ਸਾਹ ਲੈਂਦਿਆਂ ਕਿਹਾ, “ਅਸੀਂ ਦੋ ਜਣੇ ਹਾਂ ਅਤੇ ਫੇਰ ਵੀ ਜੋ ਵੀ ਮੈਂ ਘਰ ਲਿਆਉਂਦਾ ਹਾਂ, ਅਸੀਂ ਉਹ ਸਾਰਾ ਖਰਚ ਕਰ ਦਿੰਦੇ ਹਾਂ।” ਫੇਰ ਉਹ ਅਚਾਨਕ ਮੁਸਕੁਰਾਉਂਦੇ ਹਨ ਅਤੇ ਕਹਿੰਦੇ ਹਨ, “ਮੈਂ ਐਤਵਾਰ ਨੂੰ ਕਿਤੇ ਵੀ ਕੰਮ ਕਰਨ ਨਹੀਂ ਜਾਂਦਾ। ਇੱਕ ਦਿਨ ਮੈਂ ਆਰਾਮ ਕਰਦਾ ਹਾਂ।”
ਤਰਜਮਾ: ਅਰਸ਼ਦੀਪ ਅਰਸ਼ੀ