ਗੰਗੂਬਾਈ ਪੀਣ ਵਾਲ਼ੇ ਪਾਣੀ ਦੇ ਇੱਕ ਕਤਰੇ ਲਈ ਹਾੜੇ ਕੱਢਦੀ ਰਹੀ। "ਸਰਕਾਰ! ਚੌਕੀਦਾਰ ਸਾਹਬ , ਰਤਾ ਕੁ ਪੀਣ ਲਈ ਪਾਣੀ ਹੀ ਦੇ ਦਿਓ। ਮੈਂ ਇੱਥੋਂ ਦੀ ਹੀ ਰਹਿਣ ਵਾਲ਼ੀ ਆਂ।"
ਪਰ ਹਾੜੇ ਕੱਢਣੇ, ਬੇਨਤੀਆਂ ਕਰਨੀਆਂ ਕਾਫ਼ੀ ਨਾ ਰਹੀਆਂ। ਗੰਗੂਬਾਈ ਨੂੰ ਉਨ੍ਹਾਂ ਨੂੰ ਯਕੀਨ ਦਿਵਾਉਣਾ ਪਿਆ, "ਪਾਣੀ ਪੀਣ ਲੱਗਿਆਂ ਮੈਂ ਤੁਹਾਡੇ ਕਿਸੇ ਵੀ ਭਾਂਡੇ ਨੂੰ ਹੱਥ ਤੱਕ ਨਹੀਂ ਲਾਊਂਗੀ।''
ਗੰਗੂਬਾਈ (ਬਦਲਿਆ ਨਾਮ) ਪਾਣੀ ਵਾਸਤੇ ਸਰਕਾਰੀ ਟੂਟੀਆਂ, ਚਾਹ ਦੇ ਖੋਖਿਆਂ ਤੇ ਵਿਆਹ ਹਾਲਾਂ 'ਤੇ ਨਿਰਭਰ ਰਹਿੰਦੀ ਹਨ। ਉਨ੍ਹਾਂ ਦਾ 'ਘਰ' ਫੁੱਟਪਾਥ 'ਤੇ ਹੈ ਇਸਲਈ ਉਨ੍ਹਾਂ ਨੂੰ ਜਦੋਂ ਵੀ ਪਾਣੀ ਦੀ ਲੋੜ ਹੋਵੇ, ਸਾਹਮਣੇ ਬਣੇ ਹੋਟਲ ਦੇ ਚੌਂਕੀਦਾਰ ਕੋਲ਼ ਤਰਲੇ ਮਾਰਨੇ ਪੈਂਦੇ ਹਨ। ਦਿਹਾੜੀ ਵਿੱਚ ਜਦੋਂ ਵੀ ਪਾਣੀ ਦੀ ਲੋੜ ਹੋਵੇ ਉਨ੍ਹਾਂ ਨੂੰ ਬਾਰ-ਬਾਰ ਹਰ ਵਾਰ ਤਰਲਿਆਂ, ਹਾੜਿਆਂ ਦਾ ਸਹਾਰਾ ਲੈਣਾ ਪੈਂਦਾ ਹੈ।
ਪਾਣੀ ਲੱਭਣਾ ਰੋਜ਼ ਦਾ ਇੱਕ ਕੰਮ ਹੈ ਤੇ ਜੇ ਪਾਣੀ ਲੱਭ ਵੀ ਜਾਵੇ ਤਾਂ ਜਾਤ ਦਾ ਕਲੰਕ ਉਨ੍ਹਾਂ ਨੂੰ ਪਾਣੀ ਦੇ ਭਾਂਡੇ ਕੋਲ਼ ਜਾਣ ਨਹੀਂ ਦਿੰਦਾ। ਉਹ ਫਾਂਸੇ ਪਾਰਧੀ ਕਬੀਲੇ ਨਾਲ਼ ਤਾਅਲੁੱਕ ਰੱਖਦੀ ਹਨ ਜੋ 'ਅਪਰਾਧਕ ਕਬੀਲੇ' ਵਜੋਂ ਸੂਚੀਬੱਧ ਹੈ। ਇਹ ਦਾਗ਼ ਜੋ ਬਸਤੀਵਾਦ ਦੇ ਦੌਰ ਦੌਰਾਨ ਲਾਇਆ ਗਿਆ ਸੀ ਅਤੇ 1952 ਆਉਂਦੇ-ਆਉਂਦੇ ਭਾਰਤੀ ਸਰਕਾਰ ਵੱਲੋਂ ਰੱਦ ਕੀਤਾ ਗਿਆ । ਅੱਜ 70 ਸਾਲ ਬੀਤ ਜਾਣ ਦੇ ਬਾਵਜੂਦ ਵੀ ਗੰਗੂਬਾਈ ਜਿਹੇ ਲੋਕਾਂ ਨੂੰ ਆਪਣੇ ਬੁਨਿਆਦੀ ਹਕੂਕਾਂ ਖ਼ਾਤਰ ਲੜਨਾ ਪੈਂਦਾ ਹੈ, ਦੂਸਰਿਆਂ ਨੂੰ ਯਕੀਨ ਦਵਾਉਣਾ ਪੈਂਦਾ ਹੈ ਕਿ ਉਹ ਚੋਰ ਨਹੀਂ ਹਨ, ਤਦ ਕਿਤੇ ਜਾ ਕੇ ਉਨ੍ਹਾਂ ਨੂੰ ਪਾਣੀ ਦੀ ਬਾਲਟੀ ਮਿਲ਼ਦੀ ਹੈ।
''ਪਾਣੀ ਵੀ ਸਿਰਫ਼ ਓਦੋਂ ਹੀ ਮਿਲ਼ਦਾ ਹੈ ਜਦੋਂ ਅਸੀਂ ਕਹੀਏ,'ਅਸੀਂ ਤੁਹਾਡੀ ਕਿਸੇ ਵੀ ਸ਼ੈਅ ਨੂੰ ਛੂਹਾਂਗੇ ਤੱਕ ਨਹੀਂ,' ਰੱਬ ਦਾ ਵਾਸਤਾ ਏ ਪਾਣੀ ਦੇ ਦਿਓ,'' ਗੰਗੂਬਾਈ ਆਪਣਾ ਦੁੱਖ ਦੱਸਦੀ ਹਨ। ਇੱਕ ਵਾਰ ਹਾਂ ਹੋਣ 'ਤੇ ਉਹ ਜਿੰਨਾ ਸੰਭਵ ਹੋ ਸਕੇ, ਛੋਟੇ ਤੋਂ ਛੋਟੇ ਭਾਂਡੇ, ਪਲਾਸਟਿਕ ਦੇ ਡਰੰਮ ਤੇ ਪਾਣੀ ਦੀਆਂ ਬੋਤਲਾਂ ਤੱਕ ਭਰ ਲੈਂਦੀ ਹਨ। ਜੇ ਕਿਸੇ ਹੋਟਲ ਤੋਂ ਮਨ੍ਹਾ ਹੋ ਜਾਵੇ ਤਾਂ ਉਹ ਅਗਲੇ ਹੋਟਲ ਜਾਂਦੀ ਹਨ, ਸਖ਼ਤ ਦਿਲ ਹੋਟਲ ਮਾਲਕਾਂ ਨੂੰ ਹਾੜੇ ਕੱਢਦੀ ਹੋਈ ਅੱਗੇ ਵੱਧਦੀ ਜਾਂਦੀ ਹਨ। ਹਰ ਰੋਜ਼ ਉਹ ਚਾਰ-ਪੰਜ ਥਾਓਂ ਪੁੱਛਦੀ ਹਨ ਫਿਰ ਕਿਤੇ ਜਾ ਕੇ ਕੋਈ ਇੱਕ ਹਾਂ ਕਹਿੰਦਾ ਹੈ ਤੇ ਉਨ੍ਹਾਂ ਦੇ ਘਰ ਚਲਾਉਣ, ਖਾਣਾ ਪਕਾਉਣ ਜੋਗਾ ਪਾਣੀ ਮਿਲ਼ਦਾ ਹੈ।
ਗੰਗੂਬਾਈ ਜਿਹੇ ਪ੍ਰਵਾਸੀ ਨਾਂਦੇੜ ਦੇ ਨੇੜਲੇ ਪਿੰਡਾਂ ਅਤੇ ਮਹਾਰਾਸ਼ਟਰ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਇੱਥੇ ਆਉਂਦੇ ਹਨ। ''ਇੱਥੇ ਅਸੀਂ ਅੱਠ ਮਹੀਨਿਆਂ ਲਈ ਹਾਂ ਤੇ ਫਿਰ ਮਾਨਸੂਨ ਸ਼ੁਰੂ ਹੁੰਦਿਆਂ ਹੀ ਆਪੋ-ਆਪਣੇ ਪਿੰਡਾਂ ਨੂੰ ਮੁੜ ਜਾਵਾਂਗੇ,'' ਉਹ ਦੱਸਦੀ ਹਨ। ਇਨ੍ਹਾਂ ਪ੍ਰਵਾਸੀ ਪਰਿਵਾਰਾਂ ਨੇ ਸ਼ਹਿਰ ਦੀਆਂ ਖੁੱਲ੍ਹੀਆਂ ਥਾਵਾਂ, ਫੁੱਟਪਾਥਾਂ, ਪਾਣੀ ਦੀਆਂ ਟੈਂਕੀਆਂ ਹੇਠਾਂ, ਰੇਲਵੇ ਸਟੇਸ਼ਨਾਂ ਨੇੜੇ ਆਰਜ਼ੀ ਘਰ ਬਣਾਏ ਹੋਏ ਹਨ। ਉਨ੍ਹਾਂ ਦਾ ਮਕਸਦ ਹੁੰਦਾ ਕਿ ਜਿੰਨਾ ਚਿਰ ਉਹ ਇੱਥੇ ਰਹਿੰਦੇ ਹਨ ਕੰਮ ਕਰਦੇ ਰਹਿਣ ਤੇ ਲੋੜ ਪੈਂਦਿਆਂ ਹੀ ਇੱਥੇ ਜਾ ਵੀ ਸਕਣ।
ਸ਼ਹਿਰ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲ਼ੇ ਇਨ੍ਹਾਂ ਪ੍ਰਵਾਸੀਆਂ, ਮੌਸਮੀ ਪ੍ਰਵਾਸ ਕਰਨ ਵਾਲ਼ਿਆਂ ਵਾਸਤੇ ਪਾਣੀ ਦਾ ਕੋਈ ਵੀ ਪੱਕਾ ਬੰਦੋਬਸਤ ਨਹੀਂ ਹੈ। ਪਾਣੀ ਦੀ ਭਾਲ਼ ਵਿੱਚ ਬੱਚਿਆਂ, ਔਰਤਾਂ ਖ਼ਾਸ ਕਰਕੇ ਜੁਆਨ ਕੁੜੀਆਂ ਨੂੰ ਅਪਮਾਨ ਬਰਦਾਸ਼ਤ ਕਰਨਾ ਪੈਂਦਾ ਤੇ ਕਈ ਵਾਰੀਂ ਹਿੰਸਾ ਵੀ।
ਪ੍ਰਵਾਸੀ ਮਜ਼ਦੂਰ ਕੰਮ ਦੀ ਭਾਲ਼ ਵਿੱਚ ਗੋਕੁਲਨਗਰ, ਦੇਗਲੂਰ ਨਾਕਾ, ਵਾਜੇਗਾਓਂ, ਸਿਡਕੋ ਰੋਡ ਅਤੇ ਹਜ਼ੂਰ ਸਾਹਿਬ ਰੇਲਵੇ ਸਟੇਸ਼ਨਾਂ 'ਤੇ ਹੀ ਫਸੇ ਰਹਿੰਦੇ ਹਨ, ਓਨਾ ਚਿਰ ਜਿੰਨਾ ਚਿਰ ਉਨ੍ਹਾਂ ਨੂੰ ਕਿਸੇ ਦੂਸਰੇ ਸ਼ਹਿਰ ਕੰਮ ਨਹੀਂ ਮਿਲ਼ਦਾ ਜਾਂ ਫਿਰ ਵਾਪਸ ਆਪਣੇ ਪਿੰਡ ਨਹੀਂ ਚਲੇ ਜਾਂਦੇ।
ਪ੍ਰਵਾਸੀ ਲੋਕਾਂ ਵਿੱਚ ਪਾਰਧੀ, ਘਿਸਾਦੀ ਅਤੇ ਵਾਦਰ ਭਾਈਚਾਰੇ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਨੋਇਡਾ, ਬਿਦਰ ਅਤੇ ਕਰਨਾਟਕ ਤੋਂ ਇਲਾਵਾ ਤੇਲੰਗਾਨਾ ਦੇ ਮੁਸਲਮਾਨ, ਚਮਾਰ ਅਤੇ ਜੋਗੀ ਲੋਕ ਵੀ ਕੰਮ ਦੀ ਭਾਲ਼ ਵਿੱਚ ਇੱਥੇ ਆਏ ਹੋਏ ਹਨ। ਉਹ ਆਪਣਾ ਰਵਾਇਤੀ, ਜਾਤੀ ਅਧਾਰਤ ਪੇਸ਼ਾ ਜਾਰੀ ਰੱਖਦੇ ਹੋਏ ਵੀ ਨਵੇਂ ਕੰਮ ਦੀ ਭਾਲ਼ ਕਰਦੇ ਰਹਿੰਦੇ ਹਨ। ਕਈ ਵਾਰੀਂ ਉਹ ਟ੍ਰੈਫ਼ਿਕ ਸਿਗਨਲਾਂ 'ਤੇ ਹੱਥੀਂ ਤਿਆਰ ਲੋਹੇ ਦੀਆਂ ਚੀਜ਼ਾਂ, ਪੈੱਨ, ਗੁਬਾਰੇ, ਮੈਟ, ਸ਼ੀਸ਼ੇ ਦਾ ਸਮਾਨ ਅਤੇ ਖਿਡੌਣੇ ਵੀ ਵੇਚਦੇ ਹਨ ਤੇ ਕਈ ਵਾਰੀਂ ਭੀਖ ਤੱਕ ਮੰਗਦੇ ਹਨ। ਉਨ੍ਹਾਂ ਵਿੱਚੋਂ ਕਈ ਲੋਕੀਂ ਨਿਰਮਾਣ-ਥਾਵਾਂ 'ਤੇ ਦਿਹਾੜੀਆਂ ਲਾਉਂਦੇ ਹਨ ਜਾਂ ਢਿੱਡ ਭਰਨ ਲਈ ਛੋਟੇ-ਮੋਟੇ ਕੰਮ ਕਰਦੇ ਹਨ।
ਸਿਡਕੋ ਐੱਮਆਈਡੀਸੀ (ਮਹਾਰਾਸ਼ਟਰ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ) ਦੀ ਸੜਕ ਕਿਨਾਰੇ ਰਹਿਣ ਵਾਲ਼ੀ ਕਾਜਲ ਚਵਾਨ ਸਦਾ ਹੀ ਪਾਣੀ ਦੀ ਭਾਲ਼ ਕਰਦੀ ਰਹਿੰਦੀ ਹਨ। "ਕਈ ਵਾਰੀਂ ਅਸੀਂ ਸੜਕ 'ਤੇ ਜਾਂਦੇ ਪਾਣੀ ਟੈਂਕਰ ਵਾਲ਼ਿਆਂ ਕੋਲ਼ੋਂ ਪਾਣੀ ਮੰਗਦੇ ਹਾਂ ਤਾਂ ਉਹ ਬਦਲੇ ਵਿੱਚ ਸਾਡੇ ਕੋਲ਼ੋਂ ਕੋਈ ਨਾ ਕੋਈ ਕੰਮ ਕਰਵਾਉਂਦੇ ਹਨ,'' ਉਹ ਕਹਿੰਦੀ ਹਨ। ਇੰਝ ਪਾਣੀ ਦਾ ਜੁਗਾੜ ਕਰਨ ਵਾਲ਼ੀ ਉਹ ਇਕੱਲੀ ਨਹੀਂ ਹਨ, ਨਗਰਪਾਲਿਕਾ ਦੇ ਮੈਦਾਨਾਂ ਵਿੱਚ ਰਹਿਣ ਵਾਲ਼ੇ ਹੋਰ ਲੋਕੀਂ ਵੀ ਇਹੀ ਕਹਿੰਦੇ ਹਨ ਕਿ ਜਦੋਂ ਉਹ ਕਿਸੇ ਮਾਲਕ ਪਾਸੋਂ ਪਾਣੀ ਮੰਗਦੇ ਹਨ ਤਾਂ ਪਾਣੀ ਦੇਣ ਦੇ ਬਦਲੇ ਵਿੱਚ ਉਨ੍ਹਾਂ ਤੋਂ ਮਜ਼ਦੂਰ ਕਰਵਾਈ ਜਾਂਦੀ ਹੈ।
ਜਦੋਂ ਟੂਟੀ ਦਾ ਪਾਣੀ ਨਹੀਂ ਮਿਲ਼ਦਾ, ਤਾਂ ਉਨ੍ਹਾਂ ਨੂੰ ਪਾਣੀ ਦੇ ਹੋਰ ਵਿਕਲਪਾਂ ਦੀ ਭਾਲ਼ ਕਰਨੀ ਪੈਂਦੀ ਹੈ। ਗੋਕੁਲਨਗਰ ਦੇ ਫੁੱਟਪਾਥ 'ਤੇ ਨਗਰ ਨਿਗਮ ਦੀ ਪਾਈਪਲਾਈਨ ਦਾ ਚੈਂਬਰ ਹੈ। ਚੈਂਬਰ ਵਿੱਚੋਂ ਰਿਸਦਾ ਪਾਣੀ ਹੀ ਉਨ੍ਹਾਂ ਦਾ ਅਖ਼ੀਰੀ ਸ੍ਰੋਤ ਬਣ ਜਾਂਦਾ ਹੈ। "ਚੈਂਬਰ ਵਿੱਚ (ਪਾਈਪਲਾਈਨ ਤੋਂ) ਹਫ਼ਤੇ ਵਿੱਚ ਦੋ ਵਾਰੀਂ ਪਾਣੀ ਛੱਡਿਆ ਜਾਂਦਾ ਸੀ। ਜਿਸ ਦਿਨ ਚੈਂਬਰ ਵਿੱਚ ਪਾਣੀ ਆਉਂਦਾ ਹੈ, ਸਾਡੇ ਲਈ ਉਹ ਜਸ਼ਨ ਦਾ ਦਿਹਾੜਾ ਬਣ ਜਾਂਦਾ ਹੈ," ਗੋਕੁਲਨਗਰ ਵਿਖੇ ਗੰਨੇ ਦਾ ਰਸ ਵੇਚਣ ਵਾਲ਼ੇ ਦਾ ਕਹਿਣਾ ਹੈ।
ਛੋਟੇ-ਛੋਟੇ ਬੱਚੇ ਬੜੇ ਅਰਾਮ ਨਾਲ਼ ਟੋਇਆਂ ਵਿੱਚ ਵੜ੍ਹ ਕੇ ਪਾਣੀ ਕੱਢ ਲਿਆਉਂਦੇ ਹਨ। ਮਿੱਟੀ ਦੀ ਗਾਰ ਤੇ ਨੇੜਲੇ ਹੋਟਲਾਂ ਦਾ ਗੰਦਾ ਪਾਣੀ ਟੋਏ ਵਿੱਚ ਡਿੱਗਦੇ ਪਾਣੀ ਨੂੰ ਗੰਦਾ ਕਰ ਦਿੰਦਾ ਹੈ। ਪਰ ਪਾਣੀ ਦੇ ਕਤਰੇ-ਕਤਰੇ ਨੂੰ ਤਰਸਦੇ ਇਹ ਪਰਿਵਾਰ ਇਸੇ ਪਾਣੀ ਨੂੰ ਨਹਾਉਣ ਜਾਂ ਕੱਪੜੇ ਧੋਣ ਲਈ ਵਰਤ ਹੀ ਲੈਂਦੇ ਹਨ। ਘੱਟੋ-ਘੱਟ 50 ਪਰਿਵਾਰ ਅਜਿਹੇ ਹਨ ਜੋ ਚੈਂਬਰ ਵਿੱਚੋਂ ਬੂੰਦ-ਬੂੰਦ ਰਿਸਦੇ ਪਾਣੀ 'ਤੇ ਨਿਰਭਰ ਕਰਦੇ ਹਨ। ਇਨ੍ਹਾਂ ਪਰਿਵਾਰਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ ਕਿਉਂਕਿ ਹਿਸਾਬ ਲਾਉਣਾ ਮੁਸ਼ਕਲ ਹੈ।
2021 ਦੀ ਇੱਕ ਰਿਪੋਰਟ ਦੱਸਦੀ ਹੈ ਕਿ ਨਾਂਦੇੜ ਸ਼ਹਿਰ ਨੂੰ ਪ੍ਰਤੀ ਵਿਅਕਤੀ 120 ਲੀਟਰ ਪਾਣੀ ਮਿਲ਼ਦਾ ਹੈ ਅਤੇ ਹਰ ਰੋਜ਼ ਕੁੱਲ 80 ਐੱਮਐੱਲਡੀ ਪਾਣੀ ਦੀ ਸਪਲਾਈ ਹੁੰਦੀ ਹੈ। ਪਰ ਪਾਣੀ ਦੇ ਇਸ ਲੇਖੇ-ਜੋਖੇ ਵਿੱਚ ਸੜਕਾਂ 'ਤੇ ਰਹਿਣ ਵਾਲ਼ੇ ਪ੍ਰਵਾਸੀ ਮਜ਼ਦੂਰ ਨਹੀਂ ਆਉਂਦੇ।
*****
ਮੈਂ ਦੇਗਲੂਰ ਨਾਕਾ ਵਿਖੇ ਪਾਣੀ ਦੀ ਟੈਂਕੀ ਦੇ ਹੇਠਾਂ ਇੱਕ ਖੁੱਲੀ ਜਗ੍ਹਾ ਵਿੱਚ ਰਹਿੰਦੇ ਖਾਨ ਪਰਿਵਾਰ ਨੂੰ ਮਿਲ਼ਿਆ। ਬੀਡ ਜ਼ਿਲ੍ਹੇ ਦਾ ਪਰਲੀ ਉਨ੍ਹਾਂ ਦਾ ਜੱਦੀ ਪਿੰਡ ਹੈ। ਉਹ ਸਾਲ ਵਿੱਚ ਕਈ ਵਾਰ ਇੱਥੇ ਆਉਂਦੇ ਹਨ, ਖ਼ਾਸ ਕਰਕੇ ਰਮਜ਼ਾਨ ਦੇ ਮਹੀਨੇ ਦੌਰਾਨ। ਉਹ 10-15 ਦਿਨ ਇੱਥੇ ਹੀ ਰਹਿੰਦੇ ਹਨ।
ਨਗਰ ਪਾਲਿਕਾ ਦੀ ਪਾਣੀ ਦੀ ਟੈਂਕੀ ਉਨ੍ਹਾਂ ਲਈ ਇੱਕ ਕਿਸਮ ਦੀ ਪਨਾਹ ਹੈ ਅਤੇ ਪਾਣੀ ਪ੍ਰਾਪਤ ਕਰਨ ਦੀ ਜਗ੍ਹਾ ਹੋਟਲਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਲੱਗੇ ਫਿਲਟਰ ਹਨ। ਜਦੋਂ ਹਸਪਤਾਲ/ਡਿਸਪੈਂਸਰੀ ਬੰਦ ਹੋ ਜਾਂਦੀ ਹੈ ਤਾਂ ਪਾਣੀ ਦੀ ਸਪਲਾਈ ਵੀ ਬੰਦ ਹੋ ਜਾਂਦੀ ਹੈ। 45 ਸਾਲਾ ਜਾਵੇਦ ਖਾਨ ਕਹਿੰਦੇ ਹਨ, "ਸਾਨੂੰ ਜੋ ਵੀ ਪਾਣੀ ਮਿਲ਼ਦਾ ਹੈ, ਅਸੀਂ ਉਹੀ ਪੀ ਲੈਂਦੇ ਹਾਂ। ਫਿਰ ਭਾਵੇਂ ਬੋਰਵੈੱਲ ਦਾ ਪਾਣੀ ਹੋਵੇ ਜਾਂ ਫਿਰ ਟੂਟੀ ਦਾ। ਅਸੀਂ ਟੈਂਕੀ ਦੇ ਵਾਲਵ ਵਿੱਚੋਂ ਦੀ ਰਿੱਸਣ ਵਾਲ਼ਾ ਫ਼ਾਲਤੂ ਪਾਣੀ ਵੀ ਪੀ ਲੈਂਦੇ ਹਾਂ।''
ਨਾਂਦੇੜ 'ਚ ਲੋਕਾਂ ਨੂੰ ਪਾਣੀ ਪੀਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ, ਨਿੱਜੀ ਫਿਲਟਰ ਕਈ ਥਾਵੇਂ ਲੱਗੇ ਹੋਏ ਹਨ, ਜਿੱਥੇ 10 ਰੁਪਏ ਦਾ ਪੰਜ ਲੀਟਰ ਪਾਣੀ ਮਿਲ਼ਦਾ ਹੈ। ਠੰਡਾ ਪਾਣੀ 10 ਰੁਪਏ ਵਿੱਚ ਤੇ ਤਾਜ਼ਾ ਪਾਣੀ 5 ਰੁਪਏ ਵਿੱਚ ਮਿਲ਼ਦਾ ਹੈ।
ਸੋਲ੍ਹਾਪੁਰ ਜ਼ਿਲ੍ਹੇ ਦੀ 32 ਸਾਲਾ ਨੈਯਨਾ ਕਾਲੇ ਮੁੰਬਈ-ਨਾਸਿਕ-ਪੁਣੇ ਤੋਂ ਨਾਂਦੇੜ ਆਈ ਹਨ। ਉਹ ਕਹਿੰਦੀ ਹਨ,"ਸਾਡੀ ਕੋਸ਼ਿਸ਼ ਪੰਜ ਲੀਟਰ ਪਾਣੀ ਨਾਲ਼ ਹੀ ਸਾਰਨ ਦੀ ਹੁੰਦੀ ਹੈ ਜੋ ਸਾਨੂੰ ਦਸ ਰੁਪਏ ਵਿੱਚ ਮਿਲ਼ਦਾ ਹੈ।''
ਲੋਕ ਪਾਣੀ ਲਿਆਉਣ ਲਈ ਹਰ ਰੋਜ਼ ਭੁਗਤਾਨ ਨਹੀਂ ਕਰ ਸਕਦੇ ਤੇ ਅਜਿਹੀ ਸੂਰਤ ਵਿੱਚ ਉਹ ਮਜ਼ਬੂਰੀਵੱਸ ਫਿਲਟਰ ਵੱਲੋਂ ਕੱਢਿਆ ਫ਼ਾਲਤੂ ਪਾਣੀ (ਰਿਵਰਸ ਓਸਮੋਸਿਸ) ਦਾ ਪਾਣੀ ਖਰੀਦਦੇ ਹਨ। ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਗਰਦਾਨਿਆ ਹਾਨੀਕਾਰਕ ਪਾਣੀ ਪੀਣਾ ਤੇ ਇਸਤੇਮਾਲ ਕਰਨਾ ਪੈਂਦਾ ਹੈ।
ਨਾਂਦੇੜ ਸਟੇਸ਼ਨ ਇਲਾਕੇ 'ਚ ਰਹਿਣ ਵਾਲ਼ੀ 30 ਸਾਲਾ ਖਤੂਨ ਪਟੇਲ ਕਹਿੰਦੀ ਹਨ, ''ਜੇ ਤੁਸੀਂ ਕਿਸੇ ਹੋਟਲ ਤੋਂ ਪਾਣੀ ਮੰਗਦੇ ਹੋ ਤਾਂ ਤੁਹਾਨੂੰ ਇਹ ਖਰੀਦਣਾ ਪੈਂਦਾ ਹੈ, ਨਹੀਂ ਤਾਂ ਹੋਟਲ ਮਾਲਕ ਕਹਿੰਦੇ ਹਨ ਕਿ ਉਨ੍ਹਾਂ ਕੋਲ਼ ਆਪਣੇ ਗਾਹਕਾਂ ਜੋਗਾ ਪਾਣੀ ਨਹੀਂ ਤੁਹਾਨੂੰ ਕਿੱਥੋਂ ਦੇ ਦੇਈਏ?''
"ਸਾਡੇ ਕੋਲ਼ ਪਾਣੀ ਤਾਂ ਹੁੰਦਾ ਹੈ ਪਰ ਅਸੀਂ ਉਨ੍ਹਾਂ ਨੂੰ ਦਿੰਦੇ ਨਹੀਂ," ਗੋਕੁਲਨਗਰ ਦੇ ਇੱਕ ਚੌਕੀਦਾਰ ਦਾ ਕਹਿਣਾ ਹੈ,''ਅਸੀਂ 'ਪਾਣੀ ਨਹੀਂ ਹੈ' ਕਹੀਦਾ ਤੇ ਉਨ੍ਹਾਂ ਨੂੰ ਭਜਾ ਦਈਦਾ।''
ਕਿਸੇ ਮੈਰਿਜ ਹਾਲ ਦੇ ਮਾਲਕ (ਨਾਮ ਗੁਪਤ ਰੱਖਣ ਦੀ ਸ਼ਰਤ 'ਤੇ) ਦਾ ਕਹਿਣਾ ਹੈ, "ਅਸੀਂ ਉਨ੍ਹਾਂ (ਬਸਤੀ ਦੇ ਲੋਕਾਂ) ਨੂੰ ਦੋ ਡੱਬੇ ਪਾਣੀ ਲੈਣ ਦੀ ਇਜਾਜ਼ਤ ਤਾਂ ਦੇ ਦਿੰਦੇ ਹਾਂ ਪਰ ਉਹ ਹੋਰ-ਹੋਰ ਪਾਣੀ ਦੇਣ ਲਈ ਕਹਿੰਦੇ ਰਹਿੰਦੇ ਹਨ। ਸਾਡੇ ਮੀਟਰ ਵਾਲ਼ੀ ਪਾਣੀ-ਸਪਲਾਈ ਆਉਂਦੀ ਹੈ, ਸੋ ਅਸੀਂ ਉਨ੍ਹਾਂ ਨੂੰ ਇੱਕ ਹੱਦ ਤੱਕ ਹੀ ਪਾਣੀ ਦੇ ਸਕਦੇ ਹਾਂ।''
*****
ਪਾਣੀ ਲਿਆਉਣ ਦੀ ਜ਼ਿੰਮੇਵਾਰੀ ਲੜਕੀਆਂ ਅਤੇ ਔਰਤਾਂ ਦੇ ਸਿਰ ਰਹਿੰਦੀ ਹੈ, ਇਸ ਲਈ ਪਾਣੀ ਲਿਆਉਣ ਵੇਲ਼ੇ ਉਨ੍ਹਾਂ ਨੂੰ ਲੋਕਾਂ ਦੀ ਊਲ-ਜਲੂਲ ਵੀ ਸੁਣਨੀ ਪੈਂਦੀ ਹੈ। ਪਰ ਗੱਲ ਸਿਰਫ਼ ਇੰਨੀ ਹੀ ਨਹੀਂ। ਫੁੱਟਪਾਥਾਂ 'ਤੇ ਰਹਿੰਦੇ ਲੋਕਾਂ ਦਰਮਿਆਨ ਮਾਰੋ-ਮਾਰ ਪਈ ਰਹਿੰਦੀ ਹੈ ਤੇ ਔਰਤਾਂ ਦੇ ਨਹਾਉਣ ਦਾ ਵੀ ਕਿਤੇ ਕੋਈ ਬੰਦੋਬਸਤ ਨਹੀਂ ਹੁੰਦਾ। ''ਸਾਨੂੰ ਕੱਪੜੇ ਪਾ ਕੇ ਹੀ ਨਹਾਉਣਾ ਪੈਂਦਾ ਹੈ ਉਹ ਵੀ ਕਾਹਲੀ-ਕਾਹਲੀ। ਜਿੱਧਰ ਦੇਖੋ ਪੁਰਸ਼ ਹੀ ਪੁਰਸ਼ ਹੁੰਦੇ ਹਨ, ਸਾਨੂੰ ਸ਼ਰਮ ਆ ਜਾਂਦੀ ਆ ਪਰ ਉਨ੍ਹਾਂ ਨੂੰ ਨਹੀਂ। ਅਸੀਂ ਫਟਾਫਟ ਨਹਾ ਕੇ ਕੱਪੜੇ ਬਦਲਦੀਆਂ ਹਾਂ ਤੇ ਨਾਲ਼ੋਂ-ਨਾਲ਼ ਧੋ ਵੀ ਲੈਂਦੀਆਂ ਹਾਂ,'' 35 ਸਾਲਾ ਸਮੀਰਾ ਜੋਗੀ ਕਹਿੰਦੀ ਹਨ। ਉਹ ਲਖਨਊ ਦੀ ਰਹਿਣ ਵਾਲ਼ੀ ਹਨ, ਤੇ ਜੋਗੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ, ਜੋ ਉੱਤਰ ਪ੍ਰਦੇਸ਼ ਵਿਖੇ ਓਬੀਸੀ ਵਜੋਂ ਸੂਚੀਬੱਧ ਹੈ।
ਦੇਗਲੂਰ ਨਾਕੇ 'ਤੇ ਰਹਿਣ ਵਾਲ਼ੀਆਂ ਪਾਰਧੀ ਪਰਿਵਾਰ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਹਨ੍ਹੇਰਾ ਹੋਣ 'ਤੇ ਹੀ ਉਹ ਨਹਾਉਂਦੀਆਂ ਹਨ। ਉਹ ਖੜ੍ਹੇ ਟਰੱਕਾਂ ਮਗਰਲੀ ਥਾਂ ਦਾ ਲਭ ਲੈਂਦੀਆਂ ਹੋਈਆਂ ਉੱਥੇ ਸਾੜੀਆਂ ਦਾ ਪਰਦਾ ਜਿਹਾ ਲਾਈ ਨਹਾਉਂਦੀਆਂ ਹਨ।
ਸਿਡਕੋ (CIDCO) ਰੋਡ ਦੀ ਵਸਨੀਕ ਕਾਜਲ ਚਵਾਨ ਕਹਿੰਦੀ ਹਨ, "ਅਸੀਂ ਸੜਕ 'ਤੇ ਰਹਿੰਦੇ ਹਾਂ। ਰਾਹਗੀਰ ਸਾਨੂੰ ਦੇਖਦੇ ਹੀ ਰਹਿੰਦੇ ਹਨ। ਇਸ ਲਈ ਮੈਂ ਨਹਾਉਣ ਲਈ ਇਹ ਛੋਟਾ ਜਿਹਾ ਜੁਗਾੜ ਬਣਾਇਆ ਹੈ। ਮੇਰੇ ਨਾਲ਼ ਜਵਾਨ ਕੁੜੀ ਵੀ ਹੈ, ਇਸ ਲਈ ਬੜੀ ਸਾਵਧਾਨੀ ਤੋਂ ਕੰਮ ਲੈਣਾ ਪੈਂਦਾ ਹੈ।''
ਗੋਕੁਲਨਗਰ ਦੀ ਵਸਨੀਕ ਨੈਯਨਾ ਕਾਲੇ ਨੂੰ ਜਲਦੀ ਉੱਠ ਕੇ ਨਹਾਉਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਹਮੇਸ਼ਾ ਧੁੜਕੂ ਲੱਗਾ ਰਹਿੰਦਾ ਹੈ ਕਿ ਕੋਈ ਉਨ੍ਹਾਂ ਨੂੰ ਵੇਖ ਨਾ ਲਵੇ। ਦੇਗਲੂਰ ਨਾਕਾ ਦੀ ਰਹਿਣ ਵਾਲ਼ੀ 40 ਸਾਲਾ ਇਰਫਾਨਾ ਸ਼ੇਖ ਕਹਿੰਦੀ ਹਨ,''ਉੱਥੇ ਨਾ ਹੀ ਪਾਣੀ ਹੈ ਤੇ ਨਾ ਹੀ ਕੋਈ ਢੁੱਕਵੀਂ ਚਾਰ-ਦੀਵਾਰੀ, ਸੋ ਮੈਂ ਹਫ਼ਤੇ ਵਿੱਚ ਸਿਰਫ਼ ਦੋ ਵਾਰੀਂ ਹੀ ਨਹਾਉਂਦੀ ਹਾਂ।''
''ਕਿਸੇ ਜਨਤਕ ਇਸ਼ਨਾਨ-ਘਰ ਨਹਾਉਣ ਲਈ ਤੁਹਾਨੂੰ ਵੀਹ ਰੁਪਏ ਦੇਣੇ ਪੈਂਦੇ ਹਨ। ਸਾਡੇ ਜਿਹੇ ਜਿਨ੍ਹਾਂ ਲੋਕਾਂ ਨੂੰ ਦੋ ਡੰਗ ਰੋਟੀ ਹੀ ਮੁਸ਼ਕਲ ਮਿਲ਼ਦੀ ਹੋਵੇ ਉਹ ਇਹ ਖ਼ਰਚਾ ਕਿਵੇਂ ਬਰਦਾਸ਼ਤ ਕਰ ਸਕਦੇ ਹਨ?'' ਗੋਕੁਲਨਗਰ ਦੀ ਗੰਗੂਬਾਈ ਪੁੱਛਦੀ ਹਨ, "ਉਹ ਇੱਕ ਔਰਤ ਤੋਂ ਨਹਾਉਣ ਲਈ 20 ਰੁਪਏ ਲੈਂਦੇ ਹਨ। ਸਾਡੇ ਕੋਲ਼ ਇੰਨੇ ਪੈਸੇ ਨਹੀਂ ਹੁੰਦੇ, ਇਸਲਈ ਨਹੀਂ ਨਹਾਉਂਦੇ ਹੀ ਨਹੀਂ।" ਸਟੇਸ਼ਨ ਦੇ ਨੇੜੇ ਰਹਿਣ ਵਾਲ਼ੀ 35 ਸਾਲਾ ਖਤੂਨ ਪਟੇਲ ਕਹਿੰਦੀ ਹਨ,''ਜੇ ਸਾਡੇ ਕੋਲ਼ ਪੈਸੇ ਨਾ ਹੋਣ ਤਾਂ ਅਸੀਂ ਨਹਾਉਣ ਲਈ ਨਦੀ ਕੰਢੇ ਚਲੇ ਜਾਈਦਾ। ਪਰ ਉੱਥੇ ਵੀ ਆਦਮੀਆਂ ਦੀਆਂ ਨਜ਼ਰਾਂ ਸਾਡਾ ਪਿੱਛਾ ਕਰਦੀਆਂ ਰਹਿੰਦੀਆਂ ਨੇ। ਸੋ ਉੱਥੇ ਵੀ ਸਾਡੀ ਸਮੱਸਿਆ ਬਣੀ ਹੀ ਰਹਿੰਦੀ ਹੈ।''
ਜਦੋਂ ਗੋਕੁਲਨਗਰ ਦੇ ਚੈਂਬਰ ਨੂੰ ਪਾਣੀ ਮਿਲ਼ਦਾ ਹੈ, ਤਾਂ ਬੱਚੇ ਨਹਾਉਣ ਲਈ ਇਕੱਠੇ ਹੋ ਜਾਂਦੇ ਹਨ। ਗਭਰੇਟ ਕੁੜੀਆਂ ਨੂੰ ਕੱਪੜੇ ਪਾਈ ਫੁੱਟਪਾਥ 'ਤੇ ਨਹਾਉਂਦੇ ਦੇਖਿਆ ਜਾ ਸਕਦਾ ਹੈ। ਸਾੜੀਆਂ ਵਿੱਚ ਮਲਬੂਸ ਔਰਤਾਂ ਫ਼ਟਾਫਟ ਆਪਣੇ ਸਰੀਰ 'ਤੇ ਪਾਣੀ ਪਾਉਂਦੀਆਂ ਤੇ ਨਹਾਉਂਦੀਆਂ ਹਨ। ਉਨ੍ਹਾਂ ਨੂੰ ਸ਼ਾਇਦ ਕੱਪੜੇ ਪਾ ਕੇ ਨਹਾਉਣਾ ਥੋੜ੍ਹਾ ਸੁਰੱਖਿਅਤ ਮਹਿਸੂਸ ਹੁੰਦਾ ਹੈ।
ਮਾਹਵਾਰੀ ਦੌਰਾਨ ਔਰਤਾਂ ਦੀਆਂ ਸਮੱਸਿਆਵਾਂ ਬਹੁਤ ਵੱਧ ਜਾਂਦੀਆਂ ਹਨ। ਦੇਗਲੂਰ ਨਾਕਾ ਦੀ ਇਰਫਾਨਾ ਕਹਿੰਦੀ ਹਨ, "ਜਦੋਂ ਮੈਨੂੰ ਮਾਹਵਾਰੀ ਆਈ ਹੋਵੇ ਤਾਂ ਮੈਂ ਆਨੇ-ਬਹਾਨੇ ਪਖ਼ਾਨੇ ਜਾਂਦੀ ਅਤੇ ਉੱਥੇ ਪੈਡ ਬਦਲਦੀ ਹਾਂ। ਸੱਤਵੇਂ ਦਿਨ ਸਾਨੂੰ ਨਹਾਉਣਾ ਪੈਂਦਾ ਹੈ। ਉਦੋਂ ਮੈਨੂੰ ਨਹਾਉਣ ਬਦਲੇ 20 ਰੁਪਏ ਦੇਣੇ ਹੀ ਪੈਂਦੇ ਹਨ।''
ਗੰਗੂਬਾਈ ਕਹਿੰਦੀ ਹਨ, "ਉਹ ਭਈਏ (ਪ੍ਰਵਾਸੀ) ਸਾਡੇ 'ਤੇ ਜ਼ੋਰ-ਜ਼ੋਰ ਦੀ ਚੀਕਦੇ ਹੋਏ ਸਾਨੂੰ 'ਜਨਤਕ ਪਖਾਨਾ ਇਸਤੇਮਾਲ ਕਰਨ ਤੋਂ ਰੋਕਦੇ ਹਨ।' ਸਾਡੇ ਲੋਕਾਂ ਨੂੰ ਪੌਟ/ਕਮੋਡ (ਟਾਇਲਟ ਸ਼ੀਟ) ਵਰਤਣਾ ਨਹੀਂ ਆਉਂਦਾ, ਸੋ ਉਹ ਇਹਨੂੰ ਕਦੇ-ਕਦੇ ਗੰਦਾ ਕਰ ਦਿੰਦੇ ਹਨ। ਇਸੇ ਕਾਰਨ ਕਰਕੇ ਉਹ ਸਾਨੂੰ ਟਾਇਲਟ ਇਸਤੇਮਾਲ ਕਰਨ ਤੋਂ ਰੋਕਦੇ ਹਨ।''
ਜਨਤਕ ਪਖਾਨੇ ਵਿੱਚ ਪ੍ਰਤੀ ਵਿਅਕਤੀ 10 ਰੁਪਏ ਲੱਗਦੇ ਹਨ। ਜੇ ਕਿਸੇ ਦਾ ਵੱਡਾ ਪਰਿਵਾਰ ਹੋਵੇ ਤਾਂ ਉਹ ਇਹ ਖਰਚਾ ਨਹੀਂ ਚੁੱਕ ਸਕਦੇ। ਅਜਿਹੇ ਮੌਕੇ ਉਨ੍ਹਾਂ ਲਈ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣਾ ਸਸਤਾ ਰਹਿੰਦਾ ਹੈ। "ਜਨਤਕ ਪਖਾਨੇ ਰਾਤੀਂ 10 ਵਜੇ ਤੋਂ ਬਾਅਦ ਬੰਦ ਹੋ ਜਾਂਦੇ ਹਨ, ਫਿਰ ਸਾਨੂੰ ਬਾਹਰ ਹੀ ਜਾਣਾ ਪੈਂਦਾ ਹੈ, ਹੋਰ ਅਸੀਂ ਕੀ ਕਰ ਸਕਦੇ ਹਾਂ?" ਨਗਰਪਾਲਿਕਾ ਦੇ ਮੈਦਾਨਾਂ ਵਾਲ਼ੀ ਬਸਤੀ ਵਿੱਚ ਰਹਿਣ ਵਾਲ਼ੇ 50 ਸਾਲਾ ਰਮੇਸ਼ ਪਟੋਡੇ ਕਹਿੰਦੇ ਹਨ।
''ਅਸੀਂ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਂਦੇ ਹਾਂ। ਰਾਤੀਂ ਇੰਝ ਜਾਣਾ ਕਾਫ਼ੀ ਡਰਾਉਣਾ ਰਹਿੰਦਾ ਹੈ ਸੋ ਅਸੀਂ ਦੋ-ਤਿੰਨ ਕੁੜੀਆਂ ਨਾਲ਼ ਲੈ ਕੇ ਜਾਂਦੇ ਹਾਂ, '' ਨੈਯਨਾ ਕਾਲੇ ਕਹਿੰਦੀ ਹਨ। "ਜਦੋਂ ਅਸੀਂ ਖੁੱਲ੍ਹੇ ਵਿੱਚ ਜਾਂਦੇ ਹਾਂ ਤਾਂ ਪੁਰਸ਼ ਸਾਨੂੰ ਬੋਲ-ਕਬੋਲ ਬੋਲਦੇ ਤੇ ਛੇੜਦੇ ਹਨ। ਕਈ ਵਾਰੀਂ ਤਾਂ ਉਹ ਪਿੱਛਾ ਵੀ ਕਰਦੇ ਹਨ। ਅਸੀਂ ਪੁਲਿਸ ਕੋਲ਼ ਕੋਈ ਸੌ ਵਾਰੀਂ ਸ਼ਿਕਾਇਤ ਕੀਤੀ ਹੋਣੀ।''
ਸਿਡਕੋ ਰੋਡ ਦੇ ਕਿਨਾਰੇ ਰਹਿਣ ਵਾਲ਼ੀ ਕਾਜਲ ਚਵਾਨ ਕਹਿੰਦੀ ਹਨ, "ਇਸ ਤੋਂ ਬਚਣ ਦਾ ਇੱਕੋ ਉਪਾਅ ਇਹੀ ਹੈ ਕਿ ਸੜਕ ਕੰਢੇ ਕਿਸੇ ਖੂੰਜੇ ਵਿੱਚ ਜਾਇਆ ਜਾਵੇ।''
ਸਾਲ 2011-12 ਦਰਮਿਆਨ ਨਾਂਦੇੜ ਵਿਖੇ ਸੰਪੂਰਨ ਸਵੱਛਤਾ ਅਭਿਆਨ ਤਹਿਤ ਸਿਟੀ ਸੈਨੀਟੇਸ਼ਨ ਪਲਾਨ ਬਣਾਇਆ ਗਿਆ ਸੀ। ਉਸ ਸਮੇਂ ਸ਼ਹਿਰ ਦੀ 20 ਫੀਸਦੀ ਆਬਾਦੀ ਖੁੱਲ੍ਹੇ 'ਚ ਸ਼ੌਚ ਕਰ ਰਹੀ ਸੀ। ਸਾਲ 2014-15 'ਚ ਨਾਂਦੇੜ ਸ਼ਹਿਰ 'ਚ ਕੁੱਲ 23 ਜਨਤਕ ਪਖਾਨੇ ਸਨ ਜਿਨ੍ਹਾਂ ਵਿੱਚ ਸਿਰਫ਼ 214 ਸੀਟਾਂ ਸਨ। ਇੱਕ ਰਿਪੋਰਟ ਮੁਤਾਬਕ 4,100 ਸੀਟਾਂ ਦੀ ਕਮੀ ਸੀ। ਨਗਰ ਨਿਗਮ ਕਮਿਸ਼ਨਰ ਨਿਪੁੰਨ ਵਿਨਾਇਕ ਦੀ ਅਗਵਾਈ ਹੇਠ ਨਾਂਦੇੜ ਵਾਘਾਲਾ ਨਗਰ ਨਿਗਮ ਨੇ ਲੋਕਾਂ ਦੀ ਸ਼ਮੂਲੀਅਤ ਨਾਲ਼ ਸਫ਼ਾਈ, ਸੀਵਰੇਜ ਪ੍ਰਬੰਧਨ ਅਤੇ ਕੂੜੇ ਦੇ ਨਿਪਟਾਰੇ ਲਈ ਚਾਰ ਕਦਮ ਚੁੱਕੇ। ਸਾਲ 2021 ਵਿੱਚ, ਵਾਘਾਲਾ ਨਗਰ ਨਿਗਮ ਨੂੰ ਓਡੀਐੱਫ + ਅਤੇ ਓਡੀਐੱਫ ++ (ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ) ਸਰਟੀਫਿਕੇਟ ਵੀ ਮਿਲ਼ੇ।
ਮੌਸਮੀ ਪ੍ਰਵਾਸ ਕਰਨ ਵਾਲ਼ੇ ਹਾਸ਼ੀਆਗਤ ਭਾਈਚਾਰੇ ਵਾਸਤੇ ਪੀਣ ਵਾਲ਼ਾ ਪਾਣੀ, ਸਾਫ਼-ਸਫ਼ਾਈ ਅਤੇ ਸੁਰੱਖਿਅਤ ਮਾਹੌਲ ਹਾਲੇ ਤੀਕਰ ਪਹੁੰਚ ਤੋਂ ਬਾਹਰ ਹੈ । ਜਿਵੇਂ ਕਿ ਜਾਵੇਦ ਖਾਨ ਕਹਿੰਦੇ ਹਨ, "ਸਾਫ਼ ਅਤੇ ਪੀਣ ਵਾਲ਼ੇ ਪਾਣੀ ਦੀ ਕਿਤੇ ਕੋਈ ਗਰੰਟੀ ਨਹੀਂ।''
ਇਸ ਰਿਪੋਰਟਿੰਗ ਵੱਲੋਂ ਐੱਸਓਪੀਪੀਈਸੀਓਐੱਮ, ਪੁਣੇ ਦੀ ਸੀਮਾ ਕੁਲਕਰਨੀ , ਪੱਲਵੀ ਹਰਸ਼ੇ , ਅਨੀਤਾ ਗੋਡਬੋਲੇ ਅਤੇ ਡਾ. ਬੋਸ ਦਾ ਆਪਣੀ ਸਹਾਇਤਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਨ। ਉਨ੍ਹਾਂ ਦੀ ਖੋਜ ਇੰਸਟੀਚਿਊਟ ਆਫ਼ ਡਿਵਲਪਮੈਂਟ ਸਟੱਡੀਜ਼ (ਆਈਡੀਐੱਸ) ਦੇ ਸਹਿਯੋਗ ਨਾਲ਼ ਕੀਤੇ ਗਏ ਅਧਿਐਨ ‘ ਏਸ਼ੀਆ ਅਤੇ ਅਫਰੀਕਾ ਦੇ ਤੇਜ਼ੀ ਨਾਲ਼ ਹੁੰਦੇ ਸ਼ਹਿਰੀਕਰਨ ਵਾਲ਼ੇ ਖੇਤਰਾਂ ਵਿੱਚ ਆਫ਼-ਗ੍ਰਿਡ ਸੈਨੀਟੇਸ਼ਨ ਦੀ ਮੁੜ ਕਲਪਨਾ ’ ਸਿਰਲੇਖ ਵਾਲ਼ੇ ਅਧਿਐਨਾਂ ‘ ਟੁਵਰਡ ਬ੍ਰਾਊਨ ਗੋਲਡ ਰੀ-ਇਮੇਜਿਨਿੰਗ ’ ਤੇ ਅਧਾਰਤ ਸੀ।
ਤਰਜਮਾ: ਕਮਲਜੀਤ ਕੌਰ