ਲਕਸ਼ਦੀਪ ਦੀਪ ਸਮੂਹ ਦੇ ਟਾਪੂ ਨਾਰੀਅਲ ਦੇ ਰੁੱਖਾਂ ਨਾਲ ਭਰੇ ਪਏ ਹਨ, ਅਤੇ ਇਸ ਫਲ ਦੀ ਛਿੱਲ ਤੋਂ ਰੇਸ਼ਾ ਉਖੇੜਨਾ ਇੱਥੇ ਇੱਕ ਵੱਡਾ ਉਦਯੋਗ ਹੈ।
ਮੱਛੀ ਫੜਨ ਅਤੇ ਨਾਰੀਅਲ ਦੀ ਕਾਸ਼ਤ ਦੇ ਨਾਲ ਰੱਸੀ ਵੱਟਣਾ ਇੱਥੇ ਦੇ ਮੁੱਖ ਧੰਦਿਆਂ ਵਿੱਚੋਂ ਹੈ। ਲਕਸ਼ਦੀਪ ’ਚ ਨਾਰੀਅਲ ਦਾ ਰੇਸ਼ਾ ਉਖੇੜਨ ਵਾਲੀਆਂ ਸੱਤ ਇਕਾਈਆਂ ਹਨ, 6 ਇਕਾਈਆਂ ਰੱਸੀ ਦਾ ਧਾਗਾ ਬਣਾਉਣ ਵਾਲੀਆਂ ਅਤੇ ਸੱਤ ਰੱਸੀ ਵੱਟਣ ਵਾਲੀਆਂ ਇਕਾਈਆਂ ਹਨ (2011 ਦੀ ਜਨਗਣਨਾ ਮੁਤਾਬਕ)।
ਇਹ ਖੇਤਰ ਦੇਸ਼ ਦੇ ਸੱਤ ਲੱਖ ਤੋਂ ਵੀ ਜਿਆਦਾ ਰੁਜ਼ਗਾਰ ਦਿੰਦਾ ਹੈ, ਜਿਹਨਾਂ ’ਚੋਂ 80 ਫੀਸਦ ਔਰਤਾਂ ਹਨ, ਜੋ ਰੇਸ਼ਾ ਉਖੇੜਨ ਅਤੇ ਕੋਇਰ (ਕੋਇਰ (ਮੁੰਜ)) ਤੋਂ ਧਾਗਾ ਬਣਾਉਣ ਦਾ ਕੰਮ ਕਰਦੀਆਂ ਹਨ। ਤਕਨੀਕੀ ਤਰੱਕੀ ਅਤੇ ਹੱਥੀਂ ਕੰਮ ਦਾ ਮਸ਼ੀਨੀਕਰਨ ਹੋਣ ਦੇ ਬਾਵਜੂਦ ਅਜੇ ਵੀ ਕੋਇਰ (ਕੋਇਰ (ਮੁੰਜ)) ਦੇ ਉਤਪਾਦ ਬਣਾਉਣਾ ਬੇਹੱਦ ਮਿਹਨਤ ਵਾਲਾ ਕੰਮ ਹੈ।
ਲਕਸ਼ਦੀਪ ਦੇ ਕਵਰੱਤੀ’ਚ ਕੋਇਰ (ਮੁੰਜ) ਦੀ ਰੱਸੀ ਦੇ ਸਹਿ-ਉਤਪਾਦ ਤੇ ਪ੍ਰਦਰਸ਼ਨ ਕੇਂਦਰ ਵਿੱਚ 14 ਔਰਤਾਂ ਦਾ ਸਮੂਹ ਛਿੱਲ ਤੋਂ ਰੇਸ਼ਾ ਲਾਹੁਣ ਅਤੇ ਰੱਸੀ ਵੱਟਣ ਦਾ ਕੰਮ ਕਰਦਾ ਹੈ। ਸੋਮਵਾਰ ਤੋਂ ਸ਼ਨੀਵਾਰ ਤੱਕ ਹਰ ਦਿਨ 8 ਘੰਟੇ ਕੰਮ ਕਰ ਕੇ ਉਹ ਪ੍ਰਤੀ ਮਹੀਨਾ 7,700 ਰੁਪਏ ਦੇ ਕਰੀਬ ਕਮਾਉਂਦੀਆਂ ਹਨ। 50 ਸਾਲਾ ਰਹਿਮਤ ਬੇਗਮ ਬੀ ਨੇ ਦੱਸਿਆ ਕਿ ਸ਼ਿਫਟ (ਪਾਰੀ) ਦਾ ਪਹਿਲਾ ਅੱਧ ਰੱਸੀਆਂ ਬਣਾਉਣ ਲਈ ਹੈ ਅਤੇ ਦੂਜਾ ਸਮਾਨ ਨੂੰ ਸਾਫ਼ ਕਰਨ ਲਈ। ਰੱਸੀਆਂ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਕੇਰਲ ਦੇ ਕੋਇਰ (ਮੁੰਜ) ਬੋਰਡ ਨੂੰ ਵੇਚੀਆਂ ਜਾਂਦੀਆਂ ਹਨ।
ਇਹਨਾਂ ਰੇਸ਼ਾ ਉਖੇੜਨ ਅਤੇ ਰੱਸੀ ਵੱਟਣ ਵਾਲੀਆਂ ਇਕਾਈਆਂ ਤੋਂ ਪਹਿਲਾਂ, ਰੇਸ਼ੇ ਨੂੰ ਨਾਰੀਅਲ ਦੀ ਛਿੱਲ ਤੋਂ ਹੱਥ ਨਾਲ ਉਖੇੜਿਆ ਜਾਂਦਾ ਸੀ, ਅਤੇ ਧਾਗਿਆਂ ਵਿੱਚ ਵੱਟ ਕੇ ਇਸ ਤੋਂ ਮੈਟ, ਰੱਸੀਆਂ ਅਤੇ ਜਾਲ ਬਣਾਏ ਜਾਂਦੇ ਸਨ। ਫਾਤਿਮਾ ਨੇ ਦੱਸਿਆ, “ਸਾਡੇ ਵਡੇਰੇ ਸਵੇਰੇ ਪੰਜ ਵਜੇ ਉੱਠਦੇ ਸਨ ਅਤੇ ਕਵਾਰਾਟੀ ਦੇ ਉੱਤਰ ’ਚ ਦਰਿਆ ਨੇੜੇ ਨਾਰੀਅਲਾਂ ਨੂੰ ਇੱਕ ਮਹੀਨੇ ਲਈ ਦੱਬਣ ਜਾਂਦੇ ਸਨ।”
“ਉਸ ਤੋਂ ਬਾਅਦ ਉਹ (ਨਾਰੀਅਲ ਦੇ) ਰੇਸ਼ੇ ਨੂੰ ਕੁੱਟ ਕੇ ਰੱਸੀਆਂ ਬਣਾਉਂਦੇ ਸਨ, ਇਸ ਤਰ੍ਹਾਂ...” 38 ਸਾਲਾ ਫਾਤਿਮਾ ਨੇ ਤਕਨੀਕ ਦਰਸਾਉਂਦੇ ਹੋਏ ਕਿਹਾ। “ਅੱਜਕੱਲ੍ਹ ਦੀਆਂ ਰੱਸੀਆਂ ਚੰਗੀ ਗੁਣਵੱਤਾ ਵਾਲੀਆਂ ਨਹੀਂ, ਇਹ ਬਹੁਤ ਹਲਕੀਆਂ ਹਨ,” ਕਵਾਰਾਟੀ ਦੇ ਆਲ ਇੰਡੀਆ ਰੇਡੀਓ ਦੀ ਨਿਊਜ਼ ਰੀਡਰ ਨੇ ਕਿਹਾ।
ਲਕਸ਼ਦੀਪ ਦੇ ਬਿਤਰਾ ਪਿੰਡ ਦੇ ਰਹਿਣ ਵਾਲੇ ਅਬਦੁਲ ਖਦਰ ਨੇ ਯਾਦ ਕੀਤਾ ਕਿ ਕਿਵੇਂ ਉਹ ਹੱਥ ਨਾਲ ਕੋਇਰ (ਮੁੰਜ) ਦੀਆਂ ਰੱਸੀਆਂ ਬਣਾਉਂਦਾ ਸੀ। 63 ਸਾਲਾ ਮਛਵਾਰੇ ਨੇ ਦੱਸਿਆ ਕਿ ਇਹਨਾਂ ਰੱਸੀਆਂ ਨੂੰ ਉਹ ਆਪਣੀ ਕਿਸ਼ਤੀ ਬੰਨ੍ਹਣ ਲਈ ਵਰਤਦਾ ਸੀ। ਪੜ੍ਹੋ : ਲਕਸ਼ਦੀਪ ਤੋਂ ਗਾਇਬ ਹੁੰਦੀਆਂ ਮੂੰਗੇ ਦੀਆਂ ਚੱਟਾਨਾਂ
ਵੀਡੀਓ ਵਿੱਚ ਅਬਦੁਲ ਕਦਰ ਅਤੇ ਕਵਰੱਤੀ ਕੋਇਰ (ਮੁੰਜ) ਉਤਪਾਦਨ ਕੇਂਦਰ ਦੇ ਕਰਮਚਾਰੀਆਂ ਕੋਇਰ (ਮੁੰਜ) ਦੇ ਰੇਸ਼ਿਆਂ ਤੋਂ ਰਵਾਇਤੀ ਤੇ ਆਧੁਨਿਕ- ਦੋਵਾਂ ਵਿਧੀਆਂ ਨਾਲ਼ ਰੱਸੀਆਂ ਵਟਦੇ ਹੋਏ ਦੇਖੇ ਜਾ ਸਕਦੇ ਹਨ।
ਤਰਜਮਾ: ਅਰਸ਼ਦੀਪ ਅਰਸ਼ੀ