ਟੱਕ-ਟੱਕ-ਟੱਕ!
ਕੋਡਾਵਤੀਪੁੜੀ ਵਿੱਚ ਤਰਪਾਲ ਦੀ ਛੱਤ ਵਾਲੀ ਝੌਂਪੜੀ ਵਿੱਚੋਂ ਥਾਪੜਨ ਦੀਆਂ ਅਵਾਜ਼ਾਂ ਆ ਰਹੀਆਂ ਹਨ। ਮੁਲਾਮਪਕਾ ਭਦਰਰਾਜੂ ਚੱਕਾ ਸੁੱਤੀ- ਇੱਕ ਛੋਟੀ ਸਮਤਲ ਫੱਟੀ ਵਰਗਾ ਹਥੋੜਾ ਜੋ ਘੜੇ ਨੂੰ ਇੱਕ ਸੰਪੂਰਨ ਗੋਲ ਅਕਾਲ ਦੇਣ ਲਈ ਵਰਤਿਆ ਜਾਂਦਾ ਹੈ, ਨਾਲ ਘੜੇ ਨੂੰ ਥਾਪੜ ਰਹੇ ਹਨ।
“ਮੋਟਾ ਚੇਕਾ ਸੁੱਤੀ ਘੜੇ ਦੇ ਥੱਲੇ ਨੂੰ ਬੰਦ ਕਰਨ ਲਈ ਵਰਤਿਆ ਜਾਂਦਾ ਹੈ। ਆਮ ਵਰਤਿਆ ਜਾਣ ਵਾਲਾ ਇਹ ਸੰਦ ਥੱਲੇ ਨੂੰ ਹੋਰ ਜ਼ਿਆਦਾ ਸਮਤਲ ਕਰਨ ਲਈ ਵਰਤਿਆ ਜਾਂਦਾ ਹੈ। ਸਭ ਤੋਂ ਪਤਲਾ ਚੇਕਾ ਸੁੱਤੀ ਬਰਤਨ ਦੇ ਸਾਰੇ ਪਾਸਿਆਂ ਨੂੰ ਸਮਤਲ ਕਰਨ ਲਈ ਵਰਤਿਆ ਜਾਂਦਾ ਹੈ,” 70 ਸਾਲਾ ਭਰਦਰਾਜੂ ਦੱਸਦੇ ਹਨ ਜੋ ਲੋੜ ਅਨੁਸਾਰ ਆਪਣਾ ਹਥੋੜਾ ਬਦਲਦੇ ਰਹਿੰਦੇ ਹਨ।
ਉਹ ਦੱਸਦੇ ਹਨ ਕਿ ਪਤਲਾ, ਨਿਯਮਤ ਅਕਾਰ ਵਾਲਾ ਸੰਦ ਖਜੂਰ ਦੇ ਰੁੱਖ ਦੀਆਂ ਟਾਹਣੀਆਂ ਤੋਂ ਅਤੇ ਮੋਟੇ ਅਕਾਰ ਵਾਲਾ ਅਰਜੁਨ ਦੇ ਰੁੱਖ ਤੋਂ ਬਣਾਇਆ ਜਾਂਦਾ ਹੈ। ਉਹ ਸਭ ਤੋਂ ਪਤਲੀ ਚੇਕਾ ਸੁੱਤੀ ਵਰਤਦੇ ਹਨ ਅਤੇ ਥਾਪੜਨ ਦੀ ਅਵਾਜ਼ ਹੋਰ ਜ਼ਿਆਦਾ ਸ਼ਾਂਤ ਹੋ ਜਾਂਦੀ ਹੈ।
20 ਇੰਚ ਵਿਆਸ ਵਾਲੇ ਘੜੇ ਨੂੰ ਅਕਾਰ ਦੇਣ ਲਈ ਉਹਨਾਂ ਨੂੰ 15 ਮਿੰਟ ਦਾ ਸਮਾਂ ਲੱਗਦਾ ਹੈ। ਜੇਕਰ ਉਹਨਾਂ ਕੋਲੋਂ ਕੋਈ ਪਾਸਾ ਟੁੱਟ ਜਾਂ ਖਰਾਬ ਹੋ ਜਾਂਦਾ ਹੈ, ਉਹ ਜਲਦੀ ਨਾਲ ਇਸਨੂੰ ਚੀਕਣੀ ਮਿੱਟੀ ਲਗਾ ਕੇ ਦੁਬਾਰਾ ਤੋਂ ਥਾਪੜਨਾ ਸ਼ੁਰੂ ਕਰ ਦਿੰਦੇ ਹਨ।
ਭਦਰਰਾਜੂ 15 ਸਾਲ ਦੀ ਉਮਰ ਤੋਂ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰ ਰਹੇ ਹਨ। ਉਹ ਕੋਡਾਵਤੀਪੁੜੀ ਪਿੰਡ ਜੋ ਕਿ ਅਨਕਾਪੱਲੀ ਜ਼ਿਲ੍ਹੇ ਵਿੱਚ ਪੈਂਦਾ ਹੈ, ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ । ਉਹ ਘੁਮਿਆਰ ਜਾਤੀ ਨਾਲ ਸਬੰਧਿਤ ਹਨ ਜਿਸ ਨੂੰ ਆਂਧਰਾ ਪ੍ਰਦੇਸ਼ ਵਿੱਚ ਹੋਰ ਪੱਛੜੀਆਂ ਜਾਤੀਆਂ (OBC) ਵੱਜੋਂ ਸੂਚੀਬੱਧ ਕੀਤਾ ਗਿਆ ਹੈ।
70 ਸਾਲਾ ਇਹ ਘੁਮਿਆਰ ਬਰਤਨ ਬਣਾਉਣ ਲਈ ਚੀਕਣੀ ਮਿੱਟੀ ਆਪਣੀ ਜ਼ਮੀਨ ਵਾਲੇ ਉਸ ਛੱਪੜ ਤੋਂ ਲਿਆਉਂਦੇ ਹਨ ਜੋ ਉਹਨਾਂ ਨੇ 15 ਸਾਲ ਪਹਿਲਾਂ ਖਰੀਦੀ ਸੀ- 1,50,000 ਰੁਪਏ ਦੀ ਅੱਧਾ ਏਕੜ। ਸਾਲ ਵਿੱਚ ਉਹਨਾਂ ਨੂੰ ਨੇੜਲੇ ਪਿੰਡ ਕੋਟੌਰਾਤਲਾ ਦੇ ਇੱਕ ਰੇਤਾ, ਮਿੱਟੀ ਅਤੇ ਬਜਰੀ ਦੇ ਸਪਲਾਇਰ ਤੋਂ 1,000 ਰੁਪਏ ਦੀ 400 ਕਿਲੋਗਰਾਮ ਏੜਾ ਮਿੱਟੀ (ਲਾਲ ਚੀਕਣੀ ਮਿੱਟੀ) ਵੀ ਖਰੀਦਣੀ ਪੈਂਦੀ ਹੈ।
ਉਹਨਾਂ ਨੇ ਇਸ ਜ਼ਮੀਨ ’ਤੇ ਨਾਰੀਅਲ ਅਤੇ ਖਜੂਰ ਦੇ ਪੱਤਿਆਂ ਨਾਲ ਦੋ ਝੌਂਪੜੀਆਂ ਬਣਾਈਆਂ ਹਨ, ਜਿਨ੍ਹਾਂ ਉੱਪਰ ਤਰਪਾਲ ਦੀਆਂ ਛੱਤਾਂ ਹਨ। ਇਹ ਛੱਤੀ ਹੋਈ ਜਗ੍ਹਾ ਉਹਨਾਂ ਨੂੰ ਮੌਨਸੂਨ ਸਮੇ ਪ੍ਰਭਾਵਿਤ ਹੋਏ ਬਿਨਾਂ ਸਾਰਾ ਸਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ। ਇੱਕ ਝੌਂਪੜੀ ਵਿੱਚ ਉਹ ਘੜੇ ਬਣਾਉਂਦੇ ਅਤੇ ਅਕਾਰ ਦਿੰਦੇ ਹਾਂ; ਛੋਟੀ ਝੌਂਪੜੀ ਵਿੱਚ ਉਹ ਇਹਨਾਂ ਨੂੰ ਪਕਾਉਂਦੇ ਹਾਂ। ਉਹ ਦੱਸਦੇ ਹਨ, “ਜਦੋਂ ਸਾਡੇ ਕੋਲ 200-300 ਘੜੇ ਤਿਆਰ ਹੋ ਜਾਂਦੇ ਹਨ, ਅਸੀਂ ਇਹਨਾਂ ਨੂੰ ਨੇੜੇ ਦੇ ਖੁੱਲ੍ਹੇ ਮੈਦਾਨਾਂ ਤੋਂ ਇਕੱਠੀ ਕੀਤੀ ਸੁੱਕੀ ਲੱਕੜ ਦੀ ਅੱਗ ਉੱਤੇ ਪਕਾਉਂਦੇ ਹਾਂ। ਇਹ (ਬਰਤਨ) ਝੌਂਪੜੀ ਵਿੱਚ ਹੀ ਸੁੱਕ ਜਾਂਦੇ ਹਨ।”
ਉਹਨਾਂ ਨੇ ਆਪਣੀ ਬੱਚਤ ਨਾਲ ਹੀ ਇਹ ਜ਼ਮੀਨ ਖਰੀਦੀ ਸੀ। “ਉਹਨਾਂ (ਸਥਾਨਕ ਬੈਂਕ) ਨੇ ਮੈਨੂੰ ਕੋਈ ਕਰਜ਼ਾ ਨਹੀਂ ਦਿੱਤਾ। ਮੈਂ ਉਹਨਾਂ ਨੂੰ ਪਹਿਲਾਂ ਵੀ ਕਾਫ਼ੀ ਵਾਰ ਪੁੱਛਿਆ ਸੀ, ਪਰ ਕਿਸੇ ਨੇ ਵੀ ਮੈਨੂੰ ਕਰਜ਼ਾ ਨਹੀਂ ਦਿੱਤਾ।” ਉਹ ਆਪ ਵੀ ਸ਼ਾਹੂਕਾਰਾਂ ਨਾਲ ਉਲਝਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦੇ ਕੰਮ ਵਿੱਚ ਕੋਈ ਨਿਸ਼ਚਿਤਤਾ ਨਹੀਂ ਹੈ- ਅਕਸਰ ਹਰ 10 ਘੜਿਆਂ ਮਗ਼ਰ 1-2 ਤਾਂ ਬਣਾਉਣ ਵੇਲੇ ਹੀ ਟੁੱਟ ਜਾਂਦੇ ਹਨ। “ਸਾਰੇ ਦੇ ਸਾਰੇ ਬਰਤਨ ਪੂਰੀ ਤਰ੍ਹਾਂ ਨਹੀਂ ਸੁੱਕ ਪਾਉਂਦੇ, ਸੁੱਕਣ ਵੇਲੇ ਘੜੇ ਦਾ ਕੋਈ ਇੱਕ ਹਿੱਸਾ ਤਿੜਕ ਜਾਂਦਾ ਹੈ,” ਝੌਂਪੜੀ ਦੇ ਕੋਨੇ ਵਿੱਚ ਪਏ ਦਰਜਨਾਂ ਤਿੜਕੇ ਹੋਏ ਘੜਿਆਂ ਵੱਲ ਇਸ਼ਾਰਾ ਕਰਦੇ ਹੋਏ ਉਹ ਕਹਿੰਦੇ ਹਨ।
ਸ਼ੁਰੂ ਤੋਂ ਅਖੀਰ ਤੱਕ ਘੜੇ (ਬਰਤਨ) ਬਣਾਉਣ ਦੀ ਪ੍ਰਕਿਰਿਆ ਨੂੰ ਅਕਸਰ ਇੱਕ ਮਹੀਨੇ ਦੇ ਲਗਭਗ ਸਮਾ ਲੱਗ ਜਾਂਦਾ ਹੈ; ਉਹ ਦਿਨ ਵਿੱਚ 10 ਘੰਟੇ ਦੇ ਕਰੀਬ ਕੰਮ ਕਰਦੇ ਹਨ। “ਜੇ ਮੇਰੀ ਪਤਨੀ ਮੇਰਾ ਹੱਥ ਵਟਾਉਂਦੀ ਹੈ ਤਾਂ ਅਸੀਂ ਦਿਨ ਵਿੱਚ 20-30 ਘੜਿਆਂ ਨੂੰ ਅਕਾਰ ਦੇ ਸਕਦੇ ਹਾਂ,” ਥਾਪੜਦੇ ਹੋਏ ਉਹ ਕਹਿੰਦੇ ਹਨ ਅਤੇ ਕਦੇ-ਕਦੇ ਕਿਸੇ ਤੱਥ ਉੱਤੇ ਜ਼ੋਰ ਦੇਣ ਲਈ ਬੋਲਦੇ ਹੋਏ ਥੋੜ੍ਹਾ ਠਹਿਰਾਅ ਦਿੰਦੇ ਹਨ। ਮਹੀਨੇ ਦੇ ਅਖੀਰ ਤੱਕ ਇਹਨਾਂ ਬਰਤਨਾਂ ਦੀ ਗਿਣਤੀ 200-300 ਤੱਕ ਹੋ ਜਾਂਦੀ ਹੈ।
ਉਹਨਾਂ ਦੇ ਛੇ ਜੀਆਂ ਦੇ ਪਰਿਵਾਰ, ਜਿਸ ਵਿੱਚ ਉਹਨਾਂ ਦੀਆਂ ਤਿੰਨ ਧੀਆਂ, ਇੱਕ ਪੁੱਤ ਅਤੇ ਉਹਨਾਂ ਦੀ ਸੁਪਤਨੀ ਸ਼ਾਮਿਲ ਹਨ, ਲਈ ਆਮਦਨ ਦਾ ਇਹ ਇੱਕੋ-ਇੱਕ ਜ਼ਰੀਆ ਹੈ। ਉਹ ਬਿਆਨ ਕਰਦੇ ਹਨ, “ਇਸੇ ਤੋਂ ਹੀ ਉਹਨਾਂ ਦੇ ਬੱਚਿਆਂ ਦੇ ਵਿਆਹ ਹੋਏ ਹਨ ਅਤੇ ਘਰ ਦਾ ਖਰਚਾ ਨਿਕਲਦਾ ਰਿਹਾ ਹੈ।”
ਭਦਰਰਾਜੂ ਆਪਣੇ ਬਰਤਨ ਵਿਸ਼ਾਖਾਪਟਨਮ ਅਤੇ ਰਾਜਾਮੁੰਦਰੀ ਦੇ ਥੋਕ ਵਿਕਰੇਤਾਵਾਂ ਨੂੰ ਵੇਚਦੇ ਹਨ ਜੋ ਹਰ ਹਫ਼ਤੇ ਇੱਥੇ ਆਉਂਦੇ ਹਨ ਅਤੇ ਪਿੰਡ ਦੇ ਲਗਭਗ 30 ਘੁਮਿਆਰਾਂ ਤੋਂ ਉਤਪਾਦ ਚੁੱਕਦੇ ਹਨ। ਇਹ ਬਰਤਨ ਵੱਖ-ਵੱਖ ਉਦੇਸ਼ਾਂ ਲਈ ਬਜ਼ਾਰ ਵਿੱਚ ਵੇਚੇ ਜਾਂਦੇ ਹਨ: “ਖਾਣਾ ਬਣਾਉਣ ਲਈ, ਵੱਛਿਆਂ ਨੂੰ ਕੁਝ ਪਿਲਾਉਣ ਲਈ ਅਤੇ ਜੋ ਵੀ ਉਹਨਾਂ ਦੀ ਲੋੜ ਹੁੰਦੀ ਹੈ,” ਘੁਮਿਆਰ ਦੱਸਦੇ ਹਨ।
“ਵਿਸ਼ਾਖਾਪਟਨਮ ਦੇ ਥੋਕ ਵਿਕਰੇਤਾ 100 ਰੁਪਏ ਪ੍ਰਤੀ ਬਰਤਨ ਖ਼ਰੀਦਦੇ ਹਨ, ਜਦਕਿ ਰਾਜਾਮੁੰਦਰੀ ਦੇ ਵਿਕਰੇਤਾ 120 ਰੁਪਏ ਪ੍ਰਤੀ ਨਗ ਦੇ ਹਿਸਾਬ ਨਾਲ ਖਰੀਦਦੇ ਹਨ,” ਭਦਰਰਾਜੂ ਕਹਿੰਦੇ ਹਨ ਅਤੇ ਅੱਗੇ ਬਿਆਨ ਕਰਦੇ ਹਨ, “ਜੇਕਰ ਸਭ ਕੁਝ ਠੀਕ ਰਹਿੰਦਾ ਹੈ ਤਾਂ ਮੈਂ [ਮਹੀਨੇ ਦੇ] 30,000 ਰੁਪਏ ਕਮ੍ਹਾ ਸਕਦਾ ਹਾਂ।”
ਦਸ ਸਾਲ ਪਹਿਲਾਂ, ਭਦਰਰਾਜੂ ਗੋਆ ਦੀ ਇੱਕ ਕਲਾ ਅਤੇ ਸ਼ਿਲਪਕਾਰੀ (ਆਰਟ ਐਂਡ ਕਰਾਫਟ) ਦੀ ਦੁਕਾਨ ’ਤੇ ਇੱਕ ਘੁਮਿਆਰ ਵੱਜੋਂ ਕੰਮ ਕਰਦੇ ਸਨ। “ਹੋਰ ਕਈ ਦੂਜੇ ਰਾਜਾਂ ਦੇ ਲੋਕ ਵੀ ਇੱਥੇ ਕੰਮ ਕਰਦੇ ਸਨ ਜੋ ਕਿ ਵੱਖ- ਵੱਖ ਸ਼ਿਲਪਕਾਰੀ ਵਿੱਚ ਲੱਗੇ ਹੋਏ ਸਨ। ਹਰੇਕ ਬਰਤਨ ਲਈ ਉਹ 200-250 ਕਮਾਉਂਦੇ ਸਨ। “ਪਰ ਉੱਥੋਂ ਦਾ ਖਾਣਾ ਮੈਨੂੰ ਰਾਸ ਨਾ ਆਇਆ, ਇਸ ਲਈ ਮੈਂ ਛੇ ਮਹੀਨੇ ਬਾਅਦ ਹੀ ਉੱਥੋਂ ਆ ਗਿਆ,” ਉਹ ਦੱਸਦੇ ਹਨ।
‘ਪਿਛਲੇ 6-7 ਸਾਲਾਂ ਤੋਂ ਮੇਰੇ ਢਿੱਡ ਵਿੱਚ ਇੱਕ ਰਸੌਲ਼ੀ ਹੈ,’ ਮਾਨਪੱਲੀ ਕਹਿੰਦੇ ਹਨ। ਚੱਕ ਨੂੰ ਹੱਥ ਨਾਲ ਘੁਮਾਉਣ ਵੇਲੇ ਉਹਨਾਂ ਨੂੰ ਦਰਦ ਹੁੰਦਾ ਹੈ ਜਦਕਿ ਮਸ਼ੀਨੀ ਚੱਕ ਦਰਦ-ਰਹਿਤ ਹੈ। ਘੁਮਿਆਰਾਂ ਦੀ ਉਸੇ ਜਾਤ ਨਾਲ ਸਬੰਧਤ ਇਹ 46 ਸਾਲਾ ਬਜ਼ੁਰਗ ਵੀ ਬਹੁਤ ਛੋਟੀ ਉਮਰ ਤੋਂ ਇਹ ਕੰਮ ਕਰਦੇ ਆ ਰਹੇ ਹਨ
ਕੁਝ ਕੁ ਮੀਟਰ ਦੂਰ ਕਾਮੇਸ਼ਵਰਾਓ ਮਾਨੇਪੱਲੀ ਦਾ ਘਰ ਹੈ, ਉਹ ਵੀ ਇੱਕ ਘੁਮਿਆਰ ਹਨ। ਇੱਥੇ ਚੇਕਾ ਸੁੱਤੀ ਦੀ ਥਾਪ ਦੀ ਅਵਾਜ ਦੀ ਜਗ੍ਹਾ ਮਸ਼ੀਨੀ ਚੱਕ ਤੋਂ ਆਉਣ ਵਾਲੀ ਧੀਮੀ, ਘੂਕਣ ਦੀ ਅਵਾਜ਼ ਨੇ ਲੈ ਲਈ ਹੈ ਜਿਸ ਦੀ ਸਹਾਇਤਾ ਨਾਲ ਬਰਤਨ ਨੂੰ ਚੱਕ ਉੱਤੇ ਹੀ ਅਕਾਰ ਦੇ ਦਿੱਤਾ ਜਾਂਦਾ ਹੈ।
ਪਿੰਡ ਦੇ ਸਾਰੇ ਹੀ ਘੁਮਿਆਰ ਮਸ਼ੀਨੀ ਚੱਕ ਦੀ ਵਰਤੋਂ ਕਰਦੇ ਹਨ। ਭਦਰਰਾਜੂ ਇਕਲੌਤੇ ਅਜਿਹੇ ਹਨ ਜੋ ਅਜੇ ਵੀ ਚੱਕ ਨੂੰ ਹੱਥ ਨਾਲ ਹੀ ਘੁਮਾਉਂਦੇ ਹਨ ਅਤੇ ਮਸ਼ੀਨੀ ਚੱਕ ਦੀ ਵਰਤੋਂ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ। “ਮੈਂ 15 ਸਾਲ ਦੀ ਉਮਰ ਵਿੱਚ ਇਹ ਕੰਮ ਸ਼ੁਰੂ ਕੀਤਾ ਸੀ,” ਉਹ ਕਹਿੰਦੇ ਹਨ ਅਤੇ ਅੱਗੇ ਦੱਸਦੇ ਹਨ ਕਿ ਉਹਨਾਂ ਨੂੰ ਲੰਮਾਂ ਸਮਾਂ ਕੰਮ ਕਰਨ ਅਤੇ ਮਜ਼ਦੂਰੀ ਕਰਨ ਦੀ ਆਦਤ ਹੈ। ਇਹ ਮਸ਼ੀਨੀ ਚੱਕ ਬਹੁਤ ਛੋਟੇ ਬਰਤਨ (ਕੁੱਜੇ) ਬਣਾਉਣ ਲਈ ਤਿਆਰ ਕੀਤੇ ਗਏ ਹਨ, ਨਾ ਕਿ ਰਵਾਇਤੀ 10 ਲੀਟਰ ਵਾਲੇ ਬਰਤਨ ਜੋ ਭਦਰਰਾਜ ਬਣਾਉਂਦੇ ਹਨ।
ਬਾਕੀ ਘੁਮਿਆਰਾਂ ਵਾਂਗ ਮਾਨਪੱਲੀ ਖਰਾਬ ਸਿਹਤ ਅਤੇ ਸਰਜਰੀ ਕਾਰਨ ਪੰਜ ਸਾਲ ਪਹਿਲਾਂ ਮਸ਼ੀਨੀ ਚੱਕ ਦੀ ਵਰਤੋਂ ਵੱਲ ਆ ਗਏ। “ਪਿਛਲੇ 6-7 ਸਾਲਾਂ ਤੋਂ ਮੇਰੇ ਢਿੱਡ ਵਿੱਚ ਇੱਕ ਰਸੌਲੀ ਹੈ,” ਉਹ ਦੱਸਦੇ ਹਨ। ਜਦੋਂ ਉਹ ਹੱਥ ਨਾਲ ਚੱਕ ਘੁਮਾਉਂਦੇ ਸੀ ਤਾਂ ਇਸ ਨਾਲ ਉਹਨਾਂ ਨੂੰ ਦਰਦ ਹੁੰਦਾ ਸੀ। ਆਪਣੇ-ਆਪ ਚੱਲਣ ਵਾਲਾ ਮਸ਼ੀਨੀ ਚੱਕ ਦਰਦ-ਰਹਿਤ ਸੀ।
“ਮੈਂ ਇੱਕ ਮਸ਼ੀਨ ਨਾਲ ਚੱਲਣ ਵਾਲਾ ਘੁਮਿਆਰ ਚੱਕ 12,000 ਰੁਪਏ ਦਾ ਖਰੀਦਿਆ ਸੀ। ਜਦੋਂ ਇਹ ਟੁੱਟ ਗਿਆ, ਮੈਨੂੰ ਖਾਦੀ ਗ੍ਰਾਮੀਣ ਸੋਸਾਇਟੀ ਤੋਂ ਮੁਫ਼ਤ ਵਿੱਚ ਦੂਜਾ ਚੱਕ ਪ੍ਰਾਪਤ ਹੋਇਆ। ਹੁਣ ਮੈਂ ਇਸ ਉੱਤੇ ਹੀ ਬਰਤਨ ਬਣਾਉਂਦਾ ਹਾਂ।”
“ਸਾਦੇ (ਛੋਟੇ) ਕੁੱਜੇ ਦੀ ਕੀਮਤ 5 [ਰੁਪਏ] ਹੁੰਦੀ ਹੈ। ਜੇਕਰ ਇਸ ਉੱਪਰ ਕੋਈ ਕਲਾਕਾਰੀ ਕਰ ਦਿੱਤੀ ਜਾਵੇ ਤਾਂ ਇਸਦੀ ਕੀਮਤ 20 ਰੁਪਏ ਹੋ ਜਾਂਦੀ ਹੈ,” ਉਹ ਬਿਆਨ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਵਰਤੋਂ ਸਿਰਫ ਸਜਾਵਟ ਦੇ ਲਈ ਕੀਤੀ ਜਾਂਦੀ ਹੈ। ਉਸੇ ਘੁਮਿਆਰ ਸਮਾਜ ਨਾਲ ਸਬੰਧਤ ਇਹ 46 ਸਾਲਾ ਬਜ਼ੁਰਗ ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਪਿਤਾ ਨਾਲ ਇਸ ਕੰਮ ਵਿੱਚ ਪੈ ਗਏ ਸਨ। 15 ਸਾਲ ਪਹਿਲਾਂ ਉਹਨਾਂ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਇਹ ਕੰਮ ਇਕੱਲੇ ਹੀ ਕਰ ਰਹੇ ਹਨ।
ਮਾਨਪੱਲੀ ਆਪਣੇ ਛੇ ਜੀਆਂ ਦੇ ਪਰਿਵਾਰ –ਤਿੰਨ ਬੱਚੇ, ਪਤਨੀ ਅਤੇ ਮਾਤਾ, ਵਿੱਚ ਇਕਲੌਤੇ ਕਮਾਉਣ ਵਾਲੇ ਹਨ। “ਜੇ ਮੈਂ ਰੋਜ਼ ਕੰਮ ਕਰਦਾ ਹਾਂ, ਮੈਨੂੰ 10,000 [ਰੁਪਏ ਪ੍ਰਤੀ ਮਹੀਨਾ] ਆਮਦਨ ਹੁੰਦੀ ਹੈ। ਬਰਤਨ ਪਕਾਉਣ ਲਈ ਕੋਲੇ ’ਤੇ ਲਗਭਗ 2,000 ਰੁਪਏ ਲੱਗ ਜਾਂਦੇ ਹਨ। ਇਸ ਤੋਂ ਬਾਅਦ ਮੇਰੇ ਕੋਲ ਸਿਰਫ਼ 8,000 ਰੁਪਏ ਹੀ ਬਚਦੇ ਹਨ।”
ਇਹ ਬਜ਼ੁਰਗ ਘੁਮਿਆਰ ਆਪਣੀ ਖ਼ਰਾਬ ਸਿਹਤ ਕਾਰਨ ਅਨਿਯਮਿਤ ਘੰਟੇ ਕੰਮ ਕਰਦੇ ਹਨ ਅਤੇ ਕਦੇ-ਕਦਾਈਂ ਤਾਂ ਸਾਰਾ ਦਿਨ ਹੀ ਲੰਘਾ ਦਿੰਦੇ ਹਨ। ਇਹ ਪੁੱਛਣ ’ਤੇ ਕਿ ਕੀ ਉਹਨਾਂ ਕੋਲ ਕੋਈ ਹੋਰ ਕੰਮ ਨਹੀਂ ਹੈ ਉਹ ਜਵਾਬ ਦਿੰਦੇ ਹਨ, “ਹੋਰ ਮੈਂ ਕੀ ਕਰਾਂ? ਮੇਰੇ ਕੋਲ ਸਿਰਫ ਇਹੀ ਕੰਮ ਹੈ ਜੋ ਮੈਂ ਕਰ ਸਕਦਾ ਹਾਂ।”
ਤਰਜਮਾ: ਇੰਦਰਜੀਤ ਸਿੰਘ