ਨਵਲਗਵਹਾਣ ਪਿੰਡ ਜਿਓਂ ਸੂਰਜ ਢਲ਼ਣ ਲੱਗਦਾ ਹੈ ਜਵਾਨ ਕੀ ਬਜ਼ੁਰਗ ਕੀ ਹਰ ਕੋਈ ਸਕੂਲ ਦੇ ਖੇਡ ਮੈਦਾਨ ਦੇ ਰਾਹੇ ਪੈ ਜਾਂਦਾ ਹੈ। ਕੋਈ ਖੇਡਣ ਦੀ ਥਾਂ ਸਾਫ਼ ਕਰਨ ਲੱਗਦਾ ਹੈ ਤੇ ਕੋਈ ਉੱਥੋਂ ਰੋਡੇ-ਰੱਪੇ ਚੁਗਣ ਲੱਗਦਾ ਹੈ, ਕੋਈ ਚੂਨੇ ਨਾਲ਼ ਬਾਊਂਡਰੀ ਲਾਈਨਾਂ ਗੂੜ੍ਹੀਆ ਕਰਨ ਲੱਗਦਾ ਹੈ ਤੇ ਕੋਈ ਫਲੱਡ ਲਾਈਟਾਂ ਠੀਕ ਕਰਦਾ ਹੈ।

ਛੇਤੀ ਹੀ 8 ਤੋਂ 16 ਸਾਲ ਦੇ ਬੱਚੇ ਨੀਲੀਆਂ ਜਰਸੀਆਂ ਪਾ ਤਿਆਰ ਹੋ ਸੱਤ-ਸੱਤ ਦੀਆਂ ਦੋ ਟੀਮਾਂ ਵਿੱਚ ਵੰਡੇ ਜਾਣੇ ਹਨ।

ਕਬੱਡੀ! ਕਬੱਡੀ! ਕਬੱਡੀ!

ਖੇਡ ਸ਼ੁਰੂ ਹੁੰਦੀ ਹੈ ਤੇ ਤਿਰਕਾਲਾਂ ਤਾਈਂ ਚੱਲਦੀ ਹੈ। ਰਾਤ ਹੁੰਦੇ-ਹੁੰਦੇ ਜੋਸ਼ ਨਾਲ਼ ਭਰੇ ਖਿਡਾਰੀਆਂ ਦੀਆਂ ਹਵਾ ਵਿੱਚ ਤੈਰਦੀਆਂ ਚੀਕਾਂ ਹੋਰ ਉੱਚੀਆਂ ਹੋ ਜਾਂਦੀਆਂ ਹਨ। ਮਰਾਠਵਾੜਾ ਦੇ ਹਿੰਗਾਲੀ ਜ਼ਿਲ੍ਹੇ ਦੇ ਇਸ ਪਿੰਡ ਦੇ ਪਰਿਵਾਰ ਤੇ ਦੋਸਤ-ਮਿੱਤਰ ਹੌਂਸਲਾ-ਅਫ਼ਜਾਈ ਕਰਨ ਆਏ ਹੋਏ ਹਨ। ਸਾਹ ਰੋਕੀ ਕਬੱਡੀ-ਕਬੱਡੀ ਕਹਿੰਦਾ ਇੱਕ ਖਿਡਾਰੀ ਵਿਰੋਧੀ ਟੀਮ ਦੇ ਕੋਰਟ (ਇਲਾਕੇ) ਵਿੱਚ ਵੜ੍ਹਦਾ ਹੈ ਤੇ ਵੱਧ ਤੋਂ ਵੱਧ ਜਣਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਿਆਂ ਆਪਣੇ ਕੋਰਟ ਵਿੱਚ ਮੁੜਨ ਨੂੰ ਹੁੰਦਾ ਹੈ। ਇੰਨੇ ਸਮੇਂ ਦੌਰਾਨ ਉਹ 'ਕਬੱਡੀ-ਕਬੱਡੀ' ਬੋਲਣਾ ਓਦੋਂ ਤੱਕ ਬੰਦ ਨਹੀਂ ਕਰਦਾ, ਜਦੋਂ ਤੱਕ ਉਹ ਫੜ੍ਹਿਆ ਨਹੀਂ ਜਾਂਦਾ ਜਾਂ ਖੇਡ ਵਿੱਚੋਂ ਆਊਟ ਨਹੀਂ ਹੋ ਜਾਂਦਾ।

ਕਬੱਡੀ ਦੀ ਜੋਸ਼ੀਲੀ ਖੇਡ ਦੇਖੋ!

ਨਵਲਗਵਹਾਣ ਦੇ ਇਹ ਖਿਡਾਰੀ ਮਾਮੂਲੀ ਪਿਛੋਕੜ ਤੋਂ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਮਰਾਠਾ ਭਾਈਚਾਰੇ ਨਾਲ਼ ਸਬੰਧਤ ਹਨ ਅਤੇ ਰੋਜ਼ੀ-ਰੋਟੀ ਵਾਸਤੇ ਖੇਤੀ 'ਤੇ ਨਿਰਭਰ ਹਨ

ਸਭ ਦੀਆਂ ਨਜ਼ਰਾਂ ਦੋ ਉੱਘੇ ਖਿਡਾਰੀਆਂ, ਸ਼ੁਭਮ ਕੋਰਡੇ ਤੇ ਕੰਬਾ ਕੋਰਡੇ ਵੱਲ ਟਿਕੀਆਂ ਹੋਈਆਂ ਹਨ। ਵਿਰੋਧੀ ਟੀਮ ਵੀ ਉਨ੍ਹਾਂ ਤੋਂ ਡਰਦੀ ਹੈ। ''ਇਓਂ ਜਾਪਦਾ ਜਿਓਂ ਕਬੱਡੀ ਉਨ੍ਹਾਂ ਦੀਆਂ ਰਗਾਂ ਵਿੱਚ ਵਹਿੰਦੀ ਹੋਵੇ,'' ਭੀੜ ਵਿੱਚੋਂ ਕੋਈ ਸਾਨੂੰ ਦੱਸਦਾ ਹੈ।

ਸ਼ੁਭਮ ਤੇ ਕੰਬਾ ਆਪਣੀ ਟੀਮ ਨੂੰ ਜਿਤਾ ਦਿੰਦੇ ਹਨ। ਖੇਡ ਮੁੱਕਣ ਤੋਂ ਬਾਅਦ ਇੱਕੋ ਥਾਂ ਇਕੱਠੇ ਹੋਏ ਸਾਰੇ ਜਣੇ ਬੜੀ ਬਾਰੀਕੀ ਵਿੱਚ ਵਿਚਾਰ-ਚਰਚਾ ਕਰਦੇ ਹਨ। ਫਿਰ ਅਗਲੇ ਦਿਨ ਦੀ ਯੋਜਨਾ ਬਣਾ ਸਾਰੇ ਆਪੋ-ਆਪਣੇ ਘਰਾਂ ਦਾ ਰਾਹ ਫੜ੍ਹ ਲੈਂਦੇ ਹਨ।

ਇਹ ਅਜਿਹਾ ਦ੍ਰਿਸ਼ ਹੈ ਜੋ ਮਹਾਰਾਸ਼ਟਰ ਦੇ ਨਵਲਗਵਹਾਣ ਪਿੰਡ ਵਿੱਚ ਰੋਜ਼ ਨਜ਼ਰੀਂ ਪੈਂਦਾ ਹੈ। "ਸਾਡੇ ਪਿੰਡ ਵਿੱਚ ਕਬੱਡੀ ਦੀ ਲੰਬੀ ਪਰੰਪਰਾ ਹੈ। ਕਈ ਪੀੜ੍ਹੀਆਂ ਤੋਂ ਇਹ ਖੇਡੀ ਜਾਂਦੀ ਰਹੀ ਹੈ ਅਤੇ ਅੱਜ ਵੀ, ਤੁਸੀਂ ਹਰ ਘਰ ਵਿੱਚ ਘੱਟੋ ਘੱਟ ਇੱਕ ਖਿਡਾਰੀ ਲੱਭ ਸਕਦੇ ਹੋ," ਮਰੋਤੀਰਾਓ ਕੋਰਡੇ ਕਹਿੰਦੇ ਹਨ। ਉਹ ਪਿੰਡ ਦੇ ਸਰਪੰਚ ਹਨ। "ਇੱਕ ਦਿਨ ਨਵਲਗਵਹਾਣ ਦੇ ਬੱਚੇ ਵੱਡੇ ਪੱਧਰ 'ਤੇ ਖੇਡਣ, ਇਹ ਸਾਡਾ ਸੁਪਨਾ ਹੈ।''

ਕਬੱਡੀ ਭਾਰਤੀ ਉਪ ਮਹਾਂਦੀਪ ਵਿੱਚ ਕਈ ਸਦੀਆਂ ਤੋਂ ਖੇਡੀ ਜਾ ਰਹੀ ਹੈ। 1918 ਵਿੱਚ, ਖੇਡ ਨੇ ਇੱਕ ਰਾਸ਼ਟਰੀ ਖੇਡ ਦਾ ਦਰਜਾ ਪ੍ਰਾਪਤ ਕੀਤਾ। ਇਸ ਨੂੰ 1936 ਵਿੱਚ ਬਰਲਿਨ ਓਲੰਪਿਕ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਅੰਤਰਰਾਸ਼ਟਰੀ ਮਾਨਤਾ ਮਿਲੀ। 2014 ਵਿੱਚ ਪ੍ਰੋ ਕਬੱਡੀ ਲੀਗ ਦੀ ਸ਼ੁਰੂਆਤ ਤੋਂ ਬਾਅਦ, ਖੇਡ ਨੇ ਨਵੀਂ ਪ੍ਰਸਿੱਧੀ ਪ੍ਰਾਪਤ ਕੀਤੀ ਹੈ।

ਇਸ ਪਿੰਡ ਦੇ ਖਿਡਾਰੀ ਮਾਮੂਲੀ ਪਿਛੋਕੜ ਤੋਂ ਆਉਂਦੇ ਹਨ। ਕੁਝ ਪਰਿਵਾਰਾਂ ਨੂੰ ਛੱਡ ਕੇ, ਇੱਥੋਂ ਦੇ ਜ਼ਿਆਦਾਤਰ ਵਸਨੀਕ ਮਰਾਠਾ ਭਾਈਚਾਰੇ ਨਾਲ਼ ਸਬੰਧਤ ਹਨ ਅਤੇ ਕਿਸਾਨ ਹਨ। ਇਸ ਖੇਤਰ ਵਿੱਚ ਲਾਲ ਲੈਟਰਾਈਟ ਮਿੱਟੀ ਪਾਈ ਜਾਂਦੀ ਹੈ ਜਿਸ ਵਿੱਚ ਕੰਕਰ-ਪੱਥਰ ਰਲ਼ੇ ਹੋਏ ਹਨ।

PHOTO • Pooja Yeola
PHOTO • Pooja Yeola

ਖੱਬੇ: ਸ਼ੁਭਮ ਅਤੇ ਕੰਬਾ ਕੋਰਡੇ ਨੇ 2024 ਵਿੱਚ ਮਾਤ੍ਰਿਤਵ ਸਨਮਾਨ ਕਬੱਡੀ ਟੂਰਨਾਮੈਂਟ ਵਿੱਚ ਸਰਬੋਤਮ ਖਿਡਾਰੀਆਂ ਲਈ ਪਹਿਲਾ ਅਤੇ ਦੂਜਾ ਇਨਾਮ ਜਿੱਤਿਆ। ਸੱਜੇ: ਨਵਲਗਵਹਾਣ ਪਿੰਡ ਦੇ ਕਬੱਡੀ ਖਿਡਾਰੀਆਂ ਨੇ ਟਰਾਫੀਆਂ ਅਤੇ ਪੁਰਸਕਾਰ ਜਿੱਤੇ

PHOTO • Nikhil Borude
PHOTO • Pooja Yeola

ਖੱਬੇ: ਕਬੱਡੀ ਕਈ ਸਦੀਆਂ ਤੋਂ ਭਾਰਤੀ ਉਪ ਮਹਾਂਦੀਪ ਵਿੱਚ ਖੇਡੀ ਜਾਂਦੀ ਰਹੀ ਹੈ। ਪ੍ਰੋ-ਕਬੱਡੀ ਲੀਗ, ਜੋ 2014 ਵਿੱਚ ਸ਼ੁਰੂ ਹੋਈ ਸੀ, ਨੇ ਖੇਡ ਨੂੰ ਪ੍ਰਸਿੱਧੀ ਦਵਾਉਣ ਵਿੱਚ ਸਹਾਇਤਾ ਕੀਤੀ ਹੈ।  ਸੱਜੇ: ਖਿਡਾਰੀ ਅਭਿਆਸ ਤੋਂ ਬਾਅਦ ਬੈਠ ਕੇ ਖੇਡ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ

ਸ਼ੁਭਮ ਵੀ ਕਿਸਾਨ ਪਰਿਵਾਰ ਨਾਲ਼ ਸਬੰਧਤ ਹੈ। ਉਹ ਛੇ ਸਾਲ ਦੀ ਉਮਰ ਤੋਂ ਕਬੱਡੀ ਖੇਡ ਰਿਹਾ ਹੈ। "ਮੇਰੇ ਪਿੰਡ ਦਾ ਮਾਹੌਲ ਪ੍ਰੇਰਣਾਦਾਇਕ ਹੈ। ਮੈਂ ਹਰ ਰੋਜ਼ ਇੱਥੇ ਆਉਂਦਾ ਹਾਂ ਅਤੇ ਘੱਟੋ ਘੱਟ ਅੱਧਾ ਘੰਟਾ ਅਭਿਆਸ ਕਰਦਾ ਹਾਂ," 12 ਸਾਲਾ ਇਸ ਲੜਕੇ ਦਾ ਕਹਿਣਾ ਹੈ, ਜੋ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ। ਮੈਂ ਪੁਨੇਰੀ ਪਲਟਨ (ਪ੍ਰੋ ਕਬੱਡੀ ਲੀਗ ਟੀਮ) ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਂ ਭਵਿੱਖ ਵਿੱਚ ਉਸ ਟੀਮ ਲਈ ਖੇਡਣਾ ਚਾਹੁੰਦਾ ਹਾਂ।''

ਸ਼ੁਭਮ ਅਤੇ ਕੰਬਾ ਗੁਆਂਢੀ ਪਿੰਡ ਭੰਡੇਗਾਓਂ ਦੇ ਸੁਖਦੇਵਾਨੰਦ ਹਾਈ ਸਕੂਲ ਵਿੱਚ ਪੜ੍ਹਦੇ ਹਨ। ਕੰਬਾ 10ਵੀਂ ਜਮਾਤ ਵਿੱਚ ਹੈ। ਉਨ੍ਹਾਂ ਦੇ ਨਾਲ਼ ਵੇਦਾਂਤ ਕੋਰਡੇ ਅਤੇ ਆਕਾਸ਼ ਕੋਰਡੇ ਵੀ ਹਨ, ਜੋ ਇੱਕੋ ਸਮੇਂ 4-5 ਖਿਡਾਰੀਆਂ ਨੂੰ ਆਊਟ ਕਰਨ ਦੀ ਸਲਾਹੀਅਤ ਰੱਖਦੇ ਹਨ। ਉਹ ਕਹਿੰਦੇ ਹਨ, "ਬੈਕ ਕਿਕ, ਸਾਈਡ ਕਿਕ ਅਤੇ ਸਿਮਹਾਚੀ ਉਦੀ (ਬਾਹਰ ਛਾਲ਼ ਮਾਰਨ ਦੀ ਕੋਸ਼ਿਸ਼) ਖੇਡ ਦੇ ਪਸੰਦੀਦਾ ਹਿੱਸੇ ਹਨ।'' ਉਹ ਸਾਰੇ ਖੇਡ ਦੇ ਆਲਰਾਊਂਡਰ ਹਨ।

ਨਵਲਗਵਹਾਣ ਪਿੰਡ ਵਿੱਚ, ਭਾਰ ਦੇ ਅਧਾਰ 'ਤੇ ਟੀਮਾਂ ਬਣਾਈਆਂ ਜਾਂਦੀਆਂ ਹਨ। ਅੰਡਰ 30 ਕਿਲੋਗ੍ਰਾਮ, ਅੰਡਰ 50 ਕਿਲੋਗ੍ਰਾਮ ਅਤੇ ਓਪਨ ਗਰੁੱਪ।

ਕੈਲਾਸ਼ ਕੋਰਡੇ ਓਪਨ ਟੀਮ ਦੇ ਕਪਤਾਨ ਹਨ। "ਅਸੀਂ ਹੁਣ ਤੱਕ ਬਹੁਤ ਸਾਰੀਆਂ ਟਰਾਫੀਆਂ ਜਿੱਤੀਆਂ ਹਨ," 26 ਸਾਲਾ ਕੈਲਾਸ਼ ਕਹਿੰਦੇ ਹਨ। ਉਨ੍ਹਾਂ ਨੇ 2024 ਵਿੱਚ ਮਾਤ੍ਰਿਤਵ ਸਨਮਾਨ ਕਬੱਡੀ ਟੂਰਨਾਮੈਂਟ ਅਤੇ 2022, 23 ਵਿੱਚ ਵਸੁੰਧਰਾ ਫਾਊਂਡੇਸ਼ਨ ਕਬੱਡੀ ਚਸ਼ਕ ਟੂਰਨਾਮੈਂਟ ਜਿੱਤਿਆ। ਉਨ੍ਹਾਂ ਨੇ ਸੁਖਦੇਵਾਨੰਦ ਕਬੱਡੀ ਸਪੋਰਟਸ ਮੰਡਲ ਦੁਆਰਾ ਆਯੋਜਿਤ ਰਾਜ ਪੱਧਰੀ ਟੂਰਨਾਮੈਂਟ ਵੀ ਜਿੱਤੇ ਹਨ।

''26 ਜਨਵਰੀ, ਗਣਤੰਤਰ ਦਿਵਸ 'ਤੇ ਹੋਣ ਵਾਲ਼ੇ ਮੈਚ ਖ਼ਾਸ ਹੁੰਦੇ ਹਨ। ਲੋਕ ਸਾਨੂੰ ਖੇਡਦੇ ਦੇਖਣ ਆਉਂਦੇ ਹਨ - ਗੁਆਂਢੀ ਪਿੰਡਾਂ ਦੀਆਂ ਟੀਮਾਂ ਮੁਕਾਬਲਾ ਕਰਨ ਲਈ ਆਉਂਦੀਆਂ ਹਨ। ਸਾਨੂੰ ਪੁਰਸਕਾਰ ਅਤੇ ਨਕਦ ਇਨਾਮ ਵੀ ਮਿਲ਼ਦੇ ਹਨ।'' ਉਹ ਚਾਹੁੰਦੇ ਹਨ ਕਿ ਹੋਰ ਵੀ ਕਈ ਮੁਕਾਬਲੇ ਹੋਣੇ ਚਾਹੀਦੇ ਹਨ। ਹਾਲ਼ ਦੀ ਘੜੀ ਸਾਲ ਵਿੱਚ ਸਿਰਫ਼ ਦੋ ਜਾਂ ਤਿੰਨ ਵਾਰ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ। ਕੈਲਾਸ਼ ਦਾ ਕਹਿਣਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੈਚਾਂ ਦੀ ਜ਼ਰੂਰਤ ਹੈ।

PHOTO • Pooja Yeola
PHOTO • Pooja Yeola

ਖੱਬੇ : ਕੈਲਾਸ਼ ਕੋਰਡੇ ਨਵਲਗਵਹਾਣ ਨੌਜਵਾਨਾਂ ਦੇ ਇੱਕ ਕਬੱਡੀ ਗਰੁੱਪ ਦੀ ਅਗਵਾਈ ਅਤੇ ਸਿਖਲਾਈ ਦਿੰਦੇ ਹਨ। ਪਿਛਲੇ ਸਾਲ , ਉਨ੍ਹਾਂ ਨੇ ਪੁਣੇ ਵਿੱਚ 10 ਰੋਜ਼ਾ ਸਿਖਲਾਈ ਕੈਂਪ ਵਿੱਚ ਹਿੱਸਾ ਲਿਆ ਸੀ। ਸੱਜੇ : ਨਾਰਾਇਣ ਚਵਾਨ ਨੌਜਵਾਨ ਮੁੰਡਿਆਂ ਨੂੰ ਸਿਖਲਾਈ ਦਿੰਦੇ ਹਨ ਅਤੇ ਪੁਲਿਸ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ ਉਹ ਕਹਿੰਦੇ ਹਨ ਕਿ ਕਬੱਡੀ ਦੀ ਖੇਡ ਨੇ ਉਨ੍ਹਾਂ ਦਾ ਸਟੈਮਿਨਾ ਵਧਾਉਣ ਵਿੱਚ ਮਦਦ ਕੀਤੀ ਹੈ

ਕੈਲਾਸ਼ ਪੁਲਿਸ ਭਰਤੀ ਦੀ ਤਿਆਰੀ ਕਰ ਰਹੇ ਹਨ। ਉਹ ਹਰ ਰੋਜ਼ 13 ਕਿਲੋਮੀਟਰ ਦੂਰ, ਹਿੰਗੋਲੀ ਜਾਂਦੇ ਹਨ ਅਤੇ ਉੱਥੇ ਇੱਕ ਸਟੱਡੀ ਰੂਮ ਵਿੱਚ ਦੋ ਘੰਟੇ ਪੜ੍ਹਦੇ ਹਨ। ਫਿਰ ਉਹ ਖੇਡ ਦੇ ਮੈਦਾਨ ਵਿੱਚ ਵਾਪਸ ਆਉਂਦੇ ਅਤੇ ਆਪਣੀ ਕਸਰਤ ਅਤੇ ਸਰੀਰਕ ਸਿਖਲਾਈ ਦਾ ਅਭਿਆਸ ਕਰਦੇ ਹਨ। ਖੇਡਾਂ, ਕਸਰਤ ਅਤੇ ਆਪਣੀ ਸਿੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੇ ਬਹੁਤ ਸਾਰੇ ਨੌਜਵਾਨ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ।

ਨਾਰਾਇਣ ਚਵਾਨ ਕਹਿੰਦੇ ਹਨ, "ਕਬੱਡੀ ਨੇ ਨਵਲਗਵਹਾਣ ਅਤੇ ਆਸ ਪਾਸ ਦੇ ਪਿੰਡਾਂ ਜਿਵੇਂ ਕਿ ਸਤੰਬਾ, ਭੰਡੇਗਾਓਂ ਅਤੇ ਇੰਚਾ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਆਪਣਾ ਕਰੀਅਰ ਬਣਾਉਣ ਵਿੱਚ ਮਦਦ ਕੀਤੀ ਹੈ।'' ਕੈਲਾਸ਼ ਵਾਂਗਰ 21 ਸਾਲਾ ਇਹ ਨੌਜਵਾਨ ਵੀ ਪੁਲਿਸ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ ਅਤੇ ਕਬੱਡੀ ਉਸਦੀ ਸਰੀਰਕ ਸਿਖਲਾਈ ਅਤੇ ਸਟੈਮਿਨਾ ਵਧਾਉਣ ਵਿੱਚ ਮਦਦ ਕਰਦੀ ਹੈ। "ਸਾਨੂੰ ਕਬੱਡੀ ਪਸੰਦ ਹੈ। ਅਸੀਂ ਇਹ ਛੋਟੇ ਹੁੰਦਿਆਂ ਤੋਂ ਖੇਡਦੇ ਆਏ ਹਾਂ।''

ਹਿੰਗੋਲੀ ਦੇ ਬਹੁਤ ਸਾਰੇ ਛੋਟੇ ਕਸਬੇ ਵੱਖ-ਵੱਖ ਉਮਰ ਸਮੂਹਾਂ ਲਈ ਸਾਲਾਨਾ ਕਬੱਡੀ ਮੁਕਾਬਲੇ ਆਯੋਜਿਤ ਕਰਦੇ ਹਨ। ਇਹ ਸ਼੍ਰੀਪਤਰਾਓ ਕਾਟਕਰ ਫਾਊਂਡੇਸ਼ਨ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ ਅਤੇ 'ਮਾਤ੍ਰਿਤਵ ਸਨਮਾਨ ਕਬੱਡੀ ਮੁਕਾਬਲੇ' ਵਜੋਂ ਜਾਣੇ ਜਾਂਦੇ ਹਨ। ਕਾਟਕਰ ਫਾਊਂਡੇਸ਼ਨ ਦੇ ਸੰਸਥਾਪਕ ਸੰਜੈ ਕਾਟਕਰ ਕਬੱਡੀ ਕੋਚਾਂ ਦੀ ਸਿਖਲਾਈ ਨਾਲ਼ ਇਨ੍ਹਾਂ ਸਮਾਗਮਾਂ ਦਾ ਆਯੋਜਨ ਕਰਦੇ ਹਨ। ਫਾਊਂਡੇਸ਼ਨ ਦਾ ਉਦੇਸ਼ ਸਥਾਨਕ ਵਪਾਰ ਅਤੇ ਕਾਰੋਬਾਰ ਨੂੰ ਉਤਸ਼ਾਹਤ ਕਰਨ ਅਤੇ ਲੰਬੇ ਸਮੇਂ ਵਿੱਚ ਪ੍ਰਵਾਸ ਨੂੰ ਰੋਕਣ ਲਈ ਪੇਂਡੂ ਭਾਈਚਾਰਿਆਂ ਨਾਲ਼ ਕੰਮ ਕਰਨਾ ਹੈ। ਸੰਜੈ, ਹਿੰਗੋਲੀ ਜ਼ਿਲ੍ਹੇ ਦੇ ਸਾਰੇ ਤਾਲੁਕਾ ਵਿੱਚ ਕਬੱਡੀ ਟੂਰਨਾਮੈਂਟਾਂ ਲਈ ਜਾਣੇ ਜਾਂਦੇ ਹਨ।

ਸਾਲ 2023 'ਚ ਵਿਜੈ ਕੋਰਡੇ ਅਤੇ ਕੈਲਾਸ਼ ਕੋਰਡੇ ਨੇ ਪੁਣੇ 'ਚ ਇਸੇ ਤਰ੍ਹਾਂ ਦੀ 10 ਰੋਜ਼ਾ ਟ੍ਰੇਨਿੰਗ 'ਚ ਹਿੱਸਾ ਲਿਆ ਸੀ। ਅੱਜ ਉਹ ਨਵਲਗਵਹਾਣ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਿਖਲਾਈ ਦਿੰਦੇ ਹਨ। "ਮੇਰਾ ਬਚਪਨ ਤੋਂ ਹੀ ਇਸ ਖੇਡ ਨਾਲ਼ ਲਗਾਅ ਰਿਹਾ ਹੈ ਅਤੇ ਹਮੇਸ਼ਾਂ ਇਸ ਬਾਰੇ ਵੱਧ ਤੋਂ ਵੱਧ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਇਹ ਨੌਜਵਾਨ ਚੰਗੀ ਟ੍ਰੇਨਿੰਗ ਕਰਨ ਅਤੇ ਚੰਗਾ ਖੇਡਣ।''

PHOTO • Pooja Yeola
PHOTO • Pooja Yeola

ਖੱਬੇ : ਨੌਜਵਾਨ ਅਤੇ ਬਜ਼ੁਰਗ ਹਰ ਸ਼ਾਮੀਂ ਨਵਲਗਵਹਾਣ ਜ਼ਿਲ੍ਹਾ ਪ੍ਰੀਸ਼ਦ ਸਕੂਲ ਦੇ ਮੈਦਾਨ ਵਿੱਚ ਇਕੱਠੇ ਹੁੰਦੇ ਹਨ। ਸੱਜੇ : ਨੀਲੇ ਕੱਪੜੇ ਪਹਿਨੇ ਮੁੰਡੇ ਖੇਡਣ ਲਈ ਤਿਆਰ ਹਨ !

ਉਹ ਕਹਿੰਦੇ ਹਨ ਕਿ ਇੱਥੇ ਬੱਚਿਆਂ ਵਿੱਚ ਬਹੁਤ ਸਮਰੱਥਾ ਹੈ ਅਤੇ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਸਕਦੇ ਹਨ। ਪਰ ਉਨ੍ਹਾਂ ਕੋਲ਼ ਹਰ ਮੌਸਮ ਵਿੱਚ ਖੇਡ ਦੇ ਮੈਦਾਨ ਵਰਗੀਆਂ ਚੰਗੀਆਂ ਸਹੂਲਤਾਂ ਦੀ ਘਾਟ ਹੈ। "ਜਦੋਂ ਮੀਂਹ ਪੈਂਦਾ ਹੈ ਤਾਂ ਅਸੀਂ ਅਭਿਆਸ ਨਹੀਂ ਕਰ ਸਕਦੇ," ਵਿਜੈ ਕਹਿੰਦੇ ਹਨ।

ਵੇਦਾਂਤ ਅਤੇ ਨਾਰਾਇਣ ਵੀ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦੇ ਹਨ। "ਸਾਡੇ ਕੋਲ਼ ਕੋਈ ਮੈਦਾਨ ਨਹੀਂ ਹੈ। ਦੂਜੇ ਖਿਡਾਰੀਆਂ ਦੀ ਤਰ੍ਹਾਂ ਜੇਕਰ ਸਾਨੂੰ ਮੈਟ 'ਤੇ ਟ੍ਰੇਨਿੰਗ ਕਰਨ ਦਾ ਮੌਕਾ ਮਿਲ਼ੇ ਤਾਂ ਅਸੀਂ ਬਿਹਤਰ ਖਿਡਾਰੀ ਬਣ ਕੇ ਉਭਰਾਂਗੇ,'' ਉਹ ਕਹਿੰਦੇ ਹਨ।

ਨਵਲਗਵਹਾਣ ਪਿੰਡ ਵਿੱਚ ਕਬੱਡੀ ਪਰੰਪਰਾ ਨੇ ਕੁੜੀਆਂ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ ਹਨ। ਪਿੰਡ ਦੇ ਬਹੁਤ ਸਾਰੇ ਲੋਕ ਸਕੂਲ ਪੱਧਰ 'ਤੇ ਖੇਡਦੇ ਹਨ ਪਰ ਉਨ੍ਹਾਂ ਕੋਲ਼ ਕੋਈ ਸਹੂਲਤਾਂ ਜਾਂ ਕੋਚ ਨਹੀਂ ਹਨ।

*****

ਕਬੱਡੀ ਵਰਗੀ ਕਿਸੇ ਵੀ ਆਊਟਡੋਰ ਖੇਡ ਵਿੱਚ ਵੀ ਕੁਝ ਚੁਣੌਤੀਆਂ ਹੁੰਦੀਆਂ ਹਨ। ਪਵਨ ਕੋਰਾਡੇ ਵੀ ਇਸ ਗੱਲ ਨੂੰ ਜਾਣਦੇ ਹਨ।

ਪਿਛਲੇ ਸਾਲ ਹੋਲੀ ਦੇ ਦਿਨ ਨਵਲਗਵਹਾਣ ਪਿੰਡ 'ਚ ਮੈਚ ਹੋਏ। ਸਾਰਾ ਪਿੰਡ ਖੇਡ ਦੇਖਣ ਲਈ ਇਕੱਠਾ ਹੋਇਆ। ਪਵਨ ਕੋਰਡੇ 50 ਕਿਲੋਗ੍ਰਾਮ ਵਰਗ ਵਿੱਚ ਖੇਡ ਰਹੇ ਸਨ। ਮੈਂ ਵਿਰੋਧੀ ਟੀਮ ਦੇ ਕੋਰਟ 'ਚ ਦਾਖਲ ਹੋਇਆ ਅਤੇ ਕੁਝ ਖਿਡਾਰੀਆਂ ਨੂੰ ਆਊਟ ਕੀਤਾ। ਆਪਣੀ ਕੋਰਟ ਵਿੱਚ ਵਾਪਸ ਆਉਂਦੇ ਸਮੇਂ, ਮੈਂ ਅਚਾਨਕ ਸੰਤੁਲਨ ਗੁਆ ਬੈਠਾ ਅਤੇ ਲੱਕ ਪਰਨੇ ਜਾ ਡਿੱਗਿਆ," ਪਵਨ ਨੇ ਕਿਹਾ। ਉਸ ਦਿਨ ਉਹ ਗੰਭੀਰ ਰੂਪ ਨਾਲ਼ ਜ਼ਖਮੀ ਹੋ ਗਏ ਸਨ।

PHOTO • Pooja Yeola
PHOTO • Pooja Yeola

ਖੱਬੇ : ਕਬੱਡੀ ਖਿਡਾਰੀ ਪਵਨ ਕੋਰਡੇ ਨੂੰ ਮੈਚ ਦੌਰਾਨ ਪਿੱਠ ' ਗੰਭੀਰ ਸੱਟ ਲੱਗ ਗਈ। ਛੇ ਮਹੀਨਿਆਂ ਬਾਅਦ ਉਹ ਹੌਲ਼ੀ-ਹੌਲ਼ੀ ਤੁਰਨ ਅਤੇ ਦੌੜਨ ਦੇ ਯੋਗ ਹੋ ਗਿਆ ਸੱਜੇ : ਵਿਕਾਸ ਕੋਰਡੇ ਨੇ ਖੇਡਣਾ ਬੰਦ ਕਰ ਦਿੱਤਾ ਅਤੇ ਪੈਸਾ ਕਮਾਉਣ ਲਈ ਆਪਣੇ ਪਿੰਡ ਤੋਂ ਹਿੰਗੋਲੀ ਦੀ ਮੰਡੀ ਤੱਕ ਅਨਾਜ ਦੀ ਢੋਆ-ਢੁਆਈ ਵਾਸਤੇ ਪੁਰਾਣਾ ਟੈਂਪੂ ਖਰੀਦ ਲਿਆ

ਹਾਲਾਂਕਿ ਉਸ ਨੂੰ ਤੁਰੰਤ ਹਿੰਗੋਲੀ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਸਰਜਰੀ ਦੀ ਜ਼ਰੂਰਤ ਸੀ। ਉੱਥੋਂ ਉਨ੍ਹਾਂ ਨੂੰ ਨਾਂਦੇੜ ਹਸਪਤਾਲ ਭੇਜ ਦਿੱਤਾ ਗਿਆ। ਸਰਜਰੀ ਸਫਲ ਰਹੀ ਪਰ ਡਾਕਟਰਾਂ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਉਹ ਪਹਿਲਾਂ ਵਾਂਗ ਨਹੀਂ ਖੇਡ ਸਕਦੇ।

"ਅਸੀਂ ਇਹ ਸੁਣ ਕੇ ਪਰੇਸ਼ਾਨ ਹੋ ਗਏ।'' ਪਰ ਉਸਨੇ ਹਾਰ ਨਾ ਮੰਨੀ। ਸਰਜਰੀ ਤੋਂ ਠੀਕ ਹੋਣ ਤੋਂ ਬਾਅਦ ਪਵਨ ਨੇ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਅਤੇ ਛੇ ਮਹੀਨਿਆਂ ਬਾਅਦ, ਉਸਨੇ ਤੁਰਨਾ ਅਤੇ ਦੌੜਨਾ ਸ਼ੁਰੂ ਕਰ ਦਿੱਤਾ। "ਉਹ ਪੁਲਿਸ ਭਰਤੀ ਪ੍ਰੀਖਿਆ ਦੇਣਾ ਚਾਹੁੰਦਾ ਹੈ," ਉਸ ਦੇ ਪਿਤਾ ਕਹਿੰਦੇ ਹਨ।

ਉਸ ਦੇ ਸਾਰੇ ਡਾਕਟਰੀ ਖਰਚੇ ਕਾਟਕਰ ਫਾਊਂਡੇਸ਼ਨ ਨੇ ਚੁੱਕੇ।

ਹਾਲਾਂਕਿ ਨਵਲਗਵਹਾਣ ਨੂੰ ਕਬੱਡੀ 'ਤੇ ਮਾਣ ਹੈ, ਪਰ ਹਰ ਕੋਈ ਇਸ ਨੂੰ ਅੱਗੇ ਨਹੀਂ ਵਧਾ ਸਕਦਾ। ਵਿਕਾਸ ਕੋਰਡੇ ਨੂੰ ਖੇਡਣਾ ਬੰਦ ਕਰਨਾ ਪਿਆ ਕਿਉਂਕਿ ਉਸ ਨੇ ਰੋਜ਼ੀ-ਰੋਟੀ ਕਮਾਉਣੀ ਸੀ। "ਮੈਂ ਕਬੱਡੀ ਖੇਡਣਾ ਚਾਹੁੰਦਾ ਸੀ, ਪਰ ਵਿੱਤੀ ਸੰਕਟ ਅਤੇ ਖੇਤੀ ਦੇ ਕੰਮ ਕਾਰਨ, ਮੈਨੂੰ ਪੜ੍ਹਾਈ ਅਤੇ ਖੇਡਾਂ ਛੱਡਣੀਆਂ ਪਈਆਂ," 22 ਸਾਲਾ ਵਿਕਾਸ ਕਹਿੰਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਇੱਕ ਟੈਂਪੂ ਖਰੀਦਿਆ ਸੀ। "ਮੈਂ ਆਪਣੇ ਪਿੰਡ ਤੋਂ ਖੇਤੀਬਾੜੀ ਉਪਜ (ਹਲਦੀ, ਸੋਇਆਬੀਨ ਅਤੇ ਤਾਜ਼ਾ ਉਤਪਾਦ) ਨੂੰ ਹਿੰਗੋਲੀ ਲੈ ਜਾਂਦਾ ਹਾਂ ਅਤੇ ਇਸ ਤਰ੍ਹਾਂ ਕੁਝ ਪੈਸਾ ਕਮਾ ਲੈਂਦਾ ਹਾਂ।"

ਕਬੱਡੀ ਲਈ ਜਾਣੇ ਜਾਂਦੇ ਵਾਲ਼ੇ ਪਿੰਡ, ਨਵਲਗਵਹਾਣ ਦੇ ਵਾਸੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਪਿੰਡ ਕਬੱਡੀਚਾ ਗਾਓਂ ਵਜੋਂ ਜਾਣਿਆ ਜਾਵੇ। ਇੱਥੋਂ ਦੇ ਨੌਜਵਾਨਾਂ ਲਈ, "ਕਬੱਡੀ ਹੀ ਅੰਤਿਮ ਟੀਚਾ ਹੈ!"

ਤਰਜਮਾ: ਕਮਲਜੀਤ ਕੌਰ

Student Reporter : Pooja Yeola

মহারাষ্ট্রের ছত্রপতি শাম্ভাজিনগর নিবাসী পূজা ইয়েওলা সাংবাদিকতা নিয়ে পড়াশোনা করছেন।

Other stories by Pooja Yeola
Editor : Medha Kale

পুণে নিবাসী মেধা কালে নারী এবং স্বাস্থ্য - এই বিষয়গুলির উপর কাজ করেন। তিনি পারির মারাঠি অনুবাদ সম্পাদক।

Other stories by মেধা কালে
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur