"ਮੈਨੂੰ ਇਓਂ ਜਾਪਦਾ ਜਿਵੇਂ ਮੇਰੇ ਫੇਫੜੇ ਪੱਥਰ ਦੇ ਹੋਣ। ਮੈਂ ਬਾਮੁਸ਼ਕਲ ਹੀ ਤੁਰ ਪਾਉਂਦਾ ਹਾਂ," ਮਾਨਿਕ ਸਰਦਾਰ ਕਹਿੰਦੇ ਹਨ।
55 ਸਾਲਾ ਇਸ ਵਿਅਕਤੀ ਨੂੰ ਨਵੰਬਰ 2022 ਵਿੱਚ ਇੱਕ ਜਾਂਚ ਦੌਰਾਨ ਸਿਲੀਕੋਸਿਸ ਰੋਗ ਹੋਣ ਦਾ ਪਤਾ ਲੱਗਾ ਸੀ ਜੋ ਫੇਫੜਿਆਂ ਦੀ ਲਾਇਲਾਜ ਬਿਮਾਰੀ ਹੈ। ''ਮੈਂ ਆਉਣ ਵਾਲ਼ੀਆਂ ਚੋਣਾਂ ਬਾਰੇ ਸੋਚਣ ਦੀ ਹਾਲਤ 'ਚ ਨਹੀਂ ਹਾਂ। ਮੈਨੂੰ ਆਪਣੇ ਪਰਿਵਾਰ ਦੀ ਹਾਲਤ ਬਾਰੇ ਚਿੰਤਾ ਏ," ਉਹ ਕਹਿੰਦੇ ਹਨ।
ਨਾਬਾ ਕੁਮਾਰ ਮੰਡਲ ਵੀ ਸਿਲੀਕੋਸਿਸ ਤੋਂ ਪੀੜਤ ਹਨ। ਉਹ ਕਹਿੰਦੇ ਹਨ,"ਚੋਣਾਂ ਹੋਰ ਕੁਝ ਵੀ ਨਹੀਂ ਸਿਰਫ਼ ਝੂਠੇ ਵਾਅਦੇ ਹੀ ਨੇ। ਵੋਟ ਪਾਉਣਾ ਜਿਓਂ ਰੁਟੀਨ ਦਾ ਹਿੱਸਾ ਬਣ ਗਿਆ ਹੋਵੇ। ਕੋਈ ਫ਼ਰਕ ਨਹੀਂ ਪੈਂਦਾ ਸੱਤਾ ਵਿੱਚ ਆ ਕੌਣ ਰਿਹਾ ਏ, ਸਾਡੇ ਜੀਵਨ ਵਿੱਚ ਤਾਂ ਕੋਈ ਬਦਲਾਅ ਆਉਣੋਂ ਰਿਹਾ।''
ਮਾਨਿਕ ਅਤੇ ਨਾਬਾ ਦੋਵੇਂ ਪੱਛਮੀ ਬੰਗਾਲ ਦੇ ਮੀਨਾਖਾਨ ਬਲਾਕ ਦੇ ਝੁਪਖਾਲੀ ਪਿੰਡ ਦੇ ਵਸਨੀਕ ਹਨ। ਇਸ ਹਲਕੇ ਵਿੱਚ 2024 ਦੀਆਂ ਆਮ ਚੋਣਾਂ ਦੇ ਆਖਰੀ ਗੇੜ ਭਾਵ 1 ਜੂਨ ਨੂੰ ਵੋਟਾਂ ਪੈਣਗੀਆਂ।
ਦੋਵਾਂ ਨੇ ਇੱਕ-ਡੇਢ ਸਾਲ ਲਗਾਤਾਰ ਉਨ੍ਹਾਂ ਫ਼ੈਕਟਰੀਆਂ ਵਿੱਚ ਕੰਮ ਕੀਤਾ ਜਿੱਥੇ ਉਹ ਸਿਲਿਕਾ ਧੂੜ ਦੇ ਸਿੱਧਿਆਂ ਸੰਪਰਕ ਵਿੱਚ ਆਉਂਦੇ ਰਹੇ ਤੇ ਜਿੱਥੇ ਉਨ੍ਹਾਂ ਦੀ ਸਿਹਤ ਦਾ ਨੁਕਸਾਨ ਹੋਣ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਪੈਸਿਆਂ ਦਾ ਨੁਕਸਾਨ ਵੀ ਝੱਲਣਾ ਪਿਆ। ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲ਼ਦਾ ਕਿਉਂਕਿ ਰੈਮਿੰਗ ਮਾਸ ਦੀਆਂ ਬਹੁਤੇਰੀਆਂ ਫ਼ੈਕਟਰੀਆਂ ਡਾਇਰੈਕਟੋਰੇਟ ਆਫ਼ ਫ਼ੈਕਟਰੀਜ਼ ਕੋਲ਼ ਰਜਿਸਟਰਡ ਨਹੀਂ ਹਨ ਤੇ ਜੋ ਹਨ ਵੀ ਉਹ ਵੀ ਨਾ ਤਾਂ ਨਿਯੁਕਤੀ ਪੱਤਰ ਜਾਰੀ ਕਰਦੀਆਂ ਹਨ ਤੇ ਨਾ ਹੀ ਪਛਾਣ ਪੱਤਰ। ਅਜਿਹੀਆਂ ਬਹੁਤ ਸਾਰੀਆਂ ਫ਼ੈਕਟਰੀਆਂ ਅਸਲ ਵਿੱਚ ਗੈਰ-ਕਾਨੂੰਨੀ ਜਾਂ ਅੱਧ-ਪਚੱਧੇ ਕਾਨੂੰਨੀ ਦਾਇਰੇ ਹੇਠ ਹਨ। ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਵਾਲ਼ੇ ਕਾਮੇ ਵੀ ਰਜਿਸਟਰਡ ਨਹੀਂ ਹਨ।
2000 ਅਤੇ 2009 ਦੇ ਇੱਕ ਦਹਾਕੇ ਦੇ ਅੰਦਰ, ਮਾਨਿਕ ਤੇ ਨਾਬਾ ਜਿਹੇ ਉੱਤਰੀ 24 ਪਰਗਨਾ ਦੇ ਬਹੁਤ ਸਾਰੇ ਵਸਨੀਕ ਬਿਹਤਰ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਇਨ੍ਹਾਂ ਫ਼ੈਕਟਰੀਆਂ ਵਿੱਚ ਕੰਮ ਕਰਨ ਲਈ ਚਲੇ ਗਏ, ਹਾਲਾਂਕਿ ਇਨ੍ਹਾਂ ਫ਼ੈਕਟਰੀਆਂ ਵਿੱਚ ਕੰਮ ਦੇ ਜੋਖਮ ਨੂੰ ਸਮਝਦਿਆਂ-ਬੁਝਦਿਆਂ ਵੀ ਉਹ ਕੰਮ ਕਰਦੇ ਰਹੇ। ਜਲਵਾਯੂ ਤਬਦੀਲੀ ਅਤੇ ਫ਼ਸਲਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਆਉਂਦੀ ਗਿਰਾਵਟ ਨੇ ਉਨ੍ਹਾਂ ਨੂੰ ਖੇਤੀਬਾੜੀ ਛੱਡਣ ਲਈ ਮਜ਼ਬੂਰ ਕੀਤਾ, ਜੋ ਉਨ੍ਹਾਂ ਦੀ ਆਮਦਨ ਦਾ ਰਵਾਇਤੀ ਸਰੋਤ ਸੀ, ਪਰ ਹੁਣ ਲਾਹੇਵੰਦਾ ਨਹੀਂ ਸੀ ਰਿਹਾ।
"ਅਸੀਂ ਉੱਥੇ ਕੰਮ ਦੀ ਭਾਲ਼ ਵਿੱਚ ਗਏ ਸੀ," ਹਾਰਾ ਪਾਈਕ ਕਹਿੰਦੇ ਹਨ। ਜੁਪਾਖਾਲੀ ਪਿੰਡ ਦੇ ਇੱਕ ਹੋਰ ਵਸਨੀਕ ਅਨੁਸਾਰ, "ਅਸੀਂ ਮੌਤ ਦੇ ਮੂੰਹ 'ਚ ਜਾ ਰਹੇ ਹਾਂ, ਸਾਨੂੰ ਇੰਨਾ ਵੀ ਅੰਦਾਜ਼ਾ ਨਹੀਂ ਸੀ।''
ਇਨ੍ਹਾਂ ਰੈਮਿੰਗ ਮਾਸ ਫ਼ੈਕਟਰੀਆਂ ਦੇ ਕਾਮੇ ਕੁਟਾਈ ਨਾਲ਼ ਉੱਡਦੇ ਸਿਲਿਕਾ ਸੂਖਮ ਕਣਾਂ ਦੇ ਵਿਚਕਾਰ ਕੰਮ ਕਰਦੇ ਹਨ ਤੇ ਉਸੇ ਹਵਾ ਵਿੱਚ ਸਾਹ ਲੈਣ ਨੂੰ ਮਜ਼ਬੂਰ ਵੀ ਰਹਿੰਦੇ ਹਨ।
ਰੈਮਿੰਗ ਮਾਸ ਕੰਡਮ ਧਾਤੂਆਂ ਤੇ ਗ਼ੈਰ-ਧਾਤੂ ਖਣਿਜਾਂ ਨੂੰ ਗਲਾਉਣ ਤੇ 'ਲੈਡਲ ਤੇ ਕ੍ਰੇਡਲ ਟ੍ਰਾਂਸਫ਼ਰ ਕਾਰ' ਤੇ ਇਸਪਾਤ ਉਤਪਾਦਨ ਵਿੱਚ ਕੰਮ ਆਉਣ ਵਾਲ਼ੀਆਂ ਇੰਡਕਸ਼ਨ ਭੱਠੀਆਂ 'ਤੇ ਪਰਤ ਚੜ੍ਹਾਉਣ ਲਈ ਮੁੱਖ ਤੱਤ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।
ਇੱਥੇ, ਇਨ੍ਹਾਂ ਫ਼ੈਕਟਰੀਆਂ ਵਿੱਚ, ਕਾਮਿਆਂ ਨੂੰ ਲਗਾਤਾਰ ਸਿਲਿਕਾ ਧੂੜ ਦਾ ਸਾਹਮਣਾ ਕਰਨਾ ਪੈਂਦਾ ਹੈ। "ਮੈਂ ਕੰਮ ਵਾਲ਼ੀ ਥਾਂ ਦੇ ਨੇੜੇ ਹੀ ਸੌਂ ਜਾਇਆ ਕਰਦਾ। ਨੀਂਦ ਵਿੱਚ ਵੀ, ਮੈਂ ਹਵਾ ਵਿੱਚ ਤੈਰਦੀ ਸਿਲਿਕਾ ਧੂੜ ਵਿੱਚ ਹੀ ਸਾਹ ਲੈਂਦਾ," ਹਾਰਾ ਕਹਿੰਦੇ ਹਨ, ਜਿਨ੍ਹਾਂ ਨੇ ਉੱਥੇ ਲਗਭਗ 15 ਮਹੀਨੇ ਕੰਮ ਕੀਤਾ। ਕੰਮ ਦੌਰਾਨ ਸੁਰੱਖਿਆ ਉਪਕਰਣਾਂ ਦਾ ਨਾ ਹੋਣਾ ਹੀ, ਉਸ ਬੀਮਾਰੀ ਨੂੰ ਦਾਅਵਤ ਦੇਣ ਜਿਹਾ ਮੌਕਾ ਹੁੰਦਾ ਹੈ।
ਸਾਲ 2009-10 ਤੋਂ ਲੈ ਕੇ ਹੁਣ ਤੱਕ ਮੀਨਾਖਾਨ-ਸੰਦੇਸ਼ਖਾਲੀ ਬਲਾਕ ਦੇ ਵੱਖ-ਵੱਖ ਪਿੰਡਾਂ ਦੇ 34 ਮਜ਼ਦੂਰਾਂ ਦੀ ਸਿਲੀਕੋਸਿਸ ਨਾਲ਼ ਬੇਵਕਤੀ ਮੌਤ ਹੋ ਚੁੱਕੀ ਹੈ। ਇਨ੍ਹਾਂ ਮਜ਼ਦੂਰਾਂ ਵਿੱਚੋਂ ਕਿਸੇ ਨੇ ਨੌ ਮਹੀਨੇ ਤੇ ਕਿਸੇ ਨੇ ਤਿੰਨ ਸਾਲਾਂ ਤੱਕ ਰੈਮਿੰਗ ਮਾਸ ਫ਼ੈਕਟਰੀਆਂ ਵਿੱਚ ਕੰਮ ਕੀਤਾ ਸੀ।
ਜਦੋਂ ਕਾਮੇ ਸਾਹ ਲੈਂਦੇ ਹਨ ਤਾਂ ਸਿਲਿਕਾ ਧੂੜ ਫੇਫੜਿਆਂ ਦੀਆਂ ਐਲਵੋਲਰ ਥੈਲੀਆਂ ਵਿੱਚ ਜਮ੍ਹਾਂ ਹੋ ਜਾਂਦੀ ਹੈ ਤੇ ਹੌਲ਼ੀ-ਹੌਲ਼ੀ ਅੰਗਾਂ ਨੂੰ ਸਖ਼ਤ ਬਣਾਉਣ ਲੱਗਦੀ ਹੈ। ਸਿਲੀਕੋਸਿਸ ਦੇ ਸ਼ੁਰੂਆਤੀ ਲੱਛਣ ਖੰਘ ਛੁੱਟਣਾ ਅਤੇ ਸਾਹ ਲੈਣ ਵਿੱਚ ਔਖਿਆਈ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ, ਇਸ ਤੋਂ ਬਾਅਦ ਭਾਰ ਘਟਣਾ ਅਤੇ ਚਮੜੀ ਦਾ ਕਾਲਾਪਣ ਹੁੰਦਾ ਹੈ। ਹੌਲ਼ੀ-ਹੌਲ਼ੀ ਛਾਤੀ ਵਿੱਚ ਦਰਦ ਅਤੇ ਸਰੀਰਕ ਕਮਜ਼ੋਰੀ ਸ਼ੁਰੂ ਹੋ ਜਾਂਦੀ ਹੈ। ਬਾਅਦ ਦੇ ਪੜਾਵਾਂ ਵਿੱਚ, ਮਰੀਜ਼ਾਂ ਨੂੰ ਨਿਰੰਤਰ ਆਕਸੀਜਨ ਸਹਾਇਤਾ ਦੀ ਲੋੜ ਹੁੰਦੀ ਹੈ। ਸਿਲੀਕੋਸਿਸ ਦੇ ਮਰੀਜ਼ਾਂ ਵਿੱਚ ਮੌਤ ਦਾ ਕਾਰਨ ਆਮ ਤੌਰ 'ਤੇ ਆਕਸੀਜਨ ਦੀ ਘਾਟ ਕਾਰਨ ਦਿਲ ਦਾ ਦੌਰਾ ਪੈਣਾ ਹੁੰਦਾ ਹੈ।
ਸਿਲੀਕੋਸਿਸ ਇੱਕ ਲਾਇਲਾਜ, ਹੌਲ਼ੀ-ਹੌਲ਼ੀ ਵੱਧਦੀ ਰਹਿਣ ਵਾਲ਼ੀ ਤੇ ਕਿੱਤਾਮੁਖੀ ਬਿਮਾਰੀ ਹੈ। ਇੱਕ ਪੜਾਅ ਬਾਅਦ ਇਹਦਾ ਇੱਕ ਵਿਸ਼ੇਸ਼ ਰੂਪ ਨਜ਼ਰ ਆਉਂਦਾ ਹੈ ਜਿਸਨੂੰ ਨਿਊਮੋਕੋਨੀਓਸਿਸ ਕਿਹਾ ਜਾਂਦਾ ਹੈ। ਕਿੱਤਾਮੁਖੀ ਰੋਗ ਮਾਹਰ, ਡਾ. ਕੁਨਾਲ਼ ਕੁਮਾਰ ਦੱਤਾ ਕਹਿੰਦੇ ਹਨ, "ਸਿਲੀਕੋਸਿਸ ਦੇ ਮਰੀਜ਼ਾਂ ਨੂੰ ਤਪਦਿਕ ਹੋਣ ਦੀ ਸੰਭਾਵਨਾ 15 ਗੁਣਾ ਵੱਧ ਹੁੰਦੀ ਹੈ।'' ਇਸ ਨੂੰ ਸਿਲੀਕੋ-ਤਪਦਿਕ ਜਾਂ ਸਿਲੀਕੋਟਿਕ ਟੀਬੀ ਕਿਹਾ ਜਾਂਦਾ ਹੈ।
ਪਰ ਇੱਥੇ ਕੰਮ ਦੀ ਲੋੜ ਇੰਨੀ ਜ਼ਿਆਦਾ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੰਮ ਦੀ ਭਾਲ਼ ਵਿੱਚ ਉੱਥੇ ਜਾਣ ਲਈ ਤਿਆਰ ਹੋਏ ਹਨ। 2000 ਵਿੱਚ, ਗੋਲਦਾਹਾ ਪਿੰਡ ਦੇ 30-35 ਮਜ਼ਦੂਰ ਲਗਭਗ 300 ਕਿਲੋਮੀਟਰ ਦੂਰ, ਕੁਲਟੀ ਸਥਿਤ ਇੱਕ ਰੈਮਿੰਗ ਮਾਸ ਯੂਨਿਟ ਵਿੱਚ ਕੰਮ ਕਰਨ ਗਏ ਸਨ। ਕੁਝ ਸਾਲਾਂ ਬਾਅਦ, ਮੀਨਾਖਨ ਬਲਾਕ ਦੇ ਗੋਲਦਾਹਾ, ਦੇਬੀਤਾਲਾ, ਖਰੀਬੀਆਰੀਆ ਅਤੇ ਜੈਗ੍ਰਾਮ ਵਰਗੇ ਪਿੰਡਾਂ ਵਿੱਚ ਗ਼ਰੀਬੀ ਰੇਖਾ ਤੋਂ ਹੇਠਾਂ ਦੇ ਕਿਸਾਨ ਬਾਰਾਸਤ ਦੱਤਾਪੁਕੁਰ ਨਾਂ ਦੀ ਇਕਾਈ ਵਿੱਚ ਕੰਮ ਕਰਨ ਗਏ। 2005-2006 ਵਿੱਚ, ਸੰਦੇਸ਼ਖਾਲੀ ਬਲਾਕ 1 ਅਤੇ 2 ਦੇ ਸੁੰਦਰੀਖਾਲੀ, ਸਰਬਰੀਆ, ਬਟੀਦਾਹਾ, ਅਗੜਤੀ, ਜੇਲੀਆਖਾਲੀ, ਰਾਜਬਾੜੀ ਅਤੇ ਝੁਪਖਾਲੀ ਪਿੰਡਾਂ ਦੇ ਕਿਸਾਨ ਪਰਵਾਸ ਕਰ ਗਏ। ਇਨ੍ਹਾਂ ਬਲਾਕਾਂ ਦੇ ਮਜ਼ਦੂਰ ਜਮੁਰੀਆ ਵਿੱਚ ਵੱਡੇ ਪੱਧਰ 'ਤੇ ਰੈਮਿੰਗ ਮਾਸ ਉਤਪਾਦਨ ਯੂਨਿਟ ਵਿੱਚ ਗਏ।
ਝੁਪਖਾਲੀ ਦੇ ਇੱਕ ਹੋਰ ਵਸਨੀਕ, ਅਮੋਏ ਸਰਦਾਰ ਕਹਿੰਦੇ ਹਨ, "ਅਸੀਂ ਬਾਲ ਮਿੱਲ [ਇੱਕ ਕਿਸਮ ਦੀ ਗ੍ਰਾਇੰਡਰ] ਦੀ ਵਰਤੋਂ ਕੁਆਰਟਜ਼ਾਈਟ ਪੱਥਰ ਤੋਂ ਬਰੀਕ ਪਾਊਡਰ ਬਣਾਉਣ ਤੇ ਕੋਲਹੂ ਮਸ਼ੀਨ ਦੇ ਇਸਤੇਮਾਲ ਨਾਲ਼ ਰਵੇ ਤੇ ਖੰਡ ਜਿਹੀਆਂ ਵਸਤਾਂ ਦਾ ਨਿਰਮਾਣ ਕੀਤਾ। ਇੱਥੇ ਧੂੜ ਇੰਨੀ ਜ਼ਿਆਦਾ ਹੁੰਦੀ ਕਿ ਮੈਂ ਇੱਕ ਗਜ਼ ਦੂਰ ਵੀ ਨਾ ਦੇਖ ਪਾਉਂਦਾ। ਧੂੜ ਮੇਰੀ ਦੇਹ 'ਤੇ ਕਿਰਦੀ ਰਹਿੰਦੀ।"
ਲਗਭਗ ਦੋ ਸਾਲਾਂ ਤੱਕ ਕੰਮ ਕਰਨ ਤੋਂ ਬਾਅਦ, ਅਮੋਏ ਨੂੰ ਨਵੰਬਰ 2022 ਵਿੱਚ ਸਿਲੀਕੋਸਿਸ ਦੀ ਤਸ਼ਖ਼ੀਸ ਹੋਈ। ਹੁਣ ਉਹ ਭਾਰ ਚੁੱਕਣ ਜਿਹਾ ਕੋਈ ਕੰਮ ਨਹੀਂ ਕਰ ਸਕਦੇ। "ਮੈਂ ਕੋਈ ਅਜਿਹਾ ਕੰਮ ਚਾਹੁੰਦਾ ਸਾਂ ਜਿਸ ਨਾਲ਼ ਮੇਰੇ ਪਰਿਵਾਰ ਦਾ ਢਿੱਡ ਭਰਦਾ, ਪਰ ਇੱਥੇ ਤਾਂ ਬਿਮਾਰੀ ਪੇਸ਼ ਪੈ ਗਈ," ਉਹ ਕਹਿੰਦੇ ਹਨ।
2009 ਵਿੱਚ ਚੱਕਰਵਾਤ ਆਈਲਾ ਨੇ ਸੁੰਦਰਬਨ ਵਿੱਚ ਖੇਤੀਬਾੜੀ ਜ਼ਮੀਨ ਨੂੰ ਤਬਾਹ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਵਾਸ ਹੋਰ ਤੀਬਰ ਹੋ ਗਿਆ। ਖਾਸ ਕਰਕੇ ਨੌਜਵਾਨ ਕੰਮ ਦੀ ਭਾਲ਼ ਵਿੱਚ ਜਾਣ ਲੱਗੇ। ਉਨ੍ਹਾਂ ਨੇ ਰਾਜ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਣਾ ਸ਼ੁਰੂ ਕਰ ਦਿੱਤਾ।
ਮਹਾਨੰਦਾ ਸਰਦਾਰ ਗਾਇਕ ਬਣਨਾ ਚਾਹੁੰਦੇ ਸਨ, ਪਰ ਚੱਕਰਵਾਤ ਆਈਲਾ ਤੋਂ ਬਾਅਦ, ਉਹ ਜਮੁਰੀਆ ਦੀ ਇੱਕ ਫ਼ੈਕਟਰੀ ਵਿੱਚ ਕੰਮ ਕਰਨ ਗਏ ਜਿੱਥੇ ਉਨ੍ਹਾਂ ਨੂੰ ਸਿਲੀਕੋਸਿਸ ਨੇ ਜਕੜ ਲਿਆ। "ਮੈਂ ਅਜੇ ਵੀ ਕੀਰਤਨ ਕਰਦਾ ਹਾਂ, ਪਰ ਤਾਨ ਜਾਂ ਹੇਕਾਂ ਨਹੀਂ ਲਾ ਪਾਉਂਦਾ ਕਿਉਂਕਿ ਮੈਨੂੰ ਸਾਹ ਲੈਣ ਵਿੱਚ ਸਮੱਸਿਆ ਹੈ," ਝੁਪਖਾਲੀ ਦੇ ਇਹ ਵਸਨੀਕ ਕਹਿੰਦੇ ਹਨ। ਸਿਲੀਕੋਸਿਸ ਦਾ ਪਤਾ ਲੱਗਣ ਤੋਂ ਬਾਅਦ, ਮਹਾਨੰਦਾ ਉਸਾਰੀ ਵਾਲ਼ੀ ਥਾਂ 'ਤੇ ਕੰਮ ਕਰਨ ਲਈ ਚੇਨਈ ਚਲੇ ਗਏ। ਪਰ ਉੱਥੇ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਉਨ੍ਹਾਂ ਨੂੰ ਮਈ 2023 ਵਿੱਚ ਘਰ ਵਾਪਸ ਜਾਣਾ ਪਿਆ।
ਸੰਦੇਸ਼ਖਾਲੀ ਅਤੇ ਮੀਨਾਖਾਨ ਬਲਾਕ ਦੇ ਬਹੁਤ ਸਾਰੇ ਮਰੀਜ਼ ਬਿਮਾਰ ਹੋਣ ਦੇ ਬਾਵਜੂਦ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਅਤੇ ਰਾਜ ਤੋਂ ਬਾਹਰ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਹਨ, ਪਰ ਉਨ੍ਹਾਂ ਨੂੰ ਆਪਣੀ ਬੀਮਾਰੀ ਨਾਲ਼ ਵੀ ਜੂਝਣਾ ਪੈ ਰਿਹਾ ਹੈ।
*****
ਸ਼ੁਰੂਆਤੀ ਲੱਛਣ ਇਸ ਬਿਮਾਰੀ ਦੀ ਜਾਂਚ ਦੌਰਾਨ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਚਿਊਟ ਆਫ਼ ਆਕੂਪੇਸ਼ਨਲ ਹੈਲਥ ਦੇ ਪੇਸ਼ੇਵਰ ਸਿਹਤ ਵਿਭਾਗ ਦੇ ਡਾਇਰੈਕਟਰ ਡਾ ਕਮਲੇਸ਼ ਸਰਕਾਰ ਕਹਿੰਦੇ ਹਨ, "ਬਿਮਾਰੀ ਦਾ ਸਫ਼ਲਤਾਪੂਰਵਕ ਪ੍ਰਬੰਧਨ ਅਤੇ ਰੋਕਥਾਮ ਕਰਨ ਲਈ, ਸ਼ੁਰੂਆਤੀ ਪੜਾਅ 'ਤੇ ਹੀ ਇਸ ਦਾ ਪਤਾ ਲਗਾਉਣ ਦੀ ਜ਼ਰੂਰਤ ਹੈ। ਕਲਾਰਾ ਸੈੱਲ ਪ੍ਰੋਟੀਨ 16 [CC16], ਜਿਸ ਦਾ ਪਤਾ ਸਾਡੀਆਂ ਉਂਗਲਾਂ ਤੋਂ ਲਈ ਖੂਨ ਦੀ ਬੂੰਦ ਤੋਂ ਲਗਾਇਆ ਜਾ ਸਕਦਾ ਹੈ, ਸਿਲੀਕੋਸਿਸ ਸਮੇਤ ਫੇਫੜਿਆਂ ਦੀਆਂ ਵੱਖ-ਵੱਖ ਬਿਮਾਰੀਆਂ ਲਈ ਜੈਵਿਕ ਮਾਰਕਰ ਵਜੋਂ ਕੰਮ ਕਰਦਾ ਹੈ।'' ਇੱਕ ਸਿਹਤਮੰਦ ਮਨੁੱਖੀ ਸਰੀਰ ਵਿੱਚ, CC16 ਦਾ ਮੁੱਲ 16 ਨੈਨੋਗ੍ਰਾਮ (ng/mL) ਪ੍ਰਤੀ ਮਿਲੀਲੀਟਰ ਹੁੰਦਾ ਹੈ, ਪਰ ਸਿਲੀਕੋਸਿਸ ਦੇ ਮਰੀਜ਼ਾਂ ਵਿੱਚ, ਬਿਮਾਰੀ ਦੇ ਵਧਣ ਨਾਲ਼ ਮੁੱਲ ਘੱਟ ਜਾਂਦਾ ਹੈ, ਅਖ਼ੀਰ ਜ਼ੀਰੋ ਤੱਕ ਪਹੁੰਚ ਜਾਂਦਾ ਹੈ।
''ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਖ਼ਤਰਨਾਕ ਉਦਯੋਗਾਂ ਵਿੱਚ ਸਿਲਿਕਾ-ਧੂੜ ਦੇ ਸੰਪਰਕ ਵਿੱਚ ਆਉਣ ਵਾਲ਼ੇ ਇਨ੍ਹਾਂ ਕਾਮਿਆਂ ਲਈ ਸਮੇਂ-ਸਮੇਂ 'ਤੇ CC16 ਟੈਸਟਿੰਗ ਦੇ ਨਾਲ਼ ਸਮੇਂ-ਸਮੇਂ 'ਤੇ ਜਾਂਚ ਲਾਜ਼ਮੀ ਕੀਤੀ ਜਾਵੇ। ਇਸ ਨਾਲ਼ ਸਿਲੀਕੋਸਿਸ ਬਿਮਾਰੀ ਦਾ ਜਲਦੀ ਪਤਾ ਲਗਾਉਣ ਵਿੱਚ ਮਦਦ ਮਿਲੇਗੀ,'' ਡਾ. ਸਰਕਾਰ ਕਹਿੰਦੇ ਹਨ।
"ਇੱਥੇ ਨੇੜੇ ਕੋਈ ਹਸਪਤਾਲ ਨਹੀਂ ਹੈ," ਰਬਿੰਦਰ ਹਲਦਰ ਕਹਿੰਦੇ ਹਨ, ਜੋ 2019 ਤੋਂ ਸਿਲੀਕੋਸਿਸ ਤੋਂ ਪੀੜਤ ਹਨ। ਸਭ ਤੋਂ ਨੇੜਲਾ ਹਸਪਤਾਲ ਖੁਲਨਾ ਦਾ ਬਲਾਕ ਹਸਪਤਾਲ ਹੈ। ਉੱਥੇ ਪਹੁੰਚਣ ਲਈ ਝੁਪਖਾਲੀ ਦੇ ਰਹਿਣ ਵਾਲ਼ੇ ਰਬਿੰਦਰ ਨੂੰ ਦੋ ਕਿਸ਼ਤੀਆਂ ਦੀ ਸਵਾਰੀ ਕਰਨੀ ਪੈਂਦੀ ਹੈ। "ਸਰਬਾਰੀਆ ਵਿੱਚ ਸ਼੍ਰਮਜੀਬੀ ਹਸਪਤਾਲ ਤਾਂ ਹੈ, ਪਰ ਇਸ ਵਿੱਚ ਲੋੜੀਂਦੀਆਂ ਸਹੂਲਤਾਂ ਨਹੀਂ ਹਨ," ਇੰਨਾ ਕਹਿੰਦੇ ਹੋਏ ਉਹ ਅੱਗੇ ਕਹਿੰਦੇ ਹਨ,"ਜੇ ਕੋਈ ਗੰਭੀਰ ਸਮੱਸਿਆ ਹੋਵੇ ਤਾਂ ਸਾਨੂੰ ਕੋਲਕਾਤਾ ਜਾਣਾ ਪੈਂਦਾ ਹੈ। ਇੰਨੀ ਦੂਰੀ ਲਈ ਐਂਬੂਲੈਂਸ ਦਾ ਕਿਰਾਇਆ 1,500-2,000 ਰੁਪਏ ਬਣਦਾ ਹੈ।''
ਗੋਲਦਾਹਾ ਸਥਿਤ ਆਪਣੇ ਘਰ 'ਚ ਮੌਜੂਦ 50 ਸਾਲਾ ਮੁਹੰਮਦ ਸਫੀਕ ਮੋਲਾ ਕਰੀਬ ਦੋ ਸਾਲਾਂ ਤੋਂ ਬਿਸਤਰੇ 'ਤੇ ਹਨ ਤੇ ਹੁਣ ਸਾਹ ਦੀ ਗੰਭੀਰ ਸਮੱਸਿਆ ਨਾਲ਼ ਜੂਝ ਰਹੇ ਹਨ। "ਮੇਰਾ ਭਾਰ 20 ਕਿਲੋਗ੍ਰਾਮ ਘੱਟ ਹੋ ਗਿਆ ਹੈ ਅਤੇ ਮੈਨੂੰ ਲਗਾਤਾਰ ਆਕਸੀਜਨ ਸਹਾਇਤਾ ਦੀ ਲੋੜ ਰਹਿੰਦੀ ਹੈ। ਮੈਂ ਰੋਜ਼ਾ ਵੀ ਨਹੀਂ ਰੱਖ ਪਾਉਂਦਾ," ਉਹ ਕਹਿੰਦੇ ਹਨ। "ਮੈਂ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਤ ਹਾਂ। ਜਦੋਂ ਮੈਂ ਨਾ ਰਿਹਾ, ਉਨ੍ਹਾਂ ਦਾ ਕੀ ਹੋਵੇਗਾ?"
ਫਰਵਰੀ 2021 ਵਿੱਚ, ਪਰਿਵਾਰ ਨੂੰ ਰਾਜ ਸਰਕਾਰ ਤੋਂ 2 ਲੱਖ ਰੁਪਏ ਦਾ ਮੁਆਵਜ਼ਾ ਮਿਲ਼ਿਆ। ਸਫੀਕ ਦੀ ਪਤਨੀ, ਤਸਲੀਮਾ ਬੀਬੀ ਕਹਿੰਦੀ ਹਨ, "ਸ਼੍ਰੀਮਾਨ ਸਮਿਤ ਕੁਮਾਰ ਕਾਰ ਨੇ ਸਾਡੀ ਤਰਫੋਂ ਕੇਸ ਦਾਇਰ ਕੀਤਾ ਸੀ।'' ਪਰ ਪੈਸੇ ਛੇਤੀ ਹੀ ਖ਼ਤਮ ਹੋ ਗਏ। "ਕੁਝ ਪੈਸਾ ਅਸੀਂ ਘਰ ਦੀ ਮੁਰੰਮਤ ਤੇ ਕੁਝ ਪੈਸਾ ਆਪਣੀ ਵੱਡੀ ਧੀ ਦੇ ਵਿਆਹ 'ਤੇ ਖਰਚ ਕੀਤਾ," ਤਸਲੀਮਾ ਦੱਸਦੀ ਹਨ।
ਝਾਰਖੰਡ ਸਟੇਟ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਐਸੋਸੀਏਸ਼ਨ (ਓਐੱਸਏਜੇਐੱਚ ਇੰਡੀਆ) ਦੇ ਸਮਿਤ ਕੁਮਾਰ ਕਾਰ, ਜੋ ਦੋ ਦਹਾਕਿਆਂ ਤੋਂ ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਸਿਲੀਕੋਸਿਸ ਪ੍ਰਭਾਵਿਤ ਕਾਮਿਆਂ ਦੇ ਅਧਿਕਾਰਾਂ ਲਈ ਲੜ ਰਹੇ ਹਨ। ਉਹ ਇਨ੍ਹਾਂ ਕਾਮਿਆਂ ਤਰਫੋਂ ਸਮਾਜਿਕ ਸੁਰੱਖਿਆ ਅਤੇ ਵਿੱਤੀ ਮੁਆਵਜ਼ੇ ਲਈ ਸ਼ਿਕਾਇਤਾਂ ਵੀ ਦਰਜ ਕਰਵਾ ਰਹੇ ਹਨ।
ਓਐੱਸਏਜੇਐੱਚ ਇੰਡੀਆ ਨੇ 2019-2023 ਦੇ ਵਿਚਕਾਰ ਪੱਛਮੀ ਬੰਗਾਲ ਵਿੱਚ ਸਿਲੀਕੋਸਿਸ ਨਾਲ਼ ਮਰਨ ਵਾਲ਼ੇ 23 ਕਾਮਿਆਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਅਤੇ ਸਿਲੀਕੋਸਿਸ ਪ੍ਰਭਾਵਿਤ 30 ਕਾਮਿਆਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦਵਾਉਣ ਵਿੱਚ ਮਦਦ ਕੀਤੀ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਪੈਨਸ਼ਨ ਅਤੇ ਭਲਾਈ ਸਕੀਮਾਂ ਲਈ 10 ਕਰੋੜ ਰੁਪਏ ਮਨਜ਼ੂਰ ਕੀਤੇ ਹਨ।
''ਫ਼ੈਕਟਰੀਜ਼ ਐਕਟ, 1948 ਦੇ ਅਨੁਸਾਰ, ਰੈਮਿੰਗ ਮਾਸ ਤੇ ਸਿਲਿਕਾ ਪਾਊਡਰ ਬਣਾਉਣ ਵਾਲ਼ੀਆਂ ਫ਼ੈਕਟਰੀਆਂ ਨੂੰ ਸੰਗਠਿਤ ਉਦਯੋਗਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਦੇ 10 ਤੋਂ ਵੱਧ ਕਾਮੇ ਬਿਜਲੀ ਦੀ ਵਰਤੋਂ ਕਰਦਿਆਂ ਕੰਮ ਕਰਦੇ ਹਨ। ਇਸ ਲਈ, ਫ਼ੈਕਟਰੀ ਨਾਲ਼ ਜੁੜੇ ਸਾਰੇ ਕਿਰਤ ਕਨੂੰਨ ਅਤੇ ਨਿਯਮ ਲਾਗੂ ਹੁੰਦੇ ਹਨ," ਸਮਿਤ ਕਹਿੰਦੇ ਹਨ। ਇਹ ਫ਼ੈਕਟਰੀਆਂ, ਕਰਮਚਾਰੀ ਰਾਜ ਬੀਮਾ ਐਕਟ, 1948 ਅਤੇ ਵਰਕਰਜ਼ (ਕਰਮਚਾਰੀ) ਮੁਆਵਜ਼ਾ ਐਕਟ, 1923 ਦੇ ਅਧੀਨ ਆਉਂਦੀਆਂ ਹਨ। ਫ਼ੈਕਟਰੀਜ਼ ਐਕਟ ਵਿੱਚ ਉਲੇਖਿਤ ਨੋਟੀਫਾਈਡ (ਬਿਮਾਰੀ, ਜਿਹਦੀ ਸੂਚਨਾ ਸਿਹਤ ਵਿਭਾਗ ਨੂੰ ਜ਼ਰੂਰ ਹੀ ਦੇਣੀ ਪੈਂਦੀ ਹੈ) ਬਿਮਾਰੀ ਹੋਣ ਦਾ ਮਤਲਬ ਹੈ ਕਿ ਜੇ ਕੋਈ ਡਾਕਟਰ ਸਿਲੀਕੋਸਿਸ ਵਾਲ਼ੇ ਮਰੀਜ਼ ਦੀ ਪਛਾਣ ਕਰਦਾ ਹੈ ਤਾਂ ਉਨ੍ਹਾਂ ਨੂੰ ਫ਼ੈਕਟਰੀਆਂ ਦੇ ਮੁੱਖ ਇੰਸਪੈਕਟਰ ਨੂੰ ਸੂਚਿਤ ਕਰਨਾ ਹੀ ਪਏਗਾ।
31 ਮਾਰਚ, 2024 ਨੂੰ ਕੋਲਕਾਤਾ ਵਿੱਚ ਓਐੱਸਏਜੇਐੱਚ ਇੰਡੀਆ ਦੁਆਰਾ ਆਯੋਜਿਤ ਇੱਕ ਵਰਕਸ਼ਾਪ ਵਿੱਚ, ਮਾਹਰ ਪੈਨਲ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਸਿਲੀਕੋਸਿਸ, ਸਿਰਫ਼ ਸਿਲਿਕਾ ਕਣਾਂ ਵਿੱਚ ਲੰਬੇ ਸਮੇਂ ਤੱਕ ਸਾਹ ਲੈਣ ਜਾਂ ਸੰਪਰਕ ਵਿੱਚ ਬਣੇ ਰਹਿਣ ਕਾਰਨ ਹੀ ਹੁੰਦਾ ਹੈ, ਪੈਨਲ ਨੇ ਖ਼ੁਲਾਸਾ ਕੀਤਾ ਕਿ ਸਿਲਿਕਾ ਕਣਾਂ ਦੇ ਥੋੜ੍ਹ-ਚਿਰੇ ਸੰਪਰਕ ਵਿੱਚ ਆਉਣ ਨਾਲ਼ ਵੀ ਬੀਮਾਰੀ ਹੋ ਸਕਦੀ ਹੈ। ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸਿਲੀਕੋਸਿਸ ਦੇ ਮਰੀਜ਼ਾਂ ਵਿੱਚ ਇਹ ਗੱਲ ਸਪੱਸ਼ਟ ਦੇਖੀ ਜਾ ਸਕਦੀ ਹੈ, ਜਿਨ੍ਹਾਂ ਨੇ ਇਨ੍ਹਾਂ ਰੈਮਿੰਗ ਮਾਸ ਇਕਾਈਆਂ ਵਿੱਚ ਕੰਮ ਕੀਤਾ ਸੀ। ਪੈਨਲ ਨੇ ਇਹ ਵੀ ਕਿਹਾ ਕਿ ਇਨ੍ਹਾਂ ਧੂੜ ਕਣਾਂ ਨਾਲ਼ ਕਿਸੇ ਵੀ ਹੱਦ ਤੱਕ ਸੰਪਰਕ ਵਿੱਚ ਆਉਣਾ ਵੀ ਰੇਸ਼ੇਦਾਰ ਤੰਤੂਆਂ ਦੇ ਬਣਨ ਦਾ ਕਾਰਨ ਬਣ ਸਕਦਾ ਹੈ, ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਲੈਣ ਤੇ ਛੱਡਣ ਵਿੱਚ ਮੁਸ਼ਕਲ ਪੇਸ਼ ਆਉਣ ਲੱਗਦੀ ਹੈ ਅਤੇ ਸਾਹ ਲੈਣਾ ਸਮੱਸਿਆ ਬਣ ਜਾਂਦਾ ਹੈ।
ਸਿਲੀਕੋਸਿਸ ਵੀ ਇੱਕ ਕਿੱਤਾਮੁਖੀ ਰੋਗ ਹੈ। ਕਾਰ ਦੱਸਦੇ ਹਨ ਕਿ ਮਜ਼ਦੂਰ ਇਸ ਲਈ ਮੁਆਵਜ਼ੇ ਦੇ ਹੱਕਦਾਰ ਹਨ। ਪਰ ਜ਼ਿਆਦਾਤਰ ਕਾਮੇ ਰਜਿਸਟਰਡ ਨਹੀਂ ਹਨ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਫ਼ੈਕਟਰੀਆਂ ਦੀ ਪਛਾਣ ਕਰੇ ਜਿੱਥੇ ਸਿਲੀਕੋਸਿਸ ਤੋਂ ਪੀੜਤ ਕਾਮੇ ਮੌਜੂਦ ਹਨ। ਪੱਛਮੀ ਬੰਗਾਲ ਸਰਕਾਰ ਨੇ ਆਪਣੀ ਮੁਆਵਜ਼ਾ ਅਤੇ ਮੁੜ ਵਸੇਬਾ ਨੀਤੀ (ਧਾਰਾ 11.4) ਵਿੱਚ ਕਿਹਾ ਹੈ ਕਿ ਮਜ਼ਦੂਰ ਕਾਨੂੰਨ ਦੀ ਪਰਵਾਹ ਕੀਤੇ ਬਿਨਾਂ ਮਾਲਕਾਂ ਤੋਂ ਮੁਆਵਜ਼ੇ ਦਾ ਦਾਅਵਾ ਕਰ ਸਕਦੇ ਹਨ।
ਪਰ ਅਸਲੀਅਤ ਇਸ ਤੋਂ ਮੁਖ਼ਤਲਿਫ਼, ਕਾਰ ਕਹਿੰਦੇ ਹਨ। "ਮੈਂ ਕਈ ਮੌਕਿਆਂ 'ਤੇ ਦੇਖਿਆ ਹੈ ਕਿ ਪ੍ਰਸ਼ਾਸਨ ਮੌਤ ਸਰਟੀਫਿਕੇਟ ਵਿੱਚ ਸਿਲੀਕੋਸਿਸ ਬਿਮਾਰੀ ਨੂੰ ਮੌਤ ਦੇ ਕਾਰਨ ਵਜੋਂ ਲਿਖਣ ਤੋਂ ਕੰਨੀ-ਕਤਰਾਉਂਦਾ ਹੈ," ਉਹ ਕਹਿੰਦੇ ਹਨ ਅਤੇ ਇਸ ਤੋਂ ਪਹਿਲਾਂ, ਫ਼ੈਕਟਰੀਆਂ ਹੀ ਬੀਮਾਰ ਮਜ਼ਦੂਰਾਂ ਦੀ ਪੱਕੀ ਛੁੱਟੀ ਕਰ ਦਿੰਦੀਆਂ ਹਨ।
ਅਨੀਤਾ ਮੰਡਲ ਦੇ ਪਤੀ ਸੁਬਰਨਾ ਦੀ ਮਈ 2017 ਵਿੱਚ ਸਿਲੀਕੋਸਿਸ ਨਾਲ਼ ਮੌਤ ਹੋ ਗਈ ਸੀ। ਉਸ ਸਮੇਂ ਕੋਲਕਾਤਾ ਦੇ ਨੀਲ ਰਤਨ ਸਿਰਕਾਰ ਹਸਪਤਾਲ ਦੁਆਰਾ ਜਾਰੀ ਕੀਤੇ ਗਏ ਮੌਤ ਦੇ ਸਰਟੀਫਿਕੇਟ ਵਿੱਚ ਮੌਤ ਦਾ ਕਾਰਨ "ਜਿਗਰ ਸਿਰੋਸਿਸ ਅਤੇ ਛੂਤਕਾਰੀ ਪੈਰੀਟੋਨਾਈਟਿਸ" ਲਿਖਿਆ ਹੋਇਆ ਸੀ। ਜਦੋਂਕਿ ਸੁਬਰਨਾ ਜਮੁਰੀਆ ਰੈਮਿੰਗ ਮਾਸ ਫ਼ੈਕਟਰੀ ਵਿੱਚ ਕੰਮ ਕਰਿਆ ਕਰਦੇ ਸਨ।
"ਮੇਰੇ ਪਤੀ ਨੂੰ ਜਿਗਰ ਦੀ ਕੋਈ ਬਿਮਾਰੀ ਨਹੀਂ ਸੀ," ਅਨੀਤਾ ਕਹਿੰਦੀ ਹਨ, "ਉਨ੍ਹਾਂ ਦੀ ਸਿਲੀਕੋਸਿਸ ਤਸ਼ਖ਼ੀਸ ਹੋਈ ਸੀ। ਝੁਪਖਾਲੀ ਦੀ ਰਹਿਣ ਵਾਲ਼ੀ ਅਨੀਤਾ ਖੇਤ ਮਜ਼ਦੂਰੀ ਕਰਦੀ ਹਨ ਅਤੇ ਉਨ੍ਹਾਂ ਦਾ ਬੇਟਾ ਪ੍ਰਵਾਸੀ ਮਜ਼ਦੂਰ ਹੈ, ਜੋ ਜ਼ਿਆਦਾਤਰ ਕੋਲਕਾਤਾ ਅਤੇ ਡਾਇਮੰਡ ਹਾਰਬਰ ਨੇੜੇ ਉਸਾਰੀ ਵਾਲ਼ੀਆਂ ਥਾਵਾਂ 'ਤੇ ਕੰਮ ਕਰਦਾ ਹੈ। "ਮੈਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਮੌਤ ਦੇ ਸਰਟੀਫਿਕੇਟ 'ਤੇ ਕੀ ਲਿਖਿਆ ਸੀ। ਉਸ ਸਮੇਂ ਤਾਂ ਮੈਂ ਲੁੱਟੀ-ਪੁੱਟੀ ਗਈ ਸਾਂ ਤੇ ਭਲ਼ਾ ਮੈਨੂੰ ਕਾਨੂੰਨੀ ਸ਼ਬਦਾਵਲੀ ਦਾ ਕਿਵੇਂ ਪਤਾ ਚੱਲਦਾ? ਮੈਂ ਪਿੰਡ ਦੀ ਇੱਕ ਸਧਾਰਣ ਜਿਹੀ ਘਰੇਲੂ ਔਰਤ ਹਾਂ," ਅਨੀਤਾ ਕਹਿੰਦੀ ਹਨ।
ਆਪਣੀ ਤੇ ਆਪਣੇ ਬੇਟੇ ਦੀ ਸਾਂਝੀ ਆਮਦਨੀ ਨਾਲ਼ ਅਨੀਤਾ ਆਪਣੀ ਧੀ ਦੀ ਉੱਚ ਸਿੱਖਿਆ ਵਿੱਚ ਯੋਗਦਾਨ ਪਾ ਰਹੀ ਹਨ। ਉਨ੍ਹਾਂ ਨੂੰ ਚੋਣਾਂ ਵਿੱਚ ਕੋਈ ਦਿਲਚਸਪੀ ਨਹੀਂ। ''ਪਿਛਲੇ ਸੱਤ ਸਾਲਾਂ ਵਿੱਚ ਦੋ ਵਾਰ ਚੋਣਾਂ ਹੋਈਆਂ ਪਰ ਮੇਰੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ। ਤੁਸੀਂ ਹੀ ਦੱਸੋ, ਮੈਨੂੰ ਚੋਣਾਂ ਵਿੱਚ ਦਿਲਚਸਪੀ ਕਿਵੇਂ ਹੋ ਸਕਦੀ ਹੈ?" ਉਹ ਪੁੱਛਦੀ ਹਨ।
ਪੰਜਾਬੀ ਤਰਜਮਾ: ਕਮਲਜੀਤ ਕੌਰ