ਫਾਗੁਨ (ਫੱਗਣ) ਦਾ ਮਹੀਨਾ ਆਉਣ ਨੂੰ ਤਿਆਰ ਖੜ੍ਹਾ ਹੈ। ਐਤਵਾਰ ਦੀ ਇੱਕ ਸੁਸਤ ਸਵੇਰ ਹੈ ਤੇ ਸੁਰੇਂਦਰਨਗਰ ਜ਼ਿਲ੍ਹੇ ਦੇ ਖਾਰਾਗੋਡਾ ਸਟੇਸ਼ਨ ਨੇੜੇ ਨਹਿਰ ਦੇ ਉੱਤੋਂ ਦੀ ਸੂਰਜ ਚੜ੍ਹਦਾ ਹੋਇਆ ਉਤਾਂਹ ਹੋਰ ਉਤਾਂਹ ਹੁੰਦਾ ਜਾ ਰਿਹਾ ਹੈ। ਨਹਿਰ ਦੇ ਪਾਰ ਬਣਾਏ ਆਰਜੀ ਬੰਨ੍ਹ ਨੇ ਪਾਣੀ ਨੂੰ ਰੋਕ ਲਾਈ ਹੋਈ ਹੈ। ਰੁਕੇ ਹੋਏ ਪਾਣੀ ਨੇ ਉੱਥੇ ਇੱਕ ਛੋਟੀ ਜਿਹੀ ਝੀਲ ਬਣਾ ਦਿੱਤੀ ਹੈ। ਬੈਰੀਅਰ ਤੋਂ ਡਿੱਗਦੇ ਪਾਣੀ ਨੇ ਚੁਫੇਰੇ ਪਸਰੀ ਸ਼ਾਂਤੀ ਨੂੰ ਤੋੜ ਦਿੱਤਾ ਤੇ ਧਿਆਨ ਲਾਈ ਬੈਠੇ ਬੱਚਿਆਂ ਵਿੱਚ ਹਿੱਲਜੁਲ ਹੋਈ। ਸੱਤੋ ਮੁੰਡੇ ਮੱਛੀ ਫਸਣ ਦੀ ਉਡੀਕ ਵਿੱਚ ਬੈਠੇ ਆਪੋ-ਆਪਣੀ ਥਾਈਂ ਰੁੱਝੇ ਹੋਏ ਹਨ, ਯਕਦਮ ਇੱਕ ਝਟਕਾ ਮਹਿਸੂਸ ਹੁੰਦਾ ਹੈ, ਲੱਗਦਾ ਮੱਛੀ ਫਸ ਗਈ। ਪਾਣੀ 'ਚੋਂ ਬਾਹਰ ਕੱਢੀ ਮੱਛੀ ਥੋੜ੍ਹੀ ਦੇਰ ਤੜਫੀ ਤੇ ਵੇਖਦੇ ਹੀ ਵੇਖਦੇ ਮਰ ਗਈ।

ਥੋੜ੍ਹੀ ਦੂਰੀ 'ਤੇ, ਗੱਲੀਂ ਲੱਗੇ ਅਕਸ਼ੈ ਦਰੋਦਾਰਾ ਅਤੇ ਮਹੇਸ਼ ਸਿਪਾਰਾ ਅਚਾਨਕ ਕੂਕ ਉੱਠਦੇ ਹਨ, ਮੱਛੀ ਸਾਫ਼ ਕਰਨ ਨੂੰ ਲੈ ਕੇ ਬਹਿਸਦੇ, ਹੈਕਸੋ ਬਲੇਡ ਨਾਲ਼ ਸਾਫ਼ ਕੀਤੀ ਮੱਛੀ ਕੱਟਣ-ਧਰਨ ਨੂੰ ਲੈ ਕੇ ਰੀਝਦੇ ਹਨ। ਮਹੇਸ਼ ਦੀ ਉਮਰ ਲਗਭਗ 15 ਸਾਲ ਹੈ। ਬਾਕੀ ਛੇ ਅਜੇ ਥੋੜ੍ਹੇ ਛੋਟੇ ਹਨ। ਮੱਛੀ ਫੜ੍ਹਨ ਦੀ ਖੇਡ ਖ਼ਤਮ ਹੋ ਗਈ। ਹੁਣ ਗੱਲਾਂ ਕਰਨ ਤੇ ਮਜ਼ੇ ਕਰਨ ਦਾ ਸਮਾਂ ਹੈ। ਉਦੋਂ ਤੱਕ ਮੱਛੀ ਦੀ ਸਫਾਈ ਦਾ ਕੰਮ ਪੂਰਾ ਹੋ ਚੁੱਕਾ ਹੁੰਦਾ ਹੈ ਤੇ ਵਾਰੀ ਆਉਂਦੀ ਹੈ ਰਲ਼ ਕੇ ਮੱਛੀ ਪਕਾਉਣ ਦੀ। ਹਾਸਾ-ਖੇੜਾ ਚੱਲਦਾ ਹੀ ਰਹਿੰਦਾ ਹੈ, ਮੱਛੀ ਰਿੱਝ ਗਈ ਤੇ ਜਸ਼ਨ ਦਾ ਸਮਾਂ ਆ ਜਾਂਦਾ ਹੈ।

ਥੋੜ੍ਹੀ ਦੇਰ ਬਾਅਦ, ਮੁੰਡੇ ਉਸੇ ਝੀਲ਼ ਵਿੱਚ ਛਾਲ਼ ਮਾਰ ਦਿੰਦੇ ਹਨ ਤੈਰਦੇ ਨਹਾਉਂਦੇ ਕੰਢੇ ਲੱਗੇ ਘਾਹ 'ਤੇ ਆਣ ਬਹਿੰਦੇ ਹਨ ਤੇ ਖੁਦ ਨੂੰ ਸੁਕਾਉਣ ਲੱਗਦੇ ਹਨ। ਸੱਤ ਮੁੰਡਿਆਂ ਵਿੱਚੋਂ ਤਿੰਨ ਵਿਮੁਕਤ (ਡਿਨੋਟੀਫਾਈਡ) ਕਬੀਲੇ, ਚੁਮਾਵਾਲ਼ੀਆ ਕੋਲੀ ਨਾਲ਼ ਸਬੰਧਤ ਹਨ, ਦੋ ਮੁਸਲਿਮ ਭਾਈਚਾਰੇ ਤੋਂ ਅਤੇ ਬਾਕੀ ਦੋ ਹੋਰ ਭਾਈਚਾਰਿਆਂ ਤੋਂ ਹਨ। ਪੂਰੀ ਦੁਪਹਿਰ ਮੱਛੀ ਫੜ੍ਹਦਿਆਂ, ਨਹਾਉਂਦਿਆਂ, ਘੁੰਮਦਿਆਂ, ਹੱਸਦਿਆਂ ਤੇ ਗੱਲਾਂ ਕਰਦਿਆਂ ਬਿਤਾਉਣ ਵਾਲ਼ੇ ਇਹ ਦੋਸਤ ਮਾੜੀ-ਮਾੜੀ ਗੱਲ ਤੋਂ ਲੜ-ਲੜ ਬਹਿੰਦੇ ਹਨ। ਮੈਂ ਮੁਸਕਰਾਉਂਦਿਆਂ ਉਨ੍ਹਾਂ ਕੋਲ਼ ਜਾ ਬਹਿੰਦਾ ਹਾਂ ਤੇ ਮੈਨੂੰ ਦੇਖ ਪਸਰੀ ਖਾਮੋਸ਼ੀ ਨੂੰ ਤੋੜਦਾ ਪਹਿਲਾ ਸਵਾਲ ਦਾਗ਼ਿਆ, "ਮੁੰਡਿਓ, ਤੁਸੀਂ ਸਾਰੇ ਕਿਹੜੀ-ਕਿਹੜੀ ਕਲਾਸ ਵਿੱਚ ਪੜ੍ਹਦੇ ਹੋ?"

ਪਵਨ, ਜਿਹਨੇ ਅਜੇ ਵੀ ਕੱਪੜੇ ਨਹੀਂ ਪਹਿਨੇ, ਮੁਸਕਰਾਉਂਦਾ, ਹੱਸਦਾ ਕਹਿੰਦਾ ਹੈ, " ਆ ਮੇਸੀਓ ਨਵਮੁ ਭਾਨਾ , ਆਨ ਆ ਵਿਲਾਸੀਓ ਚੱਟੂ ਭਾਨਾ। ਬਿਜੂ ਕੋਈ ਨਾਥ ਬਨਤੁਮੂ ਵਾਈ ਨਾਥ ਭੰਟੋ [ਇਹ ਮਹੇਸ਼ੀਓ (ਮਹੇਸ਼) ਨੌਵੀਂ ਜਮਾਤ ਵਿੱਚ ਤੇ ਵਿਲਾਸੀਓ (ਵਿਲਾਸ) ਛੇਵੀਂ ਜਮਾਤ ਵਿੱਚ ਹੈ। ਕੋਈ ਹੋਰ ਸਕੂਲ ਨਹੀਂ ਜਾਂਦਾ। ਮੈਂ ਵੀ ਨਹੀ]।" ਜਿਓਂ ਹੀ ਉਹਨੇ ਬੋਲਣਾ ਸ਼ੁਰੂ ਕੀਤਾ, ਇੱਕ ਗੁਥਲੀ ਵਿੱਚੋਂ ਸੁਪਾਰੀ ਅਤੇ ਦੂਜੀ ਗੁਥਲੀ ਵਿੱਚੋਂ ਤੰਬਾਕੂ ਕੱਢਿਆ, ਆਪਸ ਵਿੱਚ ਮਿਲ਼ਾਇਆ-ਰਗੜਿਆ, ਚੂੰਡੀ ਭਰੀ ਤੇ ਬੁੱਲ੍ਹਾਂ ਵਿੱਚ ਰੱਖਦਿਆਂ ਮੇਰੇ ਨਾਲ਼ ਗੱਲੀਂ ਲੱਗਾ ਰਿਹਾ। ਕੁਝ ਕੁ ਹਿੱਸਾ ਆਪਣੇ ਦੋਸਤਾਂ ਵੱਲ ਵਧਾ ਦਿੱਤਾ। ਲਾਲ ਰੰਗੇ ਰਸ ਨੂੰ ਪਾਣੀ ਵਿੱਚ ਥੁੱਕਦਿਆਂ ਪਵਨ ਨੇ ਅੱਗੇ ਕਿਹਾ, " ਨੋ ਮਜ਼ਾ ਆਵੇ। ਬੇਨ ਮਾਰਤਾਤਾ। (ਪੜ੍ਹਨ ਵਿਚ ਕੋਈ ਮਜ਼ਾ ਨਹੀਂ ਆਉਂਦਾ। ਅਧਿਆਪਕਾ ਮੈਨੂੰ ਕੁੱਟਦੀ ਸੀ।" ਜਿਓਂ ਹੀ ਉਸਨੇ ਗੱਲ ਮੁਕਾਈ ਮੇਰਾ ਅੰਦਰ ਯਖ਼ ਹੋ ਗਿਆ।

PHOTO • Umesh Solanki

ਸ਼ਾਹਰੁਖ (ਖੱਬੇ) ਅਤੇ ਸੋਹਿਲ ਮੱਛੀ ਫੜ੍ਹਨ ਵਿੱਚ ਰੁੱਝੇ ਹੋਏ ਹਨ

PHOTO • Umesh Solanki

ਮਹੇਸ਼ ਅਤੇ ਅਕਸ਼ੈ ਮੱਛੀ ਸਾਫ਼ ਕਰ ਰਹੇ ਹਨ

PHOTO • Umesh Solanki

ਤਿੰਨ ਟੇਢੇ-ਮੇਢੇ ਪੱਥਰਾਂ ਨਾਲ਼ ਬਣਾਇਆ ਚੁੱਲ੍ਹਾ। ਕ੍ਰਿਸ਼ਨਾ ਕਿੱਕਰ ਦੀ ਲੱਕੜ ਨੂੰ ਚੁੱਲ੍ਹੇ ਵਿੱਚ ਡਾਹੁੰਦਾ ਹੈ ਅਤੇ ਅੱਗ ਬਾਲ਼ਣ ਤੋਂ ਪਹਿਲਾਂ ਲਿਫਾਫਾ ਵੀ ਲੱਕੜਾਂ ਦੇ ਨਾਲ਼ ਹੀ ਰੱਖ ਦਿੰਦਾ ਹੈ ਤਾਂ ਜੋ ਲੱਕੜ ਅੱਗ ਫੜ੍ਹ ਜਾਵੇ

PHOTO • Umesh Solanki

ਕ੍ਰਿਸ਼ਨਾ ਭਾਂਡੇ ਵਿੱਚ ਤੇਲ ਪਾਉਂਦਾ ਹੈ ਜਦੋਂਕਿ ਅਕਸ਼ੈ ਅਤੇ ਵਿਸ਼ਾਲ, ਪਵਨ ਬੇਸਬਰੀ ਨਾਲ਼ ਉਡੀਕ ਕਰਦੇ ਹਨ

PHOTO • Umesh Solanki

ਘਰੋਂ ਲਿਆਂਦੇ ਭਾਂਡੇ ਵਿੱਚ ਮੱਛੀ ਪਾਈ ਜਾਂਦੀ ਹੈ। ਸੋਹਿਲ ਤੇਲ, ਮਿਰਚ ਪਾਊਡਰ, ਹਲਦੀ ਲਿਆਇਆ ਤੇ ਵਿਸ਼ਾਲ ਲੂਣ

PHOTO • Umesh Solanki

ਕ੍ਰਿਸ਼ਨ ਆਪਣੇ ਖਾਣੇ ਦੀ ਉਡੀਕ ਕਰ ਰਿਹਾ ਹੈ

PHOTO • Umesh Solanki

ਖਾਣਾ ਪਕਾਉਣ ਦੀ ਖੇਡ ਅੱਗੇ ਵੱਧ ਰਹੀ ਹੈ। ਉਤਸ਼ਾਹ ਨਾਲ਼ ਭਰੇ ਮੁੰਡੇ ਅੱਗ ਦੁਆਲ਼ੇ ਬੈਠੇ ਹਨ

PHOTO • Umesh Solanki

ਛੋਟੀ ਤਿਰਪਾਲ ਨਾਲ਼ ਕੀਤੀ ਛਾਂ ਹੇਠ ਬੈਠੇ ਮੁੰਡੇ ਹੱਥੀਂ ਪਕਾਈ ਮੱਛੀ ਤੇ ਘਰੋਂ ਲਿਆਂਦੀਆਂ ਰੋਟੀਆਂ ਦਾ ਸੁਆਦ ਮਾਣਦੇ ਹੋਏ

PHOTO • Umesh Solanki

ਇੱਕ ਪਾਸੇ ਹੈ ਮਸਾਲੇਦਾਰ ਮੱਛੀ ਦਾ ਸ਼ੋਰਬਾ ਤੇ ਦੂਜੇ ਪਾਸੇ ਹੈ ਲਿਸ਼ਕਾਂ ਮਾਰਦਾ ਸੂਰਜ

PHOTO • Umesh Solanki

ਧੁੱਪ ਕਾਰਨ ਪਸੀਨੇ ਨਾਲ਼ ਭਿੱਜੇ ਮੁੰਡੇ ਪਾਣੀ ਵਿੱਚ ਛਾਲ਼ਾਂ ਮਾਰਦੇ ਹਨ

PHOTO • Umesh Solanki

' ਆਓ , ਤੈਰੀਏ ,' ਇੰਨਾ ਕਹਿ ਮਹੇਸ਼ ਪਾਣੀ ਵਿਚ ਛਾਲ਼ ਮਾਰ ਦਿੰਦਾ ਹੈ

PHOTO • Umesh Solanki

ਸੱਤ ਵਿੱਚੋਂ ਪੰਜ ਮੁੰਡੇ ਸਕੂਲ ਨਹੀਂ ਜਾਂਦੇ ਕਿਉਂਕਿ ਅਧਿਆਪਕ ਉਨ੍ਹਾਂ ਨੂੰ ਕੁੱਟਦੇ ਹਨ

PHOTO • Umesh Solanki

ਜਦੋਂ ਮਨ ਕਰਦਾ ਉਹ ਤੈਰ ਲੈਂਦੇ ਹਨ ਤੇ ਬਾਕੀ ਸਮਾਂ ਖੇਡਦੇ ਰਹਿੰਦੇ ਹਨ ਅਤੇ ਸਿੱਖਦੇ ਰਹਿੰਦੇ ਹਨ ਸਬਕ ਜ਼ਿੰਦਗੀ ਜੋ ਵੀ ਉਨ੍ਹਾਂ ਨੂੰ ਸਿਖਾਉਂਦੀ ਹੈ

ਤਰਜਮਾ: ਕਮਲਜੀਤ ਕੌਰ

Umesh Solanki

সাংবাদিকতায় স্নাতকোত্তর উমেশ সোলাঙ্কি আহমেদাবাদ-নিবাসী ফটোগ্রাফার, তথ্যচিত্র নির্মাতা এবং লেখক। পথেপ্রান্তরে ঘুরে বেড়ানোই তাঁর নেশা। এ অবধি তিনটি কাব্য-সংকলন, একটি ছান্দিক উপন্যাস, একখানা উপন্যাস ও একটি ক্রিয়েটিভ নন-ফিকশন সংকলন প্রকাশ করেছেন তিনি।

Other stories by Umesh Solanki
Editor : Pratishtha Pandya

কবি এবং অনুবাদক প্রতিষ্ঠা পান্ডিয়া গুজরাতি ও ইংরেজি ভাষায় লেখালেখি করেন। বর্তমানে তিনি লেখক এবং অনুবাদক হিসেবে পারি-র সঙ্গে যুক্ত।

Other stories by Pratishtha Pandya
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur