''ਮੈਨੂੰ ਨਹੀਂ ਪਤਾ, ਇਨ੍ਹਾਂ ਜੰਗਲਾਂ ਵਿੱਚ ਸਾਡੀਆਂ ਕਿੰਨੀਆਂ ਕੁ ਪੀੜ੍ਹੀਆਂ ਨੇ ਆਪਣਾ ਜੀਵਨ ਬਿਤਾਇਆ ਹੋਣਾ,'' ਮਸਤੁ (ਉਹ ਖ਼ੁਦ ਦਾ ਬੱਸ ਇੰਨਾ ਨਾਮ ਲੈਂਦੇ ਹਨ) ਕਹਿੰਦੇ ਹਨ। ਵਣ ਗੁੱਜਰ ਭਾਈਚਾਰੇ ਦਾ ਇਹ ਆਜੜੀ ਫ਼ਿਲਹਾਲ ਸਹਾਰਨਪੁਰ ਜ਼ਿਲ੍ਹੇ ਦੇ ਸ਼ਾਕੰਭਰੀ ਪਰਬਤ ਲੜੀ ਵਿੱਚ ਪੈਣ ਵਾਲ਼ੇ ਬੇਹਟ ਪਿੰਡ ਵਿੱਚ ਰਹਿ ਰਿਹਾ ਹੈ।
ਵਣ ਗੁੱਜਰ ਖ਼ਾਨਾਬਦੋਸ਼ ਆਜੜੀਆਂ ਦੇ ਭਾਈਚਾਰੇ ਦਾ ਇੱਕ ਹਿੱਸਾ ਹਨ ਜੋ ਮੌਸਮ ਦੇ ਮੁਤਾਬਕ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਤੋਂ ਲੈ ਕੇ ਹਿਮਾਲਿਆ ਦੀ ਪਰਬਤ-ਲੜੀਆਂ ਦੇ ਵਿਚਾਲੇ ਘੁੰਮਦੇ ਰਹਿੰਦੇ ਹਨ। ਮਸਤੁ ਤੇ ਉਨ੍ਹਾਂ ਦਾ ਸਮੂਹ ਫ਼ਿਲਹਾਲ ਉੱਤਰਕਾਸ਼ੀ ਜ਼ਿਲ੍ਹਿਆਂ ਦੇ ਬੁਗਯਾਲਾਂ ਤੱਕ ਅੱਪੜਨ ਦੇ ਕ੍ਰਮ ਵਿੱਚ ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੀ ਸੀਮਾ 'ਤੇ ਪੈਂਦੀ ਸ਼ਿਵਾਲਿਕ ਸ਼੍ਰੇਣੀ ਤੋਂ ਹੋ ਕੇ ਲੰਘ ਰਿਹਾ ਹੈ। ਸਿਆਲ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਉਹ ਦੋਬਾਰਾ ਸ਼ਿਵਾਲਕ ਪਰਤ ਆਉਣਗੇ।
ਵਣ ਅਧਿਕਾਰ ਐਕਟ ਅਰਥਾਤ ਫਾਰੇਸਟ ਰਾਈਟਸ ਐਕਟ (ਐੱਫ਼ਆਰਏ) 2006 , ਵਣਾਂ ਵਿੱਚ ਰਹਿਣ ਵਾਲ਼ੇ ਲੋਕਾਂ ਜਾਂ ਆਪਣੀ ਰੋਜ਼ੀਰੋਟੀ ਵਾਸਤੇ ਜੰਗਲਾਂ 'ਤੇ ਨਿਰਭਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਇਹ ਐਕਟ ਇਨ੍ਹਾਂ ਭਾਈਚਾਰਿਆਂ ਤੇ ਵਣਾਂ ਦੇ ਹੋਰ ਰਵਾਇਤੀ ਨਿਵਾਸੀਆਂ ਦੇ ਅਧਿਕਾਰਾਂ ਨੂੰ ਪ੍ਰਵਾਨ ਕਰਦਾ ਹੈ ਤੇ ਉਨ੍ਹਾਂ ਦੀ ਰੋਜ਼ੀਰੋਟੀ ਵਾਸਤੇ ਵਣ-ਵਸੀਲਿਆਂ ਦੇ ਉਪਯੋਗਾਂ ਨੂੰ ਮਾਨਤਾ ਦਿੰਦਾ ਹੈ। ਪਰ ਇਹਦੇ ਬਾਅਦ ਵੀ ਵਣ ਗੁੱਜਰਾਂ ਵਾਸਤੇ ਉਨ੍ਹਾਂ ਅਧਿਕਾਰਾਂ ਤੱਕ ਪਹੁੰਚ ਪਾਉਣਾ ਕਰੀਬ-ਕਰੀਬ ਅਸੰਭਵ ਹੈ ਜੋ ਕਨੂੰਨ ਦੁਆਰਾ ਉਨ੍ਹਾਂ ਨੂੰ ਦਿੱਤੇ ਗਏ ਹਨ।
ਜਲਵਾਯੂ ਸੰਕਟ ਤੋਂ ਪੈਦਾ ਹੋਏ ਕਾਰਨਾਂ ਕਰਕੇ ਜੰਗਲਾਂ ਦੀ ਹਾਲਤ ਬਦਤਰ ਹੀ ਹੋਈ ਹੈ। ''ਪਹਾੜਾਂ ਦੀ ਵਾਤਾਵਰਣ ਵਿੱਚ ਤੇਜ਼ੀ ਨਾਲ਼ ਬਦਲਾਅ ਆ ਰਿਹਾ ਹੈ। ਜਿੱਥੇ ਚਰਾਂਦਾ ਘੱਟ ਗਈਆਂ ਹਨ ਤੇ ਨਾ-ਖਾਣਯੋਗ ਬਨਸਪਤੀਆਂ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ ਹੈ,'' ਸੋਸਾਇਟੀ ਫ਼ਾਰ ਪ੍ਰੋਮਸ਼ਨ ਹਿਮਾਲਿਅਨ ਇੰਡੀਜ਼ਿਨਸ ਐਕਟੀਵਿਟੀ ਦੇ ਸਹਾਇਕ ਨਿਰਦੇਸ਼ਕ ਮੁਨੇਸ਼ ਸ਼ਰਮਾ ਕਹਿੰਦੇ ਹਨ।
''ਜਦੋਂ ਜੰਗਲ ਨਾ ਰਹੇ, ਤਦ ਅਸੀਂ ਡੰਗਰਾਂ ਦਾ ਢਿੱਡ ਕਿਵੇਂ ਭਰਾਂਗੇ?'' ਚਿੰਤਾ ਭਰੇ ਸੁਰ ਵਿੱਚ ਸਹਨ ਬੀਬੀ ਕਹਿੰਦੀ ਹਨ। ਉਹ ਵੀ ਆਪਣੇ ਬੇਟੇ ਗ਼ੁਲਾਮ ਨਬੀ ਦੇ ਨਾਲ਼ ਮਸਤੁ ਦੇ ਸਮੂਹ ਵਿੱਚ ਸ਼ਾਮਲ ਹਨ ਤੇ ਉਤਰਾਖੰਡ ਜਾ ਰਹੀ ਹਨ।
ਇਹ ਫ਼ਿਲਮ ਇਨ੍ਹਾਂ ਭਾਈਚਾਰਿਆਂ ਦੇ ਵਿਸਥਾਪਨ ਨੂੰ ਦਰਸਾਉਂਦੀ ਹੈ ਤੇ ਇਸ ਯਾਤਰਾ ਵਿੱਚ ਹਰ ਸਾਲ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਪੇਸ਼ ਕਰਦੀ ਹੈ।
ਤਰਜਮਾ: ਕਮਲਜੀਤ ਕੌਰ