ਤਿੰਨ ਉਂਗਲੀਆਂ, ਗਿੱਲੇ ਕੱਪੜੇ ਦਾ ਇੱਕ ਚੌਕੋਣਾ ਟੁਕੜਾ ਅਤੇ ਹਲਕੀ ਜਿਹੀ ਛੋਹ। “ਮੈਨੂੰ ਬਹੁਤ ਧਿਆਨ ਲਾਉਣਾ ਪੈਂਦਾ ਹੈ।”
ਵਿਜਯਾ ਪੂਤਰੇਕੂ – ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਵਿੱਚ ਮਿਲ਼ਣ ਵਾਲ਼ੀ ਮਠਿਆਈ – ਬਣਾਉਣ ਬਾਰੇ ਗੱਲ ਕਰ ਰਹੀ ਹੈ। ਚੌਲ਼ਾਂ ਦੇ ਸਟਾਰਚ ਤੋਂ ਬਣੀਆਂ ਕਾਗਜ਼ ਵਰਗੀਆਂ ਪਰਤਾਂ (ਫਿਲਮਾਂ) ਜਿਨ੍ਹਾਂ ਅੰਦਰ ਗੁੜ ਤੇ ਗਿਰੀਦਾਰ ਸੁੱਕੇ ਫਲ ਭਰੇ ਜਾਂਦੇ ਹਨ, ਤਿਉਹਾਰਾਂ ਦੇ ਸੀਜ਼ਨ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲ਼ੀ ਮਠਿਆਈ ਹਨ। ਹੁਨਰਮੰਦ ਹਲਵਾਈ ਵਿਜਯਾ ਹਰ ਦਿਨ ਤਕਰੀਬਨ 200 ਰੇਕੂ ਬਣਾਉਂਦੀ ਹੈ ਅਤੇ ਇਹ ਸਥਾਨਕ ਦੁਕਾਨਦਾਰ ਲੈ ਜਾਂਦੇ ਹਨ। “ ਪੂਤਰੇਕੂ ਬਣਾਉਣ ਲੱਗੇ ਮੈਨੂੰ ਬਹੁਤ ਧਿਆਨ ਲਾਉਣਾ ਪੈਂਦਾ ਹੈ। ਮੈਂ ਉਸ ਵੇਲੇ ਕਿਸੇ ਨਾਲ਼ ਗੱਲ ਵੀ ਨਹੀਂ ਕਰ ਸਕਦੀ,” ਉਸਨੇ ਪਾਰੀ ਨੂੰ ਦੱਸਿਆ।
“ਮੇਰੇ ਘਰ ਵਿੱਚ ਕੋਈ ਵੀ ਤਿਉਹਾਰ, ਰਿਵਾਜ ਹੋਵੇ ਜਾਂ ਕੋਈ ਵੀ ਖ਼ਾਸ ਮੌਕਾ ਹੋਵੇ, ਪੂਤਰੇਕੂ ਤੋਂ ਬਿਨ੍ਹਾਂ ਅਧੂਰਾ ਹੁੰਦਾ ਹੈ,” ਜੀ. ਰਾਮਾਕ੍ਰਿਸ਼ਨਾ ਨੇ ਕਿਹਾ। ਅਤਰਿਆਪੁਰਮ ਦਾ ਰਹਿਣ ਵਾਲ਼ਾ ਰਾਮਾਕ੍ਰਿਸ਼ਨਾ ਅਤਿਆਪੁਰਮ ਵਿੱਚ ਕੁਝ ਦੁਕਾਨਾਂ ਨੂੰ ਡੱਬੇ ਬਣਾਉਣ ਲਈ ਮਾਲ ਮੁਹੱਈਆ ਕਰਾਉਂਦਾ ਹੈ। “ਮੈਨੂੰ ਇਹ ਬਹੁਤ ਪਸੰਦ ਹੈ ਕਿਉਂਕਿ ਇਹ ਹੈਰਾਨ ਕਰਨ ਵਾਲ਼ੀ ਮਠਿਆਈ ਹੈ! ਪਹਿਲਾਂ ਇਹ ਬਿਲਕੁਲ ਕਾਗਜ਼ੀ ਜਿਹੀ ਲੱਗਦੀ ਹੈ ਤੇ ਤੁਹਾਨੂੰ ਲੱਗੇਗਾ ਕਿ ਤੁਸੀਂ ਕਾਗਜ਼ ਖਾ ਰਹੇ ਹੋ। ਪਰ ਜਿਓਂ ਹੀ ਤੁਸੀਂ ਦੰਦੀ ਵੱਢਦੇ ਹੋ ਇਹ ਤੁਹਾਡੇ ਮੂੰਹ ਵਿੱਚ ਘੁੱਲ਼ ਜਾਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਦੁਨੀਆ ਵਿੱਚ ਇਹਦੇ ਵਰਗੀ ਕੋਈ ਹੋਰ ਮਠਿਆਈ ਹੈ,” ਉਸਨੇ ਮਾਣ ਨਾਲ਼ ਕਿਹਾ।
ਆਂਧਰਾ ਪ੍ਰਦੇਸ਼ ਦੇ ਡਾ. ਬੀ. ਆਰ. ਅੰਬੇਦਕਰ ਕੋਨਾਸੀਮਾ ਜ਼ਿਲ੍ਹੇ ਦੇ ਚੌਲ਼ਾਂ ਤੋਂ ਇਹ ਕੋਮਲਤਾ ਨਾਲ਼ ਬਣਾਈ ਜਾਣ ਵਾਲ਼ੀ ਮਠਿਆਈ ਹੈ। “ਇਹ ਚੌਲ਼ ਲੇਸਲੇ ਹੁੰਦੇ ਹਨ, ਇਸ ਕਰਕੇ ਹਰ ਕੋਈ ਇਹਨਾਂ ਨੂੰ ਸਿਰਫ਼ ਰੇਕੂ (ਵਰਕ) ਬਣਾਉਣ ਲਈ ਵਰਤਦਾ ਹੈ,” ਮਠਿਆਈ ਬਣਾਉਣ ਵਾਲ਼ੀ ਕਾਇਲਾ ਵਿਜਯਾ ਕੋਟਾ ਸਤਿਆਵਤੀ ਨੇ ਕਿਹਾ ਜੋ ਰਾਮਾਚੰਦਰਾਪੁਰਮ ਬਲਾਕ ਦੇ ਅਤਰਿਆਪੁਰਮ ਪਿੰਡ ਦੀ ਨਿਵਾਸੀ ਹੈ। ਅਤਰਿਆਪੁਰਮ ਦੇ ਪੂਤਰੇਕੂ ਨੂੰ 2023 ਵਿੱਚ ਭੂਗੋਲਿਕ ਸੂਚਕ (ਜੀਆਈ) ਮਿਲ਼ਿਆ। 14 ਜੂਨ 2023 ਨੂੰ ਸਰ ਆਰਥਰ ਕੌਟਨ ਅਤਰਿਆਪੁਰਮ ਪੂਤਰੇਕੁਲਾ ਨਿਰਮਾਤਾ ਵੈਲਫੇਅਰ ਐਸੋਸੀਏਸ਼ਨ ਨੂੰ ਵਿਸ਼ਾਖਾਪਟਨਮ ਵਿਖੇ GI ਨਾਲ਼ ਸਨਮਾਨਿਤ ਕੀਤਾ ਗਿਆ।
ਸੂਬੇ ਵਿੱਚ ਖਾਣ ਵਾਲ਼ੀਆਂ ਵਸਤੂਆਂ ਨੂੰ ਵਾਲ਼ੀ ਜੀਆਈ ਵਿੱਚ ਪੂਤਰੇਕੂ ਤੀਜੇ ਸਥਾਨ ’ਤੇ ਹੈ (ਬਾਕੀ ਦੋ ਤਿਰੂਪਤੀ ਲੱਡੂ ਅਤੇ ਬੰਦਰ ਲੱਡੂ ਹਨ)। ਆਂਧਰਾ ਪ੍ਰਦੇਸ਼ ਵਿੱਚ ਹਸਤਕਲਾ, ਖਾਧ ਪਦਾਰਥ, ਖੇਤੀ ਅਤੇ ਹੋਰ ਵੱਖ-ਵੱਖ ਕੈਟਾਗਿਰੀਆਂ ਵਿੱਚ 21 ਉਤਪਾਦਾਂ ਨੂੰ GI ਮਿਲ਼ਿਆ ਹੋਇਆ ਹੈ। ਗੋਆ ਦੀ ਬੇਬਿੰਕਾ ਮਠਿਆਈ ਨੂੰ ਵੀ GI ਟੈਗ ਮਿਲ਼ਿਆ ਹੈ ਅਤੇ ਇਸ ਤੋਂ ਪਹਿਲਾਂ ਮੋਰੇਨਾ ਦੀ ਗੱਚਕ ਅਤੇ ਮੁਜ਼ੱਫਰਨਗਰ ਦੇ ਗੁੜ ਨੂੰ ਵੀ GI ਟੈਗ ਮਿਲ਼ਿਆ ਹੈ।
ਲੰਬੇ ਸਮੇਂ ਤੋਂ ਮਠਿਆਈ ਬਣਾ ਰਹੀ ਵਿਜਯਾ 2019 ਤੋਂ ਰੇਕੂ ਬਣਾ ਰਹੀ ਹੈ ਅਤੇ ਉਸਦਾ ਕਹਿਣਾ ਹੈ ਕਿ ਉਸਨੂੰ ਧਿਆਨ ਲਾ ਕੇ ਇਹ ਕੰਮ ਕਰਨਾ ਪੈਂਦਾ ਹੈ। “ਪਰ ਮੈਂ ਹੋਰ ਮਠਿਆਈਆਂ ਬਣਾਉਂਦੇ ਹੋਏ ਲੋਕਾਂ ਨਾਲ਼ ਸੌਖਿਆਂ ਗੱਲਾਂ ਕਰ ਸਕਦੀ ਹਾਂ ਕਿਉਂਕਿ ਉਹ ਬਣਾਉਣੀਆਂ ਆਸਾਨ ਹਨ,” ਅਤੇ ਇਸ ਲਈ ਉਹ ਆਪਣੇ ਪਰਿਵਾਰ ਲਈ ਮਠਿਆਈਆਂ – ਸੁਨਨਡੁਲੂ , ਕੋਵਾ ਆਦਿ – ਬਣਾਉਂਦੀ ਹੈ। ਸੁਨਨਡੁਲੂ ਬਰੀਕ ਪੀਸੀ ਤੇ ਭੁੰਨੀ ਉੜਦ ਦੀ ਦਾਲ ਅਤੇ ਚੀਨੀ ਜਾਂ ਗੁੜ ਤੇ ਘਿਉ ਨਾਲ਼ ਬਣੇ ਲੱਡੂ ਹੁੰਦੇ ਹਨ।
“ਮੈਂ ਆਪਣੇ ਤੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਕੁਝ ਪੈਸੇ ਕਮਾਉਣਾ ਚਾਹੁੰਦੀ ਸੀ। ਮੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ, ਇਸ ਕਰਕੇ ਮੈਂ ਇਹ ਕੰਮ ਕਰਨ ਲੱਗ ਪਈ,” ਮਠਿਆਈਆਂ ਦੀਆਂ ਦੁਕਾਨਾਂ ਨੂੰ ਰੇਕੂ ਵੇਚਣ ਦਾ ਕੰਮ ਕਿਵੇਂ ਸ਼ੁਰੂ ਕੀਤਾ, ਇਸ ਬਾਰੇ ਦੱਸਦਿਆਂ ਵਿਜਯਾ ਨੇ ਕਿਹਾ। ਉਹ ਵਿਕਰੀ ਲਈ ਕੋਈ ਹੋਰ ਮਠਿਆਈ ਨਹੀਂ ਬਣਾਉਂਦੀ।
ਹਰ ਮਹੀਨੇ ਦੀ ਸ਼ੁਰੂਆਤ ਵਿੱਚ ਉਹ ਸਥਾਨਕ ਬਜ਼ਾਰ ਤੋਂ 50 ਕਿਲੋ ਖੁੱਲ੍ਹੇ ਚੌਲ਼ ਖਰੀਦ ਲੈਂਦੀ ਹੈ। ਪੂਤਰੇਕੁਲੂ ਬਣਾਉਣ ਲਈ ਸਿਰਫ਼ ਜਾਯਾ ਬਿਯਮ ਦਾ ਇਸਤੇਮਾਲ ਹੁੰਦਾ ਹੈ ਅਤੇ ਇੱਕ ਕਿਲੋ ਦਾ ਮੁੱਲ 35 ਰੁਪਏ ਹੈ। “ਇਹ ਚੌਲ਼ ਬਣਨ ਤੋਂ ਬਾਅਦ ਬਹੁਤ ਲੇਸਲੇ ਹੋ ਜਾਂਦੇ ਹਨ, ਇਸ ਲਈ ਇਹਨਾਂ ਨੂੰ ਲੋਕ ਸਿਰਫ਼ ਰੇਕੂ ਬਣਾਉਣ ਲਈ ਵਰਤਦੇ ਹਨ,” ਵਿਜਯਾ ਦੱਸਦੀ ਹੈ।
ਮਠਿਆਈ ਬਣਾਉਣ ਦਾ ਉਸਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਜਦ ਉਹ ਰੇਕੂ ਬਣਾਉਣ ਲਈ ਅੱਧਾ ਕਿਲੋ ਜਯਾ ਬਿਯਮ ਨੂੰ ਧੋ ਕੇ ਅੱਧਾ ਘੰਟਾ ਭਿਉਂ ਕੇ ਰੱਖਦੀ ਹੈ।
ਆਪਣੇ ਬੇਟਿਆਂ ਦੇ ਸਕੂਲ ਜਾਣ ਤੋਂ ਬਾਅਦ ਵਿਜਯਾ ਭਿਉਂਤੇ ਚੌਲ਼ਾਂ ਨੂੰ ਪੀਸ ਕੇ ਗਾੜ੍ਹਾ ਘੋਲ਼ ਤਿਆਰ ਕਰਦੀ ਹੈ। ਉਹ ਇਸਨੂੰ ਪਰਾਂਤ ਵਿੱਚ ਉਲਟਾ ਕੇ ਆਪਣੇ ਘਰ ਦੇ ਬਾਹਰ ਆਪਣੀ ਕੰਮ ਵਾਲ਼ੀ ਛੋਟੀ ਜਿਹੀ ਜਗ੍ਹਾ ਵਿੱਚ ਲੱਕੜ ਦੀ ਨਿੱਕੀ ਜਿਹੀ ਪੀਹੜੀ ’ਤੇ ਰੱਖ ਦਿੰਦੀ ਹੈ।
ਆਖਰਕਾਰ ਤਕਰੀਬਨ 9 ਵਜੇ ਵਿਜਯਾ ਆਪਣੀ ਵਰਕਸ਼ਾਪ ਦੇ ਕੋਨੇ ਵਿੱਚ ਖ਼ਾਸ ਤਰ੍ਹਾਂ ਦੇ ਪੁੱਠੇ ਕੀਤੇ ਬਰਤਨ, ਜਿਸ ਦੇ ਇੱਕ ਪਾਸੇ ਮੋਰੀ ਹੈ, ਉੱਤੇ ਕੋਮਲ, ਜਾਲੇ ਵਰਗਾ ਰੇਕੁਲੂ ਬਣਾਉਣਾ ਸ਼ੁਰੂ ਕਰਦੀ ਹੈ। “ਇਹ ਬਰਤਨ ਸਿਰਫ਼ ਇਸੇ ਇਲਾਕੇ ਵਿੱਚ ਬਣਦਾ ਹੈ, ਇਸੇ ਜਗ੍ਹਾ ਦੀ ਮਿੱਟੀ ਨਾਲ਼। ਹੋਰ ਕੋਈ ਬਰਤਨ ਨਹੀਂ ਵਰਤਿਆ ਜਾ ਸਕਦਾ। ਰੇਕੂ ਦਾ ਮੁੜਿਆ ਹੋਇਆ ਆਕਾਰ ਇਸੇ ਬਰਤਨ ਕਰਕੇ ਬਣਦਾ ਹੈ,” ਉਸਨੇ ਦੱਸਿਆ।
ਨਾਰੀਅਲ ਦੇ ਸੁੱਕੇ ਪੱਤਿਆਂ ਨੂੰ ਅੱਗ ਲਾ ਕੇ ਬਰਤਨ ਨੂੰ ਗਰਮ ਕੀਤਾ ਜਾਂਦਾ ਹੈ। “ਨਾਰੀਅਲ ਦੇ ਪੱਤੇ (ਹੋਰਨਾਂ ਦੀ ਬਜਾਏ) ਤੇਜ਼ੀ ਨਾਲ਼ ਸੜ ਕੇ ਲਗਾਤਾਰ ਤੇਜ਼ ਸੇਕ ਦਿੰਦੇ ਹਨ। ਸਹੀ ਬਰਤਨ ਅਤੇ ਸਹੀ ਸੇਕ ਤੋਂ ਬਿਨ੍ਹਾਂ ਰੇਕੁਲੂ ਨਹੀਂ ਬਣੇਗਾ,” ਉਸਨੇ ਕਿਹਾ।
“ਬਰਤਨ 300 ਤੋਂ 400 ਰੁਪਏ ਦਾ ਮਿਲਦਾ ਹੈ। ਮੈਂ ਹਰ ਦੋ ਜਾਂ ਤਿੰਨ ਮਹੀਨਿਆਂ ਬਾਅਦ ਇਸਨੂੰ ਬਦਲਦੀ ਹਾਂ। ਇਹ ਇਸ ਤੋਂ ਜ਼ਿਆਦਾਸਮਾਂ ਨਹੀਂ ਚਲਦਾ,” ਉਸਨੇ ਦੱਸਿਆ। ਦੋ ਕੁ ਹਫਤਿਆਂ ਵਿੱਚ ਇੱਕ ਵਾਰ ਵਿਜਯਾ ਸਥਾਨਕ ਬਜ਼ਾਰ ਤੋਂ ਨਾਰੀਅਲ ਦੇ ਪੱਤੇ ਖਰੀਦਦੀ ਹੈ। ਉਹ 5-6 ਗੁੱਛੇ ਖਰੀਦ ਲੈਂਦੀ ਹੈ ਅਤੇ ਹਰ ਗੁੱਛੇ ਦੀ ਕੀਮਤ 20 ਤੋਂ ਰੁਪਏ ਹੁੰਦੀ ਹੈ।
ਜਦ ਪੁੱਠਾ ਕੀਤਾ ਬਰਤਨ ਗਰਮ ਹੋ ਰਿਹਾ ਹੁੰਦਾ ਹੈ ਤਾਂ ਵਿਜਯਾ ਸਾਫ਼ ਤੇ ਸੁੱਕੇ ਕੱਪੜੇ ਦੇ ਚੌਕੋਣੇ ਟੁਕੜੇ ਨੂੰ ਨਿਚੋੜ ਕੇ ਗਿੱਲਾ ਕਰਦੀ ਹੈ। ਸੂਤੀ ਕੱਪੜੇ (ਉਸਦੀ ਸਾੜ੍ਹੀ ਦਾ ਕੱਪੜਾ ਜਾਂ ਕੋਈ ਵੀ ਹੋਰ ਕੱਪੜਾ) ਨੂੰ ਧੋ ਕੇ ਇਸ ਕੰਮ ਲਈ ਵਰਤਿਆ ਜਾਂਦਾ ਹੈ। ਉਹ ਘੋਲ਼ ਨੂੰ ਪਰਾਂਤ ਵਿੱਚ ਪਾ ਕੇ ਇਸ ਵਿੱਚ ਕੱਪੜਾ ਡੋਬਦੀ ਹੈ।
ਫੇਰ ਵਿਜਯਾ ਹੌਲ਼ੀ ਜਿਹੇ ਕੱਪੜੇ ਨੂੰ ਕੱਢ ਕੇ ਇਸ ’ਤੇ ਲੱਗੀ ਘੋਲ਼ ਦੀ ਪਤਲੀ ਜਿਹੀ ਪਰਤ ਨੂੰ ਪੁੱਠੇ ਕੀਤੇ ਬਰਤਨ ਉੱਤੇ ਪਾ ਦਿੰਦੀ ਹੈ। ਪਲਾਂ ਵਿੱਚ ਹੀ ਧੂੰਆਂ ਕਰਦੀ ਚਿੱਟੇ-ਸੁਰਮਈ ਰੰਗ ਦੀ ਕਾਗਜ਼ੀ ਪਰਤ ਬਣ ਜਾਂਦੀ ਹੈ। ਪੂਰਾ ਤਿਆਰ ਹੋਣ ਤੱਕ ਕੁਝ ਪਲ ਪਰਤ ਬਰਤਨ ’ਤੇ ਹੀ ਰਹਿਣ ਦਿੰਦੀ ਜਾਂਦੀ ਹੈ।
ਇਸ ਤੋਂ ਬਾਅਦ ਬਿਲਕੁਲ ਨਾਜ਼ੁਕ ਜਿਹੀ ਛੋਹ ਦੀ ਵਾਰੀ ਆਉਂਦੀ ਹੈ। ਤਿੰਨ ਉਂਗਲਾਂ ਨਾਲ਼ ਉਹ ਬਰਤਨ ਤੋਂ ਰੇਕੂ ਨੂੰ ਵੱਖ ਕਰਦੀ ਹੈ। “ਸਭ ਤੋਂ ਔਖਾ ਕੰਮ ਇਸਨੂੰ ਵੱਖ ਕਰਨਾ ਹੈ। ਜੇ ਇਹ ਟੁੱਟ ਜਾਵੇ ਤਾਂ ਸਮਝੋ ਗਿਆ ਕੰਮ। ਇਸ ਕਰਕੇ ਮੈਨੂੰ ਬੜੀ ਸਾਵਧਾਨੀ ਵਰਤਣੀ ਪੈਂਦੀ ਹੈ,” ਤੇਜ਼ੀ ਨਾਲ਼ ਵੱਖ ਕਰਕੇ ਆਪਣੇ ਕੋਲ਼ ਢੇਰ ਉੱਤੇ ਰੱਖਦਿਆਂ ਉਸਨੇ ਕਿਹਾ। ਉਸਦਾ ਅੰਦਾਜ਼ਾ ਹੈ ਕਿ ਉਹ ਇੱਕ ਘੰਟੇ ਵਿੱਚ 90 ਤੋਂ 100 ਰੇਕੂ ਬਣਾ ਸਕਦੀ ਹੈ, ਤੇ ਤਕਰੀਬਨ ਦੋ ਤੋਂ ਤਿੰਨ ਘੰਟਿਆਂ ਵਿੱਚ ਉਸਨੇ 150 ਤੋਂ 200 ਰੇਕੂ ਬਣਾ ਲਏ ਹਨ। ਤਿਉਹਾਰਾਂ ਦੇ ਦਿਨਾਂ ਵਿੱਚ ਰੇਕੂ ਦੀ ਮੰਗ 500 ਤੱਕ ਪਹੁੰਚ ਜਾਂਦੀ ਹੈ ਅਤੇ ਉਹ ਉਸੇ ਮੁਤਾਬਕ ਘੋਲ਼ ਤਿਆਰ ਕਰਦੀ ਹੈ।
ਅਤਰਿਆਪੁਰਮ ਵਿੱਚ ਕਾਫ਼ੀ ਔਰਤਾਂ ਰੇਕੁਲੂ ਬਣਾਉਂਦੀਆਂ ਹਨ, ਜ਼ਿਆਦਾਤਰ ਘਰ ਵਿੱਚ ਪਰ ਕੁਝ ਦੁਕਾਨਾਂ ਵਿੱਚ ਵੀ ਬਣਾਉਂਦੀਆਂ ਹਨ।
54 ਸਾਲਾ ਵੀ. ਸ਼ਿਆਮਲਾ ਅਤਰਿਆਪੁਰਮ ਦੇ ਬੱਸ ਅੱਡੇ ਕੋਲ਼ ਪੈਂਦੀ ਕੇਕੇ ਨੇਥੀ ਪੂਤਰੇਕੁਲੂ ਦੁਕਾਨ ’ਤੇ ਕੰਮ ਕਰਦੀ ਹੈ। ਉਹ ਦੁਕਾਨ ਤੋਂ ਚਾਰ ਕੁ ਕਿਲੋਮੀਟਰ ਦੂਰ ਰਹਿੰਦੀ ਹੈ ਤੇ 25-30 ਸਾਲ ਤੋਂ ਮਠਿਆਈ ਬਣਾਉਣ ਦਾ ਕੰਮ ਕਰ ਰਹੀ ਹੈ। ਸ਼ਿਆਮਲਾ ਨੇ ਵਿਜਯਾ ਦੀ ਤਰ੍ਹਾਂ ਘਰ ਵਿੱਚ ਹੀ ਰੇਕੂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। “ਮੈਂ ਦਿਨ ਵਿੱਚ 100 ਵਰਕ ਬਣਾਉਂਦੀ ਸੀ ਤੇ ਇਸਦੇ ਮੈਨੂੰ 25-30 ਰੁਪਏ ਮਿਲਦੇ ਸਨ,” ਉਸਨੇ ਯਾਦ ਕਰਦਿਆਂ ਦੱਸਿਆ। ਉਹ ਮੁੱਖ ਤੌਰ ’ਤੇ ਪੂਤਰੇਕੁਲੂ ਬਣਾਉਣ ਦੀ ਕਿਰਿਆ ਦੇ ਆਖਰੀ ਪੜਾਅ ’ਤੇ ਕੰਮ ਕਰਦੀ ਹੈ: ਉਹ ਰੇਕੂ ਵਿੱਚ ਖੰਡ, ਗੁੜ, ਮੇਵੇ, ਤੇ ਕਾਫ਼ੀ ਮਾਤਰਾ ਵਿੱਚ ਘਿਉ ਤੇ ਹੋਰ ਚੀਜ਼ਾਂ ਪਾ ਕੇ ਇਸਦੀ ਤਹਿ ਲਾਉਂਦੀ ਹੈ। ਸ਼ਿਆਮਲਾ ਦਾ ਕਹਿਣਾ ਹੈ ਕਿ “ਗੋਡਿਆਂ ਦੇ ਦਰਦ” ਕਰਕੇ ਉਸਨੂੰ ਪੈਦਲ ਦੁਕਾਨ ’ਤੇ ਜਾਣਾ ਔਖਾ ਲਗਦਾ ਹੈ। ਇਸ ਕਰਕੇ ਉਸਦਾ ਬੇਟਾ ਹਰ ਰੋਜ਼ ਉਸਨੂੰ ਦੁਕਾਨ ’ਤੇ ਛੱਡ ਕੇ ਆਉਂਦਾ ਹੈ।
ਦੁਕਾਨ ’ਤੇ ਪਹੁੰਚ ਕੇ ਉਹ ਕੇਕੇ ਨੇਤੀਪੂਠਾਰੇਕੁਲੂ ਦੁਕਾਨ ਦੇ ਪਿਛਲੇ ਪਾਸੇ ਇੱਕ ਖੂੰਜੇ ਵਿੱਚ ਉੱਚੇ ਲੋਹੇ ਦੇ ਸਟੂਲ 'ਤੇ ਬੈਠਣ ਤੋਂ ਪਹਿਲਾਂ ਆਪਣੀ ਸਾੜ੍ਹੀ ਨੂੰ ਰਤਾ ਕੁ ਠੀਕ ਕਰਦੀ ਹੈ, ਉਹ ਅਜਿਹੀ ਥਾਂ ਲੱਭਦੀ ਹੈ ਜਿੱਥੇ ਬਹੁਤੀ ਧੁੱਪ ਨਾ ਪਵੇ। ਉਸਦਾ ਚਿਹਰਾ ਸੜਕ ਵੱਲ ਹੁੰਦਾ ਹੈ ਅਤੇ ਆਉਂਦੇ-ਜਾਂਦੇ ਗਾਹਕ ਉਸਨੂੰ ਪੂਤਰੇਕੁਲੂ ਦੀਆਂ ਤਹਿਆਂ ਲਾਉਂਦੇ ਵੇਖ ਸਕਦੇ ਹਨ।
ਸ਼ਿਆਮਲਾ ਆਪਣੇ ਕੋਲ਼ ਪਏ ਢੇਰ ਵਿੱਚੋਂ ਸਹਿਜੇ ਜਿਹੇ ਇੱਕ ਰੇਕੂ ਚੁੱਕਦੀ ਹੈ ਅਤੇ ਇਸ ’ਤੇ ਕਾਫ਼ੀ ਮਾਤਰਾ ਵਿੱਚ ਘਿਉ ਲਾਉਂਦੀ ਹੈ। ਫੇਰ ਉਹ ਇਸ ’ਤੇ ਸ਼ੱਕਰ ਲਾਉਂਦੀ ਹੈ। “ਸਾਦੇ ਪੂਤਰੇਕੂ ਵਿੱਚ ਸਿਰਫ਼ ਇਹੀ ਚੀਜ਼ਾਂ ਇਸਤੇਮਾਲ ਹੁੰਦੀਆਂ ਹਨ,” ਇਸ ਉੱਤੇ ਅੱਧਾ ਰੇਕੂ ਹੋਰ ਰੱਖਦਿਆਂ ਉਸਨੇ ਕਿਹਾ। ਫੇਰ ਉਹ ਇਹ ਯਕੀਨੀ ਬਣਾਉਂਦਿਆਂ ਕਿ ਕੋਈ ਸਮੱਗਰੀ ਖਿੰਡ ਨਾ ਜਾਵੇ, ਇਸਦੀ ਤਹਿ ਲਾਉਂਦੀ ਹੈ, ਤੇ ਇੱਕ ਪੂਤਰੇਕੂ ਦੀ ਤਹਿ ਲਾਉਣ ਤੇ ਇੱਕ ਮਿੰਟ ਤੋਂ ਜ਼ਿਆਦਾ ਸਮਾਂ ਲਾਉਂਦੀ ਹੈ। ਰਵਾਇਤੀ ਤੌਰ ’ਤੇ ਇਹਨਾਂ ਦੀ ਤਹਿ ਲੰਬੇ ਆਇਤ ਦੇ ਆਕਾਰ ਵਿੱਚ ਲਾਈ ਜਾਂਦੀ ਹੈ ਪਰ ਸਮੋਸੇ ਵਾਂਗ ਤਿਕੋਣੇ ਆਕਾਰ ਵਿੱਚ ਵੀ ਤਹਿ ਲਾਈ ਜਾ ਸਕਦੀ ਹੈ।
ਸਮੋਸੇ ਦੇ ਆਕਾਰ ਵਿੱਚ ਪੂਤਰੇਕੂ ਦੀ ਤਹਿ ਲਾਉਣ ਲਈ ਹਰ ਰੇਕੂ ਪਿੱਛੇ ਸ਼ਿਆਮਲਾ ਨੂੰ 3 ਰੁਪਏ ਵੱਧ ਮਿਲਦੇ ਹਨ। “ਸਮੋਸੇ ਦੇ ਆਕਾਰ ਵਿੱਚ ਤਹਿ ਲਾਉਣਾ ਮੇਰੇ ਲਈ ਵੀ ਔਖਾ ਕੰਮ ਹੈ। ਮੈਨੂੰ ਬਹੁਤ ਧਿਆਨ ਲਾਉਣਾ ਪੈਂਦਾ ਹੈ ਨਹੀਂ ਤਾਂ ਰੇਕੂ ਟੁੱਟ ਜਾਵੇਗਾ,” ਉਸਨੇ ਕਿਹਾ।
“ਮੇਰੇ ਖਿਆਲ ਨਾਲ਼ ਸਾਦੀ ਖੰਡ ਜਾਂ ਸ਼ੱਕਰ ਦਾ ਬਣਿਆ ਪੂਤਰੇਕੂ ਹੀ ਅਸਲ ਮਠਿਆਈ ਹੈ। ਸਾਡੇ ਪਿੰਡ ਵਿੱਚ ਇਹ ਨੁਸਖਾ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਹੈ,” ਸ਼ਿਆਮਲਾ ਨੇ ਕਿਹਾ ਤੇ ਨਾਲ਼ ਹੀ ਦੱਸਿਆ ਕਿ ਮਠਿਆਈ ਵਿੱਚ ਮੇਵੇ ਪਾਉਣ ਦਾ ਰਿਵਾਜ ਕਾਫ਼ੀ ਨਵਾਂ ਹੈ।
ਸ਼ਿਆਮਲਾ ਦੁਕਾਨ ਦੀ ਮਾਲਕ 36 ਸਾਲਾ ਕਸਾਨੀ ਨਾਗਾਸਤਿਆਵਤੀ ਨਾਲ਼ ਮਿਲ ਕੇ ਐਤਵਾਰ ਨੂੰ ਛੱਡ ਬਾਕੀ ਹਰ ਦਿਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਦੀ ਹੈ। ਉਸਨੂੰ ਉਸਦੇ ਕੰਮ ਲਈ ਦਿਨ ਦੇ 400 ਰੁਪਏ ਮਿਲਦੇ ਹਨ। ਪਿਛਲੇ ਤਿੰਨ ਸਾਲਾਂ ਤੋਂ ਇਹ ਰਕਮ ਨਹੀਂ ਵਧੀ, ਇੱਥੋਂ ਤੱਕ ਕਿ ਪੂਠਾਰੇਕੂ ਨੂੰ GI ਟੈਗ ਮਿਲਣ ਤੋਂ ਬਾਅਦ ਵੀ ਨਹੀਂ।
ਅਤਰਿਆਪੁਰਮ ਦੇ ਪੂਤਰੇਕੂ ਨੂੰ GI ਟੈਗ ਮਿਲਣ ਨਾਲ਼ ਵਿਜਯਾ ਅਤੇ ਸ਼ਿਆਮਲਾ ਵਰਗਿਆਂ ਕਾਮਿਆਂ ਲਈ ਕੋਈ ਫਾਇਦਾ ਨਹੀਂ ਹੋਇਆ। GI ਟੈਗ ਮਿਲਣ ਤੋਂ ਲੈ ਕੇ ਉਹਨਾਂ ਦੀ ਦਿਹਾੜੀ ਨਹੀਂ ਵਧੀ ਪਰ ਉਹਨਾਂ ਦਾ ਕਹਿਣਾ ਹੈ ਕਿ ਦੁਕਾਨ ਮਾਲਕ ਅਤੇ ਹੋਰ ਵੱਡੇ ਵਪਾਰੀ ਚੰਗਾ ਮੁਨਾਫ਼ਾ ਕਮਾ ਰਹੇ ਲਗਦੇ ਹਨ।
ਸੱਤਿਆ ਦਾ ਕਹਿਣਾ ਹੈ ਕਿ ਤੇਲਗੂ ਸੂਬਿਆਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਪੂਤਰੇਕੂ ਹਮੇਸ਼ਾ ਹੀ ਮਸ਼ਹੂਰ ਰਿਹਾ ਹੈ। “ਪਰ ਹੁਣ ਹੋਰ ਲੋਕ ਵੀ ਇਹਦੇ ਬਾਰੇ ਜਾਣਦੇ ਹਨ। ਪਹਿਲਾਂ ਸਾਨੂੰ ਦੂਜੇ ਸੂਬਿਆਂ ਦੇ ਲੋਕਾਂ ਨੂੰ ਸਮਝਾਉਣਾ ਪੈਂਦਾ ਸੀ ਕਿ ਪੂਤਰੇਕੂ ਕੀ ਹੈ। ਹੁਣ ਇਸ ਬਾਰੇ ਦੱਸਣ ਦੀ ਲੋੜ ਨਹੀਂ,” ਉਸਨੇ ਕਿਹਾ।
ਸੱਤਿਆ ਸਰ ਆਰਥਰ ਕੌਟਨ ਅਤਰਿਆਪੁਰਮ ਨਿਰਮਾਤਾ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵਿੱਚੋਂ ਇੱਕ ਹੈ। ਐਸੋਸੀਏਸ਼ਨ ਪਿਛਲੇ 10 ਸਾਲ ਤੋਂ ਪੂਤਰੇਕੂ ਲਈ GI ਟੈਗ ਲੈਣ ਦੀ ਕੋਸ਼ਿਸ਼ ਵਿੱਚ ਲੱਗੀ ਸੀ ਅਤੇ ਇਸ ਲਈ ਜੂਨ 2023 ਵਿੱਚ ਉਹਨਾਂ ਨੂੰ ਇਹ ਦੇ ਦਿੱਤਾ ਗਿਆ, “ਸਾਰੇ ਪਿੰਡ ਲਈ ਇਹ ਮਾਣ ਦਾ ਮੌਕਾ ਸੀ।”
ਸੱਤਿਆ ਨੇ ਦੱਸਿਆ ਕਿ ਉਸਦੀ ਦੁਕਾਨ ਸਮੇਤ ਸਾਰੀਆਂ ਦੁਕਾਨਾਂ ’ਤੇ ਮਠਿਆਈ ਦੀ ਮੰਗ ਵਧੀ ਹੈ। “ਜ਼ਿਆਦਾਤਰ ਮੰਗ ਥੋਕ ਵਿੱਚ, 10 ਤੋਂ ਲੈ ਕੇ 100 ਡੱਬਿਆਂ ਦੀ ਆਉਂਦੀ ਹੈ,” ਉਸਨੇ ਕਿਹਾ। ਹਰ ਡੱਬੇ ਵਿੱਚ 10 ਪੂਤਰੇਕੁਲੂ ਹੁੰਦੇ ਹਨ।
“ਦਿੱਲੀ, ਮੁੰਬਈ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੋਂ ਲੋਕ ਮਠਿਆਈ ਮੰਗਵਾਉਂਦੇ ਹਨ,” ਉਸਨੇ ਕਿਹਾ। “ਪਿੰਡ ਵਿੱਚ ਅਸੀਂ ਪੂਤਰੇਕੂ 10 ਤੋਂ 12 ਰੁਪਏ ਵਿੱਚ ਵੇਚਦੇ ਹਾਂ ਅਤੇ ਉਹ (ਬਾਹਰ ਦੀਆਂ ਵੱਡੀਆਂ ਦੁਕਾਨਾਂ) ਇੱਕ ਪੂਤਰੇਕੂ ਦਾ 30 ਰੁਪਏ ਤੋਂ ਵੀ ਵੱਧ ਮੁੱਲ ਰੱਖਦੇ ਹਨ,” ਉਸਨੇ ਦੱਸਿਆ।
“GI ਟੈਗ ਮਿਲਣ ਤੋਂ ਬਾਅਦ ਕੀਮਤ ਜ਼ਿਆਦਾ ਨਹੀਂ ਵਧੀ,” ਸੱਤਿਆ ਨੇ ਦੱਸਿਆ। “ਦਸ ਸਾਲ ਪਹਿਲਾਂ ਪੂਤਰੇਕੂ ਦੀ ਕੀਮਤ 7 ਕੁ ਰੁਪਏ ਹੁੰਦੀ ਸੀ,” ਉਸਨੇ ਕਿਹਾ।
“ਪਿਛਲੇ ਹਫ਼ਤੇ ਦੁਬਈ ਦੀ ਇੱਕ ਲੜਕੀ ਮੇਰੀ ਦੁਕਾਨ ’ਤੇ ਆਈ। ਮੈਂ ਉਸਨੂੰ ਦਿਖਾਇਆ ਕਿ ਪੂਤਰੇਕੂ ਕਿਵੇਂ ਬਣਦਾ ਹੈ ਤੇ ਉਹ ਬੜੀ ਖੁਸ਼ ਹੋਈ। ਉਸਨੂੰ ਯਕੀਨ ਨਹੀਂ ਆਇਆ ਕਿ ਕਿਵੇਂ ਮਠਿਆਈ ਮੂੰਹ ਵਿੱਚ ਪਾਉਂਦਿਆਂ ਹੀ ਘੁੱਲ਼ ਗਈ। ਉਸਨੇ ਇਸਨੂੰ ਕਲਾ ਦੱਸਿਆ। ਅਤੇ ਸੱਚ ਕਹਾਂ ਤਾਂ ਮੈਂ ਕਦੇ ਇਸ ਬਾਰੇ ਐਵੇਂ ਨਹੀਂ ਸੋਚਿਆ। ਅਸੀਂ ਜੋ ਸਾਰਾ ਸਾਲ ਰੇਕੂ ਬਣਾਉਂਦੇ ਹਾਂ ਤੇ ਜਿੰਨੇ ਹੁਨਰਮੰਦ ਹੱਥਾਂ ਨਾਲ਼ ਇਹਦੀ ਤਹਿ ਲਾਉਂਦੇ ਹਾਂ, ਸੱਚ ਕਹਾਂ ਤਾਂ ਇਹਦਾ ਕੋਈ ਬਦਲ ਹੋ ਵੀ ਨਹੀਂ ਸਕਦਾ,” ਉਸਨੇ ਕਿਹਾ।
ਇਹ ਰਿਪੋਰਟ ਰੰਗ ਦੇ ਵੱਲੋਂ ਦਿੱਤੀ ਗਰਾਂਟ ਦੀ ਮਦਦ ਨਾਲ਼ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਤਰਜਮਾ: ਅਰਸ਼ਦੀਪ ਅਰਸ਼ੀ