ਕੰਨੀਸਾਮੀ ਉੱਤਰੀ ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ਦੇ ਤੱਟਵਰਤੀ ਇਲਾਕਿਆਂ ਦੇ ਪਿੰਡਾਂ ਦੀਆਂ ਸਰਹੱਦਾਂ ਦੀ ਰੱਖਿਆ ਕਰਦਾ ਹੈ। ਮੱਛੀ ਫੜ੍ਹਨ ਵਾਲ਼ੇ ਭਾਈਚਾਰੇ ਦਾ ਇਹ ਸਰਪ੍ਰਸਤ ਦੇਵਤਾ ਇਸ ਭਾਈਚਾਰੇ ਦੇ ਕਿਸੇ ਵਿਅਕਤੀ ਵਰਗਾ ਦਿਖਾਈ ਦਿੰਦਾ ਹੈ। ਉਹਨੇ ਚਮਕੀਲੇ ਰੰਗ ਦੇ ਕੱਪੜੇ ਪਾਏ ਹੋਏ ਹਨ। ਉਸਨੇ ਆਪਣੀ ਕਮਰ 'ਤੇ ਵੇਟੀ (ਚਿੱਟੀ ਧੋਤੀ) ਅਤੇ ਸਿਰ 'ਤੇ ਟੋਪੀ ਪਾਈ ਹੋਈ ਹੈ। ਮਛੇਰੇ ਸਮੁੰਦਰ ਅੰਦਰ ਜਾਣ ਤੋਂ ਪਹਿਲਾਂ ਇਸ ਦੇਵਤੇ ਅੱਗੇ ਸੁਰੱਖਿਅਤ ਕਿਨਾਰੇ ਵਾਪਸ ਮੁੜਨ ਲਈ ਪ੍ਰਾਰਥਨਾ ਕਰਦੇ ਹਨ।
ਮੱਛੀ ਫੜ੍ਹਨ ਵਾਲ਼ੇ ਪਰਿਵਾਰ ਕੰਨੀਸਾਮੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਦੇ ਹਨ। ਇਹ ਪੂਜਾ ਉੱਤਰੀ ਚੇਨਈ ਤੋਂ ਪਲਵੇਰਕਾਡੂ (ਪੁਲੀਕਟ) ਦੇ ਇਲਾਕੇ ਦੀ ਇੱਕ ਮਸ਼ਹੂਰ ਪਰੰਪਰਾ ਰਹੀ ਹੈ।
ਏਨੁਰ ਕੁੱਪਮ ਦੇ ਮਛੇਰੇ ਕੰਨੀਸਾਮੀ ਦੀਆਂ ਮੂਰਤੀਆਂ ਖਰੀਦਣ ਲਈ 7 ਕਿਲੋਮੀਟਰ ਦੀ ਯਾਤਰਾ ਕਰਕੇ ਅਤੀਪੱਟੂ ਆਉਂਦੇ ਹਨ। ਹਰ ਸਾਲ ਜੂਨ ਦੇ ਮਹੀਨੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਜੋ ਇੱਕ ਹਫ਼ਤੇ ਤੱਕ ਚੱਲਦਾ ਰਹਿੰਦਾ ਹੈ। 2019 ਵਿੱਚ, ਜਦੋਂ ਇਸ ਪਿੰਡ ਦੇ ਮਛੇਰੇ ਕੰਨੀਸਾਮੀ ਦੀ ਮੂਰਤੀ ਖ਼ਰੀਦਣ ਲਈ ਅਤੀਪੱਟੂ ਗਏ, ਤਾਂ ਮੈਨੂੰ ਉਨ੍ਹਾਂ ਦੀ ਇੱਕ ਟੋਲੀ ਨਾਲ਼ ਯਾਤਰਾ ਕਰਨ ਦਾ ਮੌਕਾ ਮਿਲ਼ਿਆ। ਅਸੀਂ ਉੱਤਰੀ ਚੇਨਈ ਦੇ ਏਨੁਰ ਥਰਮਲ ਪਾਵਰ ਸਟੇਸ਼ਨ ਦੇ ਨੇੜੇ ਕੋਸਾਸਤਲੀਅਰ ਨਦੀ ਦੇ ਕੰਢੇ ਇਕੱਠੇ ਹੋਏ ਅਤੇ ਅਤੀਪੱਟੂ ਵੱਲ ਤੁਰਨਾ ਸ਼ੁਰੂ ਕਰ ਦਿੱਤਾ।
ਅਸੀਂ ਦੋ ਮੰਜ਼ਲਾਂ ਵਾਲ਼ੇ ਇੱਕ ਘਰ ਦੇ ਨੇੜੇ ਪਹੁੰਚੇ। ਜ਼ਮੀਨ 'ਤੇ ਕੰਨੀਸਾਮੀ ਮੂਰਤੀਆਂ ਦੀ ਇੱਕ ਕਤਾਰ ਸੀ। ਮੂਰਤੀਆਂ ਚਿੱਟੇ ਕੱਪੜੇ ਨਾਲ਼ ਢੱਕੀਆਂ ਹੋਈਆਂ ਸਨ। ਇੱਕ 40 ਕੁ ਸਾਲਾ ਵਿਅਕਤੀ, ਜਿਹਨੇ ਚਿੱਟੀ ਪੱਟੀਦਾਰ ਕਮੀਜ਼ ਅਤੇ ਵੇਟੀ (ਧੋਤੀ) ਪਾਈ ਹੋਈ ਸੀ ਅਤੇ ਮੱਥੇ 'ਤੇ ਤਿਰੂਨੀਰ (ਪਵਿੱਤਰ ਸਵਾਹ) ਮਲ਼ੀ ਹੋਈ ਸੀ, ਮੂਰਤੀਆਂ ਕੋਲ਼ ਖੜ੍ਹਾ ਹੋ ਕੇ ਕਪੂਰ ਬਾਲ਼ ਰਿਹਾ ਸੀ। ਉਹ ਮੂਰਤੀਆਂ ਨੂੰ ਮਛੇਰਿਆਂ ਦੇ ਮੋਢੇ 'ਤੇ ਰੱਖਣ ਪਹਿਲਾਂ ਪੂਜਈ (ਪੂਜਾ) ਕਰਦਾ ਹੈ।
ਇਹ ਉਦੋਂ ਸੀ ਜਦੋਂ ਮੈਂ ਦਿੱਲੀ ਅੰਨਾ ਨੂੰ ਪਹਿਲੀ ਵਾਰ ਦੇਖਿਆ ਸੀ ਅਤੇ ਹਾਲਾਤ ਅਜਿਹੇ ਸਨ ਕਿ ਮੈਂ ਉਨ੍ਹਾਂ ਨਾਲ਼ ਗੱਲ ਨਹੀਂ ਕਰ ਸਕਦਾ ਸੀ। ਮੈਂ ਆਪਣੇ ਮੋਢਿਆਂ 'ਤੇ ਕੰਨੀਸਾਮੀ ਮੂਰਤੀਆਂ ਚੁੱਕੀ ਆਉਣ ਵਾਲ਼ੇ ਮਛੇਰਿਆਂ ਨਾਲ਼ ਹੀ ਵਾਪਸ ਮੁੜ ਆਇਆ। ਅਸੀਂ ਕੋਸਾਸਤਲੀਅਰ ਨਦੀ ਤੱਕ ਪਹੁੰਚਣ ਲਈ ਚਾਰ ਕਿਲੋਮੀਟਰ ਪੈਦਲ ਚੱਲੇ। ਉੱਥੋਂ ਅੱਗੇ 3 ਕਿਲੋਮੀਟਰ ਦੂਰ ਏਨੁਰ ਕੁੱਪਮ ਤੱਕ ਦੀ ਯਾਤਰਾ ਬੇੜੀ ਰਾਹੀਂ ਕੀਤੀ।
ਏਨੁਰ ਕੁੱਪਮ ਪਹੁੰਚਣ ਤੋਂ ਬਾਅਦ, ਮਛੇਰਿਆਂ ਨੇ ਮੰਦਰ ਦੇ ਸਾਹਮਣੇ ਮੂਰਤੀਆਂ ਦੀ ਕਤਾਰ ਲਗਾ ਦਿੱਤੀ। ਪੂਜਾ ਅਤੇ ਰਸਮਾਂ ਲਈ ਲੋੜੀਂਦੀਆਂ ਚੀਜ਼ਾਂ ਮੂਰਤੀਆਂ ਦੇ ਸਾਹਮਣੇ ਰੱਖੀਆਂ ਗਈਆਂ। ਜਦੋਂ ਸ਼ਾਮ ਨੂੰ ਹਨ੍ਹੇਰਾ ਹੋਣ ਲੱਗਾ ਤਾਂ ਦਿੱਲੀ ਅੰਨਾ ਕੁੱਪਮ ਆ ਗਏ। ਪਿੰਡ ਦੇ ਲੋਕ ਮੂਰਤੀਆਂ ਦੇ ਆਲ਼ੇ-ਦੁਆਲ਼ੇ ਇਕੱਠੇ ਹੋ ਗਏ। ਦਿੱਲੀ ਅੰਨਾ ਨੇ ਮੂਰਤੀਆਂ ਦੁਆਲ਼ਿਓਂ ਚਿੱਟਾ ਕੱਪੜਾ ਹਟਾ ਦਿੱਤਾ ਅਤੇ ਮਾਈ (ਕੱਜਲ) ਦੀ ਸਹਾਇਤਾ ਨਾਲ਼ ਕੰਨੀਸਾਮੀ ਦੀਆਂ ਅੱਖਾਂ ਦੀ ਪੁਤਲੀਆਂ ਬਣਾਉਣ ਲੱਗੇ। ਇਹ ਕਿਰਿਆ ਉਨ੍ਹਾਂ ਮੂਰਤੀਆਂ ਦੀਆਂ ਅੱਖਾਂ ਖੋਲ੍ਹੇ ਜਾਣ ਦੇ ਪ੍ਰਤੀਕ ਵਜੋਂ ਲਈ ਜਾਂਦੀ ਹੈ। ਉਸ ਤੋਂ ਬਾਅਦ ਉਹ ਇੱਕ ਮੁਰਗੇ ਦੀ ਬਲ਼ੀ ਚੜ੍ਹਾਉਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇੰਝ ਕਰਨ ਨਾਲ਼ ਬੁਰੀਆਂ ਆਤਮਾਵਾਂ ਦੂਰ ਰਹਿੰਦੀਆਂ ਹਨ।
ਫਿਰ ਕੰਨੀਸਾਮੀ ਦੀਆਂ ਮੂਰਤੀਆਂ ਨੂੰ ਪਿੰਡ ਦੀ ਹੱਦ ਤੱਕ ਲਿਜਾਇਆ ਜਾਂਦਾ ਹੈ।
ਏਨੁਰ ਦੇ ਤੱਟੀ ਇਲਾਕੇ ਤੇ ਦਲਦਲੀ ਖਿੱਤੇ ਨੇ ਮੈਨੂੰ ਬਹੁਤ ਸਾਰੇ ਲੋਕਾਂ ਤੋਂ ਜਾਣੂ ਕਰਵਾਇਆ। ਦਿੱਲੀ ਅੰਨਾ ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਕੰਨੀਸਾਮੀ ਮੂਰਤੀਆਂ ਬਣਾਉਣ ਦੇ ਲੇਖੇ ਲਾ ਛੱਡੀ। ਜਦੋਂ ਮੈਂ ਮਈ 2023 ਵਿੱਚ ਦਿੱਲੀ ਅੰਨਾ ਨੂੰ ਮਿਲਣ ਲਈ ਅਤੀਪੱਟੂ ਸਥਿਤ ਉਨ੍ਹਾਂ ਦੇ ਘਰ ਵਾਪਸ ਗਿਆ, ਤਾਂ ਉਨ੍ਹਾਂ ਦੀ ਅਲਮਾਰੀ ਵਿੱਚ ਮੈਨੂੰ ਘਰ ਦਾ ਕੋਈ ਹੋਰ ਸਾਜੋ-ਸਾਮਾਨ ਨਹੀਂ ਦਿੱਸਿਆ। ਸਾਰਾ ਘਰ ਸਿਰਫ਼ ਮੂਰਤੀਆਂ, ਮਿੱਟੀ ਅਤੇ ਪਰਾਲ਼ੀ ਨਾਲ਼ ਭਰਿਆ ਹੋਇਆ ਸੀ। ਪੂਰੇ ਘਰ ਵਿੱਚ ਮਿੱਟੀ ਦੀ ਮਹਿਕ ਭਰੀ ਹੋਈ ਸੀ।
ਕੰਨੀਸਾਮੀ ਦੀਆਂ ਮੂਰਤੀਆਂ ਪਿੰਡ ਦੇ ਬਾਹਰੀ ਸਿਰਿਆਂ ਤੋਂ ਲਿਆਂਦੀ ਗਈ ਗਿੱਲੀ ਮਿੱਟੀ ਨੂੰ ਚੀਕਣੀ ਮਿੱਟੀ ਨਾਲ਼ ਮਿਲਾ ਕੇ ਬਣਾਈਆਂ ਜਾਂਦੀਆਂ ਹਨ। "ਅਜਿਹੀ ਮਾਨਤਾ ਹੈ ਕਿ ਇੰਝ ਕਰਨ ਨਾਲ਼ ਦੇਵਤਾ ਦੀ ਸ਼ਕਤੀ ਪੂਰੇ ਪਿੰਡ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦੀ ਹੈ," 44 ਸਾਲਾ ਦਿੱਲੀ ਅੰਨਾ ਕਹਿੰਦੇ ਹਨ। "ਪੀੜ੍ਹੀ ਦਰ ਪੀੜ੍ਹੀ ਮੇਰਾ ਪਰਿਵਾਰ ਕੰਨੀਸਾਮੀ ਦੀਆਂ ਮੂਰਤੀਆਂ ਬਣਾਉਂਦਾ ਰਿਹਾ ਹੈ। ਜਦੋਂ ਤੱਕ ਮੇਰੇ ਪਿਤਾ ਜੀ ਇਹ ਕੰਮ ਕਰਦੇ ਰਹੇ, ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਾ ਹੋਈ। 2011 ਵਿੱਚ ਮੇਰੇ ਪਿਤਾ ਦੀ ਮੌਤ ਤੋਂ ਬਾਅਦ, ਮੇਰੇ ਨਾਲ਼ ਜੁੜੇ ਹਰ ਵਿਅਕਤੀ ਨੇ ਮੈਨੂੰ ਕਿਹਾ ਕਿ ਮੈਨੂੰ ਇਹ ਕੰਮ ਅੱਗੇ ਤੋਰਨਾ ਚਾਹੀਦਾ ਹੈ। ਇਸ ਲਈ ਮੈਂ ਇਸ ਕੰਮ ਨੂੰ ਜਾਰੀ ਰੱਖਿਆ। ਇਹ ਉਹ ਕੰਮ ਹੈ ਜੋ ਮੇਰੇ ਪਿਤਾ ਅਤੇ ਮਾਤਾ ਨੇ ਮੈਨੂੰ ਸਿਖਾਇਆ ਸੀ। ਇੱਥੇ ਕੋਈ ਹੋਰ ਨਹੀਂ ਹੈ ਜੋ ਇਹ ਕੰਮ ਕਰ ਸਕੇ," ਦਿੱਲੀ ਅੰਨਾ ਨੇ ਕਿਹਾ।
ਦਿੱਲੀ ਅੰਨਾ 10 ਦਿਨਾਂ ਵਿੱਚ 10 ਮੂਰਤਾਂ ਤਿਆਰ ਕਰ ਸਕਦੇ ਹਨ। ਉਹ ਔਸਤ 8 ਘੰਟੇ ਇਸ ਕੰਮ ਦੇ ਲੇਖੇ ਲਾਉਂਦੇ ਹਨ। ਸਾਲ ਵਿੱਚ ਉਹ ਕਰੀਬ 90 ਮੂਰਤੀਆਂ ਬਣਾਉਂਦੇ ਹਨ। "ਇੱਕ ਮੂਰਤੀ ਬਣਾਉਣ ਲਈ, ਤੁਹਾਨੂੰ 10 ਦਿਨ ਕੰਮ ਕਰਨਾ ਪੈਂਦਾ ਹੈ। ਸਭ ਤੋਂ ਪਹਿਲਾਂ, ਮਿੱਟੀ ਨੂੰ ਕੁੱਟਿਆ ਜਾਂਦਾ ਹੈ ਅਤੇ ਇਸ ਵਿਚਲੇ ਸਾਰੇ ਪੱਥਰਾਂ ਨੂੰ ਹਟਾ ਕੇ ਸਾਫ਼ ਕੀਤਾ ਜਾਂਦਾ ਹੈ। ਫਿਰ ਮਿੱਟੀ ਵਿੱਚ ਰੇਤ ਅਤੇ ਪਰਾਲ਼ੀ ਰਲ਼ਾਈ ਜਾਂਦੀ ਹੈ ਅਤੇ ਮੂਰਤੀ ਬਣਾਉਣ ਦੀ ਤਿਆਰੀ ਮੁਕੰਮਲ ਹੋ ਜਾਂਦੀ ਹੈ,'' ਦਿੱਲੀ ਅੰਨਾ ਖੋਲ੍ਹ ਕੇ ਦੱਸਦੇ ਹਨ। ਮੂਰਤੀ ਨੂੰ ਮਜ਼ਬੂਤ ਕਰਨ ਲਈ ਪਰਾਲੀ ਮਿਲਾਈ ਜਾਣੀ ਜ਼ਰੂਰੀ ਹੈ ਅਤੇ ਉਹਦੇ ਬਾਅਦ ਉਸ 'ਤੇ ਮਿੱਟੀ ਦੀ ਅੰਤਮ ਪਰਤ ਚੜ੍ਹਾਈ ਜਾਂਦੀ ਹੈ।
"ਮੂਰਤੀ ਦੀ ਸ਼ੁਰੂਆਤ ਤੋਂ ਲੈ ਕੇ ਇਸ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਤੱਕ, ਮੈਂ ਇਕੱਲਾ ਕੰਮ ਕਰਦਾ ਹਾਂ। ਮੇਰੇ ਕੋਲ਼ ਮਦਦ ਕਰਨ ਲਈ ਸਹਾਇਕ ਰੱਖਣ ਲਈ ਇੰਨੇ ਪੈਸੇ ਨਹੀਂ ਹਨ," ਉਹ ਕਹਿੰਦੇ ਹਨ। "ਸਾਰਾ ਕੰਮ ਛਾਂ ਵਾਲ਼ੀ ਥਾਵੇਂ ਹੁੰਦਾ ਹੈ, ਕਿਉਂਕਿ ਸਿੱਧੀ ਧੁੱਪ ਕਾਰਨ ਮਿੱਟੀ ਠੀਕ ਤਰ੍ਹਾਂ ਨਹੀਂ ਚਿਪਕਦੀ ਅਤੇ ਸੁੱਕਣ ਤੋਂ ਬਾਅਦ ਟੁੱਟ ਜਾਂਦੀ ਹੈ। ਜਦੋਂ ਮੂਰਤੀ ਸੁੱਕ ਜਾਂਦੀ ਹੈ, ਤਾਂ ਮੈਂ ਇਸ ਨੂੰ ਅੱਗ ਵਿੱਚ ਤਪਾਉਂਦਾ ਹਾਂ। ਇਸ ਪੂਰੀ ਪ੍ਰਕਿਰਿਆ ਵਿੱਚ ਆਮ ਤੌਰ 'ਤੇ 18 ਦਿਨ ਲੱਗਦੇ ਹਨ।''
ਦਿੱਲੀ ਅੰਨਾ ਅਤੀਪੱਟੂ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ, ਖਾਸ ਕਰਕੇ ਏਨੂਰ ਕੁੱਪਮ, ਮੁਗਤੀਵਰ ਕੁੱਪਮ, ਤਲਾਨਾਕੁੱਪਮ, ਕਟੂਕੁੱਪਮ, ਮੇਟੁਕੁੱਪਮ, ਪਾਲਟੋਟੀਕੁੱਪਮ, ਚਿੰਨਾਕੁੱਪਮ, ਪੇਰੀਆਕੁਲਮ ਆਦਿ ਨੂੰ ਮੂਰਤੀਆਂ ਦੀ ਸਪਲਾਈ ਕਰਦੇ ਹਨ।
ਤਿਉਹਾਰਾਂ ਦੌਰਾਨ, ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਪਿੰਡਾਂ ਦੀ ਸਰਹੱਦ 'ਤੇ ਕੰਨੀਸਾਮੀ ਦੀਆਂ ਮੂਰਤੀਆਂ ਸਥਾਪਤ ਕਰਦੇ ਹਨ। ਕੁਝ ਲੋਕ ਕੰਨੀਸਾਮੀ ਦੇ ਪੁਰਸ਼ ਰੂਪ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਹਨ, ਜਦੋਂ ਕਿ ਕੁਝ ਲੋਕ ਕੰਨੀਸਾਮੀ ਦੇ ਔਰਤ ਰੂਪ ਦੇ ਪੂਜਕ ਹੁੰਦੇ ਹਨ। ਕੰਨੀਸਾਮੀ ਨੂੰ ਦੇਵੀ ਰੂਪ ਵਿੱਚ ਪਾਪਤੀ ਅੰਮਾਨ, ਬੋਮਤੀ ਅੰਮਾਨ, ਪਿਚਾਈ ਅੰਮਾਨ ਵਰਗੇ ਵੱਖ-ਵੱਖ ਨਾਮਾਂ ਨਾਲ਼ ਜਾਣਿਆ ਜਾਂਦਾ ਹੈ। ਪਿੰਡ ਵਾਸੀ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਿੰਡ ਦੀ ਦੇਵੀ ਘੋੜੇ ਜਾਂ ਹਾਥੀ 'ਤੇ ਸਵਾਰ ਹੋਵੇ ਅਤੇ ਇਸ ਦੇ ਨਾਲ਼ ਕੁੱਤੇ ਦੀ ਮੂਰਤੀ ਹੋਵੇ। ਇਹ ਮੰਨਿਆ ਜਾਂਦਾ ਹੈ ਕਿ ਰਾਤ ਦੇ ਹਨੇਰੇ ਵਿੱਚ, ਦੇਵਤੇ ਆਉਂਦੇ ਹਨ ਅਤੇ ਆਪਣੀ ਖੇਡ ਖੇਡਦੇ ਹਨ। ਅਗਲੀ ਸਵੇਰ ਸਬੂਤ ਵਜੋਂ ਗ੍ਰਾਮਦੇਵੀ ਦੇ ਪੈਰਾਂ ਵਿੱਚ ਪਈਆਂ ਤਰੇੜਾਂ ਨੂੰ ਦੇਖਿਆ ਜਾ ਸਕਦਾ ਹੈ।
"ਕਈ ਥਾਵਾਂ 'ਤੇ, ਮਛੇਰੇ ਹਰ ਸਾਲ ਨਵੀਆਂ ਕੰਨੀਸਾਮੀ ਮੂਰਤੀਆਂ ਸਥਾਪਤ ਕਰਦੇ ਹਨ, ਜਦੋਂ ਕਿ ਕੁਝ ਥਾਵਾਂ 'ਤੇ ਉਨ੍ਹਾਂ ਨੂੰ ਦੋ, ਤਿੰਨ ਜਾਂ ਚਾਰ ਸਾਲਾਂ ਬਾਅਦ ਬਦਲ ਦਿੱਤਾ ਜਾਂਦਾ ਹੈ," ਦਿੱਲੀ ਕਹਿੰਦੇ ਹਨ।
ਹਾਲਾਂਕਿ ਇਨ੍ਹਾਂ ਪਿੰਡਾਂ ਦੇ ਮਛੇਰਿਆਂ ਵਿੱਚ ਮੂਰਤੀਆਂ ਦੀ ਮੰਗ ਰੁਕੀ ਜਾਂ ਘੱਟ ਨਹੀਂ ਹੋਈ ਹੈ, ਪਰ ਦਿੱਲੀ ਅੰਨਾ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਕੀਤੇ ਜਾ ਰਹੇ ਇਸ ਰਵਾਇਤੀ ਕਿੱਤੇ ਨੂੰ ਕੌਣ ਅੱਗੇ ਵਧਾਏਗਾ। ਉਨ੍ਹਾਂ ਲਈ ਹੁਣ ਇਹ ਇੱਕ ਮਹਿੰਗਾ ਕੰਮ ਬਣ ਗਿਆ ਹੈ: "ਹਰ ਚੀਜ਼ ਮਹਿੰਗੀ ਹੋ ਗਈ ਹੈ ... ਜੇ ਮੈਂ ਗਾਹਕਾਂ ਤੋਂ ਮੂਰਤੀ ਬਣਾਉਣ ਵਿੱਚ ਹੋਏ ਖਰਚੇ ਦੇ ਅਨੁਸਾਰ ਪੈਸੇ ਮੰਗਦਾ ਹਾਂ, ਤਾਂ ਉਹ ਮੈਨੂੰ ਪੁੱਛਦੇ ਹਨ ਕਿ ਮੈਂ ਵਧੇਰੇ ਕੀਮਤ ਕਿਉਂ ਮੰਗ ਰਿਹਾ ਹਾਂ। ਪਰ ਸਿਰਫ਼ ਅਸੀਂ ਜਾਣਦੇ ਹਾਂ ਕਿ ਇਹ ਕੰਮ ਕਰਨਾ ਸਾਡੇ ਲਈ ਕਿੰਨਾ ਮੁਸ਼ਕਲ ਹੈ।
ਉੱਤਰੀ ਚੇਨਈ ਦੇ ਸਮੁੰਦਰੀ ਤੱਟਾਂ 'ਤੇ ਥਰਮਲ ਪਾਵਰ ਪਲਾਂਟਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਧਰਤੀ ਹੇਠਲਾ ਪਾਣੀ ਖਾਰਾ ਹੋ ਰਿਹਾ ਹੈ, ਜਿਸ ਨਾਲ਼ ਖੇਤਰ ਵਿੱਚ ਖੇਤੀਬਾੜੀ ਗਤੀਵਿਧੀਆਂ ਵਿੱਚ ਭਾਰੀ ਕਮੀ ਆਈ ਹੈ ਅਤੇ ਮਿੱਟੀ ਦੀ ਗੁਣਵੱਤਾ 'ਤੇ ਮਾੜਾ ਅਸਰ ਪੈ ਰਿਹਾ ਹੈ। ਕੱਚੇ ਮਾਲ ਦੀ ਘਾਟ ਕਾਰਨ ਦਿੱਲੀ ਅੰਨਾ ਸ਼ਿਕਾਇਤ ਕਰਦੇ ਹਨ, "ਇਨ੍ਹੀਂ ਦਿਨੀਂ ਮੈਨੂੰ ਕਿਤੇ ਵੀ ਸੁਚਾਰੂ ਮਿੱਟੀ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ।''
ਉਹ ਕਹਿੰਦੇ ਹਨ ਕਿ ਮਿੱਟੀ ਖਰੀਦਣਾ ਬਹੁਤ ਮਹਿੰਗਾ ਸੌਦਾ ਹੈ। "ਮੈਂ ਆਪਣੇ ਘਰ ਦੇ ਨੇੜੇ ਮਿੱਟੀ ਪੁੱਟਦਾ ਹਾਂ ਅਤੇ ਟੋਏ ਨੂੰ ਰੇਤ ਨਾਲ਼ ਭਰਦਾ ਹਾਂ,'' ਉਨ੍ਹਾਂ ਮੁਤਾਬਕ ਕਿਉਂਕਿ ਰੇਤ ਮਿੱਟੀ ਨਾਲ਼ੋਂ ਸਸਤੀ ਪੈਂਦੀ ਹੈ।
ਕਿਉਂਕਿ ਉਹ ਅਤਿਪੱਟੂ ਦਾ ਇੱਕਲੌਤੇ ਮੂਰਤੀਕਾਰ ਹਨ, ਇਸ ਲਈ ਜਨਤਕ ਥਾਵਾਂ ਦੀ ਖੁਦਾਈ ਕਰਕੇ ਸੁਚਾਰੂ ਮਿੱਟੀ ਪ੍ਰਾਪਤ ਕਰਨ ਲਈ ਪੰਚਾਇਤ ਨਾਲ਼ ਇਕੱਲੇ ਗੱਲਬਾਤ ਕਰਨਾ ਉਨ੍ਹਾਂ ਲਈ ਸੌਖਾ ਕੰਮ ਨਹੀਂ ਹੈ। "ਜੇ ਮੂਰਤੀ ਬਣਾਉਣ ਵਾਲ਼ੇ ਪਰਿਵਾਰਾਂ ਦੀ ਗਿਣਤੀ 10-20 ਹੁੰਦੀ, ਤਾਂ ਅਸੀਂ ਨੇੜਲੇ ਛੱਪੜਾਂ ਜਾਂ ਝੀਲ ਦੇ ਨੇੜੇ ਮਿੱਟੀ ਪੁੱਟ ਸਕਦੇ ਸੀ ਅਤੇ ਫਿਰ ਸ਼ਾਇਦ ਪੰਚਾਇਤ ਸਾਨੂੰ ਮੁਫਤ ਵਿੱਚ ਅਜਿਹਾ ਕਰਨ ਦੀ ਆਗਿਆ ਦਿੰਦੀ। ਪਰ ਕਿਉਂਕਿ ਹੁਣ ਮੈਂ ਇੱਕਲੌਤਾ ਮੂਰਤੀਕਾਰ ਬਚਿਆ ਹਾਂ, ਇਸ ਲਈ ਮੈਂ ਉਨ੍ਹਾਂ 'ਤੇ ਦਬਾਅ ਨਹੀਂ ਪਾ ਸਕਦਾ, ਅਤੇ ਮੈਨੂੰ ਆਪਣੇ ਘਰ ਦੇ ਆਲ਼ੇ-ਦੁਆਲ਼ਿਓਂ ਸੁਚਾਰੂ ਮਿੱਟੀ ਦਾ ਪ੍ਰਬੰਧ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।''
ਦਿੱਲੀ ਅੰਨਾ ਨੂੰ ਮੂਰਤੀਆਂ ਬਣਾਉਣ ਲਈ ਜਿਸ ਪਰਾਲ਼ੀ ਦੀ ਲੋੜ ਹੈ, ਉਹ ਵੀ ਹੁਣ ਆਸਾਨੀ ਨਾਲ਼ ਉਪਲਬਧ ਨਹੀਂ ਹੈ, ਕਿਉਂਕਿ ਹੱਥਾਂ ਨਾਲ਼ ਝੋਨੇ ਦੀ ਕਟਾਈ ਦਿਨੋ-ਦਿਨ ਘੱਟ ਰਹੀ ਹੈ। "ਸਾਨੂੰ ਮਸ਼ੀਨ ਦੀ ਵਾਢੀ ਨਾਲ਼ ਲੋੜੀਂਦੀ ਪਰਾਲ਼ੀ ਨਹੀਂ ਮਿਲ਼ਦੀ। ਇਹ ਸਾਡਾ ਕੰਮ ਹੈ, ਨਹੀਂ ਤਾਂ ਸਾਡਾ ਕੰਮ ਠੱਪ ਹੋ ਜਾਂਦਾ ਹੈ," ਉਹ ਕਹਿੰਦੇ ਹਨ। "ਮੈਂ ਉਨ੍ਹਾਂ ਕਿਸਾਨਾਂ ਦੀ ਭਾਲ਼ ਕਰਦਾ ਹੀ ਰਹਿੰਦਾ ਹਾਂ ਜੋ ਹੱਥਾਂ ਨਾਲ਼ ਫ਼ਸਲਾਂ ਦੀ ਕਟਾਈ ਕਰਦੇ ਹਨ। ਮੈਂ ਗੁਲਦਸਤੇ ਅਤੇ ਸਟੋਵ ਬਣਾਉਣੇ ਵੀ ਬੰਦ ਕਰ ਦਿੱਤੇ ਹਨ। ਇਨ੍ਹਾਂ ਚੀਜ਼ਾਂ ਦੀ ਅਜੇ ਵੀ ਬਹੁਤ ਮੰਗ ਹੈ, ਪਰ ਬਗ਼ੈਰ ਕੱਚੇ ਮਾਲ਼ ਦੇ ਮੈਂ ਉਨ੍ਹਾਂ ਨੂੰ ਬਣਾਉਣ ਦੇ ਯੋਗ ਨਹੀਂ ਹਾਂ।''
ਆਪਣੀ ਆਮਦਨੀ ਬਾਰੇ ਗੱਲ ਕਰਦਿਆਂ, ਉਹ ਕਹਿੰਦੇ ਹਨ: "ਮੈਨੂੰ ਇੱਕ ਪਿੰਡ ਤੋਂ ਇੱਕ ਮੂਰਤੀ ਲਈ 20,000 ਰੁਪਏ ਮਿਲ਼ਦੇ ਹਨ, ਪਰ ਖਰਚਿਆਂ ਨੂੰ ਕੱਟਣ ਤੋਂ ਬਾਅਦ, ਮੇਰਾ ਹਿੱਸਾ ਸਿਰਫ਼ 4,000 ਰੁਪਏ ਬਣਦਾ ਹੈ। ਜੇ ਮੈਂ ਚਾਰ ਪਿੰਡਾਂ ਲਈ ਮੂਰਤੀਆਂ ਬਣਾਵਾਂ, ਤਾਂ ਮੈਂ 16,000 ਰੁਪਏ ਕਮਾ ਲੈਂਦਾ ਹਾਂ।''
ਅੰਨਾ ਮੂਰਤੀਆਂ ਸਿਰਫ਼ ਗਰਮੀਆਂ ਦੇ ਮੌਸਮ ਵਿੱਚ – ਫਰਵਰੀ ਤੋਂ ਜੁਲਾਈ ਦੇ ਮਹੀਨਿਆਂ ਵਿੱਚ ਹੀ ਬਣਾਉਂਦੇ ਹਨ। ਜਦੋਂ ਆਦਿ [ਜੁਲਾਈ] ਵਿੱਚ ਤਿਉਹਾਰ ਸ਼ੁਰੂ ਹੁੰਦਾ ਹੈ, ਤਾਂ ਲੋਕ ਮੂਰਤੀਆਂ ਖਰੀਦਣ ਲਈ ਆਉਣੇ ਸ਼ੁਰੂ ਹੋ ਜਾਂਦੇ ਹਨ। "ਮੈਂ ਛੇ ਜਾਂ ਸੱਤ ਮਹੀਨਿਆਂ ਵਿੱਚ ਸਖਤ ਮਿਹਨਤ ਕਰਕੇ ਜੋ ਮੂਰਤੀਆਂ ਬਣਾਉਂਦਾ ਹਾਂ, ਉਹ ਇੱਕ ਮਹੀਨੇ ਵਿੱਚ ਵਿਕ ਜਾਂਦੀਆਂ ਹਨ। ਮੇਰੇ ਕੋਲ ਅਗਲੇ ਪੰਜ ਮਹੀਨਿਆਂ ਲਈ ਕੋਈ ਪੈਸਾ ਨਹੀਂ ਆਉਣਾ। ਮੈਨੂੰ ਉਦੋਂ ਹੀ ਪੈਸੇ ਮਿਲਣਗੇ ਜਦੋਂ ਮੈਂ ਮੂਰਤੀ ਵੇਚਾਂਗਾ।
ਉਹ ਸਵੇਰੇ 7 ਵਜੇ ਆਪਣਾ ਕੰਮ ਸ਼ੁਰੂ ਕਰਦੇ ਹਨ ਅਤੇ 8 ਘੰਟੇ ਕੰਮ ਕਰਦੇ ਹਨ। ਉਨ੍ਹਾਂ ਨੂੰ ਸੁੱਕ ਰਹੀਆਂ ਮੂਰਤੀਆਂ 'ਤੇ ਲਗਾਤਾਰ ਨਜ਼ਰ ਰੱਖਣੀ ਪੈਂਦੀ ਹੈ, ਨਹੀਂ ਤਾਂ ਉਹ ਟੁੱਟ ਵੀ ਸਕਦੀਆਂ ਹਨ। ਮੈਨੂੰ ਇਹ ਦਿਖਾਉਣ ਲਈ ਕਿ ਉਹ ਆਪਣੇ ਹੁਨਰਾਂ ਪ੍ਰਤੀ ਕਿੰਨੇ ਸਮਰਪਿਤ ਹਨ, ਉਹ ਮੈਨੂੰ ਇੱਕ ਛੋਟਾ ਜਿਹਾ ਕਿੱਸਾ ਦੱਸਦੇ ਹਨ: "ਇੱਕ ਵਾਰ ਮੈਨੂੰ ਰਾਤ ਨੂੰ ਸਾਹ ਨਾ ਆਇਆ ਤੇ ਬਹੁਤ ਦਰਦ ਹੋਣ ਲੱਗਿਆ। ਰਾਤ ਦੇ ਇੱਕ ਵਜੇ, ਮੈਂ ਸਾਈਕਲ ਚਲਾ ਕੇ ਹਸਪਤਾਲ ਗਿਆ। ਡਾਕਟਰਾਂ ਨੇ ਮੈਨੂੰ ਗਲੂਕੋਜ਼ [ਇੱਕ ਨਸ ਤਰਲ ਪਦਾਰਥ] ਲਾਇਆ। ਮੇਰਾ ਭਰਾ ਮੈਨੂੰ ਸਵੇਰੇ ਹੋਰ ਜਾਂਚ ਕਰਾਉਣ ਲਈ ਦੂਜੇ ਹਸਪਤਾਲ ਲੈ ਗਿਆ, ਪਰ ਸਿਹਤ ਕਰਮਚਾਰੀਆਂ ਨੇ ਕਿਹਾ ਕਿ ਰਾਤ 11 ਵਜੇ ਤੋਂ ਪਹਿਲਾਂ ਇਹ ਸੰਭਵ ਨਹੀਂ ਹੈ।'' ਦਿੱਲੀ ਅੰਨਾ ਨੂੰ ਜਾਂਚ ਕਰਾਏ ਬਗ਼ੈਰ ਹੀ ਮੁੜਨਾ ਪਿਆ, ਕਿਉਂਕਿ, ''ਮੈਂ ਮੂਰਤੀਆਂ 'ਤੇ ਨਜ਼ਰ ਰੱਖਣੀ ਸੀ।''
ਲਗਭਗ 30 ਸਾਲ ਪਹਿਲਾਂ, ਅੰਨਾ ਦੇ ਪਰਿਵਾਰ ਕੋਲ਼ ਕਟੂਪੱਲੀ ਪਿੰਡ ਦੀ ਇੱਕ ਛੋਟੀ ਜਿਹੀ ਬਸਤੀ ਚੇਪਕਮ ਵਿੱਚ ਚਾਰ ਏਕੜ ਜ਼ਮੀਨ ਸੀ। "ਉਸ ਸਮੇਂ, ਮੇਰਾ ਘਰ ਗਣੇਸ਼ ਮੰਦਰ ਦੇ ਨਾਲ਼ ਲੱਗਦੀ ਚੇਪਕਮ ਸੀਮੈਂਟ ਫੈਕਟਰੀ ਦੇ ਨੇੜੇ ਸੀ। ਅਸੀਂ ਆਪਣੀ ਜ਼ਮੀਨ ਦੇ ਨੇੜੇ ਇੱਕ ਮਕਾਨ ਬਣਾਇਆ ਤਾਂ ਜੋ ਅਸੀਂ ਖੇਤੀ ਕਰ ਸਕੀਏ।'' ਉਸ ਤੋਂ ਬਾਅਦ ਉਹ ਆਪਣਾ ਘਰ ਵੇਚ ਕੇ ਅਤਿਪੱਟੂ ਆ ਗਿਆ।
"ਅਸੀਂ ਚਾਰ ਭੈਣ-ਭਰਾ ਹਾਂ, ਪਰ ਮੈਂ ਇਸ ਪਰੰਪਰਾ ਨੂੰ ਜਾਰੀ ਰੱਖਣ ਵਾਲਾ ਇਕੱਲਾ ਹਾਂ। ਮੇਰਾ ਵਿਆਹ ਨਹੀਂ ਹੋਇਆ ਹੈ। ਮੈਂ ਇੰਨੀ ਘੱਟ ਆਮਦਨੀ ਨਾਲ਼ ਆਪਣੇ ਪਰਿਵਾਰ ਦਾ ਗੁਜ਼ਾਰਾ ਜਾਂ ਬੱਚੇ ਦੀ ਦੇਖਭਾਲ ਕਿਵੇਂ ਕਰ ਸਕਦਾ ਹਾਂ?" ਉਹ ਪੁੱਛਦੇ ਹਨ। ਦਿੱਲੀ ਅੰਨਾ ਨੂੰ ਡਰ ਹੈ ਕਿ ਜੇ ਉਹ ਕੋਈ ਹੋਰ ਕੰਮ ਕਰਨਾ ਸ਼ੁਰੂ ਕਰ ਵੀ ਦੇਣ ਤਾਂ ਮੱਛੀ ਫੜ੍ਹਨ ਵਾਲ਼ੇ ਭਾਈਚਾਰਿਆਂ ਲਈ ਇਹ ਮੂਰਤੀਆਂ ਬਣਾਉਣ ਵਾਲਾ ਕੋਈ ਨਹੀਂ ਹੋਵੇਗਾ। "ਮੈਨੂੰ ਇਹ ਕਲਾ ਵਿਰਸੇ ਵਿੱਚ ਮਿਲ਼ੀ ਹੈ, ਮੈਂ ਇਸ ਨੂੰ ਛੱਡ ਨਹੀਂ ਸਕਦਾ। ਜੇ ਮਛੇਰਿਆਂ ਕੋਲ ਇਹ ਮੂਰਤੀਆਂ ਨਾ ਹੋਈਆਂ, ਤਾਂ ਉਨ੍ਹਾਂ ਨੂੰ ਮੁਸ਼ਕਲਾਂ ਵਿੱਚੋਂ ਲੰਘਣਾ ਪਵੇਗਾ।''
ਦਿੱਲੀ ਅੰਨਾ ਲਈ ਮੂਰਤੀ ਕਲਾ ਸਿਰਫ਼ ਇੱਕ ਕਾਰੋਬਾਰ ਨਹੀਂ ਹੈ, ਬਲਕਿ ਇੱਕ ਜਸ਼ਨ ਹੈ। ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਦੇ ਪਿਤਾ ਦੇ ਸਮੇਂ ਉਹ ਇੱਕ ਮੂਰਤੀ ਨੂੰ 800 ਜਾਂ 900 ਰੁਪਏ 'ਚ ਵੇਚਦੇ ਸਨ। ਅਸੀਂ ਮੂਰਤੀ ਖਰੀਦਣ ਆਉਣ ਵਾਲ਼ੇ ਹਰ ਵਿਅਕਤੀ ਨੂੰ ਆਦਰ ਨਾਲ਼ ਭੋਜਨ ਦਿੰਦੇ ਸੀ। "ਸਾਡੇ ਘਰ ਵਿੱਚ ਇੰਨੀ ਰੌਣਕ ਹੁੰਦੀ, ਜਿਵੇਂ ਇਹ ਕੋਈ ਵਿਆਹ ਦਾ ਘਰ ਹੋਵੇ," ਉਹ ਯਾਦਾਂ ਦੇ ਗਲਿਆਰੇ ਵਿੱਚ ਭਟਕਦੇ ਹੋਏ ਕਹਿੰਦੇ ਹਨ।
ਦਿੱਲੀ ਅੰਨਾ ਲਈ ਇਸ ਤੋਂ ਵੱਧ ਖੁਸ਼ੀ ਦੀ ਕੋਈ ਗੱਲ ਨਹੀਂ ਹੈ ਕਿ ਮੂਰਤੀਆਂ ਅੱਗ ਵਿੱਚ ਪੱਕਣ ਦੇ ਸਮੇਂ ਟੁੱਟਦੀਆਂ ਨਹੀਂ। ਇਹ ਮਿੱਟੀ ਦੀਆਂ ਮੂਰਤੀਆਂ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਸਾਥੀ ਹਨ। "ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਇਹ ਮੂਰਤੀਆਂ ਬਣਾਉਂਦਾ ਹਾਂ, ਤਾਂ ਮੇਰੇ ਨਾਲ਼ ਇੱਕ ਇਨਸਾਨ ਰਹਿੰਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਮੂਰਤੀਆਂ ਮੇਰੇ ਨਾਲ਼ ਗੱਲਬਾਤ ਕਰਦੀਆਂ ਹਨ। ਉਹ ਮੇਰੇ ਮੁਸ਼ਕਲ ਸਮੇਂ ਵਿੱਚ ਮੇਰਾ ਸਾਥ ਦਿੰਦੀਆਂ ਹਨ। ਪਰ ਮੈਂ ਚਿੰਤਤ ਹਾਂ ਕਿ ਮੇਰੇ ਬਾਅਦ ਇਹ ਮੂਰਤੀਆਂ ਕੌਣ ਬਣਾਏਗਾ?"
ਤਰਜਮਾ: ਕਮਲਜੀਤ ਕੌਰ