"ਸੱਤ ਬਾਰ੍ਹਾਂ ਤੋਂ ਬਗੈਰ, ਅਸੀਂ ਕੁਝ ਨਹੀਂ ਕਰ ਸਕਦੇ", ਕਿਸਾਨਾਂ ਦੇ ਧਰਨੇ ਲਈ ਦੱਖਣੀ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਬੈਠਣ ਦੌਰਾਨ 55 ਸਾਲਾ ਸ਼ਸ਼ਕੀਲਾ ਗਾਇਕਵੜ ਨੇ ਕਿਹਾ।
ਉਨ੍ਹਾਂ ਦੇ ਨਾਲ਼ ਹੀ, ਟੈਂਟ ਅੰਦਰ ਭੁੰਜੇ ਹੀ ਸੰਤਰੀ ਅਤੇ ਲਾਲ ਰੰਗੀ ਟਾਟ 'ਤੇ 65 ਸਾਲਾ ਅਰੁਣਾਬਾਈ ਸੋਨਾਵਾਨੇ ਬੈਠੀ ਸਨ। ਦੋਵੇਂ ਹੀ 25-26 ਜਨਵਰੀ ਨੂੰ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ ਵੱਲੋਂ ਅਯੋਜਿਤ ਧਰਨੇ ਵਿੱਚ ਸ਼ਾਮਲ ਹੋਣ ਲਈ ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ਦੇ ਚਿਮਨਾਪੁਰ ਪਿੰਡ ਤੋਂ ਮੁੰਬਈ ਅੱਪੜੀਆਂ ਸਨ।
ਦੋਵੇਂ 2006 ਦੇ ਜੰਗਲ ਅਧਿਕਾਰ ਐਕਟ ਤਹਿਤ ਆਪਣੀ ਜ਼ਮੀਨ ਦਾ ਮਾਲਿਕਾਨਾ ਹੱਕ ਮੰਗਣ ਅਤੇ ਤਿੰਨੋਂ ਨਵੇਂ ਖੇਤੀ ਕਨੂੰਨਾਂ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਸਤੇ ਇੱਥੇ ਆਈਆਂ ਸਨ। ਭੀਲ ਆਦਿਵਾਸੀ ਭਾਈਚਾਰੇ ਦੀਆਂ ਅਰੁਣਾਬਾਈ ਅਤੇ ਸ਼ਸ਼ੀਕਲਾ ਦੋਵਾਂ ਲਈ, ਕੰਨੜ ਤਾਲੁਕਾ ਦੇ ਉਨ੍ਹਾਂ ਦੇ ਪਿੰਡ ਵਿੱਚ ਖੇਤ ਮਜ਼ਦੂਰੀ ਹੀ ਉਨ੍ਹਾਂ ਦੀ ਆਮਦਨੀ ਦਾ ਮੁੱਖ ਵਸੀਲਾ ਹੈ। ਕੰਮ ਉਪਲਬਧ ਹੋਣ 'ਤੇ ਉਨ੍ਹਾਂ ਨੂੰ 150-200 ਰੁਪਏ ਦਿਹਾੜੀ ਮਿਲ਼ਦੀ ਹੈ। "ਤੁਹਾਡੇ ਉਲਟ, ਮੈਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਇੱਕ ਮਹੀਨੇ ਵਿੱਚ ਕਿੰਨਾ ਕਮਾ ਪਾਊਂਗੀ," ਅਰੁਣਾਬਾਈ ਨੇ ਮੈਨੂੰ ਕਿਹਾ।
ਹਰੇਕ ਤਿੰਨ ਏਕੜ ਵਿੱਚ, ਦੋਵੇਂ ਹੀ ਮੱਕੀ ਅਤੇ ਜਵਾਰ (ਸੋਰਘਮ) ਦੀ ਕਾਸ਼ਤ ਕਰਦੀਆਂ ਹਨ। ਉਹ ਮੱਕੀ ਦੀ 10-12 ਕੁਵਿੰਟਰ ਫ਼ਸਲ ਨੂੰ ਕਰੀਬ 1,000 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ਼ ਵੇਚ ਦਿੰਦੀਆਂ ਹਨ ਅਤੇ ਜਵਾਰ ਨੂੰ ਆਪਣੇ ਪਰਿਵਾਰ ਦੇ ਭੋਜਨ ਲਈ ਆਪਣੇ ਕੋਲ਼ ਹੀ ਰੱਖ ਲੈਂਦੀਆਂ ਹਨ। ਵਾੜ ਲੱਗੀ ਹੋਣ ਦੇ ਬਾਵਜੂਦ, ਜੰਗਲੀ ਸੂਰ, ਨੀਲਗਾਂ ਤੇ ਬਾਂਦਰ ਅਕਸਰ ਉਨ੍ਹਾਂ ਦੀ ਫ਼ਸਲਾਂ ਤਬਾਹ ਕਰ ਦਿੰਦੇ ਹਨ। "ਜਿਸ ਕਿਸੇ ਕੋਲ਼ ਵੀ ਖੇਤ ਹੈ, ਉਹ ਰਾਤ ਨੂੰ (ਫ਼ਸਲਾਂ ਦੀ ਰਾਖੀ ਕਰਨ ਵਾਸਤੇ) ਜਾਗਦਾ ਹੈ," ਅਰੁਣਾਬਾਈ ਕਹਿੰਦੀ ਹਨ।
ਸ਼ਸ਼ੀਕਲਾ ਅਤੇ ਅਰੁਣਾਬਾਈ ਜਿਹੜੀ ਜ਼ਮੀਨ 'ਤੇ ਖੇਤੀ ਕਰਦੀਆਂ ਹਨ ਉਹ ਜੰਗਲਾਤ ਵਿਭਾਗ ਦੀ ਹੈ। "ਸੱਤ ਬਾਰ੍ਹਾਂ ਤੋਂ ਬਿਨਾਂ ਅਸੀਂ (ਖੇਤੀ ਲਈ) ਕੋਈ ਸੁਵਿਧਾ ਪ੍ਰਾਪਤ ਨਹੀਂ ਕਰ ਸਕਦੇ ਹਾਂ," ਸ਼ਸ਼ੀਕਲਾ ਨੇ ਕਿਹਾ। "ਜੰਗਲ ਵਿਭਾਗ ਦੇ ਲੋਕ ਵੀ ਸਾਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਉਹ ਸਾਨੂੰ ਕਹਿੰਦੇ ਹਨ: ਇੱਥੇ ਖੇਤੀ ਨਾ ਕਰੋ, ਇੱਥੇ ਆਪਣੇ ਘਰ ਨਾ ਬਣਾਓ, ਜੇਕਰ ਤੁਸਾਂ ਟਰੈਕਟਰ ਲਿਆਂਦਾ ਤਾਂ ਅਸੀਂ ਤੁਹਾਡੇ 'ਤੇ ਜੁਰਮਾਨਾ ਠੋਕ ਦਿਆਂਗੇ।"
ਸ਼ਸ਼ੀਕਲਾ ਅਤੇ ਅਰੁਣਾਬਾਈ ਅਜ਼ਾਦ ਮੈਦਾਨ ਵਿੱਚ ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੰਗ ਦੀ ਹਮਾਇਤ ਕਰਨ ਲਈ ਆਈਆਂ ਸਨ। ਇਨ੍ਹਾਂ ਕਨੂੰਨਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜੀ-ਰੋਟੀ ਲਈ ਵਿਨਾਸ਼ਕਾਰੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜਿਆਦਾ ਅਧਿਕਾਰ ਪ੍ਰਦਾਨ ਕਰਦੇ ਹਨ। ਨਵੇਂ ਕਨੂੰਨ ਘੱਟੋਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂੰ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲੇ ਹੈ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਸ਼ਸ਼ੀਕਲਾ ਅਤੇ ਅਰੁਣਾਬਾਈ ਦੀਆਂ ਹੋਰ ਵੀ ਚਿੰਤਾਵਾਂ ਹਨ। ਦੋਵਾਂ ਔਰਤਾਂ ਨੇ ਆਪਣੇ-ਆਪਣੇ ਪਤੀ ਨੂੰ ਤਪੇਦਿਕ ਦੀ ਬੀਮਾਰੀ ਨਾਲ਼ ਕਰੀਬ ਇੱਕ ਦਹਾਕਾ ਪਹਿਲਾਂ ਗੁਆ ਦਿੱਤਾ ਸੀ, ਪਰ ਦੋਵਾਂ ਵਿੱਚੋਂ ਕਿਸੇ ਨੂੰ ਵੀ ਹਾਲੇ ਤੀਕਰ ਵਿਧਵਾ ਪੈਨਸ਼ਨ ਨਹੀਂ ਮਿਲੀ। ਸ਼ਸ਼ੀਕਲਾ ਹੁਣ ਆਪਣੇ ਦੋ ਬੇਟਿਆਂ, ਉਨ੍ਹਾਂ ਦੀਆਂ ਪਤਨੀਆਂ ਅਤੇ ਤਿੰਨ ਪੋਤੇ-ਪੋਤੀਆਂ ਨਾਲ਼ ਰਹਿੰਦੀ ਹਨ; ਪਰਿਵਾਰ ਦੇ ਪੰਜੋ ਬਾਲਗ਼ ਮੈਂਬਰ ਖੇਤਾਂ ਵਿੱਚ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਹਨ।
"ਸਾਡੇ ਵਿੱਚੋਂ ਛੇ-ਸੱਤ (ਵਿਧਵਾਵਾਂ) ਫਾਰਮ (ਪੈਨਸ਼ਨ) ਲੈ ਕੇ ਤਹਿਸੀਲਦਾਰ ਦਫ਼ਤਰ (ਕੰਨੜ ਵਿਖੇ) ਗਈਆਂ ਸਾਂ," ਅਰੁਣਾਬਾਈ ਨੇ ਦੋ ਸਾਲ ਪਹਿਲਾਂ ਦੀ ਘਟਨਾ ਚੇਤੇ ਕਰਦਿਆਂ ਕਿਹਾ। "ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਦੋ ਵੱਡੇ ਪੁੱਤਰ ਹਨ ਇਸਲਈ ਮੈਨੂੰ ਪੈਨਸ਼ਨ ਨਹੀਂ ਮਿਲੇਗੀ।"
ਅਰੁਣਾਬਾਈ ਆਪਣੇ ਦੋ ਬੇਟਿਆਂ, ਉਨ੍ਹਾਂ ਦੀਆਂ ਪਤਨੀਆਂ ਅਤੇ ਅੱਠ ਪੋਤੇ-ਪੋਤੀਆਂ ਦੇ ਨਾਲ਼ 13 ਮੈਂਬਰੀ ਪਰਿਵਾਰ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਪਰਿਵਾਰ ਦੇ ਵੀ ਪੰਜ ਬਾਲਗ਼ ਮੈਂਬਰ ਬਤੌਰ ਕਿਸਾਨ ਅਤੇ ਖੇਤ ਮਜ਼ਦੂਰ ਕੰਮ ਕਰਦੇ ਹਨ, ਅਤੇ ਕਦੇ-ਕਦਾਈਂ ਚਿਮਨਾਪੁਰ ਦੇ ਇੱਕ ਛੋਟੇ ਜਿਹੇ ਤਲਾਅ ਵਿੱਚੋਂ ਆਪਣੇ ਉਪਭੋਗ ਲਈ ਮੱਛੀਆਂ ਫੜ੍ਹਦੇ ਹਨ।
"ਕੱਲ੍ਹ ਮੇਰੇ ਵੱਡੇ ਭਰਾ ਦੇ ਬੇਟੇ ਦਾ ਵਿਆਹ ਹੈ, ਪਰ ਮੈਂ ਇੱਥੇ ਇਹ ਸੁਣਨ ਅਤੇ ਜਾਣਨ ਲਈ ਆਈ ਹਾਂ ਕਿ ਕੀ ਹੋ ਰਿਹਾ ਹੈ," ਅਰੁਣਾਬਾਈ ਨੇ ਉਸ ਦਿਨ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਦ੍ਰਿੜਤਾਪੂਰਵਕ ਕਿਹਾ,"ਜੇਕਰ ਜਿਆਦਾ ਲੋਕ (ਵਿਰੋਧ ਪ੍ਰਦਰਸ਼ਨ ਕਰਨ ਲਈ) ਆਉਣਗੇ, ਤਾਂ ਵੱਧ ਦਬਾਅ ਪਵੇਗਾ। ਇਸੇ ਕਾਰਨ ਕਰਕੇ ਅਸੀਂ ਸਾਰੇ ਇੱਥੇ ਹਾਂ।"
ਤਰਜਮਾ - ਕਮਲਜੀਤ ਕੌਰ