ਚਾਂਦੀ ਰੰਗੀਆਂ ਮੱਛੀਆਂ ਦੀਆਂ ਪਰਤਾਂ 'ਤੇ ਲੂਣ ਛਿੜਕਣ ਲਈ ਹੇਠਾਂ ਝੁਕਦਿਆਂ ਵਿਸਲਾਚੀ ਕਹਿੰਦੀ ਹਨ,''ਮੈਂ ਆਪਣੀਆਂ ਧੀਆਂ ਲਈ ਅੱਡ ਜ਼ਿੰਦਗੀ ਚਾਹੁੰਨੀ ਹਾਂ।'' 43 ਸਾਲਾ ਇਹ ਔਰਤ ਪਿਛਲੇ 20 ਸਾਲਾਂ ਤੋਂ ਤਮਿਲਨਾਡੂ ਦੇ ਕੁਡਲੌਰ ਓਲਡ ਟਾਊਨ ਬੰਦਰਗਾਹ ਵਿਖੇ ਮੱਛੀਆਂ ਸੁਕਾਉਣ ਦਾ ਕੰਮ ਕਰਦੀ ਆਈ ਹੈ।
''ਮੇਰਾ ਪਾਲਣ-ਪੋਸ਼ਣ ਇੱਕ ਬੇਜ਼ਮੀਨੇ ਪਰਿਵਾਰ ਵਿੱਚ ਹੋਇਆ। ਮੈਂ ਝੋਨੇ ਦੇ ਖੇਤਾਂ ਵਿੱਚ ਕੰਮ ਕਰਦੇ ਆਪਣੇ ਖੇਤ ਮਜ਼ਦੂਰ ਮਾਪਿਆਂ ਦੀ ਮਦਦ ਲਈ ਸਦਾ ਤਿਆਰ ਰਹਿੰਦੀ। ਪੜ੍ਹਾਈ-ਲਿਖਾਈ ਬਾਰੇ ਉਨ੍ਹਾਂ ਕਦੇ ਸੋਚਿਆ ਹੀ ਨਹੀਂ ਸੀ,'' ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ। ਵਿਸਲਾਚੀ ਦਾ ਵਿਆਹ 15 ਸਾਲ ਦੀ ਉਮਰੇ ਸਕਤੀਵੇਲ ਨਾਲ਼ ਹੋਇਆ ਤੇ ਦੋ ਸਾਲਾਂ ਬਾਅਦ ਕੁਡਲੌਰ ਜ਼ਿਲ੍ਹੇ ਦੇ ਭੀਮਾ ਰਾਓ ਨਗਰ ਬਸਤੀ ਵਿਖੇ ਉਨ੍ਹਾਂ ਦੀ ਪਹਿਲੀ ਬੱਚੀ, ਸ਼ਾਲਿਨੀ ਨੇ ਜਨਮ ਲਿਆ।
ਭੀਮਾ ਰਾਓ ਨਗਰ ਵਿਖੇ ਰਹਿੰਦਿਆਂ ਜਦੋਂ ਵਿਸਲਾਚੀ ਨੂੰ ਖੇਤਾਂ ਵਿੱਚ ਕੋਈ ਕੰਮ ਨਾ ਮਿਲ਼ਿਆ ਤਾਂ ਉਹ ਰੋਜ਼ੀਰੋਟੀ ਦੀ ਭਾਲ਼ ਵਿੱਚ ਕੁਡਲੌਰ ਓਲਡ ਟਾਊਨ ਬੰਦਰਗਾਹ ਆ ਗਈ। 17 ਸਾਲ ਦੀ ਉਮਰੇ ਉਨ੍ਹਾਂ ਦੀ ਮੁਲਾਕਾਤ ਕਮਲਾਵੇਨੀ ਨਾਲ਼ ਹੋਈ ਜਿਨ੍ਹਾਂ ਨੇ ਵਿਸਲਾਚੀ ਨੂੰ ਮੱਛੀਆਂ ਸੁਕਾਉਣ ਦੇ ਕੰਮ ਤੋਂ ਜਾਣੂ ਕਰਵਾਇਆ।
ਖੁੱਲ੍ਹੇ ਮੈਦਾਨੀਂ ਮੱਛੀਆਂ ਸਕਾਉਣਾ ਮੱਛੀ ਦੀ ਸੁਧਾਈ ਦਾ ਸਭ ਤੋਂ ਪੁਰਾਣਾ ਰੂਪ ਹੈ ਤੇ ਇਸ ਪ੍ਰਕਿਰਿਆ ਵਿੱਚ ਮੱਛੀਆਂ ਨੂੰ ਲੂਣ ਲਾਉਣਾ, ਧੂੰਆਂ ਦੇਣਾ ਤੇ ਅਚਾਰ ਬਣਾਉਣਾ ਸ਼ਾਮਲ ਹੁੰਦਾ ਹੈ। ਕੇਂਦਰੀ ਸਮੁੰਦਰੀ ਮੱਛੀ ਪਾਲਣ ਖ਼ੋਜ ਸੰਸਥਾ, ਕੋਚੀ ਵੱਲੋਂ ਪ੍ਰਕਾਸ਼ਤ 2016 ਦੀ ਸਮੁੰਦਰੀ ਮੱਛੀ ਪਾਲਣ ਜਨਗਣਨਾ ਮੁਤਾਬਕ, ਕੁਡਲੌਰ ਜ਼ਿਲ੍ਹੇ ਅੰਦਰ ਮੱਛੀਆਂ ਦੇ ਕੰਮ ਵਿੱਚ ਜੁੜੀਆਂ 5000 ਔਰਤਾਂ ਦਾ 10 ਫ਼ੀਸਦ ਹਿੱਸਾ ਮੱਛੀਆਂ ਸੁਕਾਉਣ, ਲੂਣਾਂ ਬਣਾਉਣ ਤੇ ਮੱਛੀਆਂ ਛਿਲਣ ਦੇ ਕੰਮਾਂ ਵਿੱਚ ਜੁੜਿਆ ਹੋਇਆ ਹੈ। ਮੱਛੀ ਪਾਲਣ ਵਿਭਾਗ ਦੇ ਅਨੁਸਾਰ, 2020-2021 ਵਿੱਚ ਤਾਮਿਲਨਾਡੂ ਵਿੱਚ ਸਮੁੰਦਰੀ ਮੱਛੀ ਪਾਲਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਔਰਤਾਂ ਦੀ ਗਿਣਤੀ ਲਗਭਗ 2.6 ਲੱਖ ਸੀ।
ਜਦੋਂ ਵਿਸਲਾਚੀ ਨੇ ਕੰਮ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੀ ਸਲਾਹਕਾਰ, ਕਮਲਾਵੇਨੀ ਦੀ ਉਮਰ 40 ਸਾਲ ਸੀ ਤੇ ਉਹ ਮੱਛੀ ਦਾ ਇੱਕ ਸਥਾਪਤ ਕਾਰੋਬਾਰ ਚਲਾਉਂਦੀ ਸਨ, ਜਿਸ ਵਿੱਚ ਮੱਛੀਆਂ ਦੀ ਨਿਲਾਮੀ, ਵਿਕਰੀ ਤੇ ਮੱਛੀ ਸੁਕਾਉਣਾ ਤੱਕ ਸ਼ਾਮਲ ਸੀ। ਉਨ੍ਹਾਂ ਕੋਲ਼ 20 ਔਰਤਾਂ ਕੰਮ ਕਰਦੀਆਂ ਸਨ ਅਤੇ ਵਿਸਲਾਚੀ ਵੀ ਉਨ੍ਹਾਂ ਵਿੱਚੋਂ ਹੀ ਇੱਕ ਸਨ। ਇਹ ਕੰਮ ਬੜਾ ਹੀ ਥਕਾ ਸੁੱਟਣ ਵਾਲ਼ਾ ਸੀ। ਵਿਸਲਾਚੀ ਨੂੰ ਸਵੇਰੇ 4 ਵਜੇ ਬੰਦਰਗਾਹ ਪਹੁੰਚਣਾ ਪੈਂਦਾ ਤੇ ਘਰ ਵਾਪਸੀ ਸ਼ਾਮੀਂ 6 ਵਜੇ ਹੁੰਦੀ। ਉਨ੍ਹਾਂ ਨੂੰ 200 ਰੁਪਏ ਦਿਹਾੜੀ ਮਿਲ਼ਦੀ ਤੇ ਉਨ੍ਹਾਂ ਜਿਹੇ ਕਾਮਿਆਂ ਨੂੰ ਨਾਸ਼ਤਾ, ਚਾਹ ਤੇ ਦੁਪਿਹਰ ਦਾ ਖਾਣਾ ਦਿੱਤਾ ਜਾਂਦਾ ਸੀ।
*****
ਫਿਰ 2004 ਵਿੱਚ ਆਈ ਸੁਨਾਮੀ ਨੇ ਸਾਰਾ ਆਲ਼ਾ ਦੁਆਲ਼ਾ ਬਦਲ ਕੇ ਰੱਖ ਦਿੱਤਾ ਤੇ ਇਸ ਨਾਲ਼ ਵਿਸਲਾਚੀ ਦਾ ਜੀਵਨ ਵੀ ਬਦਲ ਗਿਆ। ''ਸੁਨਾਮੀ ਤੋਂ ਬਾਅਦ ਮੱਛੀ ਉਤਪਾਦਨ ਵਿੱਚ ਹੋਏ ਵਾਧੇ ਕਾਰਨ ਮੇਰੀ ਦਿਹਾੜੀ ਵਧਾ ਕੇ 350 ਰੁਪਏ ਹੋ ਗਈ।''
ਮੱਛੀ ਪਾਲਣ ਖੇਤਰ ਵਿੱਚ ਰਿੰਗ ਸੀਨ ਰਾਹੀਂ ਮੱਛੀ ਫੜ੍ਹਨ ਦੇ ਕੰਮ ਵਿੱਚ ਤੇਜ਼ੀ ਆਈ, ਜਿਸ ਕਾਰਨ ਵੱਧ ਮੱਛੀਆਂ ਫੜ੍ਹੀਆਂ ਜਾਣ ਲੱਗੀਆਂ। ਰਿੰਗ ਸੀਨ, ਮੱਛੀਆਂ ਫੜ੍ਹਨ ਲਈ ਆਮ ਵਰਤਿਆ ਜਾਣ ਵਾਲ਼ਾ ਇੱਕ ਤਰੀਕਾ ਹੈ ਜੋ ਇੱਕ ਕਿਸਮ ਦਾ ਗੋਲ਼ਾਕਾਰ ਪੋਣੀਨੁਮਾ ਸੰਦ ਹੁੰਦਾ ਹੈ। ਇਹ ਐਨਕੋਵੀਜ਼, ਮੈਕੇਰਲ ਤੇ ਤੇਲ ਸਾਰਡਾਈਨਾਂ ਫੜ੍ਹਨ ਲਈ ਸਭ ਤੋਂ ਵੱਧ ਢੁੱਕਵਾਂ ਰਹਿੰਦਾ ਹੈ। 1990ਵਿਆਂ ਦੇ ਦੌਰ ਵਿੱਚ ਰਿੰਗ ਸੀਨ ਕੁਡਲੌਰ ਜ਼ਿਲ੍ਹੇ ਅੰਦਰ ਵੱਧ ਹਰਮਨਪਿਆਰਾ ਹੋ ਗਿਆ। ਇਹ ਵੀ ਪੜ੍ਹੋ: ‘ਇੱਕ ਬਹਾਦੁਰ ਔਰਤ’ ਬਣਨ ਤੱਕ ਦੀ ਵੇਨੀ ਦੀ ਦਾਸਤਾਨ’
''ਓਦੋਂ ਵੱਧ ਕੰਮ ਸੀ, ਵੱਧ ਨਫ਼ਾ ਸੀ ਤੇ ਤਨਖ਼ਾਹਾਂ ਸਨ,'' ਵਿਸਲਾਚੀ ਚੇਤੇ ਕਰਦੀ ਹਨ,''ਅਸੀਂ ਕਮਲਾਵੇਨੀ ਨੂੰ ਸੱਚਿਓ ਬੜਾ ਪਸੰਦ ਕਰਦੇ। ਉਹ ਖ਼ੁਦ ਵੀ ਪੂਰਾ ਦਿਨ ਮੱਛੀਆਂ ਦੀ ਨਿਲਾਮੀ ਕਰਨ, ਮੱਛੀਆਂ ਵੇਚਣ ਜਾਂ ਕਾਮਿਆਂ ਦੇ ਕੰਮਾਂ ਦੀ ਨਿਗਰਾਨੀ ਕਰਨ ਵਿੱਚ ਮਸ਼ਰੂਫ ਰਹਿੰਦੀ।''
ਵਿਸਲਾਚੀ ਇੱਕ ਭਰੋਸੇਮੰਦ ਮਜ਼ਦੂਰ ਸਨ ਤੇ ਜਦੋਂ ਕਦੇ ਕਮਲਾਵੇਨੀ ਨੇ ਬਾਹਰ ਜਾਣਾ ਹੁੰਦਾ ਤਾਂ ਉਨ੍ਹਾਂ ਨੂੰ ਮੱਛੀਆਂ ਸੁਕਾਉਣ ਵਾਲ਼ੇ ਸ਼ੈੱਡ ਦੀਆਂ ਚਾਬੀਆਂ ਤੱਕ ਫੜ੍ਹਾ ਜਾਂਦੀ। ''ਕੋਈ ਛੁੱਟੀ ਵੀ ਨਾ ਮਿਲ਼ਦੀ, ਪਰ ਫਿਰ ਵੀ ਸਾਡੇ ਨਾਲ਼ ਇੱਜ਼ਤ-ਭਰਪੂਰ ਵਿਹਾਰ ਕੀਤਾ ਜਾਂਦਾ,'' ਵਿਸਲਾਚੀ ਕਹਿੰਦੀ ਹਨ।
ਜਿਵੇਂ-ਜਿਵੇਂ ਮੱਛੀਆਂ ਦੀਆਂ ਕੀਮਤਾਂ ਵੱਧੀਆਂ, ਓਵੇਂ ਹੀ ਹਰ ਜ਼ਰੂਰੀ ਸ਼ੈਅ ਦੀਆਂ ਕੀਮਤਾਂ ਵੀ ਵੱਧਣ ਲੱਗੀਆਂ। ਉਨ੍ਹਾਂ ਦੇ ਪਤੀ ਸ਼ਕਤੀਵੇਲ ਪਾਣੀ ਦੇ ਟੈਂਕੀ ਓਪਰੇਟਰ ਵਜੋਂ ਕੰਮ ਕਰਦੇ ਸਨ, ਪਰ ਉਨ੍ਹਾਂ ਨੂੰ ਮਿਲ਼ਣ ਵਾਲ਼ੀ 300 ਰੁਪਏ ਦਿਹਾੜੀ ਕਾਫ਼ੀ ਨਾ ਰਹਿੰਦੀ। ਪਤੀ-ਪਤਨੀ ਦੀਆਂ ਹੁਣ ਦੋ ਬੇਟੀਆਂ ਸਨ- ਸ਼ਾਲਿਨੀ ਤੇ ਸੌਮਯਾ। ਉਹ ਦੋਵੇਂ ਸਕੂਲ ਜਾਂਦੀਆਂ ਸਨ। ਇੰਝ ਘਰ ਦਾ ਖਰਚ ਤੋਰਨਾ ਹੁਣ ਮੁਸ਼ਕਲ ਹੁੰਦਾ ਜਾ ਰਿਹਾ ਸੀ।
''ਹਾਲਾਂਕਿ ਮੈਂ ਕਮਲਾਵੇਨੀ ਨੂੰ ਦਿਲੋਂ ਪਸੰਦ ਕਰਦੀ ਸਾਂ, ਮੈਂ ਮੁਨਾਫ਼ੇ ਦੀ ਪਰਵਾਹ ਕੀਤੇ ਬਗ਼ੈਰ ਦਿਹਾੜੀ 'ਤੇ ਕੰਮ ਕਰਦੀ ਰਹੀ,'' ਵਿਸਲਾਚੀ ਆਪਣੇ ਅਗਲੇ ਕਦਮ ਬਾਰੇ ਦੱਸਦਿਆਂ ਕਹਿੰਦੀ ਹਨ।
ਇਹੀ ਉਹ ਸਮਾਂ ਸੀ, ਜਦੋਂ ਵਿਸਲਾਚੀ ਨੇ ਖ਼ੁਦਮੁਖਤਿਆਰ ਹੋ ਮੱਛੀਆਂ ਖਰੀਦੀਆਂ ਤਾਂ ਜੋ ਉਨ੍ਹਾਂ ਨੂੰ ਸੁਕਾ ਕੇ ਵੇਚ ਸਕੇ। ਜਦੋਂ ਯਾਤਰਾ 'ਤੇ ਗਈ ਕਮਲਾਵੇਨੀ ਨੂੰ ਵਿਸਲਾਚੀ ਦੀਆਂ ਇਨ੍ਹਾਂ ਸੁਤੰਤਰ ਕੋਸ਼ਿਸ਼ਾਂ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਵਿਸਲਾਚੀ ਨੂੰ ਨੌਕਰੀ ਤੋਂ ਕੱਢ ਦਿੱਤਾ, ਜਿਸ ਨੌਕਰੀ ਨੂੰ ਉਨ੍ਹਾਂ ਨੇ ਆਪਣੇ ਜੀਵਨ ਦੇ 12 ਸਾਲ ਦਿੱਤੇ ਸਨ।
ਹੁਣ ਉਹ ਆਪਣੀਆਂ ਧੀਆਂ ਦੇ ਸਕੂਲ ਦੀ ਸਲਾਨਾ ਫ਼ੀਸ (6,000 ਰੁਪਏ) ਭਰਨ ਦੇ ਸਮਰੱਥ ਨਾ ਰਹੀ। ਪਰਿਵਾਰ ਬਿਪਤਾਵਾਂ ਨਾਲ਼ ਘਿਰ ਗਿਆ।
ਇਸ ਘਟਨਾ ਤੋਂ ਮਹੀਨੇ ਕੁ ਬਾਅਦ ਉਨ੍ਹਾਂ ਦੀ ਮੁਲਾਕਤ ਕੁੱਪਾਮਨੀਕਮ ਨਾਲ਼ ਹੁੰਦੀ ਹੈ ਜੋ ਮੱਛੀ ਕਾਰੋਬਾਰੀ ਹਨ। ਉਨ੍ਹਾਂ ਨੇ ਮੱਛੀਆਂ ਦੀ ਭਰੀ ਟੋਕਰੀ ਵਿਸਲਾਚੀ ਨੂੰ ਫੜ੍ਹਾਉਂਦਿਆਂ ਕਿਹਾ ਕਿ ਉਹ ਬੰਦਰਗਾਹ ਵਾਪਸ ਮੁੜ ਆਵੇ। ਇੰਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਹੀ ਸ਼ੈੱਡ ਵਿੱਚੋਂ ਵਿਸਲਾਚੀ ਨੂੰ ਥੋੜ੍ਹੀ ਜਿਹੀ ਥਾਂ ਮੱਛੀਆਂ ਸੁਕਾਉਣ ਲਈ ਦੇ ਦਿੱਤੀ। ਪਰ ਉੱਥੋਂ ਵੀ ਕੋਈ ਬਹੁਤੀ ਕਮਾਈ ਨਾ ਹੋਈ।
ਅਖ਼ੀਰ 2010 ਵਿੱਚ ਵਿਸਲਾਚੀ ਨੇ ਇਸ ਕਾਰੋਬਾਰ ਵਿੱਚ ਛਾਲ਼ ਮਾਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਹਫ਼ਤੇ ਕੁ ਲਈ ਮੁਕਾਮੀ ਬੇੜੀ ਮਾਲਕ ਕੋਲ਼ੋਂ ਹਰ ਰੋਜ਼ 2000 ਦੀ ਮੱਛੀ 'ਉਧਾਰ' ਚੁੱਕਣੀ ਸ਼ੁਰੂ ਕੀਤੀ। ਉਨ੍ਹੀਂ ਦਿਨੀਂ ਵਿਸਲਾਚੀ ਦਾ ਜੀਵਨ ਹੋਰ ਕਰੜਾ ਹੋ ਗਿਆ- ਹੁਣ ਉਨ੍ਹਾਂ ਨੂੰ ਸਵੇਰੇ 3 ਵਜੇ ਬੰਦਰਗਾਹ ਪੁੱਜਣਾ ਪੈਂਦਾ, ਮੱਛੀ ਖਰੀਦਣ, ਸੁਕਾਉਣ ਤੇ ਵੇਚਣ ਦਾ ਕੰਮ ਪੂਰਾ ਕਰਦੇ-ਕਰਦੇ ਰਾਤੀਂ 8 ਵਜੇ ਘਰ ਮੁੜਨਾ ਪੈਂਦਾ। ਉਨ੍ਹਾਂ ਨੇ ਸੈਲਫ਼-ਹੈਲਪ-ਗਰੁੱਪ ਵੱਲੋਂ 40 ਫ਼ੀਸਦ ਸਲਾਨਾ ਵਿਆਜ ਦਰ ਦੇ ਹਿਸਾਬ ਨਾਲ਼ 30,000 ਰੁਪਏ ਉਧਾਰ ਚੁੱਕੇ। ਇਹ ਪੈਸੇ ਉਹ ਦੋ ਸਾਲਾਂ ਵਿੱਚ ਮੋੜ ਪਾਈ। ਭਾਵੇਂ ਕਿ ਸੈਲਫ਼-ਹੈਲਪ-ਗਰੁੱਪ ਦੀ ਵਿਆਜ ਦਰ ਜ਼ਿਆਦਾ ਸੀ ਪਰ ਫਿਰ ਵੀ ਨਿੱਜੀ ਸ਼ਾਹੂਕਾਰਾਂ ਮੁਕਾਬਲੇ ਤਾਂ ਘੱਟ ਹੀ ਸੀ।
ਕੁੱਪਾਮਨੀਕਮ ਨਾਲ਼ ਵੀ ਮਤਭੇਦ ਖੜ੍ਹੇ ਹੋ ਗਏ, ਜਿਨ੍ਹਾਂ ਵੱਲੋਂ ਦਿੱਤੀ ਥਾਂ 'ਤੇ ਉਹ ਮੱਛੀਆਂ ਸੁਕਾਉਂਦੀ ਸਨ। ''ਪੈਸਿਆਂ ਨੂੰ ਲੈ ਕੇ ਟਕਰਾਅ ਹੋਇਆ ਸੀ। ਉਹ ਆਪਣੇ ਵੱਲੋਂ ਕੀਤੀ ਮੇਰੀ ਮਦਦ ਨੂੰ ਸਦਾ ਚਿਤਾਰਦਾ ਰਹਿੰਦਾ ਸੀ,'' ਉਹ ਦੱਸਦੀ ਹਨ। ਵਿਸਲਾਚੀ ਨੇ ਮੱਛੀਆਂ ਸੁਕਾਉਣ ਵਾਸਤੇ 1,000 ਰੁਪਏ ਮਹੀਨੇ 'ਤੇ ਕਿਰਾਏ ਦਾ ਆਪਣਾ ਸ਼ੈੱਡ ਲੈਣ ਦਾ ਫ਼ੈਸਲਾ ਕੀਤਾ।
ਆਪਣੇ ਪੈਰੀਂ ਕੰਮ ਸ਼ੁਰੂ ਕਰਦਿਆਂ, ਵਿਸਲਾਚੀ ਨੂੰ ਕਈ ਤਰ੍ਹਾਂ ਦੀ ਗਾਲ਼ੀ-ਗਲੋਚ ਦਾ ਸਾਹਮਣਾ ਕਰਨਾ ਪਿਆ। ਕੁਡਲੌਰ ਵਿਖੇ, ਪੱਟਨਵਾਰ ਤੇ ਪਰਵਤਾਰਾਜਕੁਲਮ ਭਾਈਚਾਰੇ , ਜੋ ਸਭ ਤੋਂ ਪੱਛੜੇ ਵਰਗਾਂ ਨਾਲ਼ ਸਬੰਧਤ ਹਨ, ਮੱਛੀ ਕਾਰੋਬਾਰੀ 'ਤੇ ਹੈਜ਼ਮਨੀ ਰੱਖਦੇ ਹੈ, ਜਦੋਂਕਿ ਵਿਸਲਾਚੀ ਦਲਿਤ ਭਾਈਚਾਰੇ ਤੋਂ ਆਉਂਦੀ ਹਨ। ''ਇਨ੍ਹਾਂ ਮਛੇਰੇ ਭਾਈਚਾਰਿਆਂ ਨੂੰ ਇਓਂ ਲੱਗਦਾ ਜਿਵੇਂ ਉਹ ਬੰਦਰਗਾਹ 'ਤੇ ਕੰਮ ਕਰਨ ਦੇਣ ਤੇ ਆਪਣਾ ਕਾਰੋਬਾਰ ਤੋਰਨ ਲਈ ਮੇਰੇ 'ਤੇ ਕੋਈ ਅਹਿਸਾਨ ਕਰ ਰਹੇ ਸਨ। ਉਹ ਐਵੇਂ ਅਵਾ-ਤਵਾ ਬੋਲਦੇ ਰਹਿੰਦੇ ਤੇ ਮੈਨੂੰ ਬੜੀ ਤਕਲੀਫ਼ ਹੋਇਆ ਕਰਦੀ,'' ਵਿਸਲਾਚੀ ਹਿਰਖੇ ਮਨ ਨਾਲ਼ ਕਹਿੰਦੀ ਹਨ।
ਭਾਵੇਂਕਿ ਵਿਸਲਾਚੀ ਨੇ ਇਕੱਲਿਆਂ ਮੱਛੀ ਸੁਕਾਉਣੀ ਸ਼ੁਰੂ ਕੀਤੀ ਪਰ ਉਨ੍ਹਾਂ ਦੇ ਪਤੀ ਨੇ ਮਦਦ ਦੇਣੀ ਸ਼ੁਰੂ ਕਰ ਦਿੱਤੀ। ਜਿਓਂ ਹੀ ਕਾਰੋਬਾਰ ਰਫ਼ਤਾਰ ਫੜ੍ਹਨ ਲੱਗਿਆ, ਵਿਸਲਾਚੀ ਨੇ ਦੋ ਮਜ਼ਦੂਰ ਔਰਤਾਂ ਕੰਮ 'ਤੇ ਰੱਖ ਲਈਆਂ ਤੇ ਉਨ੍ਹਾਂ ਨੂੰ ਦੁਪਿਹਰ ਦੇ ਖਾਣੇ ਤੇ ਚਾਹ ਤੋਂ ਇਲਾਵਾ 300 ਰੁਪਏ ਦਿਹਾੜੀ ਦਿੰਦੀ। ਮੱਛੀਆਂ ਦੀ ਪੈਕਿੰਗ ਕਰਨ ਤੇ ਮੱਛੀਆਂ ਨੂੰ ਖਿਲਾਰ ਕੇ ਸੁੱਕਣੇ ਪਾਉਣ ਦੀ ਜ਼ਿੰਮੇਦਾਰੀ ਇਨ੍ਹਾਂ ਮਜ਼ਦੂਰ ਔਰਤਾਂ ਦੀ ਸੀ। ਵਿਸਲਾਚੀ ਨੇ ਮੱਛੀਆਂ ਨੂੰ ਲੂਣ ਲਾਉਣ ਤੇ ਹੋਰ ਨਿੱਕੇ-ਮੋਟੇ ਕੰਮ ਕਰਨ ਬਦਲੇ 300 ਦਿਹਾੜੀ 'ਤੇ ਇੱਕ ਲੜਕਾ ਵੀ ਰੱਖ ਲਿਆ।
ਰਿੰਗ ਸੀਨ ਮਛੇਰਿਆਂ ਵੱਲੋਂ ਵੱਡੀ ਤਦਾਦ ਵਿੱਚ ਮੱਛੀਆਂ ਉਪਲਬਧ ਕਰਾਉਣ ਕਾਰਨ, ਵਿਸਲਾਚੀ ਹਫ਼ਤੇ ਦੇ 8,000-10,000 ਰੁਪਏ ਕਮਾਉਣ ਲੱਗੀ।
ਇੰਝ ਉਹ ਆਪਣੀ ਛੋਟੀ ਬੇਟੀ ਸੌਮਯਾ ਨੂੰ ਨਰਸਿੰਗ ਕੋਰਸ ਵਿੱਚ ਦਾਖ਼ਲ ਕਰਾਉਣ ਯੋਗ ਹੋ ਗਈ ਤੇ ਵੱਡੀ ਧੀ ਸ਼ਾਲਿਨੀ ਨੇ ਕੈਮਸਟਰੀ ਵਿੱਚ ਗ੍ਰੇਜੂਏਸ਼ਨ ਕਰ ਲਈ। ਵਿਸਲਾਚੀ ਦੀ ਕਮਾਈ ਕਾਰਨ ਦੋਵਾਂ ਦੇ ਵਿਆਹਾਂ ਵਿੱਚ ਵੱਡੀ ਮਦਦ ਮਿਲ਼ੀ।
*****
ਹੋ ਸਕਦਾ ਹੈ ਰਿੰਗ ਸੀਨ ਰਾਹੀਂ ਫੜ੍ਹੀਆਂ ਗਈਆਂ ਮੱਛੀਆਂ ਨਾਲ਼ ਵਿਸਲਾਚੀ ਤੇ ਹੋਰਨਾਂ ਨੂੰ ਲਾਭ ਮਿਲ਼ਿਆ ਹੋਵੇ, ਪਰ ਵਾਤਾਵਰਣ ਵਿਗਿਆਨੀਆਂ ਤੇ ਵਿਗਿਆਨੀਆਂ ਨੇ ਮੱਛੀਆਂ ਦੀ ਘੱਟਦੀ ਅਬਾਦੀ ਮਗਰ ਮੱਛੀਆਂ ਫੜ੍ਹਨ ਦੇ ਇਸੇ ਤਰੀਕੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੰਨਾ ਹੀ ਨਹੀਂ ਮੱਛੀਆਂ ਫੜ੍ਹਨ ਦੇ ਇਸ ਅਭਿਆਸ 'ਤੇ ਪਾਬੰਦੀ ਲਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾਂਦਾ ਰਿਹਾ ਹੈ। ਹਾਲਾਂਕਿ ਪਰਸ ਸੀਨ ਜਾਲ਼ ਦੀ ਵਰਤੋਂ, ਜਿਸ ਵਿੱਚ ਰਿੰਗ ਸੀਨ ਦੀ ਸ਼ਾਮਲ ਰਹੀ ਹੈ, 2000 ਤੋਂ ਹੀ ਗ਼ੈਰ-ਕਨੂੰਨੀ ਮੰਨੀ ਜਾਂਦੀ ਰਹੀ ਹੈ। ਪਰ ਇਸ ਸਭ ਦੇ ਬਾਵਜੂਦ 2020 ਦੇ ਤਮਿਲਨਾਡੂ ਸਰਕਾਰ ਵੱਲੋਂ ਜਾਰੀ ਹੁਕਮ ਤੱਕ ਇਹ ਕਨੂੰਨ ਕਦੇ ਵੀ ਸਖ਼ਤੀ ਨਾਲ਼ ਲਾਗੂ ਕੀਤਾ ਹੀ ਨਹੀਂ ਗਿਆ, ਜਿਸ ਹੁਕਮ ਵਿੱਚ ਮੱਛੀਆਂ ਫੜ੍ਹਨ ਲਈ ਵਰਤੋਂ ਵਿੱਚ ਲਿਆਂਦੇ ਜਾਣ ਵਾਲ਼ੇ ਵੱਡੇ ਜਾਲ਼ਾਂ 'ਤੇ ਪਾਬੰਦੀ ਲਾ ਦਿੱਤੀ ਗਈ।
ਵਿਸਲਾਚੀ ਪਾਬੰਦੀ ਕਾਰਨ ਨੁਕਸਾਨ ਝੱਲਦੇ ਮਛੇਰਿਆਂ ਬਾਰੇ ਕਹਿੰਦੀ ਹਨ,''ਸਾਡੀ ਕਮਾਈ ਚੰਗੀ ਸੀ ਤੇ ਹੁਣ ਅਸੀਂ ਜਿਊਂਦੇ ਰਹਿਣ ਲਈ ਦੋ ਡੰਗ ਭੋਜਨ ਜੁਟਾਉਣ ਲਈ ਵੀ ਸੰਘਰਸ਼ ਕਰ ਰਹੇ ਹਾਂ।'' ਹੁਣ ਉਹ ਰਿੰਗ ਸੀਨ ਕਿਸ਼ਤੀਆਂ ਦੇ ਮਾਲਕਾਂ ਕੋਲ਼ੋਂ ਮੱਛੀ ਨਹੀਂ ਖਰੀਦ ਪਾਉਂਦੀ, ਜੋ ਪਹਿਲਾਂ ਉਨ੍ਹਾਂ ਨੂੰ ਨੁਕਸਾਨੀ ਗਈ ਮੱਛੀ ਜਾਂ ਫਿਰ ਬਚੀ-ਖੁਚੀ ਮੱਛੀ ਵੇਚ ਦਿਆ ਕਰਦੇ ਸਨ।
ਅਜਿਹੇ ਹਾਲਾਤਾਂ ਵਿੱਚ ਵਿਸਲਾਚੀ ਨੂੰ ਵੱਧ ਭਾਅ 'ਤੇ ਜਾਲ਼ਦਾਰ ਜਹਾਜ਼ ਤੋਂ ਹੀ ਮੱਛੀ ਖ਼ਰੀਦਣੀ ਪੈ ਰਹੀ ਹੈ। ਅਪ੍ਰੈਲ ਤੋਂ ਜੂਨ ਤੱਕ ਮੱਛੀਆਂ ਦੇ ਬਰੀਡਿੰਗ ਸੀਜ਼ਨ ਵੇਲ਼ੇ ਇਹ ਜ਼ਹਾਜ ਵੀ ਜਦੋਂ ਚੱਲ਼ਣੇ ਬੰਦ ਹੋ ਜਾਂਦੇ ਹਨ ਤਾਂ ਵਿਸਲਾਚੀ ਨੂੰ ਹੋਰ ਵੱਧ ਪੈਸੇ ਖਰਚ ਕੇ ਫਾਈਬਰ ਬੇੜੀਆਂ ਤੋਂ ਹੀ ਮੱਛੀਆਂ ਖਰੀਦਣੀਆਂ ਪੈਂਦੀਆਂ ਹਨ।
ਚੰਗੇ ਸੀਜ਼ਨ ਵਿੱਚ ਜਦੋਂ ਕਾਫ਼ੀ ਮੱਛੀ ਉਪਲਬਧ ਹੁੰਦੀ ਤਾਂ ਉਹ ਹਫ਼ਤੇ ਦੇ 4,000-5,000 ਰੁਪਏ ਤੱਕ ਕਮਾ ਲੈਂਦੀ। ਉਹ ਸਸਤੀਆਂ ਮਿਲ਼ਣ ਵਾਲ਼ੀਆਂ ਮੱਛੀਆਂ ਜਿਵੇਂ ਸਿਲਵਰ ਬੇਲੀ ਤੇ ਟ੍ਰੇਵਲੀ ਮੱਛੀ ਨੂੰ ਸੁਕਾਉਂਦੀ ਹਨ। ਜਿੱਥੇ ਸੁੱਕੀ ਸਿਲਵਰ ਬੇਲੀ 150-200 ਰੁਪਏ ਕਿਲੋ ਦੇ ਹਿਸਾਬ ਨਾਲ਼ ਵਿਕਦੀ ਉੱਥੇ ਹੀ ਟ੍ਰੇਵਲੀ ਮੱਛੀ 200-300 ਰੁਪਏ ਪ੍ਰਤੀ ਕਿਲੋ ਵਿਕ ਜਾਂਦੀ ਹੈ। ਵਿਸਲਾਚੀ ਨੂੰ ਇੱਕ ਕਿਲੋ ਸੁੱਕੀ ਮੱਛੀ ਤਿਆਰ ਕਰਨ ਵਾਸਤੇ 3-4 ਕਿਲੋ ਤਾਜ਼ੀ ਮੱਛੀ ਦੀ ਲੋੜ ਰਹਿੰਦੀ ਹੈ। ਸਿਲਵਰ ਬੇਲੀ ਤੇ ਟ੍ਰੇਵਲੀ ਤਾਜ਼ੀ ਮੱਛੀ ਦੀ ਕੀਮਤ 30 ਰੁਪਏ ਤੋਂ 70 ਰੁਪਏ ਦੇ ਆਸਪਾਸ ਰਹਿੰਦੀ ਹੈ।
''ਅਸੀਂ ਇਹਨੂੰ 120 ਰੁਪਏ ਵਿੱਚ ਖਰੀਦ ਕੇ 150 ਰੁਪਏ ਵਿੱਚ ਵੇਚ ਸਕਦੇ ਹਾਂ, ਪਰ ਕੀਮਤ ਵੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਮੱਛੀ ਮੰਡੀ ਵਿੱਚ ਸੁੱਕੀ ਮੱਛੀ ਕਿੰਨੀ ਕੁ ਮਾਤਰਾ ਵਿੱਚ ਆਉਂਦੀ ਹੈ। ਕਦੇ-ਕਦਾਈਂ ਅਸੀਂ ਲਾਭ ਕਮਾਉਂਦੇ ਹਾਂ ਤੇ ਕਦੇ ਸਾਡਾ ਨੁਕਸਾਨ ਵੀ ਹੋ ਜਾਂਦਾ ਹੈ,'' ਆਪਣੀ ਹਾਲਤ ਬਾਰੇ ਸਮਝਾਉਂਦਿਆਂ ਉਹ ਕਹਿੰਦੀ ਹਨ।
ਹਫ਼ਤੇ ਵਿੱਚ ਇੱਕ ਵਾਰੀਂ, ਉਹ ਸੁੱਕੀਆਂ ਮੱਛੀਆਂ ਨੂੰ ਦੋ ਮੰਡੀਆਂ ਵਿੱਚ ਪਹੁੰਚਾਉਣ ਵਾਸਤੇ ਕਿਰਾਏ 'ਤੇ ਗੱਡੀ ਕਰਦੀ ਹਨ। ਦੋਵਾਂ ਮੰਡੀਆਂ ਵਿੱਚੋਂ ਇੱਕ ਕੁਡਲੌਰ ਵਿਖੇ ਹੈ ਤੇ ਦੂਜੀ ਗੁਆਂਢੀ ਜ਼ਿਲ੍ਹੇ ਨਾਗਪੱਟੀਨਮ ਵਿਖੇ। ਕਰੀਬ 30 ਕਿਲੋ ਵਜ਼ਨ ਵਾਲ਼ੇ ਹਰੇਕ ਡੱਬੇ ਦੀ ਢੋਆ-ਢੁਆਈ ਲਈ ਉਨ੍ਹਾਂ ਨੂੰ 20 ਰੁਪਏ ਖਰਚਣੇ ਪੈਂਦੇ ਹਨ। ਉਹ ਹਰ ਮਹੀਨੇ ਮੱਛੀਆਂ ਦੇ 20 ਡੱਬੇ ਤਿਆਰ ਕਰਨ ਦੀ ਕੋਸ਼ਿਸ਼ ਕਰਦੀ ਹਨ।
ਜਿੱਥੇ, ਰਿੰਗ ਸੀਨ ਤਰੀਕਿਆਂ 'ਤੇ ਲੱਗੀ ਪਾਬੰਦੀ ਕਾਰਨ ਮੱਛੀ ਦੀਆਂ ਕੀਮਤਾਂ ਵਿੱਚ ਵਾਧਾ ਤਾਂ ਹੋਇਆ, ਉੱਥੇ ਹੀ ਮੱਛੀਆਂ ਨੂੰ ਲੂਣ ਲਾਉਣ, ਪੈਕਿੰਗ ਕਰਨ ਤੇ ਢੋਆ-ਢੁਆਈ ਵੀ ਮਹਿੰਗੀ ਹੋ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਮਜ਼ਦੂਰਾਂ ਦੀ ਦਿਹਾੜੀ ਵੀ 300 ਰੁਪਏ ਤੋਂ ਵੱਧ ਕੇ 350 ਰੁਪਏ ਹੋ ਗਈ ਹੈ।
ਹਾਲਾਂਕਿ, ਮੰਡੀ ਵਿੱਚ ਸੁੱਕੀ ਮੱਛੀ ਦਾ ਭਾਅ ਨਹੀਂ ਵਧਿਆ, ਜਿਸ ਕਾਰਨ ਅਪ੍ਰੈਲ ਮਹੀਨੇ ਵਿਸਲਾਚੀ ਨੂੰ 80,000 ਉਧਾਰ ਚੁੱਕਣਾ ਪਿਆ। ਪੂਰੀ ਉਧਾਰ ਰਾਸ਼ੀ ਵਿੱਚੋਂ 60,000 ਰੁਪਏ ਉਸ ਬੇੜੀ ਮਾਲਕ ਨੂੰ ਦਿੱਤੇ ਜਾਣੇ ਹਨ ਜਿਸ ਤੋਂ ਉਹ ਤਾਜ਼ੀ ਮੱਛੀ ਖਰੀਦਦੀ ਰਹੀ ਹਨ ਤੇ ਬਾਕੀ ਸੈਲਫ਼-ਹੈਲਪ-ਗਰੁੱਪ ਨੂੰ ਦੇਣੇ ਹਨ।
ਅਗਸਤ 2022 ਵਿੱਚ, ਵਿਸਲਾਚੀ ਨੂੰ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਪਈ। ''ਹੁਣ ਮੈਂ ਮੱਛੀਆਂ ਨੂੰ ਲੂਣ ਵੀ ਖ਼ੁਦ ਹੀ ਲਾਉਂਦੀ ਹਾਂ। ਮੈਂ ਤੇ ਮੇਰੇ ਪਤੀ ਰਲ਼ ਕੇ ਇਸ ਕਾਰੋਬਾਰ ਨੂੰ ਅੱਗੇ ਤੋਰ ਰਹੇ ਹਾਂ। ਸਾਨੂੰ ਅਰਾਮ ਕਰਨ ਲਈ ਦਿਨ ਵਿੱਚ ਸਿਰਫ਼ 4 ਘੰਟੇ ਹੀ ਮਿਲ਼ਦੇ ਹਨ,'' ਉਹ ਕਹਿੰਦੀ ਹਨ।
ਵਿਸਲਾਚੀ ਨੂੰ ਸਿਰਫ਼ ਇਸ ਗੱਲੋਂ ਧਰਵਾਸ ਹੈ ਕਿ ਉਹ ਆਪਣੀਆਂ ਧੀਆਂ- 26 ਸਾਲਾ ਸ਼ਾਲਿਨੀ ਤੇ 23 ਸਾਲਾ ਸੌਮਯਾ ਨੂੰ ਪੜ੍ਹਾ ਸਕੀ ਤੇ ਉਨ੍ਹਾਂ ਦੇ ਵਿਆਹ ਵੀ ਕਰ ਸਕੀ। ਪਰ ਹਾਲ ਦੇ ਸਮੇਂ ਕਾਰੋਬਾਰ ਵਿੱਚ ਆਈ ਮੰਦੀ ਉਨ੍ਹਾਂ ਦੀ ਚਿੰਤਾ ਨੂੰ ਵਧਾਉਂਦੀ ਜ਼ਰੂਰ ਰਹਿੰਦੀ ਹੈ।
''ਹੁਣ ਮੰਦੀ ਦਾ ਦੌਰ ਹੈ ਤੇ ਮੈਂ ਡੂੰਘੇ ਕਰਜ਼ੇ ਹੇਠ ਦੱਬੀ ਹਾਂ,'' ਉਹ ਕਹਿੰਦੀ ਹਨ।
ਜਨਵਰੀ 2023 ਵਿੱਚ, ਸੁਪਰੀਮ ਕੋਰਟ ਨੇ ਕੁਝ ਕੁ ਸ਼ਰਤਾਂ ਅਧੀਨ ਸੀਮਤ ਰਿੰਗ ਸੀਨ ਫ਼ਿਸ਼ਿੰਗ ਦੀ ਇਜਾਜ਼ਤ ਦੇ ਕੇ ਅਸਥਾਈ ਰਾਹਤ ਦਿੱਤੀ ਹੈ। ਫਿਰ ਵੀ ਵਿਸਲਾਚੀ ਨੂੰ ਤੌਖ਼ਲਾ ਹੈ ਕਿ ਇਸ ਬਹਾਲੀ ਨਾਲ਼ ਕੀ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਹੋ ਪਾਵੇਗੀ ਕਿ ਨਹੀਂ।
ਵੀਡਿਓ ਦੇਖੋ: ਕੁਡਲੌਰ ਬੰਦਰਗਾਹ ਵਿਖੇ ਮੱਛੀਆਂ ਦੇ ਵੱਖੋ-ਵੱਖ ਕੰਮ ਕਰਦੀਆਂ ਔਰਤਾਂ
ਯੂ. ਦਿਵਿਯਾਉਤੀਰਨ ਦੇ ਸਹਿਯੋਗ ਨਾਲ਼
ਤਰਜਮਾ: ਕਮਲਜੀਤ ਕੌਰ