ਭਗੌਲੀ ਸਾਹੂ ਹਰ ਰੋਜ਼ ਪੈਦਲ ਤੁਰਦਿਆਂ ਸ਼ੰਕਰਦਾਹ ਪਿੰਡ ਤੋਂ ਧਮਤਰੀ ਸ਼ਹਿਰ ਤੱਕ ਜਾਂਦੇ ਹਨ ਉਨ੍ਹਾਂ ਨੇ ਸੀਜ਼ਨ ਦੇ ਹਿਸਾਬ ਨਾਲ਼ ਕਦੇ ਪਰਾਲ਼ੀ ਅਤੇ ਕਦੇ ਘਾਹ ਦੀਆਂ ਦੋ ਪੰਡਾਂ ਚੁੱਕੀਆਂ ਹੁੰਦੀਆਂ ਹਨ। ਇਹ ਪਰਾਲ਼ੀ ਜਾਂ ਘਾਹ ਨੂੰ ਕੰਵਰ ਨਾਮਕ ਨਾੜ ਨਾਲ਼ ਬੰਨ੍ਹਦੇ ਹਨ, ਜਿਨ੍ਹਾਂ ਪੰਡਾਂ ਨੂੰ ਉਹ ਆਪਣੇ ਮੋਢਿਆਂ ‘ਤੇ ਟਿਕਾਉਂਦੇ ਹਨ। ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਤੋਂ ਕਰੀਬ 70 ਕਿਲੋਮੀਟਰ ਦੂਰ ਸਥਿਤ ਧਮਤਰੀ ਵਿਖੇ, ਭਗੌਲੀ ਇਨ੍ਹਾਂ ਪੰਡਾਂ ਨੂੰ ਡੰਗਰ ਪਾਲਕਾਂ ਕੋਲ਼ ਵੇਚਦੇ ਹਨ ਜੋ ਇਸ ਘਾਹ ਜਾਂ ਪਰਾਲ਼ੀ ਨੂੰ ਡੰਗਰਾਂ ਲਈ ਚਾਰੇ ਦੇ ਰੂਪ ਵਿੱਚ ਵਰਤਦੇ ਹਨ।

ਉਹ ਕਈ ਸਾਲਾਂ ਤੋਂ ਧਮਤਰੀ ਦਾ ਗੇੜਾ ਲਾਉਂਦੇ ਰਹੇ ਹਨ- ਸਾਰੇ ਸੀਜ਼ਨ ਵਿੱਚ ਉਹ ਹਫ਼ਤੇ ਦੇ ਚਾਰ ਦਿਨ ਕਦੇ ਕਦੇ 6 ਦਿਨ ਸਵੇਰੇ ਸਵੇਰੇ ਆਪਣੀ ਮੰਜ਼ਲ ਵੱਲ ਚਾਲ਼ੇ ਪਾ ਲੈਂਦੇ ਹਨ- ਕਦੇ ਕਦੇ ਸਾਈਕਲ ‘ਤੇ ਸਵਾਰ ਹੋ ਸਕੂਲ ਜਾਂਦੇ ਬੱਚਿਆਂ ਨਾਲ਼, ਦਿਹਾੜੀ ਲਾਉਣ ਜਾਂਦੇ ਮਜ਼ਦੂਰਾਂ ਜਾਂ ਕਾਰੀਗਰਾਂ ਦੇ ਨਾਲ਼ ਸ਼ਹਿਰ ਹੋ ਤੁਰਦੇ ਹਨ।

ਭਗੌਲੀ ਆਪਣੀ ਉਮਰ ਦੇ 70ਵਿਆਂ ਵਿੱਚ ਹਨ। ਧਮਤਰੀ ਪੁੱਜਣ ਵਿੱਚ ਉਨ੍ਹਾਂ ਨੂੰ ਕਰੀਬ ਇੱਕ ਘੰਟੇ ਦਾ ਸਮਾਂ ਲੱਗਦਾ ਹੈ ਜੋ ਕਰੀਬ 4.5 ਕਿਲੋਮੀਟਰ ਦੂਰ ਹੈ। ਕਿਸੇ-ਕਿਸੇ ਦਿਨ ਉਹ ਇਹੀ ਯਾਤਰਾ ਦੋ ਵਾਰੀ ਕਰਦੇ ਹਨ- ਦੋ ਗੇੜੇ ਮਤਲਬ 18 ਕਿਲੋਮੀਟਰ। ਅਜੇ ਤਾਂ ਇਸ ਸਭ ਵਿੱਚ ਕਿਸਾਨਾਂ ਪਾਸੋਂ ਪਰਾਲ਼ੀ ਖਰੀਦਣ ਜਾਂ ਨਹਿਰ ਕੰਢੇ, ਝੋਨੇ ਦੇ ਖੇਤਾਂ ਜਾਂ ਸੜਕ ਕੰਢੇ ਉੱਗੇ ਜੰਗਲੀ ਘਾਹ ਨੂੰ ਕੱਟਣ ਦਾ ਸਮਾਂ ਸ਼ਾਮਲ ਨਹੀਂ ਹੈ।

PHOTO • Purusottam Thakur
 Dhaniram cycles
PHOTO • Purusottam Thakur

ਭਗੌਲੀ ਕਹਿੰਦੇ ਹਨ : ‘ ਅਸੀਂ ਬੜੇ ਗ਼ਰੀਬ ਲੋਕ ਹਾਂ ਅਤੇ ਇੰਝ ਡੰਗ ਟਪਾਉਣ ਲਈ ਥੋੜ੍ਹਾ ਬਹੁਤ ਕਮਾ ਲੈਂਦੇ ਹਾਂ। ਸੱਜੇ : ਉਨ੍ਹਾਂ ਦਾ ਬੇਟਾ ਧਨੀਰਾਮ ਦਿਹਾੜੀ ਧੱਪੇ ਵਾਸਤੇ  ਸਾਈਕਲ ਤੇ ਧਮਤਰੀ ਦੇ ਲੇਬਰ ਨਾਕੇ ਜਾਂਦਾ ਹੈ

ਮੈਂ ਉਨ੍ਹਾਂ ਨੂੰ ਸਾਲਾਂਬੱਧੀ ਇਸੇ ਸੜਕ ‘ਤੇ ਇੰਝ ਹੀ ਆਉਂਦੇ ਜਾਂਦੇ ਦੇਖਿਆ ਹੈ। ਮੈਂ ਸੋਚਿਆ ਕਰਦਾ ਕਿ ਇਸ ਉਮਰੇ ਇੰਨੀ ਮਿਹਨਤ ਵਾਲ਼ਾ ਕੰਮ ਕਿਉਂ ਕਰ ਰਹੇ ਹਨ? “ਅਸੀਂ ਬੜੇ ਗ਼ਰੀਬ ਲੋਕ ਹਾਂ ਅਤੇ ਇੰਝ ਡੰਗ ਟਪਾਉਣ ਲਈ ਥੋੜ੍ਹਾ-ਬਹੁਤ ਕੰਮ ਕਰ ਲੈਂਦੇ ਹਾਂ। ਧਮਤਰੀ ਤੋਂ ਪਰਤਦੇ ਸਮੇਂ, ਮੈਂ ਬਜ਼ਾਰੋਂ ਘਰ ਵਾਸਤੇ ਕੁਝ ਸਬਜ਼ੀਆਂ ਖ਼ਰੀਦ ਲੈਂਦਾ ਹਾਂ।” ਅਸੀਂ ਥੋੜ੍ਹੀ ਦੇਰ ਇਕੱਠੇ ਤੁਰਦੇ ਹਾਂ ਅਤੇ ਮੈਂ ਉਨ੍ਹਾਂ ਦੇ ਘਰ ਤੱਕ ਨਾਲ਼ ਤੁਰਦਾ ਹਾਂ। ਰਸਤੇ ਵਿੱਚ ਉਹ ਕਹਿੰਦੇ ਹਨ,“ਮੈਂ ਕਿਸਾਨਾਂ ਕੋਲ਼ੋਂ 40-60 ਰੁਪਏ ਵਿੱਚ ਪਰਾਲ਼ੀ ਖਰੀਦਦਾ ਹਾਂ ਅਤੇ ਇਹਨੂੰ ਫਿਰ ਧਮਤਰੀ ਜਾ ਕੇ ਵੇਚਦਾ ਹਾਂ।” ਦਿਨ ਦੇ ਮੁੱਕਣ ਦੇ ਨਾਲ਼ ਨਾਲ਼ ਭਗੌਲੀ 80 ਤੋਂ 120 ਰੁਪਏ ਦਿਹਾੜੀ ਕਮਾਉਂਦੇ ਹਨ।

ਮੈਂ ਪੁੱਛਿਆ ਹਾਂ ਕਿ ਤੁਹਾਨੂੰ ਬੁਢਾਪਾ ਪੈਨਸ਼ਨ ਮਿਲ਼ਦੀ ਹੈ। “ਹਾਂ, ਮੇਰੀ ਪਤਨੀ ਅਤੇ ਮੈਨੂੰ ਦੋਵਾਂ ਨੂੰ ਹਰ ਮਹੀਨੇ 350 ਰੁਪਏ ਬੁਢਾਪਾ ਪੈਨਸ਼ਨ ਮਿਲ਼ਦੀ ਹੈ। ਪਰ ਇਹ ਵੀ ਨਿਯਮਿਤ ਰੂਪ ਵਿੱਚ ਨਹੀਂ ਮਿਲ਼ਦੀ। ਕਦੇ-ਕਦੇ ਪੈਨਸ਼ਨ 2 ਤੋਂ 4 ਮਹੀਨਿਆਂ ਦੀ ਦੇਰੀ ਨਾਲ਼ ਮਿਲ਼ਦੀ ਹੈ।” ਇਹ ਪੈਸੇ ਵੀ ਸਿਰਫ਼ ਪਿਛਲੇ ਚਾਰ ਸਾਲਾਂ ਤੋਂ ਹੀ ਮਿਲ਼ ਰਹੇ ਹਨ।

PHOTO • Purusottam Thakur
 Bhagauli walks to sell the fodder in town
PHOTO • Purusottam Thakur

ਖੱਬੇ : ਗਾਰੇ ਅਤੇ ਇੱਟਾਂ ਸਹਾਰੇ, ਭਗੌਲੀ ਨੇ ਸ਼ੰਕਰਦਾਹ ਸਥਿਤ ਆਪਣੇ ਪਿਤਾ ਦੇ  ਘਰ ਦੀ ਮੁਰੰਮਤ ਕੀਤੀ। ਸੱਜੇ : ਚਾਰਾ ਵੇਚਣ ਵਾਸਤੇ ਉਹ ਸਾਲਾਂ ਤੋਂ ਧਮਤਰੀ ਦੇ ਰਾਹ ਤੇ ਚੱਪਲ ਘਸਾਉਂਦੇ ਰਹੇ ਹਨ

ਜਦੋਂ ਅਸੀਂ ਭਗੌਲੀ ਦੇ ਘਰ ਪਹੁੰਚਦੇ ਹਾਂ ਤਾਂ ਉਨ੍ਹਾਂ ਦਾ ਬੇਟਾ ਧਨੀਰਾਮ ਆਪਣੇ ਸਾਈਕਲ ‘ਤੇ ਸਵਾਰ ਹੋ ਦਿਹਾੜੀ-ਧੱਪੇ ਵਾਸਤੇ ਜਾਣ ਵਾਲ਼ਾ ਹੁੰਦਾ ਹੈ। ਉਹ ਧਮਤਰੀ ਦੇ ਕੇਂਦਰ ਵਿਖੇ ਸਥਿਤ ‘ਕਲਾਕ ਸਰਕਲ’ ਜਾਵੇਗਾ, ਜਿੱਥੇ ਠੇਕੇਦਾਰ ਮਜ਼ਦੂਰਾਂ ਨੂੰ ਕੰਮ ਦੇਣ ਲਈ ਆਉਂਦੇ ਹਨ ਅਤੇ ਬਦਲੇ ਵਿੱਚ 250 ਰੁਪਿਆ ਦਿਹਾੜੀ ਦਿੰਦੇ ਹਨ। ਮੈਂ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੀ ਉਮਰ ਪੁੱਛੀ ਤਾਂ ਉਨ੍ਹਾਂ ਨੇ ਵੀ ਆਪਣੇ ਪਿਤਾ ਵਾਂਗਰ ਹੀ ਜਵਾਬ ਦਿੱਤਾ। “ਮੈਂ ਅਨਪੜ੍ਹ ਹਾਂ ਤੇ ਮੈਨੂੰ ਮੇਰੀ ਉਮਰ ਦਾ ਪਤਾ ਨਹੀਂ। ਬੱਸ ਅੰਦਾਜਾ ਹੀ ਲਾਈਦਾ ਹੈ।” ਉਹ ਕਿੰਨੇ ਦਿਨ ਦਿਹਾੜੀ ਲਾਉਂਦੇ ਹਨ? ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ,“ਜੇ ਮੇਰੀ ਹਫ਼ਤੇ ਦੇ 2-3 ਦਿਨ ਦਿਹਾੜੀ ਲੱਗ ਜਾਵੇ ਤਾਂ ਕਾਫ਼ੀ ਵਧੀਆ ਰਹਿੰਦਾ ਹੈ!” ਪਿਤਾ ਸ਼ਾਇਦ ਬੇਟੇ ਦੇ ਮੁਕਾਬਲੇ ਵਿੱਚ ਜ਼ਿਆਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਕੰਮ ਵੱਧ ਮਿਹਨਤ ਵਾਲ਼ਾ ਵੀ ਹੈ।

ਭਗੌਲੀ ਦੀ ਪਤਨੀ ਖੇਦਿਨ ਸਾਹੂ, ਘਰ ਦੇ ਕੰਮਾਂ ਵਿੱਚ ਰੁੱਝੀ ਹਨ ਅਤੇ ਧਨੀਰਾਮ ਦੇ ਦੋਵਾਂ ਬੇਟਿਆਂ ਨੂੰ ਸਕੂਲ ਲਈ ਤਿਆਰ ਕਰ ਰਹੀ ਹਨ, ਇੱਕ ਬੇਟਾ ਪਹਿਲੀ ਤੇ ਇੱਕ ਦੂਜੀ ਜਮਾਤ ਵਿੱਚ ਪੜ੍ਹਦਾ ਹੈ। ਮੈਂ ਭਗੌਲੀ ਤੋਂ ਪੁੱਛਦਾ ਹਾਂ ਕਿ ਕੀ ਉਨ੍ਹਾਂ ਦਾ ਘਰ ਜੱਦੀ (ਮਾਪਿਆਂ ਵੱਲੋਂ ਬਣਾਇਆ) ਹੈ ਜਾਂ ਉਨ੍ਹਾਂ ਖ਼ੁਦ  ਬਣਵਾਇਆ। “ਮੈਂ ਬਣਾਇਆ। ਸਾਡਾ ਪੁਰਾਣਾ ਘਰ ਪਿਤਾ ਨੇ ਬਣਾਇਆ ਸੀ ਜਿਹਦੀ ਚਿਣਾਈ ਗਾਰੇ ਦੀ ਸੀ।”  ਉਨ੍ਹਾਂ ਦੇ ਪਿਤਾ ਇੱਕ ਕਿਸਾਨ ਵਾਸਤੇ ਆਜੜੀ ਦਾ ਕੰਮ ਕਰਦੇ ਸਨ, ਭਗੌਲੀ ਚੇਤਾ ਕਰਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਦੀ ਧੀ ਵਿਆਹੁਤਾ ਹੈ ਅਤੇ ਆਪਣੇ ਸਹੁਰੇ ਪਰਿਵਾਰ ਨਾਲ਼ ਰਹਿੰਦੀ ਹੈ।

School girls riding their cycles in town
PHOTO • Purusottam Thakur
hawkers and labourers going to town
PHOTO • Purusottam Thakur
Labourers travelling to town for work
PHOTO • Purusottam Thakur

ਚੜ੍ਹਦੇ ਦਿਨ ਦੇ ਨਾਲ਼ ਹੀ ਸ਼ੰਕਰਦਾਹ-ਧਮਤਰੀ ਸੜਕ ਫੇਰੀਵਾਲ਼ਿਆਂ ਅਤੇ ਮਜ਼ਦੂਰਾਂ ਨਾਲ਼ ਭਰੀ ਹੋਈ ਹੈ, ਜੋ ਦਿਹਾੜੀ ਲਾਉਣ ਲਈ ਆਪੋ-ਆਪਣੇ ਕੰਮਾਂ ਵੱਲ ਜਾ ਰਹੇ ਹਨ

ਕੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਜ਼ਰੀਏ ਘਰ ਨਹੀਂ ਮਿਲ਼ ਸਕਦਾ? ਉਨ੍ਹਾਂ ਜਵਾਬ ਵਿੱਚ ਕਿਹਾ,“ਅਸੀਂ ਬਿਨੈ ਕੀਤਾ ਹੈ। ਅਸੀਂ ਤਾਂ ਕਈ ਵਾਰੀ ਪੰਚਾਇਤ ਵਿੱਚ ਜਾ ਕੇ ਸਰਪੰਚ ਅਤੇ ਹੋਰਨਾਂ ਮੈਂਬਰਾਂ ਕੋਲ਼ ਬੇਨਤੀ ਕੀਤੀ ਪਰ ਗੱਲ ਬਣੀ ਨਹੀਂ। ਇਸਲਈ, ਮੈਂ ਇਹ ਵਿਚਾਰ ਹੀ ਛੱਡ ਦਿੱਤਾ।”

ਹਾਲਾਂਕਿ, ਉਹ ਦੱਸਦੇ ਹਨ, ਬੜਾ ਅਕਾਲ (1965-66 ਦਾ ਵੱਡਾ ਸੋਕਾ) ਦੌਰਾਨ ਸਰਕਾਰ ਪਿੰਡਾਂ ਦੇ ਲੋਕਾਂ ਦੀ ਮਦਦ ਲਈ ਅੱਗੇ ਆਈ ਸੀ ਅਤੇ ਉਨ੍ਹਾਂ ਨੂੰ ਰਾਜ ਪਾਸੋਂ ਕਣਕ ਅਤੇ ਜਵਾਰ ਮਿਲ਼ਿਆ ਸੀ। ਭਗੌਲੀ ਕਹਿੰਦੇ ਹਨ, ਇਸ ਮਦਦ ਨੇ ਉਨ੍ਹਾਂ ਦੀ ਜਾਨ ਬਚਾ ਲਈ; ਜਿਵੇਂ ਕਿ ਸਾਵਾਨ (ਬਾਜਰਾ) ਅਤੇ ਮਛਰਿਆ ਭਾਜੀ (ਇੱਕ ਤਰ੍ਹਾਂ ਦੀ ਸਬਜ਼ੀ) ਨੇ ਵੀ ਉਨ੍ਹਾਂ ਦੀ ਜਾਨ ਬਚਾਈ, ਜੋ ਜੰਗਲੀ ਬੂਟੀਆਂ ਵਾਂਗਰ ਉੱਗਦੇ ਹਨ।

ਪਰਿਵਾਰ ਦੇ ਕੋਲ਼ ਕਦੇ ਕੋਈ ਜ਼ਮੀਨ ਨਹੀਂ ਰਹੀ, ਨਾ ਹੀ ਭਗੌਲੀ ਦੇ ਪੁਰਖਿਆ ਕੋਲ਼ ਹੀ ਸੀ ਤੇ ਨਾ ਹੀ ਅੱਜ ਭਗੌਲੀ ਅਤੇ ਉਨ੍ਹਾਂ ਦੇ ਬੇਟੇ ਕੋਲ਼ ਹੀ ਹੈ। “ਸਾਡੇ ਕੋਲ਼ ਇਨ੍ਹਾਂ ਹੱਥਾਂ-ਪੈਰਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ, ਮੇਰੇ ਪਿਤਾ ਦੇ ਕੋਲ਼ ਵੀ ਬੱਸ ਇਹੀ ਇੱਕੋ-ਇੱਕ ਸਰਮਾਇਆ ਹੈ ਅਤੇ ਸਾਡੇ ਕੋਲ਼ ਵੀ।”

ਤਰਜਮਾ: ਨਿਰਮਲਜੀਤ ਕੌਰ

Purusottam Thakur

পুরুষোত্তম ঠাকুর ২০১৫ সালের পারি ফেলো। তিনি একজন সাংবাদিক এবং তথ্যচিত্র নির্মাতা। বর্তমানে আজিম প্রেমজী ফাউন্ডেশনে কর্মরত পুরুষোত্তম সমাজ বদলের গল্প লেখায় নিযুক্ত আছেন।

Other stories by পুরুষোত্তম ঠাকুর
Translator : Nirmaljit Kaur

Nirmaljit Kaur is based in Punjab. She is a teacher and part time translator. She thinks that children are our future so she gives good ideas to children as well as education.

Other stories by Nirmaljit Kaur