ਤਾਲਬ ਹੁਸੈਨ ਨਾਂ ਦਾ ਇੱਕ ਨੌਜਵਾਨ ਸਾਬਣ ਰਲ਼ੇ ਗਰਮ ਪਾਣੀ ਵਿੱਚ ਡੁਬੋਏ ਕੰਬਲ ਨੂੰ ਪੈਰਾਂ ਘਚੱਲ ਰਿਹਾ ਹੈ। ਦੂਰੋਂ ਦੇਖਿਆ ਇਓਂ ਜਾਪਦਾ ਜਿਓਂ ਉਹ ਨੱਚ ਰਿਹਾ ਹੋਵੇ। ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਸੀ। ਉਹ ਕਹਿੰਦੇ ਹਨ, "ਸੰਤੁਲਨ ਬਣਾਈ ਰੱਖਦਿਆਂ ਤੁਹਾਨੂੰ ਭਿੱਜੇ ਹੋਏ ਕੰਬਲ 'ਤੇ ਖੜ੍ਹੇ ਹੋਣਾ ਪੈਂਦਾ ਹੈ।'' ਜਦੋਂ ਇੱਕ ਦੂਜਾ ਆਦਮੀ ਇਸ ਵੱਡੇ ਸਾਰੇ ਘਾਮੇਲਾ (ਤਸਲੇ) ਵਿੱਚ ਸਾਬਣ ਵਾਲ਼ਾ ਹੋਰ ਪਾਣੀ ਉਲਟਾਉਣ ਲੱਗਦਾ ਹੈ, ਤਾਂ ਤਾਲਬ ਸੰਤੁਲਨ ਬਣਾਉਣ ਵਾਸਤੇ ਆਪਣੇ ਸਾਹਮਣੇ ਲੱਗੇ ਰੁੱਖ ਨੂੰ ਫੜ ਲੈਂਦੇ ਹਨ।
ਜੰਮੂ ਦੇ ਸਾਂਬਾ ਜ਼ਿਲ੍ਹੇ ਵਿੱਚ ਪੈਂਦੀ ਇੱਕ ਛੋਟੀ ਜਿਹੀ ਬਕਰਵਾਲ ਬਸਤੀ ਵਿੱਚ ਇਹ ਸਰਦ ਕਾਲ਼ੀ ਰਾਤ ਹੈ। ਉੱਥੇ, ਸਰਦੀਆਂ ਦੀ ਰਾਤ ਨੂੰ, ਨਵੇਂ ਬਣੇ ਉੱਨ ਦੇ ਕੰਬਲਾਂ ਨੂੰ ਧੋਣ ਲਈ ਚੁੱਲ੍ਹੇ 'ਤੇ ਹੀ ਪਾਣੀ ਗਰਮ ਕੀਤਾ ਜਾਂਦਾ ਸੀ। ਇੰਝ ਕਰਨ ਨਾਲ਼ ਕੰਬਲ ਵਿਚਲੀ ਧੂੜ, ਕੱਚੇ ਰੰਗਾਂ ਤੇ ਫਾਲਤੂ ਧਾਗਿਆਂ ਨੂੰ ਛੁਡਾਇਆ ਜਾਂਦਾ ਹੈ। ਉੱਥੇ ਬੱਸ ਚੁੱਲ੍ਹੇ ਦੀ ਰੌਸ਼ਨੀ ਹੀ ਇੱਕੋ-ਇੱਕ ਲੋਅ ਹੁੰਦੀ ਹੈ।
ਉੱਨੀ ਕੰਬਲ ਅਨੁਸੂਚਿਤ ਕਬੀਲੇ ਦੇ ਭਾਈਚਾਰਿਆਂ ਦੇ ਮੈਂਬਰਾਂ ਦੁਆਰਾ ਬਣਾਏ ਜਾਂਦੇ ਹਨ - ਮੇਘ ਅਤੇ ਮੀਂਗ ਭਾਈਚਾਰੇ ਉੱਨ ਦੇ ਆਪਣੇ ਸ਼ਿਲਪ ਲਈ ਜਾਣੇ ਜਾਂਦੇ ਹਨ। ਕੰਬਲ ਬਣਾਉਣ ਤੋਂ ਬਾਅਦ, ਉਨ੍ਹਾਂ ਨੂੰ ਬਕਰਵਾਲ ਦੇ ਆਦਮੀਆਂ ਦੁਆਰਾ ਧੋਇਆ ਅਤੇ ਸੁਕਾਇਆ ਜਾਂਦਾ ਹੈ। ਕੰਬਲਾਂ ਲਈ ਵਰਤੀਂਦਾ ਸੂਤ ਜਾਂ ਧਾਗਾ ਆਮ ਤੌਰ 'ਤੇ ਬਕਰਵਾਲ ਔਰਤਾਂ ਦੁਆਰਾ ਬਣਾਇਆ ਜਾਂਦਾ ਹੈ ਅਤੇ ਬਕਰਵਾਲ ਪਰਿਵਾਰਾਂ ਦੁਆਰਾ ਹੀ ਧਾਗਾ ਰੰਗਿਆ (ਘਰੇ) ਜਾਂਦਾ ਹੈ।
ਖਲੀਲ ਖਾਨ ਜੰਮੂ ਜ਼ਿਲ੍ਹੇ ਦੇ ਪਰਗਾਲਟਾ ਪਿੰਡ ਨੇੜੇ ਇੱਕ ਜ਼ਮੀਨ ਦਾ ਰਹਿਣ ਵਾਲ਼ੇ ਹਨ। ਬਕਰਵਾਲ ਭਾਈਚਾਰੇ ਦਾ ਇਹ ਨੌਜਵਾਨ ਕੰਬਲ (ਕੰਬਲ) ਬਣਾਉਣ ਲਈ ਵਧੇਰੇ ਸਮਾਂ ਲੈਂਦਾ ਹੈ ਅਤੇ ਉਹ ਕਹਿੰਦੇ ਹਨ ਕਿ ਇਹ ਇੱਕ ਮੁਸ਼ਕਿਲ ਕੰਮ ਹੈ, ਪਰ ਇਹ ਸਸਤਾ ਤੇ ਕਾਫ਼ੀ ਲੰਬੇ ਸਮੇਂ ਤੱਕ ਚੱਲੇਗਾ। ਮੁਹੰਮਦ ਕਾਲੂ ਖੰਨਾ ਚਰਗਲ ਦੇ ਰਹਿਣ ਵਾਲ਼ੇ ਹਨ, ਜੋ ਕਿ ਪਰਗਾਲਤਾ ਤੋਂ ਨਦੀ ਦੇ ਹੇਠਲੇ ਪਾਸੇ ਇੱਕ ਛੋਟੀ ਜਿਹੀ ਬਸਤੀ ਹੈ। ਉਸ ਪੁਰਾਣੇ ਉੱਨੀ ਕੰਬਲ ਵੱਲ ਇਸ਼ਾਰਾ ਕਰਦਿਆਂ, ਜਿਸ ਕੰਬਲ ਵਿੱਚ ਉਨ੍ਹਾਂ ਦਾ ਛੋਟਾ ਪੁੱਤਰ ਨਿੱਘਾ ਹੋ ਪਿਆ ਸੀ, ਉਨ੍ਹਾਂ ਨੇ ਕਿਹਾ, "ਕੀ ਤੈਨੂੰ ਇਹ ਦਿਸ ਰਿਹਾ ਹੈਂ? ਇਹ ਕੰਬਲ ਇੱਕ ਆਦਮੀ ਜਿੰਨਾ ਜਾਂ ਉਸ ਤੋਂ ਵੀ ਲੰਬਾ ਸਮਾਂ ਜਿਉਂਦਾ ਹੈ। ਪਰ ਬਾਜ਼ਾਰੋਂ ਖਰੀਦੇ ਗਏ ਐਕ੍ਰੈਲਿਕ ਵੂਲ ਕੰਬਲ ਕੁਝ ਸਾਲ ਹੀ ਚੱਲਦੇ ਹਨ। ਉਹ ਅੱਗੇ ਕਹਿੰਦੇ ਹਨ ਕਿ ਪਾਚਿਮ ਤੋਂ ਬਣੇ ਕੰਬਲ (ਐਕਰੀਲਿਕ ਉੱਨ ਲਈ ਇੱਕ ਸਥਾਨਕ ਸ਼ਬਦ), ਜੇ ਗਿੱਲੇ ਹੋਣ ਤਾਂ ਉਨ੍ਹਾਂ ਨੂੰ ਖ਼ਾਲਸ ਉੱਨ ਦੇ ਕੰਬਲਾਂ ਦੇ ਉਲਟ ਸੁੱਕਣ ਵਿੱਚ ਕਈ ਦਿਨ ਲੱਗਦੇ ਹਨ। ਚਰਵਾਹੇ ਖਲੀਲ ਅਤੇ ਕਾਲੂ ਕਹਿੰਦੇ ਹਨ, "ਸਰਦੀਆਂ ਵਿੱਚ ਐਕਰੀਲਿਕ ਕੰਬਲ ਵਰਤਣ ਤੋਂ ਬਾਅਦ, ਸਾਡੇ ਪੈਰ ਸੁੱਜ-ਸੜ ਜਾਂਦੇ ਹਨ ਅਤੇ ਸਾਡੇ ਸਰੀਰ ਵਿੱਚ ਦਰਦ ਵੀ ਹੁੰਦਾ ਹੈ।''
*****
ਨਾ ਸਿਰਫ ਉੱਨ ਦਾ ਇੱਕ ਕੰਬਲ ਬਲਕਿ ਮੋਟੇ ਉੱਨ ਦੇ ਗਲੀਚੇ ਵੀ ਰੰਗੀਨ ਫੁੱਲਾਂ ਦੀ ਕਢਾਈ ਦੇ ਨਾਲ਼ ਇੱਕ ਫੈਲਟਿੰਗ ਤਕਨੀਕ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ ਜਿਸਨੂੰ ਨਾਮਦਾ ਕਿਹਾ ਜਾਂਦਾ ਹੈ। ਉਹ ਇੱਕ ਛੋਟਾ ਜਿਹਾ ਕੰਬਲ ਵੀ ਬਣਾਉਂਦੇ ਹਨ ਜਿਸਨੂੰ ਤਾਰੂ ਕਿਹਾ ਜਾਂਦਾ ਹੈ। ਇਸ ਨੂੰ ਰਜਾਈ ਵਜੋਂ ਤੇ ਤੋਹਫ਼ੇ ਵਜੋਂ ਵੀ ਵਰਤਿਆ ਜਾਂਦਾ ਹੈ ਜਿਸ 'ਤੇ ਔਰਤਾਂ ਦੁਆਰਾ ਕਢਾਈ ਵੀ ਕੀਤੀ ਜਾਂਦੀ ਹੈ ਅਤੇ ਹਰੇਕ ਪਰਿਵਾਰ ਅਤੇ ਕਬੀਲੇ ਦੇ ਆਪਣੇ ਵਿਲੱਖਣ ਡਿਜ਼ਾਈਨ ਹੁੰਦੇ ਹਨ।
ਤਾਲਬ ਹੁਸੈਨ ਦੇ ਘਰ ਰਹਿਣ ਵਾਲ਼ੀ ਇੱਕ ਬਜ਼ੁਰਗ ਔਰਤ ਜ਼ਰੀਨਾ ਬੇਗਮ ਕਹਿੰਦੀ ਹਨ, "ਰਜਾਈ ਨੂੰ ਦੇਖ ਕੇ ਹੀ ਮੈਂ ਦੱਸ ਸਕਦੀ ਹਾਂ ਕਿ ਕਿਹੜੇ ਪਰਿਵਾਰ ਨੇ ਇਸ ਨੂੰ ਬੁਣਿਆ ਹੈ।'' ਉਨ੍ਹਾਂ ਮੁਤਾਬਕ ਇੱਕ ਰਜਾਈ ਬਣਾਉਣ 'ਚ ਕਰੀਬ 15 ਦਿਨ ਦਾ ਸਮਾਂ ਲੱਗਦਾ ਹੈ।
"ਕੋਨੇ ਵਿੱਚ ਰੱਖੇ ਉਨ੍ਹਾਂ ਕੰਬਲਾਂ ਨੂੰ ਦੇਖੋ, ਉਹ ਵਿਸ਼ੇਸ਼ ਤੌਰ 'ਤੇ ਪਰਿਵਾਰਕ ਵਿਆਹ ਲਈ ਬਣਾਏ ਗਏ ਹਨ। ਆਪਣੇ ਵਸੀਲਿਆਂ ਤੇ ਆਮਦਨੀ ਦੇ ਅਧਾਰ 'ਤੇ ਲਾੜੇ ਦਾ ਪਰਿਵਾਰ ਉਨ੍ਹਾਂ ਨੂੰ 12-30 ਜਾਂ 50 ਕੰਬਲ ਦਿੰਦਾ ਹੈ, "ਜ਼ਰੀਨਾ ਕਹਿੰਦੀ ਹਨ, ਜੋ ਭਾਈਚਾਰੇ ਦੀ ਪਸੰਦੀਦਾ ਦਾਦੀ ਹੈ। ਉਹ ਅੱਗੇ ਕਹਿੰਦੀ ਹਨ, ਅੱਜ ਲੋਕ ਜ਼ਿਆਦਾ ਕੁਝ ਨਹੀਂ ਦਿੰਦੇ ਪਰ ਵਿਆਹ ਦੇ ਸਮਾਰੋਹ ਮੌਕੇ ਰਵਾਇਤੀ ਤੋਹਫ਼ੇ ਵਜੋਂ ਇਹਦਾ ਦਿੱਤਾ ਜਾਣਾ ਜ਼ਰੂਰੀ ਹੈ।
ਹਾਲਾਂਕਿ ਵਿਆਹ ਦੇ ਤੋਹਫ਼ਿਆਂ ਵਾਲ਼ੇ ਕੰਬਲ ਵਧੇਰੇ ਕੀਮਤੀ ਹੁੰਦੇ ਹਨ, ਪਰ ਹੌਲੀ-ਹੌਲੀ ਇਹਨਾਂ ਦੀ ਥਾਂ ਬਿਜਲਈ ਉਪਕਰਣ ਅਤੇ ਫਰਨੀਚਰ ਲੈਂਦੇ ਜਾ ਰਹੇ ਹਨ।
ਮੁਨੱਬਰ ਅਤੇ ਉਨ੍ਹਾਂ ਦੀ ਪਤਨੀ ਮਾਰੂਫ ਬਸੋਹਲੀ ਤਹਿਸੀਲ ਦੀ ਆਪਣੀ ਬਸਤੀ ਦੇ ਅਖ਼ੀਰਲੇ ਸਿਰੇ ਦੀ ਹੇਠਲੀ ਢਲਾਣ 'ਤੇ ਰਹਿੰਦੇ ਹਨ। ਮੁਨੱਬਰ ਨੇ ਘਿਸੇ-ਪਿਟੇ ਤੰਬੂ ਦੇ ਹੇਠਾਂ ਆਪਣੇ ਕੰਮ ਦਾ ਪ੍ਰਦਰਸ਼ਨ ਕਰਦੇ ਹੋਏ ਕਿਹਾ, "ਇਸ ਖੂਬਸੂਰਤ ਕਢਾਈ ਨੂੰ ਦੇਖੋ; ਫਿਰ ਵੀ ਸਾਡੇ ਲਈ ਹੁਣ ਆਮਦਨ ਦਾ ਕੋਈ ਜ਼ਰੀਆ ਨਹੀਂ।''
ਉਨ੍ਹਾਂ ਦੇ ਖੇਮਿਆਂ ਵਿੱਚ ਜਿੱਥੇ ਅਸੀਂ ਬੈਠੇ ਹਾਂ ਉੱਥੇ ਹਸਤਕਾਲਾਵਾਂ ਦੇ ਕਈ ਨਮੂਨੇ ਪਏ ਹੋਏ ਹਨ, ਜਿਨ੍ਹਾਂ ਨੂੰ ਉਹ ਆਪਣੀਆਂ 40-50 ਭੇਡ-ਬੱਕਰੀਆਂ ਦੇ ਨਾਲ਼ ਕਮਸ਼ੀਰ ਜਾਂਦੇ ਹੋਏ ਆਪਣੇ ਨਾਲ਼ ਲੈ ਜਾਣਗੇ। ਉੱਥੇ ਇੱਕ ਤਾਰੂ (ਰਜਾਈ), ਘੋੜੇ ਦੇ ਗਲ਼ੇ ਵਿੱਚ ਬੰਨ੍ਹੀਆਂ ਜਾਣ ਵਾਲ਼ੀਆਂ ਤਲਿਯਾਰੋ ਤੇ ਗਲਤਾਨੀ ਜਿਹੀਆਂ ਚੀਜ਼ਾਂ ਤੇ ਬਹੁਤ ਸਾਰੀਆਂ ਘੰਟੀਆਂ, ਚੇਕੇ ਜਾਂ ਲਗਾਮ ਵੀ ਇੱਧਰ-ਓਧਰ ਖਿੰਡੇ ਪਏ ਹਨ। ਮੁਨੱਬਰ ਕਹਿੰਦੇ ਹਨ,''ਇਹ ਸਾਰਾ ਮੁਸ਼ਕਲ ਕੰਮ ਹੈ- ਇਹ ਕਸੀਦੇਕਾਰੀ, ਮਵੇਸ਼ੀਆਂ ਦੀ ਦੇਖਭਾਲ਼ ਕਰਨਾ। ਪਰ ਸਾਡੀ ਕੋਈ ਪਛਾਣ ਨਹੀਂ ਹੈ। ਸਾਡੇ ਕੰਮ ਬਾਰੇ ਕੋਈ ਵੀ ਤਾਂ ਨਹੀਂ ਜਾਣਦਾ।''
*****
ਮਜ਼ ਖਾਨ ਕਹਿੰਦੇ ਹਨ, "ਹੁਣ ਉਨ੍ਹਾਂ ਲੋਕਾਂ ਨੂੰ ਲੱਭਣਾ ਵੀ ਮੁਸ਼ਕਲ ਹੋ ਗਿਆ ਹੈ, ਜਿਨ੍ਹਾਂ ਕੋਲ ਕੋਈ ਮਿੱਲ ਹੈ। ਖਾਨ, ਆਪਣੀ ਉਮਰ ਦੇ 60ਵਿਆਂ ਵਿੱਚ ਹਨ ਅਤੇ ਇੱਕ ਅਜਿਹੇ ਪਰਿਵਾਰ ਤੋਂ ਆਉਂਦੇ ਹਨ ਜੋ ਅਜੇ ਵੀ ਉੱਨ ਦੇ ਉਤਪਾਦਨ ਕੰਮ ਵਿੱਚ ਲੱਗਿਆ ਹੋਇਆ ਹੈ। ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਰਖੇ ਅਤੇ ਕਤਾਈ ਦੀ ਵਰਤੋਂ ਕਰਨੀ ਛੱਡ ਦਿੱਤੀ ਹੈ।
ਨਤੀਜੇ ਵਜੋਂ, ਚਰਵਾਹੇ ਉੱਨ ਵੇਚਣ ਲਈ ਸੰਘਰਸ਼ ਕਰ ਰਹੇ ਹਨ। "ਪਹਿਲਾਂ ਸਾਨੂੰ ਇੱਕ ਕਿਲੋ ਉੱਨ ਵੇਚਣ ਮਗਰ ਘੱਟੋ ਘੱਟ 120-220 ਰੁਪਏ ਮਿਲਦੇ ਸਨ ਪਰ ਹੁਣ ਸਾਨੂੰ ਕੁਝ ਨਹੀਂ ਮਿਲਦਾ। ਇੱਕ ਦਹਾਕਾ ਪਹਿਲਾਂ ਬੱਕਰੀ ਦੇ ਵਾਲਾਂ ਦੀ ਵੀ ਬਜ਼ਾਰ ਵਿੱਚ ਕੀਮਤ ਹੋਇਆ ਕਰਦੀ ਸੀ ਪਰ ਹੁਣ ਤਾਂ ਭੇਡਾਂ ਦੀ ਉੱਨ ਦਾ ਵੀ ਕੋਈ ਖਰੀਦਦਾਰ ਨਹੀਂ,'' ਮੁਹੰਮਦ ਤਾਲਿਬ ਕਹਿੰਦੇ ਹਨ ਜੋ ਕਠੂਆ ਜ਼ਿਲ੍ਹੇ ਦੀ ਤਹਿਸੀਲ ਬਸੋਹਲੀ ਦੇ ਬਕਰਵਾਲ ਹਨ। ਅਣਵਰਤੀ ਉੱਨ ਜਾਂ ਤਾਂ ਉਨ੍ਹਾਂ ਦੇ ਸਟੋਰ ਰੂਮਾਂ ਵਿੱਚ ਪਈ ਰਹਿੰਦੀ ਹੈ ਜਾਂ ਫਿਰ ਪਸ਼ੂਆਂ ਦੇ ਵਾਲ਼ ਲਾਹੇ ਜਾਣ ਵਾਲ਼ੀ ਥਾਵੇਂ ਹੀ ਸੁੱਟ ਦਿੱਤਾ ਜਾਂਦਾ ਹੈ। ਹੁਣ ਉੱਨ ਦੇ ਕੰਮ ਕਰਨ ਵਾਲ਼ੇ ਕਾਰੀਗਰਾਂ ਦੀ ਗਿਣਤੀ ਵੀ ਘੱਟ ਗਈ ਹੈ।
ਗੁੱਜਰ-ਬਕਰਵਾਲ ਭਾਈਚਾਰੇ ਨਾਲ਼ ਕਈ ਸਾਲਾਂ ਤੋਂ ਕੰਮ ਕਰ ਰਹੇ ਕਾਰਕੁਨ ਅਤੇ ਖੋਜਕਰਤਾ ਡਾ. ਜਾਵੇਦ ਰਾਹੀ ਕਹਿੰਦੇ ਹਨ,"ਬਕਰਵਾਲ ਅੱਜ-ਕੱਲ੍ਹ ਕੋਈ ਉਤਪਾਦ ਨਹੀਂ ਬਣਾ ਰਹੇ। ਇਹ ਛੋਟਾ ਕਾਮ ਬਣ ਗਿਆ ਹੈ। ਸਿੰਥੈਟਿਕ ਉੱਨ, ਜੋ ਉੱਨ ਦਾ ਵਿਕਲਪ ਹੈ, ਵੱਧ ਤੋਂ ਵੱਧ ਸਸਤੀ ਹੁੰਦੀ ਜਾ ਰਹੀ ਹੈ।"
ਉੱਨ ਪ੍ਰਾਪਤ ਕਰਨ ਲਈ ਭੇਡਾਂ ਦਾ ਪਾਲਣ-ਪੋਸ਼ਣ ਕਰਨਾ ਹੁਣ ਇੰਨਾ ਸੌਖਾ ਨਹੀਂ ਹੈ ਕਿਉਂਕਿ ਜੰਮੂ ਅਤੇ ਇਸ ਦੇ ਆਸ-ਪਾਸ ਚਰਾਂਦਾਂ ਨਾ-ਮਾਤਰ ਹੀ ਰਹਿ ਗਈਆਂ ਹਨ। ਉਹਨਾਂ ਨੂੰ ਪਸ਼ੂਆਂ ਨੂੰ ਚਰਾਉਣ ਲਈ ਜ਼ਮੀਨ ਦਾ ਕਿਰਾਇਆ ਦੇਣਾ ਪੈਂਦਾ ਹੈ।
ਹਾਲ ਹੀ ਵਿੱਚ ਸਾਂਬਾ ਜ਼ਿਲ੍ਹੇ ਦੇ ਪਿੰਡਾਂ ਦੇ ਆਲੇ-ਦੁਆਲੇ ਦੇ ਬਹੁਤ ਸਾਰੇ ਖੇਤਰਾਂ ਵਿਖੇ ਇੱਕ ਧਾੜਵੀ ਪ੍ਰਜਾਤੀਆਂ ਦਾ ਕਬਜ਼ਾ ਹੋ ਗਿਆ ਹੈ ਜਿਸਨੂੰ ਲੈਂਟਾਨਾ ਕਾਮਾਰਾ ਕਹਿੰਦੇ ਹਨ। ਬਸੋਹਲੀ ਤਹਿਸੀਲ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਸਨੀਕ ਮੁਨੱਬਰ ਅਲੀ ਕਹਿੰਦੇ ਹਨ, "ਅਸੀਂ ਇੱਥੇ ਭੇਡਾਂ ਨਹੀਂ ਚਰਾ ਸਕਦੇ। ਇੱਥੇ ਹਰ ਪਾਸੇ ਨਦੀਨ ਹਨ।''
ਸਰਕਾਰ ਨੇ ਜਾਨਵਰਾਂ ਦੀਆਂ ਕਈ ਪੁਰਾਣੀਆਂ ਨਸਲਾਂ ਨੂੰ ਸੰਕਰ ਨਸਲਾਂ (ਕਰਾਸ ਬ੍ਰੀਡ) ਨਾਲ਼ ਬਦਲ ਦਿੱਤਾ ਹੈ ਅਤੇ ਮੌਜੂਦਾ ਕਰਾਸਬ੍ਰੀਡ ਭੇਡਾਂ ਮੈਦਾਨਾਂ ਦੀ ਗਰਮੀ ਨੂੰ ਲੰਬੇ ਸਮੇਂ ਤੱਕ ਸਹਿਣ ਨਹੀਂ ਕਰ ਸਕਦੀਆਂ ਅਤੇ ਪਹਾੜੀ ਰਸਤਿਆਂ ਨੂੰ ਪਾਰ ਨਹੀਂ ਕਰ ਸਕਦੀਆਂ। ਆਜੜੀ ਤਾਹਿਰ ਰਜ਼ਾ ਕਹਿੰਦੇ ਹਨ, "ਜਦੋਂ ਅਸੀਂ ਕਸ਼ਮੀਰ ਵੱਲ ਪ੍ਰਵਾਸ ਕਰਦੇ ਹਾਂ, ਤਾਂ ਉਹ ਰਸਤੇ ਵਿੱਚ ਹੀ ਰੁੱਕ ਜਾਂਦੀਆਂ ਹਨ ਭਾਵੇਂ ਰਾਹ ਵਿੱਚ ਛੋਟਾ ਜਿਹਾ ਨਾਲ਼ਾ ਹੀ ਕਿਉਂ ਨਾ ਹੋਵੇ; ਉਹ ਕਿਸੇ ਛੋਟੇ ਜਿਹੇ ਟੋਏ ਨੂੰ ਵੀ ਪਾਰ ਨਹੀਂ ਕਰ ਸਕਦੀਆਂ। ਭੇਡਾਂ ਦੀ ਪੁਰਾਣੀ ਨਸਲ ਇਸ ਪੱਖੋਂ ਕਾਫ਼ੀ ਬੇਹਤਰ ਸੀ।"
ਹਥਿਆਰਬੰਦ ਬਲਾਂ ਲਈ ਸਰਕਾਰ ਵੱਲੋਂ ਲਾਈਆਂ ਗਈਆਂ ਵਾੜਾਂ ਜਾਂ ਜੰਗਲਾਂ ਦੇ ਵਿਕਾਸ ਨੂੰ ਹੱਲ੍ਹਾਸ਼ੇਰੀ ਦੇਣ ਵਾਲ਼ੇ ਪ੍ਰਾਜੈਕਟਾਂ ਜਾਂ ਸੰਭਾਲ ਦੀਆਂ ਗਤੀਵਿਧੀਆਂ ਕਾਰਨ ਚਰਾਂਦਾਂ ਤੱਕ ਬਕਰਵਾਲਾਂ ਦੀ ਪਹੁੰਚ 'ਤੇ ਹੁਣ ਰੋਕ ਲਾ ਦਿੱਤੀ ਗਈ ਹੈ। ਇਹ ਵੀ ਪੜ੍ਹੋ: ਕੰਡਿਆਲ਼ੀ ਤਾਰ ਨੇ ਸੀਮਤ ਕੀਤਾ ਬਕਰਵਾਲਾਂ ਦਾ ਘੇਰਾ
ਚਰਾਂਦਾਂ ਦੀ ਵਾੜੇਬੰਦੀ ਵਾਸਤੇ ਸਰਕਾਰੀ ਭਾਸ਼ਾ ਦੀ ਵਰਤੋਂ ਕਰਦਿਆਂ ਸੰਖੇਪ ਵਿੱਚ ਹਾਲਤ ਬਿਆਨ ਕਰਦੇ ਆਜੜੀਆਂ ਦਾ ਭਾਈਚਾਰਾ ਕਹਿੰਦਾ ਹੈ,"ਸਾਡੇ ਤੇ ਸਾਡੇ ਪਸ਼ੂਆਂ ਵਾਸਤੇ ਸਾਰੇ ਰਸਤੇ ਬੰਦ ਹੋ ਚੁੱਕੇ ਹਨ।''
ਰਿਤਾਯਾਨ ਮੁਖਰਜੀ, ਪਸ਼ੂ ਪਾਲਣ ਕੇਂਦਰ ਤੋਂ ਪ੍ਰਾਪਤ ਇੱਕ ਸੁਤੰਤਰ ਯਾਤਰਾ ਗ੍ਰਾਂਟ ਰਾਹੀਂ ਪੇਂਡੂ ਅਤੇ ਖ਼ਾਨਾਬਦੋਸ਼ ਭਾਈਚਾਰਿਆਂ ਬਾਰੇ ਰਿਪੋਰਟ ਕਰਦੇ ਹਨ। ਕੇਂਦਰ ਨੇ ਇਸ ਰਿਪੋਰਟ ਦੇ ਅੰਸ਼ਾਂ 'ਤੇ ਕੋਈ ਸੰਪਾਦਕੀ ਨਿਯੰਤਰਣ ਦੀ ਵਰਤੋਂ ਨਹੀਂ ਕੀਤੀ ਹੈ।
ਤਰਜਮਾ: ਕਮਲਜੀਤ ਕੌਰ