ਦਿਲੀਪ ਕੋਲੀ ਵਾਸਤੇ ਬੀਤੇ ਕੁਝ ਸਾਲ ਬਿਪਤਾ ਮਾਰੇ ਰਹੇ, ਜਿਸ ਵਿੱਚ ਚੱਕਰਵਾਤ, ਮੱਛੀਆਂ ਦੀ ਗਿਣਤੀ ਵਿੱਚ ਆਈ ਗਿਰਾਵਟ, ਘੱਟ ਹੁੰਦੀ ਵਿਕਰੀ ਸ਼ਾਮਲ ਹੈ। ਪਰ, ਮਾਰਚ 2020 ਦੀ ਤਾਲਾਬੰਦੀ ਇਨ੍ਹਾਂ ਸਾਰੀਆਂ ਬਿਪਤਾਵਾਂ ਵਿੱਚੋਂ ਸਭ ਤੋਂ ਮੁਸ਼ਕਲ ਦੌਰ ਸਾਬਤ ਹੋਈ।
''ਅਸੀਂ ਅਤੀਤ ਵਿੱਚ ਜੋ ਵੀ ਪਰੇਸ਼ਾਨੀਆਂ ਝੱਲੀਆਂ, ਉਹ ਪਿਛਲੇ ਸਾਲ ਦੀ ਤੁਲਨਾ ਵਿੱਚ ਅੱਧੀਆਂ ਸਨ,'' 50 ਸਾਲਾ ਮਛੇਰੇ ਦਿਲੀਪ ਕਹਿੰਦੇ ਹਨ ਜੋ ਦੱਖਣੀ ਮੁੰਬਈ ਦੇ ਕੋਲਾਬਾ ਇਲਾਕੇ ਸਥਿਤ ਕੋਲੀਵਾੜਾ ਤੋਂ ਹਨ। ''ਲੋਕ ਮੱਛੀ ਫੜ੍ਹਨ ਲਈ ਤਿਆਰ ਸਨ, ਮੱਛੀ ਖਾਣ ਵਾਲ਼ੇ ਲੋਕ ਵੀ ਸਨ, ਪਰ ਮੱਛੀ ਦੀ ਵਿਕਰੀ ਨਹੀਂ ਹੋ ਰਹੀ ਸਨ (ਤਾਲਾਬੰਦੀ ਕਾਰਨ ਕਰਕੇ, ਸਤੰਬਰ 2020 ਤੱਕ)। ਬਜ਼ਾਰ ਬੰਦ ਸਨ ਤੇ ਸਾਨੂੰ ਆਪਣੀਆਂ ਫੜ੍ਹੀਆਂ ਹੋਈਆਂ ਮੱਛੀਆਂ ਵਾਪਸ ਸਮੁੰਦਰ ਵਿੱਚ ਸੁੱਟਣੀਆਂ ਪਈਆਂ।
ਦਿਲੀਪ, ਦੱਖਣੀ ਮੁੰਬਈ ਦੇ ਸੂਸਨ ਡੌਕ 'ਤੇ ਕਰੀਬ 35 ਸਾਲਾਂ ਤੋਂ ਕੰਮ ਕਰ ਰਹੇ ਹਨ। ਉਹ ਤਿੰਨ ਬੇੜੀਆਂ ਦੇ ਮਾਲਕ ਹਨ ਤੇ 8-10 ਮਛੇਰਿਆਂ ਨੂੰ ਕੰਮ 'ਤੇ ਰੱਖਿਆ ਹੈ। ਉਹ ਕਹਿੰਦੇ ਹਨ,''ਤਾਲਾਬੰਦੀ ਦੌਰਾਨ ਅਸੀਂ ਕਿਸੇ ਤਰ੍ਹਾਂ ਆਪਣੇ ਰਾਸ਼ਨ ਦਾ ਜੁਗਾੜ ਕਰ ਲਿਆ ਸੀ, ਪਰ ਹੋਰ ਗ਼ਰੀਬ ਕੋਲੀ ਮਛੇਰਿਆਂ ਦੇ ਕੋਲ਼ ਖਾਣਾ ਜਾਂ ਪੈਸੇ ਤੱਕ ਨਹੀਂ ਸਨ।''
ਮਛੇਰੇ ਆਪਣੇ ਕੰਮ ਦੀ ਸ਼ੁਰੂਆਤ ਸਵੇਰੇ 4 ਵਜੇ ਕਰਦੇ ਹਨ, ਜਦੋਂ ਮਾਨਸੂਨ ਹੁੰਦਾ ਹੈ ਤਾਂ ਉਹ ਸਮੁੰਦਰ ਦੇ ਅੰਦਰ ਬਹੁਤੀ ਦੂਰ ਨਹੀਂ ਜਾਂਦੇ ਤੇ ਤਟ ਦੇ ਨੇੜੇ-ਤੇੜੇ ਹੀ 40-40 ਮਿੰਟਾਂ (ਇੱਕ ਚੱਕਰ ਲਾਉਣ ਵਿੱਚ 40 ਮਿੰਟ ਲੱਗਦੇ ਹਨ) ਦੇ ਕਈ ਚੱਕਰ ਲਾਉਂਦੇ ਹਨ। ਜਦੋਂ ਲਹਿਰਾਂ ਦਾ ਵਹਿਣ ਕੁਝ ਘਟਣ ਲੱਗਦਾ ਹੈ ਤਾਂ ਉਹ ਕਰੀਬ ਇੱਕ ਘੰਟੇ ਤੱਕ ਅਰਾਮ ਕਰਦੇ ਹਨ ਤੇ ਫਿਰ ਸਮੁੰਦਰ ਵਿੱਚ ਵਾਪਸ ਮੁੜ ਜਾਂਦੇ ਹਨ। ਦਿਲੀਪ ਕਹਿੰਦੇ ਹਨ,''ਅਸੀਂ ਸਵੇਰੇ ਜਲਦੀ ਕੰਮ ਸ਼ੁਰੂ ਕਰਦੇ ਹਾਂ ਤੇ ਦੁਪਹਿਰ 2 ਜਾਂ 3 ਵਜੇ ਤੱਕ ਖ਼ਤਮ ਕਰ ਦਿੰਦੇ ਹਾਂ। ਅਸੀਂ ਚੰਨ ਨੂੰ ਦੇਖ ਕੇ ਜਵਾਰ ਦੇ ਘਟਣ-ਵਧਣ ਦਾ ਪਤਾ ਲਾਉਂਦੇ ਹਾਂ। ਜਦੋਂ ਲਹਿਰਾਂ ਮੱਠੀਆਂ ਹੋਣ ਜਾਂ ਬਹੁਤ ਤੀਬਰ ਹੋਣ ਤਾਂ ਅਸੀਂ ਮੱਛੀ ਫੜ੍ਹਨ ਨਹੀਂ ਜਾਂਦੇ।''
ਉਨ੍ਹਾਂ ਦੀ ਬੇੜੀ 'ਤੇ ਕੰਮ ਕਰਨ ਵਾਲ਼ੇ ਕੁਝ ਮਛੇਰੇ, ਜੋ ਕੋਲੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਰਾਇਗੜ ਜ਼ਿਲ੍ਹੇ ਦੀ ਤਾਲਾ ਤਾਲੁਕਾ ਦੇ 1,040 ਦੀ ਵਸੋਂ (ਮਰਦਮਸ਼ੁਮਾਰੀ 2011) ਵਾਲ਼ੇ ਪਿੰਡ 'ਵਾਸ਼ੀ ਹਵੇਲੀ' ਤੋਂ ਦੱਖਣ ਮੁੰਬਈ ਵਿਖੇ ਸਥਿਤ ਸਸੂਨ ਡਾਕ ਤੱਕ ਕਰੀਬ 150 ਕਿਲੋਮੀਟਰ ਦਾ ਸਫ਼ਰ ਟ੍ਰੇਨ ਜਾਂ ਸਵਾਰੀ ਗੱਡੀ ਰਾਹੀਂ ਤੈਅ ਕਰਦੇ ਹਨ। ਉਹ ਜੂਨ ਤੋਂ ਅਗਸਤ, ਗਣਪਤੀ ਉਤਸਵ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਕੰਮ ਕਰਦੇ ਹਨ। ਬਾਕੀ ਮਹੀਨੇ ਉਹ ਮਹਾਰਾਸ਼ਟਰ ਦੇ ਹੋਰਨਾਂ ਤਟੀ ਹਿੱਸਿਆਂ ਵਿੱਚ ਘੁੰਮਦੇ ਹਨ- ਖ਼ਾਸ ਕਰਕੇ ਰਤਨਾਗਿਰੀ ਅਤੇ ਰਾਇਗੜ ਜ਼ਿਲ੍ਹਿਆਂ ਵਿੱਚ- ਤੇ ਕਿਸੇ ਹੋਰ ਦੀਆਂ ਬੇੜੀਆਂ 'ਤੇ ਕੰਮ ਕਰਕੇ ਮਹੀਨੇ ਦਾ 10,000-12,000 ਰੁਪਏ ਕਮਾਉਂਦੇ ਹਨ।
ਹਾਲਾਂਕਿ, ਡੂੰਘੇ ਸਮੁੰਦਰੀ ਜਾ ਕੇ ਮੱਛੀ ਫੜ੍ਹਨ ਦਾ ਕੰਮ ਮਈ ਦੇ ਅਖ਼ੀਰ ਤੋਂ ਲੈ ਕੇ ਅਗਸਤ ਦੀ ਸ਼ੁਰੂਆਤ ਤੱਕ ਵਰਜਿਤ ਹੁੰਦਾ ਹੈ, ਦਿਲੀਪ ਦੱਸਦੇ ਹਨ,''ਇੱਥੇ ਕ੍ਰੀਕ ਫਿਸ਼ਿੰਗ (ਡਾਲ ਨੈਟਾਂ ਨਾਲ਼) ਦੀ ਇਜਾਜ਼ਤ ਰਹਿੰਦੀ ਹਨ। ਅਸੀਂ ਇਹ ਕੰਮ ਸਾਲਾਂ ਤੋਂ ਕਰ ਰਹੇ ਹਾਂ। ਸਾਡਾ ਕੋਲਾਬਾ ਕ੍ਰੀਕ, ਬੰਬਿਲ (ਬੰਬੇ ਡਕ) ਲਈ ਮਸ਼ਹੂਰ ਹੈ ਤੇ ਇਹ ਮੱਛੀ ਇੱਥੇ ਸਿਰਫ਼ ਜੂਨ ਤੇ ਜੁਲਾਈ ਵਿੱਚ ਆਉਂਦੀ ਹੈ। ਮਹਾਰਾਸ਼ਟਰ ਦੇ ਛੋਟੇ-ਛੋਟੇ ਪਿੰਡਾਂ ਦੇ ਮਛੇਰੇ ਸਾਡੇ ਬੰਬੇ ਡਕ ਲਈ ਇੱਥੇ ਆਉਂਦੇ ਹਨ। 2-3 ਮਹੀਨਿਆਂ ਲਈ ਉਹ ਕੋਲਾਬਾ ਨੂੰ ਆਪਣਾ ਘਰ ਬਣਾ ਲੈਂਦੇ ਹਨ। ਇਹ ਚੰਗਾ ਕਾਰੋਬਾਰ ਹੈ।''
ਵਾਸ਼ੀ ਹਵੇਲੀ ਪਿੰਡ ਦੇ ਪ੍ਰਿਯਲ ਦੁਰੀ ਕਹਿੰਦੇ ਹਨ ਕਿ ਸਸੂਨ ਡਾਕ ਵਿਖੇ ਇਨ੍ਹਾਂ ਮਹੀਨਿਆਂ ਦੌਰਾਨ, ਉਹ ਤੇ ਹੋਰ ਮਛੇਰੇ ਹਿੱਸੇਦਾਰੀ (ਪ੍ਰਤੀਸ਼ਤ ਅਧਾਰਤ) ਦੇ ਅਧਾਰ ਤੇ ਕੰਮ ਕਰਦੇ ਹਨ। ਉਹ ਕਹਿੰਦੇ ਹਨ,''ਮੱਛੀ ਫੜ੍ਹਨ ਤੋਂ ਇੱਕ ਦਿਨ ਦੇ ਹੋਣ ਵਾਲ਼ੇ ਫ਼ਾਇਦੇ ਦਾ ਅੱਧਾ ਹਿੱਸਾ ਬੇੜੀ ਮਾਲਕ ਨੂੰ ਚਲਾ ਜਾਂਦਾ ਹੈ ਤੇ ਬਾਕੀ ਹਿੱਸਾ ਸਾਡੇ ਦਰਮਿਆਨ ਵੰਡਿਆ ਜਾਂਦਾ ਹੈ।'' ਪ੍ਰਿਯਲ ਨੇ ਪਿਛਲੇ ਸਾਲ ਤਿੰਨ ਮਹੀਨਿਆਂ ਦੇ ਵਕਫ਼ੇ ਵਿੱਚ ਆਪਣੇ ਪਿਤਾ ਨੂੰ ਕੋਵਿਡ ਹੋਣ ਕਾਰਨ ਅਤੇ ਮਾਂ ਨੂੰ ਲਯੂਕੀਮਿਆ ਕਾਰਨ ਗੁਆ ਲਿਆ। 27 ਸਾਲ ਦੇ ਪ੍ਰਿਯਲ ਨੇ ਆਪਣੀ 12ਵੀਂ ਦੀ ਪੜ੍ਹਾਈ ਵੀ ਵਿਚਾਲੇ ਹੀ ਛੱਡ ਦਿੱਤੀ, ਕਿਉਂਕਿ ਉਨ੍ਹਾਂ ਮੁਤਾਬਕ,''ਸਾਨੂੰ ਆਈ (ਮਾਂ) ਦੇ ਇਲਾਜ ਲਈ ਪੈਸੇ ਚਾਹੀਦੇ ਸਨ'' ਤੇ ਉਹ ਪਿਛਲੇ 10 ਸਾਲਾਂ ਤੋਂ ਮੱਛੀ ਫੜ੍ਹ ਰਹੇ ਹਨ।
''ਮਾਨਸੂਨ ਦੌਰਾਨ ਅਸੀਂ ਇੱਕ ਦਿਨ ਵਿੱਚ ਲਗਭਗ 700 ਰੁਪਏ ਕਮਾਉਂਦੇ ਹਾਂ, ਪਰ ਪਿਛਲੇ ਸਾਲ ਅਸੀਂ ਇੱਕ ਦਿਨ ਵਿੱਚ ਬਾਮੁਸ਼ਕਲ 50 ਰੁਪਏ ਕਮਾਏ ਸਨ। ਅਸੀਂ ਕੋਵਿਡ ਕਾਰਨ ਪੂਰਾ ਇੱਕ ਸਾਲ ਘਰੇ ਬੈਠੇ ਰਹੇ,'' ਉਨ੍ਹਾਂ ਨੇ ਕਿਹਾ। ਕੋਈ ਕੰਮ ਨਾ ਹੋਣ ਕਾਰਨ, ਵਾਸ਼ੀ ਹਵੇਲੀ ਪਿੰਡ ਦੇ ਮਛੇਰੇ ਅਤੇ ਉਨ੍ਹਾਂ ਦੇ ਪਰਿਵਾਰ ਕੋਲ਼ ਮਈ 2020 ਤੱਕ ਰਾਸ਼ਨ ਮੁੱਕਣਾ ਸ਼ੁਰੂ ਹੋ ਗਿਆ ਸੀ। ਪ੍ਰਿਯਲ ਦੱਸਦੇ ਹਨ,''ਅਸੀਂ ਨੇੜਲੇ ਨਾਲ਼ੇ ਵਿੱਚੋਂ ਜੋ ਮੱਛੀਆਂ ਫੜ੍ਹੀਆਂ ਸਨ ਉਸ ਨਾਲ਼ ਹੀ ਆਪਣਾ ਢਿੱਡ ਭਰਿਆ, ਪਰ ਚੱਕਰਵਾਤ (ਨਿਰਸਗ) ਤੋਂ ਬਾਅਦ, ਅਸੀਂ ਮੁਸ਼ਕਲ ਹੀ ਖਾਣਾ ਤੇ ਸਾਫ਼ ਪਾਣੀ ਇਕੱਠਾ ਕਰ ਸਕੇ। ਅਸੀਂ ਇੰਨਾ ਮਾੜਾ ਸਮਾਂ ਕਦੇ ਨਹੀਂ ਦੇਖਿਆ ਜਿੰਨਾ ਸਾਲ 2020 ਦੌਰਾਨ ਹੰਢਾਇਆ।''
3 ਜੂਨ, 2020 ਨੂੰ ਚੱਕਰਵਾਤ ਨਿਰਸਗ ਨੇ ਮਹਾਰਾਸ਼ਟਰ ਦੇ ਤਟੀ ਜ਼ਿਲ੍ਹਿਆਂ ਵਿੱਚ ਦਸਤਕ ਦੇ ਦਿੱਤੀ ਸੀ। ਪ੍ਰਿਯਲ ਕਹਿੰਦੇ ਹਨ,''ਸਾਡੇ ਕੋਲ਼ ਇੱਕ ਮਹੀਨੇ ਤੱਕ ਬਿਜਲੀ ਜਾਂ ਫ਼ੋਨ ਦਾ ਕੁਨੈਕਸ਼ਨ ਨਹੀਂ ਸੀ। ਸਾਡੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ ਸਾਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਵੀ ਨਹੀਂ ਮਿਲ਼ਿਆ।'' ਉਨ੍ਹਾਂ ਨੇ ਦੋਸਤਾਂ ਕੋਲ਼ੋਂ 40,000 ਰੁਪਏ ਘਰ ਦੀ ਮੁਰੰਮਤ ਲਈ ਉਧਾਰ ਲੈਣੇ ਪਏ, ਜਿਸ ਵਿੱਚ ਉਹ ਅਤੇ ਉਨ੍ਹਾਂ ਦੇ ਵੱਡੇ ਭਰਾ ਚੰਦਰਕਾਤ (ਇਹ ਵੀ ਮਛੇਰੇ) ਰਹਿੰਦੇ ਹਨ।
ਇਹਦੇ ਬਾਅਦ ਫਿਰ 14 ਮਈ 2021 ਨੂੰ ਚੱਕਰਵਾਤ ਤਾਊਤੇ ਆ ਗਿਆ। ਦਿਲੀਪ, ਜਿਨ੍ਹਾਂ ਦੇ ਤਿੰਨੋਂ ਬੇਟੇ ਵੀ ਮਛੇਰੇ ਹੀ ਹਨ ਤੇ ਉਨ੍ਹਾਂ ਦੀ ਪਤਨੀ, 49 ਸਾਲਾ ਭਾਰਤੀ, ਸਸੂਨ ਡਾਕ ਵਿਖੇ ਥੋਕ ਦੇ ਭਾਅ ਮੱਛੀਆਂ ਵੇਚਦੀ ਹਨ। (ਦੇਖੋ Koli women: fish, friendship and fighting spirit )। ਗੱਲ ਤੋਰਦਿਆਂ ਕਹਿੰਦੇ ਹਨ,''ਸਾਡੀਆਂ ਬੇੜੀਆਂ ਉੱਚੀਆਂ ਲਹਿਰਾਂ ਨਾਲ਼ ਟਕਰਾ ਕੇ ਬਰਬਾਦ ਹੋ ਗਈਆਂ, ਅਸੀਂ ਲੱਖਾਂ ਰੁਪਏ ਹੇਠ ਆ ਗਏ। ਸਰਕਾਰ ਸੋਚਦੀ ਹੈ ਸਾਨੂੰ ਸਿਰਫ਼ ਕੁਝ ਹਜ਼ਾਰ ਰੁਪਏ ਦੇ ਕੇ, ਦੂਸਰਿਆਂ ਦੀਆਂ ਨਜ਼ਰਾਂ ਵਿੱਚ ਚੰਗੀ ਬਣ ਜਾਵੇ। ਇਸ ਗੱਲ ਨੂੰ ਲੈ ਕੇ ਮਛੇਰੇ ਹਾਲੇ ਵੀ ਗੁੱਸੇ ਵਿੱਚ ਹਨ। ਸਰਕਾਰ ਉਂਝ ਵੀ ਸਾਡੇ, ਯਾਨਿਕ ਕੋਲੀ ਮਛੇਰਿਆਂ ਲਈ ਕੁਝ ਨਹੀਂ ਕਰਦੀ, ਪਰ ਅਜਿਹੇ ਚੱਕਰਵਾਤਾਂ ਦੌਰਾਨ ਸਾਨੂੰ ਪੂਰਾ ਮੁਆਵਜ਼ਾ ਮਿਲ਼ਣਾ ਚਾਹੀਦਾ ਹੈ।''
ਇਨ੍ਹਾਂ ਰੁਕਾਵਟਾਂ ਤੋਂ ਇਲਾਵਾ, ਮੱਛੀ ਫੜ੍ਹਨ ਦੇ ਕੰਮ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਦਿਲੀਪ ਕਹਿੰਦੇ ਹਨ,''ਜਦੋਂ ਮੈਂ ਛੋਟਾ ਹੁੰਦਾ ਸਾਂ, ਤਦ ਮੱਛੀ ਦੀ ਕੀਮਤ ਘੱਟ ਸੀ, ਪਰ ਡੀਜ਼ਲ (ਬੇੜੀ ਲਈ) ਦੀ ਕੀਮਤ ਵੀ 20 ਰੁਪਏ ਪ੍ਰਤੀ ਲੀਟਰ ਹੀ ਸੀ। ਹੁਣ ਡੀਜ਼ਲ 100 ਰੁਪਏ ਦੇ ਕਰੀਬ ਪਹੁੰਚ ਗਿਆ ਹੈ ਤੇ ਫੜ੍ਹੀਆਂ ਜਾਣ ਵਾਲ਼ੀਆਂ ਮੱਛੀਆਂ ਦੀ ਗਿਣਤੀ ਵੀ ਘੱਟ ਰਹੀ ਹੈ।''
ਉਹ ਕਹਿੰਦੇ ਹਨ ਕਿ ਮਛੇਰਿਆਂ ਦੇ ਜਾਲ਼ ਵਿੱਚ ਸੁਰਮਈ, ਪਾਮਫ੍ਰੇਟ ਅਤੇ ਸਾਰਡਿਨ ਜਿਹੀਆਂ ਘੱਟ ਪਸੰਦ ਕੀਤੀਆਂ ਜਾਣ ਵਾਲ਼ੀਆਂ ਮੱਛੀਆਂ ਫਸਦੀਆਂ ਹਨ। ਸੈਂਟਰਲ ਮੈਰੀਨ ਫਿਸ਼ਰੀਸ ਰਿਸਰਚ ਇੰਸਟੀਚਿਊਟ (ਕੇਂਦਰੀ ਸਮੁੰਦਰੀ ਮੱਛੀਆਂ ਖੋਜ ਸੰਸਥਾ) ਮੁਤਾਬਕ, 2019 ਵਿੱਚ, ਮਹਾਰਾਸ਼ਟਰ ਦੇ ਤਟ ਵਿਖੇ ਫੜ੍ਹ ਕੇ ਲਿਆਂਦੀਆਂ ਜਾਣ ਵਾਲ਼ੀਆਂ ਮੱਛੀਆਂ ਦੀ ਗਿਣਤੀ (ਬੰਦਰਗਾਹਾਂ 'ਤੇ ਲਿਆਂਦੀਆਂ ਜਾਣ ਵਾਲ਼ੀਆਂ ਮੱਛੀਆਂ) ਵਿੱਚ ਪਿਛਲੇ ਸਾਲ ਦੇ ਮੁਕਾਬਲੇ 32 ਫ਼ੀਸਦੀ ਗਿਰਾਵਟ ਆਈ ਸੀ। ਰਿਪੋਰਟ ਵਿੱਚ ਇਸ ਗਿਰਾਵਟ ਦਾ ਅਧਾਰ ਉਸ ਸਾਲ ਭਾਰਤ ਤੇ ਉਹਦੇ ਨੇੜੇ-ਤੇੜੇ ਆਏ ਚੱਕਰਵਾਤੀ ਤੂਫ਼ਾਨਾਂ ਨੂੰ ਦੱਸਿਆ ਗਿਆ ਹੈ ਜਿਨ੍ਹਾਂ ਵਿੱਚ ਛੇ ਬੇਹੱਦ ਗੰਭੀਰ ਚੱਕਰਵਾਤ ਆਏ ਸਨ।
''ਸਾਡੀ ਰੋਜ਼ੀਰੋਟੀ ਪੂਰੀ ਤਰ੍ਹਾਂ ਨਾਲ਼ ਕੁਦਰਤ ਸਿਰ ਟਿਕੀ ਹੈ। ਜੇ ਕੁਦਰਤ ਸਾਡੇ ਪ੍ਰਤੀ ਚੰਗਾ ਵਤੀਰਾ ਨਹੀਂ ਰੱਖੇਗੀ ਤਾਂ ਸਾਡਾ ਕੰਮ ਤੇ ਜੀਵਨ ਦੋਵੇਂ ਮੁੱਕ ਜਾਣਗੇ,'' ਦਿਲੀਪ ਕਹਿੰਦੇ ਹਨ।
ਇਸ ਸਭ ਦੇ ਉੱਪਰੋਂ, ਕੋਵਿਡ-19 ਮਹਾਂਮਾਰੀ ਆਉਣ ਕਾਰਨ, ਸਸੂਨ ਡਾਕ ਦੇ ਮਛੇਰੇ ਇਸ ਤੂਫ਼ਾਨ ਦਾ ਵੀ ਟਾਕਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਤਰਜਮਾ: ਕਮਲਜੀਤ ਕੌਰ