“ਲੌਕਡਾਊਨ ਨੇ ਸਾਨੂੰ ਬਰਬਾਦ ਕਰ ਦਿੱਤਾ ਹੈ,” ਅਬਦੁਲ ਮਜੀਦ ਭੱਟ ਕਹਿੰਦੇ ਹਨ। “ਮੇਰੀ ਦੁਕਾਨ ਵਿਚ ਆਖਰੀ ਸੈਲਾਨੀ ਮਾਰਚ ਵਿਚ ਆਇਆ ਸੀ।”
ਜੂਨ ਤੋਂ ਲਾਕਡਾਊਨ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਵੀ ਸ੍ਰੀਨਗਰ ਦੀ ਡਲ ਝੀਲ ਵਿਖੇ ਭੱਟ ਦੀਆਂ ਜੋ ਚਮੜੇ ਅਤੇ ਸਥਾਨਕ ਦਸਤਕਾਰੀ (ਵਸਤੂਆਂ) ਦੀਆਂ ਤਿੰਨ ਦੁਕਾਨਾਂ ਹਨ ਉਨ੍ਹਾਂ ’ਤੇ ਕੋਈ ਗਾਹਕ ਨਹੀਂ ਆਇਆ ਹੈ ਅਤੇ ਹੁਣ 5 ਅਗਸਤ, 2019 ਨੂੰ ਕਸ਼ਮੀਰ ਵਿੱਚ ਧਾਰਾ 370 ਨੂੰ ਰੱਦ ਕਰਨ ਦੇ ਨਾਲ ਸ਼ੁਰੂ ਹੋਏ ਇਕ ਕਠਿਨ ਦੌਰ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।
ਇਹ ਦੋਵੇਂ ਸਮੱਸਿਆਵਾਂ ਸੈਰ-ਸਪਾਟੇ ਤੇ ਇਸ ਨਾਲ ਸਬੰਧਤ ਕੰਮ ਕਾਜ ਨੂੰ ਠੱਪ ਕਰ ਰਹੀਆਂ ਹਨ, ਜੋ ਕਿ ਭੱਟ ਵਰਗੇ ਕਈਆਂ ਦੀ ਰੋਜ਼ੀ-ਰੋਟੀ ਦਾ ਜ਼ਰੀਆ ਹੈ।
“6-7 ਮਹੀਨਿਆਂ ਦੀ ਇਸ ਬੰਦੀ ਤੋਂ ਬਾਅਦ ਜਦੋਂ ਸੈਰ-ਸਪਾਟੇ ਦਾ ਸੀਜਨ ਸ਼ੁਰੂ ਹੋਣ ਹੀ ਵਾਲਾ ਸੀ ਕਿ ਕੋਰੋਨਾ ਦਾ ਲੌਕਡਾਊਨ ਸ਼ੁਰੂ ਹੋ ਗਿਆ,” 62 ਸਾਲਾ ਭੱਟ ਕਹਿੰਦੇ ਹਨ, ਜੋ ਕਿ ਡਲਝੀਲ ਦੇ ਬਟਾਪੋਰਾ ਕਲਾਂ ਖੇਤਰ ਦੇ ਨਿਵਾਸੀ ਹਨ ਅਤੇ ਇਕ ਸਤਿਕਾਰਯੋਗ ਬਜ਼ੁਰਗ ਹਨ। ਉਹ ਲੇਕਸਾਈਡ ਟੂਰਿਸਟ ਟਰੇਡਰਜ਼ ਐਸੋਸੀਏਸ਼ਨ (Lakeside Tourist Traders Association) ਦੇ ਪ੍ਰਧਾਨ ਵੀ ਹਨ, ਉਹਨਾਂ ਅਨੁਸਾਰ ਜਿਹਦੇ ਕਰੀਬ 70 ਮੈਂਬਰ ਹਨ।
ਝੀਲ ਦੇ ਸੈਰ-ਸਪਾਟੇ ਨਾਲ਼ ਚੱਲਦੀ ਆਰਥਿਕਤਾ 'ਤੇ ਨਿਰਭਰ ਰਹਿਣ ਵਾਲ਼ੇ ਸ਼੍ਰੀਨਗਰ ਦੇ ਬਹੁਤ ਸਾਰੇ ਲੋਕ, ਜਿਨ੍ਹਾਂ ਵਿੱਚ ਕੁਝ ਸ਼ਿਕਾਰੇ ਚਲਾਉਣ ਵਾਲ਼ੇ (ਪੀਲੀਆਂ ਟੈਕਸੀਨੁਮਾ ਕਿਸ਼ਤੀਆਂ ਚਲਾਉਣ ਵਾਲੇ), ਰੇੜ੍ਹੀਆਂ ਵਾਲੇ, ਦੁਕਾਨ ਮਾਲਕ ਵੀ ਸ਼ਾਮਲ ਹਨ, ਵੀ ਕੁਝ ਕੁਝ ਉਨ੍ਹਾਂ ਜਿਹੀਆਂ ਗੱਲਾਂ ਹੀ ਕਰਦੇ ਹਨ, ਜਿਨ੍ਹਾਂ ਲਈ ਪਿਛਲੇ 12 ਮਹੀਨੇ, ਡਲ, ਸੈਰ-ਸਪਾਟਾ ਰਸਾਲਿਆਂ (ਸੂਚੀ- ਪੱਤਰਾਂ) ਅੰਦਰ ਛਪਣ ਵਾਲ਼ੀਆਂ ਖ਼ੂਬਸੂਰਤ ਫ਼ੋਟੋਆਂ ਤੋਂ ਇਲਾਵਾ ਕੁਝ ਵੀ ਨਹੀਂ ਰਹੀ। (ਦੇਖੋ Srinagar's shikaras: still waters run deep losses )
ਉਹਨਾਂ ਵਿੱਚੋਂ ਇਕ ਹਨ, ਨਹਿਰੂ ਪਾਰਕ ਦੀ 27 ਸਾਲਾ ਹਫ਼ਜ਼ਾ ਭੱਟ, ਜਿਹਨਾਂ ਨੇ ਕੋਰੋਨਾ ਵਾਇਰਸ ਦੇ ਲੌਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣਾ ਇਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਿਆ ਸੀ। ਜੰਮੂ ਐਂਡ ਕਸ਼ਮੀਰ ਐਂਟਰਪ੍ਰਨਿਓਰ ਡੈਵਲਪਮੈਂਟ ਇੰਸਟੀਚਿਊਟ ਤੋਂ 24 ਦਿਨਾਂ ਦਾ ਕੋਰਸ ਕਰਨ ਤੋਂ ਬਾਅਦ ਹਫ਼ਜ਼ਾ, ਜੋ ਕਿ ਸ਼੍ਰੀਨਗਰ ਵਿਚ ਇਕ ਸਕੂਲ ਅਧਿਆਪਕ ਵੀ ਹਨ, ਨੂੰ ਇੰਸਟੀਚਿਊਟ ਤੋਂ ਹੀ 4 ਲੱਖ ਰੁਪਏ ਦਾ ਲੋਨ ਘੱਟ ਵਿਆਜ ’ਤੇ ਮਿਲ ਗਿਆ ਸੀ। “ਮੈਂ ਡਰੈੱਸਾਂ ਅਤੇ ਕਪੜਿਆਂ ਦਾ ਸਟਾਕ ਖਰੀਦਿਆ। ਜਦੋਂ ਲੌਕਡਾਊਨ ਦਾ ਐਲਾਨ ਹੋਇਆ ਉਦੋਂ ਤੱਕ ਮੈਂ ਸਟਾਕ ਦਾ ਸਿਰਫ 10-20 ਫ਼ੀਸਦ ਹਿੱਸਾ ਹੀ ਵੇਚ ਸਕੀ ਸਾਂ। ਹੁਣ ਮੈਂ ਕਿਸ਼ਤਾਂ ਦਾ ਭੁਗਤਾਨ ਕਰਨ ਲਈ ਮੁਸ਼ੱਕਤ ਕਰ ਰਹੀ ਹਾਂ,” ਉਹ ਕਹਿੰਦੀ ਹਨ।
ਡਲ ਝੀਲ ਦੇ ਅੰਦਰ 18 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਬਹੁਤ ਸਾਰੇ ਟਾਪੂ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਨਹਿਰੂ ਪਾਰਕ, ਬੱਸ ਇਸੇ ਇਲਾਕੇ ਵਿੱਚ 70 ਸਾਲਾ ਅਬਦੁਲ ਰਜ਼ਾਕ ਦਾਰ ਰਹਿੰਦੇ ਹਨ। ਉਹ ਸ਼੍ਰੀਨਗਰ ਵਿੱਚ ਬੁਲੇਵਾਰਡ ਰੋਡ ਦੇ ਨਾਲ ਪੈਂਦੇ ਇੱਕ ਘਾਟ ਤੋਂ ਸ਼ਿਕਾਰਾ ਤੋਰਦੇ ਹਨ। “ ਇਤਨੀ ਖ਼ਰਾਬ ਹਾਲਤ ਨਹੀਂ ਦੇਖੀ ਆਜ ਤਕ [ਮੈਂ ਅੱਜ ਤੱਕ ਇੰਨੀ ਬੁਰੀ ਹਾਲਤ ਕਦੇ ਨਹੀਂ ਦੇਖੀ],” ਉਹ ਕਹਿੰਦੇ ਹਨ।
“ਕੋਰੋਨਾ ਲੌਕਡਾਊਨ ਨੇ ਸੈਰ-ਸਪਾਟੇ ਨਾਲ ਸਬੰਧਤ ਕਾਰੋਬਾਰ ਦਾ ਜੋ ਵੀ ਕੁਝ ਬਚਿਆ ਸੀ ਸਭ ਖ਼ਤਮ ਕਰ ਦਿਤਾ,” ਉਹ ਅੱਗੇ ਕਹਿੰਦੇ ਹਨ। “ਅਸੀਂ ਪਿਛਾਂਹ ਵੱਲ ਧੱਕੇ ਜਾ ਰਹੇ ਹਾਂ। ਸਾਡੀ ਹਾਲਤ ਪਿਛਲੇ ਸਾਲ ਨਾਲੋਂ ਵੀ ਬੁਰੀ ਹੋ ਗਈ ਹੈ। ਮੇਰੇ ਪਰਿਵਾਰ ਵਿਚ ਚਾਰ ਜੀਅ ਹਨ ਜੋ ਇਸ ਸ਼ਿਕਾਰੇ ਤੋਂ ਹੁੰਦੀ ਕਮਾਈ 'ਤੇ ਨਿਰਭਰ ਹਨ। ਅਸੀਂ ਬਰਬਾਦ ਹੋ ਰਹੇ ਹਾਂ। ਜਿੰਨਾ ਭੋਜਨ ਪਹਿਲਾਂ ਅਸੀਂ ਇਕ ਡੰਗ ਖਾਂਦੇ ਹੁੰਦੇ ਸਾਂ ਓਨਾ ਭੋਜਨ ਹੀ ਹੁਣ ਅਸੀਂ ਤਿੰਨ ਡੰਗਾਂ ਵਿੱਚ ਖਾਂਦੇ ਹਾਂ। ਸ਼ਿਕਾਰੇ ਕਿੱਦਾਂ ਚਲਣਗੇ ਜਦੋਂ ਤਕ ਸ਼ਿਕਾਰੇ ਚਲਾਉਣ ਵਾਲਿਆਂ ਕੋਲ ਕੁਝ ਖਾਣ ਲਈ ਹੀ ਨਹੀਂ ਹੋਵੇਗਾ?”
ਉਹਨਾਂ ਤੋਂ ਅੱਗੇ ਬੈਠੇ ਨਹਿਰੂ ਪਾਰਕ ਦੇ ਅਬੀ ਕਰਾਪੁਰਾ ਮੁਹੱਲੇ ਦੇ 60 ਸਾਲਾ ਵਲੀ ਮੁਹੰਮਦ ਭੱਟ ਕਹਿੰਦੇ ਹਨ,“ਪਿਛਲਾ ਇਕ ਸਾਲ ਸਾਡੇ ਸਭਨਾਂ ਲਈ ਬਹੁਤ ਔਖਿਆਈ ਭਰਿਆ ਰਿਹਾ ਹੈ। ਧਾਰਾ 370 ਨੂੰ ਰੱਦ ਕਰਨ ਤੋਂ ਪਹਿਲਾਂ ਉਹਨਾਂ ਨੇ ਇਕ ਆਦੇਸ਼ ਜਾਰੀ ਕਰਕੇ ਸਾਰੇ ਸੈਲਾਨੀਆਂ ਨੂੰ ਬਾਹਰ ਕੱਢ ਦਿੱਤਾ ਅਤੇ ਸਭ ਕੁਝ ਬੰਦ ਹੋ ਗਿਆ। ਫਿਰ ਕੋਰੋਨਾ ਵਾਇਰਸ ਆ ਗਿਆ ਅਤੇ ਇਸ ਨੇ ਸਾਨੂੰ ਬੁਰੀ ਤਰ੍ਹਾਂ ਥੱਲੇ ਲਾ ਦਿੱਤਾ।” ਭੱਟ ਆਲ ਜੇ ਐਂਡ ਕੇ ਟੈਕਸੀ ਸ਼ਿਕਾਰਾ ਓਨਰਜ਼ ਐਸੋਸੀਏਸ਼ਨ (All J&K Taxi Shikara Owners Association) ਦੇ ਪ੍ਰਧਾਨ ਹਨ, ਜਿਸਦੇ ਅਧੀਨ, ਉਹਨਾਂ ਅਨੁਸਾਰ, ਡਲ ਅਤੇ ਨਿਗੀਨ ਝੀਲ ਦੇ 35 ਵੱਡੇ ਤੇ ਛੋਟੇ ਘਾਟ ਆਉਂਦੇ ਹਨ ਅਤੇ 4,000 ਪੰਜੀਕ੍ਰਿਤ ਸ਼ਿਕਾਰੇ ਵਾਲੇ ਹਨ।
ਉਹ ਆਪਣਾ ਸਮੂਹਿਕ ਨੁਕਸਾਨ ਕਰੋੜਾਂ ਵਿਚ ਦੱਸਦੇ ਹਨ। ਭੱਟ ਅਨੁਸਾਰ ਜਦੋਂ ਸੀਜ਼ਨ ਸਿਖ਼ਰ ’ਤੇ ਹੁੰਦਾ ਤਾਂ ਉਹਨਾਂ ਦੀ ਐਸੋਸੀਏਸ਼ਨ ਦਾ ਹਰੇਕ ਮੈਂਬਰ ਦਿਹਾੜੀ ਦੇ ਘੱਟੋ-ਘੱਟ 1,500 ਤੋਂ 2,000 ਰੁਪਏ ਕਮਾ ਲੈਂਦਾ ਸੀ। ਸ਼ਿਕਾਰੇ ਵਾਲੇ ਸਿਰਫ ਚਾਰ ਮਹੀਨਿਆਂ [ਅਪ੍ਰੈਲ-ਮਈ ਤੋਂ ਅਗਸਤ-ਸਤੰਬਰ] ਦੇ ਸੀਜ਼ਨ ਵਿਚ ਹੀ ਪੂਰੇ ਸਾਲ ਜੋਗੇ ਪੈਸੇ ਇਕੱਠੇ ਕਰ ਲੈਂਦੇ ਸੀ, ਪਰ ਕੋਰੋਨਾਵਾਇਰਸ ਦੇ ਲੌਕਡਾਊਨ ਨੇ ਇਹ ਮੌਕਾ ਹੱਥੋਂ ਖੋਹ ਲਿਆ। ਭਾਵੇਂ ਵਿਆਹ ਹੁੰਦਾ ਜਾਂ ਕੋਈ ਹੋਰ ਖ਼ਰਚਾ, ਸਭ ਉਸ [ਟੂਰੀਜ਼ਮ] ਸੀਜ਼ਨ ਦੌਰਾਨ ਹੋਈ ਆਮਦਨ ’ਤੇ ਨਿਰਭਰ ਹੁੰਦਾ ਸੀ।”
ਇਹਨਾਂ ਮਹੀਨਿਆਂ (ਉਤਪਾਦਕ) ਦੇ ਘਾਟੇ ਨੂੰ ਪੂਰਾ ਕਰਨ ਲਈ ਕੁਝ ਸ਼ਿਕਾਰੇ ਵਾਲਿਆਂ ਦੇ ਪਰਿਵਾਰਾਂ ਨੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਵੇਂ ਕਿ ਅਬਦੁਲ ਰੱਜ਼ਾਕ ਦੇ ਦੋ ਪੁੱਤਰ ਜੋ ਆਪਣੀ ਉਮਰ ਦੇ 40ਵੇਂ ਸਾਲ ਵਿਚ ਹਨ। “ਉਹ ਵੀ ਪਹਿਲਾਂ ਸ਼ਿਕਾਰਾ ਚਲਾਉਂਦੇ ਸਨ, ਪਰ ਸਮੇਂ ਨੂੰ ਦੇਖਦੇ ਹੋਏ ਮੈਂ ਉਹਨਾਂ ਨੂੰ ਨਦੀਨ ਸਾਫ ਕਰਨ ਵਾਲੇ (de-weeding) ਪ੍ਰੋਜੈਕਟ ਨਾਲ ਜੁੜਨ ਦੀ ਸਲਾਹ ਦਿੱਤੀ,” ਦਾਰ ਕਹਿੰਦੇ ਹਨ।
ਉਹ ਜੰਮੂ-ਕਸ਼ਮੀਰ ਝੀਲਾਂ ਅਤੇ ਜਲ ਮਾਰਗ ਵਿਕਾਸ ਅਥਾਰਟੀ (J&K Lakes and Waterways Development Authority) ਦੁਆਰਾ ਕੀਤੇ ਗਏ ਕੰਮਾਂ ਦਾ ਹਵਾਲਾ ਦੇ ਰਹੇ ਹਨ। ਨਦੀਨ ਹਟਾਉਣ ਦਾ ਕੰਮ ਮੌਸਮੀ ਅਧਾਰ ’ਤੇ ਉਪਲਬਧ ਹੁੰਦਾ ਹੈ, ਜਦੋਂ ਨਿਯਮਿਤ ਤੌਰ ’ਤੇ ਸ਼ਿਕਾਰੇ ਨਹੀਂ ਚੱਲਦੇ ਤਾਂ ਇਹ ਨਦੀਨ ਉੱਗ ਆਉਂਦੇ ਹਨ। ਨਦੀਨਾਂ ਨੂੰ ਹਟਾਉਣ ਲਈ ਮਸ਼ੀਨਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ ਅਤੇ ਕਦੇ- ਕਦਾਈਂ ਸਥਾਨਕ ਠੇਕੇਦਾਰ ਦੁਆਰਾ ਮਜ਼ਦੂਰਾਂ ਨੂੰ ਵੀ ਲਗਾਇਆ ਜਾਂਦਾ ਹੈ।
ਡਲ ਝੀਲ ਦੇ ਨਹਿਰੂ ਪਾਰਕ ਦੇ 32 ਸਾਲਾ ਸ਼ਬੀਰ ਅਹਿਮਦ ਭੱਟ ਨੇ ਵੀ ਜੁਲਾਈ ਦੇ ਅੱਧ ਤੋਂ ਇਹੀ ਕੰਮ ਸ਼ੁਰੂ ਕੀਤਾ ਹੈ। ਗਰਮੀਆਂ ਦੇ ਚਾਰ ਮਹੀਨਿਆਂ ਦੌਰਾਨ ਉਹ ਗੁਆਂਢੀ ਲੱਦਾਖ ਵਿੱਚ ਸ਼ਾਲਾਂ ਅਤੇ ਹੋਰ ਕਸ਼ਮੀਰੀ ਦਸਤਕਾਰੀ ਦਾ ਸਮਾਨ ਵੇਚਣ ਦੀ ਦੁਕਾਨ ਚਲਾਇਆ ਕਰਦੇ ਸਨ, ਜਿਸ ਤੋਂ ਲਗਭਗ 30,000 ਰੁਪਏ ਪ੍ਰਤੀ ਮਹੀਨਾ ਕਮਾਈ ਹੁੰਦੀ ਸੀ। ਸਰਦੀਆਂ ਵਿੱਚ ਉਹ ਗੋਆ ਜਾਂ ਕੇਰਲਾ ਜਾ ਕੇ ਸਮਾਨ ਵੇਚਦੇ ਸੀ। ਜਦੋਂ 22 ਮਾਰਚ ਨੂੰ ਲਾਕਡਾਊਨ ਦਾ ਐਲਾਨ ਹੋਇਆ ਤਾਂ ਉਹਨਾਂ ਨੂੰ ਘਰ ਪਰਤਣਾ ਪਿਆ। ਕਈ ਮਹੀਨਿਆਂ ਤੱਕ ਵਿਹਲੇ ਰਹਿਣ ਦੇ ਬਾਅਦ ਉਹ ਆਪਣੇ ਛੋਟੇ ਭਰਾ, 28 ਸਾਲਾ ਸ਼ੌਕਤ ਅਹਿਮਦ ਦੇ ਨਾਲ ਝੀਲ ਵਿੱਚੋਂ ਨਦੀਨ ਸਾਫ਼ ਕਰਨ ਦੇ ਪ੍ਰੋਜੈਕਟ ਨਾਲ ਜੁੜ ਗਏ।
“ਅਸੀਂ ਚਾਰ ਚਿਨਾਰੀ ਨੇੜੇ ਡਲ ਝੀਲ ਤੋਂ ਨਦੀਨ ਕੱਢਦੇ ਹਾਂ ਅਤੇ ਉਨ੍ਹਾਂ ਨੂੰ ਸੜਕ ਤੱਕ ਲੈ ਕੇ ਜਾਂਦੇ ਹਾਂ ਜਿਥੋਂ ਉਹ ਇਨ੍ਹਾਂ ਨਦੀਨਾਂ ਨੂੰ ਟਰੱਕਾਂ ਵਿਚ ਲੱਦ ਕੇ ਲੈ ਜਾਂਦੇ ਹਨ,” ਸ਼ਬੀਰ ਦੱਸਦੇ ਹਨ। “ਸਾਨੂੰ ਦੋ ਜਾਣਿਆਂ ਨੂੰ ਇਕ ਗੇੜੇ ਦੇ 600 ਰੁਪਏ ਮਿਲਦੇ ਹਨ, ਜਿਸ ਵਿੱਚੋਂ 200 ਰੁਪਏ ਉਸ ਵੱਡੀ ਕਾਰਗੋ (ਮਾਲਵਾਹਕ) ਕਿਸ਼ਤੀ ਦਾ ਕਿਰਾਇਆ ਨਿਕਲ ਜਾਂਦਾ ਹੈ ਜਿਹਨੂੰ ਕਿ ਅਸੀਂ ਚਲਾਉਂਦੇ ਜਾਂਦੇ ਹਾਂ। ਹੁਣ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਨਦੀਨਾਂ ਨੂੰ ਪੁਚਾਉਣ ਲਈ ਅਸੀਂ ਕਿੰਨੇ ਗੇੜੇ ਲਾਉਂਦੇ ਹਾਂ, ਪਰ ਜ਼ਿਆਦਾਤਰ ਦੋ ਗੇੜੇ ਲਾਹੁਣੇ ਹੀ ਸੰਭਵ ਹੋ ਪਾਉਂਦੇ ਹਨ। ਪਾਣੀ ’ਚੋਂ ਨਦੀਨਾਂ ਨੂੰ ਖਿੱਚ ਕੇ ਕੱਢਣ ’ਚ ਬਹੁਤ ਜ਼ੋਰ ਲੱਗਦਾ ਹੈ। ਅਸੀਂ ਸਵੇਰੇ ਜਲਦੀ, ਲਗਭਗ 6 ਵਜੇ, ਨਿਕਲਦੇ ਹਾਂ ਅਤੇ ਦੁਪਹਿਰ 1 ਵਜੇ ਵਾਪਿਸ ਆ ਜਾਂਦੇ ਹਾਂ। ਅਸੀਂ ਦੋ ਗੇੜੇ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਕੁਝ ਪੈਸੇ ਕਮਾਏ ਜਾ ਸਕਣ।”
ਸ਼ਬੀਰ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਕਦੇ ਵੀ ਇੰਨੀ ਸਖ਼ਤ ਸਰੀਰਕ ਮਜ਼ਦੂਰੀ ਨਹੀਂ ਕੀਤੀ ਸੀ। ਉਹਨਾਂ ਦੇ ਪਰਿਵਾਰ ਕੋਲ ਝੀਲ ਦੇ ਟਾਪੂਆਂ ’ਤੇ ਕੁਝ ਛੋਟੀਆਂ ਜਿਹੀਆਂ ਜੋਤਾਂ ਸਨ, ਪਰ ਉਨ੍ਹਾਂ ਜੋਤਾਂ 'ਤੇ ਉਹਨਾਂ ਦੇ ਪਿਤਾ, ਮਾਤਾ ਅਤੇ ਉਹਨਾਂ ਦਾ ਇਕ ਭਰਾ ਥੋੜ੍ਹੀ ਬਹੁਤ ਖੇਤੀ ਕਰਦੇ ਹਨ।
“ਲਾਕਡਾਊਨ ਸ਼ੁਰੂ ਹੋਣ ਤੋਂ ਬਾਅਦ ਅਸੀਂ ਲੰਬੇ ਸਮੇਂ ਤੱਕ ਕੋਈ ਕੰਮ ਨਹੀਂ ਕੀਤਾ,” ਸ਼ਬੀਰ ਕਹਿੰਦੇ ਹਨ। “ਜਦੋਂ ਰੋਜ਼ੀ-ਰੋਟੀ ਦਾ ਕੋਈ ਵਿਕਲਪ ਨਾ ਬਚਿਆ, ਮੈਂ ਡਲ ਵਿੱਚੋਂ ਨਦੀਨ ਕੱਢਣ ਦਾ ਇਹ ਕੰਮ ਸ਼ੁਰੂ ਕਰ ਲਿਆ। ਅਸੀਂ ਇਸ ਸਰੀਰਕ ਮਜ਼ਦੂਰੀ ਨਾਲੋਂ ਆਪਣੇ ਸੈਲਾਨੀ ਵਪਾਰ ਨੂੰ ਤਰਜੀਹ ਦਿੰਦੇ ਹਾਂ ਕਿਉਂਕਿ ਅਸੀਂ ਸਾਰੀ ਉਮਰ ਉਹੀ ਕੀਤਾ ਹੈ। ਪਰ ਕਿਉਂਕਿ ਹੁਣ ਇੱਥੇ ਕੋਈ ਸੈਰ-ਸਪਾਟਾ ਨਹੀਂ ਰਿਹਾ, ਇਸ ਲਈ ਸਾਡੇ ਕੋਲ ਜਿਉਂਦੇ ਰਹਿਣ ਦਾ ਇਹੀ ਇੱਕੋ- ਇੱਕ ਵਿਕਲਪ ਸੀ। ਹੁਣ ਜੇਕਰ ਅਸੀਂ ਆਪਣੇ ਪਰਿਵਾਰ ਦੇ ਖ਼ਰਚੇ ਹੀ ਪੂਰੇ ਕਰ ਸਕੀਏ ਤਾਂ ਬਹੁਤ ਵੱਡੀ ਗੱਲ ਹੈ।"
ਸ਼ਬੀਰ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰ ਨੂੰ ਘਰ ਦਾ ਖ਼ਰਚਾ ਅੱਧਾ ਕਰਨਾ ਪਿਆ। “ਅਸੀਂ ਆਪਣਾ ਸਟਾਕ [ਸ਼ਾਲਾਂ, ਚਮੜੇ ਦੇ ਬੈਗ ਤੇ ਜੈਕਟਾਂ, ਨਕਲੀ ਗਹਿਣੇ ਆਦਿ] ਨਹੀਂ ਵੇਚ ਸਕਦੇ– ਕੋਈ ਵੀ ਇਹਨਾਂ ਨੂੰ ਸਾਡੇ ਕੋਲੋਂ ਨਹੀਂ ਖਰੀਦੇਗਾ ਅਤੇ ਹੁਣ ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਇਸ ਤੋਂ ਇਲਾਵਾ ਸਾਡੇ ਸਿਰ ਬਹੁਤ ਸਾਰਾ ਕਰਜ਼ਾ ਹੈ। [ਖ਼ਾਸਕਰ ਉਧਾਰ ’ਤੇ ਖਰੀਦੇ ਸਟਾਕ ਕਾਰਨ]”
ਸ਼ਬੀਰ ਚਾਹੁੰਦੇ ਹਨ ਕਿ ਸਰਕਾਰ ਡਲ ਦੇ ਟਾਪੂਆਂ 'ਤੇ ਰਹਿਣ ਵਾਲੇ ਲੋਕਾਂ ਦੇ ਸੰਘਰਸ਼ ਨੂੰ ਸਮਝੇ। “ਜੇਕਰ ਉਹ ਇੱਥੇ ਆ ਕੇ ਸਰਵੇਖਣ ਕਰਕੇ ਦੇਖਣ, ਤਾਂ ਉਹਨਾਂ ਨੂੰ ਇੱਥੋਂ ਦੀਆਂ ਮੁਸ਼ਕਲਾਂ ਦਾ ਪਤਾ ਲੱਗੇਗਾ। ਇੱਥੇ ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਹੈ। ਕਈਆਂ ਦੇ ਪਰਿਵਾਰਕ ਮੈਂਬਰ ਬਿਮਾਰ ਹਨ ਜਾਂ ਘਰ ਕੋਈ ਅਜਿਹਾ ਮੈਂਬਰ ਨਹੀਂ ਹੈ ਜੋ ਕਮਾਈ ਕਰ ਸਕੇ। ਜੇਕਰ ਸਰਕਾਰ ਇੱਥੇ ਆ ਕੇ ਦੇਖ ਸਕਦੀ ਹੋਵੇ ਅਤੇ ਅਜਿਹੇ ਲੋਕਾਂ ਨੂੰ ਫੰਡ ਦੇ ਸਕਦੀ ਹੋਵੇ ਤਾਂ ਇਹ ਵੱਡੀ ਰਾਹਤ ਹੋਵੇਗੀ।”
ਉਹ ਝੀਲ ਦੇ ਵਾਸੀਆਂ ਦੀ ਹਾਲਤ ਦੀ ਤੁਲਨਾ ਸ੍ਰੀਨਗਰ ਸ਼ਹਿਰ ਦੇ ਵਸਨੀਕਾਂ ਨਾਲ ਕਰਦੇ ਹਨ, ਜਿੱਥੇ ਉਹਨਾਂ ਅਨੁਸਾਰ ਵਿਕਲਪ ਇੰਨੇ ਸੀਮਤ ਨਹੀਂ ਹਨ। “ਡਲ ਵਿਖੇ ਅਸੀਂ ਸੈਰ-ਸਪਾਟੇ ਨਾਲ ਸਬੰਧਤ ਕਿੱਤਿਆਂ ਨੂੰ ਛੱਡ ਕੇ ਬਹੁਤਾ ਕੁਝ ਨਹੀਂ ਕਰ ਸਕਦੇ। ਵੱਧ ਤੋਂ ਵੱਧ ਅਸੀਂ [ਕਿਸ਼ਤੀਆਂ ਰਾਹੀਂ ਇੱਕ ਟਾਪੂ ਮੁਹੱਲੇ ਤੋਂ ਦੂਜੇ ਤੱਕ] ਸਬਜ਼ੀਆਂ ਵੇਚ ਸਕਦੇ ਹਾਂ। ਅਸੀਂ ਉਹ ਕੰਮ ਨਹੀਂ ਕਰ ਸਕਦੇ ਜੋ ਸ਼ਹਿਰ ਦੇ ਲੋਕ ਕਰ ਸਕਦੇ ਹਨ ਜਾਂ ਅਸੀਂ ਸਮਾਨ ਵੇਚਣ ਲਈ ਕੋਈ ਰੇੜ੍ਹੀ ਨਹੀਂ ਲਾ ਸਕਦੇ। ਜੇਕਰ ਸੈਰ-ਸਪਾਟਾ ਦੁਬਾਰਾ ਸ਼ੁਰੂ ਹੁੰਦਾ ਹੈ, ਤਾਂ ਸਾਨੂੰ ਰੁਜ਼ਗਾਰ ਮਿਲੇਗਾ, ਪਰ ਇਸ ਸਮੇਂ ਅਸੀਂ ਸੰਘਰਸ਼ ਕਰ ਰਹੇ ਹਾਂ।"
ਕਿਸ਼ਤੀ ਰਾਹੀਂ ਸਬਜ਼ੀਆਂ ਵੇਚਣਾ ਵੀ ਕੌਈ ਸੌਖਾ ਕੰਮ ਨਹੀਂ। ਬਟਾਪੋਰਾ ਕਲਾਂ ਤੋਂ ਬੀ.ਏ. ਦੀ ਵਿਦਿਆਰਥਣ 21 ਸਾਲਾ ਅੰਦਲੀਬ ਫਯਾਜ਼ ਬਾਬਾ ਕਹਿੰਦੀ ਹਨ, “ਮੇਰੇ ਪਿਤਾ ਇੱਕ ਕਿਸਾਨ ਹਨ। ਉਹ ਕਈ ਮਹੀਨਿਆਂ ਤੋਂ ਕਮਾਈ ਨਹੀਂ ਕਰ ਸਕੇ ਕਿਉਂਕਿ ਉਹ ਘਰੋਂ ਬਾਹਰ ਨਿਕਲਣ ਦੇ ਯੋਗ ਨਹੀਂ ਸਨ। ਸਾਰੀਆਂ ਸਬਜ਼ੀਆਂ ਬਰਬਾਦ ਹੋ ਗਈਆਂ ਕਿਉਂਕਿ ਉਹ ਆਪਣੇ ਗਾਹਕਾਂ ਨੂੰ ਬਹੁਤ ਘੱਟ ਡਿਲਿਵਰੀ ਕਰ ਸਕੇ। ਇਸ ਨੇ ਸਾਡੇ ਪਰਿਵਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਮੇਰੇ ਪਿਤਾ ਪਰਿਵਾਰ ਦੇ ਇਕਲੌਤੇ ਕਮਾਊ ਮੈਂਬਰ ਹਨ। ਅੰਦਲੀਬ ਦਾ ਛੋਟਾ ਭਰਾ ਅਤੇ ਦੋ ਭੈਣਾਂ ਹਨ ਅਤੇ ਸਾਰੇ ਪੜ੍ਹਦੇ ਹਨ, ਉਹਨਾਂ ਦੀ ਮਾਂ ਇੱਕ ਘਰੇਲੂ ਔਰਤ ਹੈ। “ਸਾਨੂੰ ਸਕੂਲ ਦੀ ਪੂਰੀ ਫੀਸ ਅਤੇ ਮੇਰੇ ਕਾਲਜ ਦੀ ਫੀਸ ਵੀ ਅਦਾ ਕਰਨੀ ਪਈ। ਬਾਕੀ ਜੇ ਕੋਈ ਐਮਰਜੈਂਸੀ ਹੁੰਦੀ ਹੈ ਤਾਂ [ਸ਼੍ਰੀਨਗਰ] ਕੰਢੇ ਤੱਕ ਪਹੁੰਚਣ ਲਈ ਸਾਨੂੰ ਝੀਲ ਨੂੰ ਪਾਰ ਕਰਕੇ ਜਾਣਾ ਪੈਂਦਾ ਹੈ।”
ਇੱਥੋਂ ਤੱਕ ਕਿ ਜਿਹੜੇ ਲੋਕ ਸ਼ਹਿਰ ਵਿੱਚ ਰਹਿੰਦੇ ਹਨ ਪਰ ਰੋਜ਼ੀਰੋਟੀ ਵਾਸਤੇ ਝੀਲ ਦੇ ਸੈਰ-ਸਪਾਟੇ ’ਤੇ ਹੀ ਨਿਰਭਰ ਕਰਦੇ ਹਨ, ਉਨ੍ਹਾਂ ਨੇ ਵੀ ਮੁਸ਼ਕਿਲਾਂ ਭਰੇ ਕਈ ਮਹੀਨੇ ਦੇਖੇ ਹਨ। ਇਨ੍ਹਾਂ ਵਿਚ ਸ਼੍ਰੀਨਗਰ ਦੇ ਸ਼ਾਲੀਮਾਰ ਇਲਾਕੇ ਦੇ ਮੁਹੰਮਦ ਸ਼ਫੀ ਸ਼ਾਹ ਵੀ ਸ਼ਾਮਲ ਹਨ। ਸੈਰ-ਸਪਾਟੇ ਦੇ ਸੀਜ਼ਨ ਦੌਰਾਨ ਉਹ ਘਾਟ ਤੋਂ ਲਗਭਗ 10 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਪਿਛਲੇ 16 ਸਾਲਾਂ ਤੋਂ ਸ਼ਿਕਾਰਾਂ ਚਲਾ ਰਹੇ ਹਨ ਅਤੇ ਚੰਗੇ ਦਿਨਾਂ ਵਿਚ ਲਗਭਗ 1,000-1,500 ਰੁਪਏ/ਦਿਹਾੜੀ ਕਮਾ ਲੈਂਦੇ ਸਨ। ਪਰ ਪਿਛਲੇ ਸਾਲ ਤੋਂ ਉਹਨਾਂ ਦੇ ਸ਼ਿਕਾਰੇ ਵਿੱਚ ਚੜ੍ਹਨ ਵਾਲੇ ਸੈਲਾਨੀਆਂ ਦੀ ਗਿਣਤੀ ਬਹੁਤੀ ਨਹੀਂ ਰਹੀ। “ਜਦੋਂ ਤੋਂ ਉਨ੍ਹਾਂ ਨੇ ਧਾਰਾ 370 ਨੂੰ ਹਟਾਇਆ ਹੈ, ਅਸੀਂ ਕੰਮ ਤੋਂ ਵਾਂਝੇ ਹੋ ਗਏ ਹਾਂ ਅਤੇ ਕੋਰੋਨਵਾਇਰਸ ਲੌਕਡਾਊਨ ਤੋਂ ਬਾਅਦ ਤਾਂ ਇਹ ਹੋਰ ਵੀ ਬਦਤਰ ਹੋ ਗਿਆ ਹੈ,” ਉਹ ਕਹਿੰਦੇ ਹਨ।
“ਮੈਂ ਡਲ ਵਿਖੇ ਰਿਹਾ ਕਰਦਾ ਸਾਂ, ਪਰ ਸਰਕਾਰ ਨੇ ਸਾਨੂੰ ਉੱਥੋਂ ਬਾਹਰ ਕੱਢ ਦਿੱਤਾ,” ਉਹ ਇੱਕ ਪੁਨਰਵਾਸ ਮੁਹਿੰਮ ਦਾ ਹਵਾਲਾ ਦਿੰਦੇ ਹੋਏ ਅੱਗੇ ਕਹਿੰਦੇ ਹਨ। “ਮੈਂ ਸ਼ਾਲੀਮਾਰ ਤੋਂ ਰੋਜ਼ਾਨਾ ਇੱਥੇ [ਕਿਸੇ ਨਾਲ ਸਵਾਰੀ ਕਰ ਕੇ] ਆਉਂਦਾ ਹਾਂ। ਸਰਦੀਆਂ ਵਿੱਚ ਮੈਂ ਕੰਮ ਲਈ ਬਾਹਰ [ਗੋਆ ਵਿੱਚਬੀਚਾਂ 'ਤੇ ਦਸਤਕਾਰੀ ਸਮਾਨ ਵੇਚਣ ਲਈ] ਜਾਂਦਾ ਸੀ ਪਰ ਲੌਕਡਾਊਨ ਦੌਰਾਨ ਮੈਂ 50 ਦਿਨਾਂ ਤੱਕ ਫਸਿਆ ਰਿਹਾ ਅਤੇ ਮੇਰਾ ਕੰਮ ਠੱਪ ਪੈ ਗਿਆ। ਮੈਂ ਮਈ ਦੇ ਅੰਤ ਵਿੱਚ ਵਾਪਸ ਆਇਆ ਅਤੇ ਇੱਕ ਹਫ਼ਤੇ ਲਈ ਕੁਆਰੰਟੀਨ ਵਿੱਚ ਰਿਹਾ…”
ਡਲ ਝੀਲ 'ਤੇ ਹਰੇਕ ਘਾਟ ’ਤੇ ਸ਼ਿਕਾਰੇ ਵਾਲੇ ਇੱਕ ਯੂਨੀਅਨ ਬਣਾ ਲੈਂਦੇ ਹਨ – ਇਹ ਸਾਰੇ ਆਲ ਜੰਮੂ-ਕਸ਼ਮੀਰ ਟੈਕਸੀ ਸ਼ਿਕਾਰਾ ਔਨਰਜ਼ ਯੂਨੀਅਨ (All J&K Taxi Shikara Owners Union) ਅਧੀਨ ਆਉਂਦੇ ਹਨ – ਅਤੇ ਹਰੇਕ ਸ਼ਿਕਾਰੇ ਦੁਆਰਾ ਕਮਾਏ ਗਏ ਪੈਸੇ ਨੂੰ ਇਕੱਠਾ ਕਰਦੇ ਹਨ। ਫਿਰ ਉਸ ਆਮਦਨ ਨੂੰ ਮੈਂਬਰਾਂ ਵਿੱਚ ਬਰਾਬਰ ਵੰਡਦੇ ਹਨ। ਜਿਸ ਘਾਟ ’ਤੇ ਸ਼ਫੀ ਕੰਮ ਕਰਦੇ ਹਨ ਉੱਥੇ ਲਗਭਗ 15 ਸ਼ਿਕਾਰੇ ਹਨ।
“ਜੇ ਕੋਈ ਸਥਾਨਕ (ਬਾਸ਼ਿੰਦਾ) ਆਉਂਦਾ ਹੈ, ਜੋ ਕਿ ਕਦੇ-ਕਦਾਈਂ ਹੀ ਹੁੰਦਾ ਹੈ, ਅਸੀਂ ਉਨ੍ਹਾਂ ਨੂੰ ਸ਼ਿਕਾਰੇ ਵਿਚ ਘੁਮਾ ਕੇ 400-500 ਰੁਪਏ ਕਮਾ ਲੈਂਦੇ ਹਾਂ, ਜਿਸਨੂੰ ਫਿਰ ਇਸ ਟੈਕਸੀ ਸਟੈਂਡ ਦੇ 10-15 ਲੋਕਾਂ ਵਿਚ ਵੰਡਿਆ ਜਾਂਦਾ ਹੈ ਅਤੇ ਪ੍ਰਤੀ ਵਿਅਕਤੀ ਹਿੱਸਾ 50 ਰੁਪਏ ਬਣਦਾ ਹੈ। ਮੈਨੂੰ ਇੰਨੇ ਕੁ ਨਾਲ ਕੀ ਲਾਭ ਹੋਵੇਗਾ।ਸਾਡੇ ਕੋਲ ਇਸ ਸ਼ਿਕਾਰੇ ਤੋਂ ਇਲਾਵਾ ਆਮਦਨੀ ਦਾ ਹੋਰ ਕੋਈ ਸਾਧਨ ਨਹੀਂ ਹੈ। ਮੇਰਾ ਘਰ ਕਿਵੇਂ ਚੱਲੇਗਾ? ਕੀ ਇਹ ਬਰਬਾਦ ਨਹੀਂ ਹੋ ਜਾਵੇਗਾ?"
ਸ਼ਫੀ ਕਹਿੰਦੇ ਹਨ ਕਿ ਉਹਨਾਂ ਨੇ ਆਪਣਾ ਸ਼ਿਕਾਰਾ ਟੈਕਸੀ ਲਾਇਸੈਂਸ ਟੂਰੀਜ਼ਮ ਵਿਭਾਗ ਨੂੰ ਜਮ੍ਹਾ ਕਰਵਾ ਦਿੱਤਾ ਸੀ, ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਸਰਕਾਰ ਹਰੇਕ ਸ਼ਿਕਾਰੇ ਵਾਲੇ ਨੂੰ ਤਿੰਨ ਮਹੀਨਿਆਂ ਤੱਕ ਪ੍ਰਤੀ ਮਹੀਨਾ 1,000 ਰੁਪਏ ਦੇਵੇਗੀ, ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ।
ਬੁਲੇਵਾਰਡ ਰੋਡ ਦੇ ਪਾਰ, ਝੀਲ ਦੇ ਅੰਦਰ, ਅਬਦੁਲ ਰਸ਼ੀਦ ਬਦਿਆਰੀ, ਜੋ ਕਿ ਆਪਣੀ ਉਮਰ ਦੇ 50ਵੇਂ ਸਾਲ ਵਿੱਚ ਹਨ, ਆਪਣੀ ਖ਼ਾਲੀ ਹਾਊਸਬੋਟ, 'ਐਕਰੋਪੋਲਿਸ' ਦੇ ਸਾਹਮਣੇ ਵਾਲੇ ਦਲਾਨ ’ਤੇ ਢੋਅ ਲਾਈ ਬੈਠੇ ਹਨ– ਇਸ ਵਿੱਚ ਹੱਥੀਂ ਬਣੀਆਂ ਲੱਕੜ ਦੀਆਂ ਕੰਧਾਂ ਹਨ, ਆਲੀਸ਼ਾਨ ਸੋਫੇ ਰੱਖੇ ਹੋਏ ਹਨ ਅਤੇ ਛੱਤ 'ਤੇ ਪਰੰਪਰਾਗਤ ਸਜਾਵਟੀ ਖਟਮਬੰਦ ਸ਼ੈਲੀ ਨਾਲ਼ ਨੱਕਾਸ਼ੀ ਕੀਤੀ ਹੋਈ ਹੈ। ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਸ ਵਿੱਚ ਇੱਕ ਵੀ ਗਾਹਕ ਨਹੀਂ ਦੇਖਿਆ ਗਿਆ।
“ਜਦੋਂ ਤੋਂ ਮੈਂ ਆਪਣੇ ਬਾਲਗ਼ ਜੀਵਨ ਵਿੱਚ ਪ੍ਰਵੇਸ਼ ਕੀਤਾ ਹੈ, ਮੈਂ ਇਹ ਹਾਊਸਬੋਟ ਚਲਾ ਰਿਹਾ ਹਾਂ। ਮੇਰੇ ਤੋਂ ਪਹਿਲਾਂ, ਮੇਰੇ ਪਿਤਾ ਜੀ ਅਤੇ ਦਾਦਾ ਜੀ ਵੀ ਇਹੀ ਕਰਦੇ ਸਨ ਅਤੇ ਮੈਨੂੰ ਇਹ ਕਿਸ਼ਤੀ ਉਨ੍ਹਾਂ ਤੋਂ ਵਿਰਾਸਤ ਵਿੱਚ ਮਿਲੀ ਸੀ,” ਬਦਿਆਰੀ ਕਹਿੰਦੇ ਹਨ। “ਪਰ ਸਾਡੇ ਲਈ ਸਭ ਕੁਝ ਠੱਪ ਹੈ, ਦੋ ਤਾਲਾਬੰਦੀਆਂ ਤੋਂ ਬਾਅਦ ਕੋਈ ਗਾਹਕ ਨਹੀਂ ਆਇਆ ਹੈ। ਮੇਰੇ ਕੋਲ ਆਖ਼ਰੀ ਗਾਹਕ ਧਾਰਾ 370 ਤੋਂ ਪਹਿਲਾਂ ਆਇਆ ਸੀ। ਕੋਰੋਨਵਾਇਰਸ ਲੌਕਡਾਊਨ ਦਾ ਮੇਰੇ ਉੱਤੇ ਜ਼ਿਆਦਾ ਅਸਰ ਨਹੀਂ ਪਿਆ ਕਿਉਂਕਿ ਉਦਾਂ ਵੀ ਇੱਥੇ ਕੋਈ ਸੈਲਾਨੀ ਰਿਹਾ ਹੀ ਨਹੀਂ ਸੀ। ਸਭ ਕੁਝ ਘਾਟੇ ਵਿੱਚ ਚਲ ਰਿਹਾ ਹੈ, ਇੱਥੋਂ ਤੱਕ ਕਿ ਸੰਪੱਤੀ (ਜਾਇਦਾਦ) ਵੀ ਸੜ ਰਹੀ ਹੈ।"
ਬਦਿਆਰੀ ਦਾ ਪੰਜ ਮੈਂਬਰੀ ਪਰਿਵਾਰ ਹਾਊਸਬੋਟ ਵਿਚ ਰਹਿਣ ਵਾਲੇ ਸੈਲਾਨੀਆਂ ਦੀ ਆਮਦਨ 'ਤੇ ਨਿਰਭਰ ਕਰਦਾ ਸੀ। “ਮੈਂ ਇੱਕ ਰਾਤ ਦੇ 3,000 ਰੁਪਏ ਲੈਂਦਾ ਸੀ। ਸੀਜ਼ਨ ਦੇ ਮਹੀਨਿਆਂ ਦੌਰਾਨ ਮੇਰੀ ਕਿਸ਼ਤੀ ਭਰ ਜਾਂਦੀ ਸੀ। ਰੇੜੀਆਂ ਵਾਲੇ ਅਤੇ ਹੋਰ ਦੂਜੇ ਵੀ ਮੇਰੇ ਹਾਊਸਬੋਟ ਵਿੱਚ ਠਹਿਰਣ ਵਾਲੇ ਸੈਲਾਨੀਆਂ ਨੂੰ ਆਪਣਾ ਸਮਾਨ ਵੇਚਦੇ ਅਤੇ ਕਮਾਈ ਕਰਦੇ ਸਨ ਅਤੇ ਸ਼ਿਕਾਰੇ ਵਾਲੇ ਵੀ ਮੇਰੇ ਗਾਹਕਾਂ ਨੂੰ ਝੀਲ ਦੇ ਆਲੇ ਦੁਆਲੇ ਘੁਮਾ ਕੇ ਕਮਾਈ ਕਰਿਆ ਕਰਦੇ ਸਨ। ਹੁਣ ਇਨ੍ਹਾਂ ਸਾਰਿਆਂ ਦਾ ਕੰਮ ਵੀ ਠੱਪ ਹੋ ਗਿਆ ਹੈ। ਮੇਰੇ ਕੋਲ ਜੋ ਵੀ ਬੱਚਤ ਸੀ, ਮੈਂ ਉਸ ਵਿੱਚੋਂ ਹੀ ਖ਼ਰਚ ਕਰ ਰਿਹਾ ਹਾਂ ਅਤੇ ਥੋੜਾ-ਬਹੁਤਾ ਕਰਜ਼ ਵੀ ਲਿਆ ਹੈ।” ਬਦਿਆਰੀ ਨੇ ਹਾਊਸਬੋਟ ਦੀ ਦੇਖਭਾਲ ਲਈ ਇਕ ਨੌਕਰ ਰੱਖਿਆ ਹੋਇਆ ਸੀ,ਪਰ ਉਸਦੀ ਤਨਖਾਹ ਦੇਣ ਵਿੱਚ ਅਸਮਰੱਥ ਹੋਣ ਕਾਰਨ ਉਸਨੂੰ ਵੀ ਕੰਮ ਤੋਂ ਕੱਢਣਾ ਪਿਆ। “ਭਵਿੱਖ ਆਸਵੰਦ ਨਹੀਂ ਲੱਗਦਾ, ਮੈਂ ਨਹੀਂ ਚਾਹੁੰਦਾ ਕਿ ਮੇਰਾ ਪੁੱਤਰ ਵੀ ਇਹੀ ਕੰਮ ਕਰੇ,” ਉਹ ਕਹਿੰਦੇ ਹਨ।
ਇਨ੍ਹਾਂ ਮਹੀਨਿਆਂ ਦੌਰਾਨ ਕੁਝ ਲੋਕਾਂ ਨੇ ਸੰਘਰਸ਼ ਕਰ ਰਹੇ ਸ਼ਿਕਾਰੇ ਵਾਲੇ ਅਤੇ ਵਪਾਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ; ਉਨ੍ਹਾਂ ਵਿੱਚੋਂ ਇਕ ਹਨ, ਅਬਦੁਲ ਮਜੀਦ ਭੱਟ (ਲੇਕਸਾਈਡ ਟੂਰਿਸਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ)। “ਸਾਡੇ ਕੋਲ ਸਾਡੀ ਐਸੋਸੀਏਸ਼ਨ ਦੇ ਮੈਂਬਰਾਂ ਲਈ ਐਮਰਜੈਂਸੀ ਲਈ ਲਗਭਗ 6 ਲੱਖ ਰੁਪਏ ਦਾ ਟਰੱਸਟ ਸੀ,”ਉਹ ਕਹਿੰਦੇ ਹਨ। “ਅਸੀਂ ਇਹ ਉਨ੍ਹਾਂ ਲੋਕਾਂ ਵਿਚ ਵੰਡ ਦਿੱਤੇ ਜੋ ਸਭ ਤੋਂ ਵੱਧ ਕਮਜ਼ੋਰ ਸਨ ਤਾਂ ਜੋ ਉਹ ਆਪਣੇ ਘਰ ਚਲਾ ਸਕਣ।”
ਭੱਟ ਦੱਸਦੇ ਹਨ ਕਿ ਸੀਜ਼ਨ ਦੌਰਾਨ ਉਹ 10 ਵਿਅਕਤੀਆਂ ਨੂੰ ਨੌਕਰੀ 'ਤੇ ਰੱਖਦੇ ਅਤੇ ਬਦਲੇ ਵਿੱਚ ਹਰੇਕ ਨੂੰ 10,000-15,000 ਰੁਪਏ ਤਨਖ਼ਾਹ ਦਿੰਦੇ। “ਮੈਨੂੰ ਉਹਨਾਂ ਵਿੱਚੋਂ ਬਹੁਤਿਆਂ ਨੂੰ ਕੰਮ ਤੋਂ ਹਟਾਉਣਾ ਪਿਆ ਕਿਉਂਕਿ ਮੈਂ ਉਹਨਾਂ ਦੀ ਤਨਖ਼ਾਹ ਨਹੀਂ ਦੇ ਪਾ ਰਿਹਾ ਸਾਂ,”ਉਹ ਕਹਿੰਦੇ ਹਨ। “ਮੈਂ ਆਪਣੇ ਪਰਿਵਾਰ ਨਾਲ ਮਸ਼ਵਰਾ ਕਰਨ ਤੋਂ ਬਾਅਦ ਕੁਝ ਲੋਕਾਂ ਨੂੰ ਵਾਪਸ ਰੱਖ ਲਿਆ ਜੋ ਬਹੁਤ ਗਰੀਬ ਸਨ। ਅਸੀਂ ਉਨ੍ਹਾਂ ਨੂੰ ਉਹੀ ਖੁਆਉਂਦੇ ਹਾਂ ਜੋ ਅਸੀਂ ਖੁਦ ਖਾਂਦੇ ਹਾਂ। ਉਂਝ ਮੈਂ ਕਿਸੇ ਨੂੰ ਕੰਮ ’ਤੇ ਰੱਖਣ ਯੋਗ ਨਹੀਂ ਸੀ। ਪਿਛਲੇ ਪੰਜ ਮਹੀਨਿਆਂ ਵਿੱਚ ਮੈਂ ਕੁਝ ਸਥਾਨਕ ਗਾਹਕਾਂ ਤੋਂ 4,000 ਰੁਪਏ ਤੋਂ ਵੀ ਘੱਟ ਦੀ ਕਮਾਈ ਕੀਤੀ ਹੈ।”
ਭੱਟ ਦੱਸਦੇ ਹਨ ਕਿ ਉਹਨਾਂ ਨੇ ਆਪਣੇ ਪਰਿਵਾਰ ਦੇ ਖ਼ਰਚ ਲਈ ਅਤੇ ਕਰਜ਼ਾ ਲਾਹੁਣ ਲਈ ਬੈਂਕ ਤੋਂ ਲੋਨ ਲਿਆ ਹੈ। “ਮੈਨੂੰ ਉਸਦਾ ਵਿਆਜ ਵੀ ਦੇਣਾ ਪੈਣਾ ਹੈ। ਮੇਰੇ ਦੋ ਬੇਟੇ ਅਤੇ ਤਿੰਨ ਭਤੀਜੇ ਵੀ ਮੇਰੇ ਨਾਲ ਕੰਮ ਕਰਦੇ ਹਨ। [ ਉਹਨਾਂ ਦੀਆਂ ਦੋ ਬੇਟੀਆਂ ਵੀ ਹਨ; ਇਕ ਘਰ ਸੰਭਾਲਦੀ ਹੈ ਤੇ ਦੂਜੀ ਘਰ ਦੇ ਕੰਮ ਵਿਚ ਹੱਥ ਵਟਾਉਂਦੀ ਹੈ] ਮੇਰਾ ਬੇਟਾ ਬੀ.ਕਾਮ ਗ੍ਰੈਜੂਏਟ ਹੈ ਅਤੇ ਮੇਰੀ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਸ ਨੂੰ ਸਰੀਰਕ ਮਜ਼ਦੂਰੀ ਲਈ ਭੇਜਾਂ, ਪਰ ਹੁਣ ਸਥਿਤੀ ਹੀ ਅਜਿਹੀ ਹੈ ਕਿ ਉਸ ਨੂੰ ਜਾਣਾ ਪਵੇਗਾ।”
ਭੱਟ ਦਾ ਕਹਿਣਾ ਹੈ ਕਿ ਸਰਕਾਰ ਦਾ ਕੋਈ ਵੀ ਵਿਅਕਤੀ ਡਲ ਝੀਲ ਦੇ ਦੁਕਾਨਦਾਰਾਂ ਅਤੇ ਸ਼ਿਕਾਰੇ ਵਾਲਿਆਂ ਵੱਲ ਧਿਆਨ ਨਹੀਂ ਦਿੰਦਾ। “ਨੁਕਸਾਨ ਦਾ ਜਾਇਜ਼ਾ ਲੈਣ ਲਈ ਕੋਈ ਨਹੀਂ ਆਇਆ।” ਉਹ ਅੱਗੇ ਕਹਿੰਦੇ ਹਨ ਕਿ ਹੁਣ ਜਦੋਂ ਤਾਲਾਬੰਦੀ ਹਟਾ ਦਿੱਤੀ ਗਈ ਹੈ ਤਾਂ ਸਥਾਨਕ ਲੋਕ ਆਮ ਤੌਰ 'ਤੇ ਸ਼ਹਿਰ ਦੀਆਂ ਦੁਕਾਨਾਂ ’ਤੇ ਜਾਂਦੇ ਹਨ। “ਪਰ ਡਲ ਵਿਖੇ ਕਸ਼ਮੀਰੀ ਕਲਾ ਦੀ ਦੁਕਾਨ ’ਤੇ ਕੋਈ ਸਥਾਨਕ ਬਾਸ਼ਿੰਦਾ ਨਹੀਂ ਆਉਂਦਾ। ਡਲ ਦਾ ਇੱਕ ਦੁਕਾਨਦਾਰ 100 ਫੀਸਦੀ ਘਾਟੇ ਵਿੱਚ ਚਲ ਰਿਹਾ ਹੈ।”
ਭੱਟ ਨੇ ਅੱਗੇ ਦੱਸਿਆ ਕਿ ਜੁਲਾਈ ਵਿੱਚ ਦਸਤਕਾਰੀ ਡਾਇਰੈਕਟੋਰੇਟ ਦੇ ਇੱਕ ਅਧਿਕਾਰੀ ਨੇ ਉਨ੍ਹਾਂ ਨੂੰ ਕੁਝ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਆਪਣੀਆਂ ਰਜਿਸਟ੍ਰੇਸ਼ਨਾਂ ਆਨਲਾਈਨ ਜਮ੍ਹਾਂ ਕਰਾਉਣ ਲਈ ਕਿਹਾ ਸੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। “ਉਦੋਂ ਤੋਂ ਸਾਨੂੰ ਨਾ ਤਾਂ ਰਾਜ ਤੋਂ ਅਤੇ ਨਾ ਹੀ ਕੇਂਦਰ ਸਰਕਾਰ ਤੋਂ ਕੋਈ ਉਮੀਦ ਰਹੀ ਹੈ।” ਭੱਟ ਨੇ ਅੱਗੇ ਕਿਹਾ ਕਿ ਹੜਤਾਲਾਂ ਅਤੇ ਕਰਫਿਊ ਦੇ ਲੰਬੇ ਚੱਲੇ ਸਿਲਸਿਲਿਆਂ ਨੇ ਅਨਿਸ਼ਚਿਤਤਾ ਨੂੰ ਹੋਰ ਵਧਾ ਦਿੱਤਾ ਹੈ। “ਮੈਂ ਆਪਣੇ ਬੱਚਿਆਂ ਨੂੰ ਕਹਿ ਦਿੱਤਾ ਹੈ ਕਿ ਡਲ ਦਾ ਅਤੇ ਸਾਡਾ ਭਵਿੱਖ ਬਹੁਤ ਧੁੰਦਲਾ ਜਾਪ ਰਿਹਾ ਹੈ…
ਤਰਜਮਾ: ਇੰਦਰਜੀਤ ਸਿੰਘ