''ਉਸ ਦਿਨ ਸ਼ਾਮੀਂ ਜਦੋਂ ਮੇਰੇ ਪਾਣੀ ਦੀ ਥੈਲੀ ਫਟੀ ਤਾਂ ਮੈਨੂੰ ਤੀਬਰ ਜੰਮਣ-ਪੀੜ੍ਹਾਂ ਛੁੱਟ ਗਈਆਂ। ਪਿਛਲੇ ਤਿੰਨ ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਸੀ ਤੇ ਜਦੋਂ ਕਦੇ ਅਜਿਹਾ ਮੌਸਮ ਹੁੰਦਾ ਤਾਂ ਕਈ-ਕਈ ਦਿਨ ਸੂਰਜ ਨਾ ਨਿਕਲ਼ਦਾ ਜਿਸ ਕਰਕੇ ਸੋਲਰ ਪੈਨਲ ਚਾਰਜ ਨਾ ਹੋ ਪਾਉਂਦੇ।'' ਜੰਮੂ-ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਵਜ਼ੀਰੀਥਲ ਪਿੰਡ ਦੀ 22 ਸਾਲਾ ਸ਼ਮੀਨਾ ਬੇਗਮ ਆਪਣੇ ਦੂਜੇ ਬੱਚੇ ਦੇ ਜਨਮ ਵੇਲ਼ੇ ਦੀ ਗੱਲ ਕਰ ਰਹੀ ਹਨ। ਇਹ ਇੱਕ ਅਜਿਹਾ ਪਿੰਡ ਹੈ ਜਿੱਥੇ ਬਹੁਤਾ ਕਰਕੇ ਧੁੱਪ ਨਹੀਂ ਨਿਕਲ਼ਦੀ ਜਾਂ ਜੇ ਨਿਕਲ਼ਦੀ ਵੀ ਹੈ ਤਾਂ ਰੋਜ਼ ਨਹੀਂ। ਜਿਸ ਕਰਕੇ ਲੋਕੀਂ ਸੋਲਰ ਪਾਵਰ ਊਰਜਾ 'ਤੇ ਹੀ ਭਰੋਸਾ ਕਰਦੇ ਹਨ।
''ਸਾਡਾ ਘਰ ਹਨ੍ਹੇਰੇ 'ਚ ਹੀ ਡੁੱਬਿਆ ਰਹਿੰਦਾ, ਰੌਸ਼ਨੀ ਦਾ ਸ੍ਰੋਤ ਸਿਰਫ਼ ਮਿੱਟੀ ਦੇ ਤੇਲ ਦਾ ਲਾਲਟੈਨ ਹੀ ਹੁੰਦਾ,'' ਸ਼ਮੀਨਾ ਨੇ ਗੱਲ ਜਾਰੀ ਰੱਖੀ। ''ਇਸਲਈ, ਉਸ ਸ਼ਾਮੀਂ ਮੇਰੀਆਂ ਗੁਆਂਢਣਾਂ ਆਪੋ-ਆਪਣੀਆਂ ਲਾਲਟੈਨਾਂ ਫੜ੍ਹੀ ਸਾਡੇ ਘਰ ਆ ਗਈਆਂ। ਪੰਜ ਲਾਲਟੈਨਾਂ ਦੀਆਂ ਲਾਟਾਂ ਨੇ ਕਮਰਾ ਰੁਸ਼ਨਾ ਦਿੱਤਾ ਜਿੱਥੇ ਮੇਰੀ ਮਾਂ ਰਸ਼ੀਦਾ ਦੇ ਜੰਮਣ 'ਚ ਮੇਰੀ ਮਦਦ ਕਰ ਰਹੀ ਸੀ।'' ਅਪ੍ਰੈਲ 2022 ਦੀ ਉਹ ਰਾਤ ਸੀ।
ਵਜ਼ੀਰੀਥਲ ਬਹੁਤ ਹੀ ਮਨਮੋਹਣੇ ਨਜ਼ਾਰਿਆਂ ਵਾਲ਼ਾ ਪਿੰਡ ਹੈ ਜੋ ਬਡੂਗਾਮ ਗ੍ਰਾਮ ਪੰਚਾਇਤ ਅਧੀਨ ਆਉਂਦਾ ਹੈ। ਸ਼੍ਰੀਨਗਰ ਤੋਂ ਕੁੱਲ 10 ਘੰਟਿਆਂ ਦਾ ਰਾਹ ਹੈ, ਜਿੱਥੇ ਤੁਹਾਡੀ ਗੱਡੀ ਨੂੰ ਗੁਰੇਜ਼ ਘਾਟੀ ਥਾਣੀ ਹੋ ਕੇ ਜਾਣ ਵਾਲ਼ੇ ਰਾਜ਼ਦਾਨ ਦੱਰੇ ਤੋਂ ਸਾਢੇ ਚਾਰ ਘੰਟੇ ਉਬੜ-ਖਾਬੜ ਰਸਤਿਆਂ ਤੇ ਅੱਧੀ ਦਰਜਨ ਚੈੱਕ-ਪੋਸਟਾਂ ਨੂੰ ਪਾਰ ਕਰਨਾ ਪੈਂਦਾ ਹੈ ਤੇ ਅਖ਼ੀਰ 10 ਮਿੰਟ ਪੈਦਲ ਤੁਰਨਾ ਪੈਂਦਾ ਹੈ ਜੋ ਤੁਹਾਨੂੰ ਸ਼ਮੀਨਾ ਦੇ ਘਰ ਪਹੁੰਚਾ ਦਿੰਦਾ ਹੈ। ਇੱਥੇ ਪਹੁੰਚਣ ਦਾ ਬੱਸ ਇਹੀ ਇੱਕੋ-ਇੱਕ ਰਾਹ ਹੈ।
ਗੁਰੇਜ ਘਾਟੀ ਵਿੱਚ ਵੱਸਿਆ 24 ਪਰਿਵਾਰਾਂ ਵਾਲ਼ਾ ਇਹ ਪਿੰਡ ਕੰਟਰੋਲ ਰੇਖਾ ਤੋਂ ਕੁਝ ਕੁ ਹੀ ਮੀਲ਼ ਦੂਰ ਹੈ। ਇੱਥੇ ਘਰ ਦੇਵਦਾਰ ਦੀਆਂ ਲੱਕੜਾਂ ਨਾਲ਼ ਬਣੇ ਹਨ ਜਿਨ੍ਹਾਂ ਨੂੰ ਗਾਰੇ ਨਾਲ਼ ਲਿੰਬਿਆ ਗਿਆ ਹੈ ਤਾਂਕਿ ਅੰਦਰ ਨਿੱਘ ਬਣਿਆ ਰਹੇ। ਇੱਥੋਂ ਦੇ ਘਰਾਂ ਦੀਆਂ ਬਰੂਹਾਂ ਦੇ ਬਾਹਰ ਯਾਕ ਦੇ ਸਿੰਙਾਂ ਨੂੰ ਸਜਾਇਆ ਗਿਆ ਹੈ। ਕਿਤੇ ਕਿਤੇ ਇਹ ਅਸਲੀ ਸਿੰਙ ਹੁੰਦੇ ਹਨ ਤੇ ਕਿਤੇ ਕਿਤੇ ਲੱਕੜ ਦੇ ਬਣੇ ਮਸਨੂਈ ਸਿੰਙਾਂ ਨੂੰ ਹਰਾ ਰੰਗ ਪੋਤਿਆ ਹੁੰਦਾ ਹੈ। ਸਾਰੇ ਘਰਾਂ ਦੀਆਂ ਖਿੜਕੀਆਂ ਥਾਣੀ ਸੀਮਾ ਦੇ ਉਸ ਪਾਰ ਦਾ ਨਜ਼ਾਰਾ ਦਿਖਾਈ ਦਿੰਦਾ ਹੈ।
ਸ਼ਮੀਨਾ ਆਪਣੇ ਘਰ ਦੇ ਬਾਹਰ ਪਏ ਲੱਕੜ ਦੇ ਮੋਛਿਆਂ 'ਤੇ ਆਪਣੇ ਦੋ ਬੱਚਿਆਂ, ਦੋ ਸਾਲਾ ਫਰਹਾਜ਼ ਤੇ ਚਾਰ ਮਹੀਨਿਆਂ ਦੀ ਰਸ਼ੀਦਾ (ਬਦਲਿਆ ਨਾਮ) ਨਾਲ਼ ਬੈਠੀ ਸ਼ਾਮ ਦੀ ਅਖ਼ੀਰਲੀ ਧੁੱਪ ਸੇਕ ਰਹੀ ਹਨ। ਮੇਰੀ ਮਾਂ ਕਹਿੰਦੀ ਹੈ ਕਿ ਮੇਰੇ ਜਿਹੀਆਂ ਨਵੀਂ ਬਣੀਆਂ ਮਾਵਾਂ ਨੂੰ ਹਰ ਰੋਜ਼ ਆਪਣੇ ਬੱਚੇ ਦੇ ਨਾਲ਼ ਸਵੇਰ ਤੇ ਸ਼ਾਮ ਦੀ ਧੁੱਪ ਸੇਕਣੀ ਚਾਹੀਦੀ ਹੈ,'' ਉਹ ਕਹਿੰਦੀ ਹਨ। ਹਾਲੇ ਅਗਸਤ ਦਾ ਮਹੀਨਾ ਚੱਲ ਰਿਹਾ ਹੈ। ਬਰਫ਼ ਦੀ ਚਾਦਰ ਹਾਲੇ ਤੀਕਰ ਘਾਟੀ ਨੂੰ ਜੱਫ਼ੀ ਮਾਰੀ ਬੈਠੀ ਹੈ। ਪਰ ਫਿਰ ਵੀ ਬੱਦਲਵਾਈ ਰਹਿੰਦੀ ਹੈ ਤੇ ਕਦੇ-ਕਦਾਈਂ ਮੀਂਹ ਵੀ ਪੈ ਜਾਂਦਾ ਹੈ, ਕਈ-ਕਈ ਦਿਨ ਸੂਰਜ ਨਹੀਂ ਨਿਕਲ਼ਦਾ ਤੇ ਫਿਰ ਬਗ਼ੈਰ ਬਿਜਲੀ ਦੇ ਗੁਜ਼ਾਰਾ ਕਰਨਾ ਪੈਂਦਾ ਹੈ।
ਵਜ਼ੀਰੀਥਲ ਦੇ ਵਾਸੀ 29 ਸਾਲਾ ਮੁਹੰਮਦ ਅਮੀਨ ਕਹਿੰਦੇ ਹਨ,''ਅਜੇ ਮਸਾਂ ਦੋ ਸਾਲ ਪਹਿਲਾਂ (2020 ਵਿੱਚ) ਹੀ ਸਾਨੂੰ ਬਲਾਕ ਆਫ਼ਿਸ ਜ਼ਰੀਏ ਸੋਲਰ ਪੈਨਲ ਮਿਲ਼ੇ ਹਨ। ਉਦੋਂ ਤੱਕ ਸਾਡੇ ਕੋਲ਼ ਸਿਰਫ ਬੈਟਰੀ ਨਾਲ ਚੱਲਣ ਵਾਲ਼ੀਆਂ ਲਾਈਟਾਂ ਤੇ ਲਾਲਟੈਨਾਂ ਹੀ ਹੋਇਆ ਕਰਦੀਆਂ ਸਨ। ਪਰ ਇਨ੍ਹਾਂ (ਸੋਲਰ ਪੈਨਲਾਂ) ਦੇ ਆਉਣ ਨਾਲ਼ ਵੀ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਨਿਕਲ਼ਿਆ।''
ਅਮੀਨ ਕਹਿੰਦੇ ਹਨ,''ਬਡਗਾਮ ਦੇ ਦੂਸਰੇ ਪਿੰਡਾਂ ਨੂੰ ਜਨਰੇਟਰ ਰਾਹੀਂ 7 ਘੰਟੇ ਬਿਜਲੀ ਮਿਲ਼ਦੀ ਹੈ ਤੇ ਸਾਡੇ ਕੋਲ਼ 12 ਵੋਲਟ ਦੀ ਬੈਟਰੀ ਹੈ ਜੋ ਸੋਲਰ ਪੈਨਲ ਨਾਲ਼ ਚਾਰਜ ਹੁੰਦੀ ਹੈ। ਇਹਦੇ ਸਹਾਰੇ ਅਸੀਂ ਵੱਧ ਤੋਂ ਵੱਧ ਦੋ ਦਿਨ ਆਪਣੇ ਘਰਾਂ ਵਿੱਚ ਦੋ ਬਲਬ ਜਗਾ ਸਕਦੇ ਹਾਂ ਤੇ ਆਪਣੇ ਫ਼ੋਨ ਚਾਰਜ ਕਰ ਸਕਦੇ ਹਾਂ। ਇਹਦਾ ਮਤਲਬ ਇਹ ਹੋਇਆ ਕਿ ਜੇਕਰ ਲਗਾਤਾਰ ਦੋ ਦਿਨ ਮੀਂਹ ਪਿਆ ਜਾਂ ਬਰਫ਼ ਪਈ ਤੇ ਸੂਰਜ ਨਾ ਨਿਕਲ਼ਿਆ, ਫਿਰ ਸਾਨੂੰ ਬਿਜਲੀ ਵੀ ਨਹੀਂ ਮਿਲ਼ੇਗੀ।''
ਇੱਥੇ ਠੰਡ ਛੇ ਮਹੀਨੇ ਪੈਂਦੀ ਹੈ, ਜਿਸ ਦੌਰਾਨ ਬਰਫ਼ਬਾਰੀ ਹੁੰਦੀ ਹੈ ਤੇ ਇੱਥੋਂ ਦੇ ਲੋਕਾਂ ਨੂੰ ਅਕਤੂਬਰ ਅਤੇ ਅਪ੍ਰੈਲ ਦੇ ਵਿਚਕਾਰ ਜਾਂ ਤਾਂ 123 ਕਿਲੋਮੀਟਰ ਦੂਰ ਗਾਂਦਰਬਲ ਜਾਣਾ ਪੈਂਦਾ ਹੈ ਜਾਂ ਫਿਰ 108 ਕਿਲੋਮੀਟਰ ਦੂਰ ਸ਼੍ਰੀਨਗਰ ਦੇ ਜ਼ਿਲ੍ਹਿਆਂ ਵੱਲ ਕੂਚ ਕਰਨਾ ਪੈਂਦਾ ਹੈ। ਸ਼ਮੀਨਾ ਦੀ ਗੁਆਂਢਣ ਆਫ਼ਰੀਨ ਦੀਆਂ ਗੱਲਾਂ ਸੁਣ ਕੇ ਠੰਡ ਵੇਲ਼ੇ ਪਿੰਡ ਦਾ ਦ੍ਰਿਸ਼ ਅੱਖਾਂ ਅੱਗੇ ਆ ਗਿਆ। ''ਅਸੀਂ ਅੱਧ ਅਕਤੂਬਰ ਜਾਂ ਮਹੀਨੇ ਦੇ ਅਖੀਰ ਵਿੱਚ ਪਿੰਡ ਛੱਡਣਾ ਸ਼ੁਰੂ ਕਰ ਦਿੰਦੇ ਹਾਂ। ਨਵੰਬਰ ਤੋਂ ਬਾਅਦ ਇੱਥੇ ਰੁੱਕ ਪਾਉਣਾ ਮੁਸ਼ਕਲ ਹੈ।'' ਫਿਰ ਮੇਰੇ ਸਿਰ ਵੱਲ ਇਸ਼ਾਰਾ ਕਰਦਿਆਂ ਉਹ ਅੱਗੇ ਕਹਿੰਦੀ ਹਨ,''ਜਿਸ ਥਾਵੇਂ ਤੁਸੀਂ ਖੜ੍ਹੀ ਹੋ, ਉਹ ਥਾਂ ਇੱਥੋਂ ਤੱਕ (ਸਿਰ ਤੱਕ) ਬਰਫ਼ ਨਾਲ਼ ਢੱਕੀ ਰਹਿੰਦੀ ਹੈ।''
ਇਸ ਸਭ ਦਾ ਮਤਲਬ ਹੋਇਆ ਕਿ ਸਾਲ ਦੇ ਛੇ ਮਹੀਨੇ ਘਰੋਂ ਬਾਹਰ ਕਿਸੇ ਨਵੀਂ ਥਾਂ ਵੱਸ ਜਾਣਾ ਤੇ ਫਿਰ ਸਿਆਲ ਮੁੱਕਿਆਂ ਆਪਣੇ ਘਰ ਪਰਤ ਆਉਣਾ। ''ਕਈ ਲੋਕ (ਗਾਂਦਰਬਲ ਤੇ ਸ਼੍ਰੀਨਗਰ ਵਿਖੇ) ਆਪਣੇ ਰਿਸ਼ਤੇਦਾਰਾਂ ਦੇ ਕੋਲ਼ ਤੇ ਕਈ ਕਿਰਾਏ ਦੇ ਘਰ ਵਿੱਚ ਰਹਿੰਦੇ ਹਨ,'' ਸ਼ਮੀਨਾ ਕਹਿੰਦੀ ਹਨ, ਜਿਨ੍ਹਾਂ ਨੇ ਨਾਭੀ ਰੰਗਾ ਫਿਰਨ ਪਾਇਆ ਹੋਇਆ ਹੈ, ਇਹ ਇੱਕ ਲੰਬੀ ਊਨੀ ਪੁਸ਼ਾਕ ਹੈ ਜੋ ਕਸ਼ਮੀਰੀ ਲੋਕਾਂ ਨੂੰ ਨਿੱਘ ਬਖ਼ਸ਼ਦੀ ਹੈ। ''ਬਰਫ਼ ਦੀ 10 ਫੁੱਟੀ ਚਾਦਰ ਤੋਂ ਇਲਾਵਾ ਇੱਥੇ ਹੋਰ ਕੁਝ ਨਹੀਂ ਦਿੱਸਦਾ। ਉਨ੍ਹੀਂ ਦਿਨੀਂ ਅਸੀਂ ਬਾਮੁਸ਼ਕਲ ਹੀ ਪਿੰਡੋਂ ਬਾਹਰ ਨਿਕਲ਼ ਪਾਉਂਦੇ ਹਾਂ।''
ਸ਼ਮੀਨਾ ਦੇ ਪਤੀ, 25 ਸਾਲਾ ਗ਼ੁਲਾਮ ਮੂਸਾ ਖ਼ਾਨ ਇੱਕ ਦਿਹਾੜੀਦਾਰ ਮਜ਼ਦੂਰ ਹਨ। ਸਰਦੀਆਂ ਦੌਰਾਨ ਅਕਸਰ ਉਨ੍ਹਾਂ ਕੋਲ਼ ਕੋਈ ਕੰਮ ਨਹੀਂ ਰਹਿੰਦਾ। ਸ਼ਮੀਨਾ ਦੱਸਦੀ ਹਨ,''ਜਦੋਂ ਅਸੀਂ ਵਜ਼ੀਰੀਥਲ ਵਿਖੇ ਹੁੰਦੇ ਹਾਂ ਤਾਂ ਉਹ ਬਡਗਾਮ ਦੇ ਨੇੜੇ-ਤੇੜੇ ਤੇ ਕਦੇ-ਕਦਾਈਂ ਬਾਂਦੀਪੁਰ ਸ਼ਹਿਰ ਵਿੱਚ ਕੰਮ ਕਰਦੇ ਹਨ। ਉਹ ਜ਼ਿਆਦਾਤਰ ਸੜਕ ਨਿਰਮਾਣ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਹਨ, ਪਰ ਕਦੇ-ਕਦਾਈਂ ਉਨ੍ਹਾਂ ਨੂੰ ਨਿਰਮਾਣ ਥਾਵਾਂ ਵਿਖੇ ਵੀ ਕੰਮ ਮਿਲ਼ ਜਾਂਦਾ ਹੈ। ਜਦੋਂ ਉਨ੍ਹਾਂ ਕੋਲ਼ ਕੰਮ ਹੁੰਦਾ ਹੈ ਤਾਂ ਉਹ ਹਰ ਰੋਜ਼ ਕਰੀਬ 500 ਰੁਪਏ ਕਮਾ ਲੈਂਦੇ ਹਨ। ਪਰ, ਮੀਂਹ ਦੇ ਮੌਸਮ ਵਿੱਚ ਉਨ੍ਹਾਂ ਨੂੰ ਮਹੀਨੇ ਵਿੱਚ 5 ਤੋਂ 6 ਦਿਨ ਘਰੇ ਬੈਠਣਾ ਪੈਂਦਾ ਹੈ।'' ਉਹ ਦੱਸਦੀ ਹਨ ਕਿ ਕੰਮ ਦੇ ਹਿਸਾਬ ਨਾਲ਼ ਗ਼ੁਲਾਮ ਮੂਸਾ ਮਹੀਨੇ ਦੇ 10,000 ਰੁਪਏ ਕਮਾ ਲੈਂਦੇ ਹਨ।
ਉਹ ਅੱਗੇ ਕਹਿੰਦੀ ਹਨ,''ਪਰ ਜਦੋਂ ਅਸੀਂ ਗਾਂਦਰਬਲ ਚਲੇ ਜਾਂਦੇ ਹਾਂ ਤਾਂ ਉਹ ਆਟੋਰਿਕਸ਼ਾ ਚਲਾਉਂਦੇ ਹਨ। ਉਹ ਉਹਨੂੰ ਕਿਰਾਏ 'ਤੇ ਲੈ ਕੇ ਸ਼੍ਰੀਨਗਰ ਚਲੇ ਜਾਂਦੇ ਹਨ ਜਿੱਥੇ ਸਿਆਲ ਰੁੱਤੇ ਦੂਰੋਂ-ਦੂਰੋਂ ਸੈਲਾਨੀ ਖਿੱਚੇ ਆਉਂਦੇ ਹਨ। ਉੱਥੇ ਵੀ ਉਹ ਮਹੀਨੇ ਵਿੱਚ ਲਗਭਗ ਓਨਾ ਹੀ (10,000 ਰੁਪਏ ਮਹੀਨਾ) ਕਮਾ ਪਾਉਂਦੇ ਹਨ, ਪਰ ਉੱਥੇ ਅਸੀਂ ਬਚਤ ਕੋਈ ਨਹੀਂ ਕਰ ਪਾਉਂਦੇ। ਗਾਂਦਰਬਲ ਵਿਖੇ ਆਵਾਜਾਈ ਦੀਆਂ ਸੁਵਿਧਾਵਾਂ ਵਜ਼ੀਰੀਥਲ ਦੇ ਮੁਕਾਬਲੇ ਬਿਹਤਰ ਹਨ।
ਸ਼ਮੀਨਾ ਕਹਿੰਦੀ ਹਨ,''ਸਾਡੇ ਬੱਚੇ ਉੱਥੇ (ਗਾਂਦਰਬਲ ਵਿਖੇ) ਰਹਿਣਾ ਚਾਹੁੰਦੇ ਹਨ। ਉੱਥੇ ਉਨ੍ਹਾਂ ਨੂੰ ਵੰਨ-ਸੁਵੰਨੇ ਪਕਵਾਨ ਖਾਣ ਨੂੰ ਮਿਲ਼ਦੇ ਹਨ। ਉੱਥੇ ਬਿਜਲੀ ਦੀ ਕੋਈ ਦਿੱਕਤ ਨਹੀਂ ਹੈ। ਪਰ ਉੱਥੇ ਸਾਨੂੰ ਕਿਰਾਇਆ ਦੇਣਾ ਪੈਂਦਾ ਹੈ। ਜਿੰਨਾ ਸਮਾਂ ਅਸੀਂ ਵਜ਼ੀਰੀਥਲ ਰਹਿੰਦੇ ਹਾਂ, ਬੱਚਤ ਕਰਦੇ ਰਹਿੰਦੇ ਹਾਂ।'' ਗਾਂਦਰਬਲ ਵਿਖੇ ਰਾਸ਼ਨ ਵਗੈਰਾ ਖਰੀਦਣ ਨਾਲ਼ ਖਰਚੇ ਦਾ ਬੋਝ ਵੱਧਦਾ ਚਲਾ ਜਾਂਦਾ ਹੈ। ਵਜ਼ੀਰੀਥਲ ਵਿਖੇ ਰਹਿੰਦਿਆਂ ਸ਼ਮੀਨਾ ਕਿਚਨ-ਗਾਰਡਨ ਵਿੱਚ ਸਬਜ਼ੀਆਂ ਤਾਂ ਬੀਜ ਲੈਂਦੀ ਹਨ, ਜਿਸ ਨਾਲ਼ ਪਰਿਵਾਰ ਨੂੰ ਸਬਜ਼ੀ ਬਾਹਰੋਂ ਨਹੀਂ ਖਰੀਦਣੀ ਪੈਂਦੀ। ਇੱਥੇ ਉਨ੍ਹਾਂ ਦਾ ਮਕਾਨ ਵੀ ਆਪਣਾ ਹੈ। ਗਾਂਦਰਬਲ ਵਿੱਚ ਕਿਰਾਏ 'ਤੇ ਘਰ ਲੈਣ ਬਦਲੇ ਉਨ੍ਹਾਂ ਨੂੰ ਮਹੀਨੇ ਦੇ 3,000 ਤੋਂ 3,500 ਰੁਪਏ ਖਰਚਣੇ ਪੈਂਦੇ ਹਨ।
ਸ਼ਮੀਨਾ ਪਾਰੀ ਨੂੰ ਦੱਸਦੀ ਹਨ,''ਜ਼ਾਹਰਾ ਤੌਰ 'ਤੇ ਉੱਥੋਂ ਦੇ ਘਰ ਸਾਡੇ ਇੱਥੋਂ ਜਿੰਨੇ ਤਾਂ ਵੱਡੇ ਨਹੀਂ ਹੁੰਦੇ ਪਰ ਉੱਥੇ ਹਸਪਤਾਲ ਚੰਗੇ ਹਨ ਤੇ ਸੜਕਾਂ ਤਾਂ ਹੋਰ ਵੀ ਵਧੀਆਂ ਹਨ। ਉੱਥੇ ਸਾਰਾ ਕੁਝ ਮਿਲ਼ਦਾ ਹੈ, ਪਰ ਹਰ ਸ਼ੈਅ ਲਈ ਪੈਸੇ ਖਰਚਣੇ ਪੈਂਦੇ ਹਨ। ਪਰ ਸੱਚ ਤਾਂ ਇਹ ਹੈ ਕਿ ਉਹ ਸਾਡਾ ਆਪਣਾ ਘਰ ਨਹੀਂ ਹੈ।'' ਇਨ੍ਹਾਂ ਖਰਚਿਆਂ ਤੋਂ ਬਚਾਅ ਕਰਨ ਲਈ ਉਨ੍ਹਾਂ ਨੂੰ ਤਾਲਾਬੰਦੀ ਦੌਰਾਨ ਵਾਪਸ ਵਜ਼ੀਰੀਥਲ ਜਾਣਾ ਪਿਆ। ਉਸ ਦੌਰਾਨ ਸ਼ਮੀਨਾ ਨੂੰ ਪਹਿਲਾ ਬੱਚਾ ਹੋਣ ਵਾਲ਼ਾ ਸੀ ਤੇ ਇਹ ਉਨ੍ਹਾਂ ਦੇ ਗਰਭ ਦੀ ਅਖ਼ੀਰਲੀ ਤਿਮਾਹੀ ਸੀ।
ਸ਼ਮੀਨਾ ਮੁਸਕਰਾਉਂਦਿਆਂ ਕਹਿੰਦੀ ਹਨ,''ਜਦੋਂ ਮਾਰਚ 2020 ਨੂੰ ਤਾਲਾਬੰਦੀ ਦਾ ਐਲਾਨ ਹੋਇਆ ਤਾਂ ਉਸ ਦੌਰਾਨ ਮੇਰਾ ਸੱਤਵਾਂ ਮਹੀਨਾ ਚੱਲ ਰਿਹਾ ਸੀ ਤੇ ਫਰਹਾਜ਼ ਮੇਰੀ ਕੁੱਖ 'ਚ ਸੀ। ਉਹ ਮਹਾਂਮਾਰੀ ਵਿੱਚ ਪੈਦਾ ਹੋਇਆ ਹੈ। ਅਪ੍ਰੈਲ ਦੇ ਦੂਜੇ ਮਹੀਨੇ ਵਿੱਚ, ਅਸੀਂ ਸਾਲਮ ਗੱਡੀ ਕੀਤੀ ਤੇ ਵਾਪਸ ਆਪਣੇ ਘਰ ਆ ਗਏ ਕਿਉਂਕਿ ਬਗ਼ੈਰ ਕਿਸੇ ਕਮਾਈ ਦੇ ਗਾਂਦਰਬਲ ਰਹਿਣ ਮੁਸ਼ਕਲ ਹੁੰਦਾ ਜਾ ਰਿਹਾ ਸੀ ਤੇ ਕਿਰਾਏ ਤੇ ਭੋਜਨ ਦਾ ਖ਼ਰਚਾ ਤਾਂ ਕਰਨਾ ਹੀ ਪੈਣਾ ਸੀ।''
''ਉਸ ਵੇਲ਼ੇ ਸੈਲਾਨੀਆਂ ਦੇ ਆਉਣ 'ਤੇ ਰੋਕ ਸੀ। ਮੇਰੇ ਪਤੀ ਕੁਝ ਕਮਾ ਨਹੀਂ ਪਾ ਰਹੇ ਸਨ। ਮੇਰੀਆਂ ਦਵਾਈਆਂ ਤੇ ਰਾਸ਼ਨ ਦੇ ਸਮਾਨ ਲਈ ਸਾਨੂੰ ਆਪਣੇ ਰਿਸ਼ਤੇਦਾਰਾਂ ਕੋਲ਼ੋਂ ਉਧਾਰ ਚੁੱਕਣਾ ਪਿਆ ਸੀ। ਹਾਲਾਂਕਿ, ਅਸੀਂ ਉਨ੍ਹਾਂ ਦੇ ਪੈਸੇ ਮੋੜ ਦਿੱਤੇ ਹਨ। ਸਾਡੇ ਮਕਾਨ ਮਾਲਕ ਦੇ ਕੋਲ਼ ਆਪਣੇ ਗੱਡੀ ਸੀ ਤੇ ਮੇਰੀ ਹਾਲਤ ਦੇਖਦਿਆਂ ਉਨ੍ਹਾਂ ਨੇ ਸਾਡੇ ਕੋਲ਼ੋਂ 1,000 ਰੁਪਏ ਕਿਰਾਏ ਵਜੋਂ ਤੇ ਤੇਲ ਦੇ ਕੁਝ ਪੈਸੇ ਲਏ ਤੇ ਸਾਨੂੰ ਗੱਡੀ ਵਰਤਣ ਦਿੱਤੀ। ਇੰਝ ਅਸੀਂ ਘਰ ਵਾਪਸ ਮੁੜ ਸਕੇ।''
ਵਜ਼ੀਰੀਥਲ ਵਿਖੇ ਰਹਿੰਦਿਆਂ ਸਿਰਫ਼ ਬਿਜਲੀ ਦੀ ਅਨਿਯਮਿਤ ਸਪਲਾਈ ਹੀ ਮੁੱਖ ਸਮੱਸਿਆ ਨਹੀਂ, ਸਗੋਂ ਪਿੰਡ ਦੀਆਂ ਸੜਕਾਂ ਦੀ ਖਸਤਾ ਹਾਲਤ ਹੈ ਤੇ ਸਿਹਤ ਦੇਖਭਾਲ਼ ਨਾਲ਼ ਜੁੜੀਆਂ ਸੁਵਿਧਾਵਾਂ ਦੀ ਕਿੱਲਤ ਮੁੱਖ ਸਮੱਸਿਆਵਾਂ ਹਨ। ਵਜ਼ੀਰੀਥਲ ਤੋਂ ਪੰਜ ਕਿਲੋਮੀਟਰ ਦੂਰ ਇੱਕ ਪ੍ਰਾਇਮਰੀ ਸਿਹਤ ਕੇਂਦਰ ਹੈ, ਪਰ ਉੱਥੇ ਇੰਨੀਆਂ ਵੀ ਸੁਵਿਧਾਵਾਂ ਨਹੀਂ ਕਿ ਸਧਾਰਣ ਪ੍ਰਸਵ ਹੀ ਕਰਾਇਆ ਜਾ ਸਕੇ, ਬਾਕੀ ਉੱਥੇ ਲੋੜੀਂਦੇ ਸਿਹਤ ਕਰਮੀ ਹੀ ਨਹੀਂ।
ਵਜ਼ੀਰੀਥਲ ਦੀ ਇੱਕ ਆਂਗਨਵਾੜੀ ਵਰਕਰ, 45 ਸਾਲਾ ਰਾਜਾ ਬੇਗਮ ਪੁੱਛਦੀ ਹਨ,''ਬਡਗਾਮ ਦੇ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸਿਰਫ਼ ਇੱਕੋ ਨਰਸ ਹੈ। ਉਹ ਪ੍ਰਸਵ ਕਿੱਥੇ ਕਰਵਾਉਣਗੇ? ਭਾਵੇਂ ਕੋਈ ਐਮਰਜੈਂਸੀ ਹੋਵੇ, ਗਰਭਪਾਤ ਦਾ ਮਸਲਾ ਹੋਵੇ ਜਾਂ ਬੱਚਾ ਡਿੱਗਣ ਜਿਹੀ ਤਕਲੀਫ਼, ਹਰ ਲੋੜ ਵਾਸਤੇ ਸਾਨੂੰ ਗੁਰੇਜ਼ ਵੱਲ ਭੱਜਣਾ ਪੈਂਦਾ ਹੈ। ਜੇਕਰ ਕਿਸੇ ਮਾਮਲੇ ਵਿੱਚ ਅਪਰੇਸ਼ਨ ਦੀ ਲੋੜ ਹੋਵੇ ਤਾਂ ਸ਼੍ਰੀਨਗਰ ਦੇ ਲਾਲ ਡੇਡ ਹਸਪਤਾਲ ਜਾਣਾ ਪੈਂਦਾ ਹੈ। ਇਹ ਗੁਰੇਜ਼ ਤੋਂ 125 ਕਿਲੋਮੀਟਰ ਦੂਰ ਹੈ ਤੇ ਬਿਖੜੇ ਮੌਸਮ ਵਿੱਚ ਉੱਥੇ ਪੁੱਜਣ ਵਿੱਚ 9 ਘੰਟਿਆਂ ਦਾ ਸਮਾਂ ਲੱਗ ਸਕਦਾ ਹੁੰਦਾ ਹੈ।''
ਸ਼ਮੀਨਾ ਦੱਸਦੀ ਹਨ ਕਿ ਗੁਰੇਜ਼ ਦੇ ਸੀਐੱਚਸੀ (ਕਮਿਊਨਿਟੀ ਸਿਹਤ ਕੇਂਦਰ) ਦਾ ਰਸਤਾ ਕਾਫ਼ੀ ਖ਼ਸਤਾ ਹਾਲਤ ਹੈ। ਸ਼ਮੀਨਾ 2020 ਵਿੱਚ ਆਪਣੀ ਗਰਭਅਵਸਥਾ ਦੇ ਤਜ਼ਰਬੇ ਨੂੰ ਸਾਂਝਿਆਂ ਕਰਦਿਆਂ ਦੱਸਦੀ ਹਨ,''ਹਸਪਤਾਲ ਜਾਣ ਅਤੇ ਵਾਪਸ ਆਉਣ ਵਿੱਚ ਦੋਵੇਂ ਪਾਸੀਂ ਦੋ-ਦੋ ਘੰਟੇ ਲੱਗਦੇ ਹਨ ਤੇ ਹਸਪਤਾਲ (ਸੀਐੱਚਸੀ) ਵਿਖੇ ਮੇਰੇ ਨਾਲ਼ ਐਸਾ ਸਲੂਕ ਹੋਇਆ ਕਿ ਇੱਕ ਸਫ਼ਾਈਕਰਮੀ ਨੇ ਬੱਚਾ ਜੰਮਣ ਵਿੱਚ ਮੇਰੀ ਮਦਦ ਕੀਤੀ। ਨਾ ਤਾਂ ਪ੍ਰਸਵ ਦੌਰਾਨ ਤੇ ਨਾ ਹੀ ਬਾਅਦ ਵਿੱਚ ਕੋਈ ਡਾਕਟਰ ਮੈਨੂੰ ਦੇਖਣ ਆਇਆ ਹੋਣਾ।''
ਗੁਰੇਜ਼ ਵਿੱਚ ਸਥਿਤ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਤੇ ਕਮਿਊਨਿਟੀ ਸਿਹਤ ਕੇਂਦਰ (ਸੀਐੱਚਸੀ) ਦੋਵਾਂ ਵਿੱਚ ਲੰਬੇ ਸਮੇਂ ਤੋਂ ਮੈਡੀਕਲ ਅਫ਼ਸਰਾਂ ਅਤੇ ਮਾਹਰਾਂ ਡਾਕਟਰਾਂ ਦੇ ਨਾਲ਼ ਨਾਲ਼ ਜਨਾਨਾ-ਰੋਗ ਮਾਹਰਾਂ ਤੇ ਬਾਲ-ਰੋਗ ਮਾਹਰਾਂ ਦੇ ਕਈ ਅਹਿਮ ਪਦ ਖਾਲੀ ਹਨ। ਰਾਜ ਦੇ ਮੀਡੀਆ ਵਿੱਚ ਇਹਦੀ ਕਾਫ਼ੀ ਚਰਚਾ ਹੈ। ਰਾਜਾ ਬੇਗ਼ਮ ਦਾ ਕਹਿਣਾ ਹੈ ਕਿ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਸਿਰਫ਼ ਮੁੱਢਲਾ ਇਲਾਜ ਤੇ ਐਕਸ-ਰੇਅ ਵਰਗੀਆਂ ਸੁਵਿਧਾਵਾਂ ਹੀ ਉਪਲਬਧ ਹਨ। ਉਸ ਤੋਂ ਇਲਾਵਾ, ਕਿਸੇ ਵੀ ਹੋਰ ਇਲਾਜ ਵਾਸਤੇ ਮਰੀਜਾਂ ਨੂੰ ਉੱਥੋਂ 32 ਕਿਲੋਮੀਟਰ ਦੂਰ ਗੁਰੇਜ਼ ਦੇ ਕਮਿਊਨਿਟੀ ਸਿਹਤ ਕੇਂਦਰ ਜਾਣ ਲਈ ਕਹਿ ਦਿੱਤਾ ਜਾਂਦਾ ਹੈ।
ਪਰ ਗੁਰੇਜ਼ ਦੇ ਸੀਐੱਚਸੀ ਦੀ ਹਾਲਤ ਬੜੀ ਖ਼ਰਾਬ ਹੈ। ਬਲਾਕ ਮੈਡੀਕਲ ਅਫ਼ਸਰ ਦੀ ਰਿਪੋਰਟ (ਸਤੰਬਰ 2022 ਵਿੱਚ ਸੋਸ਼ਲ ਮੀਡਿਆ 'ਤੇ ਪ੍ਰਸਾਰਤ) ਦੱਸਦੀ ਹੈ ਕਿ ਬਲਾਕ ਵਿਖੇ 11 ਮੈਡੀਕਲ ਅਫ਼ਸਰਾਂ, 3 ਦੰਦ-ਮਾਹਰਾਂ, ਇੱਕ ਸਧਾਰਣ ਡਾਕਟਰ, ਇੱਕ ਬਾਲ-ਰੋਗ ਮਾਹਰ ਤੇ ਇੱਕ ਜਣੇਪਾ ਤੇ ਜਨਾਨਾ-ਰੋਗ ਮਾਹਰ ਸਣੇ 3 ਮਾਹਰਾਂ ਦੇ ਪਦ ਖਾਲੀ ਪਏ ਹਨ। ਇਹ ਨੀਤੀ ਅਯੋਗ ਦੀ ਉਸ ਹੈਲਥ ਇੰਡੈਕਸ ਰਿਪੋਰਟ ਦਾ ਖੰਡਨ ਕਰਦੀ ਹੈ ਜਿਸ ਅੰਦਰ ਕਿਹਾ ਗਿਆ ਹੈ ਕਿ ਖਾਲੀ ਪਦਾਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਸੁਧਾਰ ਹੋਇਆ ਹੈ।
ਸ਼ਮੀਨਾ ਦੇ ਘਰ ਤੋਂ 5-6 ਘਰ ਦੂਰ 48 ਸਾਲਾ ਆਫ਼ਰੀਨ ਰਹਿੰਦੀ ਹਨ, ਜਿਨ੍ਹਾਂ ਕੋਲ਼ ਆਪਣੀ ਅੱਡ ਹੀ ਕਹਾਣੀ ਹੈ। ਉਹ ਹਿੰਦੀ ਅਤੇ ਕਸ਼ਮੀਰੀ ਨੂੰ ਰਲ਼ਾ-ਮਿਲਾ ਕੇ ਮੇਰੇ ਨਾਲ਼ ਗੱਲ ਕਰਦੀ ਹੋਈ ਕਹਿੰਦੀ ਹਨ,''ਮਈ 2016 ਵਿੱਚ ਜਦੋਂ ਮੈਨੂੰ ਬੱਚਾ ਜੰਮਣ ਗੁਰੇਜ਼ ਦੇ ਸੀਐੱਚਸੀ ਜਾਣਾ ਪਿਆ ਤਾਂ ਮੇਰੇ ਪਤੀ ਮੈਨੂੰ ਗੰਧਾੜੇ ਚੁੱਕ ਕੇ ਗੱਡੀ ਤੀਕਰ ਲੈ ਗਏ। ਜ਼ਾਹਰਾ ਤੌਰ 'ਤੇ ਮੇਰਾ ਮੂੰਹ ਦੂਜੇ ਪਾਸੇ ਸੀ। ਮੇਰੇ ਕੋਲ਼ ਉੱਥੋਂ 300 ਮੀਟਰ ਦੂਰ ਖੜ੍ਹੀ ਸਾਲਮ ਸੂਮੋ ਗੱਡੀ ਤੱਕ ਜਾਣ ਦਾ ਹੋਰ ਕੋਈ ਰਾਹ ਹੀ ਨਹੀਂ ਸੀ। ਇਹ ਗੱਲ ਪੰਜ ਸਾਲ ਪੁਰਾਣੀ ਹੈ ਪਰ ਅੱਜ ਵੀ ਹਾਲਤ ਜਿਓਂ ਦੀ ਤਿਓਂ ਹੈ। ਹੁਣ ਤਾਂ ਸਾਡੀ ਦਾਈ ਵੀ ਬਜ਼ੁਰਗ ਹੋ ਰਹੀ ਹੈ ਤੇ ਅਕਸਰ ਬੀਮਾਰ ਹੀ ਰਹਿੰਦੀ ਹੈ।''
ਆਫ਼ਰੀਨ ਜਿਹੜੀ ਦਾਈ ਦੀ ਗੱਲ ਕਰ ਰਹੀ ਹਨ ਉਹ ਸ਼ਮੀਨਾ ਦੀ ਮਾਂ ਹੈ। ਸ਼ਮੀਨਾ ਆਪਣੇ ਨਾਲ਼ੋਂ ਕੋਈ 100 ਮੀਟਰ ਦੂਰ ਬੈਠੀ ਆਪਣੀ ਮਾਂ ਵੱਲ ਇਸ਼ਾਰਾ ਕਰਕੇ, ਜੋ ਗੋਦੀ ਲਏ ਬੱਚੇ ਨੂੰ ਲੋਰੀ ਸੁਣਾ ਰਹੀ ਸਨ, ਕਹਿੰਦੀ ਹਨ,''ਪਹਿਲਾ ਬੱਚਾ ਜੰਮਣ ਤੋਂ ਬਾਅਦ ਮੈਂ ਸੋਚ ਲਿਆ ਸੀ ਕਿ ਦੂਸਰਾ ਬੱਚਾ ਮੈਂ ਘਰੇ ਹੀ ਪੈਦਾ ਕਰਾਂਗੀ। ਹਾਂ, ਜਦੋਂ ਦੂਜੇ ਬੱਚੇ ਵੇਲ਼ੇ ਮੇਰਾ ਪਾਣੀ ਛੁੱਟਿਆ ਤਾਂ ਉਦੋਂ ਜੇਕਰ ਮੇਰੀ ਮਾਂ ਨਾ ਹੁੰਦੀ ਤਾਂ ਮੈਨੂੰ ਬਚਾ ਸਕਣਾ ਵੀ ਮੁਸ਼ਕਲ ਹੋਣਾ ਸੀ। ਉਹ ਇੱਕ ਦਾਈ ਹਨ ਤੇ ਉਨ੍ਹਾਂ ਨੇ ਪਿੰਡ ਵਿੱਚ ਕਈ ਔਰਤਾਂ ਦੀ ਮਦਦ ਕੀਤੀ ਹੈ।''
ਸ਼ਮੀਨਾ ਦੀ ਮਾਂ, 71 ਸਾਲਾ ਜਾਨੀ ਬੇਗ਼ਮ ਭੂਰੇ ਰੰਗਾ ਫਿਰਨ ਪਹਿਨੀ ਪਿੰਡ ਦੀਆਂ ਹੋਰਨਾਂ ਔਰਤਾਂ ਵਾਂਗਰ ਘਰ ਦੇ ਬਾਹਰ ਬੈਠੀ ਹਨ ਤੇ ਉਨ੍ਹਾਂ ਨੇ ਆਪਣੇ ਸਿਰ 'ਤੇ ਸਕਾਰਫ਼ ਬੰਨ੍ਹਿਆ ਹੈ। ਉਨ੍ਹਾਂ ਦੇ ਚਿਹਰੇ ਦੀਆਂ ਝੁਰੜੀਆਂ ਉਨ੍ਹਾਂ ਦੇ ਜੀਵਨ-ਤਜ਼ਰਬੇ ਦੀ ਕਹਾਣੀ ਕਹਿੰਦੀਆਂ ਹਨ। ਉਹ ਕਹਿੰਦੀ ਹਨ,''ਮੈਂ ਪਿਛਲੇ 35 ਸਾਲਾਂ ਤੋਂ ਇਹ ਕੰਮ ਕਰ ਰਹੀ ਹਾਂ। ਸਾਲ ਪਹਿਲਾਂ, ਜਦੋਂ ਵੀ ਮੇਰੀ ਮਾਂ ਪ੍ਰਸਵ ਕਰਾਉਣ ਲਈ ਬਾਹਰ ਜਾਂਦੀ ਤਾਂ ਮੈਨੂੰ ਆਪਣੀ ਮਦਦ ਕਰ ਦਿਆ ਕਰਦੀ। ਮੈਂ ਉਨ੍ਹਾਂ ਨੂੰ ਕੰਮ ਕਰਦਿਆਂ ਦੇਖ ਕੇ ਖ਼ੁਦ-ਬ-ਖ਼ੁਦ ਕੰਮ ਸਿੱਖਿਆ ਹੈ। ਦੂਸਰਿਆਂ ਦੀ ਮਦਦ ਕਰਨ ਦੇ ਕਾਬਲ ਹੋਣਾ ਵੱਡੀ ਬਖ਼ਸ਼ ਹੈ।''
ਜਾਨੀ ਨੇ ਆਪਣੀ ਤਾਉਮਰ ਇੱਥੇ ਹੋਣ ਵਾਲ਼ੇ ਮੱਠੇ-ਮੱਠੇ ਬਦਲਾਵਾਂ ਨੂੰ ਦੇਖਿਆ ਹੈ, ਪਰ ਇਹ ਬਦਲਾਅ ਵੀ ਕਾਫ਼ੀ ਨਹੀਂ। ਉਹ ਕਹਿੰਦੀ ਹਨ,''ਅੱਜਕੱਲ੍ਹ ਪ੍ਰਸਵ ਦੌਰਾਨ ਖ਼ਤਰਾ ਘੱਟ ਹੁੰਦਾ ਹੈ, ਕਿਉਂਕਿ ਹੁਣ ਔਰਤਾਂ ਨੂੰ ਆਇਰਨ ਦੀਆਂ ਗੋਲ਼ੀਆਂ ਦੇ ਨਾਲ਼-ਨਾਲ਼ ਹੋਰ ਪੋਸ਼ਕ ਅਹਾਰ ਦਿੱਤੇ ਜਾਂਦੇ ਹਨ, ਪਰ ਪਹਿਲਾਂ ਇੰਝ ਨਹੀਂ ਹੁੰਦਾ ਸੀ। ਹਾਂ, ਥੋੜ੍ਹਾ-ਬਹੁਤ ਬਦਲਾਅ ਤਾਂ ਜ਼ਰੂਰ ਆਇਆ ਹੈ, ਪਰ ਅਜੇ ਵੀ ਇੱਥੇ ਦੂਜੇ ਪਿੰਡਾਂ ਜਿਹੀ ਹਾਲਤ ਨਹੀਂ ਹੈ। ਸਾਡੀਆਂ ਕੁੜੀਆਂ ਹੁਣ ਪੜ੍ਹ ਲਿਖ ਰਹੀਆਂ ਹਨ, ਪਰ ਅੱਜ ਵੀ ਚੰਗੀਆਂ ਸਿਹਤ ਸੁਵਿਧਾਵਾਂ ਤੱਕ ਸਾਡੀ ਪਹੁੰਚ ਨਹੀਂ ਹੈ। ਸਾਡੇ ਕੋਲ਼ ਹਸਪਤਾਲ ਤਾਂ ਹਨ ਪਰ ਐਮਰਜੈਂਸੀ ਦੀ ਹਾਲਤ ਵਿੱਚ ਉੱਥੇ ਛੇਤੀ ਅਪੜਨ ਲਈ ਸੜਕਾਂ ਨਹੀਂ ਹਨ।''
ਜਾਨੀ ਦੱਸਦੀ ਹਨ ਕਿ ਗੁਰੇਜ਼ ਦਾ ਕਮਿਊਨਿਟੀ ਸਿਹਤ ਕੇਂਦਰ ਕਾਫ਼ੀ ਦੂਰ ਹੈ ਤੇ ਉੱਥੇ ਜਾਣ ਦਾ ਮਤਲਬ ਹੈ ਕਿ ਤੁਹਾਨੂੰ 5 ਕਿਲੋਮੀਟਰ ਪੈਦਲ ਤੁਰਨਾ ਹੋਵੇਗਾ। 5 ਕਿਲੋਮੀਟਰ ਤੁਰਨ ਤੋਂ ਬਾਅਦ ਤੁਹਾਨੂੰ ਜਾਣ ਵਾਸਤੇ ਕੋਈ ਵਾਹਨ ਮਿਲ਼ ਸਕਦਾ ਹੈ। ਤੁਸੀਂ ਸਿਰਫ਼ ਅੱਧਾ ਕਿਲੋਮੀਟਰ ਪੈਦਲ ਤੁਰ ਕੇ ਵੀ ਸਾਲਮ (ਨਿੱਜੀ) ਸਵਾਰੀ ਲੱਭ ਸਕਦੇ ਹੋ, ਪਰ ਉਹਦਾ ਖਰਚਾ ਵੀ ਵੱਧ ਹੁੰਦਾ ਹੈ।
ਜਾਨੀ ਦੱਸਦੀ ਹਨ,''ਸ਼ਮੀਨਾ ਆਪਣੇ ਦੂਸਰੇ ਗਰਭ ਦੇ ਅਖ਼ੀਰਲੇ ਤਿੰਨ ਮਹੀਨਿਆਂ ਵਿੱਚ ਕਾਫ਼ੀ ਕਮਜ਼ੋਰ ਹੋ ਗਈ ਸੀ। ਆਪਣੀ ਆਂਗਨਵਾੜੀ ਵਰਕਰ ਦੀ ਸਲਾਹ 'ਤੇ ਅਸੀਂ ਉਹਨੂੰ ਹਸਪਤਾਲ ਲਿਜਾਣ ਬਾਰੇ ਸੋਚ ਰਹੇ ਸਾਂ ਪਰ ਉਸ ਵੇਲ਼ੇ ਮੇਰਾ ਜੁਆਈ ਕੰਮ ਲੱਭਣ ਸ਼ਹਿਰੋਂ ਬਾਹਰ ਗਿਆ ਹੋਇਆ ਸੀ। ਇੱਥੇ ਕਿਸੇ ਸਵਾਰੀ ਦਾ ਮਿਲ਼ਣਾ ਕਾਫ਼ੀ ਮੁਸ਼ਕਲ ਹੁੰਦਾ ਹੈ। ਜੇਕਰ ਸਾਨੂੰ ਕੋਈ ਗੱਡੀ ਮਿਲ਼ਦੀ ਵੀ ਹੈ ਤਾਂ ਉੱਥੋਂ ਤੀਕਰ ਪੁੱਜਣ ਵਾਸਤੇ ਗਰਭਵਤੀ ਔਰਤ ਨੂੰ ਗੋਦੀ ਚੁੱਕ ਕੇ ਲਿਜਾਣਾ ਪੈਂਦਾ ਹੈ।''
ਜਾਨੀ ਦਾ ਹਵਾਲਾ ਦਿੰਦਿਆਂ ਆਫ਼ਰੀਨ ਜ਼ੋਰ ਦੇ ਕੇ ਕਹਿੰਦੀ ਹਨ,''ਉਨ੍ਹਾਂ ਦੇ ਜਾਣ ਮਗਰੋਂ ਸਾਡੇ ਪਿੰਡ ਦੀਆਂ ਔਰਤਾਂ ਦਾ ਕੀ ਬਣੂੰਗਾ? ਫਿਰ ਅਸੀਂ ਕਿਹਦੇ ਭਰੋਸੇ ਰਹਾਂਗੀਆਂ?'' ਤਿਰਕਾਲਾਂ ਪੈ ਗਈਆਂ ਹਨ। ਸ਼ਮੀਨਾ ਰਾਤ ਦੀ ਰੋਟੀ-ਟੁੱਕ ਦੀ ਤਿਆਰੀ ਲਈ ਝਾੜੀਆਂ ਵਿੱਚੋਂ ਆਂਡੇ ਭਾਲ਼ ਰਹੀ ਹਨ। ਉਹ ਕਹਿੰਦੀ ਹਨ,''ਮੁਰਗੀਆਂ ਆਪਣੇ ਆਂਡੇ ਲੁਕਾ ਦਿੰਦੀਆਂ ਹਨ। ਆਂਡਾ-ਕਰੀ ਬਣਾਉਣ ਲਈ ਮੈਨੂੰ ਹੱਥ-ਪੱਲਾ ਮਾਰਨਾ ਹੀ ਪੈਣਾ ਹੈ, ਨਹੀਂ ਤਾਂ ਅੱਜ ਫਿਰ ਤੋਂ ਰਾਜਮਾਂਹ-ਚੌਲ਼ ਹੀ ਖਾਣੇ ਪੈਣਗੇ। ਇਹ ਪਿੰਡੋਂ ਦੂਰੋਂ ਤਾਂ ਬੜਾ ਖ਼ੂਬਸੂਰਤ ਲੱਗਦਾ ਹੈ, ਕਿਉਂਕਿ ਇੱਥੇ ਜੰਗਲ ਦੇ ਐਨ ਵਿਚਕਾਰ ਕਰਕੇ ਕੁਝ ਮਕਾਨ ਬਣੇ ਹੋਏ ਹਨ। ਪਰ ਰਤਾ ਨੇੜੇ ਆ ਕੇ ਦੇਖੋ ਤਾਂ ਸਹੀ, ਫਿਰ ਤੁਹਾਨੂੰ ਪਤਾ ਚੱਲੂਗਾ ਸਾਡੇ ਜੀਵਨ ਕਿੰਨੇ ਬਿਖੜੇ ਨੇ।''
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ