"ਸਾਡੇ ਪੁਰਖਿਆਂ ਦੀਆਂ ਰੂਹਾਂ ਇੱਥੇ ਰਹਿੰਦੀਆਂ ਹਨ," ਮੋਨਜੀਤ ਰਿਸਾਂਗ ਕਹਿੰਦੇ ਹਨ, ਉਹ ਆਪਣੀ ਕੁਜ਼ੀਨ ਦੇ ਐਨ ਵਿਚਕਾਰ ਬਣੇ ਮਿੱਟੀ ਦੇ ਥੜ੍ਹੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ, ਕੁਜ਼ੀਨ ਜਿਹਦੀਆਂ ਕੰਧਾਂ, ਛੱਤ ਤੇ ਫ਼ਰਸ਼ ਬਾਂਸ ਦੇ ਬਣੇ ਹੋਏ ਹਨ।
ਚੁੱਲ੍ਹਾ ਲਗਭਗ ਇੱਕ ਫੁੱਟ ਉੱਚਾ ਹੈ ਜਿਸ ਅੰਦਰ ਲੱਕੜਾਂ ਹੀ ਬਾਲਣ ਹੁੰਦੀਆਂ ਹਨ; ਇਸੇ 'ਤੇ ਹੀ ਖਾਣਾ ਪਕਾਇਆ ਜਾਂਦਾ ਹੈ। "ਇਸ ਨੂੰ ਮਰੋਮ ਕਿਹਾ ਜਾਂਦਾ ਹੈ ਅਤੇ ਇਹ ਸਾਡੇ ਦੇਵਤੇ ਦੇ ਕਮਰੇ ਵਰਗਾ ਹੈ। ਇੱਥੇ ਹਰ ਸ਼ੈਅ ਮਿਸਿੰਗ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹੈ," ਉਹ ਕਹਿੰਦੇ ਹਨ।
ਮੋਨਜੀਤ ਅਤੇ ਉਨ੍ਹਾਂ ਦੀ ਪਤਨੀ ਨਯਨਮੋਨੀ ਰਿਸਾਂਗ ਅੱਜ ਰਾਤ ਇੱਕ ਪਾਰਟੀ ਦਾ ਆਯੋਜਨ ਕਰ ਰਹੇ ਹਨ, ਜਿਸ ਵਿੱਚ ਰਵਾਇਤੀ ਮਿਸਿੰਗ (ਭਾਈਚਾਰੇ ਦੇ) ਪਕਵਾਨ ਸ਼ਾਮਲ ਹੋਣ ਵਾਲ਼ੇ ਹਨ। ਇਹ ਜੋੜਾ ਮਿਸਿੰਗ ਭਾਈਚਾਰੇ (ਅਸਾਮ ਵਿੱਚ ਅਨੁਸੂਚਿਤ ਕਬੀਲੇ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦਾ ਹੈ ਅਤੇ ਅਸਾਮ ਦੇ ਮਾਜੁਲੀ ਨਦੀ ਟਾਪੂ 'ਤੇ ਗਮੂਰ ਵਿਖੇ ਆਪਣੇ ਘਰ ਵਿੱਚ ਇਕੱਠਿਆਂ ਰਲ਼ 'ਰੇਸਾਂਗ ਦੀ ਕੁਜ਼ੀਨ' (Risong's Kitchen) ਚਲਾਉਂਦਾ ਹੈ।
ਮਾਜੁਲੀ ਭਾਰਤ ਦਾ ਸਭ ਤੋਂ ਵੱਡਾ ਦਰਿਆਈ ਟਾਪੂ ਹੈ ਜਿਸਦਾ ਖੇਤਰਫਲ ਬ੍ਰਹਮਪੁੱਤਰ ਨਦੀ ਦੇ ਪਾਰ ਲਗਭਗ 352 ਵਰਗ ਕਿਲੋਮੀਟਰ ਹੈ। ਇਸ ਖਿੱਤੇ ਵਿੱਚ ਹਰੇ ਚਾਵਲਾਂ ਦੇ ਦੂਰ-ਦੂਰ ਤੱਕ ਫ਼ੈਲੇ ਖੇਤ, ਛੋਟੀਆਂ ਝੀਲਾਂ, ਜੰਗਲੀ ਬਾਂਸ ਅਤੇ ਦਲਦਲੀ ਬਨਸਪਤੀ ਦੀ ਵਿਸ਼ੇਸ਼ਤਾ ਹੈ। ਭਾਰੀ ਮਾਨਸੂਨ ਅਤੇ ਇਸ ਤੋਂ ਬਾਅਦ ਆਉਣ ਵਾਲ਼ੇ ਹੜ੍ਹਾਂ ਦਾ ਸਾਹਮਣਾ ਕਰਨ ਲਈ ਬਾਂਸਾਂ ਦੇ ਅਧਾਰ 'ਤੇ ਘਰ ਖੜ੍ਹੇ ਕੀਤੇ ਜਾਂਦੇ ਹਨ। ਇਹ ਟਾਪੂ ਪਰਵਾਸੀ ਪੰਛੀਆਂ ਜਿਵੇਂ ਕਿ ਸਾਰਸ, ਕਿੰਗਫਿਸ਼ਰ ਅਤੇ ਜਾਮਣੀ ਜਲ-ਕੁਕੜੀਆਂ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਹ ਸੁੰਦਰ ਜ਼ਿਲ੍ਹਾ ਹਰ ਸਾਲ ਦੁਨੀਆ ਭਰ ਦੇ ਸੈਲਾਨੀਆਂ ਦੀ ਵੱਡੀ ਗਿਣਤੀ ਨੂੰ ਆਕਰਸ਼ਤ ਕਰਦਾ ਹੈ।
43 ਸਾਲਾ ਮੋਨਜੀਤ ਅਤੇ 35 ਸਾਲਾ ਨਯਨਮੋਨੀ ਦੀ ਰੋਜ਼ੀ-ਰੋਟੀ ਸੈਲਾਨੀਆਂ ਦੀ ਆਮਦ ਦੇ ਆਲੇ-ਦੁਆਲੇ ਘੁੰਮਦੀ ਹੈ। ਉਹ ਇਸ ਖੇਤਰ ਵਿੱਚ ਤਿੰਨ ਸਰ੍ਹਾਵਾਂ (ਹੋਮਸਟੇਸ) ਚਲਾਉਣ ਵਿੱਚ ਮਦਦ ਕਰਦੇ ਹਨ- ਰਾਈਜ਼ਿੰਗ, ਲਾ ਮੈਸਨ ਡੀ ਆਨੰਦਾ ਅਤੇ ਐਨਚੈਂਟਡ ਮਾਜੁਲੀ। 'ਰਿਸਾਂਗ ਦੀ ਕੁਜ਼ੀਨ' ਵਿੱਚ ਬਾਂਸ ਦੀ ਕੰਧ 'ਤੇ ਲੱਗੇ ਫਰੇਮ ਵਿੱਚ ਦੁਨੀਆ ਭਰ ਦੀਆਂ ਮੁਦਰਾਵਾਂ ਟੰਗੀਆਂ ਹੋਈਆਂ ਹਨ।
ਰਿਸਾਂਗ ਕੁਜ਼ੀਨ ਵਿੱਚ ਖਾਣਾ ਆਪਣੇ ਆਪ ਵਿੱਚ ਵਿਲੱਖਣ ਅਨੁਭਵ ਪ੍ਰਦਾਨ ਕਰਦਾ ਹੈ। ਕੁਜ਼ੀਨ ਅਤੇ ਡਾਈਨਿੰਗ ਏਰੀਆ ਵਿੱਚੋਂ ਕੰਧ ਹਟਾ ਦਿੱਤੀ ਗਈ ਹੈ। ਪਰਿਵਾਰ ਨੇ ਜੋ ਵੀ ਗੱਲਬਾਤ ਕਰਨੀ ਹੁੰਦੀ ਹੈ ਉਹ ਮਾਰੋਮ ਦੁਆਲ਼ੇ ਬੈਠਿਆਂ ਹੀ ਹੋ ਜਾਂਦੀ ਹੈ। ਇਹ ਉਹ ਥਾਂ ਹੈ ਜਿੱਥੇ ਖਾਣਾ ਪਕਾਇਆ ਜਾਂਦਾ ਹੈ। ਲੱਕੜਾਂ ਧੂੰਆਂ ਛੱਡਦੀਆਂ ਹਨ, ਪਰ ਕੁਜ਼ੀਨ ਹਵਾਦਾਰ ਹੋਣ ਕਾਰਨ ਕੋਈ ਸਮੱਸਿਆ ਨਹੀਂ ਹੁੰਦੀ।
ਨਯਨਮੋਨੀ ਮੱਛੀ, ਕੱਟਿਆ ਹੋਇਆ ਚਿਕਨ, ਤਾਜ਼ੀ ਈਲ, ਹਰੀਆਂ ਸਬਜ਼ੀਆਂ, ਬੈਂਗਣ, ਆਲੂ ਅਤੇ ਚਾਵਲ ਨੂੰ ਖਾਣੇ ਲਈ ਮਿਲਾਉਂਦਿਆਂ ਹੋਇਆਂ ਕਹਿੰਦੀ ਹੈ, "ਮੀਸਿੰਗ ਲੋਕੀਂ ਆਪਣਾ ਖਾਣਾ ਪਕਾਉਣ ਵਿੱਚ ਬਹੁਤ ਸਾਰੇ ਕੱਚੇ ਮਸਾਲਿਆਂ ਜਿਵੇਂ ਕਿ ਅਦਰਕ, ਪਿਆਜ਼ ਅਤੇ ਲਸਣ ਦੀ ਵਰਤੋਂ ਕਰਦੇ ਹਨ। ਅਸੀਂ ਬਹੁਤੇ ਜ਼ਿਆਦਾ ਮਸਾਲੇ ਨਹੀਂ ਖਾਂਦੇ। ਅਸੀਂ ਭਾਫ਼ ਨਾਲ਼ ਪੱਕਿਆ ਜਾਂ ਉਬਲ਼ਿਆ ਭੋਜਨ ਬਣਾਉਂਦੇ ਹਾਂ।"
ਕੁਝ ਹੀ ਮਿੰਟਾਂ ਵਿੱਚ ਉਹ ਇੱਕ ਮਿਕਸੀ ਵਿੱਚ ਕੁਝ ਸਮੱਗਰੀਆਂ ਨੂੰ ਮਿਲਾਉਣ ਲੱਗਦੀ ਹੈ। ਫਿਰ ਉਹ ਭਾਂਡੇ ਨੂੰ ਚੁੱਲ੍ਹੇ 'ਤੇ ਰੱਖ ਕੇ ਅਤੇ ਹੋਰ ਚੀਜ਼ਾਂ ਨੂੰ ਮਿਲਾਉਣਾ ਸ਼ੁਰੂ ਕਰ ਦਿੰਦੀ ਹੈ। ਹੌਲ਼ੀ-ਹੌਲ਼ੀ ਕੁਜ਼ੀਨ ਅੰਦਰ ਜੜ੍ਹੀਆਂ-ਬੂਟੀਆਂ ਅਤੇ ਮਸਾਲਿਆਂ ਦੀ ਖੁਸ਼ਬੂ ਤੈਰਨ ਲੱਗਦੀ ਹੈ। ਉਹ ਇਸ ਨੂੰ ਧਿਆਨ ਨਾਲ਼ ਸੰਭਾਲ਼ਦੀ ਹੈ।
ਜਦੋਂ ਭੋਜਨ ਤਿਆਰ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਪਿੱਤਲ ਦੇ ਗਲਾਸ ਵਿੱਚ ਅਪੋਂਗ ਵਰਤਾਈ ਜਾਂਦੀ ਹੈ। ਅਪੋਂਗ, ਮਿਸਿੰਗ ਭਾਈਚਾਰੇ ਦੀ ਇੱਕ ਰਵਾਇਤੀ ਬੀਅਰ ਹੈ, ਜਿਹਦਾ ਜ਼ਾਇਕਾ ਥੋੜ੍ਹਾ ਮਸਾਲੇਦਾਰ ਤੇ ਹਲ਼ਕਾ ਜਿਹਾ ਮਿੱਠਾ ਹੁੰਦਾ ਹੈ। ਹਰ ਮਿਸਿੰਗ ਘਰ ਦੀ ਆਪਣੀ ਹੀ ਬੀਅਰ ਹੁੰਦੀ ਹੈ। ਮੋਨਜੀਤ ਦੀ ਭਾਬੀ ਜੁਨਾਲੀ ਰਿਸਾਂਗ ਨੇ ਬੀਅਰ ਦੀ ਇਹ ਖੇਪ ਬਣਾਈ ਹੈ। ਤੁਸੀਂ ਡ੍ਰਿੰਕ ਦੀ ਮਹੱਤਤਾ ਅਤੇ ਇਸ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ, ਇਸ ਬਾਰੇ ਹੋਰ ਜਾਣਕਾਰੀ ਇੱਥੇ ਪੜ੍ਹ ਸਕਦੇ ਹੋ: ਮਾਜੁਲੀ ਦੇ ਮਿਸਿੰਗ ਭਾਈਚਾਰੇ ਦੀ ਆਪਣੇ ਹੀ ਤਰੀਕੇ ਦੀ ਬੀਅਰ ।
ਛਿੱਲਣ, ਕੱਟਣ ਅਤੇ ਹਿਲਾਉਣ ਦੇ ਕੰਮ ਵਿਚਾਲੇ, ਨਯਨਮੋਨੀ ਚੁੱਲ੍ਹੇ ਦੀ ਅੱਗ ਦੇ ਸੇਕ ਦੀ ਜਾਂਚ ਕਰਦੀ ਹੈ ਤੇ ਦੇਖਦੀ ਹੈ ਕਿ ਪਕਵਾਨ ਤਿਆਰ ਹੋਣ ਲਈ ਲੋੜੀਂਦਾ ਸੇਕ ਹੈ ਵੀ ਜਾਂ ਨਹੀਂ: ਚਿਕਨ ਦੇ ਅਗਲੇ ਟੁਕੜੇ ਨੂੰ ਭੁੰਨਣ ਲਈ ਇਸ ਦੀ ਲਾਟ ਤਿਆਰ ਕਰਦੀ ਹੈ।
ਸਾਡੀ ਨਜ਼ਰ ਵੀ ਉਸ ਪਾਸੇ ਪੈ ਗਈ ਜਿੱਧਰ ਨਯਨਮੋਨੀ ਦੇਖ ਰਹੀ ਸੀ- ਮਰੋਮ ਦੀ ਉਪਰਲੀ ਥਾਂ ਜਿਹਨੂੰ ਪੈਰਾਪ ਕਿਹਾ ਜਾਂਦਾ ਹੈ ਜਿਹਦੀ ਵਰਤੋਂ ਸੁੱਕੇ ਬਾਲਣ ਤੇ ਮੱਛੀ ਨੂੰ ਸਾਂਭਣ ਲਈ ਕੀਤੀ ਜਾਂਦੀ ਸੀ- ਖ਼ਾਸ ਕਰਕੇ ਮੱਛੀ ਦੇ ਪ੍ਰਜਣਨ ਦੌਰਾਨ।
"ਅਪ੍ਰੈਲ, ਮਈ ਅਤੇ ਜੂਨ ਵਿੱਚ ਮੱਛੀ ਫੜਨ 'ਤੇ ਪਾਬੰਦੀ ਹੈ। ਉਦੋਂ ਮੱਛੀ ਪ੍ਰਜਨਨ ਕਰਦੀ ਅਤੇ ਉਸ ਸਮੇਂ ਲਈ ਅਸੀਂ ਮੱਛੀ ਨੂੰ ਸਟੋਰ ਕਰਾਂਗੇ," ਮੋਨਜੀਤ ਕਹਿੰਦੇ ਹਨ।
ਕੁਜ਼ੀਨ-ਡਾਇਨਿੰਗ ਰੂਮ ਰਵਾਇਤੀ ਮਿਸਿੰਗ ਝੌਂਪੜੀ ਦਾ ਇੱਕ ਹਿੱਸਾ ਹੈ, ਜਿਸ ਨੂੰ ਚਾਂਗਘਰ ਵਜੋਂ ਜਾਣਿਆ ਜਾਂਦਾ ਹੈ। ਇਸ ਨੂੰ ਕੰਕਰੀਟ ਅਤੇ ਬਾਂਸ ਦੇ ਖੰਭੇ ਦੀ ਵਰਤੋਂ ਕਰਦਿਆਂ ਜ਼ਮੀਨ ਤੋਂ ਦੋ ਫੁੱਟ ਉੱਚਾ ਰੱਖਿਆ ਜਾਂਦਾ ਹੈ। ਫਰਸ਼ ਦੀ ਫਰਸ਼ ਤੋਂ ਦੂਰੀ ਹੁੰਦੀ ਹੈ, ਜੋ ਹੜ੍ਹ ਦੇ ਪਾਣੀ ਨੂੰ ਜ਼ਿਆਦਾਤਰ ਮਾਜੁਲੀ ਘਰਾਂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਣਾਈ ਗਈ ਹੈ।
ਮੋਨਜੀਤ ਕਹਿੰਦੇ ਹਨ, ਹੜ੍ਹਾਂ ਦੌਰਾਨ ਇੱਥੋਂ ਦੀ ਖੁਰਾਕ ਬਦਲ ਜਾਂਦੀ ਹੈ, "ਹੜ੍ਹਾਂ ਦੇ ਕਾਰਨ, ਸਬਜ਼ੀਆਂ ਵੀ ਜ਼ਿਆਦਾ ਹੱਥ ਲੱਗਦੀਆਂ। ਬਹੁਤ ਸਾਰੀਆਂ ਸਬਜ਼ੀਆਂ ਸਰਦੀਆਂ ਵਿੱਚ ਉਪਲਬਧ ਹੁੰਦੀਆਂ ਹਨ। ਉਦੋਂ ਅਸੀਂ ਬਹੁਤ ਸਾਰੀਆਂ ਸਬਜ਼ੀਆਂ ਖਾਂਦੇ ਹਾਂ।"
ਜਿਵੇਂ ਹੀ ਚੁੱਲ੍ਹੇ ਦਾ ਸੇਕ ਘਟਿਆ, ਮੋਨਜੀਤ ਨੇ ਅੱਗੇ ਕਿਹਾ, "ਜੇ ਮੈਂ ਚਾਹਾਂ ਤਾਂ ਮੈਂ ਪਹਾੜੀ ਨੂੰ ਆਪਣੇ ਸਿਰ 'ਤੇ ਚੁੱਕ ਸਕਦਾ ਹਾਂ। ਪਰ ਮੈਂ ਖਾਣਾ ਨਹੀਂ ਬਣਾ ਸਕਦਾ।" ਜਦੋਂ ਉਨ੍ਹਾਂ ਕੋਲ਼ੋਂ ਇੰਝ ਕਹਿਣ ਦਾ ਕਾਰਨ ਪੁੱਛਿਆ ਗਿਆ, ਤਾਂ ਉਹ ਹੱਸ ਪਏ ਅਤੇ ਕਹਿਣ ਲੱਗੇ, "ਮੈਨੂੰ ਇਹ ਪਸੰਦ ਨਹੀਂ ਹੈ" ਮਿਸਿੰਗ ਭਾਈਚਾਰੇ ਵਿੱਚ 99 ਪ੍ਰਤੀਸ਼ਤ ਕੁਜ਼ੀਨਏ ਔਰਤਾਂ ਹੀ ਹਨ।
ਮਿਸਿੰਗ ਭਾਈਚਾਰੇ ਦੇ ਲੋਕ-ਸਾਹਿਤ ਦੇ ਅਨੁਸਾਰ, ਔਰਤਾਂ ਆਮ ਤੌਰ 'ਤੇ ਖਾਣਾ ਪਕਾਉਣ ਦੀ ਜ਼ਿੰਮੇਵਾਰੀ ਲੈਂਦੀਆਂ ਹਨ। ਜਵਾਹਰ ਜਯੋਤੀ ਕੁੱਲੀ ਦੀ ਪੁਸਤਕ ਵਿੱਚ ਭਾਈਚਾਰਿਆਂ ਦੀਆਂ ਜ਼ੁਬਾਨੀ ਅਤੇ ਲਿਖਤੀ ਪਰੰਪਰਾਵਾਂ ਦੀ ਸਹਾਇਤਾ ਨਾਲ਼ ਉਨ੍ਹਾਂ ਦੇ ਅਭਿਆਸਾਂ ਦਾ ਅਧਿਐਨ ਕੀਤਾ ਗਿਆ ਹੈ। [1] [2] ਹੋਰ ਗਤੀਵਿਧੀਆਂ ਤੋਂ ਇਲਾਵਾ, ਮਿਸਿੰਗ ਔਰਤਾਂ ਖਾਣਾ ਪਕਾਉਣ ਅਤੇ ਬੁਣਾਈ ਵਿੱਚ ਮੁਹਾਰਤ ਰੱਖਦੀਆਂ ਹਨ। ਆਦਮੀ ਮੰਨਦੇ ਹਨ ਕਿ ਉਹ ਓਨਾ ਚਿਰ ਖਾਣਾ ਪਕਾਉਣ ਨੂੰ ਤਰਜੀਹ ਨਹੀਂ ਦਿੰਦੇ ਜਦੋਂ ਤੱਕ ਮੁਸ਼ਕਲ ਹਾਲਤ ਨਾ ਖੜ੍ਹੀ ਹੋ ਜਾਵੇ।
ਫਿਰ ਵੀ, ਮੋਨਜੀਤ ਅਤੇ ਨਯਨਮੋਨੀ ਨੇ ਆਪਣੀ ਸਹੂਲਤ ਅਨੁਸਾਰ ਆਪਣੇ ਵਿਚਾਲੇ ਚੀਜ਼ਾਂ (ਕੰਮਾਂ) ਦਾ ਵਟਾਂਦਰ ਕੀਤਾ ਹੋਇਆ ਹੈ। ਮੋਨਜੀਤ ਮੁਤਾਬਕ ਨਯਨਮੋਨੀ ਰਿਸਾਂਗ ਦੀ ਕਿਚਨ ਦੀ ਬੌਸ ਹੈ। ਮੋਨਜੀਤ ਖੁਦ ਹੋਮਸਟੇਅ ਵਿੱਚ ਮਹਿਮਾਨਾਂ ਦੀ ਦੇਖਭਾਲ਼ ਕਰਨ ਵਿੱਚ ਵਧੇਰੇ ਸ਼ਾਮਲ ਰਹਿੰਦੇ ਹਨ। ਜਿਵੇਂ-ਜਿਵੇਂ ਸ਼ਾਮ ਨੇੜੇ ਆਉਂਦੀ ਹੈ, ਉਹ ਆਪਣੇ ਵੱਲੋਂ ਚਲਾਏ ਜਾਂਦੇ ਹੋਮਸਟੇਅ ਵਿੱਚ ਮਹਿਮਾਨਾਂ ਦੀਆਂ ਲੋੜਾਂ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦੇ ਹਨ।
*****
ਇੱਕ ਪੂਰੀ ਥਾਲ਼ੀ ਤਿਆਰ ਕਰਨਾ ਇੱਕ ਔਖਾ ਕੰਮ ਹੈ। ਨਯਨਮੋਨੀ ਚੁੱਲ੍ਹੇ, ਲੱਕੜਾਂ ਅਤੇ ਸਿੰਕ ਦੇ ਨੇੜੇ ਲਗਭਗ ਢਾਈ ਘੰਟਿਆਂ ਤੋਂ ਸਖਤ ਮਿਹਨਤ ਕਰ ਰਹੀ ਹੈ। ਮਰੋਮ ਵਿੱਚ ਖਾਣਾ ਪਕਾਉਣਾ ਇੱਕ ਬਹੁਤ ਹੀ ਹੌਲੀ ਪ੍ਰਕਿਰਿਆ ਹੈ, ਪਰ ਇਸ ਪੂਰੀ ਪ੍ਰਕਿਰਿਆ ਨੂੰ ਦੇਖਣਾ ਸੈਲਾਨੀਆਂ ਦੀਆਂ ਅੱਖਾਂ ਲਈ ਵੀ ਕਿਸੇ ਲੁਤਫ਼ ਤੋਂ ਘੱਟ ਨਹੀਂ। ਉਹ ਧੂੰਏਂ ਨਾਲ਼ ਭਰੇ ਵਾਤਾਵਰਣ ਵਿੱਚ ਖਾਣਾ ਤਿਆਰ ਹੁੰਦਿਆਂ ਦੇਖਦੇ ਹਨ।
ਉਹ ਇਸ ਥਾਲੀ ਨੂੰ ਬਣਾਉਣ ਦਾ ਕੰਮ ਕਿੰਨੇ ਦਿਨ ਕਰਦੇ ਹਨ? "ਕਈ ਵਾਰ ਮਹੀਨੇ ਵਿੱਚ ਇੱਕ ਵਾਰ।" ਉਹ ਕਹਿੰਦੀ ਹੈ, "ਕਈ ਵਾਰ ਬਿਲਕੁਲ ਵੀ ਨਹੀਂ।" ਕੋਵਿਡ ਦੇ ਆਉਣ ਤੋਂ ਪਹਿਲਾਂ, ਉਹ ਅਕਸਰ ਥਾਲ਼ੀ ਤਿਆਰ ਕਰਿਆ ਕਰਦੀ ਸੀ, ਉਹ ਕਹਿੰਦੀ ਹੈ। ਉਨ੍ਹਾਂ ਦਾ ਵਿਆਹ 2007 ਵਿੱਚ ਹੋਇਆ ਸੀ ਅਤੇ ਇਸ ਕੰਮ ਨਾਲ਼ ਜੁੜਿਆਂ ਉਨ੍ਹਾਂ ਨੂੰ 15 ਸਾਲ ਹੋ ਚੁੱਕੇ ਹਨ।
ਚੁੱਲ੍ਹੇ ਵੱਲ ਨਜ਼ਰ ਟਿਕਾਈ ਮੋਨਜੀਤ ਨੇ ਕਿਹਾ, "ਸਾਨੂੰ ਪਹਿਲੀ ਨਜ਼ਰੇ ਪਿਆਰ ਹੋਇਆ ਸੀ।"
"ਹੋ ਸਕਦਾ ਹੈ ਇਸ ਵਿੱਚ ਅੱਧਾ ਘੰਟਾ ਹੀ ਲੱਗਾ ਹੋਵੇ," ਉਸ ਨੇ ਫਿਰ ਮੁਸਕਰਾਉਂਦੇ ਹੋਏ ਕਿਹਾ।
"ਸਹੀ ਕਿਹਾ, ਸ਼ਾਇਦ ਅੱਧਾ ਘੰਟਾ ਹੀ ਲੱਗਾ ਹੋਣਾ," ਨਯਨਮੋਨੀ, ਜੋ ਮੱਛੀ ਕੱਟ ਰਹੀ ਸੀ, ਨੇ ਹਾਂ ਵਿੱਚ ਹਾਂ ਮਿਲ਼ਾਈ ਤੇ ਹੱਸ ਪਈ।
"ਉਹ ਠੀਕ ਕਹਿ ਰਹੀ ਸੀ," ਇਸ ਵਾਰ ਮੋਨਜੀਤ ਨੇ ਦ੍ਰਿੜਤਾ ਨਾਲ਼ ਕਿਹਾ, "ਇਸ ਨੂੰ ਦੋ ਦਿਨ ਲੱਗ ਗਏ। ਉਸ ਤੋਂ ਬਾਅਦ, ਅਸੀਂ ਨਦੀ ਦੇ ਨੇੜੇ ਲੁਕ-ਲੁਕ ਮਿਲ਼ਦੇ ਅਤੇ ਇਕੱਠੇ ਸਮਾਂ ਬਿਤਾਉਂਦੇ। ਉਹ ਚੰਗੇ ਪੁਰਾਣੇ ਦਿਨ ਸਨ।" ਇਹ ਜੋੜਾ 20 ਸਾਲ ਪਹਿਲਾਂ ਪਹਿਲੀ ਵਾਰ ਮਿਲਿਆ ਸੀ। ਅੱਜ ਉਨ੍ਹਾਂ ਦੀ ਇੱਕ ਗਭਰੇਟ ਬੇਟੀ ਬਬਲੀ ਅਤੇ ਇੱਕ ਛੋਟੀ ਜਿਹੀ ਬੱਚੀ ਹੈ, ਜਿਸ ਦਾ ਨਾਂ ਬਾਰਬੀ ਹੈ।
ਉਸ ਦਿਨ ਨਯਨਮੋਨੀ ਦੀ ਆਖਰੀ ਡਿਸ਼ ਦੇਸ਼ ਦੇ ਇਸ ਹਿੱਸੇ ਵਿੱਚ ਮਿਲ਼ਣ ਵਾਲ਼ੀ ਸੁਆਦੀ ਈਲ ਮੱਛੀ ਸੀ। "ਅਸੀਂ ਆਮ ਤੌਰ 'ਤੇ ਈਲ ਨੂੰ ਕੱਚੇ ਬਾਂਸ ਵਿੱਚ ਪਕਾਉਂਦੇ ਹਾਂ। ਕਿਉਂਕਿ ਇੰਝ ਇਹਦਾ ਸੁਆਦ ਕਈ ਗੁਣਾ ਵੱਧ ਜਾਂਦਾ ਹੈ। ਅੱਜ ਸਾਡੇ ਕੋਲ਼ ਕੱਚਾ ਬਾਂਸ ਨਹੀਂ ਸੀ, ਇਸ ਲਈ ਅਸੀਂ ਇਸ ਨੂੰ ਕੇਲੇ ਦੇ ਪੱਤੇ 'ਤੇ ਪਕਾਇਆ ਸੀ।"
ਉਸਨੇ ਖਾਣਾ ਪਕਾਉਣਾ ਕਿਵੇਂ ਸਿੱਖਿਆ? ਉਹ ਕਹਿੰਦੀ ਹੈ, "ਮੋਨਜੀਤ ਕੀ ਮਾਂ, ਦੀਪਤੀ, ਨੇ ਮੁਝੇ ਸਿਖਾਇਆ [ਮੋਨਜੀਤ ਦੀ ਮਾਂ ਨੇ ਮੈਨੂੰ ਖਾਣਾ ਬਣਾਉਣਾ ਸਿਖਾਇਆ]। ਇਸ ਵੇਲ਼ੇ ਦੀਪਤੀ ਰਿਸਾਂਗ ਦੇ ਇੱਕ ਗੁਆਂਢੀ ਪਿੰਡ ਵਿੱਚ ਆਪਣੀ ਧੀ ਨੂੰ ਮਿਲਣ ਗਈ ਹੋਈ ਹੈ।
ਆਖ਼ਰਕਾਰ ਸਭ ਤੋਂ ਵੱਧ ਉਡੀਕਿਆ ਜਾਣ ਵਾਲ਼ਾ ਪਲ ਆ ਹੀ ਗਿਆ। ਉਨ੍ਹਾਂ ਸਾਰਿਆਂ ਨੇ ਆਪਣੀਆਂ ਬਾਂਸ ਦੀਆਂ ਕੌਲੀਆਂ ਚੁੱਕੀਆਂ ਅਤੇ ਕੁਜ਼ੀਨ ਦੇ ਕੋਨੇ ਵਿੱਚ ਲੱਗੇ ਡਾਇਨਿੰਗ ਟੇਬਲ ਵੱਲ ਵੱਧਣ ਲੱਗੇ।
ਮੀਨੂੰ (menu) ਵਿੱਚ ਘੇਤੀਆ, ਮਿੱਠੀ ਅਤੇ ਖੱਟੀ ਮੱਛੀ ਅਤੇ ਆਲੂ ਦਾ ਸ਼ੋਰਬਾ, ਕੇਲੇ ਦੇ ਪੱਤੇ ਵਿੱਚ ਪਕਾਈ ਗਈ ਈਲ, ਭੁੰਨ੍ਹਿਆ ਹੋਇਆ ਸਾਗ, ਭੁੰਨਿਆ ਹੋਇਆ ਚਿਕਨ ਜਿਸਨੂੰ ਕੁਕੁਰਾ ਖੋਰਿਕਾ ਕਿਹਾ ਜਾਂਦਾ ਹੈ, ਬੈਂਗਣ ਜਾਂ ਬੈਂਗਨਭਾਜਾ ਅਤੇ ਇੱਕ ਕੇਲੇ ਦੇ ਪੱਤੇ ਵਿੱਚ ਲਪੇਟੇ ਚਾਵਲ ਹਨ ਜਿਸਨੂੰ ਪੁਰੰਗਾਪਿਨ ਕਿਹਾ ਜਾਂਦਾ ਹੈ। ਤਿੱਖੇ ਸੂਪ, ਨਾਜ਼ੁਕ ਤਰੀਕੇ ਨਾਲ਼ ਪਕਾਏ ਗਏ ਮੀਟ ਅਤੇ ਖੁਸ਼ਬੂਦਾਰ ਚਾਵਲ ਖਾਣੇ ਨੂੰ ਜ਼ਾਇਕੇਦਾਰ ਬਣਾਉਂਦੇ ਸਨ।
ਇੱਕ ਥਾਲ਼ੀ ਦੀ ਕੀਮਤ 500 ਰੁਪਏ ਹੈ।
"ਇਸ ਤਰ੍ਹਾਂ ਦੀ ਥਾਲੀ ਬਣਾਉਣਾ ਬਹੁਤ ਔਖਾ ਹੈ। ਸਾਨੂੰ ਉਨ੍ਹਾਂ 35 ਲੋਕਾਂ ਲਈ ਖਾਣਾ ਬਣਾਉਣਾ ਪਵੇਗਾ ਜੋ ਖਾਣ ਲਈ ਆਉਣਗੇ," ਨਯਨਮੋਨੀ ਨੇ ਥੱਕੀ ਹੋਈ ਆਵਾਜ਼ ਵਿੱਚ ਕਿਹਾ।
ਖਾਣਾ ਪਕਾਉਣ ਦੇ ਮਿਹਨਤ ਭਰੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ, ਉਹ ਨਦੀ ਦੇ ਦੂਜੇ ਕੰਢੇ 'ਤੇ ਜੋਰਹਾਟ ਜਾਣਾ ਚਾਹੁੰਦੀ ਹੈ। ਉੱਥੇ ਪਹੁੰਚਣ ਲਈ ਕਿਸ਼ਤੀ ਰਾਹੀਂ ਜਾਣਾ ਪੈਂਦਾ ਹੈ। ਜਦੋਂ ਤੋਂ ਮਹਾਂਮਾਰੀ ਆਈ ਹੈ, ਉਦੋਂ ਤੋਂ ਉਹ ਉੱਥੇ ਨਹੀਂ ਗਈ। "ਮੈਨੂੰ ਜੋਰਹਾਟ ਵਿੱਚ ਕੁਝ ਖਰੀਦਦਾਰੀ ਕਰਨਾ ਅਤੇ ਇੱਕ ਚੰਗੇ ਹੋਟਲ ਵਿੱਚ ਖਾਣਾ ਪਸੰਦ ਹੈ। ਮੈਨੂੰ ਉੱਥੇ ਖਾਣਾ ਬਣਾਉਣ ਦੀ ਲੋੜ ਨਹੀਂ ਹੈ।" ਉਹ ਹੱਸਣ ਲੱਗਦੀ ਹੈ।
ਤਰਜਮਾ: ਕਮਲਜੀਤ ਕੌਰ