ਆਂਧਰ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਮਟਨ ਦੀਆਂ ਦੁਕਾਨਾਂ ਤੇ ਮੰਡੀਆਂ ਵਿੱਚ ਬੱਕਰੀਆਂ ਤੇ ਭੇਡਾਂ ਨੂੰ ਗੱਡੀਆਂ ’ਚ ਲੱਦ ਕੇ ਲਗਾਤਾਰ ਪਹੁੰਚਾਇਆ ਜਾਂਦਾ ਹੈ। ਵਪਾਰੀ ਇਨ੍ਹਾਂ ਜਾਨਵਰਾਂ ਨੂੰ ਆਜੜੀਆਂ ਕੋਲ਼ੋਂ ਖਰੀਦਦੇ ਹਨ ਜੋ ਬਾਅਦ ਵਿੱਚ ਉਹਨਾਂ ਨੂੰ ਆਪਣੇ ਨਾਲ਼ ਲਈ, ਚੰਗੇ ਭਾਅ ਦੀ ਭਾਲ ਵਿੱਚ, ਮੰਡੀਓਂ-ਮੰਡੀ ਘੁੰਮਦੇ ਹਨ। ਮੈਂ ਇਹ ਫੋਟੋ ਉਦੋਂ ਖਿੱਚੀ ਸੀ ਜਦੋਂ ਇੱਕ ਟੈਂਪੂ ਕਾਦੀਰੀ ਤੋਂ ਅਨੰਤਪੁਰ ਵੱਲ ਜਾ ਰਿਹਾ ਸੀ।
ਮੈਨੂੰ ਲੱਗਿਆ ਸੀ ਕਿ ਉੱਤੇ ਬੈਠਾ ਬੰਦਾ (ਜੀਹਦਾ ਨਾਂ ਮੈਂ ਨੋਟ ਨਹੀਂ ਕਰ ਸਕਿਆ) ਮਾਲਕ ਹੋਵੇਗਾ। ਇਸ ਲਈ ਮੈਂ ਅਨੰਤਪੁਰ ਸ਼ਹਿਰ ਵਿੱਚ ਹਰ ਸ਼ਨੀਵਾਰ ਨੂੰ ਲੱਗਣ ਵਾਲੀ ਬੱਕਰਾ ਮੰਡੀ ਵਿੱਚ ਗਿਆ ਤੇ ਸਾਰੇ ਲੋਕਾਂ ਨੂੰ ਇਹ ਫੋਟੋ ਦਿਖਾਈ। ਕੁਝ ਵਪਾਰੀਆਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹ ਵੀ ਇੱਕ ਵਪਾਰੀ ਹੋਵੇ ਜਾਂ ਕਿਸੇ ਵਪਾਰੀ ਵੱਲੋਂ ਭੇਜਿਆ ਗਿਆ ਬੰਦਾ, ਪਰ ਉਹਨਾਂ ਨੂੰ ਪੱਕਾ ਨਹੀਂ ਪਤਾ ਸੀ। ਇੱਕ ਆਜੜੀ, ਪੀ ਨਰਾਇਣਸਵਾਮੀ, ਜਿਸਨੂੰ ਮੈਂ ਮੰਡੀ ਵਿੱਚ ਮਿਲਿਆ ਸਾਂ, ਨੇ ਦੱਸਿਆ ਕਿ ਉਹ ਦਾਅਵੇ ਨਾਲ਼ ਕਹਿ ਸਕਦੈ ਕਿ ਫੋਟੋ ਵਾਲਾ ਬੰਦਾ ਜਾਨਵਰਾਂ ਦਾ ਮਾਲਕ ਨਹੀਂ ਹੈ। “ਉਹ ਸ਼ਾਇਦ ਇੱਕ ਮਜ਼ਦੂਰ ਹੈ। ਸਿਰਫ਼ ਇੱਕ ਮਜ਼ਦੂਰ ਹੀ ਗੱਡੀ ਦੇ ਉੱਤੇ ਬੈਠ ਸਕਦਾ ਹੈ (ਬੇਫਿਕਰੀ ਨਾਲ਼)। ਕਿਉਂਕਿ ਜੇਕਰ ਉਹ ਬੱਕਰੀਆਂ ਦਾ ਮਾਲਕ ਹੁੰਦਾ ਤਾਂ ਜਾਨਵਰਾਂ ਨੂੰ ਲਿਜਾਣ ਤੋਂ ਪਹਿਲਾਂ, ਪੂਰੀ ਚੰਗੀ ਤਰ੍ਹਾਂ ਉਨ੍ਹਾਂ ਦੇ ਪੈਰਾਂ ਨੂੰ ਡਾਲੇ ਤੋਂ ਖਿੱਚ ਕੇ ਅੰਦਰ ਵੱਲ ਨੂੰ ਕਰ ਦਿੰਦਾ। ਜੋ ਬੰਦਾ ਹਰ ਬੱਕਰੀ ’ਤੇ ਤਕਰੀਬਨ 6,000 ਰੁਪਏ ਖਰਚਦਾ ਹੋਵੇ ਉਹ ਉਨ੍ਹਾਂ ਦੀਆਂ ਲੱਤਾਂ ਇੰਝ ਹੀ ਟੁੱਟਣ ਲਈ ਨਹੀਂ ਛੱਡ ਸਕਦਾ।”
ਤਰਜਮਾ: ਅਰਸ਼