ਸੰਦੀਪਨ ਵਾਲਵੇ ਲਈ ਇਹ ਕੋਈ ਵਿਲੱਖਣ ਫਰਿਆਦ ਨਹੀਂ ਸੀ। "ਕ੍ਰਿਪਾ ਕਰਕੇ ਚਿਖਾ ਨੂੰ ਅੱਗ ਲਾਉਣ ਤੋਂ ਪਹਿਲਾਂ ਉਹਦੀ ਦੇਹ 'ਤੇ ਇਹ ਪਾ ਦੇਣਾ," ਮ੍ਰਿਤਕ ਔਰਤ ਦੇ ਪਰਿਵਾਰ ਵਾਲ਼ਿਆਂ ਨੇ ਉਨ੍ਹਾਂ (ਸੰਦੀਪਨ) ਨੂੰ ਲਿਸ਼ਕਵੀਂ ਹਰੀ ਸਾੜੀ ਫੜ੍ਹਾਉਂਦਿਆਂ ਕਿਹਾ। ਉਨ੍ਹਾਂ ਨੇ ਉਵੇਂ ਹੀ ਕੀਤਾ ਜਿਵੇਂ ਉਨ੍ਹਾਂ ਨੂੰ ਕਰਨ ਲਈ ਕਿਹਾ ਗਿਆ ਸੀ।
ਮਹਾਰਾਸ਼ਟਰ ਦੇ ਓਸਮਾਨਾਬਾਦ ਸ਼ਹਿਰ ਦੇ ਸ਼ਮਸ਼ਾਨ ਘਾਟ ਵਿੱਚ 15 ਦੇਹਾਂ ਅੰਤਮ ਸਸਕਾਰ ਦੀ ਉਡੀਕ ਵਿੱਚ ਸਨ, ਵਾਲਵੇ ਨੇ ਉਸ ਔਰਤ ਦੀ ਦੇਹ ਨੂੰ ਲੱਭ ਲਿਆ ਜਿਹਦੇ ਲਈ ਬੇਨਤੀ ਕੀਤੀ ਗਈ ਸੀ। ਪੀਪੀਈ ਕਿੱਟ ਪਾਈ ਉਨ੍ਹਾਂ ਨੇ ਏਅਰਟਾਈਟ ਬਾਡੀ-ਬੈਗ ਵਿੱਚ ਬੰਨ੍ਹੀ ਲੋਥ ਦੇ ਉੱਪਰ ਆਪਣੀ ਦਸਤਾਨੇ ਪਾਏ ਹੱਥਾਂ ਨਾਲ਼ ਹਰੀ ਸਾੜੀ ਇੰਨੀ ਮਲ੍ਹਕੜੇ ਜਿਹੇ ਟਿਕਾਈ ਜਿੰਨੇ ਮਲ੍ਹਕੜੇ ਢੰਗ ਨਾਲ਼ ਉਹ ਰੱਖ ਸਕਦੇ ਸਨ। "ਮ੍ਰਿਤਕ ਔਰਤ ਦੇ ਪਰਿਵਾਰ ਵਾਲ਼ੇ ਵਾਇਰਸ ਤੋਂ ਸੰਕ੍ਰਮਿਤ ਹੋ ਜਾਣ ਬਾਰੇ ਸੋਚ ਕੇ ਸਹਿਮੇ ਖੜ੍ਹੇ ਸਨ," ਉਨ੍ਹਾਂ ਨੇ ਕਿਹਾ।
ਓਸਮਾਨਾਬਾਦ ਦੀ ਨਗਰਨਿਗਮ ਪਰਿਸ਼ਦ ਦੇ 45 ਸਾਲਾ ਕਾਰਕੁੰਨ ਵਾਲਵੇ, ਬੀਤੇ ਸਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਭਾਵ ਕਿ ਮਾਰਚ ਤੋਂ ਹੀ ਕੋਵਿਡ-19 ਸੰਕ੍ਰਮਿਤ ਲੋਥਾਂ ਦਾ ਅੰਤਮ ਸਸਕਾਰ ਕਰਦੇ ਆ ਰਹੇ ਹਨ। ਉਨ੍ਹਾਂ ਨੇ ਓਦੋਂ ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਸਸਕਾਰ ਕੀਤੇ ਹਨ। ਕਰੋਨਾ ਦੀ ਦੂਸਰੀ ਲਹਿਰ ਨੇ ਗ੍ਰਾਮੀਣ ਇਲਾਕਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵੱਧ ਕਹਿਰ ਢਾਹਿਆ ਹੈ, ਜਿੱਥੇ ਇਸ ਸਾਲ ਅਪ੍ਰੈਲ ਦੇ ਸ਼ੁਰੂ ਤੋਂ ਹੀ ਇੱਕ ਦਿਨ ਵਿੱਚ ਸ਼ਮਸ਼ਾਨ ਘਾਟ ਵਿੱਚ 15-20 ਦੇਹਾਂ ਅੰਤਮ ਸਸਕਾਰ ਲਈ ਆਉਣ ਲੱਗੀਆਂ। ਇਸ ਨਾਲ਼ ਵਾਲਵੇ ਅਤੇ ਉਨ੍ਹਾਂ ਦੇ ਸਹਿਕਰਮੀਆਂ 'ਤੇ ਬੋਝ ਵੱਧਦਾ ਚਲਾ ਗਿਆ ਅਤੇ ਲੋਕਾਂ ਦਰਮਿਆਨ ਦਹਿਸ਼ਤ ਦੀ ਚਿੰਗਿਆੜੀ ਭਬਕਦੀ ਗਈ।
"ਵਾਇਰਸ ਦਾ ਡਰ ਕੁਝ ਲੋਕਾਂ ਅੰਦਰ ਆਪਣੇ ਹੀ ਪਰਿਵਾਰਕ ਮੈਂਬਰਾਂ ਦੇ ਦਾਹ-ਸਸਕਾਰ ਵਿੱਚ ਨਾ ਸ਼ਾਮਲ ਹੋਣ ਲਈ ਮਜ਼ਬੂਰ ਕਰ ਰਿਹਾ ਹੈ," ਵਾਲਵੇ ਕਹਿੰਦੇ ਹਨ। "ਇਸੇ ਲਈ ਉਹ ਆਪਣੇ ਮ੍ਰਿਤਕ ਨੂੰ ਸਾੜਨ ਤੋਂ ਪਹਿਲਾਂ ਸਾਨੂੰ ਹੀ ਮੁੱਢਲੀਆਂ ਰਸਮਾਂ ਅਦਾ ਕਰਨ ਲਈ ਬੇਨਤੀ ਕਰਦੇ ਹਨ। ਇਹ ਬਹੁਤ ਹੀ ਮੁਸ਼ਕਲ ਸਮਾਂ ਹੈ। ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਕ ਜੀਆਂ ਦੀ ਗੈਰ-ਮੌਜੂਦਗੀ ਵਿੱਚ ਸੜਦੇ ਦੇਖਣਾ ਦਿਲ ਵਲੂੰਧਰ ਕੇ ਰੱਖ ਦੇਣ ਵਾਲ਼ਾ ਸਮਾਂ ਹੁੰਦਾ ਹੈ। ਪਰ ਆਪਣੇ ਦਿਲ ਨੂੰ ਇਹ ਚੇਤੇ ਕਰ ਕੇ ਤਸੱਲੀ ਦੇ ਦੇ ਲਈਦੀ ਹੈ ਕਿ ਮਰਨ ਵਾਲ਼ਾ ਕੀ ਜਾਣੇ ਉਹਦਾ ਅੰਤਮ ਸਸਕਾਰ ਕਿਵੇਂ ਹੋਇਆ।"
ਡਰ ਤੋਂ ਇਲਾਵਾ, ਪਾਬੰਦੀਆਂ ਵੀ ਰਿਸ਼ਤੇਦਾਰਾਂ ਨੂੰ ਅੰਤਮ ਸਸਕਾਰ ਕਿਰਿਆ ਤੋਂ ਦੂਰ ਰੱਖਦੀਆਂ ਹਨ। ਕੋਵਿਡ-19 ਦੀ ਦੂਸਰੀ ਲਹਿਰ ਵਿੱਚ ਸੰਕ੍ਰਮਣ ਅਤੇ ਮੌਤਾਂ ਦੇ ਉੱਚੇ ਹੁੰਦੇ ਗ੍ਰਾਫ ਤੋਂ ਬਾਅਦ ਸ਼ਮਸ਼ਾਨ ਘਾਟ ਅੰਦਰ ਸਿਰਫ਼ ਇੱਕੋ ਰਿਸ਼ਤੇਦਾਰ ਨੂੰ ਜਾਣ ਦੀ ਆਗਿਆ ਹੈ। ਬਾਕੀਆਂ ਵੱਲੋਂ ਆਪਣੇ ਵਿਛੜ ਜਾਣ ਵਾਲ਼ੇ ਨੂੰ ਅਲਵਿਦਾ ਕਹਿਣਾ ਵੀ ਸਮੇਂ ਦੇ ਨਾਲ਼ ਜਾਂਦਾ ਰਿਹਾ ਹੈ। ਉਨ੍ਹਾਂ ਨੂੰ ਦੇਹ ਤੋਂ ਦੂਰੀ ਬਣਾਈ ਰੱਖਦੇ ਹੋਏ ਇੱਕ-ਦੂਸਰੇ ਨੂੰ ਢਾਰਸ ਦੇਣ ਲਈ ਨਵੇਂ ਤਰੀਕੇ ਲੱਭਣ ਲਈ ਮਜ਼ਬੂਰ ਹੋਣਾ ਪਿਆ ਹੈ। ਬਹੁਤੇਰੇ ਲੋਕਾਂ ਲਈ ਆਪਣੇ ਪਿਆਰੇ ਦਾ ਸਨਮਾਨ ਨਾਲ਼ ਅੰਤਮ ਸਸਕਾਰ ਕਰਨਾ ਵੀ ਚੁਣੌਤੀ ਬਣ ਗਿਆ ਹੈ।
ਜਦੋਂ ਸੁਨੀਲ ਬਡੂਰਕਰ ਆਪਣੇ ਪਿਤਾ ਦੀ ਲੋਥ ਦੀ ਪਛਾਣ ਕਰਨ ਲਈ ਮੁਰਦਾਘਰ ਵਿੱਚ ਦਾਖਲ ਹੋਏ, ਤਾਂ ਲੋਥ ਪਹਿਲਾਂ ਹੀ ਸੜਨੀ ਸ਼ੁਰੂ ਹੋ ਚੁੱਕੀ ਸੀ। ਓਸਮਾਨਾਬਾਦ ਦੇ 58 ਸਾਲਾ ਸੇਵਾ-ਮੁਕਤ ਜਿਲ੍ਹਾ ਪਰਿਸ਼ਦ ਅਧਿਕਾਰੀ ਕਹਿੰਦੇ ਹਨ,''ਬਦਬੂ ਬਰਦਾਸ਼ਤ ਤੋਂ ਬਾਹਰ ਸੀ।'' ''ਮੇਰੇ ਪਿਤਾ ਦੀ ਲੋਥ ਨੂੰ ਬਹੁਤ ਸਾਰੀਆਂ ਲੋਥਾਂ ਦੇ ਨਾਲ਼ ਰੱਖਿਆ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕਈ ਲੋਥਾਂ ਸੜਨ ਲੱਗੀਆਂ ਸਨ।''
ਸੁਨੀਲ ਦੇ 81 ਸਾਲਾ ਪਿਤਾ ਮਨੋਹਰ ਨੂੰ 12 ਅਪ੍ਰੈਲ ਦੇ ਦਿਨ, ਕਰੋਨਾ ਪੋਜੀਟਿਵ ਜਾਂਚੇ ਜਾਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਇੱਕ ਦਿਨ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ। ''ਉਸ ਦਿਨ, ਸ਼ਹਿਰ ਵਿੱਚ ਕਈ ਮੌਤਾਂ ਹੋਈਆਂ ਸਨ,'' ਸੁਨੀਲ ਚੇਤੇ ਕਰਦੇ ਹਨ। ''ਉਨ੍ਹਾਂ ਦੀ ਮੌਤ ਦਾ ਬੋਝ ਹੀ ਇੰਨਾ ਜਿਆਦਾ ਸੀ ਤੇ ਉਤੋਂ 24 ਘੰਟੇ ਬਾਅਦ ਕਿਤੇ ਜਾ ਕੇ ਉਨ੍ਹਾਂ ਦੇ ਅੰਤਮ ਸਸਕਾਰ ਦੀ ਪ੍ਰਕਿਰਿਆ ਸ਼ੁਰੂ ਕਰ ਸਕੇ। ਜਦੋਂ ਨਿੱਜੀ ਹਸਪਤਾਲਾਂ ਅੰਦਰ ਕੋਵਿਡ ਦਾ ਮਰੀਜ਼ ਮਰਦਾ ਹੈ ਤਾਂ ਲਾਸ਼ ਨੂੰ ਓਸਮਾਨਾਬਾਦ ਦੇ ਸਿਵਿਲ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਜਾ ਕੇ ਸਾਨੂੰ ਲਾਸ਼ ਦੀ ਪਛਾਣ ਕਰਨੀ ਪੈਂਦੀ ਹੈ। ਉਸ ਤੋਂ ਬਾਅਦ, ਲਾਸ਼ਾਂ ਨੂੰ ਇੱਕ ਐਂਬੂਲੈਂਸ ਵਿੱਚ ਲੱਦ ਕੇ ਸ਼ਮਸ਼ਾਨ ਘਾਟ ਲਿਜਾਇਆ ਜਾਂਦਾ ਹੈ।''
ਸ਼ਮਸ਼ਾਨ ਘਾਟ ਵਿੱਚ ਚਿਖਾਵਾਂ ਪਹਿਲਾਂ ਹੀ ਤਿਆਰ ਰੱਖੀਆਂ ਹੁੰਦੀਆਂ ਹਨ। ਕਾਮੇ ਲੋਥਾਂ ਨੂੰ ਕਤਾਰਬੱਧ ਕਰਦੇ ਹਨ, ਇੱਕ ਕਤਾਰ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ 15-20 ਲਾਸ਼ਾ ਨੂੰ ਚਿਣ ਦਿੱਤਾ ਜਾਂਦਾ ਹੈ। ''ਅਜਿਹੇ ਮੌਕੇ ਨਾ ਮਰਨ ਵਾਲ਼ੇ ਦੀ ਅਤੇ ਨਾ ਹੀ ਮੌਤ ਦੀ ਕੋਈ ਸ਼ੋਭਾ ਬਰਕਾਰ ਰਹਿੰਦੀ ਹੈ,'' ਬਡੂਰਕਰ ਕਹਿੰਦੇ ਹਨ।
ਮਹਾਰਾਸ਼ਟਰ ਸਰਕਾਰ ਦਾ ਅਨੁਮਾਨ ਹੈ ਕਿ ਓਸਮਾਨਾਬਾਦ ਵਿੱਚ ਹੁਣ ਤੱਕ ਕੋਵਿਡ-19 ਨਾਲ਼ 1,250 ਤੋਂ ਵੱਧ ਲੋਕ ਮਰ ਚੁੱਕੇ ਹਨ ਅਤੇ ਸਾਲ 2020 ਦੇ ਮਾਰਚ ਮਹੀਨੇ ਤੋਂ ਹੁਣ ਤੱਕ 56,000 ਤੋਂ ਵੱਧ ਲੋਕ ਸੰਕ੍ਰਮਿਤ ਹੋ ਚੁੱਕੇ ਹਨ। ਓਸਮਾਨਾਬਾਦ, ਮਹਾਰਾਸ਼ਟਰ ਦੇ ਮਰਾਠਵਾੜਾ ਇਲਾਕੇ ਦਾ ਇੱਕ ਅਜਿਹਾ ਜਿਲ੍ਹਾ ਹੈ ਜੋ ਕਈ ਸਾਲਾਂ ਤੋਂ ਗ੍ਰਾਮੀਣ ਸੰਕਟ, ਪਾਣੀ ਦੀ ਭਾਰੀ ਕਿੱਲਤ ਅਤੇ ਕਿਸਾਨ ਆਤਮਹੱਤਿਆਵਾਂ ਨਾਲ਼ ਦੋ ਹੱਥ ਹੁੰਦਾ ਆਇਆ ਹੈ। ਇੱਕ ਖੇਤੀ ਪ੍ਰਧਾਨ ਸੂਬੇ ਵਿੱਚ ਕਰੋਨਾ ਦੀ ਇਸ ਦੂਸਰੀ ਅਤੇ ਮਾਰੂ ਲਹਿਰ ਨੇ ਉਨ੍ਹਾਂ ਵਰਗਾਂ 'ਤੇ ਬੁਰਾ ਅਸਰ ਪਾਇਆ ਹੈ ਜੋ ਪਹਿਲਾਂ ਤੋਂ ਹੀ ਕਰਜ਼ੇ ਦੀ ਮਾਰ ਹੇਠ ਹਨ ਅਤੇ ਜਿਨ੍ਹਾਂ ਕੋਲ਼ ਸਿਹਤ ਸੇਵਾਵਾਂ 'ਤੇ ਖਰਚ ਕਰਨ ਲਈ ਨਾ-ਮਾਤਰ ਹੀ ਪੈਸਾ ਬਚਿਆ ਹੈ।
ਹਸਪਤਾਲ ਅਧਿਕਾਰੀ ਕਹਿੰਦੇ ਹਨ, ਕਈ ਮੌਕਿਆਂ 'ਤੇ ਇੰਝ ਵੀ ਹੋਇਆ ਹੈ ਕਿ ਪਰਿਵਾਰ ਦੇ ਮੈਂਬਰ ਲਾਸ਼ ਲੈਣ ਤੱਕ ਨਹੀਂ ਆਏ। ਇਹਦਾ ਮੁੱਖ ਕਾਰਨ ਉਨ੍ਹਾਂ ਦੇ ਅੰਦਰ ਸੰਕ੍ਰਮਤ ਹੋਣ ਦਾ ਡਰ ਹੀ ਹੈ ਜਿਹਦੇ ਕਾਰਨ ਉਹ ਕਰਜ਼ੇ ਦੇ ਕੁਚੱਕਰ ਵਿੱਚ ਹੋਰ ਡੂੰਘੇ ਲੱਥ ਜਾਣਗੇ।
ਕੁਝ ਲੋਕ ਅਜਿਹੇ ਵੀ ਹਨ ਜੋ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਓਸਮਾਨਾਬਾਦ ਵਿੱਚ ਮੁਸਲਮ ਕਾਰਕੁੰਨਾਂ ਦਾ ਇੱਕ ਗਰੁੱਪ ਇਹ ਯਕੀਨੀ ਬਣਾਉਣ ਦਾ ਯਤਨ ਕਰਦਾ ਹੈ ਕਿ ਲਵਾਰਿਸ ਲਾਸ਼ਾਂ ਨੂੰ ਮੌਤ ਤੋਂ ਬਾਅਦ ਬੇਕਦਰੀ ਨਾ ਝੱਲਣੀ ਪਵੇ। ਗਰੁੱਪ ਨੇ 8-10 ਵਲੰਟੀਅਰਾਂ ਵਿੱਚੋਂ 34 ਸਾਲਾਂ ਸਾਲਾ ਬਿਲਾਲ ਤੰਬੋਲੀ ਵੀ ਸ਼ਾਮਲ ਹਨ, ਜੋ ਕਹਿੰਦੇ ਹਨ,"ਅਸੀਂ ਦੂਸਰੀ ਲਹਿਰ ਵਿੱਚ 40 ਤੋਂ ਵੱਧ ਲੋਕਾਂ ਦਾ ਅੰਤਮ ਸਸਕਾਰ ਅਤੇ ਬੀਤੇ ਸਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ 100 ਤੋਂ ਜ਼ਿਆਦਾ ਅੰਤਮ ਸੰਸਕਾਰ ਕੀਤੇ ਹਨ। ਹਸਪਤਾਲ ਸਾਨੂੰ ਦੱਸਦਾ ਹੈ ਅਤੇ ਫਿਰ ਅਸੀਂ ਅੰਤਮ ਸਸਕਾਰ ਦੀ ਪ੍ਰਕਿਰਿਆ ਅੱਗੇ ਵਧਾਉਂਦੇ ਹਾਂ। ਜੇਕਰ ਮ੍ਰਿਤਕ ਮੁਸਲਮਾਨ ਪਰਿਵਾਰ ਤੋਂ ਹੋਵੇ ਤਾਂ ਅਸੀਂ ਮੁਸਲਮਾਨਾਂ ਵਾਲ਼ੇ ਰੀਤੀ ਰਿਵਾਜਾਂ ਦਾ ਪਾਲਣ ਕਰਦੇ ਹਾਂ। ਜੇਕਰ ਮਰਨ ਵਾਲ਼ੇ ਹਿੰਦੂ ਹੋਵੇ ਤਾਂ ਹਿੰਦੂ ਰਸਮ-ਰਿਵਾਜਾਂ ਦਾ ਪਾਲਣ ਕੀਤਾ ਜਾਂਦਾ ਹੈ। ਇਹ ਸਭ ਦਰਅਸਲ ਮੌਤ ਨੂੰ ਵੀ ਸ਼ਾਨ ਦੇਣ ਦੇ ਮੱਦੇਨਜ਼ਰ ਕੀਤਾ ਜਾਂਦਾ ਹੈ।"
ਬਿਲਾਲ ਇਸ ਗੱਲੋਂ ਵੀ ਚਿੰਤਤ ਹੁੰਦੇ ਹਨ ਕਿ ਕਿਤੇ ਉਹ ਇੰਝ ਨਾ ਜਾਪੇ ਜਿਵੇਂ ਆਪਣੇ ਗਰੁੱਪ ਦੇ ਕੰਮਾਂ ਜ਼ਰੀਏ ਪਬਲੀਸਿਟੀ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਗ਼ਲਤ ਹੋਵੇਗਾ। ਉਹ ਆਪਣੇ ਇਸ ਸਵੈ-ਇਛੱਤ ਕੰਮ ਦੇ ਖ਼ਤਰਿਆਂ ਤੋਂ ਵੀ ਭਲੀਭਾਂਤੀ ਜਾਣੂ ਹਨ। ਬਿਲਾਲ ਦਾ ਅਜੇ ਵਿਆਹ ਨਹੀਂ ਹੋਇਆ ਹੈ। ਬਿਲਾਲ ਕਹਿੰਦੇ ਹਨ,"ਮੈਨੂੰ ਆਪਣੇ ਪਰਿਵਾਰ ਦੇ ਲਈ ਬਹੁਤੀ ਚਿੰਤਾ ਹੁੰਦੀ ਹੈ। ਜੇਕਰ ਮੈਂ ਸੰਕ੍ਰਮਿਤ ਹੋ ਵੀ ਜਾਵਾਂ ਤਾਂ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੋਵੇਗਾ । ਪਰ ਮੈਂ ਆਪਣੇ ਮਾਪਿਆਂ, ਭਰਾ ਅਤੇ ਭੈਣ ਦੇ ਨਾਲ਼ ਰਹਿੰਦਾ ਹਾਂ। ਸਾਡਾ ਘਰ ਇੰਨਾ ਵੱਡਾ ਨਹੀਂ ਹੈ ਕਿ ਦੇਹ ਤੋਂ ਦੂਰੀ ਦਾ ਪਾਲਣ ਕੀਤਾ ਜਾ ਕੀਤਾ ਜਾ ਸਕੇ। ਮੈਂ ਹਰ ਸੰਭਵ ਸਾਵਧਾਨੀ ਵਰਤਦਾ ਹਾਂ- ਅਤੇ ਹਰ ਅੰਤਮ ਸਸਕਾਰ ਤੋਂ ਪਹਿਲਾਂ ਮੌਨ ਪ੍ਰਾਰਥਨਾ ਕਰਦਾ ਹਾਂ।
ਪਰਿਵਾਰਾਂ ਦਾ ਕਹਿਣਾ ਹੈ ਕਿ ਕੋਵਿਡ ਦੇ ਸਮੇਂ ਦੌਰਾਨ ਅੰਤਮ ਸਸਕਾਰ ਲਈ ਜਿਹੋ-ਜਿਹੀ ਪ੍ਰਕਿਰਿਆ ਵਿੱਚੋਂ ਲੰਘਣਾ ਪੈ ਰਿਹਾ ਹੈ ਉਸ ਨਾਲ਼ ਆਪਣਿਆਂ ਨੂੰ ਗੁਆਉਣ ਦੇ ਦੁੱਖ ਵਿੱਚੋਂ ਉੱਭਰ ਪਾਉਣਾ ਹੋਰ ਮੁਸ਼ਕਲ ਹੋ ਗਿਆ ਹੈ। ਓਸਮਾਨਾਬਾਦ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਰਹਿਣ ਵਾਲ਼ੀ 36 ਸਾਲਾ ਕਿਸਾਨ ਦੀਪਾਲੀ ਯਾਦਵ ਕਹਿੰਦੀ ਹਨ,"ਪਰਿਵਾਰ ਵਿੱਚ ਹੋਈ ਮੌਤ ਇੱਕ ਦੁਖਦ ਘਟਨਾ ਹੁੰਦੀ ਹੈ। ਤੁਸੀਂ ਬਤੌਰ ਪਰਿਵਾਰ ਇੱਕ ਪ੍ਰਕਿਰਿਆ ਤਹਿਤ ਹੀ ਇਹਦਾ ਸਾਹਮਣਾ ਕਰਦੇ ਹੋ ਅਤੇ ਬਤੌਰ ਪਰਿਵਾਰ ਇਸ ਦੁੱਖ ਵਿੱਚੋਂ ਬਾਹਰ ਆਉਂਦੇ ਹੋ। ਲੋਕ ਆਉਂਦੇ ਹਨ, ਅਫ਼ਸੋਸ ਕਰਦੇ ਹਨ ਅਤੇ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਨ। ਤੁਹਾਨੂੰ ਇੱਕ-ਦੂਸਰੇ ਤੋਂ ਤਾਕਤ ਮਿਲ਼ਦੀ ਹੈ। ਪਰ ਹੁਣ ਅਜਿਹਾ ਕੁਝ ਨਹੀਂ ਹੁੰਦਾ ਹੈ।"
ਅਪ੍ਰੈਲ ਦੇ ਤੀਸਰੇ ਹਫ਼ਤੇ ਵਿੱਚ ਜਦੋਂ 24 ਘੰਟੇ ਦੇ ਅੰਦਰ ਦੀਪਾਲੀ ਦੇ ਸੱਸ-ਸਹੁਰਾ ਦੀ ਮੌਤ ਹੋ ਗਈ ਸੀ, ਉਦੋਂ ਦੀਪਾਲੀ ਦਾ ਪੂਰਾ ਪਰਿਵਾਰ ਕੋਵਿਡ-19 ਦੀ ਚਪੇਟ ਵਿੱਚ ਸੀ। ਉਹ ਦੱਸਦੀ ਹਨ,"ਮੇਰੇ ਪਤੀ ਹਸਪਤਾਲ ਵਿੱਚ ਸਨ। ਸਾਡੇ ਤਿੰਨ ਬੱਚੇ ਘਰ ਇਕਾਂਤਵਾਸ ਵਿੱਚ ਸਨ। ਮੈਂ ਦੂਸਰੇ ਕਮਰੇ ਵਿੱਚ ਕੁਆਰੰਟੀਨ ਸੀ। ਸਾਰਾ ਕੁਝ ਬੇਹੱਦ ਅਜੀਬ ਹੋ ਚਲਿਆ ਸੀ। ਇੱਕ ਪਾਸੇ, ਮੈਂ ਘੱਟ ਸਮੇਂ ਵਿੱਚ ਹੀ ਪਰਿਵਾਰ ਦੇ ਦੋ ਮੈਂਬਰਾਂ ਨੂੰ ਗੁਆਉਣ ਦਾ ਗਮ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਦੂਸਰੇ ਪਾਸੇ, ਮੈਨੂੰ ਆਪਣੇ ਪਤੀ ਦੀ ਚਿੰਤਾ ਰਹਿੰਦੀ ਹੈ। ਉਸ ਕਮਰੇ ਵਿੱਚ ਇਕੱਲੇ ਬਹਿ-ਬਹਿ ਇੰਝ ਲੱਗਦਾ ਸੀ ਕਿ ਮੈਂ ਪਾਗ਼ਲ ਹੋ ਜਾਊਂਗੀ।"
ਉਨ੍ਹਾਂ (ਦੀਪਾਲੀ) ਦੇ ਪਤੀ ਵੀ ਕਿਸਾਨ ਹਨ। ਅਰਵਿੰਦ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਹ ਆਪਣੇ ਮਾਤਾ-ਪਿਤਾ ਦੇ ਅੰਤਮ ਦਿਨਾਂ ਵਿੱਚ ਉਨ੍ਹਾਂ ਦੀ ਦੇਖਭਾਲ਼ ਨਹੀਂ ਕਰ ਸਕੇ। ਉਹ ਕਹਿੰਦੇ ਹਨ,"ਭਾਵੇਂ ਮੈਂ ਹਸਪਤਾਲ ਵਿੱਚ ਭਰਤੀ ਸਾਂ, ਮੈਂ ਪੀਪੀਈ ਕਿਟ ਪਾਈ, ਸ਼ਮਸ਼ਾਨ ਗਿਆ ਅਤੇ ਉਨ੍ਹਾਂ ਨੂੰ ਸੜਦੇ ਹੋਏ ਦੇਖਿਆ। ਘੱਟ ਤੋਂ ਘੱਟ ਇੰਨਾ ਤਾਂ ਮੈਂ ਕਰ ਹੀ ਸਕਦਾ ਸਾਂ।"
45 ਸਾਲਾ ਅਰਵਿੰਦ ਨੂੰ ਹੁਣ ਵੀ ਇਹ ਗੱਲ ਤੋੜ-ਤੋੜ ਖਾਂਦੀ ਹੈ ਕਿ ਮਾਪਿਆਂ ਦੀ ਮੌਤ ਤੋਂ ਬਾਦ ਪਰਿਵਾਰ ਨੂੰ ਸ਼ੋਕ ਮਨਾਉਣ ਦਾ ਕਿੰਨਾ ਘੱਟ ਸਮਾਂ ਮਿਲਿਆ। ਉਹ ਕਹਿੰਦੇ ਹਨ, "ਲਾਸ਼ਾਂ ਦਾ ਦਾਅਵਾ ਕਰਨ, ਉਨ੍ਹਾਂ ਦੀ ਸ਼ਨਾਖ਼ਤ ਕਰਨ, ਠੀਕ ਤਰ੍ਹਾਂ ਸ਼ਮਸ਼ਾਨ ਵਿੱਚ ਲਿਜਾਣ ਤੇ ਫਿਰ ਅੰਤਮ ਸਸਕਾਰ ਦੌਰਾਨ ਕਰੋਨਾ ਪ੍ਰੋਟੋਕਾਲ ਦਾ ਪਾਲਣ ਕਰਨ ਵਿੱਚ ਹੀ ਸਭ ਦਾ ਦਿਮਾਗ਼ ਉਲਝ ਕੇ ਰਹਿ ਗਿਆ।"
"ਅੰਤਮ ਵਿਦਾਈ ਹੁਣ ਰਸਮ ਨਹੀਂ ਖਾਨਾਪੂਰਤੀ ਬਣ ਕੇ ਰਹਿ ਗਈ। ਤੁਹਾਡੇ ਕੋਲ਼ ਸ਼ੌਕ ਮਨਾਉਣ ਦਾ ਵੀ ਸਮਾਂ ਨਹੀਂ। ਤੁਹਾਡੇ ਕੋਲ਼ ਅਫ਼ਸੋਸ ਪ੍ਰਗਟ ਕਰਨ ਦਾ ਵੀ ਸਮਾਂ ਨਹੀਂ। ਉਸ ਪਲ ਜਦੋਂ ਤੁਹਾਡੇ ਪਿਆਰੇ ਦੀ ਦੇਹ ਬਲਣ ਲੱਗਦੀ ਹੈ, ਤੁਹਾਨੂੰ ਸ਼ਮਸ਼ਾਨ ਘਾਟ ਤੋਂ ਚਲੇ ਜਾਣ ਲਈ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਬਾਹਰ ਲਾਈਨ ਵਿੱਚ ਲੱਗੀਆਂ ਲਾਸ਼ਾਂ ਆਪਣੀ ਵਾਰੀ ਦੀ ਉਡੀਕ ਵਿੱਚ ਹੁੰਦੀਆਂ ਹਨ।"
ਅਰਵਿੰਦ ਦੀ ਮਾਂ 67 ਸਾਲਾ ਆਸ਼ਾ ਦੀ 16 ਅਪ੍ਰੈਲ ਨੂੰ ਮੌਤ ਹੋ ਗਈ। 80 ਸਾਲਾ ਉਨ੍ਹਾਂ ਦੇ ਪਿਤਾ ਵਸੰਤ ਵੀ ਅਗਲੇ ਹੀ ਦਿਨ ਮੁੱਕ ਗਏ। ਤਕਲੀਫਦੇਹ ਪਲ ਉਦੋਂ ਆਇਆ ਜਦੋਂ ਸ਼ਮਸ਼ਾਨ ਦੇ ਕਰਮੀਆਂ ਨੇ ਦੋਵਾਂ ਦੀਆਂ ਚਿਖਾਵਾਂ ਆਪਸ ਵਿੱਚ ਜੋੜ ਦਿੱਤੀਆਂ। "ਉਸ ਦਿਨ ਮੈਨੂੰ ਸਿਰਫ਼ ਇਸੇ ਗੱਲ ਨੇ ਦਿਲਾਸਾ ਦਿੱਤਾ ਸੀ ਕਿ ਮੇਰੇ ਮਾਤਾ-ਪਿਤਾ ਹਮੇਸ਼ਾ ਇਕੱਠੇ ਹੀ ਰਹਿੰਦੇ ਸਨ ਅਤੇ ਅੰਤਮ ਯਾਤਰਾ ਵੇਲੇ ਵੀ ਦੋਵੇਂ ਇਕੱਠੇ ਹੀ ਰਹੇ। ਉਹ ਸਕੂਨ ਨਾਲ਼ ਰਹਿਣਗੇ।"
ਤਰਜਮਾ: ਕਮਲਜੀਤ ਕੌਰ