ਗੁਡਲਾ ਮਨਗੰਮਾ ਕਹਿੰਦੀ ਹਨ,''ਜਦੋਂ ਅਸੀਂ ਪ੍ਰਵਾਸ ਕਰਕੇ ਹੈਦਰਾਬਾਦ ਆਏ ਸਾਂ ਤਾਂ ਅਸੀਂ ਮਿਲ਼ਣ ਵਾਲ਼ਾ ਹਰ ਕੰਮ ਕੀਤਾ। ਅਸੀਂ ਇੰਨਾ ਪੈਸਾ ਕਮਾਉਣਾ ਚਾਹੁੰਦੇ ਸਾਂ ਕਿ ਆਪਣੀ ਧੀ ਨੂੰ ਚੰਗੀ ਸਿੱਖਿਆ ਦੇ ਪਾਉਂਦੇ।'' ਉਹ ਅਤੇ ਉਨ੍ਹਾਂ ਦੇ ਪਤੀ ਗੁਡਲਾ ਕੋਟੈਯਾ ਸਾਲ 2000 ਵਿੱਚ ਤੇਲੰਗਾਨਾ ਦੇ ਮਹਬੂਬਨਗਰ ਜ਼ਿਲ੍ਹੇ ਵਿੱਚ ਪੈਂਦਾ ਆਪਣਾ ਪਿੰਡ ਛੱਡ ਕੇ ਰਾਜਧਾਨੀ, ਹੈਦਰਾਬਾਦ ਆਏ ਸਨ। ਉਨ੍ਹਾਂ ਨੇ ਆਪਣੀ ਪਹਿਲੀ ਔਲਾਦ, ਕਲਪਨਾ ਦੇ ਜੰਮਣ ਤੋਂ ਕੁਝ ਸਮੇਂ ਬਾਅਦ ਪ੍ਰਵਾਸ ਕੀਤਾ ਸੀ।
ਹਾਲਾਂਕਿ ਇਸ ਸ਼ਹਿਰ ਨੇ ਉਨ੍ਹਾਂ ਨੂੰ ਕੋਈ ਰਿਆਇਤ ਨਾ ਦਿੱਤੀ। ਜਦੋਂ ਕੋਟੈਯਾ ਨੂੰ ਹੋਰ ਕਿਸੇ ਪਾਸੇ ਕੋਈ ਕੰਮ ਨਾ ਮਿਲ਼ਿਆ ਤਾਂ ਉਹ ਰੋਜ਼ੀਰੋਟੀ ਵਾਸਤੇ ਹੱਥੀਂ ਮੈਲ਼ਾ ਢੋਹਣ ਲਈ ਮਜ਼ਬੂਰ ਹੋ ਗਏ। ਉਹ ਸੀਵਰੇਜ ਮਾਲ਼ੀਆਂ ਸਾਫ਼ ਕਰਨ ਲੱਗੇ।
ਹੈਦਰਾਬਾਦ ਵਿਖੇ, ਕੋਟੈਯਾ ਦੇ ਕੱਪੜੇ ਧੋਣ ਦੇ ਰਵਾਇਤੀ ਕੰਮ ਨੂੰ ਹੱਲ੍ਹਾਸ਼ੇਰੀ ਦੇਣ ਵਾਲ਼ਾ ਕੋਈ ਨਹੀਂ ਸੀ। ਇਹ ਕੰਮ ਉਨ੍ਹਾਂ ਦੇ ਚਕਲੀ ਭਾਈਚਾਰੇ ਦਾ ਰਵਾਇਤੀ ਕੰਮ ਹੈ, ਕੋਟੈਯਾ ਚਕਲੀ ਭਾਈਚਾਰਾ (ਤੇਲੰਗਾਨਾ ਵਿੱਚ ਹੋਰ ਪਿਛੜੇ ਵਰਕ ਵਜੋਂ ਸੂਚੀਬੱਧ) ਨਾਲ਼ ਤਾਅਲੁੱਕ ਰੱਖਦੇ ਸਨ। ਕੰਮ ਮਿਲ਼ਣ ਵੇਲ਼ੇ ਆਉਣ ਵਾਲ਼ੀਆਂ ਦਰਪੇਸ਼ ਆਈਆਂ ਬਿਪਤਾਵਾਂ ਬਾਰੇ ਮਨਗੰਮਾ ਕਹਿੰਦੀ ਹਨ,''ਸਾਡੇ ਪੁਰਖੇ ਕੱਪੜੇ ਧੌਣ ਤੇ ਪ੍ਰੈੱਸ ਕਰਨ ਦਾ ਕੰਮ ਕਰਦੇ ਸਨ। ਪਰ ਹੁਣ ਸਾਡਾ ਕੰਮ ਬਹੁਤ ਘੱਟ ਗਿਆ ਹੈ। ਸਭ ਕੋਲ਼ ਕੱਪੜੇ ਧੋਣ ਦੀਆਂ ਮਸ਼ੀਨਾਂ ਤੇ ਆਪਣੀਆਂ ਪ੍ਰੈੱਸਾਂ ਹਨ।''
ਕੋਟੈਯਾ ਨੇ ਨਿਰਮਾਣ-ਥਾਵਾਂ 'ਤੇ ਦਿਹਾੜੀਆਂ ਲਾਈਆਂ। ਮਨਗੰਮਾ ਕਹਿੰਦੀ ਹਨ,''ਕੰਮ ਦੀ ਥਾਂ ਅਕਸਰ ਘਰੋਂ ਕਾਫ਼ੀ ਦੂਰ ਹੁੰਦੀ ਤੇ ਉਨ੍ਹਾਂ ਨੂੰ ਆਉਣ-ਜਾਣ 'ਤੇ ਕਿਰਾਇਆ ਖਰਚਣਾ ਪੈਂਦਾ, ਇਸਲਈ ਉਨ੍ਹਾਂ ਨੂੰ ਹੱਥੀਂ ਮੈਲ਼ਾ ਢੋਹਣ ਦਾ ਕੰਮ ਵੱਧ ਬਿਹਤਰ ਲੱਗਿਆ ਕਿਉਂਕਿ ਇਹ ਕੰਮ ਉਨ੍ਹਾਂ ਦੇ ਘਰ ਦੇ ਨੇੜੇ ਸੀ।'' ਮਨਗੰਮਾ ਅੰਦਾਜ਼ਾ ਲਾਉਂਦੀ ਹਨ ਕਿ ਉਹ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ ਇਹੀ ਕੰਮ ਕਰਦੇ ਤੇ ਉਨ੍ਹਾਂ ਨੂੰ 250 ਰੁਪਏ ਦਿਹਾੜੀ ਮਿਲ਼ਦੀ।
ਮਨਗੰਮਾ ਨੂੰ ਮਈ 2016 ਦੀ ਉਹ ਸਵੇਰੇ ਚੇਤੇ ਹੈ ਜਦੋਂ ਸਵੇਰ ਦੇ ਕਰੀਬ 11 ਵਜੇ ਕੋਟੈਯਾ ਘਰੋਂ ਨਿਕਲ਼ੇ ਸਨ। ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਉਹ ਇੱਕ ਸੀਵਰ ਸਾਫ਼ ਕਰਨ ਜਾ ਰਹੇ ਹਨ। ਉਨ੍ਹਾਂ ਨੇ ਜਾਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਘਰ ਦੇ ਬਾਹਰ ਇੱਕ ਬਾਲ਼ਟੀ ਪਾਣੀ ਰੱਖਣ ਲਈ ਕਿਹਾ ਸੀ ਤਾਂਕਿ ਘਰ ਅੰਦਰ ਵੜ੍ਹਨ ਤੋਂ ਪਹਿਲਾਂ ਨਹਾ-ਧੋ ਸਕਣ। ਮਨਗੰਮਾ ਕਹਿੰਦੀ ਹਨ,''ਮੇਰੇ ਪਤੀ ਸਫ਼ਾਈ ਕਰਮੀਕੁਲੂ (ਸਫ਼ਾਈ ਕਰਮੀ) ਨਹੀਂ ਸਨ। ਉਹ ਇਹ ਕੰਮ ਸਿਰਫ਼ ਪੈਸਿਆਂ ਦੀ ਲੋੜ ਲਈ ਕਰ ਰਹੇ ਸਨ।''
ਉਸ ਦਿਨ ਕੋਟੈਯਾ ਨੂੰ ਪੁਰਾਣੇ ਸ਼ਹਿਰ ਦੇ ਭੀੜ-ਭੜੱਕੇ ਵਾਲ਼ੇ ਇਲਾਕੇ ਸੁਲਤਾਨ ਬਜ਼ਾਰ ਵਿੱਚ ਕੰਮ ਕਰਨ ਲਈ ਸੱਦਿਆ ਗਿਆ ਸੀ, ਜਿੱਥੋਂ ਦੀਆਂ ਨਾਲ਼ੀਆਂ ਅਕਸਰ ਜਾਮ ਹੋਈਆਂ ਰਹਿੰਦੀਆਂ ਹਨ। ਜਦੋਂ ਕਦੇ ਵੀ ਇੰਝ ਹੁੰਦਾ ਹੈ ਤਾਂ ਹੈਦਰਾਬਾਦ ਮੈਟ੍ਰੋਪਾਲਿਟਨ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ (ਐੱਚਐੱਮਡਬਿਲਊਐੱਸਐੱਸਬੀ) ਨਾਲ਼ ਜੁੜੇ ਠੇਕੇਦਾਰ ਹੱਥੀਂ ਨਾਲ਼ੀਆਂ ਤੇ ਸੀਵਰੇਜ ਸਾਫ਼ ਕਰਨ ਲਈ ਮਜ਼ਦੂਰਾਂ ਨੂੰ ਕੰਮ ਲਈ ਸੱਦਦੇ ਹਨ।
ਉਨ੍ਹਾਂ ਮਜ਼ਦੂਰਾਂ ਵਿੱਚੋਂ ਕੋਟੈਯਾ ਦੇ ਸਹਿਕਰਮੀ ਅਤੇ ਦੋਸਤ ਬੋਂਗੂ ਵੀਰਾ ਸਵਾਮੀ ਵੀ ਸਨ, ਜੋ ਬਗ਼ੈਰ ਕਿਸੇ ਸੁਰੱਖਿਆ ਉਪਕਰਣ ਦੇ ਮੈਨਹੋਲ ਅੰਦਰ ਲੱਥ ਗਏ ਤੇ ਕੁਝ ਹੀ ਪਲਾਂ ਵਿੱਚ ਬੇਸੁੱਧ ਹੋ ਗਏ। ਆਪਣੇ ਸਹਿਕਰਮੀ ਦੀ ਹਾਲਤ ਦੇਖ ਕੋਟੈਯਾ ਮੈਨਹੋਲ ਅੰਦਰ ਵੜ੍ਹ ਗਏ। ਕੁਝ ਹੀ ਪਲਾਂ ਵਿੱਚ ਕੋਟੈਯਾ ਵੀ ਬੇਸੁੱਧ ਹੋ ਗਏ।
ਦੋਵਾਂ ਵਿੱਚੋਂ ਕਿਸੇ ਨੂੰ ਵੀ ਮਾਸਕ, ਦਸਤਾਨੇ ਤੇ ਹੋਰ ਲੋੜੀਂਦੇ ਸੁਰੱਖਿਆ ਉਪਕਰਣ ਨਹੀਂ ਦਿੱਤੇ ਗਏ ਸਨ। ਦੋਵੇਂ ਦੋਸਤਾਂ ਦੀ ਮੌਤ ਸੀਵਰ ਦੀ ਸਫ਼ਾਈ ਕਰਨ ਦੌਰਾਨ ਮਰਨ ਵਾਲ਼ੇ ਮਜ਼ਦੂਰਾਂ ਦੇ ਅੰਕੜਿਆਂ ਨਾਲ਼ ਜਾ ਜੁੜੀ। ਸਮਾਜਿਕ ਨਿਆ ਤੇ ਸਸ਼ਕਤੀਕਰਨ ਮੰਤਰਾਲੇ ਮੁਤਾਬਕ, 1993 ਅਤੇ ਅਪ੍ਰੈਲ 2022 ਦਰਮਿਆਨ ''ਸੀਵਰ ਅਤੇ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਵੇਲ਼ੇ ਦੁਰਘਟਨਾਵਾਂ ਦੇ ਕਾਰਨ'' 971 ਲੋਕਾਂ ਦੀ ਮੌਤ ਹੋਈ ਹੈ।
ਮਨਗੰਮਾ ਦੱਸਦੀ ਹਨ ਕਿ ਜਦੋਂ ਉਨ੍ਹਾਂ ਨੇ ਕੋਟੈਯਾ ਤੇ ਵੀਰਾ ਸਵਾਮੀ ਦੇ ਮੌਤ ਦੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੀਆਂ ਲੋਥਾਂ ਦੇਖੀਆਂ ਤਾਂ ਉਹ ਚੇਤੇ ਕਰਦੀ ਹਨ,''ਉਦੋਂ ਵੀ ਉਨ੍ਹਾਂ ਕੋਲੋਂ ਮੈਨਹੋਲ ਦੀ ਬਦਬੂ ਆ ਰਹੀ ਸੀ।''
ਗੁਡਲਾ ਕੋਟੈਯਾ ਦੀ ਮੌਤ 1 ਮਈ 2016 ਨੂੰ ਹੋਈ। ਇੱਕ ਅਜਿਹੇ ਦਿਨ ਜੋ ਸੰਸਾਰ ਭਰ ਦੇ ਮਜ਼ਦੂਰਾਂ ਵੱਲੋਂ ਮਈ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਹ ਉਨ੍ਹਾਂ ਦੇ ਅਧਿਕਾਰ ਦਿਵਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਗੱਲ ਦਾ ਨਾ ਤਾਂ ਕੋਟੈਯਾ ਤੇ ਨਾ ਹੀ ਉਨ੍ਹਾਂ ਦੀ ਪਤਨੀ ਨੂੰ ਪਤਾ ਸੀ ਕਿ ਕਿਸੇ ਨੂੰ ਹੱਥੀਂ ਮੈਲ਼ਾ ਢੋਹਣ ਦੇ ਕੰਮ 'ਤੇ ਰੱਖਣਾ ਗ਼ੈਰ ਕਨੂੰਨੀ ਸੀ; ਇਹ ਕੰਮ ਸਾਲ 1993 ਤੋਂ ਹੀ ਕਨੂੰਨ ਵਿਰੋਧੀ ਗਰਦਾਣ ਦਿੱਤਾ ਗਿਆ ਸੀ। ਮੈਨੂਅਲ ਸਕੈਵੇਂਜਰਸ ਦੇ ਰੂਪ ਵਿੱਚ ਰੋਜ਼ਗਾਰ ਦੀ ਮਨਾਹੀ ਤੇ ਉਨ੍ਹਾਂ ਦਾ ਮੁੜ-ਵਸੇਬਾ ਐਕਟ 2013 ਤਹਿਤ ਹੁਣ ਇਹ ਸਜ਼ਾਯੋਗ ਅਪਰਾਧ ਹੈ। ਇਹਦਾ ਉਲੰਘਣਾ ਕਰਨ ਵਾਲ਼ੇ ਨੂੰ ਦੋ ਸਾਲ ਦੀ ਸਜ਼ਾ ਜਾਂ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਹਨ।
ਮਨਗੰਮਾ ਕਹਿੰਦੀ ਹਨ,''ਮੈਨੂੰ ਨਹੀਂ ਪਤਾ ਸੀ ਕਿ ਇਹ (ਹੱਥੀਂ ਮੈਲ਼ਾ ਢੋਹਣਾ) ਕੰਮ ਗ਼ੈਰ-ਕਨੂੰਨੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਮੈਨੂੰ ਇਹ ਤੱਕ ਨਹੀਂ ਪਤਾ ਸੀ ਕਿ ਕਨੂੰਨ ਤਹਿਤ ਮੇਰਾ ਪਰਿਵਾਰ ਮੁਆਵਜ਼ਾ ਪ੍ਰਾਪਤ ਕਰਨ ਦਾ ਹੱਕਦਾਰ ਹੈ।''
ਉਹ ਇਹ ਵੀ ਨਹੀਂ ਜਾਣਦੀ ਸੀ ਕਿ ਜਿਸ ਤਰੀਕੇ ਨਾਲ਼ ਉਨ੍ਹਾਂ ਦੇ ਪਤੀ ਦੀ ਮੌਤ ਹੋਈ ਸੀ, ਉਹਦੇ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਕੋਲ਼ੋਂ ਪੱਲ਼ਾ ਝਾੜ ਲੈਣਗੇ। ਉਹ ਕਹਿੰਦੀ ਹਨ,''ਸਭ ਤੋਂ ਵੱਧ ਦੁੱਖ ਇਸ ਗੱਲ਼ ਦਾ ਹੈ ਕਿ ਉਹ ਮੈਨੂੰ ਢਾਰਸ ਬੰਨ੍ਹਾਉਣ ਨਹੀਂ ਆਏ। ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਮੇਰੇ ਪਤੀ ਸੀਵਰੇਜ ਸਾਫ਼ ਕਰਦਿਆਂ ਮਰੇ ਹਨ, ਉਨ੍ਹਾਂ ਨੇ ਮੇਰੇ ਨਾਲ਼ ਤੇ ਮੇਰੇ ਬੱਚਿਆਂ ਨਾਲ਼ ਗੱਲ਼ਬਾਤ ਕਰਨੀ ਬੰਦ ਕਰ ਦਿੱਤੀ।
ਤੇਲਗੂ ਭਾਸ਼ਾ ਵਿੱਚ ਹੱਥੀਂ ਮੈਲ਼ਾ ਚੁੱਕਣ ਵਾਲ਼ਿਆਂ ਨੂੰ ' ਪਾਕੀ ' ਕਹਿ ਕੇ ਸੱਦਦੇ ਹਨ, ਜੋ ਇੱਕ ਤਰੀਕੇ ਦੀ ਗਾਲ਼੍ਹ ਹੈ। ਸ਼ਾਇਦ ਇਸ ਤਰ੍ਹਾਂ ਦੇ ਸਮਾਜਿਕ ਬਾਈਕਾਟ ਦੇ ਡਰੋਂ ਹੀ ਵੀਰਾ ਸਵਾਮੀ ਨੇ ਆਪਣੀ ਪਤਨੀ ਨੂੰ ਆਪਣੇ ਅਸਲੀ ਕੰਮ ਬਾਰੇ ਨਹੀਂ ਦੱਸਿਆ ਸੀ। ਉਨ੍ਹਾਂ ਦੀ ਪਤਨੀ ਬੋਂਗੂ ਭਾਗਿਆਲਕਸ਼ਮੀ ਕਹਿੰਦੀ ਹਨ,''ਮੈਨੂੰ ਨਹੀਂ ਪਤਾ ਸੀ ਕਿ ਉਹ ਮੈਲ਼ਾ ਢੋਹਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਮੇਰੇ ਨਾਲ਼ ਕਦੇ ਕੋਈ ਜ਼ਿਕਰ ਹੀ ਨਹੀਂ ਕੀਤਾ ਸੀ।'' ਉਨ੍ਹਾਂ ਨੇ ਵੀਰਾ ਸਵਾਮੀ ਦੇ ਨਾਲ਼ ਸੱਤ ਸਾਲ ਵਿਆਹੁਤਾ ਜੀਵਨ ਬਿਤਾਇਆ ਤੇ ਅੱਜ ਵੀ ਉਨ੍ਹਾਂ ਨੂੰ ਪਿਆਰ ਨਾਲ਼ ਚੇਤੇ ਕਰਦਿਆਂ ਕਹਿੰਦੀ ਹਨ,''ਮੈਂ ਹਰ ਹਾਲਤ ਵਿੱਚ ਉਨ੍ਹਾਂ 'ਤੇ ਭਰੋਸਾ ਕਰ ਸਕਦੀ ਸਾਂ।''
ਕੋਟੈਯਾ ਵਾਂਗਰ, ਵੀਰਾ ਸਵਾਮੀ ਵੀ ਪਲਾਇਨ ਕਰਕੇ ਹੈਦਰਾਬਾਦ ਆਏ ਸਨ। ਸਾਲ 2007 ਵਿੱਚ, ਉਹ ਅਤੇ ਭਾਗਿਆਲਕਸ਼ਮੀ ਤੇਲੰਗਾਨਾ ਦੇ ਨਗਰਕੁਰਨੂਲ ਜ਼ਿਲ੍ਹੇ ਤੋਂ ਇੱਥੇ ਆ ਕੇ ਵੱਸੇ ਸਨ ਤੇ ਆਪਣੇ ਦੋਵਾਂ ਬੇਟਿਆਂ, 15 ਸਾਲਾ ਮਾਧਵ ਤੇ ਵੀਰਾ ਸਵਾਮੀ ਦੀ ਮਾਂ ਰਾਜੇਸ਼ਵਰੀ ਦੇ ਨਾਲ਼ ਰਹਿੰਦੇ ਸਨ। ਉਨ੍ਹਾਂ ਦਾ ਪਰਿਵਾਰ ਮਡਿਗਾ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਸੀ, ਜੋ ਰਾਜ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ ਹੈ। ਉਨ੍ਹਾਂ ਦਾ ਕਹਿਣਾ ਹੈ,''ਮੈਨੂੰ ਆਪਣੇ ਭਾਈਚਾਰੇ ਵੱਲ਼ੋਂ ਕੀਤਾ ਜਾਂਦਾ ਇਹ ਕੰਮ ਪਸੰਦ ਨਹੀਂ ਸੀ ਤੇ ਮੈਂ ਇਹੀ ਸੋਚਦੀ ਸਾਂ ਕਿ ਸਾਡੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਛੱਡ ਦਿੱਤਾ ਸੀ।''
ਮੈਨਹੋਲ 'ਚੋਂ ਗੈਸਾਂ ਚੜ੍ਹਨ ਕਾਰਨ ਮਨਗੰਮਾ ਤੇ ਭਾਗਿਆਲਕਸ਼ਮੀ ਨੂੰ ਆਪੋ-ਆਪਣੇ ਪਤੀਆਂ ਦੀ ਮੌਤ ਤੋਂ ਕੁਝ ਹਫ਼ਤਿਆਂ ਬਾਅਦ ਉਸ ਠੇਕੇਦਾਰ ਨੇ 2-2 ਲੱਖ ਰੁਪਏ ਦਿੱਤੇ ਜਿਹਨੇ ਕੋਟੈਯਾ ਤੇ ਵੀਰਾਸਵਾਮੀ ਨੂੰ ਕੰਮ 'ਤੇ ਰੱਖਿਆ ਸੀ।
ਭਾਰਤ ਅੰਦਰ ਹੱਥੀਂ ਮੈਲ਼ਾ ਢੋਹਣ ਦੀ ਵਿਵਸਥਾ ਨੂੰ ਜੜ੍ਹੋਂ ਮੁਕਾਉਣ ਲਈ ਕੰਮ ਕਰ ਰਹੇ ਸੰਗਠਨ, ਸਫ਼ਾਈ ਕਰਮਚਾਰੀ ਅੰਦੋਲਨ (ਐੱਸਕੇਏ) ਦੇ ਮੈਂਬਰਾਂ ਨੇ ਇਸ ਘਟਨਾ ਦੇ ਕੁਝ ਮਹੀਨਿਆਂ ਬਾਅਦ ਮਨਗੰਮਾ ਨਾਲ਼ ਸੰਪਰਕ ਕੀਤਾ। ਉਨ੍ਹਾਂ ਨੇ ਮਨਗੰਮਾ ਨੂੰ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 10 ਲੱਖ ਰੁਪਏ ਦੇ ਰਾਹਤ ਪੈਕਜ ਦੀ ਹੱਕਦਾਰੀ ਰੱਖਦਾ ਹੈ। ਸਾਲ 2014 ਦੇ ਇੱਕ ਫ਼ੈਸਲੇ ਵਿੱਚ ਸੁਪਰੀਮ ਕੋਰਟ ਨੇ ਆਦੇਸ਼ ਜਾਰੀ ਕੀਤਾ ਸੀ ਕਿ ਸਾਲ 1993 ਵਿੱਚ ਅਤੇ ਉਸ ਤੋਂ ਬਾਅਦ ਸੀਵਰ ਜਾਂ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਮਰਨ ਵਾਲ਼ਿਆਂ ਦੇ ਪਰਿਵਾਰਾਂ ਨੂੰ ਰਾਜ ਸਰਕਾਰਾਂ ਮੁਆਵਜ਼ਾ ਦੇਣ। ਇਸ ਤੋਂ ਇਲ਼ਾਵਾ, ਸਵੈ-ਰੁਜ਼ਗਾਰ ਯੋਜਨਾ ਤਹਿਤ ਹੱਥੀਂ ਮੈਲ਼ਾ ਢੋਹਣ ਵਾਲ਼ਿਆਂ ਦੇ ਮੁੜ-ਵਸੇਬੇ ਲਈ, ਸਰਕਾਰ ਉਨ੍ਹਾਂ ਨੂੰ ਨਕਦ ਸਹਾਇਤਾ, ਪੂੰਜੀਗਤ ਸਬਸਿਡੀ (15 ਲੱਖ ਰੁਪਏ ਤੱਕ) ਕੌਸ਼ਲ ਵਿਕਾਸ ਸਿਖਲਾਈ ਪ੍ਰਦਾਨ ਕਰਦੀ ਹੈ ਤਾਂਕਿ ਹੱਥੀਂ ਮੈਲ਼ਾ ਢੋਹਣ ਨੂੰ ਮਜ਼ਬੂਰ ਹੋਈ ਮਜ਼ਦੂਰ ਅਤੇ ਉਨ੍ਹਾਂ ਦੀ ਕਮਾਈ 'ਤੇ ਨਿਰਭਰ ਪਰਿਵਾਰਕ ਮੈਂਬਰ ਨਵੇਂ ਉਦਯੋਗ-ਧੰਦੇ ਚਲਾ ਸਕਣ।
ਸਾਲ 2020 ਵਿੱਚ, ਤੇਲੰਗਾਨਾ ਹਾਈ ਕੋਰਟ ਵਿੱਚ ਸਫ਼ਾਈ ਕਰਮਚਾਰੀ ਅੰਦੋਲਨ (ਐੱਸਕੇਏ) ਵੱਲੋਂ ਇੱਕ ਅਪੀਲ ਦਾਇਰ ਕਰਨ ਤੋਂ ਬਾਅਦ, ਹੱਥੀਂ ਮੈਲ਼ਾ ਢੋਹਣ ਵਾਲ਼ੇ ਨੌ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਪੂਰਾ ਮੁਆਵਜ਼ਾ ਮਿਲ਼ਿਆ, ਪਰ ਕੋਟੈਯਾ ਤੇ ਵੀਰਾ ਸਵਾਮੀ ਦੇ ਪਰਿਵਾਰ ਇਸ ਲਾਭ ਤੋਂ ਵਾਂਝੇ ਰਹਿ ਗਏ। ਸਫ਼ਾਈ ਕਰਮਚਾਰੀ ਅੰਦੋਲਨ, ਤੇਲੰਗਾਨਾ ਦੇ ਪ੍ਰਮੁੱਖ ਕੇ. ਸਰਸਵਤੀ ਕਹਿੰਦੇ ਹਨ ਕਿ ਅਦਾਲਤ ਵਿੱਚ ਉਨ੍ਹਾਂ ਦੇ ਮਾਮਲੇ ਨੂੰ ਅੱਗੇ ਵਧਾਉਣ ਲਈ ਸੰਗਠਨ ਦਾ ਇੱਕ ਵਕੀਲ ਕੰਮ ਕਰ ਰਿਹਾ ਹੈ।
ਪਰ, ਮਨਗੰਮਾ ਖ਼ੁਸ਼ ਨਹੀਂ ਹਨ। ਉਹ ਕਹਿੰਦੀ ਹਨ,''ਮੈਂ ਠੱਗਿਆ ਹੋਇਆ ਮਹਿਸੂਸ ਕਰ ਰਹੀ ਹਾਂ। ਮੈਨੂੰ ਪੈਸੇ ਮਿਲ਼ਣ ਦੀ ਉਮੀਦ ਦਿੱਤੀ ਗਈ ਸੀ ਤੇ ਹੁਣ ਉਹ ਉਮੀਦ ਟੁੱਟ ਰਹੀ ਹੈ।''
ਭਾਗਿਆਲਕਸ਼ਮੀ ਅੱਗੇ ਕਹਿੰਦੀ ਹਨ,''ਕਈ ਕਾਰਕੁੰਨ, ਵਕੀਲ, ਮੀਡਿਆਕਰਮੀ ਸਾਡੇ ਕੋਲ਼ ਆਏ ਸਨ। ਉਸ ਵੇਲ਼ੇ ਕੁਝ ਸਮੇਂ ਤੱਕ ਲਈ, ਮੇਰੇ ਅੰਦਰ ਉਮੀਦ ਜ਼ਿੰਦਾ ਰਹੀ। ਪਰ ਹੁਣ ਮੈਨੂੰ ਪੈਸੇ ਮਿਲ਼ਣ ਦੀ ਕੋਈ ਉਮੀਦ ਨਹੀਂ ਰਹੀ।''
*****
ਇਸ ਸਾਲ ਅਕਤੂਬਰ ਮਹੀਨੇ ਦੇ ਅਖ਼ੀਰਲੀ ਇੱਕ ਸਵੇਰ ਮਨਗੰਮਾ ਹੈਦਰਾਬਾਦ ਦੇ ਕੋਟੀ ਇਲਾਕੇ ਵਿਖੇ ਇੱਕ ਪੁਰਾਣੀ ਇਮਾਰਤ ਦੀ ਪਾਰਕਿੰਗ ਅੰਦਰ ਜਾਣ ਦੇ ਬੂਹੇ ਦੀ ਢਲ਼ਾਣ 'ਤੇ ਕਟੋਲਾ ਪੋਈ (ਕੱਚਾ ਚੁੱਲ੍ਹਾ) ਬਣਾ ਰਹੀ ਸਨ। ਅੱਧਾ ਕੁ ਦਰਜਨ ਇੱਟਾਂ ਨੂੰ ਦੋ-ਦੋ ਜੋੜੀ ਤੇ ਇੱਕ ਦੂਜੇ ਉੱਪਰ ਟਿਕਾਈ ਉਹ ਇੱਕ ਤਿਕੋਣਾ ਚੁੱਲ੍ਹਾ ਬਣਾ ਰਹੀ ਸਨ। ਉਨ੍ਹਾਂ ਨੇ ਦੱਸਿਆ,''ਕੱਲ੍ਹ ਸਾਡੇ ਘਰ (ਐੱਲਪੀਜੀ) ਗੈਸ ਸਿਲੰਡਰ ਮੁੱਕ ਗਿਆ। ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਇੱਕ ਨਵਾਂ ਸਿਲੰਡਰ ਆ ਜਾਵੇਗਾ। ਪਰ ਉਦੋਂ ਤੀਕਰ ਅਸੀਂ ਕਟੇਲਾ ਪੋਈ 'ਤੇ ਹੀ ਖਾਣਾ ਪਕਾਵਾਂਗੇ।'' ਉਹ ਅੱਗੇ ਕਹਿੰਦੀ ਹਨ,''ਜਦੋਂ ਤੋਂ ਮੇਰੇ ਪਤੀ ਦੀ ਮੌਤ ਹੋਈ ਹੈ, ਉਦੋਂ ਤੋਂ ਹੀ ਅਸੀਂ ਇਓਂ ਹੀ ਗੁਜ਼ਾਰਾ ਕਰ ਰਹੇ ਹਾਂ।''
ਕੋਟੈਯਾ ਦੀ ਮੌਤ ਨੂੰ ਛੇ ਸਾਲ ਬੀਤ ਚੁੱਕੇ ਹਨ ਤੇ ਮਨਗੰਮਾ ਹੁਣ 40 ਸਾਲਾਂ ਦੀ ਹੋਣ ਵਾਲ਼ੀ ਹਨ। ਉਹ ਆਪਣੇ ਪਤੀ ਨੂੰ ਚੇਤੇ ਕਰਦਿਆਂ ਕਹਿੰਦੀ ਹਨ,''ਜਦੋਂ ਮੇਰੇ ਪਤੀ ਦੀ ਮੌਤ ਹੋਈ, ਮੈਂ ਕਾਫ਼ੀ ਲੰਬੇ ਸਮੇਂ ਤੱਕ ਸਦਮੇ ਵਿੱਚ ਰਹੀ। ਮੇਰਾ ਦਿਲ ਟੁੱਟ ਗਿਆ ਸੀ।''
ਉਹ ਅਤੇ ਉਨ੍ਹਾਂ ਦੇ ਦੋ ਬੱਚੇ, ਵਾਮਸੀ ਤੇ ਅਖਿਲਾ, ਇੱਕ ਬਹੁ-ਮੰਜਲੀ ਇਮਾਰਤ ਦੇ ਘੱਟ ਰੌਸ਼ਨੀ ਵਾਲ਼ੇ ਬੈਸਮੈਂਟ ਵਿੱਚ ਪੌੜੀ ਦੇ ਐਨ ਨਾਲ਼ ਕਰਕੇ ਬਣੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦਾ ਹੈ। ਉਹ 2020 ਦੇ ਅਖ਼ੀਰ ਵਿੱਚ ਇੱਥੇ ਰਹਿਣ ਆਏ ਸਨ, ਕਿਉਂਕਿ ਉਹ ਉਸੇ ਇਲਾਕੇ ਵਿੱਚ ਸਥਿਤ ਮਕਾਨ ਦਾ 5,000-7,000 ਰੁਪਏ ਦਾ ਕਿਰਾਇਆ ਤਾਰ ਪਾਉਣ ਵਿੱਚ ਹੁਣ ਅਸਮਰਥ ਸਨ। ਮਨਗੰਮਾ ਉਸ ਪੰਜ ਮੰਜ਼ਲਾਂ ਇਮਾਰਤ ਦੀ ਨਿਗਰਾਨੀ ਕਰਦੀ ਹਨ ਤੇ ਉਹਦੇ ਪਰਿਸਰ ਵਿੱਚ ਸਾਫ਼-ਸਫ਼ਾਈ ਦਾ ਕੰਮ ਵੀ ਕਰਦੀ ਹਨ। ਇਹਦੇ ਵਾਸਤੇ ਉਨ੍ਹਾਂ ਨੂੰ ਹਰ ਮਹੀਨੇ 5,000 ਰੁਪਏ ਦਿੱਤੇ ਜਾਂਦੇ ਹਨ ਤੇ ਰਹਿਣ ਵਾਸਤੇ ਇਹ ਕਮਰਾ ਵੀ ਦਿੱਤਾ ਗਿਆ ਹੈ।
ਉਹ ਕਹਿੰਦੀ ਹਨ,''ਇਹ ਸਾਡੇ ਤਿੰਨਾਂ ਦੇ ਰਹਿਣ ਲਈ ਬਹੁਤ ਛੋਟੀ ਥਾਂ ਹੈ।'' ਇਸ ਕਮਰੇ ਵਿੱਚ ਦਿਨ ਦੀ ਰੌਸ਼ਨੀ ਵੇਲ਼ੇ ਵੀ ਬਹੁਤ ਘੱਟ ਰੌਸ਼ਨੀ ਰਹਿੰਦੀ ਹੈ। ਪੁਰਾਣੀ ਖ਼ਸਤਾ ਹਾਲਤ ਕੰਧਾ 'ਤੇ ਕੋਟੈਯਾ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਕਮਰੇ ਦੀ ਛੱਤ ਕਾਫ਼ੀ ਨੀਵੀਂ ਹੈ, ਜਿਸ 'ਤੇ ਇੱਕ ਪੱਖਾ ਲੱਗਾ ਹੋਇਆ ਹੈ। ਉਹ ਕਹਿੰਦੀ ਹਨ,''ਮੈਂ ਕਲਪਨਾ (ਵੱਡੀ ਧੀ) ਨੂੰ ਇੱਥੇ ਬੁਲਾਉਣਾ ਹੀ ਬੰਦ ਕਰ ਦਿੱਤਾ ਹੈ। ਉਹ ਆਵੇਗੀ ਤਾਂ ਕਿੱਥੇ ਰਹੇਗੀ ਤੇ ਕਿੱਥੇ ਬੈਠੇਗੀ?''
ਸਾਲ 2020 ਵਿੱਚ, ਜਦੋਂ ਕਲਪਨਾ 20 ਵਰ੍ਹਿਆਂ ਦੀ ਹੋਈ ਸੀ, ਮਨਗੰਮਾ ਨੇ ਉਹਦਾ ਵਿਆਹ ਕਰਨ ਦਾ ਫ਼ੈਸਲਾ ਕੀਤਾ। ਠੇਕੇਦਾਰ ਕੋਲ਼ੋਂ ਮਿਲ਼ੇ 2 ਲੱਖ ਰੁਪਿਆ ਦੇ ਸਹਾਰੇ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਦਾ ਖਰਚ ਚੁੱਕਿਆ। ਇਸ ਤੋਂ ਇਲ਼ਾਵਾ, ਉਨ੍ਹਾਂ ਨੇ ਗੋਸ਼ਮਹਲ ਦੇ ਇੱਕ ਸ਼ਾਹੂਕਾਰ ਪਾਸੋਂ ਵੀ ਪੈਸੇ ਉਧਾਰ ਚੁੱਕੇ ਤੇ ਬਦਲੇ ਵਿੱਚ 3 ਫ਼ੀਸਦ/ਮਹੀਨਾ ਵਿਆਜ ਤਾਰਨਾ ਕੀਤਾ। ਵਿਧਾਨਸਭਾ ਚੋਣ ਹਲ਼ਕੇ ਦੇ ਦਫ਼ਤਰ ਵਿਖੇ ਸਫ਼ਾਈ ਕਰਮਚਾਰੀ ਦੇ ਰੂਪ ਵਿੱਚ ਮਨਗੰਮਾ ਜਿੰਨਾ ਪੈਸਾ ਕਮਾਉਂਦੀ ਹਨ, ਉਹਦਾ ਅੱਧਾ ਹਿੱਸਾ ਹਰ ਮਹੀਨੇ ਕਰਜਾ ਲਾਹੁਣ ਵਿੱਚ ਖ਼ਰਚ ਹੋ ਜਾਂਦਾ ਹੈ।
ਵਿਆਹ ਦੇ ਖਰਚੇ ਨੇ ਪਰਿਵਾਰ ਨੂੰ ਦੀਵਾਲੀਆ ਕਰ ਛੱਡਿਆ। ਉਹ ਦੱਸਦੀ ਹਨ,''ਸਾਡੇ ਸਿਰ ਹਾਲੇ 6 ਲੱਖ ਰੁਪਈਏ ਦਾ ਕਰਜ਼ਾ ਹੈ। ਆਪਣੀ ਕਮਾਈ ਨਾਲ਼ ਮੈਂ ਬਾਮੁਸ਼ਕਲ ਆਪਣੇ ਘਰ ਦਾ ਗੁਜ਼ਾਰਾ ਤੋਰਦੀ ਰਹੀ ਹਾਂ।'' ਇਮਾਰਤ ਦੀ ਸਾਫ਼-ਸਫ਼ਾਈ ਤੋਂ ਹੋਣ ਵਾਲ਼ੀ ਕਮਾਈ ਤੋਂ ਇਲਾਵਾ, ਪੁਰਾਣੇ ਹੈਦਰਾਬਾਦ ਦੇ ਗੋਸ਼ਮਹਲ ਵਿਧਾਨਸਭਾ ਹਲ਼ਕੇ ਦੇ ਦਫ਼ਤਰ ਵਿੱਚ ਸਾਫ਼-ਸਫ਼ਾਈ ਕਰਕੇ ਉਹ 13,000 ਰੁਪਏ ਪ੍ਰਤੀ ਮਹੀਨਾ ਕਮਾਉਂਦੀ ਹਨ।
17 ਸਾਲਾ ਵਾਮਸੀ ਅਤੇ 16 ਸਾਲਾ ਅਖ਼ਿਲਾ ਨੇੜਲੇ ਕਾਲਜਾਂ ਵਿੱਚ ਪੜ੍ਹਦੇ ਹਨ ਤੇ ਉਨ੍ਹਾਂ ਦੀ ਪੜ੍ਹਾਈ ਦੀ ਸਲਾਨਾ ਫ਼ੀਸ ਕੋਈ 60,000 ਰੁਪਏ ਹੈ। ਵਾਮਸੀ ਕਾਲਜ ਵਿਖੇ ਪੜ੍ਹਾਈ ਦੇ ਨਾਲ਼-ਨਾਲ਼ ਬਤੌਰ ਸਹਾਇਕ ਕੰਮ ਕਰਦਾ ਹੈ। ਉਹ ਹਫ਼ਤੇ ਵਿੱਚ 6 ਦਿਨ ਦੁਪਹਿਰੇ 3 ਵਜੇ ਤੋਂ ਰਾਤੀਂ 9 ਵਜੇ ਤੱਕ ਕੰਮ ਕਰਕੇ 150 ਰੁਪਏ ਦਿਹਾੜੀ ਕਮਾਉਂਦਾ ਹੈ। ਇਸ ਕਮਾਈ ਨਾਲ਼ ਉਹਨੂੰ ਫ਼ੀਸ ਤਾਰਨ ਵਿੱਚ ਮਦਦ ਮਿਲ਼ਦੀ ਹੈ।
ਅਖਿਲਾ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ, ਪਰ ਉਹਦੀ ਮਾਂ ਨੂੰ ਇਸ ਗੱਲ 'ਤੇ ਬਹੁਤਾ ਯਕੀਨ ਨਹੀਂ ਕਿ ਇਹ ਸੁਪਨਾ ਪੂਰਾ ਹੋ ਵੀ ਸਕੇਗਾ ਜਾਂ ਨਹੀਂ। ਮਨਗੰਮਾ ਹਿਰਖੇ ਮਨ ਨਾਲ਼ ਕਹਿੰਦੀ ਹਨ,''ਮੇਰੇ ਕੋਲ਼ ਉਹਦੀ ਪੜ੍ਹਾਈ ਜਾਰੀ ਰੱਖ ਸਕਣ ਦੇ ਵਸੀਲੇ ਨਹੀਂ ਹਨ। ਮੈਂ ਤਾਂ ਉਹਦੇ ਵਾਸਤੇ ਨਵੇਂ ਕੱਪੜੇ ਤੱਕ ਨਹੀਂ ਖਰੀਦ ਪਾਉਂਦੀ।''
ਭਾਗਿਆਲਕਸ਼ਮੀ ਦੇ ਬੱਚੇ ਛੋਟੇ ਹਨ। ਜਿਹੜੇ ਨਿੱਜੀ ਸਕੂਲ ਵਿੱਚ ਉਹ ਪੜ੍ਹਨ ਜਾਂਦੇ ਹਨ ਉਹਦੀ ਸਲਾਨਾ ਫ਼ੀਸ ਕੋਈ 25,000 ਰੁਪਏ ਹੈ। ਬੱਚਿਆਂ ਦੀ ਮਾਂ ਸਾਨੂੰ ਬੜੇ ਫ਼ਖਰ ਨਾਲ਼ ਕਹਿੰਦੀ ਹਨ,''ਮੇਰੇ ਦੋਵੇਂ ਬੱਚੇ ਪੜ੍ਹਾਈ ਵਿੱਚ ਕਾਫ਼ੀ ਚੰਗੇ ਹਨ। ਮੈਨੂੰ ਉਨ੍ਹਾਂ 'ਤੇ ਮਾਣ ਹੈ।''
ਭਾਗਿਆਲਕਸ਼ਮੀ ਵੀ ਸਫ਼ਾਈਕਰਮੀ ਵਜੋਂ ਕੰਮ ਕਰਦੀ ਹਨ। ਵੀਰਾ ਸਵਾਮੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ। ਉਹ ਆਪਣੇ ਬੇਟਿਆਂ ਅਤੇ ਸੱਸ ਦੇ ਨਾਲ਼ ਕੋਟੀ ਦੀ ਇੱਕ ਇਮਾਰਤ ਦੇ ਬੇਸਮੈਂਟ ਵਿੱਚ ਸਥਿਤ ਇੱਕ ਕਮਰੇ ਵਿੱਚ ਰਹਿੰਦੀ ਹਨ। ਵੀਰਾ ਸਵਾਮੀ ਦੀ ਤਸਵੀਰ ਕਮਰੇ ਵਿੱਚ ਪਏ ਇੱਕ ਛੋਟੇ ਜਿਹੇ ਸਟੂਲ 'ਤੇ ਰੱਖੀ ਹੋਈ ਹੈ। ਉਨ੍ਹਾਂ ਦਾ ਕਮਰਾ ਸਮਾਨ ਨਾਲ਼ ਭਰਿਆ ਪਿਆ ਹੈ, ਉਹ ਸਮਾਨ ਜੋ ਲੋਕਾਂ ਵੱਲ਼ੋਂ ਦਿੱਤਾ ਗਿਆ ਹੈ ਜਾਂ ਲੋਕਾਂ ਵੱਲੋਂ ਇਸਤੇਮਾਲ ਤੋਂ ਬਾਅਦ ਅਜਾਈਂ ਛੱਡ ਦਿੱਤਾ ਹੋਇਆ ਸੀ।
ਕਮਰੇ ਦੇ ਅੰਦਰ ਥਾਂ ਦੀ ਘਾਟ ਹੋਣ ਕਾਰਨ, ਪਰਿਵਾਰ ਦਾ ਕੁਝ ਸਮਾਨ ਕਮਰੇ ਦੇ ਬਾਹਰ ਪਾਰਕਿੰਗ ਥਾਂ ਦੇ ਇੱਕ ਕੋਨੇ ਵਿੱਚ ਪਿਆ ਹੋਇਆ ਹੈ। ਬਾਹਰ ਰੱਖੀ ਇੱਕ ਸਿਲਾਈ ਮਸ਼ੀਨ ਕੰਬਲਾਂ ਤੇ ਕੱਪੜਿਆਂ ਦੇ ਢੇਰ ਹੇਠ ਦੱਬੀ ਹੋਈ ਹੈ। ਭਾਗਿਆਲਕਸ਼ਮੀ ਇਹਦੇ ਬਾਰੇ ਦੱਸਦੀ ਹਨ: ''ਮੈਂ 2014 ਵਿੱਚ ਸਿਲਾਈ ਦੇ ਇੱਕ ਕੋਰਸ ਵਿੱਚ ਦਾਖਲਾ ਲਿਆ ਸੀ ਤੇ ਕੁਝ ਸਮੇਂ ਲਈ ਮੈਂ ਕੁਝ ਬਲਾਊਜ ਤੇ ਹੋਰ ਕੱਪੜਿਆਂ ਦੀ ਸਿਲਾਈ ਕੀਤੀ ਵੀ ਸੀ।'' ਕਿਉਂਕਿ, ਕਮਰੇ ਵਿੱਚ ਸਾਰਿਆਂ ਦੇ ਸੌਣ ਲਈ ਕਾਫ਼ੀ ਥਾਂ ਨਹੀਂ ਹੈ, ਇਸਲਈ ਬੱਸ ਮਾਧਵ ਤੇ ਜਗਦੀਸ਼ ਹੀ ਕਮਰੇ ਵਿੱਚ ਸੌਂਦੇ ਹਨ। ਭਾਗਿਆਲਕਸ਼ਮੀ ਤੇ ਰਾਜੇਸ਼ਵਰੀ ਚਟਾਈ ਵਿਛਾਈ ਬਾਹਰ ਹੀ ਸੌਂਦੀਆਂ ਹਨ। ਉਨ੍ਹਾਂ ਦੀ ਰਸੋਈ ਇਮਾਰਤ ਦੇ ਦੂਜੇ ਖੂੰਜੇ ਵਿੱਚ ਹੈ। ਇਹਦੀ ਘੇਰੇਬੰਦੀ ਵਾਸਤੇ ਪਲਾਸਟਿਕ ਦੀ ਸ਼ੀਟ ਟੰਗੀ ਹੋਈ ਹੈ, ਜਿੱਥੇ ਬਹੁਤ ਮੱਧਮ ਰੌਸ਼ਨੀ ਆਉਂਦੀ ਹੈ।
ਇਮਾਰਤ ਦੀ ਸਾਫ਼-ਸਫ਼ਾਈ ਬਦਲੇ ਭਾਗਿਆਲਕਸ਼ਮੀ ਨੂੰ ਮਹੀਨੇ ਦੇ 5,000 ਰੁਪਏ ਮਿਲ਼ਦੇ ਹਨ। ਉਹ ਅੱਗੇ ਕਹਿੰਦੀ ਹਨ,''ਮੈਂ ਬਿਲਡਿੰਗ ਦੇ ਕੁਝ ਘਰਾਂ ਵਿੱਚ ਕੰਮ ਕਰਦੀ ਹਾਂ, ਤਾਂਕਿ ਆਪਣੇ ਬੇਟਿਆਂ ਨੂੰ ਉਨ੍ਹਾਂ ਦੇ ਸਕੂਲ ਦੇ ਕੰਮਾਂ ਵਿੱਚ ਮਦਦ ਕਰ ਸਕਾਂ।'' ਉਹ ਦੱਸਦੀ ਹਨ ਕਿ ਉਨ੍ਹਾਂ ਦੇ ਸਿਰ ਸ਼ਾਹੂਕਾਰਾਂ ਦੇ ਕਰੀਬ 4 ਲੱਖ ਰੁਪਏ ਉਧਾਰ ਹਨ, ਜੋ ਉਨ੍ਹਾਂ ਨੇ ਬੀਤੇ ਕਈ ਸਾਲਾਂ ਵਿੱਚ ਉਧਾਰ ਚੁੱਕੇ ਸਨ। ਉਨ੍ਹਾਂ ਮੁਤਾਬਕ,''ਆਪਣਾ ਉਧਾਰ ਲਾਹੁਣ ਲਈ ਮੈਂ ਹਰ ਮਹੀਨੇ 8,000 ਰੁਪਏ ਦੀ ਕਿਸ਼ਤ ਭਰਦੀ ਹਾਂ।''
ਉਨ੍ਹਾਂ ਦੇ ਪਰਿਵਾਰ ਨੂੰ ਇਮਾਰਤ ਦੇ ਕਮਰਸ਼ੀਅਲ ਸੈਕਸ਼ਨ (ਕਾਰੋਬਾਰੀ ਹਿੱਸੇ) ਵਿੱਚ ਬੇਸਮੈਂਟ 'ਤੇ ਬਣੇ ਪਖ਼ਾਨੇ ਦਾ ਇਸਤੇਮਾਲ ਕਰਨਾ ਪੈਂਦਾ ਹੈ, ਜਿਹਦਾ ਇਸਤੇਮਾਲ ਹੋਰ ਕਈ ਕਰਮਚਾਰੀ ਕਰਦੇ ਹਨ। ਉਹ ਦੱਸਦੀ ਹਨ,''ਪੂਰੇ ਦਿਨ ਵੇਲ਼ੇ ਸਾਡੀ ਵਾਰੀ ਬੜੀ ਮੁਸ਼ਕਲ ਹੀ ਆਉਂਦੀ ਹੈ। ਇੱਥੇ ਮਰਦ ਲਗਾਤਾਰ ਆਉਂਦੇ-ਜਾਂਦੇ ਰਹਿੰਦੇ ਹਨ।'' ਜਦੋਂ ਕਦੇ ਵੀ ਉਹ ਪਖ਼ਾਨੇ ਦੀ ਸਫ਼ਾਈ ਕਰਦੀ ਹਨ ਤਾਂ ''ਮੈਂ ਸਿਰਫ਼ ਮੈਨਹੋਲ ਦੀ ਬਦਬੂ ਬਾਰੇ ਸੋਚਦੀ ਰਹਿੰਦੀ ਹਾਂ ਜਿਹਨੇ ਮੇਰੇ ਪਤੀ ਨੂੰ ਮਾਰ ਮੁਕਾਇਆ। ਕਾਸ਼ ਕਿ ਉਨ੍ਹਾਂ ਨੇ ਮੈਨੂੰ ਦੱਸਿਆ ਹੁੰਦਾ। ਮੈਂ ਉਨ੍ਹਾਂ ਨੂੰ ਇਹ ਕੰਮ ਕਰਨ ਹੀ ਨਾ ਦਿੰਦੀ। ਉਹ ਅੱਜ ਜਿਊਂਦੇ ਹੁੰਦੇ ਤੇ ਮੈਨੂੰ ਇੰਝ ਬੇਸਮੈਂਟ ਵਿੱਚ ਜ਼ਿੰਦਗੀ ਨਾ ਗੁਜ਼ਾਰਨੀ ਪੈਂਦੀ।''