ਰਾਣੀ ਮਹਤੋ ਆਪਣੇ ਦੋ ਦਿਨ ਦੇ ਬੱਚੇ ਦੇ ਸੁਰੱਖਿਅਤ ਪੈਦਾ ਹੋਣ ਦੀ ਖੁਸ਼ੀ ਤੋਂ ਖੁਸ਼ ਹੋਣ ਦੀ ਬਜਾਇ ਇਸ ਡਰ ਦੀ ਦਹਿਸ਼ਤ ਵਿਚਾਲੇ ਘਿਰੀ ਹੋਈ ਹਨ ਕਿ ਉਨ੍ਹਾਂ ਨੇ ਘਰ ਜਾ ਕੇ ਆਪਣੇ ਪਤੀ ਨੂੰ ਕਿਵੇਂ ਦੱਸਣਾ ਹੈ ਕਿ ਦੋਬਾਰਾ ਧੀ ਪੈਦਾ ਹੋਈ ਹੈ। ਹਾਏ! ਦੋਬਾਰਾ...
ਸਹਿਮੇ ਅੰਦਾਜ਼ ਵਿੱਚ ਉਹ ਦੱਸਦੀ ਹਨ,''ਉਨ੍ਹਾਂ ਨੇ ਇਸ ਵਾਰ ਪੁੱਤ ਦੀ ਉਮੀਦ ਲਾਈ ਸੀ।'' 20 ਸਾਲਾ ਰਾਣੀ ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਦਾਨਾਪੁਰ ਉਪ-ਮੰਡਲੀ ਹਸਪਤਾਲ ਵਿੱਚ ਆਪਣੇ ਬਿਸਤਰੇ 'ਤੇ ਨਵਜਾਤ ਬੱਚੇ ਨੂੰ ਦੁੱਧ ਚੁੰਘਾਉਂਦਿਆਂ ਕਹਿੰਦੀ ਹਨ,''ਮੈਨੂੰ ਡਰ ਇਸ ਗੱਲ ਦਾ ਹੈ ਕਿ ਜਦੋਂ ਮੈਂ ਘਰ ਜਾਊਂਗੀ ਅਤੇ ਉਨ੍ਹਾਂ ਨੂੰ ਦੱਸਾਂਗੀ ਕਿ ਇਸ ਵਾਰ ਵੀ ਧੀ ਪੈਦਾ ਹੋਈ ਹੈ ਤਾਂ ਉਹ ਮੇਰੇ ਨਾਲ਼ ਪਤਾ ਨਹੀਂ ਕੀ ਸਲੂਕ ਕਰਨਗੇ।''
ਸਾਲ 2017 ਵਿੱਚ 16 ਸਾਲ ਦੀ ਉਮਰੇ ਵਿਆਹੇ ਜਾਣ ਤੋਂ ਬਾਅਦ ਰਾਣੀ ਨੇ ਛੇਤੀ ਹੀ ਆਪਣੀ ਪਹਿਲੀ ਧੀ ਨੂੰ ਜਨਮ ਦਿੱਤਾ। ਉਨ੍ਹਾਂ ਦੇ ਪਤੀ ਪ੍ਰਕਾਸ਼ ਕੁਮਾਰ ਮਾਹਤੋ ਉਦੋਂ 20 ਸਾਲਾਂ ਦੇ ਸਨ। ਉਹ ਆਪਣੇ ਪਤੀ ਅਤੇ ਸੱਸ ਦੇ ਨਾਲ਼ ਪਟਨਾ ਜ਼ਿਲ੍ਹੇ ਦੇ ਫੁਲਵਾੜੀ ਬਲਾਕ ਵਿੱਚ ਸਥਿਤ ਪਿੰਡ ਵਿੱਚ ਰਹਿੰਦੀ ਹਨ, ਜਿਸ ਪਿੰਡ ਦਾ ਨਾਮ ਉਹ ਦੱਸਣਾ ਨਹੀਂ ਚਾਹੁੰਦੀ। ਮਹਤੋ ਪਰਿਵਾਰ ਓਬੀਸੀ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ।
''ਸਾਡੇ ਪਿੰਡ ਵਿੱਚ ਬਹੁਤੇਰੀਆਂ ਕੁੜੀਆਂ ਦਾ 16ਵੇਂ ਸਾਲ ਵਿੱਚ ਹੀ ਵਿਆਹ ਹੋ ਜਾਂਦਾ ਹੈ,'' ਰਾਣੀ ਕਹਿੰਦੀ ਹਨ ਜੋ ਅੱਲ੍ਹੜ ਉਮਰੇ ਹੋਏ ਵਿਆਹ ਤੋਂ ਪੈਦਾ ਹੋਈਆਂ ਸਮੱਸਿਆਂ ਨੂੰ ਭਲੀ-ਭਾਂਤੀ ਸਮਝਦੀ ਹਨ। ਐਨ ਉਦੋਂ ਹੀ ਛੁੱਟੀ ਵਾਲੇ ਪੇਪਰ (ਡਿਸਚਾਰਜ ਸਰਟੀਫਿਕੇਟ) ਦੀ ਉਡੀਕ ਕਰ ਰਹੀ ਰਾਣੀ ਦੀ ਸੱਸ ਗੰਗਾ ਮਹਤੋ ਵੀ ਉਨ੍ਹਾਂ ਦੇ ਬਿਸਤਰੇ 'ਤੇ ਆਣ ਬਹਿੰਦੀ ਹਨ ਅਤੇ ਰਾਣੀ ਆਪਣੀ ਗੱਲ ਪੂਰੀ ਕਰਦਿਆਂ ਕਹਿੰਦੀ ਹਨ,''ਮੇਰੀ ਇੱਕ ਛੋਟੀ ਭੈਣ ਵੀ ਹੈ, ਇਸਲਈ ਮੇਰੇ ਮਾਪੇ ਚਾਹੁੰਦੇ ਸਨ ਕਿ ਮੇਰਾ ਵਿਆਹ ਛੇਤੀ ਤੋਂ ਛੇਤੀ ਹੋ ਜਾਵੇ।''
ਰਾਣੀ ਅਤੇ ਉਨ੍ਹਾਂ ਦੀ ਭੈਣ ਕੋਈ ਅਪਵਾਦ ਨਹੀਂ ਹਨ। ਮਰਦਮਸ਼ੁਮਾਰੀ, ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਅਤੇ ਹੋਰ ਸਰਕਾਰੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੀ 'ਚਾਈਲਡ ਰਾਈਟਸ ਐਂਡ ਯੂ (CRY)' ਨਾਮਕ ਐੱਨਜੀਓ ਦੇ ਮੁਤਾਬਕ ਦੇਸ਼ ਭਰ ਵਿੱਚ ਬਾਲ-ਵਿਆਹ ਦੇ ਕੁੱਲ ਮਾਮਲਿਆਂ ਵਿੱਚੋਂ 55 ਫੀਸਦ ਮਾਮਲੇ ਬਿਹਾਰ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਹਨ।
''ਜਿਓਂ ਹੀ ਛੁੱਟੀ ਵਾਲ਼ੇ ਪੇਪਰ ਮਿਲ਼ ਜਾਣਗੇ, ਤਾਂ ਅਸੀਂ ਆਪਣੇ ਪਿੰਡ ਜਾਣ ਲਈ ਕਿਰਾਏ 'ਤੇ ਇੱਕ ਆਟੋਰਿਕਸ਼ਾ ਕਰਾਂਗੇ,'' ਰਾਣੀ ਮੈਨੂੰ ਖੋਲ੍ਹ ਕੇ ਦੱਸਦੀ ਹਨ। ਰਾਣੀ ਹਸਪਤਾਲ ਵਿੱਚ ਹੁਣ ਤੱਕ ਸਧਾਰਣ ਨਾਲੋਂ ਦੋ ਦਿਨ ਵੱਧ ਗੁਜ਼ਾਰ ਚੁੱਕੀ ਹਨ, ਕਿਉਂਕਿ ਉਨ੍ਹਾਂ ਨੂੰ ਕੁਝ ਸਿਹਤ ਸਬੰਧੀ ਸਮੱਸਿਆਵਾਂ ਹਨ। '' ਮੁਝੇ ਖੂਨ ਕੀ ਕਮੀ (ਅਨੀਮਿਆ) ਹੈ ,'' ਰਾਣੀ ਕਹਿੰਦੀ ਹਨ।
ਭਾਰਤ ਅੰਦਰ ਅਨੀਮਿਆ ਇੱਕ ਗੰਭੀਰ ਸਿਹਤ ਸਮੱਸਿਆ ਹੈ, ਖਾਸ ਤੌਰ 'ਤੇ ਔਰਤਾਂ, ਕੁੜੀਆਂ ਅਤੇ ਬੱਚਿਆਂ ਵਿੱਚ ਅਕਸਰ ਇਹ ਸਮੱਸਿਆ ਦੇਖੀ ਜਾਂਦੀ ਹੈ। ਦੋਵਾਂ ਤਰ੍ਹਾਂ ਦੇ ਸਰਕਾਰੀ ਅਤੇ ਸੁਤੰਤਰ ਖੋਜ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਜਿਨ੍ਹਾਂ ਕੁੜੀਆਂ ਦਾ ਵਿਆਹ ਅੱਲ੍ਹੜ ਉਮਰੇ ਹੋ ਜਾਂਦਾ, ਉਨ੍ਹਾਂ ਨੂੰ ਭੋਜਨ ਅਸੁਰੱਖਿਆ, ਕੁਪੋਸ਼ਣ ਅਤੇ ਅਨੀਮਿਆ ਜਿਹੀਆਂ ਸਮੱਸਿਆਂ ਦਾ ਵੱਧ ਸਾਹਮਣਾ ਕਰਨਾ ਪੈਂਦਾ ਹੈ। ਵੈਸੇ ਵੀ ਬਾਲ ਵਿਆਹ ਦਾ ਸਿੱਧਾ ਸਬੰਧ ਕਿਤੇ ਨਾ ਕਿਤੇ ਘੱਟ ਕਮਾਈ ਵਾਲ਼ੇ ਅਤੇ ਸਿੱਖਿਆ ਦੀ ਘਾਟ ਨਾਲ਼ ਜੂਝਦੇ ਪਰਿਵਾਰਾਂ ਨਾਲ਼ ਹੈ। ਗ਼ਰੀਬ ਪਰਿਵਾਰਾਂ ਵਿੱਚ, ਜਿੱਥੇ ਭੋਜਨ ਅਸੁਰੱਖਿਆ ਵੱਧ ਹੁੰਦੀ ਹੈ, ਉੱਥੇ ਛੋਟੀ ਉਮਰੇ ਵਿਆਹ ਕਰ ਦੇਣ ਨੂੰ ਪਰਿਵਾਰ ਦਾ ਵਿੱਤੀ ਬੋਝ ਹਲਕਾ ਕਰਨ ਦੇ ਇੱਕ ਸੰਦ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
ਜਿਨ੍ਹਾਂ ਕੁੜੀਆਂ ਦਾ ਵਿਆਹ ਛੋਟੀ ਉਮਰੇ ਹੀ ਹੋ ਜਾਂਦਾ ਹੈ, ਉਨ੍ਹਾਂ ਦੀ ਸਿਹਤ ਅਤੇ ਪੋਸ਼ਣ ਨਾਲ਼ ਜੁੜੇ ਫੈਸਲਿਆਂ ਵਿੱਚ ਉਨ੍ਹਾਂ ਦੀ ਰਾਏ ਦੇ ਮਾਅਨੇ ਨਾਮਾਤਰ ਹੁੰਦੇ ਹਨ। ਇਸ ਤਰ੍ਹਾਂ ਇਹ ਪੂਰੀ ਸਮਾਜਿਕ ਪ੍ਰਕਿਰਿਆ ਹੀ ਬੱਚੇ ਅੰਦਰ ਖਰਾਬ ਸਿਹਤ, ਕੁਪੋਸ਼ਣ, ਅਨੀਮਿਆ ਅਤੇ ਜਨਮ ਸਮੇਂ ਬੱਚਿਆਂ ਦੇ ਘੱਟ ਭਾਰ ਹੋਣ ਜਿਹੀਆਂ ਸਮੱਸਿਆਂ ਦਾ ਘੇਰਾ ਘੱਤ ਲੈਂਦੀ ਹੈ। ਇਨ੍ਹਾਂ ਸਭ ਦਾ ਇੱਕ ਵੱਡਾ ਵਾਹਕ ਹੈ ਬਾਲ-ਵਿਆਹ ਅਤੇ ਇਹ ਇਸ ਪੂਰੀ ਸਮਾਜਿਕ ਪ੍ਰਕਿਰਿਆ ਦੇ ਨਤੀਜਿਆਂ ਵਿੱਚੋਂ ਇੱਕ ਬਣ ਕੇ ਸਾਹਮਣੇ ਆਉਂਦਾ ਹੈ।
ਬਾਲ ਅਧਿਕਾਰ 'ਤੇ 1989 ਵਿੱਚ ਹੋਏ ਸੰਯੁਕਤ ਰਾਸ਼ਟਰ ਦੇ ਸੰਮੇਲਨ, ਜਿਹਦੇ ਪ੍ਰਸਤਾਵ 'ਤੇ ਭਾਰਤ ਨੇ 1992 ਵਿੱਚ ਹਸਤਾਖਰ ਕੀਤੇ ਸਨ, ਦੇ ਮੁਤਾਬਕ ਜੋ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਹੈ, ਉਹ ਬੱਚਾ ਹੀ ਹੈ। ਭਾਰਤ ਵਿੱਚ ਬਾਲ ਮਜ਼ਦੂਰੀ, ਵਿਆਹ, ਤਸਕਰੀ ਅਤੇ ਨਾਬਾਲਗ਼ ਨਿਆਂ ਦੇ ਮੱਦੇਨਜ਼ਰ ਬਣਾਏ ਗਏ ਕਨੂੰਨਾਂ ਵਿੱਚ ਉਮਰ ਨੂੰ ਲੈ ਕੇ (ਬਾਲਗ਼ ਉਮਰ) ਵੱਖੋ ਵੱਖਰੀਆਂ ਪਰਿਭਾਸ਼ਾਵਾਂ ਹਨ। ਬਾਲ ਮਜ਼ਦੂਰੀ 'ਤੇ ਅਧਾਰਤ ਕਨੂੰਨ ਵਿੱਚ ਇਹ ਉਮਰ 14 ਸਾਲ ਹੈ। ਵਿਆਹ ਨਾਲ਼ ਜੁੜੇ ਕਨੂੰਨ ਮੁਤਾਬਕ, ਇੱਕ ਕੁੜੀ 18 ਸਾਲ ਦੀ ਹੋਣ 'ਤੇ ਹੀ ਬਾਲਗ਼ ਹੁੰਦੀ ਹੈ। ਭਾਰਤ ਵਿੱਚ ਅਲੱਗ-ਅਲੱਗ ਕਨੂੰਨ 'ਬੱਚਾ' ਅਤੇ 'ਨਾਬਾਲਗ਼' ਵਿੱਚ ਵੀ ਭੇਦ ਕਰਦੇ ਹਨ। ਫਲਸਰੂਪ, 15-18 ਉਮਰ ਵਰਗ ਦੇ ਗਭਰੇਟ ਪ੍ਰਸ਼ਾਸਨਿਕ ਕਾਰਵਾਈ ਤੋਂ ਬੱਚ ਜਾਂਦੇ ਹਨ।
ਰਾਣੀ ਮਹਤੋ ਦੇ ਮਾਮਲੇ ਵਿੱਚ ਸਮਾਜਿਕ ਰੂੜੀਆਂ ਅਤੇ ਲਿੰਗਕ ਤੁਅੱਸਬਾਂ ਨੂੰ ਕਨੂੰਨ ਅਤੇ ਕਨੂੰਨੀ ਆਦੇਸ਼ਾਂ ਦੀ ਤੁਲਨਾ ਵਿੱਚ ਕਿਤੇ ਵੱਧ ਤਾਕਤ ਹਾਸਲ ਹੈ।
''ਜਦੋਂ ਰਾਖੀ (ਉਨ੍ਹਾਂ ਦੀ ਵੱਡੀ ਧੀ) ਦਾ ਜਨਮ ਹੋਇਆ ਸੀ ਤਾਂ ਮੇਰੇ ਪਤੀ ਨੇ ਹਫ਼ਤਿਆਂ ਤੱਕ ਮੈਨੂੰ ਬੁਲਾਇਆ ਨਹੀਂ ਸੀ। ਹਫ਼ਤੇ ਵਿੱਚ ਦੋ-ਤਿੰਨ ਵਾਰੀ ਤਾਂ ਉਹ ਆਪਣੇ ਦੋਸਤਾਂ ਦੇ ਘਰ ਚਲੇ ਜਾਂਦੇ ਅਤੇ ਨਸ਼ੇ ਦੀ ਹਾਲਤ ਵਿੱਚ ਵਾਪਸ ਮੁੜਦੇ।'' ਪ੍ਰਕਾਸ਼ ਮਹਤੋ ਮਜ਼ਦੂਰੀ ਕਰਦੇ ਹਨ, ਪਰ ਹਰ ਮਹੀਨੇ ਮੁਸ਼ਕਲ ਹੀ 15 ਦਿਨ ਕੰਮ 'ਤੇ ਜਾਂਦੇ ਹਨ। ਪ੍ਰਕਾਸ਼ ਦੀ ਮਾਂ ਗੰਗਾ ਦੁਖੀ ਹੋ ਕੇ ਕਹਿੰਦੀ ਹਨ,''ਉਹ ਮਹੀਨੇ ਵਿੱਚ ਸਿਰਫ਼ 15 ਹੀ ਤਾਂ ਕਮਾਈ ਕਰਦਾ ਹੈ ਅਤੇ ਜੋ ਕਮਾਉਂਦਾ ਵੀ ਹੈ ਉਹ ਅਗਲੇ 15 ਦਿਨਾਂ ਵਿੱਚ ਆਪਣੇ ਉੱਪਰ ਹੀ ਉਡਾ ਦਿੰਦਾ ਹੈ। ਸ਼ਰਾਬ ਨਾ ਸਿਰਫ਼ ਉਹਦੀ ਜ਼ਿੰਦਗੀ ਸਗੋਂ ਸਾਡੀ ਜ਼ਿੰਦਗੀ ਵੀ ਤਬਾਹ ਕਰ ਰਹੀ ਹੈ।''
ਰਾਣੀ ਦੇ ਪਿੰਡ ਦੀ ਆਸ਼ਾ ਵਰਕਰ ਉਨ੍ਹਾਂ ਨੂੰ ਦੂਸਰੇ ਬੱਚੇ ਤੋਂ ਬਾਅਦ ਨਸਬੰਦੀ ਕਰਵਾ ਲੈਣ ਦੀ ਸਲਾਹ ਦਿੱਤੀ। ਪਰ ਰਾਣੀ ਦੇ ਪਤੀ ਇਸ ਗੱਲ ਲਈ ਰਾਜ਼ੀ ਨਹੀਂ ਹੋਣਗੇ। ਰਾਣੀ ਦੱਸਦੀ ਹਨ,''ਆਸ਼ਾ ਦੀਦੀ ਨੇ ਮੈਨੂੰ ਦੋ ਤੋਂ ਵੱਧ ਬੱਚੇ ਨਾ ਪੈਦਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਹ ਇਸਲਈ ਵੀ ਕਿਹਾ ਕਿਉਂਕਿ ਅਨੀਮਿਆ ਕਾਰਨ ਮੇਰਾ ਸਰੀਰ ਬੇਹੱਦ ਕਮਜ਼ੋਰ ਹੈ, ਇਸਲਈ ਤੀਜੀ ਵਾਰ ਗਰਭ ਧਾਰਣ ਕਰਨ ਦੇ ਸਮਰੱਥ ਨਹੀਂ ਹੈ। ਇਸਲਈ, ਜਦੋਂ ਮੇਰੀ ਗਰਭਅਵਸਥਾ ਦਾ ਚੌਥਾ ਮਹੀਨਾ ਚੱਲ ਰਿਹਾ ਸੀ ਤਾਂ ਮੈਂ ਪ੍ਰਕਾਸ ਨਾਲ਼ ਡਿਲੀਵਰੀ ਤੋਂ ਬਾਅਦ ਉਸ ਓਪਰੇਸ਼ਨ ਦੀ ਗੱਲ ਕੀਤੀ ਸੀ। ਪਰ ਮੇਰੀ ਇਹ ਗੱਲ ਮੇਰੇ ਲਈ ਇੱਕ ਬੁਰਾ ਸੁਪਨਾ ਸਾਬਤ ਹੋਈ। ਪ੍ਰਕਾਸ਼ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਇਸ ਘਰ ਵਿੱਚ ਰਹਿਣਾ ਚਾਹੁੰਦੀ ਹਾਂ ਤਾਂ ਮੈਨੂੰ ਇੱਕ ਪੁੱਤ ਜੰਮਣਾ ਹੀ ਪਵੇਗਾ, ਇਹਦੇ ਵਾਸਤੇ ਮੈਨੂੰ ਜਿੰਨੀ ਵਾਰ ਮਰਜੀ ਗਰਭ ਧਾਰਣ ਕਿਉਂ ਨਾ ਕਰਨਾ ਪਵੇ। ਉਹ ਕਿਸੇ ਵੀ ਤਰ੍ਹਾਂ ਦਾ ਪਰਹੇਜ ਨਹੀਂ ਵਰਤਦੇ, ਪਰ ਜੇਕਰ ਮੈਂ ਕੋਈ ਸਵਾਲ ਚੁੱਕਾਂ ਤਾਂ ਮੈਨੂੰ ਕੁੱਟ ਪੈਂਦੀ ਹੈ। ਨਸਬੰਦੀ ਨਾ ਕਰਨ ਅਤੇ ਪੁੱਤ ਦੀ ਕੋਸ਼ਿਸ਼ ਕਰਦੇ ਰਹਿਣ ਦੀ ਗੱਲ 'ਤੇ ਮੇਰੀ ਸੱਸ ਵੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲ਼ਾਉਂਦੀ ਹਨ।
ਰਾਣੀ ਦਾ ਆਪਣੀ ਸੱਸ ਦੇ ਸਾਹਮਣੇ ਇੰਝ ਖੁੱਲ੍ਹ ਕੇ ਗੱਲ ਕਰਨਾ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਦੋਵਾਂ ਦੇ ਰਿਸ਼ਤੇ ਵਿੱਚ ਕੁੜੱਤਣ ਨਹੀਂ ਹੈ। ਰਾਣੀ ਨਾਲ਼ ਹਮਦਰਦੀ ਰੱਖਣ ਦੇ ਬਾਵਜੂਦ ਵੀ ਗੰਗਾ ਆਪਣੇ ਸਮਾਜ ਵਿੱਚ ਚੱਲਦੀ ਇਸ ਪੁਰਖ-ਪ੍ਰਧਾਨ ਮਾਨਿਸਕਤਾ ਤੋਂ ਉਸ ਨੂੰ ਛੁਟਕਾਰਾ ਨਹੀਂ ਦਵਾ ਸਕਦੀ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 ਮੁਤਾਬਕ ਪਟਨਾ (ਗ੍ਰਾਮੀਣ) ਦੇ ਸਿਰਫ਼ 34.9 ਫੀਸਦ ਲੋਕ ਹੀ ਪਰਿਵਾਰ ਨਿਯੋਜਨ ਦੇ ਕਿਸੇ ਵੀ ਤਰ੍ਹਾਂ ਦੇ ਤਰੀਕੇ ਨੂੰ ਅਪਣਾਉਂਦੇ ਹਨ। ਦੱਸੇ ਗਏ ਤਰੀਕਿਆਂ ਵਿੱਚੋਂ ਪੁਰਸ਼ ਨਸਬੰਦੀ ਦਾ ਅੰਕੜਾ ਜ਼ਿਲ੍ਹੇ ਦੇ ਗ੍ਰਾਮੀਣ ਇਲਾਕਿਆਂ ਵਿੱਚ ਜ਼ੀਰੋ ਪ੍ਰਤੀਸ਼ਤ ਹੈ। ਐੱਨਐੱਫਐੱਚਐੱਸ-4 ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਬਿਹਾਰ ਵਿੱਚ 15-40 ਉਮਰ ਵਰਗ ਦੀਆਂ 58 ਫੀਸਦ ਗਰਭਵਤੀ ਔਰਤਾਂ ਵਿੱਚ ਅਨੀਮਿਆ ਦੇ ਲੱਛਣ ਹਨ।
''20 ਸਾਲ ਦੀ ਉਮਰ ਵਿੱਚ ਦੂਸਰੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ, ਮੈਂ ਇੱਕ ਗੱਲ ਤਾਂ ਸੋਚ ਹੀ ਲਈ ਹੈ, ਰਾਣੀ ਅੱਗੇ ਕਹਿੰਦੀ ਹਨ। ''ਅਤੇ ਉਹ ਗੱਲ ਇਹ ਕਿ ਘੱਟ ਤੋਂ ਘੱਟ 20 ਸਾਲ ਦੀ ਉਮਰ ਤੋਂ ਪਹਿਲਾਂ ਮੈਂ ਆਪਣੀ ਧੀਆਂ ਦਾ ਵਿਆਹ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿਆਂਗੀ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਨੂੰ ਤਾਂ ਉਦੋਂ ਤੱਕ ਬੱਚੇ ਜੰਮਦੇ ਰਹਿਣਾ ਪੈਣਾ ਹੈ ਜਦੋਂ ਤੱਕ ਕਿ ਮੈਂ ਪੁੱਤ ਨਾ ਜੰਮ ਲਵਾਂ।''
ਉਹ ਲੰਬੇ ਹਊਕਾ ਭਰਦਿਆਂ ਸ਼ਾਂਤ ਭਾਵ ਨਾਲ਼ ਕਹਿੰਦੀ ਹਨ: ''ਸਾਡੀ ਜਿਹੀਆਂ ਔਰਤਾਂ ਦੇ ਕੋਲ਼ ਹੋਰ ਕੋਈ ਚਾਰਾ ਵੀ ਤਾਂ ਨਹੀਂ ਹੁੰਦਾ, ਸਾਨੂੰ ਉਹੀ ਕਰਨਾ ਪੈਂਦਾ ਹੈ ਜੋ ਸਾਡੇ ਪਤੀ ਸਾਨੂੰ ਕਰਨ ਨੂੰ ਕਹਿੰਦੇ ਹਨ। ਤੁਸੀਂ ਮੇਰੇ ਬੈੱਡ ਤੋਂ ਤੀਸਰੇ ਬੈੱਡ 'ਤੇ ਲੇਟੀ ਉਸ ਔਰਤ ਵੱਲ ਦੇਖ ਰਹੀ ਹੋ? ਉਹਦਾ ਨਾਮ ਨਗਮਾ ਹੈ। ਕੱਲ੍ਹ ਉਹਦੀ ਚੌਥੀ ਡਿਲਵਰੀ ਹੋਈ ਹੈ। ਉਹਦੇ ਘਰ ਵੀ ਬੱਚੇਦਾਨੀ ਕਢਵਾਉਣ ਦੀ ਗੱਲ ਸਿਰੇ ਤੋਂ ਰੱਦ ਕਰ ਦਿੱਤੀ ਗਈ। ਪਰ, ਹੁਣ ਜਦੋਂਕਿ ਉਹ ਇੱਥੇ ਆਪਣੇ ਮਾਪਿਆਂ ਨਾਲ਼ ਹੈ, ਸਹੁਰੇ ਪਰਿਵਾਰ ਦੇ ਨਾਲ਼ ਨਹੀਂ ਤਾਂ ਦੋ ਦਿਨਾਂ ਬਾਅਦ ਉਹ ਆਪਣਾ ਓਪਰੇਸ਼ਨ ਕਰਵਾ ਲਵੇਗੀ। ਉਹ ਬੜੀ ਬਹਾਦਰ ਹੈ। ਉਹ ਕਹਿੰਦੀ ਹੈ ਕਿ ਉਹ ਜਾਣਦੀ ਹੈ ਕਿ ਪਤੀ ਨਾਲ਼ ਕਿਵੇਂ ਗੱਲ਼ ਕਰਨੀ ਹੈ,'' ਗੱਲ ਕਰਦਿਆਂ ਰਾਣੀ ਹੱਸ ਪੈਂਦੀ ਹਨ।
ਯੂਨੀਸੈਫ ਦੀ ਇੱਕ ਰਿਪੋਰਟ ਮੁਤਾਬਕ, ਰਾਣੀ ਵਾਂਗ ਜ਼ਿਆਦਾਤਰ ਇਹ ਅੱਲ੍ਹੜ ਲਾੜੀਆਂ (ਬਾਲ਼ੜੀਆਂ) ਆਪਣੀ ਅੱਲ੍ਹੜ ਉਮਰੇ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ । ਇਸੇ ਕਾਰਨ ਉਨ੍ਹਾਂ ਦੇ ਪਰਿਵਾਰ ਦੇਰ ਨਾਲ਼ ਵਿਆਹ ਕਰਾਉਣ ਵਾਲ਼ੀਆਂ ਔਰਤਾਂ ਦੇ ਮੁਕਾਬਲੇ ਜ਼ਿਆਦਾ ਵੱਡੇ ਦੇਖੇ ਗਏ ਹਨ ਅਤੇ ਮਹਾਂਮਾਰੀ ਨੇ ਅਜਿਹੇ ਪਰਿਵਾਰਾਂ ਦੀ ਹਾਲਤ ਹੋ ਮਾੜੀ ਕਰ ਦਿੱਤੀ ਹੈ।
ਕਨਿਕਾ ਸਰਾਫ਼ ਕਹਿੰਦੀ ਹਨ,''2030 ਤੱਕ ਬਾਲ-ਵਿਆਹ ਨੂੰ ਖਤਮ ਕਰਨ ਦਾ ਟੀਚਾ ਇੱਕ ਚੁਣੌਤੀ ਜਾਪਦਾ ਹੈ। ਇਹਨੂੰ ਸਮਝਣ ਲਈ ਤੁਹਾਨੂੰ ਮੁਲਕ ਦੇ ਕਿਸੇ ਵੀ ਰਾਜ ਦੇ ਗ੍ਰਾਮੀਣ ਇਲਾਕਿਆਂ ਵੱਲ ਨਜ਼ਰ ਮਾਰਨ ਦੀ ਲੋੜ ਹੈ।'' ਕਨਿਕਾ ਸਰਾਫ਼ ਆਂਗਨ ਟ੍ਰਸਟ, ਬਿਹਾਰ ਦੇ ਬਾਲ ਸੁਰੱਖਿਆ ਢਾਂਚੇ ਦੀ ਪ੍ਰਮੁਖ ਹਨ, ਜੋ ਪੂਰੀ ਤਰ੍ਹਾਂ ਬਾਲ-ਸੁਰੱਖਿਆ 'ਤੇ ਕੇਂਦਰਤ ਹੈ। ਉਹ ਕਹਿੰਦੀ ਹਨ,''ਪਰ ਮਹਾਂਮਾਰੀ ਨੇ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ, ਅਸੀਂ ਸਿਰਫ਼ ਪਟਨਾ ਵਿੱਚ ਹੀ 200 ਬਾਲ-ਵਿਆਹ ਰੁਕਵਾਉਣ ਵਿੱਚ ਸਫ਼ਲ ਰਹੇ ਹਾਂ। ਤੁਸੀਂ ਬਾਕੀ ਜ਼ਿਲ੍ਹਿਆਂ ਅਤੇ ਉੱਥੋਂ ਦੇ ਪਿੰਡਾਂ ਦਾ ਅੰਦਾਜਾ ਸਹਿਜੇ ਹੀ ਲਾ ਸਕਦੀ ਹੋ।''
ਨੀਤੀ ਅਯੋਗ ਦੇ ਅਨੁਸਾਰ , 2013-15 ਦੇ ਸਮੇਂ ਦੌਰਾਨ ਬਿਹਾਰ ਵਿੱਚ ਜਨਮ ਦੇ ਸਮੇਂ ਲਿੰਗ-ਅਨੁਪਾਤ ਪ੍ਰਤੀ 1000 ਲੜਕਿਆਂ ਮਗਰ 916 ਲੜਕੀਆਂ ਦਾ ਸੀ। ਇਹ ਅੰਕੜਾ 2005-07 ਦੀ ਤੁਲਨਾ ਵਿੱਚ ਸੁਧਾਰ ਦੇ ਰੂਪ ਵਿੱਚ ਦੇਖਿਆ ਗਿਆ ਸੀ, ਉਦੋਂ ਇਹ ਅੰਕੜਾ 909 ਸੀ। ਹਾਲਾਂਕਿ ਇਸ ਤੋਂ ਕੋਈ ਬਹੁਤੀ ਉਮੀਦ ਨਹੀਂ ਬੱਝਦੀ, ਕਿਉਂਕਿ 5 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਹੀ ਲੜਕਿਆਂ ਦੇ ਮੁਕਾਬਲੇ ਕਿਤੇ ਵੱਧ ਲੜਕੀਆਂ ਦੀ ਮੌਤ ਹੋ ਜਾਣ ਦੇ ਕਾਰਨ ਲਿੰਗ-ਅਨੁਪਾਤ ਅੱਗੇ ਵੀ ਇਸੇ ਤਰ੍ਹਾਂ ਹੀ ਚੱਲਦਾ ਜਾਂਦਾ ਹੈ। ਸੂਬੇ ਅੰਦਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (ਹਰੇਕ 1,000 ਜਨਮ ਹੋਣ 'ਤੇ 5 ਸਾਲ ਦੀ ਉਮਰ ਤੋਂ ਪਹਿਲਾਂ ਹੀ ਮੌਤ ਦੀ ਸੰਭਾਵਨਾ) 39 ਲੜਕਿਆਂ 'ਤੇ 43 ਲੜਕੀਆਂ ਦੀ ਹੈ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੇ ਅਨੁਮਾਨ ਦੇ ਅਧਾਰ 'ਤੇ 2019 ਵਿੱਚ ਇਸ ਸਬੰਧ ਵਿੱਚ ਰਾਸ਼ਟਰੀ ਅੰਕੜਾ 34 ਲੜਕਿਆਂ ਮਗਰ 35 ਲੜਕੀਆਂ ਦਾ ਸੀ।
ਗੰਗਾ ਦਾ ਮੰਨਣਾ ਹੈ ਕਿ ਪੋਤਾ ਹੀ ਪਰਿਵਾਰ ਵਿੱਚ ਖੁਸ਼ੀਆਂ ਲੈ ਕੇ ਆਵੇਗਾ, ਜੋ ਉਨ੍ਹਾਂ ਦਾ ਬੇਟਾ ਕਦੇ ਨਹੀਂ ਲਿਆ ਸਕਿਆ। ਉਹ ਕਹਿੰਦੀ ਹਨ,''ਪ੍ਰਕਾਸ਼ ਕਿਸੇ ਕੰਮ ਦਾ ਨਹੀਂ ਹੈ। ਪੰਜਵੀ ਤੋਂ ਬਾਅਦ ਉਹ ਕਦੇ ਸਕੂਲ ਨਹੀਂ ਗਿਆ। ਇਸਲਈ, ਮੈਂ ਚਾਹੁੰਦੀ ਹਾਂ ਕਿ ਇੱਕ ਪੋਤਾ ਜ਼ਰੂਰ ਹੋਵੇ। ਉਹੀ ਪਰਿਵਾਰ ਦਾ ਅਤੇ ਆਪਣੀ ਮਾਂ ਦਾ ਖਿਆਲ ਰੱਖੇਗਾ। ਰਾਣੀ ਨੂੰ ਉਸ ਤਰੀਕੇ ਦਾ ਪੋਸ਼ਕ ਭੋਜਨ ਨਹੀਂ ਮਿਲ਼ ਸਕਿਆ ਜੋ ਮਿਲ਼ਣਾ ਚਾਹੀਦਾ ਸੀ। ਪਿਛਲੇ ਕੁਝ ਦਿਨਾਂ ਤੋਂ ਕਮਜੋਰੀ ਕਾਰਨ ਉਹ ਬੋਲ ਵੀ ਨਹੀਂ ਪਾ ਰਹੀ। ਇਸਲਈ, ਮੈਂ ਖੁਦ ਉਹਦੇ ਨਾਲ਼ ਹਸਪਤਾਲ ਵਿੱਚ ਰਹੀ ਹਾਂ ਅਤੇ ਬੇਟੇ ਨੂੰ ਘਰ ਭੇਜ ਦਿੱਤਾ ਹੈ।''
''ਜਦੋਂ ਉਹ ਨਸ਼ੇ ਵਿੱਚ ਘਰ ਮੁੜਦਾ ਹੈ ਅਤੇ ਮੇਰੀ ਨੂੰਹ ਜਿਵੇਂ ਹੀ ਉਹਨੂੰ ਟੋਕਦੀ ਹੈ, ਤਾਂ ਉਹ ਉਹਨੂੰ ਕੁੱਟਣ ਲੱਗਦਾ ਹੈ ਅਤੇ ਘਰ ਦਾ ਸਮਾਨ ਤੋੜਨ ਲੱਗ ਜਾਂਦਾ ਹੈ।'' ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਬਿਹਾਰ ਵਿੱਚ ਤਾਂ ਸ਼ਰਾਬਬੰਦੀ ਨਹੀਂ ਹੈ? ਐੱਨਐੱਫਐੱਚਐੱਸ-4 ਮੁਤਾਬਕ ਸ਼ਰਾਬਬੰਦੀ ਦੇ ਐਲਾਨ ਤੋਂ ਬਾਅਦ ਵੀ, ਬਿਹਾਰ ਦੇ 29 ਫੀਸਦ ਪੁਰਸ਼ ਸ਼ਰਾਬ ਪੀਂਦੇ ਹਨ। ਗ੍ਰਾਮੀਣ ਪੁਰਸ਼ਾਂ ਵਿੱਚ ਇਹੀ ਅੰਕੜਾ ਕਰੀਬ 30 ਫੀਸਦ ਹੈ।
ਰਾਣੀ ਦੀ ਗਰਭਅਵਸਥਾ ਦੌਰਾਨ, ਗੰਗਾ ਨੇ ਆਪਣੇ ਪਿੰਡ ਦੇ ਬਾਹਰ ਨੌਕਰਾਣੀ ਦੇ ਕੰਮ ਦੀ ਭਾਲ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਕਾਮਯਾਬੀ ਨਹੀਂ ਮਿਲ਼ੀ। ਰਾਣੀ ਦੱਸਦੀ ਹਨ,''ਮੇਰੀ ਹਾਲਤ ਦੇਖ ਕੇ ਅਤੇ ਮੈਨੂੰ ਇੰਝ ਬੀਮਾਰ ਪਈ ਦੇਖ ਕੇ ਮੇਰੀ ਸੱਸ ਇੱਕ ਰਿਸ਼ਤੇਦਾਰ ਪਾਸੋਂ ਪੰਜ ਹਜ਼ਾਰ ਰੁਪਏ ਉਧਾਰ ਲੈ ਆਈ, ਤਾਂਕਿ ਕਦੇ-ਕਦੇ ਮੇਰੇ ਲਈ ਫਲ ਅਤੇ ਦੁੱਧ ਲਿਆ ਸਕੇ।''
''ਜੇਕਰ ਉਹ ਆਉਣ ਵਾਲ਼ੇ ਦਿਨਾਂ ਵਿੱਚ ਵੀ ਮੇਰੇ ਤੋਂ ਬੱਚੇ ਹੀ ਪੈਦਾ ਕਰਾਉਂਦੇ ਰਹੇ ਤਾਂ ਮੈਂ ਨਹੀਂ ਜਾਣਦੀ ਕਿ ਮੇਰੀ ਕੀ ਹਾਲਤ ਹੋਵੇਗੀ,'' ਆਪਣੀ ਦੇਹ ਅਤੇ ਜੀਵਨ 'ਤੇ ਆਪਣਾ ਵੱਸ ਨਾ ਹੋਣ ਦੀ ਘਾਟ ਨੂੰ ਉਦਾਸ ਮਨ ਨਾਲ਼ ਬਿਆਨ ਕਰਦਿਆਂ ਰਾਣੀ ਕਹਿੰਦੀ ਹਨ,''ਪਰ, ਜੇ ਮੈਂ ਜਿਊਂਦੀ ਬੱਚ ਗਈ ਤਾਂ ਮੈਂ ਕੋਸ਼ਿਸ਼ ਕਰਾਂਗੀ ਕਿ ਮੇਰੀਆਂ ਧੀਆਂ ਜਿੱਥੋਂ ਤੱਕ ਚਾਹੁੰਣ, ਮੈਂ ਉਨ੍ਹਾਂ ਨੂੰ ਪੜ੍ਹਾ ਸਕਾਂ।''
''ਮੈਂ ਨਹੀਂ ਚਾਹੁੰਦੀ ਕਿ ਮੇਰੀਆਂ ਧੀਆਂ ਮੇਰੇ ਵਾਂਗ ਜਿਲ੍ਹਣ ਭਰੀ ਹਯਾਤੀ ਹੰਢਾਉਣ।''
ਇਸ ਸਟੋਰੀ ਵਿੱਚ ਕੁਝ ਲੋਕਾਂ ਅਤੇ ਥਾਵਾਂ ਦੇ ਨਾਮ ਉਜਾਗਰ ਨਾ ਹੋਣ ਦੇ ਇਰਾਦੇ ਨਾਲ਼ ਬਦਲ ਦਿੱਤੇ ਗਏ ਹਨ।
ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਜਗਿਆਸਾ ਮਿਸ਼ਰਾ ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ ਜਨਤਕ ਸਿਹਤ ਅਤੇ ਨਾਗਰਿਕ ਸੁਤੰਤਰਤਾ ' ਤੇ ਰਿਪੋਰਟ ਕਰਦੀ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਨੇ ਇਸ ਰਿਪੋਰਟ ਦੀ ਸਮੱਗਰੀ ' ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਕੀਤਾ ਹੈ।
ਤਰਜਮਾ: ਕਮਲਜੀਤ ਕੌਰ