"ਤਿੰਨ ਟਰੈਕਟਰ, ਛੇ ਟਰੈਕਟਰ-ਟਰਾਲੀਆਂ ਅਤੇ 2 ਤੋਂ ਤਿੰਨ ਕਾਰਾਂ 24 ਜਨਵਰੀ ਦੇ ਸਵੇਰ ਨੂੰ ਦਿੱਲੀ ਜਾਣ ਲਈ ਸਾਡੇ ਪਿੰਡੋਂ ਰਵਾਨਾ ਹੋਣਗੀਆਂ," ਹਰਿਆਣਾ ਦੇ ਪਿੰਡ ਕੰਦਰੌਲੀ ਦੇ ਚੀਕੂ ਢਾਂਡਾ ਨੇ ਕਿਹਾ। "ਅਸੀਂ ਟਰੈਕਟਰ ਰੈਲੀ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਹਾਂ। ਮੈਂ ਆਪਣਾ ਟਰੈਕਟਰ ਚਲਾਉਂਦੇ ਹੋਏ ਦਿੱਲੀ ਜਾਵਾਂਗਾ," 28 ਸਾਲਾ ਕਿਸਾਨ ਦਾ ਕਹਿਣਾ ਹੈ।
ਹਰਿਆਣਾ-ਦਿੱਲੀ ਬਾਰਡਰ 'ਤੇ ਚੀਕੂ ਦੀ ਇਹ ਛੇਵੀਂ ਫੇਰੀ ਹੈ-ਜਿੱਥੇ ਹਰੇਕ ਵਾਰੀ ਉਹ ਸਤੰਬਰ 2020 ਵਿੱਚ ਸੰਸਦ ਵਿੱਚ ਪਾਸ ਹੋਏ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਬੈਠੇ ਹਜ਼ਾਰਾਂ ਕਿਸਾਨਾਂ ਵਿੱਚ ਸ਼ਾਮਲ ਹੁੰਦੇ ਹਨ। ਹਰ ਵਾਰ ਉਹ ਯਮੁਨਾਨਗਰ ਜ਼ਿਲ੍ਹੇ ਵਿੱਚ ਪੈਂਦੇ ਕੰਦਰੌਲੀ ਤੋਂ 150 ਕਿਲੋਮੀਟਰ ਦਾ ਪੈਂਡਾ ਤੈਅ ਕਰਦਿਆਂ ਚਾਰ ਘੰਟੇ ਸੜਕ 'ਤੇ ਬਿਤਾਉਂਦੇ ਹਨ। ਆਪਣੀ ਹਰੇਕ ਫੇਰੀ ਵਿੱਚ ਉਹ ਪ੍ਰਦਰਸ਼ਨ ਪ੍ਰਤੀ ਆਪਣੀ ਇਕਜੁਟਤਾ ਦਰਸਾਉਣ ਖਾਤਰ ਘੱਟੋ-ਘੱਟ ਤਿੰਨ ਰਾਤਾਂ ਸਿੰਘੂ ਵਿਖੇ ਰੁੱਕਦੇ ਹਨ।
ਉਨ੍ਹਾਂ ਨਾਲ਼ ਹਰੇਕ ਫੇਰੀ ਵਿੱਚ ਉਨ੍ਹਾਂ ਦੇ ਨਾਲ਼ 22 ਸਾਲਾਂ ਚਚੇਰੇ ਭਰਾ ਮੋਨਿੰਦਰ ਢਾਂਡਾ, ਸਫ਼ਰ ਕਰਦੇ ਹਨ ਜੋ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਕਨੂੰਨ ਦੇ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੇ ਪਰਿਵਾਰ, ਜੋ ਮੁੱਖ ਰੂਪ ਵਿੱਚ ਖੇਤੀ ਨਾਲ਼ ਸਬੰਧ ਰੱਖਣ ਵਾਲੇ ਹਰਿਆਣਾ ਦੇ ਜਾਟ ਭਾਈਚਾਰੇ ਨਾਲ਼ ਸਬੰਧਤ ਹਨ, ਇਕੱਠੇ ਰਹਿੰਦੇ ਹਨ ਅਤੇ 16 ਏਕੜ ਜ਼ਮੀਨ ਦੇ ਮਾਲਕ ਹਨ ਜਿਸ 'ਤੇ ਉਹ ਸਬਜ਼ੀਆਂ, ਕਣਕ ਅਤੇ ਝੋਨੇ ਦੀ ਕਾਸ਼ਤ ਕਰਦੇ ਹਨ।
"ਅਸੀਂ ਸਥਾਨਕ APMC ਮੰਡੀਆਂ ਵਿੱਚ ਆਪਣੀ ਫ਼ਸਲ ਵੇਚ ਕੇ ਹਰੇਕ ਸਾਲ ਪ੍ਰਤੀ ਏਕੜ 40,000 ਤੋਂ 50,000 ਰੁਪਏ ਕਮਾ ਲੈਂਦੇ ਹਾਂ," ਮੋਨਿੰਦਰ ਨੇ ਕਿਹਾ। "ਪੈਦਾਵਾਰ ਦੀ ਲਾਗਤ ਹਰੇਕ ਸਾਲ ਵੱਧਦੀ ਜਾ ਰਹੀ ਹੈ, ਜਦੋਂਕਿ ਐੱਮਐੱਸਪੀ (ਘੱਟੋਘੱਟ ਸਮਰਥਨ ਮੁੱਲ) ਨਹੀਂ ਹੈ," ਮੋਨਿੰਦਰ ਨੇ ਕਿਹਾ। ਇਸ ਕਮਾਈ ਨਾਲ਼ ਉਨ੍ਹਾਂ ਦੇ ਅੱਠ ਮੈਂਬਰੀ ਪਰਿਵਾਰ ਦਾ ਖਰਚਾ ਚੱਲਦਾ ਹੈ।
ਚਚੇਰੇ ਭਰਾ ਦੇ ਪਰਿਵਾਰ ਵਾਂਗ, ਕੰਦਰੌਲੀ ਪਿੰਡ ਦੇ 1314 ਵਾਸੀਆਨ ਖੇਤੀਬਾੜੀ ਨਾਲ਼ ਜੁੜੇ ਹੋਏ ਹਨ। ਅੱਧ-ਜਨਵਰੀ ਵਿੱਚ, ਉਨ੍ਹਾਂ ਵਿੱਚ ਕਈਆਂ ਨੇ ਗੈਰ-ਰਸਮੀ ਰੂਪ ਵਿੱਚ ਕਿਸਾਨ ਅੰਦੋਲਨ ਨਾਲ਼ ਸਬੰਧਤ ਮਾਮਲਿਆਂ ਦੀ ਦੇਖਰੇਖ ਅਤੇ ਤਾਲਮੇਲ ਦੀ ਸਾਂਝੀ ਕਮੇਟੀ ਬਣਾਈ। ਇਹ ਭਾਰਤੀ ਕਿਸਾਨ ਯੂਨੀਅਨ ਦੀਆਂ ਜ਼ੋਨਲ ਉਪ-ਕਮੇਟੀਆਂ (ਜਿਸ ਨਾਲ਼ ਪਿੰਡਾਂ ਦੇ ਬਹੁਤੇਰੇ ਕਿਸਾਨ ਜੁੜੇ ਹੋਏ ਹਨ) ਦੇ ਵਿਆਪਕ ਘੇਰੇ ਦੇ ਉਲਟ, ਸਥਾਨਕ ਪੱਧਰੀ ਫੈਸਲਿਆਂ 'ਤੇ ਕੇਂਦਰਤ ਹੈ। "ਪਿੰਡ ਦੀ ਕਮੇਟੀ ਇਹ ਤੈਅ ਕਰਦੀ ਹੈ ਕਿ ਜੋ ਲੋਕ ਧਰਨਾ ਸਥਲ 'ਤੇ ਗਏ ਹੋਏ ਹਨ, ਉਨ੍ਹਾਂ ਦੇ ਖੇਤਾਂ ਦੀ ਦੇਖਭਾਲ਼ ਕਰਨ ਦੀ ਵਾਰੀ ਹੁਣ ਕਿਹਦੀ ਹੈ," ਚੀਕੂ ਨੇ ਦੱਸਿਆ। "ਉਹ ਸਿੰਘੂ ਵਿਖੇ ਡਟੇ ਲੋਕਾਂ ਵਾਸਤੇ ਖਾਣਯੋਗ ਪਦਾਰਥਾਂ ਦਾ ਪ੍ਰਬੰਧਨ ਵੀ ਕਰਦੇ ਹਨ।"ਕੰਦਰੌਲੀ ਨੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਨ ਲਈ ਹੁਣ ਤੱਕ 2 ਲੱਖ ਰੁਪਏ ਦਾ ਦਾਨ ਦਿੱਤਾ ਹੈ। ਇਹ ਪੈਸਾ ਦਿੱਲੀ ਦੀਆਂ ਹੱਦਾਂ 'ਤੇ ਜਾਣ ਵਾਲੇ ਲੋਕਾਂ ਦੇ ਜ਼ਰੀਏ ਭੇਜਿਆ ਜਾਂਦਾ ਹੈ, ਜੋ ਇਹਨੂੰ ਰਾਜਧਾਨੀ ਦੇ ਚੁਫੇਰੇ ਵਿੰਭਿਨ ਧਰਨਾ-ਸਥਲਾਂ 'ਤੇ ਮੌਜੂਦ ਯੂਨੀਅਨ ਦੇ ਨੁਮਾਇੰਦਿਆਂ ਨੂੰ ਸੌਂਪ ਦਿੰਦੇ ਹਨ। 24 ਜਨਵਰੀ ਨੂੰ, ਕੰਦਰੌਲੀ ਦਾ ਕਾਫ਼ਲਾ ਦਾਨ ਦੇ 1 ਲੱਖ ਰੁਪਏ ਹੋਰ ਲੈ ਕੇ ਗਿਆ ਅਤੇ ਪਿੰਡ ਦੇ ਕੁਝ ਲੋਕਾਂ ਨੇ ਧਰਨਾ-ਸਥਲਾਂ 'ਤੇ ਚੱਲ ਰਹੇ ਲੰਗਰ (ਸਾਂਝੀਆਂ ਰਸੋਈਆਂ) ਵਾਸਤੇ ਦਾਲ, ਖੰਡ, ਦੁੱਧ ਅਤੇ ਕਣਕ ਵੀ ਦਾਨ ਕੀਤੇ ਹਨ।
ਦਿੱਲੀ ਦੀ ਸੀਮਾ 'ਤੇ ਸਥਿਤ ਅਜਿਹੇ ਕਈ ਸਥਲਾਂ 'ਤੇ ਇਹ ਕਿਸਾਨ ਉਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਦੇ ਖਿਲਾਫ਼ 26 ਨਵੰਬਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਨੂੰ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ। ਜਿਨ੍ਹਾਂ ਖੇਤੀ ਕਨੂੰਨਾਂ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 ਹਨ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜ਼ੀਰੋਟੀ ਲਈ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਨਾਂ ਅਤੇ ਖੇਤੀ 'ਤੇ ਜਿਆਦਾ ਹੱਕ ਮੁਹੱਈਆ ਕਰਦੇ ਹਨ। ਇਹ ਕਨੂੰਨ ਘੱਟੋਘੱਟ ਸਮਰਥਨ ਮੁੱਲ (MSP/ਐੱਐੱਸਪੀ), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs/ਏਪੀਐੱਮਸੀ), ਰਾਜ ਦੁਆਰਾ ਖ਼ਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਮੁੱਖ ਰੂਪਾਂ ਨੂ ਵੀ ਕਮਜੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।
ਕਿਸਾਨਾਂ ਨੇ 26 ਜਨਵਰੀ ਨੂੰ, ਗਣਤੰਤਰ ਦਿਵਸ 'ਤੇ ਰਾਜਧਾਨੀ ਵਿੱਚ ਇੱਕ ਬੇਮਿਸਾਲ ਟਰੈਕਟਰ ਰੈਲੀ ਦੀ ਯੋਜਨਾ ਬਣਾਈ ਹੈ। ਚੀਕੂ ਅਤੇ ਮੋਨਿੰਦਰ ਵੀ ਵਿਰੋਧ ਦੀ ਇਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਹਨ। "ਇੰਝ ਨਹੀਂ ਹੈ ਕਿ ਮੌਜੂਦਾ ਢਾਂਚਾ ਸਹੀ ਹੈ," ਮੋਨਿੰਦਰ ਗੁੱਸੇ ਵਿੱਚ ਕਹਿੰਦੇ ਹਨ। "ਪਰ ਇਨ੍ਹਾਂ ਕਨੂੰਨਾਂ ਨੇ ਹਾਲਾਤ ਬਦ ਤੋਂ ਬਦਤਰ ਬਣਾ ਦਿੱਤੇ ਹਨ।"
ਤਰਜਮਾ: ਕਮਲਜੀਤ ਕੌਰ