ਉਹ ਲੈਅ ਅਤੇ ਫੁਰਤੀ ਨਾਲ਼ ਅੱਗੇ ਵਧੀਆਂ-"ਰੇ ਰੇਲਾ ਰੇ ਰੇਲਾ ਰੇ ਰੇਲਾ ਰੇ"- ਨੌਜਵਾਨ ਔਰਤਾਂ ਦਾ ਇੱਕ ਸਮੂਹ ਗੋਡਿਆਂ ਤੀਕਰ ਚਿੱਟੀਆਂ ਸਾੜੀਆਂ ਅਤੇ ਸਿਰ 'ਤੇ ਲਿਸ਼ਕਣੀ ਫੁੰਮ੍ਹਣ-ਨੁਮਾ ਟੋਪੀ ਪਾਈ, ਇੱਕ ਵਾਰ ਵਿੱਚ ਤਿੰਨੋਂ ਘੁੰਮਦੀਆਂ ਹੋਈਆਂ, ਬਾਹਾਂ ਦੀ ਕੜਿੰਗੜੀ ਪਾਈ, ਰੇਲਾ ਗੀ ਗਾ ਰਹੀਆਂ ਹਨ ਜੋ ਕਿ ਗੋਂਡ ਭਾਈਚਾਰਿਆਂ ਦਾ ਲੋਕਪ੍ਰਿਯ ਗੀਤ ਹੈ।
ਥੋੜ੍ਹੀ ਹੀ ਦੇਰ ਵਿੱਚ, ਨੌਜਵਾਨ ਪੁਰਖਾਂ ਦਾ ਇੱਕ ਸਮੂਹ ਵੀ ਉਨ੍ਹਾਂ ਦੇ ਨਾਲ਼ ਆ ਰਲਿਆ, ਇਹ ਵੀ ਚਿੱਟੇ ਪਹਿਰਾਵੇ ਪਾਈ ਅਤੇ ਸਿਰਾਂ 'ਤੇ ਰੰਗੀਨ ਪੰਖਾਂ ਨਾਲ਼ ਪਗੜੀਆਂ ਸਜਾਏ ਹਨ। ਉਨ੍ਹਾਂ ਦੇ ਪੈਰੀਂ ਬੰਨ੍ਹੇ ਘੁੰਗਰੂ ਪੈਰਾਂ ਦੀ ਪੇਚੀਦਾ ਥਾਪ ਨਾਲ਼ ਲੈਅ ਵਿੱਚ ਵੱਜੇ, ਜਦੋਂਕਿ ਉਨ੍ਹਾਂ ਆਪਣੇ ਹੱਥਾਂ ਵਿੱਚ ਫੜ੍ਹੇ ਛੋਟੇ ਢੋਲ (ਮੰਦਰੀ) ਵਜਾਏ ਅਤੇ ਰੇਲਾ ਗੀਤ ਗਾਏ। ਇੱਕ-ਦੂਸਰੇ ਦੇ ਹੱਥਾਂ ਵਿੱਚ ਹੱਥ ਪਾਈ, ਨੌਜਵਾਨ ਔਰਤਾਂ ਨੇ ਪੁਰਖਾਂ ਦੇ ਸਮੂਹ ਨੂੰ ਘੇਰਦਿਆਂ ਇੱਕ ਕੜੀ ਬਣਾ ਲਈ ਹੋਈ ਹੈ। ਉਹ ਸਾਰੇ ਗਾਉਂਦੇ ਅਤੇ ਨੱਚਦੇ ਰਹੇ।
ਗੋਂਡ ਭਾਈਚਾਰੇ ਦੇ 43 ਪੁਰਖਾਂ ਅਤੇ ਔਰਤਾਂ ਦੀ ਮੰਡਲੀ, ਜਿਨ੍ਹਾਂ ਦੀ ਉਮਰ 16 ਤੋਂ 30 ਸਾਲ ਵਿਚਕਾਰ ਸੀ, ਸਾਰੇ ਛੱਤੀਸਗੜ੍ਹ ਦੇ ਕੋਂਡਾਗਾਓਂ ਜਿਲ੍ਹੇ ਦੇ ਕੇਸ਼ਕਾਲ ਬਲਾਕ ਦੇ ਬੇਦਮਾਰੀ ਪਿੰਡੋਂ ਆਏ ਸਨ।
ਉਨ੍ਹਾਂ ਨੇ ਰਾਜ ਦੀ ਰਾਜਧਾਨੀ ਰਾਏਪੁਰ ਤੋਂ ਕਰੀਬ 100 ਕਿਲੋਮੀਟਰ ਦੂਰ ਰਾਏਪੁਰ-ਜਗਦਲਪੁਰ ਰਾਜਮਾਰਗ (ਬਸਤਰ ਇਲਾਕੇ ਵਿੱਚ) ਦੇ ਕਰੀਬ ਇਸ ਥਾਂ ਤੱਕ ਪਹੁੰਚਣ ਲਈ ਇੱਕ ਗੱਡੀ ਵਿੱਚ 300 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ। ਛੱਤੀਸਗੜ੍ਹ ਦੇ ਬਲੌਦਾਬਾਜਾਰ-ਭਾਟਪਾਰਾ ਜਿਲ੍ਹੇ ਵਿੱਚ ਸੋਨਾਖਾਨ ਦੇ ਆਦਿਵਾਸੀ ਰਾਜਾ, ਵੀਰ ਨਰਾਇਣ ਸਿੰਘ ਦੀ ਕੁਰਬਾਨੀ ਦੀ ਯਾਦ ਵਿੱਚ, 2015 ਤੋਂ 10-12 ਦਸੰਬਰ ਤੱਕ ਮਨਾਏ ਜਾਣ ਵਾਲ਼ੇ ਇਸ ਤਿੰਨ ਰੋਜ਼ਾ ਵੀਰ ਮੇਲੇ ਲਈ ਮੱਧ ਭਾਰਤ ਦੇ ਆਦਿਵਾਸੀ ਭਾਈਚਾਰਿਆਂ ਅਤੇ ਵਿਸ਼ੇਸ਼ ਰੂਪ ਨਾਲ਼ ਛੱਤੀਸਗੜ੍ਹ ਦੇ ਹੋਰ ਨਾਚੇ ਵੀ ਨਾਲ਼ ਇੱਥੇ ਆਏ ਸਨ। ਬ੍ਰਿਟਿਸ਼ ਸ਼ਾਸਨ ਖਿਲਾਫ਼ ਵਿਦਰੋਹ ਕਰਨ ਵਾਲੇ ਰਾਜਾ ਨੂੰ ਦਸੰਬਰ 1857 ਵਿੱਚ ਬਸਤੀਵਾਦੀ ਸ਼ਾਸ਼ਕਾਂ ਦੁਆਰਾ ਫੜ੍ਹ ਲਿਆ ਗਿਆ ਅਤੇ ਰਾਏਪੁਰ ਜਿਲ੍ਹੇ ਦੇ ਜੈਸਤੰਭ ਚੌਂਕ 'ਤੇ ਫਾਹੇ ਲਾ ਦਿੱਤਾ। ਸਥਾਨਕ ਕਹਾਣੀਆਂ ਅਨੁਸਾਰ, ਅੰਗਰੇਜਾਂ ਨੇ ਉਹਨੂੰ ਫਾਹੇ ਲਾਏ ਜਾਣ ਤੋਂ ਬਾਅਦ ਉਹਦੇ ਸਰੀਰ ਨੂੰ ਤੋਪ ਦੇ ਗੋਲ਼ੇ ਨਾਲ਼ ਉਡਾ ਦਿੱਤਾ ਸੀ।ਉਹ ਥਾਂ ਜਿੱਥੇ ਤਿਓਹਾਰ ਅਯੋਜਿਤ ਹੁੰਦਾ ਹੈ-ਰਾਜਾਰਾਓ ਪਾਥਰ-ਉਹਨੂੰ ਇੱਕ ਦੇਵਸਥਾਨ (ਪੂਜਾ ਦੀ ਪਵਿੱਤਰ ਥਾਂ) ਮੰਨਿਆ ਜਾਂਦਾ ਹੈ ਜੋ ਗੋਂਡ ਆਦਿਵਾਸੀਆਂ ਦੇ ਇੱਕ ਕੁਲ (ਜੱਦੀ) ਦੇਵਤਾ ਨੂੰ ਸਮਰਪਤ ਹੈ। ਤਿੰਨ ਰੋਜ਼ਾ ਪ੍ਰੋਗਰਾਮ ਗੀਤਾਂ ਅਤੇ ਨਾਚ ਨਾਲ਼ ਭਰਪੂਰ ਹੈ।
"ਰੇਲਾ (ਜਾਂ ਰੀਲੋ ਜਾਂ ਰੇਲੋ) ਭਾਈਚਾਰੇ ਨੂੰ ਇਕੱਠਿਆਂ ਲਿਆਉਂਦਾ ਹੈ," ਸਰਵ ਆਦਿਵਾਸੀ ਜਿਲ੍ਹਾ ਪ੍ਰਾਕੋਸ਼ਠ (ਸਾਰੇ ਜਿਲ੍ਹਾ ਕਬੀਲਾਈ ਗੁੱਟ) ਪ੍ਰਧਾਨ, ਪ੍ਰੇਮਲਾਲ ਕੁੰਜਮ ਕਹਿੰਦੇ ਹਨ। "ਮਾਲ਼ਾ ਵਿਚਲੇ ਫੁੱਲਾਂ ਦੀ ਇਕਸਾਰਤਾ ਵਾਂਗ ਲੋਕ ਇੱਕ-ਦੂਸਰੇ ਦੇ ਹੱਥਾਂ ਵਿੱਚ ਹੱਥ ਪਾਈ ਨੱਚਦੇ ਹਨ। ਸ਼ਕਤੀ ਅਤੇ ਊਰਜਾ ਦਾ ਅਹਿਸਾਸ ਹੁੰਦਾ ਹੈ।" ਉਹ ਵਿਸਤਾਰ ਨਾਲ਼ ਦੱਸਦੇ ਹਨ ਕਿ ਰੇਲਾ ਗੀਤਾਂ ਦੀ ਲੈਅ ਅਤੇ ਬੋਲ, ਗੋਂਡਵਾਨਾ ਸੱਭਿਆਚਾਰ (ਗੋਂਡ ਭਾਈਚਾਰੇ ਦੀ ਪਰੰਪਰਾ) ਦੀ ਨੁਮਾਇੰਦਗੀ ਕਰਦੇ ਹਨ। "ਇਨ੍ਹਾਂ ਗੀਤਾਂ ਦੇ ਜ਼ਰੀਏ ਅਸੀਂ ਆਪਣੀ ਨਵੀਂ ਪੀੜ੍ਹੀ ਤੱਕ ਆਪਣੀ ਗੋਂਡੀ ਸੱਭਿਅਤਾ ਦਾ ਸੁਨੇਹਾ ਪਹੁੰਚਾਉਂਦੇ ਹਾਂ," ਪ੍ਰੇਮਲਾਲ ਕਹਿੰਦੇ ਹਨ।
"ਰੇਲਾ ਦੇਵਤਾ ਦਾ ਇੱਕ ਰੂਪ ਹੈ," ਬਾਲੋਦ ਜਿਲ੍ਹੇ ਦੇ ਬਾਲੋਦਗਾਹਾਂ ਪਿੰਡ ਦੇ ਦੌਲਤ ਮੰਡਾਵੀ ਕਹਿੰਦੇ ਹਨ। "ਸਾਡੀ ਆਦਿਵਾਸੀ ਪਰੰਪਰਾ ਦੇ ਅਨੁਸਾਰ, ਇਹ ਗੀਤ ਦੇਵਤਾਵਾਂ ਦਾ ਧਿਆਨ ਆਕਰਸ਼ਤ ਕਰਨ ਲਈ ਗਾਇਆ ਜਾਂਦਾ ਹੈ। ਜੇਕਰ ਤੁਸੀਂ ਦਰਦ ਵਿੱਚ ਹੋ ਜਾਂ ਤੁਹਾਡੇ ਸਰੀਰ ਵਿੱਚ ਕੋਈ ਹੋਰ ਸਮੱਸਿਆ ਹੈ ਅਤੇ ਤੁਸੀਂ ਰੇਲਾ ਨਾਚ ਕਰੋਗੇ ਤਾਂ ਉਹ ਗਾਇਬ ਹੋ ਜਾਵੇਗੀ। ਇਹ ਗੀਤ ਆਦਿਵਾਸੀ ਭਾਈਚਾਰਿਆਂ ਵਿੱਚ ਵਿਆਹਾਂ ਦੌਰਾਨ ਅਤੇ ਹੋਰਨਾਂ ਮੌਕਿਆਂ 'ਤੇ ਵੀ ਗਾਏ ਜਾਂਦੇ ਹਨ।"
ਦਸੰਬਰ ਵਿੱਚ ਵੀਰ ਮੇਲੇ ਵਿੱਚ, ਸਭ ਤੋਂ ਘੱਟ ਉਮਰ ਦੇ ਉਮੀਦਵਾਰਾਂ ਵਿੱਚੋਂ ਇੱਕ 8ਵੀਂ ਜਮਾਤ ਦੀ ਵਿਦਿਆਰਥਣ, ਸੁਖਿਆਰਿਅਨ ਕਾਵੜੇ ਨੇ ਕਿਹਾ,"ਮੈਨੂੰ ਰੇਲਾ ਬਹੁਤ ਪਸੰਦ ਹੈ। ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ।" ਉਹ ਮੰਡਲੀ ਦੇ ਨਾਲ਼ ਆ ਕੇ ਬੜੀ ਉਤਸਾਹਤ ਸੀ ਕਿਉਂਕਿ ਇਸ ਤਰ੍ਹਾਂ ਉਹਨੂੰ ਪ੍ਰਦਰਸ਼ਨ ਲਈ ਵੱਖ-ਵੱਖ ਥਾਵਾਂ 'ਤੇ ਜਾਣ ਦਾ ਮੌਕਾ ਮਿਲਿਆ।
ਬੇਦਮਾਰੀ ਪਿੰਡ ਦੇ ਸਮੂਹ ਨੇ ਰੇਲਾ ਗੀਤਾਂ ਦੇ ਨਾਲ਼ ਸ਼ੁਰੂਆਤ ਕੀਤੀ ਅਤੇ ਹੁਲਕੀ ਮਾਂਡਰੀ ਅਤੇ ਕੋਲਾਂਗ ਨਾਚ ਦਾ ਪ੍ਰਦਰਸ਼ਨ ਕੀਤਾ।
"ਮਾਂਡਰੀ ਦਾ ਪ੍ਰਦਰਸ਼ਨ ਪਰੰਪਰਕ ਰੂਪ ਨਾਲ਼ ਹਰੇਲੀ ਦੌਰਾਨ ਕੀਤਾ ਜਾਂਦਾ ਹੈ (ਇਹ ਤਿਓਹਾਰ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੀਜ ਪੁੰਗਰ ਜਾਂਦੇ ਹਨ ਅਤੇ ਖ਼ਰੀਫ਼ ਮੌਸਮ ਦੌਰਾਨ ਖੇਤ ਪੌਦਿਆਂ ਨਾਲ਼ ਹਰੇ ਹੋ ਜਾਂਦੇ ਹਨ ਅਤੇ ਇਹਨੂੰ ਦੀਵਾਲੀ ਤੱਕ ਮਨਾਇਆ ਜਾਂਦਾ ਹੈ)," ਕਾਲਜ ਦੇ ਇੱਕ ਆਦਿਵਾਸੀ ਵਿਦਿਆਰਥੀ, ਦਿਲੀਪ ਕੁਰੇਤੀ ਕਹਿੰਦੇ ਹਨ। ਇਸ ਵਕਫੇ ਦੌਰਾਨ, ਵੱਡੇ ਢੋਲ (ਮਾਂਡਰ) ਵਾਲੇ ਪੁਰਖ਼ ਅਤੇ ਹੱਥਾਂ ਵਿੱਚ ਛੈਣੇ ਫੜ੍ਹੀ ਔਰਤਾਂ ਇਕੱਠਿਆਂ ਨੱਚਦੇ ਹਨ।
ਪੁਸ ਕੋਲਾਂਗ ਸਿਆਲ ਰੁੱਤੇ ਮਨਾਇਆ ਜਾਂਦਾ ਹੈ, ਜੋ ਦਸੰਬਰ ਦੇ ਅੰਤ ਤੋਂ ਸ਼ੁਰੂ ਹੁੰਦਾ ਹੈ ਅਤੇ ਜਨਵਰੀ ਦੇ ਮੱਧ (ਚੰਦਰ ਕੈਲੰਡਰ ਵਿੱਚ ਪੂਸ ਜਾਂ ਪੌਸ਼ ਮਹੀਨਾ) ਤੱਕ ਚੱਲਦਾ ਹੈ। ਗੋਂਡ ਭਾਈਚਾਰੇ ਦੇ ਨੌਜਵਾਨ ਪੁਰਖ ਰੇਲਾ ਗੀਤਾਂ ਦੀ ਲੈਅ 'ਤੇ ਕੋਲਾਂਗ ਨਾਚ ਕਰਨ ਲਈ ਗੁਆਂਢੀ ਪਿੰਡਾਂ ਦੀ ਯਾਤਰਾ ਕਰਦੇ ਹਨ-ਇਹ ਇੱਕ ਊਰਜਾਵਾਨ, ਐਥਲੈਟਿਕ ਨਾਚ ਹੈ ਜਿਹਨੂੰ ਡੰਡਿਆਂ ਦੇ ਨਾਲ਼ ਪੇਸ਼ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ਼ ਧਵਈ (ਇੱਕ ਤਰ੍ਹਾਂ ਦਾ ਫੁੱਲ) ਰੁੱਖ ਦੀ ਲੱਕੜ ਤੋਂ ਬਣਾਇਆ ਜਾਂਦਾ ਹੈ।
"ਪੂਸ ਕੋਲਾਂਗ ਦੇ ਸਮੇਂ ਅਸੀਂ ਆਪਣਾ ਰਾਸ਼ਨ ਲੈ ਕੇ (ਦੂਸਰੇ ਪਿੰਡ) ਜਾਂਦੇ ਹਾਂ, ਜਿੱਥੇ ਅਸੀਂ ਦੁਪਹਿਰ ਦਾ ਖਾਣਾ ਖੁਦ ਰਿੰਨ੍ਹਦੇ ਹਾਂ ਅਤੇ ਮੇਜ਼ਮਾਨ ਪਿੰਡ ਸਾਨੂੰ ਰਾਤ ਦੀ ਰੋਟੀ ਉਪਲਬਧ ਕਰਾਉਂਦੇ ਹਨ," ਬੇਦਮਾਰੀ ਦੀ ਮੰਡਲੀ ਦੇ ਇੱਕ ਸੀਨੀਅਰ ਆਗੂ, ਸੋਮਾਰੂ ਕੋਰਰਮ ਕਹਿੰਦੇ ਹਨ।
ਤਿਓਹਾਰ ਅਤੇ ਨਾਚ ਉਦੋਂ ਖ਼ਤਮ ਹੁੰਦਾ ਹੈ ਜਦੋਂ ਯਾਤਰਾ ਕਰਨ ਵਾਲੀ ਮੰਡਲੀ ਰਾਤ ਵੇਲੇ ਅਕਾਸ਼ ਨੂੰ ਰੌਸ਼ਨ ਕਰਨ ਵਾਲੀ ਪੌਸ਼ ਮਹੀਨੇ ਦੀ ਪੂਰਨਮਾਸ਼ੀ ਤੋਂ ਠੀਕ ਪਹਿਲਾਂ ਆਪਣੇ ਪਿੰਡੀਂ ਮੁੜ ਆਉਂਦੀ ਹੈ।
ਤਰਜਮਾ: ਕਮਲਜੀਤ ਕੌਰ