ਰੇਹਾਨਾ ਬੀਬੀ ਨੇ 7 ਫਰਵਰੀ, 2021 ਨੂੰ ਸਵੇਰੇ 10.30 ਵਜੇ ਆਪਣੇ ਪਤੀ, ਅਨਸ ਸ਼ੇਖ ਨੂੰ ਫੋ਼ਨ ਮਿਲ਼ਾਇਆ ਸੀ, ਪਰ ਜਦੋਂ ਸੰਪਰਕ ਨਹੀਂ ਹੋ ਪਾਇਆ ਤਾਂ ਉਨ੍ਹਾਂ ਨੂੰ ਜ਼ਿਆਦਾ ਚਿੰਤਾ ਨਹੀਂ ਹੋਈ। ਉਨ੍ਹਾਂ ਨੇ ਅਜੇ ਦੋ ਘੰਟੇ ਪਹਿਲਾਂ ਗੱਲ ਕੀਤੀ ਸੀ। "ਉਸ ਸਵੇਰ ਨੂੰ ਉਨ੍ਹਾਂ ਦੀ ਦਾਦੀ ਦੀ ਮੌਤ ਹੋ ਗਈ ਸੀ," ਰੇਹਾਨਾ ਦੱਸਦੀ ਹਨ, ਜਿਨ੍ਹਾਂ ਨੇ ਇਹ ਖ਼ਬਰ ਦੇਣ ਲਈ ਉਨ੍ਹਾਂ ਨੂੰ ਸਵੇਰੇ 9 ਵਜੇ ਫ਼ੋਨ ਕੀਤਾ ਸੀ।
"ਉਹ ਅੰਤਮ ਸਸਕਾਰ ਵਿੱਚ ਨਹੀਂ ਆ ਸਕਦੇ ਸਨ। ਇਸਲਈ ਉਨ੍ਹਾਂ ਨੇ ਦਫ਼ਨਾਉਣ ਦੇ ਸਮੇਂ ਮੈਨੂੰ ਵੀਡਿਓ ਕਾਲ ਕਰਨ ਲਈ ਕਿਹਾ," ਪੱਛਮ ਬੰਗਾਲ ਦੇ ਮਾਲਦਾ ਜਿਲ੍ਹੇ ਦੇ ਭਗਬਾਨਪੁਰ ਪਿੰਡ ਵਿੱਚ ਆਪਣੇ ਇੱਕ ਕਮਰੇ ਦੀ ਝੌਂਪੜੀ ਦੇ ਬਾਹਰ ਬੈਠੀ 33 ਸਾਲਾ ਰੇਹਾਨਾ ਕਹਿੰਦੀ ਹਨ। ਅਨਸ 1,700 ਕਿਲੋਮੀਟਰ ਤੋਂ ਵੱਧ ਦੂਰ- ਉਤਰਾਖੰਡ ਦੇ ਗੜਵਾਲ ਦੇ ਪਹਾੜਾਂ ਵਿੱਚ ਸਨ। ਰੇਹਾਨਾ ਨੇ ਜਦੋਂ ਦੂਸਰੀ ਵਾਰ ਉਨ੍ਹਾਂ ਨੂੰ ਫ਼ੋਨ ਕੀਤਾ, ਤਾਂ ਸੰਪਰਕ ਨਹੀਂ ਹੋ ਸਕਿਆ।
ਉਸ ਸਵੇਰ ਰੇਹਾਨਾ ਦੀਆਂ ਦੋ ਫ਼ੋਨ ਕਾਲਾਂ ਵਿਚਾਲੇ, ਉਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਆਫ਼ਤ ਆ ਗਈ ਸੀ। ਨੰਦਾ ਦੇਵੀ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟ ਗਿਆ ਸੀ, ਜਿਹਦੇ ਕਾਰਨ ਅਲਕਨੰਦਾ, ਧੌਲੀ ਗੰਗਾ ਅਤੇ ਰਿਸ਼ੀ ਗੰਗਾ ਨਦੀਆਂ ਵਿੱਚ ਹੜ੍ਹ ਆਉਣਾ ਸ਼ੁਰੂ ਹੋ ਗਿਆ। ਭਿਆਨਕ ਹੜ੍ਹ ਦੇ ਕਾਰਨ ਇਨ੍ਹਾਂ ਨਦੀਆਂ ਕੰਢੇ ਬਣੇ ਘਰ ਪਾਣੀ ਵਿੱਚ ਵਹਿ ਗਏ, ਕਈ ਲੋਕ ਉਸ ਵਿੱਚ ਫਸ ਗਏ, ਜਿਨ੍ਹਾਂ ਵਿੱਚ ਇਸ ਇਲਾਕੇ ਦੇ ਪਣਬਿਜਲੀ ਪਲਾਟਾਂ ਵਿੱਚ ਕੰਮ ਕਰਨ ਵਾਲ਼ੇ ਮਜ਼ਦੂਰ ਵੀ ਸ਼ਾਮਲ ਸਨ।
ਅਨਸ ਉਨ੍ਹਾਂ ਵਿੱਚੋਂ ਇੱਕ ਸਨ। ਪਰ ਰੇਹਾਨਾ ਨੂੰ ਪਤਾ ਨਹੀਂ ਸੀ। ਉਨ੍ਹਾਂ ਨੇ ਆਪਣੇ ਪਤੀ ਨੂੰ ਹੋਰ ਵੀ ਕਈ ਵਾਰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਚਿੰਤਾ ਹੋਣ ਲੱਗੀ, ਜੋ ਜਲਦੀ ਹੀ ਘਬਰਾਹਟ ਵਿੱਚ ਬਦਲ ਗਈ। "ਮੈਂ ਬਾਰ ਬਾਰ ਫ਼ੋਨ ਕਰਦੀ ਰਹੀ," ਉਹ ਰੋਂਦਿਆਂ ਕਹਿੰਦੀ ਹਨ। "ਮੈਨੂੰ ਨਹੀਂ ਪਤਾ ਸੀ ਕਿ ਹੋਰ ਕੀ ਕਰਨਾ ਹੈ।"







