ਹਰ ਮਹੀਨੇ ਹੁੰਦੀ ਬੇਰੋਕ ਅਤੇ ਅਸਹਿ ਪੀੜ੍ਹ ਗਾਇਤਰੀ ਕੱਚਰਾਬੀ ਨੂੰ ਦਹਿਸ਼ਤ ਵਿੱਚ ਪਾਈ ਰੱਖਦੀ। ਤਿੰਨ ਦਿਨ ਰਹਿਣ ਵਾਲ਼ੀ ਇਹ ਪੀੜ੍ਹ ਸਾਲ ਪਹਿਲਾਂ ਬੰਦ ਹੋ ਚੁੱਕੀ ਮਾਹਵਾਰੀ ਦਾ ਇਕਲੌਤਾ ਬਚਿਆ ਸੰਕੇਤ ਹੈ।
“ਬੱਸ ਇਸੇ ਪੀੜ੍ਹ ਤੋਂ ਹੀ ਮੈਨੂੰ ਆਪਣੀ ਮਾਹਵਾਰੀ ਆਏ ਹੋਣ ਬਾਰੇ ਪਤਾ ਲੱਗਦਾ ਹੈ, ਪਰ ਮੈਨੂੰ ਖ਼ੂਨ ਨਹੀਂ ਪੈਂਦਾ,” 28 ਸਾਲਾ ਗਾਇਤਰੀ ਕਹਿੰਦੀ ਹਨ। “ਸ਼ਾਇਦ ਤਿੰਨ ਬੱਚੇ ਜੰਮਣ ਤੋਂ ਬਾਅਦ ਮੇਰੇ ਅੰਦਰ ਇੰਨਾ ਲਹੂ ਵੀ ਨਹੀਂ ਬਚਿਆ ਕਿ ਵਗ ਸਕੇ।” ਅਮੇਨੋਰਿਆ (ਮਾਹਵਾਰੀ ਦਾ ਨਾ ਆਉਣਾ) ਤੋਂ ਬਾਅਦ ਵੀ ਹਰ ਮਹੀਨੇ ਢਿੱਡ ਅਤੇ ਪਿੱਠ ਵਿੱਚ ਹੋਣ ਵਾਲ਼ੀ ਜਾਨਲੇਵਾ ਪੀੜ੍ਹ ਕਾਰਨ ਗਾਇਤਰੀ ਨੂੰ ਕਦੇ ਰਾਹਤ ਨਹੀਂ ਮਿਲ਼ੀ। ਇਹ ਪੀੜ ਮੈਨੂੰ ਹਰ ਮਹੀਨੇ ਜਣੇਪੇ ਦੀ ਯਾਦ ਦਵਾਉਂਦੀ ਹੈ। “ਮੇਰੇ ਲਈ ਉੱਠਣਾ ਤੱਕ ਅਸਹਿ ਹੋ ਜਾਂਦਾ ਹੈ।”
ਗਾਇਤਰੀ ਇੱਕ ਪਤਲੀ ਤੇ ਲੰਬੀ ਇਸਤਰੀ ਹਨ, ਜਿਨ੍ਹਾਂ ਦੀਆਂ ਅੱਖਾਂ ਆਕਰਸ਼ਕ ਅਤੇ ਗੱਲਬਾਤ ਦਾ ਲਹਿਜਾ ਤਿੱਖਾ ਹੈ। ਉਹ ਕਰਨਾਟਕ ਵਿਖੇ ਹਾਵੇਰੀ ਜ਼ਿਲ੍ਹੇ ਦੇ ਰਾਨੇਬੇਨੂਰ ਤਾਲੁਕਾ ਦੇ ਅਸੁੰਡੀ ਪਿੰਡ ਦੀ ਮਡਿਗਰਾ ਕੇਰੀ (ਦਲਿਤ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਮਡਿਗਾ ਲੋਕਾਂ ਦੀ ਬਸਤੀ) ਵਿੱਚ ਰਹਿਣ ਵਾਲ਼ੀ ਇੱਕ ਖੇਤ ਮਜ਼ਦੂਰ ਹਨ। ਇਸ ਤੋਂ ਇਲਾਵਾ ਉਹ ਫ਼ਸਲਾਂ ਦੇ ਹੱਥੀਂ-ਪਰਾਗਣ ਕਰਨ ਵਿੱਚ ਵੀ ਮਾਹਰ ਹਨ।
ਸਾਲ ਕੁ ਪਹਿਲਾਂ ਪੇਸ਼ਾਬ ਕਰਨ ਵੇਲ਼ੇ ਹੋਣ ਵਾਲ਼ੇ ਤੀਬਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਇਹਦੇ ਇਲਾਜ ਦੀ ਲੋੜ ਮਹਿਸੂਸ ਹੋਈ। ਉਹ ਆਪਣੇ ਪਿੰਡ ਤੋਂ ਤਕਰੀਬਨ 10 ਕਿਲੋਮੀਟਰ ਦੂਰ ਬਿਯਾਡਗੀ ਦੇ ਇੱਕ ਨਿੱਜੀ ਕਲੀਨਿਕ ਗਈ।
“ਸਰਕਾਰੀ ਹਸਤਪਾਲਾਂ ਵਿਖੇ ਉਨ੍ਹਾਂ ਦਾ (ਰੋਗੀਆਂ) ਵੱਲ ਉਚੇਚਾ ਧਿਆਨ ਨਹੀਂ ਦਿੱਤਾ ਜਾਂਦਾ। ਮੈਂ ਉੱਥੇ ਨਹੀਂ ਜਾਂਦੀ। ਮੇਰੇ ਕੋਲ਼ ਮੁਫ਼ਤ ਦੇ ਇਲਾਜ ਲਈ ਜ਼ਰੂਰੀ ਕਾਰਡ ਵੀ ਨਹੀਂ ਹੈ,” ਉਹ ਕਹਿੰਦੀ ਹਨ। ਉਨ੍ਹਾਂ ਦਾ ਕਹਿਣ ਦਾ ਭਾਵ ਪ੍ਰਧਾਨਮੰਤਰੀ ਜਨ ਅਰੋਗਯ ਯੋਜਨਾ ਤੋਂ ਹੈ, ਜੋ ਅਯੂਸ਼ਮਾਨ ਭਾਰਤ ਸਕੀਮ ਤਹਿਤ ਕੇਂਦਰ ਸਰਕਾਰ ਦੀ ਇੱਕ ਸਿਹਤ ਬੀਮਾ ਯੋਜਨਾ ਹੈ ਅਤੇ ਜੋ ਹਸਤਪਤਾਲਾਂ ਵਿੱਚ ਦੂਜੇ ਅਤੇ ਤੀਜੇ ਦਰਜੇ ਦੇ ਇਲਾਜ ਲਈ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੀ ਮੈਡੀਕਲ ਸੁਰੱਖਿਆ ਉਪਲਬਧ ਕਰਾਉਂਦੀ ਹੈ।
ਨਿੱਜੀ ਕਲੀਨਿਕ ਦੇ ਇੱਕ ਡਾਕਟਰ ਨੇ ਉਨ੍ਹਾਂ ਨੂੰ ਲਹੂ ਦੀ ਜਾਂਚ ਤੋਂ ਇਲਾਵਾ ਪੇਟ ਦੀ ਅਲਟ੍ਰਾਸਾਊਂਡ ਕਰਵਾਉਣ ਲਈ ਕਿਹਾ।
ਡਾਕਟਰ ਨੂੰ ਦਿਖਾਏ ਜਾਣ ਦੇ ਇੱਕ ਸਾਲ ਬਾਅਦ ਵੀ ਗਾਇਤਰੀ ਨੇ ਅਜੇ ਤੀਕਰ ਜਾਂਚ ਨਹੀਂ ਕਰਾਈ ਹੈ। ਜਾਂਚ ਵਿੱਚ ਘੱਟ ਤੋਂ ਘੱਟ 2,000 ਰੁਪਏ ਦਾ ਖਰਚਾ ਹੋਇਆ ਹੈ ਅਤੇ ਗਾਇਤਰੀ ਲਈ ਇਹ ਇੱਕ ਵੱਡੀ ਰਾਸ਼ੀ ਹੈ। ਉਹ ਕਹਿੰਦੀ ਹਨ,“ਮੈਂ ਜਾਂਚ ਨਹੀਂ ਕਰਵਾ ਸਕੀ। ਜੇ ਮੈਂ ਜਾਂਚ ਕਰਵਾਏ ਬਗ਼ੈਰ ਡਾਕਟਰ ਕੋਲ਼ ਜਾਂਦੀ ਹਾਂ ਤਾਂ ਉਹ ਮੈਨੂੰ ਝਿੜਕਦੇ। ਇਸਲਈ ਮੈਂ ਦੋਬਾਰਾ ਕਦੇ ਗਈ ਹੀ ਨਹੀਂ।”
ਉਂਝ ਉਹ ਪੀੜ੍ਹ ਦੀਆਂ ਗੋਲ਼ੀਆਂ ਲੈਣ ਲਈ ਮੈਡੀਕਲ ਸਟੋਰਾਂ ‘ਤੇ ਜਾਂਦੀ ਰਹੀ ਹਨ। ਉਨ੍ਹਾਂ ਦੀ ਨਜ਼ਰ ਵਿੱਚ ਇਹ ਸਸਤਾ ਤੇ ਟਿਕਾਊ ਹੱਲ ਸੀ। ਉਹ ਕਹਿੰਦੀ ਹਨ,“ ਇਤਨਾ ਗਲਿਗੇ ਅਦਾਵੋ ਗੋਤਿਲਾ (ਮੈਂ ਨਹੀਂ ਜਾਣਦੀ ਉਨ੍ਹਾਂ ਮੈਨੂੰ ਕਿਹੜੀ ਵਾਲ਼ੀ ਗੋਲ਼ੀ ਦਿੱਤੀ)। ਇਹ ਤਾਂ ਬੱਸ ਇਵੇਂ ਸੀ ਜਿਵੇਂ ਸਾਨੂੰ ਪੀੜ੍ਹ ਹੋਵੇ ਤੇ ਦੁਕਾਨਦਾਰ ਸਾਨੂੰ ਪੀੜ੍ਹ ਦੀ ਗੋਲ਼ੀ ਦੇ ਦੇਵੇ।”
ਕਰੀਬ 3,808 ਦੀ ਵਸੋਂ ਦੇ ਲਿਹਾਜ਼ ਨਾਲ਼ ਅਸੁੰਡੀ ਵਿੱਚ ਸਰਕਾਰ ਦੁਆਰਾ ਉਪਲਬਧ ਇਲਾਜ ਸੁਵਿਧਾਵਾਂ ਕਾਫ਼ੀ ਨਹੀਂ ਹਨ। ਪਿੰਡ ਵਿਖੇ ਅਭਿਆਸ ਕਰਦੇ ਕਿਸੇ ਵੀ ਡਾਕਟਰ ਕੋਲ਼ ਐੱਮਬੀਬੀਐੱਸ ਦੀ ਡਿਗਰੀ ਨਹੀਂ ਅਤੇ ਨਾ ਹੀ ਉੱਥੇ ਕੋਈ ਨਿੱਜੀ ਹਸਪਤਾਲ ਜਾਂ ਨਰਸਿੰਗ ਹੋਮ ਹੀ ਹੈ।
ਇਲਾਕੇ ਦੇ ਨੇੜੇ ਪੈਣ ਵਾਲ਼ਾ ਜਨਤਕ ਸੁਵਿਧਾਵਾਂ ਵਾਲ਼ਾ ਰਾਨੇਬੇਨੂਰ ਦਾ ਮਦਰ ਐਂਡ ਚਾਈਲਡ ਹਸਪਤਾਲ (ਐੱਮਸੀਐੱਚ) ਵੀ ਪਿੰਡ ਤੋਂ 10 ਕਿਲੋਮੀਟਰ ਦੂਰ ਹੈ, ਜਿੱਥੇ ਪ੍ਰਸੂਤੀ ਅਤੇ ਜਨਾਨਾ-ਰੋਗ (ਓਬੀਜੀ) ਦੇ ਮਨਜ਼ੂਰਸ਼ੁਦਾ ਦੋ ਪਦਾਂ ‘ਤੇ ਸਿਰਫ਼ ਇੱਕੋ ਮਾਹਰ ਡਾਕਟਰ ਤਾਇਨਾਤ ਹੈ। ਇਲਾਕੇ ਵਿੱਚ ਦੂਸਰਾ ਸਰਕਾਰੀ ਹਸਪਤਾਲ ਹਿਰੇਕੇਰੂਰ ਵਿੱਚ ਹੈ, ਜੋ ਅਸੁੰਡੀ ਤੋਂ ਕਰੀਬ 30 ਕਿਲੋਮੀਟਰ ਦੂਰ ਹੈ। ਇਸ ਹਸਪਤਾਲ ਵਿੱਚ ਓਬੀਜੀ ਮਾਹਰ ਦਾ ਇੱਕੋ ਪ੍ਰਵਾਨਤ ਪਦ ਹੈ, ਪਰ ਉਹ ਸਾਲਾਂ ਤੋਂ ਖਾਲੀ ਪਿਆ ਹੈ। ਸਿਰਫ਼ ਹਾਵੇਰੀ ਦੇ ਜ਼ਿਲ੍ਹਾ ਹਸਪਤਾਲ ਵਿੱਚ 6 ਓਬੀਜੀ ਮਾਹਰ ਨਿਯੁਕਤ ਹਨ, ਜੋ ਤਕਰੀਬਨ 25 ਕਿਲੋਮੀਟਰ ਦੀ ਦੂਰੀ ‘ਤੇ ਹੈ। ਪਰ ਇੱਥੇ ਵੀ ਸਧਾਰਣ ਮੈਡੀਕਲ ਅਫ਼ਸਰ ਦੇ ਸਾਰੇ 20 ਪਰਦ ਅਤੇ ਨਰਸਿੰਗ ਸੁਪਰੀਟੇਂਡੈਂਟ ਦੇ 6 ਪਦ ਖਾਲੀ ਹਨ।
ਅੱਜ ਤੱਕ ਗਾਇਤਰੀ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਆਖ਼ਰ ਉਨ੍ਹਾਂ ਦੀ ਮਾਹਵਾਰੀ ਅਚਾਨਕ ਰੁੱਕ ਕਿਉਂ ਗਈ ਜਾਂ ਉਨ੍ਹਾਂ ਦੇ ਢਿੱਡ ਵਿੱਚ ਹਰ ਮਹੀਨੇ ਪੀੜ੍ਹ ਕਿਉਂ ਰਹਿੰਦੀ ਹੈ। ਉਹ ਕਹਿੰਦੀ ਹਨ,“ਮੇਰਾ ਸਰੀਰ ਭਾਰੀ ਭਾਰੀ ਰਹਿੰਦਾ ਹੈ। ਮੈਂ ਨਹੀਂ ਜਾਣਦੀ ਕਿ ਇਸ ਪੀੜ੍ਹ ਮਗਰਲਾ ਕਾਰਨ ਕਿਤੇ ਮੇਰਾ ਕੁਰਸੀ ਤੋਂ ਹੇਠਾਂ ਡਿੱਗਣਾ ਤਾਂ ਨਹੀਂ ਜਾਂ ਕਿਤੇ ਗੁਰਦੇ ਦੀ ਪੱਥਰੀ ਹੀ ਕਾਰਨ ਨਾ ਹੋਵੇ? ਜਾਂ ਇਹਦਾ ਕਾਰਨ ਮਾਹਵਾਰੀ ਸਬੰਧੀ ਸ਼ਿਕਾਇਤਾਂ ਹੀ ਹਨ?”
ਗਾਇਤਰੀ ਹਿਰੇਕੇਰੂਰ ਤਾਲੁਕਾ ਦੇ ਚਿੰਨਾਮੁਲਗੁੰਡ ਪਿੰਡ ਵਿਖੇ ਵੱਡੀ ਹੋਈ, ਜਿੱਥੇ ਪੰਜਵੀਂ ਜਮਾਤ ਦੇ ਬਾਅਦ ਉਨ੍ਹਾਂ ਨੂੰ ਪੜ੍ਹਾਈ ਵਿਚਾਲੇ ਛੱਡਣੀ ਪਈ। ਉਹਦੇ ਬਾਅਦ, ਉਨ੍ਹਾਂ ਨੇ ਹੱਥੀਂ-ਪਰਾਗਨ ਦਾ ਕੰਮ ਸਿੱਖਿਆ, ਜਿਸ ਕੰਮ ਤੋਂ ਉਨ੍ਹਾਂ ਨੂੰ ਬੱਝਵੀਂ ਕਮਾਈ ਹੋਣ ਲੱਗੀ ਤੇ ਹਰ ਛੇ ਮਹੀਨਿਆਂ ਵਿੱਚ ਉਨ੍ਹਾਂ ਨੂੰ 15 ਜਾਂ 20 ਦਿਨ ਪੱਕਾ ਕੰਮ ਮਿਲ਼ਣ ਲੱਗਿਆ। “ਹੱਥੀਂ ਪਰਾਗਨ ਕਰਨ ਬਦਲੇ 250 ਰੁਪਏ ਮਿਲ਼ ਜਾਇਆ ਕਰਦੇ,” ਉਹ ਕਹਿੰਦੀ ਹਨ।
16 ਸਾਲ ਦੀ ਉਮਰੇ ਵਿਆਹੀ ਗਈ ਗਾਇਤਰੀ ਲਈ ਬਤੌਰ ਖੇਤ ਮਜ਼ਦੂਰ ਕੰਮ ਕਰਨਾ ਦਿੱਕਤਾਂ ਭਰਿਆ ਹੀ ਰਿਹਾ। ਉਨ੍ਹਾਂ ਨੂੰ ਉਦੋਂ ਹੀ ਕੰਮ ਮਿਲ਼ ਪਾਉਂਦਾ, ਜਦੋਂ ਨੇੜੇ ਪਿੰਡਾਂ ਦੇ ਲਿੰਗਾਇਤ ਜ਼ਿਮੀਂਦਾਰ ਭਾਈਚਾਰੇ ਦੇ ਲੋਕਾਂ ਨੂੰ ਮੱਕੀ, ਲਸਣ ਅਤੇ ਨਰਮੇ ਦੀ ਖੇਤੀ ਲਈ ਮਜ਼ਦੂਰਾਂ ਦੀ ਲੋੜ ਪੈਂਦੀ। ਉਹ ਦੱਸਦੀ ਹਨ,“ਸਾਨੂੰ 200 ਰੁਪਏ ਦਿਹਾੜੀ ਮਿਲ਼ਦੀ ਹੈ।” ਹਰ ਤਿੰਨ ਮਹੀਨਿਆਂ ਦੇ ਵਕਫ਼ੇ ‘ਤੇ ਉਨ੍ਹਾਂ ਨੂੰ 30 ਜਾਂ 36 ਦਿਨ ਖੇਤਾਂ ਵਿੱਚ ਕੰਮ ਮਿਲ਼ ਜਾਂਦਾ ਹੈ। “ਜੇ ਖੇਤ ਦੇ ਮਾਲਕ ਸਾਨੂੰ ਬੁਲਾਉਣ ਤਾਂ ਸਾਨੂੰ ਕੰਮ ਮਿਲ਼ ਜਾਂਦਾ ਹੈ, ਨਹੀਂ ਤਾਂ ਸਾਨੂੰ ਵਿਹਲੇ ਹੀ ਬਹਿਣਾ ਪੈਂਦਾ ਹੈ।”
ਖੇਤ ਮਜ਼ਦੂਰੀ ਦੇ ਨਾਲ਼ ਨਾਲ਼ ਹੱਥੀਂ-ਪਰਾਗਨ ਕਰਕੇ ਗਾਇਤਰੀ ਮਹੀਨੇ ਦਾ 2,400 ਤੋਂ 3,750 ਰੁਪਏ ਕਮਾਉਂਦੀ ਹਨ, ਜੋ ਪੈਸਾ ਉਨ੍ਹਾਂ ਦੀਆਂ ਦਵਾਈਆਂ ਤੇ ਇਲਾਜ ਦੇ ਖਰਚੇ ਲਈ ਹੀ ਪੂਰਾ ਨਹੀਂ ਪੈਂਦਾ। ਗਰਮੀਆਂ ਦੇ ਦਿਨੀਂ ਕੰਮ ਦੀ ਘਾਟ ਕਾਰਨ ਉਨ੍ਹਾਂ ਦੀਆਂ ਆਰਥਿਕ ਦਿੱਕਤਾਂ ਵੱਧ ਜਾਂਦੀਆਂ ਹਨ।
ਉਨ੍ਹਾਂ ਦੇ ਪਤੀ ਵੀ ਇੱਕ ਖੇਤ ਮਜ਼ਦੂਰ ਹਨ, ਪਰ ਉਨ੍ਹਾਂ ਨੂੰ ਸ਼ਰਾਬ ਪੀਣ ਦੀ ਆਦਤ ਹੈ। ਇਸ ਆਦਤ ਕਾਰਨ ਉਹ ਪਰਿਵਾਰ ਨੂੰ ਆਪਣੀ ਬਹੁਤੀ ਕਮਾਈ ਨਹੀਂ ਦਿੰਦੇ। ਉਹ ਅਕਸਰ ਬੀਮਾਰ ਰਹਿੰਦੇ ਹਨ। ਪਿਛਲੇ ਸਾਲ ਟਾਈਫਾਈਡ ਅਤੇ ਕਮਜ਼ੋਰੀ ਕਾਰਨ ਉਹ ਕੰਮ ‘ਤੇ ਜਾਂਦੇ ਹੀ ਨਹੀਂ ਰਹੇ। ਸਾਲ 2022 ਦੀਆਂ ਗਰਮੀਆਂ ਵਿੱਚ ਇੱਕ ਹਾਦਸੇ ਵਿੱਚ ਉਨ੍ਹਾਂ ਦੀ ਬਾਂਹ ਟੁੱਟ ਗਈ। ਗਾਇਤਰੀ ਨੂੰ ਵੀ ਆਪਣੇ ਪਤੀ ਦੀ ਦੇਖਭਾਲ ਲਈ ਤਿੰਨ ਮਹੀਨੇ ਘਰੇ ਹੀ ਬੈਠਣਾ ਪਿਆ। ਉਨ੍ਹਾਂ ਦੇ ਇਲਾਜ ਤੇ 20,000 ਰੁਪਏ ਖਰਚ ਹੋਏ।
ਗਾਇਤਰੀ ਨੇ ਇੱਕ ਸ਼ਾਹੂਕਾਰ ਪਾਸੋਂ 10 ਪ੍ਰਤੀਸ਼ਤ ਵਿਆਜ ‘ਤੇ ਕਰਜਾ ਚੁੱਕਿਆ। ਫਿਰ ਵਿਆਜ ਦੀ ਰਕਮ ਚੁਕਾਉਣ ਲਈ ਅੱਡ ਤੋਂ ਉਧਾਰ ਚੁੱਕਣਾ ਪਿਆ। ਉਨ੍ਹਾਂ ਦੇ ਸਿਰ ‘ਤੇ ਤਿੰਨ ਮਾਈਕ੍ਰੋਫਾਇਨਾਂਸ ਕੰਪਨੀਆਂ ਦਾ ਕਰੀਬ 1 ਲੱਖ ਰੁਪਿਆ ਬੋਲਦਾ ਹੈ। ਉਨ੍ਹਾਂ ਨੂੰ ਇਨ੍ਹਾਂ ਕਰਜਿਆਂ ਦੀ ਹਰ ਮਹੀਨੇ ਕੋਈ 10,000 ਰੁਪਏ ਦੀ ਕਿਸ਼ਤ ਅਦਾ ਕਰਨੀ ਪੈਂਦੀ ਹੈ।
“ ਕੂਲੀ ਮਾਡਿਦਰਾਗੇ ਜੀਵਨਾ ਅਲੋਗਰੀ ਮਤੇ (ਅਸੀਂ ਇਕੱਲੀਆਂ ਦਿਹਾੜੀਆਂ ਦੇ ਸਿਰ ‘ਤੇ ਜੀਵਨ ਨਹੀਂ ਕੱਟ ਸਕਦੇ),” ਉਹ ਜ਼ੋਰ ਦੇ ਕੇ ਕਹਿੰਦੀ ਹਨ। “ਜਦੋਂ ਅਸੀਂ ਬੀਮਾਰ ਹੁੰਦੇ ਹਾਂ ਤਾਂ ਸਾਨੂੰ ਉਧਾਰ ਚੁੱਕਣਾ ਪੈਂਦਾ ਹੈ। ਅਸੀਂ ਉਹਦੀ ਇੱਕ ਕਿਸ਼ਤ ਵੀ ਨਹੀਂ ਤੋੜ ਸਕਦੇ। ਸਾਡੇ ਘਰੇ ਪਕਾਉਣ ਨੂੰ ਅੰਨ੍ਹ ਨਾ ਹੋਵੇ, ਤਦ ਵੀ ਅਸੀਂ ਹਫ਼ਤੇਵਾਰੀ ਮੰਡੀ ਨਹੀਂ ਜਾ ਸਕਦੇ। ਸਾਨੂੰ ਹਰ ਹਫ਼ਤੇ ਪੈਸੇ ਮੋੜਨੇ ਪੈਂਦੇ ਹਨ। ਉਸ ਤੋਂ ਬਾਅਦ ਵੀ ਜੇ ਪੈਸੇ ਬੱਚ ਜਾਣ, ਤਦ ਹੀ ਅਸੀਂ ਸਬਜ਼ੀਆਂ ਖਰੀਦਦੇ ਹਾਂ।”
ਗਾਇਤਰੀ ਦੇ ਖਾਣ ਵਿੱਚ ਸਬਜ਼ੀ ਤੇ ਦਾਲ ਕਦੇ ਹੀ ਸ਼ਾਮਲ ਹੁੰਦੀ ਹੈ। ਜਦੋਂ ਉਨ੍ਹਾਂ ਕੋਲ਼ ਮਾਸਾ ਵੀ ਪੈਸੇ ਨਹੀਂ ਬਚਦੇ ਤਾਂ ਉਹ ਗੁਆਂਢੀਆਂ ਕੋਲੋਂ ਟਮਾਟਰ ਅਤੇ ਮਿਰਚਾਂ ਉਧਾਰ ਮੰਗ ਕੇ ਸ਼ੋਰਬਾ ਜਿਹਾ ਬਣਾ ਲੈਂਦੀ ਹਨ।
ਬੰਗਲੁਰੂ ਦੇ ਸੇਂਟ ਜਾਨਸ ਮੈਡੀਕਲ ਕਾਲਜ ਦੇ ਪ੍ਰਸੂਤੀ ਅਤੇ ਜਨਾਨਾ ਰੋਗ ਵਿਭਾਗ ਵਿੱਚ ਐਸੋਸੀਏਟ ਪ੍ਰੋਫਸਰ ਡਾ. ਸ਼ੈਬਯਾ ਸਲਦਾਂਹਾ ਕਹਿੰਦੀ ਹਨ,“ਇਹ ਖਾਣਾ ਸਿਰਫ਼ ਢਿੱਡ ਭਰਦਾ ਹੈ। ਉੱਤਰੀ ਕਰਨਾਟਕ ਵਿੱਚ ਰਹਿਣ ਵਾਲ਼ੀਆਂ ਜ਼ਿਆਦਾਤਰ ਖੇਤ ਮਹਿਲਾ ਮਜ਼ਦੂਰ ਅਜਿਹੇ ਹੀ ਅਪੋਸ਼ਕ ਭੋਜਨ ਸਿਰ ਨਿਰਭਰ ਹਨ। ਉਹ ਉਬਲੇ ਚੌਲ਼ ਅਤੇ ਉਨ੍ਹਾਂ ਦੇ ਨਾਲ਼ ਦਾਲ ਸਾਰ (ਕਰੀ) ਖਾਂਦੀਆਂ ਹਨ, ਜਿਸ ਵਿੱਚ ਪਾਣੀ ਤੇ ਲਾਲ ਮਿਰਚ ਵੱਧ ਹੁੰਦੀ ਹੈ। ਲੰਬੇ ਸਮੇਂ ਦੇ ਕੁਪੋਸ਼ਣ ਤੋਂ ਖ਼ੂਨ ਦੀ ਗੰਭੀਰ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਕਰਕੇ ਔਰਤਾਂ ਨੂੰ ਕਮਜ਼ੋਰੀ ਅਤੇ ਥਕਾਵਟ ਦੀ ਸ਼ਿਕਾਇਤ ਆਮ ਗੱਲ਼ ਬਣ ਜਾਂਦੀ ਹੈ।” ਡਾ. ਸਲਦਾਂਹਾ, ਬੱਚਿਆਂ ਅਤੇ ਗਭਰੇਟਾਂ ਦੀ ਸਿਹਤ ਦੀ ਬਿਹਤਰੀ ਵਾਸਤੇ ਕੰਮ ਕਰਨ ਵਾਲ਼ੇ ਸੰਗਠਨ ਅਨਫੋਲਡ ਇੰਡੀਆ ਦੀ ਸਹਿ-ਸੰਸਥਾਪਕ ਵੀ ਹਨ। ਉਹ ਕਰਨਾਟਕ ਰਾਜ ਮਹਿਲਾ ਕਮਿਸ਼ਨ ਦੁਆਰਾ ਸਾਲ 2015 ਵਿੱਚ ਅਣਚਾਹੀ ਹਿਸਟਰੇਕਟੋਮੀ (ਬੱਚੇਦਾਨੀ ਕੱਢਣਾ) ਦੇ ਮਾਮਲੇ ਦੀ ਜਾਂਚ ਲਈ ਗਠਿਤ ਕਮੇਟੀ ਵਿੱਚ ਵੀ ਸ਼ਾਮਲ ਸਨ।
ਗਾਇਤਰੀ ਬਾਰ-ਬਾਰ ਚੱਕਰ ਆਉਣ, ਹੱਥ ਅਤੇ ਪੈਰਾਂ ਦੇ ਸੁੰਨ੍ਹ ਪੈਣ, ਲੱਕ-ਪੀੜ੍ਹ ਅਤੇ ਥਕਾਵਟ ਦੀ ਸ਼ਿਕਾਇਤ ਕਰਦੀ ਹਨ। ਡਾ. ਸਲਦਾਂਹਾ ਦੇ ਮੁਤਾਬਕ ਇਹ ਸਾਰੇ ਲੱਛਣ ਗੰਭੀਰ ਕੁਪੋਸ਼ਣ ਅਤੇ ਅਨੀਮਿਾ ਵੱਲ ਇਸ਼ਾਰਾ ਕਰਦੇ ਹਨ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 2019-2021 ( NFHS-5 ) ਮੁਤਾਬਕ, ਬੀਤੇ ਚਾਰ ਸਾਲਾਂ ਵਿੱਚ ਕਰਨਾਟਕ ਵਿੱਚ 15 ਤੋਂ 49 ਸਾਲ ਦੀਆਂ ਔਰਤਾਂ ਵਿੱਚ ਅਨੀਮਿਆ ਦੀ ਦਰ 2015-16 ਦੇ 46.2 ਫ਼ੀਸਦ ਦੇ ਮੁਕਾਬਲੇ 2019-20 ਵਿੱਚ 50.3 ਫੀਸਦ ਤੱਕ ਅੱਪੜ ਗਈ ਹੈ। ਹਾਵੇਰੀ ਜ਼ਿਲ੍ਹੇ ਦੀ ਇਸ ਉਮਰ ਵਰਗ ਦੀਆਂ ਅੱਧ ਤੋਂ ਵੀ ਵੱਧ ਔਰਤਾਂ ਅਨੀਮਿਆ ਦੀਆਂ ਸ਼ਿਕਾਰ ਹਨ।
ਗਾਇਤਰੀ ਦੀ ਖ਼ਰਾਬ ਸਿਹਤ ਦਾ ਅਸਰ ਉਨ੍ਹਾਂ ਦੀਆਂ ਦਿਹਾੜੀਆਂ ‘ਤੇ ਵੀ ਪੈਂਦਾ ਹੈ। ਉਹ ਹਉਕਾ ਲੈਂਦਿਆਂ ਕਹਿੰਦੀ ਹਨ,“ਮੇਰੀ ਤਬੀਅਤ ਠੀਕ ਨਹੀਂ ਰਹਿੰਦੀ। ਮੈਂ ਇੱਕ ਦਿਨ ਕੰਮ ‘ਤੇ ਜਾਵਾਂ ਵੀ ਤਾਂ ਦੂਜੇ ਦਿਨ ਨਹੀਂ ਜਾ ਪਾਉਂਦੀ।”
25 ਸਾਲਾ ਮੰਜੁਲਾ ਮਹਾਦੇਵੱਪਾ ਕੱਚਰਾਬੀ ਨੂੰ ਵੀ ਹਰ ਸਮੇਂ ਪੀੜ੍ਹ ਰਹਿੰਦੀ ਹੀ ਹੈ। ਇਹ ਪੀੜ੍ਹ ਸਦਾ ਬਣੀ ਰਹਿੰਦੀ ਹੈ। ਮਾਹਵਾਰੀ ਦੇ ਦਿਨੀਂ ਉਨ੍ਹਾਂ ਦੇ ਢਿੱਡ ਵਿੱਚ ਬਹੁਤ ਜ਼ਿਆਦਾਂ ਤਰਾਟਾਂ (ਲੀਹਾਂ) ਉੱਠਦੀਆਂ ਹਨ ਅਤੇ ਉਸ ਤੋਂ ਬਾਅਦ ਪੇੜੂ ਦੀ ਪੀੜ੍ਹ ਦੇ ਨਾਲ਼ ਨਾਲ਼ ਲਹੂ ਪੈਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
“ਉਹ ਪੰਜ ਦਿਨ ਜਦੋਂ ਮੇਰੀ ਮਾਹਵਾਰੀ ਜਾਰੀ ਰਹਿੰਦੀ ਹੈ, ਮੈਨੂੰ ਭਿਆਨਕ ਪੀੜ੍ਹ ਹੁੰਦੀ ਹੀ ਰਹਿੰਦੀ ਹੈ,” ਮੰਜੁਲਾ ਕਹਿੰਦੀ ਹਨ। ਉਹ ਵੀ 200 ਰੁਪਏ ਦਿਹਾੜੀ ‘ਤੇ ਖੇਤ ਮਜ਼ਦੂਰੀ ਕਰਦੀ ਹਨ। “ਪਹਿਲੇ ਦੋ-ਤਿੰਨ ਦਿਨ ਤਾਂ ਮੇਰੇ ਲਈ ਖੜ੍ਹੇ ਹੋਣਾ ਵੀ ਮੁਸੀਬਤ ਬਣਿਆ ਰਹਿੰਦਾ ਹੈ। ਮੇਰੇ ਪੇੜੂ ਵਿੱਚ ਇੰਨੀ ਪੀੜ੍ਹ ਹੁੰਦੀ ਹੈ ਕਿ ਮੇਰੇ ਕੋਲ਼ੋਂ ਤੁਰ ਸਕਣਾ ਵੀ ਸੰਭਵ ਨਹੀਂ ਹੁੰਦਾ। ਮੈਂ ਕੰਮ ‘ਤੇ ਨਹੀਂ ਜਾ ਪਾਉਂਦੀ, ਨਾ ਖਾ ਪਾਉਂਦੀ ਹਾਂ। ਬੱਸ ਚੁੱਪਚਾਪ ਲੇਟੀ ਹੀ ਰਹਿੰਦੀ ਹਾਂ।”
ਪੀੜ੍ਹ ਤੋਂ ਇਲਾਵਾ, ਗਾਇਤਰੀ ਅਤੇ ਮੰਜੁਲਾ ਦੀਆਂ ਕਈ ਸਮੱਸਿਆਵਾਂ ਇੱਕੋ ਜਿਹੀਆਂ ਹਨ। ਜਿਨ੍ਹਾਂ ਵਿੱਚ ਪਖ਼ਾਨੇ ਦਾ ਨਾ ਹੋਣਾ ਦੂਸਰੀ ਸਾਂਝੀ ਸਮੱਸਿਆ ਹੈ।
ਲਗਭਗ 12 ਸਾਲ ਪਹਿਲਾਂ, ਆਪਣੇ ਵਿਆਹ ਤੋਂ ਬਾਅਦ ਗਾਇਤਰੀ ਅਸੁੰਡੀ ਦੀ ਦਲਿਤ ਬਸਤੀ ਦੇ ਇਸ 7.5 x 10 ਫੁੱਟ ਦੇ ਕਮਰੇ ਵਿੱਚ ਰਹਿਣ ਆਈ, ਜਿੱਥੇ ਕੋਈ ਖਿੜਕੀ ਤੱਕ ਨਹੀਂ ਸੀ। ਇਹ ਘਰ ਇੱਕ ਟੇਨਿਸ ਕੋਰਟ ਜਿੰਨੀ ਕੁ ਜ਼ਮੀਨ ਦੇ ਇੱਕ-ਚੌਥਾਈ ਹਿੱਸੇ ਵਿੱਚ ਹੀ ਬਣਿਆ ਹੋਇਆ ਹੈ। ਦੋ ਕੰਧਾਂ ਨੂੰ ਕੁਝ ਕੁਝ ਇੰਝ ਵੰਡਿਆ ਹੈ ਕਿ ਰਸੋਈ, ਕਮਰਾ ਤੇ ਗੁਸਲ ਬਣ ਜਾਵੇ। ਘਰ ਵਿੱਚ ਪਖ਼ਾਨੇ ਲਈ ਕੋਈ ਥਾਂ ਨਹੀਂ ਬਚੀ।
ਮੰਜੁਲਾ ਵੀ ਆਪਣੇ ਪਤੀ ਅਤੇ ਪਰਿਵਾਰ ਦੇ ਹੋਰਨਾਂ 18 ਮੈਂਬਰਾਂ ਦੇ ਨਾਲ਼ ਇਸੇ ਬਸਤੀ ਵਿੱਚ ਦੋ ਕਮਰਿਆਂ ਦੇ ਘਰ ਵਿੱਚ ਰਹਿੰਦੀ ਹਨ। ਘਰ ਨੂੰ ਕੱਚੀਆਂ ਕੰਧਾਂ ਤੇ ਪੁਰਾਣੀਆਂ ਸਾੜੀਆਂ ਦੇ ਪਰਦਿਆਂ ਦੇ ਸਹਾਰੇ ਛੇ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। “ ਏਨੱਕੂ ਇਮਬਿਲਰੀ (ਕਿਸੇ ਚੀਜ਼ ਲਈ ਕੋਈ ਥਾਂ ਨਹੀਂ)। ਜਦੋਂ ਦਿਨ-ਤਿਓਹਾਰ ਮੌਕੇ ਪਰਿਵਾਰ ਦੇ ਸਾਰੇ ਜੀਅ ਇਕੱਠੇ ਹੁੰਦੇ ਹਨ ਤਾਂ ਸਾਰਿਆਂ ਦਾ ਬੈਠਣਾ ਮੁਸ਼ਕਲ ਹੋ ਜਾਂਦਾ ਹੈ।” ਅਜਿਹੇ ਦਿਨਾਂ ਵਿੱਚ ਘਰ ਦੇ ਪੁਰਸ਼ ਮੈਂਬਰਾਂ ਨੂੰ ਸੌਣ ਲਈ ਕਮਿਊਨਿਟੀ ਹਾਲ ਭੇਜ ਦਿੱਤਾ ਜਾਂਦਾ ਹੈ।
ਘਰ ਦੇ ਬਾਹਰ ਬਣੇ ਗ਼ੁਸਲ ਦੇ ਬੂਹੇ ਨੂੰ ਸਾੜੀ ਦੇ ਪਰਦੇ ਨਾਲ਼ ਢੱਕ ਦਿੱਤਾ ਗਿਆ ਹੈ। ਜਦੋਂ ਕਦੇ ਘਰ ਵਿੱਚ ਬਹੁਤੇ ਲੋਕ ਮੌਜੂਦ ਨਾ ਹੋਣ ਤਾਂ ਮੰਜੁਲਾ ਅਤੇ ਘਰ ਦੀਆਂ ਬਾਕੀ ਔਰਤਾਂ ਪੇਸ਼ਾਬ ਕਰਨ ਲਈ ਇਸੇ ਥਾਂ ਦੀ ਵਰਤੋਂ ਕਰਦੀਆਂ ਹਨ। ਬੀਤੇ ਕੁਝ ਸਮੇਂ ਤੋਂ ਇੱਥੋਂ ਬੜੀ ਤੇਜ਼ ਬਦਬੂ ਆਉਣ ਲੱਗੀ ਹੈ। ਜਦੋਂ ਕਲੋਨੀ ਦੀਆਂ ਭੀੜੀਆਂ ਗਲ਼ੀਆਂ ਵਿੱਚ ਪਾਈਪਲਾਈਨਾਂ ਵਿਛਾਉਣ ਲਈ ਪੁਟਾਈ ਕੀਤੀ ਗਈ ਤਾਂ ਇੱਥੇ ਟੋਏ ਵਿੱਚ ਪਾਣੀ ਜਮ੍ਹਾ ਹੋ ਗਿਆ ਅਤੇ ਕੰਧਾਂ ਵਿੱਚ ਕੱਲਰ ਲੱਗ ਗਿਆ। ਮਾਹਵਾਰੀ ਦੇ ਦਿਨੀਂ ਮੰਜੁਲਾ ਇੱਥੇ ਆਪਣੇ ਸੈਨਿਟਰੀ ਪੈਡ ਬਦਲ ਲੈਂਦੀ ਹਨ। “ਮੈਂ ਦਿਨ ਵਿੱਚ ਦੋ ਵਾਰੀ ਪੈਡ ਬਦਲਦੀ ਹਾਂ- ਇੱਕ ਵਾਰ ਸਵੇਰੇ ਕੰਮ ‘ਤੇ ਜਾਣ ਲੱਗਿਆਂ ਤੇ ਦੂਜੀ ਵਾਰ ਸ਼ਾਮੀਂ ਘਰ ਮੁੜਨ ਤੋਂ ਬਾਅਦ।” ਖੇਤਾਂ ਵਿੱਚ ਜਿੱਥੇ ਉਹ ਕੰਮ ਕਰਦੀ ਹਨ, ਉੱਥੇ ਔਰਤਾਂ ਲਈ ਕਿਸੇ ਗੁਸਲ ਦਾ ਬੰਦੋਬਸਤ ਨਹੀਂ ਹੈ।
ਦੂਸਰੀਆਂ ਸਾਰੀਆਂ ਅਛੂਤ ਦਲਿਤ ਬਸਤੀਆਂ ਵਾਂਗਰ, ਅਸੁੰਡੀ ਦੀ ਮਡਿਗਰਾ ਕੇਰੀ ਵੀ ਪਿੰਡ ਦੇ ਬਾਹਰਵਾਰ ਵੱਸੀ ਹੋਈ ਹੈ। ਇੱਥੇ ਬਣੇ 67 ਘਰਾਂ ਵਿੱਚ ਫਿਲਹਾਲ ਕਰੀਬ 600 ਲੋਕ ਰਹਿੰਦੇ ਹਨ ਅਤੇ ਇਨ੍ਹਾਂ ਵਿੱਚੋਂ ਅੱਧੇ ਤੋਂ ਘਰਾਂ ਵਿੱਚ ਤਿੰਨ ਤੋਂ ਵੱਧ ਪਰਿਵਾਰ ਰਹਿੰਦੇ ਹਨ।
ਕਰੀਬ 60 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਜਦੋਂ ਅਸੁੰਡੀ ਦੇ ਮਡਿਗਾ ਭਾਈਚਾਰੇ ਵਾਸਤੇ ਸਰਕਾਰ ਦੁਆਰਾ ਇਹ 1.5 ਏਕੜ ਜ਼ਮੀਨ ਦਿੱਤੀ ਗਈ ਸੀ। ਬੀਤੇ ਸਾਲਾਂ ਵਿੱਚ ਇੱਥੋਂ ਦੀ ਅਬਾਦੀ ਤੇਜ਼ੀ ਨਾਲ਼ ਵਧੀ ਹੈ ਅਤੇ ਨਵੇਂ ਘਰਾਂ ਦੀ ਮੰਗ ਨੂੰ ਲੈ ਕੇ ਕਈ ਵਿਰੋਧ ਪ੍ਰਦਰਸ਼ਨ ਵੀ ਹੋਏ ਹਨ। ਪਰ ਉਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲ਼ਿਆ। ਨਵੀਂਆਂ ਪੀੜ੍ਹੀਆਂ ਅਤੇ ਉਨ੍ਹਾਂ ਦੇ ਵੱਧਦੇ ਪਰਿਵਾਰਾਂ ਲਈ ਲੋਕਾਂ ਨੇ ਪੁਰਾਣੀਆਂ ਸਾੜੀਆਂ ਦੀਆਂ ਕੰਧਾਂ ਖੜ੍ਹੀਆਂ ਕਰ ਕਰ ਕੇ ਥਾਂ ਮੁਹੱਈਆ ਕਰਵਾਈ।
ਇਵੇਂ ਹੀ, ਗਾਇਤਰੀ ਦਾ 22.5 x 30 ਫੁੱਟ ਦਾ ਵੱਡਾ ਕਮਰਾ, ਤਿੰਨ ਘਰਾਂ ਵਿੱਚ ਬਦਲ ਗਿਆ। ਉਹ ਆਪਣੇ ਪਤੀ, ਦੋ ਬੇਟਿਆਂ ਅਤੇ ਸੱਸ-ਸਹੁਰੇ ਦੇ ਨਾਲ਼ ਇੱਕ ਘਰ ਵਿੱਚ ਰਹਿੰਦੀ ਹਨ ਅਤੇ ਉਨ੍ਹਾਂ ਦੇ ਪਤੀ ਦੇ ਪਰਿਵਾਰ ਦੇ ਦੂਸਰੇ ਬਾਕੀ ਲੋਕ ਦੋ ਘਰਾਂ ਵਿੱਚ ਰਹਿੰਦੇ ਹਨ। ਘਰ ਦੇ ਸਾਹਮਣਿਓਂ ਲੰਘਣ ਵਾਲ਼ੀ ਭੀੜੀ ਗਲ਼ੀ ਹੀ ਕੱਪੜੇ ਧੋਣ ਤੇ ਭਾਂਡੇ ਮਾਂਜਣ ਦੀ ਥਾਂ ਬਣਦੀ ਹੈ। ਇੱਥੇ ਹੀ ਉਨ੍ਹਾਂ ਦੇ 7 ਸਾਲਾ ਤੇ 10 ਸਾਲਾ ਬੇਟਿਆਂ ਨੂੰ ਨਹਾਉਣ ਦਾ ਕੰਮ ਹੁੰਦਾ ਹੈ। ਕਿਉਂਕਿ ਉਨ੍ਹਾਂ ਦਾ ਘਰ ਬਹੁਤ ਛੋਟਾ ਹੈ, ਇਸਲਈ ਗਾਇਤਰੀ ਨੇ ਆਪਣੀ 6 ਸਾਲਾ ਬੇਟੀ ਨੂੰ ਚਿੰਨਾਮੁਲਗੁੰਡ ਪਿੰਡ ਵਿਖੇ ਆਪਣੇ ਨਾਨਾ-ਨਾਈ ਕੋਲ਼ ਭੇਜ ਦਿੱਤਾ ਹੈ।
NFHS 2019-20 ਦੇ ਇੱਕ ਅੰਕੜੇ ਮੁਤਾਬਕ, ਕਰਨਾਟਕ ਵਿੱਚ ਕੁੱਲ 74.6 ਫ਼ੀਸਦ ਘਰ ਅਜਿਹੇ ਹਨ ਜਿਨ੍ਹਾਂ ਵਿੱਚ ‘ਬਿਹਤਰ ਸਫ਼ਾਈ ਸੁਵਿਧਾਵਾਂ’ ਉਪਲਬਧ ਹਨ। ਪਰ ਹਾਵੇਰੀ ਜ਼ਿਲ੍ਹੇ ਵਿੱਚ ਇਨ੍ਹਾਂ ਸੁਵਿਧਾਵਾਂ ਵਾਲ਼ੇ ਘਰ ਸਿਰਫ਼ 68.9 ਫੀਸਦ ਹੀ ਹਨ। NFHS ਦੇ ਮਿਆਰਾਂ ਦੀ ਗੱਲ ਕਰੀਏ ਤਾਂ ਬਿਹਤਰ ਸਫ਼ਾਈ ਸੁਵਿਧਾਵਾਂ ਵਿੱਚ “ਪਾਈਪਲਾਈਨ ਸੀਵਰ ਸਿਸਟਮ (ਸੈਪਟਿਕ ਟੈਂਕ ਜਾਂ ਖੂਹੀ ਪਖ਼ਾਨਾ) ਨਾਲ਼ ਜੁੜੀ ਫਲੱਸ਼ ਜਾਂ ਪੋਰ-ਫਲੱਸ਼, ਬਿਹਤਰ ਅਤੇ ਹਵਾਦਾਰ ਖੂਹੀ ਪਖ਼ਾਨਾ, ਢੱਕਣ ਵਾਲ਼ੇ ਖੂਹੀ ਪਖ਼ਾਨੇ ਅਤੇ ਕੰਪੋਸਟ ਪਖ਼ਾਨੇ” ਸ਼ਾਮਲ ਹਨ। ਅਸੁੰਡੀ ਦੇ ਮਡਿਗਰਾ ਕੇਰੀ ਵਿਖੇ ਇਨ੍ਹਾਂ ਵਿੱਚੋਂ ਇੱਕ ਵੀ ਸੁਵਿਧਾ ਮੌਜੂਦ ਨਹੀਂ ਹੈ। ਗਾਇਤਰੀ ਕਹਿੰਦੀ ਹਨ,“ਹੋਲਦਾਗਾ ਹੋਗਬੇਕਰੀ (ਖੇਤਾਂ ਵਿੱਚ ਜੰਗਲ-ਪਾਣੀ ਜਾਣਾ ਪੈਂਦਾ ਹੈ)।” ਨਮੋਸ਼ੀ ਭਰੀ ਅਵਾਜ਼ ਵਿੱਚ ਗੱਲ ਜਾਰੀ ਰੱਖਦਿਆਂ ਉਹ ਕਹਿੰਦੀ ਹਨ,“ਬਹੁਤੇ ਖੇਤ ਮਾਲਕਾਂ ਨੇ ਆਪਣੇ ਖੇਤਾਂ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਸਾਨੂੰ ਦੇਖਦਿਆਂ ਹੀ ਗਾਲ੍ਹਾਂ ਕੱਢਣ ਲੱਗਦੇ ਹਨ। ਇਸਲਈ ਬਸਤੀ ਦੇ ਲੋਕ ਬੜੀ ਸਾਜਰੇ ਹੀ ਜੰਗਲ-ਪਾਣੀ ਚਲੇ ਜਾਂਦੇ ਹਨ।”
ਇਸ ਸਮੱਸਿਆ ਦੇ ਹੱਲ ਵਜੋਂ ਗਾਇਤਰੀ ਨੇ ਪਾਣੀ ਪੀਣਾ ਘੱਟ ਕਰ ਦਿੱਤਾ ਹੈ। ਖੇਤ ਮਾਲਕਾਂ ਦੀਆਂ ਝਿੜਕਾਂ ਤੋਂ ਬਚਣ ਖਾਤਰ ਉਹ ਪੂਰਾ ਦਿਨ ਪੇਸ਼ਾਬ ਰੋਕੀ ਰੱਖਦੀ ਹਨ ਤੇ ਜਦੋਂ ਘਰ ਵਾਪਸ ਮੁੜਦੀ ਹਨ ਤਾਂ ਢਿੱਡ ਵਿੱਚ ਸ਼ਦੀਦ ਪੀੜ੍ਹ ਹੁੰਦੀ ਹੈ। “ਫਿਰ ਜਦੋਂ ਮੈਂ ਪੇਸ਼ਾਬ ਕਰਨ ਬਹਿੰਦੀ ਹਾਂ ਤਾਂ ਪੇਸ਼ਾਬ ਆਉਣ ਵਿੱਚ ਅੱਧੇ ਘੰਟੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਉਹ ਸਮਾਂ ਬੜਾ ਤਕਲੀਫ਼ਦੇਹ ਹੁੰਦਾ ਹੈ।”
ਦੂਸਰੇ ਹੱਥ ਮੰਜੁਲਾ ਦੇ ਢਿੱਡ ਵਿੱਚ ਉੱਠਣ ਵਾਲ਼ਾ ਭਿਆਨਕ ਦਰਦ ਯੋਨੀ ਲਾਗ ਕਾਰਨ ਹੁੰਦਾ ਹੈ। ਹਰ ਮਹੀਨੇ ਮਾਹਵਾਰੀ ਮੁੱਕਣ ਤੋਂ ਬਾਅਦ ਯੋਨੀ ਵਿੱਚੋਂ ਲੇਸਲਾ ਪਦਾਰਥ ਨਿਕਲ਼ਣਾ ਸ਼ੁਰੂ ਹੋ ਜਾਂਦਾ ਹੈ। “ਇਹ ਅਗਲੀ ਮਾਹਵਾਰੀ ਤੱਕ ਜਾਰੀ ਰਹਿੰਦਾ ਹੈ। ਮਾਹਵਾਰੀ ਸ਼ੁਰੂ ਹੋਣ ਤੀਕਰ ਪੂਰਾ ਮਹੀਨਾ ਮੇਰੇ ਪੇੜੂ ਤੇ ਪਿੱਠ ਵਿੱਚ ਬਹੁਤ ਪੀੜ੍ਹ ਰਹਿੰਦੀ ਹੈ। ਮੇਰੇ ਸਾਰੇ ਅੰਗ ਬੇਜ਼ਾਨ ਹੋ ਉੱਠਦੇ ਹਨ ਤੇ ਮੈਂ ਨਿੱਸਲ ਹੋ ਜਾਂਦੀ ਹਾਂ।”
ਹੁਣ ਤੱਕ ਮੰਜੁਲਾ 4-5 ਨਿੱਜੀ ਕਲੀਨਿਕਾਂ ਦੇ ਗੇੜੇ ਮਾਰ ਚੁੱਕੀ ਹਨ। ਉਨ੍ਹਾਂ ਦੀ ਸਕੈਨ ਵਗੈਰਾ ਦੀ ਰਿਪੋਰਟ ਨਾਰਮਲ ਆਈ ਹੈ। “ਮੈਨੂੰ ਕਿਹਾ ਗਿਆ ਹੈ ਕਿ ਗਰਭ ਠਹਿਰਣ ਤੱਕ ਮੈਂ ਹੋਰ ਕੋਈ ਜਾਂਚ ਨਾ ਕਰਾਵਾਂ। ਇਸੇ ਲਈ ਮੈਂ ਉਹਦੇ ਬਾਅਦ ਕਿਸੇ ਹੋਰ ਹਸਪਤਾਲ ਨਹੀਂ ਗਈ। ਮੇਰੇ ਲਹੂ ਦੀ ਕੋਈ ਜਾਂਚ ਨਹੀਂ ਹੋਈ।”
ਡਾਕਟਰਾਂ ਦੀ ਸਲਾਹ ਤੋਂ ਅਸੰਤੁਸ਼ਟ ਹੋ ਕੇ, ਉਹ ਦੇਸੀ ਜੜ੍ਹੀ-ਬੂਟੀਆਂ ਅਤੇ ਸਥਾਨਕ ਮੰਦਰ ਦੇ ਪੁਜਾਰੀਆਂ ਕੋਲ਼ ਵੀ ਗਈ। ਪਰ ਉਨ੍ਹਾਂ ਦੀ ਪੀੜ੍ਹ ਤੇ ਯੋਨੀ-ਡਿਸਚਾਰਜ ਨਹੀਂ ਰੁਕਿਆ।
ਡਾ. ਸਲਦਾਂਹਾ ਦਾ ਕਹਿਣਾ ਹੈ ਕਿ ਕੁਪੋਸ਼ਣ, ਕੈਲਸ਼ੀਅਮ ਦੀ ਘਾਟ ਅਤੇ ਕੰਮ ਦੀ ਲੰਬੀ ਦਿਹਾੜੀ ਦੇ ਨਾਲ਼ ਨਾਲ਼ ਗੰਦਾ ਪਾਣੀ ਅਤੇ ਖੁੱਲ੍ਹੇ ਵਿੱਚ ਗੁਸਲ ਜਾਣ ਕਾਰਨ ਯੋਨੀ-ਲਾਗ, ਪਿੱਠ ਵਿੱਚ ਦਰਦ ਅਤੇ ਢਿੱਡ ਵਿੱਚ ਤਰਾਟਾਂ ਪੈਣ ਅਤੇ ਪੇੜੂ ਸੋਜਸ਼ ਦਾ ਡਰ ਵੱਧ ਜਾਂਦਾ ਹੈ।
“ਇਹ ਸਿਰਫ਼ ਹਾਵੇਰੀ ਜਾਂ ਦੂਜੀਆਂ ਬਸਤੀਆਂ ਦੀ ਗੱਲ ਨਹੀਂ,” ਟੀਨਾ ਜ਼ੇਵੀਅਰ ਰੇਖਾਂਕਤ ਕਰਦਿਆਂ ਕਹਿੰਦੀ ਹਨ, ਉਹ ਉੱਤਰੀ ਕਰਨਾਟਕ ਵਿਖੇ ਸਰਗਰਮ ਸੰਗਠਨ ਕਰਨਾਟਕ ਜਨਾਰੋਗਯ ਚਲੁਵਲੀ (ਕੇਜੇਐੱਸ) ਦੀ ਕਾਰਕੁੰਨ ਹਨ। ਕੇਜੇਐੱਸ ਨੇ ਪ੍ਰਾਂਤ ਵਿੱਚ ਜੱਚਾ ਮੌਤ ਦਰ ਸਬੰਧੀ ਇੱਕ ਮਾਮਲੇ ਵਿੱਚ ਸਾਲ 2019 ਵਿੱਚ ਕਰਨਾਟਕ ਹਾਈ ਕੋਰਟ ਵਿੱਚ ਇੱਕ ਅਪੀਲ ਵੀ ਦਾਇਰ ਕੀਤੀ ਸੀ। ਟੀਨਾ ਅੱਗੇ ਕਹਿੰਦੀ ਹਨ,“ਬਹੁਤੀਆਂ ਔਰਤਾਂ ਨਿੱਜੀ ਸਿਹਤ ਖੇਤਰ ਦੀ ਬੁਰਕੀ ਬਣਦੀਆਂ ਹਨ।”
ਕਰਨਾਟਕ ਦੇ ਪੇਂਡੂ ਸਿਹਤ ਸੁਵਿਧਾਵਾਂ ਦੇ ਖੇਤਰ ਵਿੱਚ ਡਾਕਟਰਾਂ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਕਿੱਲਤ ਕਾਰਨ ਗਾਇਤਰੀ ਅਤੇ ਮੰਜੁਲਾ ਜਿਹੀਆਂ ਔਰਤਾਂ ਨੂੰ ਮਜ਼ਬੂਰੀਵੱਸ ਨਿੱਜੀ ਇਲਾਜ ਸੇਵਾਵਾਂ ਦਾ ਰਾਹ ਚੁਣਨਾ ਪੈਂਦਾ ਹੈ। ਸਾਲ 2017 ਵਿੱਚ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਤਹਿਤ ਕੀਤੀ ਗਈ ਪ੍ਰਜਨਨ ਅਤੇ ਬਾਲ ਸਿਹਤ ਲਈ ਕੀਤੀ ਇੱਕ ਪੜਤਾਲ਼ , ਜਿਹਦੇ ਤਹਿਤ ਦੇਸ਼ ਦੇ ਸਾਰੇ ਚੋਣਵੇਂ ਹਸਪਤਾਲਾਂ ਦਾ ਸਰਵੇਅ ਕੀਤਾ ਗਿਆ ਸੀ, ਨੇ ਕਰਨਾਟਕ ਵਿੱਚ ਡਾਕਟਰਾਂ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੇ ਕਰਮਚਾਰੀਆਂ ਦੀ ਭਾਰੀ ਕਿੱਲਤ ਵੱਲ ਇਸ਼ਾਰਾ ਕੀਤਾ ਸੀ।
ਇਨ੍ਹਾਂ ਬੁਨਿਆਦੀ ਸਮੱਸਿਆਵਾਂ ਤੋਂ ਅਣਜਾਣ ਅਤੇ ਆਪਣੀ ਬੀਮਾਰੀ ਤੋਂ ਦੁਖੀ ਗਾਇਤਰੀ ਨੂੰ ਉਮੀਦ ਹੈ ਕਿ ਇੱਕ ਦਿਨ ਉਨ੍ਹਾਂ ਦੀ ਬੀਮਾਰੀ ਫੜ੍ਹੀ ਜਾਵੇਗੀ। ਆਪਣੀ ਪੀੜ੍ਹ ਵਾਲ਼ੇ ਦਿਨਾਂ ਨੂੰ ਚੇਤੇ ਕਰਕੇ ਉਹ ਚਿੰਤਾਮਾਰੇ ਲਹਿਜੇ ਵਿੱਚ ਕਹਿੰਦੀ ਹਨ,“ਮੇਰਾ ਕੀ ਬਣੂ? ਮੈਂ ਲਹੂ ਦੀ ਜਾਂਚ ਵੀ ਨਹੀਂ ਕਰਵਾਈ। ਜੇ ਕਿਤੇ ਮੈਂ ਜਾਂਚ ਕਰਵਾ ਲਈ ਹੁੰਦੀ ਤਾਂ ਮੈਨੂੰ ਬੀਮਾਰੀ ਦਾ ਪਤਾ ਲੱਗ ਗਿਆ ਹੁੰਦਾ। ਮੈਨੂੰ ਭਾਵੇਂ ਕੁਝ ਪੈਸੇ ਉਧਾਰ ਨਾ ਚੁੱਕਣੇ ਪੈਣ ਪਰ ਮੈਂ ਜਾਂਚ ਕਰਵਾਉਣੀ ਜ਼ਰੂਰ ਹੈ ਤਾਂਕਿ ਪਤਾ ਤਾਂ ਲੱਗੇ ਆਖ਼ਰ ਮੇਰੀ ਸਿਹਤ ਖ਼ਰਾਬ ਕਿਉਂ ਰਹਿੰਦੀ ਹੈ।”
ਪਾਰੀ ਅਤੇ ਕਾਊਂਟਰਮੀਡਿਆ ਟ੍ਰਸਟ ਵੱਲੋਂ ਪੇਂਡੂ ਭਾਰਤ ਦੀਆਂ ਕੁੜੀਆਂ ਅਤੇ ਨੌਜਵਾਨ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਕੀਤੀ ਜਾਣ ਵਾਲ਼ੀ ਰਿਪੋਰਟਿੰਗ ਦਾ ਇਹ ਰਾਸ਼ਟਰ-ਵਿਆਪੀ ਪ੍ਰੋਜੈਕਟ,‘ਪਾਪੁਲੇਸ਼ਨ ਫਾਉਂਡੇਸ਼ਨ ਆਫ਼ ਇੰਡੀਆ’ ਦੁਆਰਾ ਸਮਰਥਤ ਇੱਕ ਪਹਿਲ ਦਾ ਹਿੱਸਾ ਹੈ ਤਾਂਕਿ ਆਮ ਲੋਕਾਂ ਦੀਆਂ ਗੱਲਾਂ ਤੇ ਉਨ੍ਹਾਂ ਦੇ ਜੀਵਨ ਤਜ਼ਰਬਿਆਂ ਜ਼ਰੀਏ ਇਨ੍ਹਾਂ ਮਹੱਤਵਪੂਰਨ, ਪਰ ਹਾਸ਼ੀਏ ‘ਤੇ ਪਏ ਭਾਈਚਾਰਿਆਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।
ਤਰਜਮਾ: ਕਮਲਜੀਤ ਕੌਰ