ਉੱਨਾਵ : ਖ਼ੇਤ ਵਿੱਚ ਦੋ ਦਲਿਤ ਕੁੜੀਆਂ ਮ੍ਰਿਤਕ ਪਾਈਆਂ ਗਈਆਂ, ਤੀਸਰੀ ਦੀ ਹਾਲਤ ਗੰਭੀਰ
- ਦਿ ਵਾਇਰ, 18 ਫਰਵਰੀ, 2021
ਯੂਪੀ ਵਿੱਚ ਦਲਿਤ ਕੁੜੀ ਦੀ ਲਾਸ਼ ਰੁੱਖ ਨਾਲ਼ ਲਮਕਦੀ ਹੋਈ ਮਿਲ਼ੀ, ਬਲਾਤਕਾਰ ਲਈ 3 ਦੇ ਖ਼ਿਲਾਫ਼ ਐੱਫਆਈਆਰ ਦਰਜ
- ਆਊਟਲੁਕ ਇੰਡੀਆ, 18 ਜਨਵਰੀ, 2021
ਉੱਤਰ ਪ੍ਰਦੇਸ਼ ਵਿੱਚ 15 ਸਾਲਾ ਦਲਿਤ ਕੁੜੀ ਦੀ ਲਾਸ਼ ਖ਼ੇਤ ਵਿੱਚ ਮਿਲ਼ੀ, ਘਰ ਵਾਲ਼ਿਆਂ ਨੇ ਲਾਇਆ ਕਤਲ ਦਾ ਦੋਸ਼
-ਦਿ ਹਿੰਦੁਸਤਾਨ ਟਾਈਮਸ, 3 ਅਕਤੂਬਰ, 2020
ਹਾਥਰਸ ਤੋਂ ਬਾਅਦ : ਉੱਤਰ ਪ੍ਰਦੇਸ਼ ਵਿੱਚ 22 ਸਾਲਾ ਦਲਿਤ ਔਰਤ ਦਾ ਬਲਾਤਕਾਰ ਤੋਂ ਬਾਅਦ ਕਤਲ
- ਦਿ ਇੰਡੀਅਨ ਐਕਸਪ੍ਰੈਸ, 1 ਅਕਤੂਬਰ, 2020
ਬੇਰਹਿਮ ਸਮੂਹਿਕ ਬਲਾਤਕਾਰ ਦੀ ਸ਼ਿਕਾਰ, ਉੱਤਰ ਪ੍ਰਦੇਸ਼ ਦੀ ਦਲਿਤ ਕੁੜੀ ਨੇ ਦਿੱਲੀ ਦੇ ਹਸਤਪਾਲ ਵਿੱਚ ਦਮ ਤੋੜਿਆ
- ਦਿ ਹਿੰਦੂ, 29 ਸਤੰਬਰ, 2020
ਉੱਤਰ ਪ੍ਰਦੇਸ਼ : ਕਿਸ਼ੋਰ ਦਲਿਤ ਕੁੜੀ ਦਾ ਬਲਾਤਕਾਰ, ਲਾਸ਼ ਰੁੱਖ ਨਾਲ਼ ਲਮਕਦੀ ਮਿਲ਼ੀ
-ਫਰਸਟ ਪੋਸਟ, 19 ਫਰਵਰੀ, 2015
ਉੱਤਰ ਪ੍ਰਦੇਸ਼ ਵਿੱਚ ਇੱਕ ਹੋਰ ਨਾਬਾਲਗ਼ ਦੀ ਲਾਸ਼ ਰੁੱਖ ਨਾਲ਼ ਲਟਕਦੀ ਮਿਲ਼ੀ, ਪਰਿਵਾਰ ਨੇ ਬਲਾਤਕਾਰ ਅਤੇ ਕਤਲ ਦਾ ਲਾਇਆ ਦੋਸ਼
-ਡੀਐੱਨਏ, 12 ਜਨਵਰੀ, 2014
ਸੂਰਜਮੁਖੀ ਦੇ ਖ਼ੇਤ
ਸ਼ਾਇਦ
ਇਹ ਉਨ੍ਹਾਂ ਦੇ ਵਧਣ-ਫੁਲਣ ਦੀ ਥਾਂ ਨਹੀਂ
ਸ਼ਾਇਦ
ਇਹ ਉਨ੍ਹਾਂ ਦੇ ਖਿੜਨ ਦਾ ਸਮਾਂ ਨਹੀਂ
ਸ਼ਾਇਦ
ਇਹ ਉਨ੍ਹਾਂ ਦੇ ਮੁਸਕਰਾਉਣ ਦਾ ਮੌਸਮ ਵੀ ਨਹੀਂ
ਚੁਫੇਰੇ
ਤੇਜ਼ ਮੀਂਹ ਪੈ ਰਿਹਾ
ਸ਼ਾਇਦ
ਬੁੱਕ ਭਰਨ ਲਈ ਧੁੱਪ ਨਹੀਂ
ਸ਼ਾਇਦ,
ਸਾਹ ਲੈਣ ਲਈ ਥਾਂ ਨਹੀਂ
ਅਸੀਂ
ਜਾਣਦੇ ਆਂ, ਸ਼ੱਕ ਕਰਨ ਦਾ ਕੋਈ ਕਾਰਨ ਨਹੀਂ
ਅਸੀਂ
ਜਾਣਦੇ ਆਂ ਕਿ ਇਹ ਸੱਚ ਹੈ।
ਅਸੀਂ
ਜਾਣਦੇ ਆਂ, ਇਨ੍ਹਾਂ ਨੂੰ ਠੂੰਗੇ ਮਾਰ ਕੇ ਖਾ ਲਿਆ ਜਾਊ
ਤੋੜਿਆ
ਜਾਊ, ਮਧੋਲ਼ਿਆ ਜਾਊ ਅਤੇ ਮਾਰ ਮੁਕਾਇਆ ਜਾਊ
ਅਸੀਂ
ਜਾਣਦੇ ਆਂ, ਫੁੱਲ ਭੂਰੇ ਕਦੋਂ ਹੁੰਦੇ ਨੇ
ਅਤੇ
ਕਟਾਈ ਲਈ ਤਿਆਰ ਹੋ ਜਾਂਦੇ ਨੇ
ਅਤੇ
ਮਲੂਕ ਅਤੇ ਜਵਾਨ ਸੁਆਦ ਕੈਸਾ ਹੁੰਦਾ ਏ
ਜਦੋਂ
ਉਨ੍ਹਾਂ ਨੂੰ ਤਾਜਾ ਖਾਧਾ ਜਾਂਦਾ ਏ
ਇੱਕ-ਇੱਕ
ਕਰਕੇ ਸਾਰਿਆਂ ਨੂੰ ਮੱਚ ਜਾਣਾ ਚਾਹੀਦਾ ਏ
ਜਾਂ
ਉਨ੍ਹਾਂ ਦਾ ਕਤਲ ਕਰ ਦੇਣਾ ਚਾਹੀਦਾ ਏ
ਹਰੇਕ
ਬੱਸ ਆਪਣੀ ਵਾਰੀ ਉਡੀਕਦੀ ਏ।
ਸ਼ਾਇਦ
ਇਹ ਰਾਤ ਪਿਆਰ ਕਰਨ ਲਈ ਬੜੀ ਬੇਹਰਿਮ ਏ
ਅਤੇ
ਸਹਿਲਾਉਣ ਲਈ ਹਵਾ ਵੀ ਬੜੀ ਕੁਰੱਖਤ ਏ
ਸ਼ਾਇਦ
ਖੜ੍ਹੇ ਹੋਣ ਲਈ ਮਿੱਟੀ ਬੜੀ ਨਰਮ ਏ
ਰੀੜ੍ਹ
ਵਾਲੇ ਲੰਬੇ ਫੁੱਲਾਂ ਦਾ ਵਜਨ ਨਹੀਂ ਸਹਾਰ ਸਕਦੀ
ਫਿਰ
ਉਨ੍ਹਾਂ ਨੇ ਵਧਣ ਦਾ ਹੀਆ ਕਿਵੇਂ ਕੀਤਾ
ਇੰਨੀ
ਵੱਡੀ ਗਿਣਤੀ 'ਚ
ਐ ਜੰਗਲੀ ਸੂਰਜਮੁਖੀ ਦੇ ਖ਼ੇਤ?
ਅਣਛੂਹੇ ਸੁਹੱਪਣ ਦੇ ਖ਼ੇਤ
ਜਿੱਥੋਂ ਤੱਕ ਦਿਸਹੱਦੇ ਨੇ
ਹਰੀਆਂ ਅਤੇ ਸੁਨਹਿਰੀਆਂ ਲਿਸ਼ਕਣੀਆਂ ਲਪਟਾਂ
ਆਪਣੇ ਛੋਟੇ ਪੈਰਾਂ ਨੂੰ ਠੋਕਰ ਮਾਰਦੀਆਂ ਅਤੇ ਕੂਕਦੀਆਂ-
ਉਨ੍ਹਾਂ ਕੁੜੀਆਂ ਦਾ ਹਾਸਾ ਜੋ ਉੱਡਦਾ ਏ
ਉਨ੍ਹਾਂ ਕੁੜੀਆਂ ਦਾ ਹਾਸਾ ਜੋ ਨੱਚਦਾ ਏ
ਤੇ ਆਪਣੇ ਸਿਰ ਨੂੰ ਇੰਨਾ ਉੱਚਾ ਚੁੱਕਦੀਆਂ
ਤੇ ਆਪਣੇ ਦੋਵੇਂ ਛੋਟੇ ਪੈਰਾਂ 'ਤੇ ਉਚੱਕਦੀਆਂ
ਆਪਣੀ ਛੋਟੀ ਮੁੱਠੀ 'ਚ ਫੜ੍ਹਦੀਆਂ ਨੇ ਉਹ
ਇੱਕ ਤੇਜ਼ ਸੰਤਰੀ ਲਿਸ਼ਕੋਰ।
ਇਹ ਸਿਰਫ਼ ਝੁਲਸਾਉਣ ਵਾਲ਼ੀ ਸੁਆਹ ਨਹੀਂ
ਜੋ ਦੂਰੋਂ ਵਕਤੀ ਚਿਖਾ 'ਚੋਂ ਆਈ
ਏ,
ਸਗੋਂ ਮੇਰੀ ਕੋਖ 'ਚ ਸੂਰਜਮੁਖੀ ਦੇ ਖ਼ੇਤ ਨੇ
ਜੋ ਮੇਰੀਆਂ ਅੱਖਾਂ ਵਿੱਚ ਹੰਝੂ ਤੇ ਸਾੜ ਪੈਦਾ ਕਰਦੇ ਨੇ।
ਆਡੀਓ : ਸੁਧਾਨਵਾ ਦੇਸ਼ਪਾਂਡੇ ਜਾਨਾ ਨਾਟਯ ਮੰਚ ਨਾਲ਼ ਜੁੜੀ ਅਦਾਕਾਰਾ ਅਤੇ ਨਿਰਦੇਸ਼ਕ ਹੋਣ ਦੇ ਨਾਲ਼-ਨਾਲ਼ ਲੈਫਟਵਰਡ ਬੁੱਕਸ ਦੀ ਸੰਪਾਦਕਾ ਵੀ ਹਨ।
ਤਰਜਮਾ - ਕਮਲਜੀਤ ਕੌਰ