ਸ਼੍ਰੀਕਾਕੁਲਮ ਪਰਦੇਸਮ ਕਹਿੰਦੇ ਹਨ ਉਨ੍ਹਾਂ ਨੇ ਇਸ ਦੀਵਾਲੀ ਕਰੀਬ 10,000-12,000 ਦੀਵੇ ਬਣਾਏ ਹਨ। ਦੀਵਾਲੀ ਇਸ ਹਫ਼ਤੇ ਮਨਾਈ ਜਾ ਰਹੀ ਹੈ ਤੇ ਇਸ 92 ਸਾਲਾ ਘੁਮਿਆਰ ਨੇ ਤਿਓਹਾਰ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਦੀਵੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਪਰਦੇਸਮ ਹਰ ਰੋਜ਼ ਉਹ ਚਾਹ ਦਾ ਇੱਕ ਕੱਪ ਪੀਂਦੇ ਤੇ ਸਵੇਰੇ 7 ਵਜੇ ਕੰਮੇ ਲੱਗੇ ਜਾਂਦੇ ਤੇ ਦੇਰ ਤਿਰਕਾਲੀਂ ਲੱਗੇ ਰਹਿੰਦੇ ਤੇ ਇੰਨੇ ਸਮੇਂ ਵਿੱਚ ਉਹ ਮਸਾਂ ਹੀ ਦੋ ਕੁ ਵਾਰ ਉੱਠਦੇ ਹੋਣੇ।
ਅਕਤੂਬਰ ਦੇ ਪਹਿਲੇ ਹਫ਼ਤਿਆਂ ਦੌਰਾਨ, ਪਰਦੇਸਮ ਨੇ ਛੋਟੇ ਜਿਹੇ ਪੜਾਵੇ ਵਾਲ਼ੇ ਦੀਵੇ ਬਣਾਉਣ 'ਚ ਆਪਣਾ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ। ''ਇਹ ਬਣਾਉਣੇ ਥੋੜ੍ਹੇ ਔਖ਼ੇ ਹੁੰਦੇ ਨੇ। ਦੀਵੇ ਦੇ ਪੜਾਵੇ ਦੀ ਮੋਟਾਈ ਸਹੀ ਰੱਖਣੀ ਪੈਂਦੀ ਹੈ,'' ਉਹ ਕਹਿੰਦੇ ਹਨ। ਪੜਾਵਾ ਤੇਲ਼ ਨਾਲ਼ ਭਰੇ ਕੱਪ-ਨੁਮਾ ਦੀਵੇ ਨੂੰ ਪਲ਼ਟਣ ਤੋਂ ਰੋਕਦਾ ਹੈ ਤੇ ਬਲ਼ਦੀ ਬੱਤੀ ਨੂੰ ਬਾਹਰ ਵੀ ਡਿੱਗਣ ਨਹੀਂ ਦਿੰਦਾ। ਇਸ ਇੱਕ ਦੀਵੇ ਨੂੰ ਬਣਾਉਣ 'ਚ ਪੰਜ ਮਿੰਟ ਵੱਧ ਲੱਗਦੇ ਹਨ ਜਦੋਂਕਿ ਸਧਾਰਣ ਦੀਵਾ ਬਣਨ 'ਚ ਵੱਧ ਤੋਂ ਵੱਧ ਦੋ ਮਿੰਟ ਲੱਗਦੇ ਹਨ। ਪਰ ਗਾਹਕ ਹੱਥੋਂ ਖੁੱਸ ਨਾ ਜਾਣ ਇਸ ਕਰਕੇ ਉਹ 3 ਰੁਪਏ ਵਿੱਚ ਵਿਕਣ ਵਾਲ਼ੇ ਸਧਾਰਣ ਦੀਵੇ ਨਾਲ਼ੋਂ ਇਸ ਦੀਵੇ ਵਾਸਤੇ ਸਿਰਫ਼ ਇੱਕ ਰੁਪਿਆ ਹੀ ਵੱਧ ਲੈਂਦੇ ਹਨ।
ਆਪਣੀ ਕਲਾ ਨੂੰ ਲੈ ਕੇ ਇਹ ਪਰਦੇਸਮ ਦਾ ਉਤਸ਼ਾਹ ਤੇ ਸ਼ੌਕ ਹੀ ਹੈ ਜਿਹਨੇ ਅੱਠ ਦਹਾਕਿਆ ਤੱਕ ਵਿਸ਼ਾਖਾਪਟਨਮ ਦੇ ਕੁੰਮਰੀਵੇਧੀ (ਘੁਮਿਆਰਾਂ ਦੀ ਗਲ਼ੀ) ਵਿਖੇ ਪੈਂਦੇ ਆਪਣੇ ਮਕਾਨ ਅੰਦਰ ਇਸ ਚਾਕ ਨੂੰ ਘੁੰਮਦਾ ਰੱਖਿਆ। ਇੰਨੇ ਸਮੇਂ ਦੌਰਾਨ ਉਨ੍ਹਾਂ ਦੇ ਹੱਥੀਂ ਤਿਆਰ ਲੱਖਾਂ-ਲੱਖ ਦੀਵਿਆਂ ਨੇ ਦੀਵਾਲੀ ਮੌਕੇ ਕਈ ਘਰਾਂ ਨੂੰ ਰੌਸ਼ਨ ਕੀਤਾ ਹੋਣਾ। ''ਦੇਖਦੇ ਹੀ ਦੇਖਦੇ ਇਹ ਅਕਾਰਹੀਣ ਘਾਣੀ ਚਾਕ 'ਤੇ ਚੜ੍ਹਦਿਆਂ ਹੀ ਸਿਰਫ਼ ਸਾਡੇ ਹੱਥਾਂ ਦੀ ਛੂਹ ਤੇ ਊਰਜਾ ਨਾਲ਼ ਇੱਕ ਵਸਤੂ ਦਾ ਅਕਾਰ ਲੈਣ ਲੱਗਦੀ ਏ। ਇਹੀ ਤਾਂ ਕਲਾ ਹੈ,'' ਸੌ ਸਾਲ ਨੂੰ ਢੁੱਕਣ ਵਾਲ਼ੇ ਇਸ ਬਜ਼ੁਰਗ ਦਾ ਕਹਿਣਾ ਹੈ ਜੋ ਆਪਣੇ ਪਰਿਵਾਰ ਦੇ ਨਾਲ਼ ਰਹਿੰਦਾ ਹੈ ਤੇ ਬਹੁਤਾ ਕਰਕੇ ਘਰੋਂ ਬਾਹਰ ਨਹੀਂ ਜਾਂਦਾ ਕਿਉਂਕਿ ਉਹਨੂੰ ਥੋੜ੍ਹਾ ਉੱਚਾ ਸੁਣਦਾ ਹੈ।
ਕੁੰਮਰੀ ਵੇਧੀ, ਵਿਸ਼ਾਖਾਪਟਨਮ ਸ਼ਹਿਰ ਦੇ ਅਕਯਾਪਾਲਮ ਦੇ ਰੁਝੇਵੇਂ ਭਰੇ ਬਾਜ਼ਾਰ ਦੇ ਨੇੜੇ ਸਥਿਤ ਇੱਕ ਭੀੜੀ ਗਲ਼ੀ ਹੈ। ਇਸ ਗਲ਼ੀ ਦੇ ਜ਼ਿਆਦਾਤਰ ਵਾਸੀ ਕੁੰਮਰਾ ਹੀ ਹਨ- ਇੱਕ ਅਜਿਹਾ ਭਾਈਚਾਰਾ ਜੋ ਪੀੜ੍ਹੀਆਂ ਤੋਂ ਮਿੱਟੀ ਦੀਆਂ ਵਸਤਾਂ ਤੇ ਮੂਰਤੀਆਂ ਬਣਾਉਂਦਾ ਆਇਆ ਹੈ। ਪਰਦੇਸਮ ਦੇ ਦਾਦਾ ਕੰਮ ਦੀ ਭਾਲ ਵਿੱਚ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਪਦਮਨਾਭਨ ਮੰਡਲ ਦੇ ਪੋਟਨਰੂ ਪਿੰਡ ਤੋਂ ਇੱਥੇ ਸ਼ਹਿਰ ਆ ਗਏ ਸਨ। ਉਨ੍ਹਾਂ ਨੂੰ ਉਹ ਸਮਾਂ ਯਾਦ ਹੈ ਜਦੋਂ ਉਹ ਛੋਟੇ ਹੁੰਦੇ ਸਨ ਅਤੇ ਇਸੇ ਘੁਮਿਆਰ ਗਲੀ ਦੇ ਸਾਰੇ ਹੀ 30 ਕੁੰਮਰਾ ਪਰਿਵਾਰ ਦੀਵੇ, ਪੌਦਿਆਂ ਲਈ ਗਮਲੇ, 'ਪਿਗੀ ਬੈਂਕ', ਮਿੱਟੀ ਦੇ ਜਾਰ, ਕੱਪ ਅਤੇ ਮੂਰਤੀਆਂ ਸਮੇਤ ਹੋਰ ਮਿੱਟੀ ਦੀਆਂ ਚੀਜ਼ਾਂ ਬਣਾ ਰਹੇ ਹੁੰਦੇ।
ਅੱਜ, ਪਰਦੇਸਮ ਦੀਵੇ ਬਣਾਉਣ ਦੇ ਅਖ਼ੀਰਲੇ ਕਾਰੀਗਰ ਹਨ, ਉਸ ਥਾਵੇਂ ਜਿਹਨੂੰ ਵਿਸ਼ਾਖਾਪਟਨਮ ਦੇ ਘੁਮਿਆਰਾਂ ਦੇ ਇਕਲੌਤੇ ਘਰ ਵਜੋਂ ਦੇਖਿਆ ਜਾਂਦਾ ਹੈ। ਘੁਮਿਆਰਾਂ ਦੇ ਬਾਕੀ ਪਰਿਵਾਰ ਜਾਂ ਤਾਂ ਸਿਰਫ਼ ਮੂਰਤੀ ਤੇ ਮਿੱਟੀ ਦੀਆਂ ਹੋਰ ਵਸਤਾਂ ਬਣਾਉਂਦੇ ਹਨ ਜਾਂ ਇਸ ਕਲਾ ਨੂੰ ਹੀ ਪੂਰੀ ਤਰ੍ਹਾਂ ਛੱਡ ਗਏ ਹਨ। ਇੱਕ ਦਹਾਕਾ ਪਹਿਲਾਂ ਤੀਕਰ, ਉਹ (ਪਰਦੇਸਮ) ਵੀ ਤਿਓਹਾਰਾਂ ਵਾਸਤੇ ਮੂਰਤੀਆਂ ਬਣਾਉਂਦੇ ਸਨ ਪਰ ਹੌਲ਼ੀ-ਹੌਲ਼ੀ ਉਹ ਕੰਮ ਛੱਡ ਗਏ। ਉਹ ਕਹਿੰਦੇ ਹਨ ਕਿ ਮੂਰਤੀਆਂ ਬਣਾਉਣਾ ਸਰੀਰਕ ਮਿਹਨਤ ਪੱਖੋਂ ਵੱਧ ਔਖ਼ਾ ਕੰਮ ਹੈ ਤੇ ਉਨ੍ਹਾਂ ਨੂੰ ਘੰਟਿਆਂ-ਬੱਧੀ ਭੁੰਜੇ ਬੈਠਣਾ ਮੁਸ਼ਕਲ ਲੱਗਦਾ ਹੈ।
ਹੁਣ ਪਰਦੇਸਮ ਵਿਨਾਇਕ (ਗਣੇਸ਼) ਚਤੁਰਥੀ ਦੇ ਖ਼ਤਮ ਹੋਣ ਦੀ ਉਡੀਕ ਕਰਦੇ ਹਨ ਤਾਂਕਿ ਉਹ ਦੀਵਾਲੀ ਵਾਸਤੇ ਦੀਵੇ ਬਣਾਉਣੇ ਸ਼ੁਰੂ ਕਰ ਸਕਣ। ਘਰ ਦੇ ਨੇੜੇ ਗਲ਼ੀ 'ਚ ਇੱਕ ਤੰਬੂ ਅੰਦਰ ਹੀ ਉਹ ਕੰਮ ਕਰਦੇ ਹਨ। ''ਮੈਨੂੰ ਸੱਚਿਓ ਨਹੀਂ ਪਤਾ ਕਿ ਮੈਨੂੰ ਦੀਵੇ ਬਣਾਉਣ 'ਚ ਖ਼ੁਸ਼ੀ ਕਿਉਂ ਮਿਲ਼ਦੀ ਏ। ਪਰ ਬਗ਼ੈਰ ਸੋਚੇ ਮੈਂ ਬਣਾਉਂਦਾ ਰਹਿੰਦਾ ਹਾਂ। ਸ਼ਾਇਦ ਇਹ ਘਾਣੀ 'ਚੋਂ ਉੱਠਣ ਵਾਲ਼ੀ ਮਹਿਕ ਹੀ ਹੈ ਜੋ ਮੈਨੂੰ ਸਭ ਤੋਂ ਵੱਧ ਭਾਉਂਦੀ ਏ,'' ਉਹ ਕਹਿੰਦੇ ਹਨ।
ਬਚਪਨ ਦੇ ਦਿਨੀਂ, ਪਰਦੇਸਮ ਨੇ ਆਪਣੇ ਪਿਤਾ ਕੋਲ਼ੋਂ ਹੀ ਦੀਵਾਲੀ ਮੌਕੇ ਬਾਲ਼ੇ ਜਾਣ ਵਾਲ਼ੇ ਸਧਾਰਣ ਦੀਵੇ ਬਣਾਉਣੇ ਸਿੱਖੇ ਸਨ। ਫਿਰ ਉਹ ਸਧਾਰਣ ਦੀਵਿਆਂ ਦੇ ਨਾਲ਼ ਸਜਾਵਟੀ ਦੀਵੇ, ਗਮਲ਼ੇ, ਮਨੀ ਬੈਂਕ ਤੇ ਵਿਨਾਇਕ ਚਤੁਰਥੀ ਲਈ ਗਣੇਸ਼ ਦੀਆਂ ਮੂਰਤਾਂ ਬਣਾਉਣ ਦੇ ਨਾਲ਼ ਨਾਲ਼ 'ਫਲਾਵਰ-ਪੌਟ' ਵੀ ਬਣਾਉਣ ਲੱਗੇ ਜੋ ਮਿੱਟੀ ਦਾ ਛੋਟਾ ਜਿਹਾ ਘੜਾ ਹੁੰਦਾ ਜਿਹਦੀ ਵਰਤੋਂ ਪਟਾਕਾ ਉਦਯੋਗ ਵਿੱਚ ਇਸੇ ਨਾਮ ਦੇ ਇੱਕ ਪਟਾਕੇ ਨੂੰ ਬਣਾਉਣ ਲਈ ਕੀਤੀ ਜਾਂਦੀ। ਇਸ ਸਾਲ ਉਨ੍ਹਾਂ ਨੂੰ ਅਜਿਹੇ 1,000 ਫਲਾਵਰ ਪੌਟ ਬਣਾਉਣ ਦਾ ਆਰਡਰ ਮਿਲ਼ਿਆ ਤੇ ਹਰੇਕ ਪੀਸ ਬਦਲੇ ਉਨ੍ਹਾਂ ਨੂੰ 3 ਰੁਪਏ ਮਿਲ਼ੇ।
ਦੀਵਾਲੀ ਆਉਣ ਤੱਕ ਦੇ ਮਹੀਨਿਆਂ 'ਚ ਪਰਦੇਸਮ ਦੇ ਕੁਸ਼ਲ ਹੱਥ ਰੋਜ਼ਾਨਾ 500 ਦੀਵੇ ਜਾਂ ਫਲਾਵਰ-ਪੌਟ ਘੜ੍ਹ ਸਕਦੇ ਹਨ। ਉਹ ਅੰਦਾਜ਼ਾ ਲਾ ਕੇ ਦੱਸਦੇ ਹਨ ਕਿ ਘੜ੍ਹੀਆਂ ਜਾਣ ਵਾਲ਼ੀਆਂ ਤਿੰਨ ਵਸਤਾਂ 'ਚੋਂ ਕੋਈ ਇੱਕ ਨੇਪਰੇ ਨਹੀਂ ਚੜ੍ਹਦੀ। ਉਹ ਜਾਂ ਤਾਂ ਭੱਠੀ 'ਚ ਤਪਾਉਣ ਵੇਲ਼ੇ ਟੁੱਟ ਜਾਂਦੀ ਹੈ ਜਾਂ ਫਿਰ ਸਾਫ਼ ਕਰਨ ਲੱਗਿਆਂ। ਇਸ ਸਭ ਕਾਸੇ ਵਾਸਤੇ ਘੁਮਿਆਰ ਅੱਜਕੱਲ੍ਹ ਮਿਲ਼ਣ ਵਾਲ਼ੀ ਮਿੱਟੀ ਦੀ ਗੁਣਵੱਤਾ 'ਤੇ ਦੋਸ਼ ਲਾਉਂਦੇ ਹਨ।
ਜਦੋਂ ਕੰਮ ਦਾ ਜ਼ੋਰ ਹੁੰਦਾ ਹੈ ਤਾਂ ਪਰਦੇਸਮ ਦਾ ਬੇਟਾ, ਸ਼੍ਰੀਨਿਵਾਸ ਰਾਓ ਤੇ ਉਨ੍ਹਾਂ ਦੀ ਨੂੰਹ, ਸਤਿਆਵਤੀ ਕੰਮ 'ਚ ਮਦਦ ਕਰਦੇ ਹਨ। ਜੁਲਾਈ-ਅਕਤੂਬਰ ਦੇ ਇਸ ਤਿਓਹਾਰ ਦੇ ਮੌਸਮ 'ਚ ਪੂਰਾ ਪਰਿਵਾਰ ਮਿਲ਼ ਕੇ 75,000 ਰੁਪਏ ਕਮਾ ਲੈਂਦਾ ਹੈ। ਸਾਲ ਦੇ ਬਾਕੀ ਦਿਨੀਂ ਕੋਈ ਵਿਰਲਾ ਹੀ ਗਾਹਕ ਘੁਮਿਆਰਾਂ ਦੀ ਇਸ ਗਲ਼ੀ ਪੈਰ ਪਾਉਂਦਾ ਹੋਣਾ। ਸ਼੍ਰੀਨਿਵਾਸ ਦੀ ਸਕੂਲ ਦੀ ਨੌਕਰੀ ਤੋਂ ਉਨ੍ਹਾਂ ਨੂੰ 10,000 ਰੁਪਇਆ ਮਹੀਨਾ ਮਿਲ਼ਦਾ ਹੈ ਤੇ ਬਾਕੀ ਸਮਾਂ ਪਰਿਵਾਰ ਇਸੇ ਕਮਾਈ ਸਿਰ ਨਿਰਭਰ ਰਹਿੰਦਾ ਹੈ।
ਪਿਛਲੀ ਦੀਵਾਲੀ, ਕਰੋਨਾ ਨੇ ਵਿਕਰੀ ਨੂੰ ਹਲ਼ੂਣ ਸੁੱਟਿਆ ਤੇ ਉਹ ਜਿਵੇਂ ਕਿਵੇਂ ਕਰਕੇ ਮਸਾਂ ਹੀ 3,000-4,000 ਦੀਵੇ ਹੀ ਵੇਚ ਪਾਏ ਤੇ ਫਲਾਵਰ-ਪੌਟ ਇੱਕ ਵੀ ਨਹੀਂ ਵਿਕਿਆ। ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਪਰਦੇਸਮ ਨੇ ਪਾਰੀ ਨਾਲ਼ ਗੱਲਬਾਤ ਦੌਰਾਨ ਕਿਹਾ,''ਹੁਣ ਸਧਾਰਣ ਦੀਵਾ ਕਿਸੇ ਦੀ ਮੰਗ ਨਹੀਂ ਰਿਹਾ।'' ਫਿਰ ਵੀ ਉਹ ਮੰਗ 'ਚ ਉਛਾਲ਼ ਆਉਣ ਨੂੰ ਲੈ ਕੇ ਆਸਵੰਦ ਹਨ। ਉਹ ਛੋਟੀਆਂ ਉਦਯੋਗਿਕ ਇਕਾਈਆਂ ਵਿੱਚ ਡਾਈ-ਕਾਸਟ ਮੋਲਡਾਂ 'ਤੇ ਤਿਆਰ ਹੋਣ ਵਾਲ਼ੇ ਦੀਵਿਆਂ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ,''ਗਾਹਕ ਮਸ਼ੀਨ 'ਤੇ ਬਣੇ ਸਜਾਵਟੀ ਦੀਵੇ ਚਾਹੁੰਦੇ ਹਨ।'' ਕੁੰਮਰੀਵੇਧੀ ਵਿਖੇ ਕੁਝ ਅਜਿਹੇ ਪਰਿਵਾਰ ਵੀ ਹਨ ਜੋ ਕਦੇ ਘੁਮਿਆਰ ਰਹੇ ਹਨ ਤੇ ਹੁਣ 3-4 ਰੁਪਏ (ਪ੍ਰਤੀ ਪੀਸ) ਵਿੱਚ ਸਜਾਵਟੀ ਦੀਵੇ ਖਰੀਦਦੇ ਹਨ ਤੇ 5-10 ਰੁਪਏ ਪ੍ਰਤੀ ਪੀਸ (ਡਿਜ਼ਾਇਨ ਮੁਤਾਬਕ) ਦੇ ਹਿਸਾਬ ਨਾਲ਼ ਵੇਚ ਵੀ ਦਿੰਦੇ ਹਨ।
ਮੁਕਾਬਲੇ ਦੇ ਬਾਵਜੂਦ, ਇੰਨਾ ਕਹਿੰਦਿਆਂ ਹੀ ਪਰਦੇਸਮ ਦਾ ਚਿਹਰਾ ਚਮਕ ਉੱਠਦਾ ਹੈ,''ਸਧਾਰਣ ਦੀਵੇ ਬਣਾਉਣਾ ਮੇਰਾ ਪਸੰਦੀਦਾ ਕੰਮ ਏ ਕਿਉਂਕਿ ਇਹ ਮੇਰੀ ਪੋਤੀ ਨੂੰ ਪਸੰਦ ਏ।''
ਕੁੰਮਰੀਵੇਧੀ ਦੇ ਕੁਝ ਪਰਿਵਾਰ ਜੋ ਅਜੇ ਵੀ ਸ਼ਿਲਪਕਾਰੀ ਨਾਲ਼ ਜੁੜੇ ਹੋਏ ਹਨ, ਹਰ ਸਾਲ ਵਿਨਾਇਕ ਚਤੁਰਥੀ ਤੋਂ ਕੁਝ ਮਹੀਨੇ ਪਹਿਲਾਂ ਇੱਕ ਡੀਲਰ ਤੋਂ ਮੱਟੀ (ਮਿੱਟੀ) ਖਰੀਦਦੇ ਹਨ। ਉਹ ਇਕੱਠਿਆਂ ਰਲ਼ ਕੇ ਘਾਣੀ (ਮਿੱਟੀ) ਦਾ ਇੱਕ ਟਰੱਕ ਖਰੀਦਦੇ ਹਨ ਜਿਸ ਅੰਦਰ ਕਰੀਬ 5 ਟਨ ਮਿੱਟੀ ਹੁੰਦੀ ਹੈ। ਇਸ ਬਦਲੇ ਉਹ 15,000 ਰੁਪਏ ਦਿੰਦੇ ਹਨ ਤੇ ਆਂਧਰਾ ਪ੍ਰਦੇਸ਼ ਦੇ ਗੁਆਂਢੀ ਵਿਜੈਨਗਰਮ ਜ਼ਿਲ੍ਹੇ ਦੀਆਂ ਖ਼ਾਸ ਥਾਵਾਂ ਤੋਂ ਹੋਣ ਵਾਲ਼ੀ ਢੋਆ-ਢੁਆਈ 'ਤੇ ਵੱਖਰੇ 10,000 ਰੁਪਏ ਅਦਾ ਕਰਨੇ ਪੈਂਦੇ ਹਨ। ਸਹੀ ਗੁਣਵੱਤਾ ਵਾਲ਼ੀ ਜਿਨਕਮਾਟੀ ਹਾਸਲ ਕਰਨਾ ਬਹੁਤ ਜ਼ਰੂਰੀ ਹੈ- ਜਿਸ ਅੰਦਰ ਮੌਜੂਦ ਕੁਦਰਤੀ ਗੂੰਦ ਮਿੱਟੀ ਦੀਆਂ ਕਲਾਕ੍ਰਿਤੀਆਂ ਤੇ ਮੂਰਤੀਆਂ ਦੋਵਾਂ ਨੂੰ ਬਣਾਉਣ ਲਈ ਕਾਰਗਰ ਰਹਿੰਦੀ ਹੈ।
ਪਰਦੇਸਮ ਦਾ ਪਰਿਵਾਰ ਇੱਕ ਟਨ ਜਾਂ 1,000 ਕਿਲੋ ਘਾਣੀ (ਮਿੱਟੀ) ਲੈਂਦਾ ਹੈ। ਦੀਵਾਲੀ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਵੀ ਉਨ੍ਹਾਂ ਦੇ ਘਰ ਦੇ ਬਾਹਰ ਘਾਣੀ ਦੀਆਂ ਬਚੀਆਂ ਬੋਰੀਆਂ ਦੀ ਖੇਪ ਦੇਖੀ ਜਾ ਸਕਦੀ ਹੈ। ਗੂੜ੍ਹੀ ਲਾਲ ਰੰਗੀ ਘਾਣੀ ਕੁਝ ਕੁਝ ਖ਼ੁਸ਼ਕ ਕੇ ਗੰਢਦਾਰ ਹੈ ਅਤੇ ਜਿਓਂ ਜਿਓਂ ਇਸ ਅੰਦਰ ਪਾਣੀ ਰਲ਼ਾਇਆ ਜਾਂਦਾ ਹੈ ਇਹ ਇਕਸਾਰ ਹੋਣ ਲੱਗਦੀ ਹੈ। ਬਾਅਦ ਵਿੱਚ ਇਹਨੂੰ ਪੈਰਾਂ ਨਾਲ਼ ਗੁੰਨ੍ਹਿਆ ਜਾਵੇਗਾ; ਪਰਦੇਸਮ ਕਹਿੰਦੇ ਹਨ ਇਹ ਸਖ਼ਤ ਲੱਗਦੀ ਹੈ ਤੇ ਇਸ ਅੰਦਰਲੇ ਛੋਟੇ ਛੋਟੇ ਕੰਕੜ ਉਨ੍ਹਾਂ ਦੇ ਪੈਰਾਂ ਨੂੰ ਚੀਰ ਦਿੰਦੇ ਹਨ।
ਇੱਕ ਵਾਰ ਜਦੋਂ ਘਾਣੀ ਇਕਸਾਰ ਹੋ ਜਾਂਦੀ ਹੈ ਤਾਂ ਮਾਸਟਰ ਕਾਰੀਗਰ ਅੰਦਰ ਖੂੰਜੇ 'ਚ ਪਿਆ ਲੱਕੜ ਦਾ ਭਾਰ ਚਾਕ ਬਾਹਰ ਕੱਢ ਲਿਆਉਂਦਾ ਹੈ ਜਿਸ 'ਤੇ ਸੁੱਕ ਚੁੱਕੀ ਮਿੱਟੀ ਦੇ ਛਿੱਟੇ ਪਏ ਹੁੰਦੇ ਹਨ ਅਤੇ ਫਿਰ ਉਹਨੂੰ ਸਟੈਂਡ 'ਤੇ ਟਿਕਾਉਂਦਾ ਹੈ। ਫਿਰ ਉਹ ਤਹਿ ਲੱਗੇ ਇੱਕ ਕੱਪੜੇ ਨੂੰ ਪੇਂਟ ਵਾਲ਼ੇ ਖਾਲੀ ਡੱਬੇ 'ਤੇ ਰੱਖਦਾ ਹੈ ਤੇ ਚਾਕ ਦੇ ਐਨ ਸਾਹਮਣੇ ਬਹਿ ਜਾਂਦਾ ਹੈ।
ਕੁੰਮਰੀਵੇਧੀ ਦੇ ਬਾਕੀ ਘੁਮਿਆਰਾਂ ਦੇ ਚਾਕਾਂ ਵਾਂਗਰ ਪਰਦੇਸਮ ਦਾ ਚਾਕ ਵੀ ਹੱਥ ਨਾਲ਼ ਚੱਲਦਾ ਹੈ। ਉਨ੍ਹਾਂ ਨੇ ਬਿਜਲਈ ਚਾਕ ਬਾਰੇ ਸੁਣਿਆ ਜ਼ਰੂਰ ਹੈ ਪਰ ਉਹਨੂੰ ਕੰਟਰੋਲ ਕਰਨ ਨੂੰ ਲੈ ਕੇ ਉਨ੍ਹਾਂ ਅੰਦਰ ਬੇਭਰੋਸਗੀ ਹੈ। ''ਹਰੇਕ ਕੂੰਡੇ ਤੇ ਦੀਵੇ ਵਾਸਤੇ ਚਾਕ ਦੀ ਗਤੀ ਅੱਡ-ਅੱਡ ਹੁੰਦੀ ਹੈ,'' ਉਹ ਧਿਆਨ ਦਵਾਉਂਦਿਆਂ ਕਹਿੰਦੇ ਹਨ।
ਬੁੱਕ ਭਰਕੇ ਗਿੱਲੀ ਘਾਣੀ ਨੂੰ ਚਾਕ ਦੇ ਐਨ ਵਿਚਕਾਰ ਕਰਕੇ ਸੁੱਟਦਿਆਂ ਹੀ ਉਨ੍ਹਾਂ ਦੇ ਹੱਥ ਬੜੇ ਮਲੂਕ ਢੰਗ ਨਾਲ਼ ਪਰ ਬੜੀ ਦ੍ਰਿੜਤਾ ਨਾਲ਼ ਕੰਮੇ ਲੱਗ ਜਾਂਦੇ ਹਨ, ਮਿੱਟੀ 'ਤੇ ਪੈਂਦੇ ਦਬਾਅ ਨਾਲ਼ ਦੀਵਾ ਆਪਣਾ ਅਕਾਰ ਲੈਣ ਲੱਗਦਾ ਹੈ। ਜਿਓਂ ਹੀ ਚਾਕ ਘੁੰਮਣਾ ਸ਼ੁਰੂ ਕਰਦਾ ਹੈ ਘਾਣੀ ਦੀ ਮਹਿਕ ਹਵਾ 'ਚ ਤੈਰਨ ਲੱਗਦੀ ਹੈ। ਚਾਕ ਦੀ ਗਤੀ ਬਣਾਈ ਰੱਖਣ ਵਾਸਤੇ ਉਹ ਲੱਕੜ ਦੀ ਸੋਟੀ ਨਾਲ਼ ਉਹਨੂੰ ਨਿਰੰਤਰ ਤੋਰੀ ਰੱਖਦੇ ਹਨ। ''ਹੁਣ ਮੇਰੀ ਉਮਰ ਹੋ ਰਹੀ ਏ। ਹੁਣ ਮੈਂ ਓਨੇ ਜ਼ੋਰ ਨਾਲ਼ ਕੰਮ ਨਹੀਂ ਕਰ ਸਕਦਾ,'' ਪਰਦੇਸਮ ਕਹਿੰਦੇ ਹਨ। ਜਿਓਂ ਹੀ ਦੀਵਾ ਅਕਾਰ ਲੈਣ ਲੱਗਦਾ ਹੈ ਤੇ ਥੋੜ੍ਹਾ ਆਠ੍ਹਰਣ ਲੱਗਦਾ ਹੈ, ਇਹ ਘੁਮਿਆਰ ਧਾਗੇ ਦੀ ਮਦਦ ਨਾਲ਼ ਉਹਨੂੰ ਚਾਕ ਤੋਂ ਲਾਹ ਲੈਂਦਾ ਹੈ।
ਚਾਕ ਤੋਂ ਲੱਥਦਿਆਂ ਹੀ ਉਹ ਦੀਵਿਆਂ ਤੇ ਫਲਾਵਰ-ਪੌਟਾਂ ਨੂੰ ਬੜੀ ਸਾਵਧਾਨੀ ਨਾਲ਼ ਲੱਕੜ ਦੇ ਤਖ਼ਤੇ 'ਤੇ ਟਿਕਾ ਦਿੰਦਾ ਹੈ। ਮਿੱਟੀ ਦੀਆਂ ਵਸਤਾਂ ਅਗਲੇ 3-4 ਦਿਨ ਛਾਵੇਂ ਸੁੱਕਦੀਆਂ ਰਹਿੰਦੀਆਂ ਹਨ। ਸੁੱਕਣ ਤੋਂ ਬਾਅਦ, ਇਨ੍ਹਾਂ ਨੂੰ ਭੱਠੀ ਅੰਦਰ ਰੱਖ ਕੇ ਪੂਰੇ 2 ਦਿਨ ਪਕਾਇਆ ਜਾਂਦਾ ਹੈ। ਭੱਠੀ ਨੂੰ ਜੁਲਾਈ ਤੋਂ ਅਕਤੂਬਰ ਦੇ ਵਿਚਕਾਰ (ਵਿਨਾਇਕ ਚਤੁਰਥੀ, ਦੁਸਹਿਰਾ ਅਤੇ ਦੀਵਾਲੀ ਲਈ) ਹਰ 2-3 ਹਫਤਿਆਂ ਵਿੱਚ ਇੱਕ ਵਾਰ ਮਘਾਇਆ ਜਾਂਦਾ ਹੈ। ਸਾਲ ਦੇ ਬਾਕੀ ਸਮੇਂ ਇਸ ਨੂੰ ਮਹੀਨੇ ਵਿੱਚ ਮੁਸ਼ਕਿਲ ਨਾਲ ਇੱਕ ਵਾਰ ਹੀ ਮਘਾਇਆ ਜਾਂਦਾ ਹੈ।
ਭਾਰਤ ਦੇ ਪੂਰਬੀ ਤਟ 'ਤੇ ਮਾਨਸੂਨ ਦੀ ਦੇਰੀ ਨਾਲ਼ ਪੈਣ ਵਾਲ਼ਾ ਮੀਂਹ ਵੀ ਉਨ੍ਹਾਂ ਦੇ ਇਸ ਕੰਮ ਨੂੰ ਨਾ ਰੋਕ ਪਾਉਂਦਾ ਹੈ ਤੇ ਨਾ ਹੀ ਕੰਮ ਦੀ ਚਾਲ਼ ਹੀ ਮੱਠੀ ਹੋਣ ਦਿੰਦਾ ਹੈ। ਬੱਸ ਇੰਨਾ ਫ਼ਰਕ ਪੈਂਦਾ ਹੈ ਕਿ ਉਨ੍ਹੀਂ ਦਿਨੀਂ ਪਰਦੇਸਮ ਘਰ ਦੇ ਮਗਰਲੇ ਪਾਸੇ ਤਰਪਾਲਾਂ ਨਾਲ਼ ਢੱਕੀ ਖਾਲੀ ਥਾਂ ਨੂੰ ਆਪਣੀ ਵਰਕਸ਼ਾਪ ਬਣਾ ਲੈਂਦੇ ਹਨ। ਮੁਹੱਲੇ ਦੇ ਕੁਝ ਬਲੂੰਗੜੇ ਉਨ੍ਹਾਂ ਦੇ ਦੁਆਲ਼ੇ ਖੇਡਦੇ ਰਹਿੰਦੇ ਹਨ ਤੇ ਘੁੰਮਦੇ ਚਾਕ ਦੇ ਆਸਪਾਸ ਟਪੂਸੀਆਂ ਮਾਰਦੇ ਰਹਿੰਦੇ ਹਨ। ਕਦੇ ਮਿੱਟੀ ਦੇ ਕੱਚੇ ਭਾਂਡਿਆਂ ਨੂੰ ਦੰਦੀਆਂ ਵੱਢਦੇ ਹਨ ਤੇ ਕਦੇ ਘਰ ਦਾ ਸਮਾਨ ਖ਼ਰਾਬ ਕਰਦੇ ਰਹਿੰਦੇ ਹਨ।
ਪਰਦੇਸਮ ਦੀ ਪਤਨੀ, ਪੇਡਿਤਲੀ ਬੀਮਾਰ ਹਨ ਤੇ ਉਹ ਆਪਣੇ ਬਿਸਤਰੇ 'ਤੇ ਹੀ ਲੇਟੀ ਰਹਿੰਦੀ ਹਨ। ਇਸ ਜੋੜੇ ਦੇ ਚਾਰ ਬੱਚੇ ਸਨ- ਦੋ ਧੀਆਂ ਤੇ ਦੋ ਪੁੱਤਰ, ਜਿਨ੍ਹਾਂ ਵਿੱਚੋਂ ਇੱਕ ਬੇਟੇ ਦੀ ਮੌਤ ਭਰ ਜਵਾਨੀ ਵੇਲ਼ੇ ਹੋ ਗਈ ਸੀ।
''ਇਹ ਦੁਖਦ ਗੱਲ ਹੈ ਕਿ ਦੀਵੇ ਬਣਾਉਣ ਵਾਲ਼ਾ ਸਿਰਫ਼ ਮੈਂ ਹੀ ਇਕੱਲਾ ਬਚਿਆ ਹਾਂ। ਤਾਉਮਰ ਮੈਂ ਇਹੀ ਸੋਚਿਆ ਕਿ ਘੱਟੋਘੱਟ ਮੇਰਾ ਬੇਟਾ ਤਾਂ ਇਸ ਕੰਮ ਨੂੰ ਜਾਰੀ ਰੱਖੇਗਾ,'' ਪਰਦੇਸਮ ਕਹਿੰਦੇ ਹਨ। ''ਮੈਂ ਆਪਣੇ ਬੇਟੇ ਨੂੰ ਚਾਕ ਘੁਮਾਉਣ ਦੇ ਗੁਣ ਸਿਖਾਏ। ਪਰ ਗਣੇਸ਼ ਦੀਆਂ ਮੂਰਤੀਆਂ ਤੇ ਦੀਵੇ ਬਣਾ ਕੇ ਹੋਣ ਵਾਲ਼ੀ ਕਮਾਈ ਕਾਫ਼ੀ ਨਾ ਰਹਿੰਦੀ, ਇਸਲਈ ਉਹ ਨਿੱਜੀ ਸਕੂਲ ਵਿੱਚ ਬਤੌਰ ਚਪੜਾਸੀ ਕੰਮ ਕਰਦਾ ਹੈ।'' ਪਰਦੇਸਮ ਵੱਲੋਂ ਤਿਆਰ ਦੀਵੇ 20 ਰੁਪਏ ਦਰਜ਼ਨ ਦੇ ਹਿਸਾਬ ਨਾਲ਼ ਵਿਕਦੇ ਹਨ ਪਰ ਜੇਕਰ ਕੋਈ ਬਹਿਸ ਕਰਦਾ ਹੈ ਤਾਂ ਉਹ ਕੀਮਤ ਘਟਾ ਕੇ 10 ਰੁਪਏ ਵੀ ਕਰ ਲੈਂਦੇ ਹਨ। ਪਰ ਅਜਿਹੀ ਸੂਰਤੇ-ਹਾਲ ਮੁਨਾਫ਼ਾ ਗਾਇਬ ਹੋ ਜਾਂਦਾ ਹੈ।
''ਕੋਈ ਨਹੀਂ ਸਮਝਦਾ ਕਿ ਇੱਕ ਆਮ ਦੀਵਾ ਬਣਾਉਣ 'ਚ ਵੀ ਕਿੰਨੀ ਮਿਹਨਤ ਲੱਗਦੀ ਏ,'' ਗੌਰੀ ਸ਼ੰਕਰ ਕਹਿੰਦੇ ਹਨ। ਕੁੰਮਰੀਵੇਧੀ ਦਾ ਇਹ 65 ਸਾਲਾ ਵਾਸੀ, ਪਰਦੇਸਮ ਦੇ ਘਰ ਤੋਂ ਕੁਝ ਘਰ ਦੂਰ ਰਹਿੰਦਾ ਹੈ। ਉਹ ਦੋਵੇਂ ਸ਼ੁਰੂ ਤੋਂ ਗੁਆਂਢੀ ਰਹੇ ਹਨ। ਗੌਰੀ ਸ਼ੰਕਰ ਹੁਣ ਨਾ ਤਾਂ ਚਾਕ ਹੀ ਘੁਮਾ ਪਾਉਂਦੇ ਹਨ ਤੇ ਨਾ ਹੀ ਭੁੰਜੇ ਬਹਿ ਪਾਉਂਦੇ ਹਨ। ''ਮੇਰਾ ਲੱਕ ਦੁਖਦਾ ਰਹਿੰਦਾ ਹੈ ਤੇ ਖੜ੍ਹੇ ਹੋਣਾ ਇੱਕ ਮੁਸੀਬਤ ਬਣ ਜਾਂਦਾ ਹੈ,'' ਉਹ ਕਹਿੰਦੇ ਹਨ।
ਗੌਰੀ ਸ਼ੰਕਰ ਦੱਸਦੇ ਹਨ ਕਿ ਕੁਝ ਸਾਲ ਪਹਿਲਾਂ ਤੀਕਰ ਉਨ੍ਹਾਂ ਦੇ ਪਰਿਵਾਰ ਨੇ ਦੀਵਾਲੀ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਦੀਵੇ ਬਣਾਏ ਸਨ। ਫਿਰ ਉਨ੍ਹਾਂ ਨੇ ਦੀਵੇ ਬਣਾਉਣੇ ਬੰਦ ਕਰ ਦਿੱਤੇ ਉਹ ਕਹਿੰਦੇ ਹਨ ਕਿ ਹੱਥੀਂ ਤਿਆਰ ਇਨ੍ਹਾਂ ਦੀਵਿਆਂ ਦਾ ਮੁੱਲ ਬਹੁਤ ਘੱਟ ਮਿਲ਼ਦਾ ਹੈ ਤੇ ਇਸ ਕੀਮਤ ਨਾਲ਼ ਘਾਣੀ ਦਾ ਖਰਚਾ ਵੀ ਪੂਰਾ ਨਹੀਂ ਪੈਂਦਾ। ਇਸਲਈ ਇਸ ਸਾਲ ਗੌਰੀ ਸ਼ੰਕਰ ਦੇ ਪਰਿਵਾਰ ਨੇ 25,000 ਦੇ ਕਰੀਬ ਮਸ਼ੀਨੀ ਦੀਵੇ ਖਰੀਦੇ, ਜਿੰਨ੍ਹਾਂ ਨੂੰ ਉਹ ਵੇਚ ਕੇ ਕੁਝ ਮੁਨਾਫ਼ਾ ਕਮਾਉਣ ਦੀ ਉਮੀਦ ਕਰ ਰਹੇ ਹਨ।
ਪਰ ਆਪਣੇ ਦੋਸਤ ਪਰਦੇਸਮ ਦੀ ਮਦਦ ਕਰਨ ਵਾਸਤੇ ਗੌਰੀ ਸ਼ੰਕਰ ਆਪਣੇ ਪੈਰਾਂ ਨਾਲ਼ ਘਾਣੀ ਨੂੰ ਗੰਨ੍ਹਦੇ ਹਨ। ਉਹ ਕਹਿੰਦੇ ਹਨ,''ਇਹ ਦੀਵੇ ਬਣਾਉਣ ਦੀ ਪ੍ਰਕਿਰਿਆ ਦਾ ਪਹਿਲਾ ਪੜਾਅ ਹੁੰਦਾ ਹੈ। ਸਾਡੇ ਘੁਮਿਆਰਾਂ ਦਾ ਚਾਕ ਘੁੰਮਦਾ ਰਹੇ ਇਸ ਵਾਸਤੇ ਘਾਣੀ ਨੂੰ ਗੰਨ੍ਹਣਾ ਹੀ ਮੇਰਾ ਵਾਹਿਦ ਯੋਗਦਾਨ ਰਹਿ ਗਿਆ ਹੈ,'' ਗੱਲ ਜਾਰੀ ਰੱਖਦਿਆਂ ਕਹਿੰਦੇ ਹਨ,''ਪਰਦੇਸਮ ਬੁੱਢਾ ਹੋ ਗਿਆ ਏ। ਹਰ ਆਉਂਦੇ ਸਾਲ ਇਹੀ ਜਾਪਦਾ ਏ ਜਿਵੇਂ ਇਹ ਸਾਲ ਉਹਦੇ ਦੀਵੇ ਬਣਾਉਣ ਦਾ ਅਖੀਰਲਾ ਸਾਲ ਹੋਵੇਗਾ।''
ਇਸ ਸਟੋਰੀ ਨੂੰ ਰੰਗ ਦੇ ਫੈਲੋਸ਼ਿਪ ਗਰਾਂਟ ਦਾ ਸਮਰਥਨ ਪ੍ਰਾਪਤ ਹੈ।
ਤਰਜਮਾ: ਕਮਲਜੀਤ ਕੌਰ