ਇੱਕ ਵਾਰ ਫਿਰ ਪੂਰੇ ਅਗਰਤਲਾ ਅੰਦਰ ਢਾਕ ਦੀਆਂ ਅਵਾਜ਼ਾਂ ਗੂੰਜਣ ਲੱਗੀਆਂ ਹਨ। ਦੁਰਗਾ ਪੂਜਾ 11 ਅਕਤੂਬਰ ਨੂੰ ਆ ਰਹੀ ਹੈ ਅਤੇ ਇਹਦੇ ਜਸ਼ਨ ਦੀਆਂ ਤਿਆਰੀ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਪੰਡਾਲ ਲਾਉਣਾ, ਮੂਰਤੀਕਾਰਾਂ ਵੱਲੋਂ ਮੂਰਤੀਆਂ ਨੂੰ ਆਖ਼ਰੀ ਛੋਹਾਂ ਦੇਣੀਆਂ, ਪਰਿਵਾਰਾਂ ਦੁਆਰਾ ਨਵੇਂ ਕੱਪੜੇ ਖਰੀਦਣੇ ਆਦਿ।
ਢਾਕ , ਬੈਰਲ-ਨੁਮਾ (ਪੀਪਾ) ਡ੍ਰਮ ਜਿਹਨੂੰ ਗ਼ਲੇ ਵਿੱਚ ਲਮਕਾਇਆ ਜਾਂਦਾ ਹੈ ਜਾਂ ਇੱਕ ਠੋਸ ਥਾਵੇਂ ਟਿਕਾ ਕੇ ਸੋਟੀਆਂ ਦੇ ਸਹਾਰੇ ਵਜਾਇਆ ਜਾਂਦਾ, ਇਨ੍ਹਾਂ ਸਮਾਰੋਹਾਂ ਦਾ ਅਟੁੱਟ ਅੰਗ ਹੁੰਦਾ ਹੈ।
ਢਾਕ ਦਾ ਵਜਾਇਆ ਜਾਣਾ ਮੌਸਮੀ ਕੰਮ ਹੈ। ਹਰ ਸਾਲ ਪੂਜਾ ਦੇ ਪੰਜ ਦਿਨ ਹੁੰਦੇ ਹਨ ਅਤੇ ਅੰਤਮ ਧੁਨ ਲਕਸ਼ਮੀ ਪੂਜਾ ਦੇ ਦਿਨ ਵੱਜਦੀ ਹੈ ਜੋ ਇਸ ਸਾਲ 20 ਅਕਤੂਬਰ ਨੂੰ ਹੈ। ਕਈ ਢਾਕੀਆਂ ਨੂੰ ਦਿਵਾਲੀ ਮੌਕੇ ਵੀ ਢਾਕ ਵਜਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਪਰ ਅਗਰਤਲਾ ਅਤੇ ਤ੍ਰਿਪੁਰਾ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਢਾਕ ਦੀ ਜ਼ਿਆਦਾ ਮੰਗ ਦੁਰਗਾ ਪੂਜਾ ਦੌਰਾਨ ਹੀ ਰਹਿੰਦੀ ਹੈ।
ਢਾਕੀਆਂ ਨੂੰ ਨਾ ਸਿਰਫ਼ ਪੰਡਾਲ ਕਮੇਟੀਆਂ ਦੁਆਰਾ ਸਗੋਂ ਪਰਿਵਾਰਾਂ ਵੱਲੋਂ ਵੀ ਢਾਕ ਵਜਾਉਣ ਲਈ ਸੱਦਿਆ ਜਾਂਦਾ ਹੈ। ਕਈ ਵਾਰੀ, ਉਨ੍ਹਾਂ ਨੂੰ ਪੇਸ਼ਕਾਰੀ ਵਾਸਤੇ ਸੱਦਾ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਅਜ਼ਮਾਇਸ਼ ਵਜੋਂ ਪ੍ਰਦਰਸ਼ਨ ਕਰਨ ਲਈ ਕਿਹਾ ਜਾਂਦਾ ਹੈ- ਉਨ੍ਹਾਂ ਵਿੱਚੋਂ ਬਹੁਤ ਸਾਰੇ ਮਾਹਰ ਹੁੰਦੇ ਹਨ, ਜਿਨ੍ਹਾਂ ਨੇ ਇਹ ਕਲਾ ਪਰਿਵਾਰ ਦੇ ਬਜ਼ੁਰਗਾਂ ਪਾਸੋਂ ਸਿੱਖੀ ਹੁੰਦੀ ਹੈ। ''ਮੈਂ ਆਪਣੇ ਵੱਡੇ ਭਰਾਵਾਂ (ਚਚੇਰੇ) ਨਾਲ਼ ਰਲ਼ ਕੇ ਵਜਾਇਆ ਕਰਦਾ,'' 45 ਸਾਲਾ ਇੰਦਰਾਜੀਤ ਰਿਸ਼ੀਦਾਸ ਕਹਿੰਦੇ ਹਨ। ''ਮੈਂ ਆਪਣੀ ਸ਼ੁਰੂਆਤ ਕਾਸ਼ੀ (ਧਾਤੂ ਪਲੇਟਨੁਮਾ ਸਾਜ਼ ਜੋ ਛੋਟੀ ਸੋਟੀ ਨਾਲ਼ ਵਜਾਇਆ ਜਾਂਦਾ ਹੈ) ਨੂੰ ਵਜਾਉਣ ਤੋਂ ਕੀਤੀ, ਫਿਰ ਢੋਲ 'ਤੇ ਹੱਥ ਅਜ਼ਮਾਇਆ ਅਤੇ ਫਿਰ ਢਾਕ 'ਤੇ।'' (ਉਹ ਅਤੇ ਹੋਰ ਰਿਸ਼ੀਦਾਸ, ਰੋਹੀਦਾਸ ਅਤੇ ਰਵੀਦਾਸ ਪਰਿਵਾਰ ਮੂਚੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਕਿ ਤ੍ਰਿਪੁਰਾ ਅੰਦਰ ਪਿਛੜੀ ਜਾਤੀ ਵਜੋਂ ਸੂਚੀਬੱਧ ਹਨ।)
ਅਗਰਤਲਾ ਦੇ ਹੋਰਨਾ ਢਾਕੀਆਂ ਵਾਂਗਰ, ਇੰਦਰਾਜੀਤ ਵੀ ਸਾਲ ਦੇ ਬਾਕੀ ਦਿਨ ਬਤੌਰ ਸਾਈਕਲ ਰਿਕਸ਼ਾ ਚਾਲਕ ਕੰਮ ਕਰਦੇ ਹਨ। ਕਦੇ-ਕਦਾਈਂ ਉਹ ਵਿਆਹ ਅਤੇ ਹੋਰ ਸਮਾਗਮਾਂ ਦੌਰਾਨ ਸਥਾਨਕ ਪੱਧਰ 'ਤੇ ਜਾਣੀ ਜਾਂਦੀ 'ਬੈਂਡ-ਪਾਰਟੀ' ਵਿੱਚ ਵਾਜਾ ਵਜਾਉਂਦੇ ਹਨ। ਕਦੇ-ਕਦਾਈਂ ਮਿਲ਼ਣ ਵਾਲ਼ੇ ਇਨ੍ਹਾਂ ਕੰਮਾਂ ਤੋਂ ਛੁੱਟ, ਢਾਕੀ ਦਿਹਾੜੀਦਾਰ ਕਾਮਿਆਂ ਵਜੋਂ ਬਿਜਲੀ ਦਾ ਕੰਮ ਜਾਂ ਪਲੰਬਰ ਦਾ ਕੰਮ ਕਰਦੇ ਹਨ, ਕਈ ਸਬਜ਼ੀ ਵੇਚਦੇ ਹਨ ਅਤੇ ਕੁਝ ਨੇੜਲੇ ਪਿੰਡਾਂ ਵਿੱਚ ਕਿਸਾਨੀ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਪੇਸ਼ਕਾਰੀ ਵਾਸਤੇ ਸੱਦਿਆ ਜਾਂਦਾ ਹੈ ਤਾਂ ਉਹ ਅਗਰਤਲਾ ਆਉਂਦੇ ਹਨ।
ਬਤੌਰ ਸਾਈਕਲ-ਰਿਕਸ਼ਾ ਚਾਲਕ, ਇੰਦਰਾਜੀਤ 500 ਰੁਪਏ ਦਿਹਾੜੀ ਕਮਾ ਲੈਂਦੇ ਹਨ। ''ਪੈਸੇ ਕਮਾਉਣ ਵਾਸਤੇ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ, ਰਿਕਸ਼ਾ ਚਲਾਉਣਾ ਕੁਝ ਸੌਖਾ ਵਸੀਲਾ ਹੈ,'' ਉਹ ਕਹਿੰਦੇ ਹਨ। ''ਬੇਹਤਰ ਕੰਮ ਮਿਲ਼ਣ ਦੀ ਉਡੀਕ ਕਰਦੇ ਰਹਿਣ ਦਾ ਕੋਈ ਫ਼ਾਇਦਾ ਨਹੀਂ।'' ਦੁਰਗਾ ਪੂਜਾ ਦੇ ਮੌਸਮ ਵਿੱਚ, ਬਤੌਰ ਇੱਕ ਢਾਕੀ ਉਹ ਇੱਕ ਹਫ਼ਤੇ ਅੰਦਰ ਓਨਾ ਪੈਸਾ ਕਮਾ ਲੈਂਦੇ ਹਨ ਜਿੰਨਾ ਉਹ ਪੂਰਾ ਮਹੀਨਾ ਰਿਕਸ਼ਾ ਚਲਾ ਕੇ ਕਮਾਉਂਦੇ ਹਨ- 2021 ਦੀ ਇਸ ਪੂਜਾ ਦੌਰਾਨ ਉਨ੍ਹਾਂ ਨੂੰ ਪੰਡਾਲ ਕਮੇਟੀ ਨੇ ਢਾਕ ਵਜਾਉਣ ਬਦਲੇ 15000 ਰੁਪਏ ਦੇਣੇ ਮਿੱਥੇ ਹਨ, ਹਾਲਾਂਕਿ ਕਈ ਇਸ ਛੋਟੀ ਰਾਸ਼ੀ ਵਾਸਤੇ ਬਹਿਸ ਵੀ ਕਰਦੇ ਹਨ।
ਪੰਡਾਲ ਵਿੱਚ, ਜਿੱਥੇ ਢਾਕੀਆਂ (ਅਗਰਤਲਾ ਵਿੱਚ ਆਮ ਤੌਰ 'ਤੇ ਪੁਰਸ਼ ਹੀ ਸਾਜ਼ ਵਜਾਉਂਦੇ ਹਨ) ਨੂੰ ਪੂਜਾ ਦੇ ਪੰਜੋ ਦਿਨ ਕੰਮ 'ਤੇ ਰੱਖਿਆ ਜਾਂਦਾ ਹੈ, ਇੰਦਰਾਜੀਤ ਕਹਿੰਦੇ ਹਨ,''ਜਦੋਂ ਵੀ ਪੰਡਤ ਸਾਨੂੰ ਹਾਜ਼ਰ ਹੋਣ ਲਈ ਕਹਿੰਦੇ ਹਨ ਤਾਂ ਸਾਨੂੰ ਹਾਜ਼ਰ ਹੋਣਾ ਪੈਂਦਾ ਹੈ। ਅਸੀਂ ਸਵੇਰ ਦੀ ਪੂਜਾ ਦੌਰਾਨ ਤਿੰਨ ਘੰਟੇ ਢਾਕੀ ਵਜਾਉਂਦੇ ਹਾਂ ਅਤੇ ਸ਼ਾਮ ਵੇਲ਼ੇ 3-4 ਘੰਟੇ।''
'ਬੈਂਡ-ਪਾਰਟੀ' ਦੇ ਸੱਦੇ ਕਦੇ-ਕਦਾਈਂ ਆਉਂਦੇ ਹਨ। ''ਜ਼ਿਆਦਾਤਰ ਵਿਆਹਾਂ ਦੇ ਦਿਨੀਂ ਅਸੀਂ ਆਮ ਤੌਰ 'ਤੇ ਛੇ ਜਣਿਆਂ ਦੀ ਟੀਮ ਵਜੋਂ ਕੰਮ ਕਰਦੇ ਹਾਂ ਅਤੇ ਜਿੰਨੇ ਦਿਨ ਅਸੀਂ ਪ੍ਰਦਰਸ਼ਨ ਕਰਦੇ ਹਾਂ ਓਸੇ ਹਿਸਾਬ ਨਾਲ਼ ਪੈਸੇ ਲੈਂਦੇ ਹਾਂ। ਕਈ ਲੋਕ ਸਾਨੂੰ 1-2 ਦਿਨਾਂ ਵਾਸਤੇ ਕੰਮ 'ਤੇ ਰੱਖਦੇ ਹਨ ਅਤੇ ਕਈ ਲੋਕ 6-7 ਦਿਨਾਂ ਵਾਸਤੇ,'' ਇੰਦਰਾਜੀਤ ਕਹਿੰਦੇ ਹਨ। ਇਸ ਤਰ੍ਹਾਂ ਸਮੂਹ ਨੂੰ ਪ੍ਰਤੀ ਦਿਨ 5,000-6,000 ਰੁਪਏ ਮਿਲ਼ਦੇ ਹਨ।
ਪਿਛਲੇ ਸਾਲ, ਕੋਵਿਡ-19 ਮਹਾਮਾਰੀ ਕਾਰਨ, ਕਈ ਲੋਕਾਂ ਦੁਆਰਾ ਪੂਜਾ ਦੀਆਂ ਯੋਜਨਾਵਾਂ ਰੱਦ ਕੀਤੀਆਂ ਗਈਆਂ ਅਤੇ ਢਾਕੀਆਂ ਨੂੰ ਆਪੋ-ਆਪਣੇ ਦਿਹਾੜੀਦਾਰੀ ਦੇ ਕੰਮਾਂ ਤੋਂ ਹੁੰਦੀ ਆਮਦਨੀ ਅਤੇ ਕੀਤੀ ਬਚਤ 'ਤੇ ਨਿਰਭਰ ਰਹਿਣਾ ਪਿਆ ਅਤੇ ਰਿਕਸ਼ਾ ਚਲਾਉਣ ਜਾਂ ਹੋਰਨਾਂ ਕੰਮਾਂ ਨੂੰ ਕਰਦੇ ਰਹਿਣਾ ਪਿਆ, ਭਾਵੇਂ ਕਿ ਉਨ੍ਹਾਂ ਵਿੱਚੋਂ ਕਈਆਂ ਨੂੰ ਕੁਝ ਸਮੇਂ ਲਈ ਢਾਕ ਵਜਾਉਣ (ਆਖ਼ਰੀ ਸਮੇਂ) ਦੇ ਕੰਮ 'ਤੇ ਰੱਖਿਆ ਗਿਆ। (ਇਸ ਸਟੋਰੀ ਵਿਚਲੀਆਂ ਸਾਰੀਆਂ ਤਸਵੀਰਾਂ ਪਿਛਲੇ ਸਾਲ ਅਕਤੂਬਰ 2020 ਵਿੱਚ ਲਈਆਂ ਗਈਆਂ ਸਨ।)
ਦੁਰਗਾ ਪੂਜਾ ਦੇ ਪਹਿਲੇ ਦਿਨ ਤੋਂ ਹਫ਼ਤੇ ਬਾਅਦ ਆਉਂਦੀ ਲਕਸ਼ਮੀ ਪੂਜਾ, ਕਈ ਢਾਕੀਆਂ ਵਾਸਤੇ 'ਰੁਜ਼ਗਾਰ' ਦਾ ਅੰਤਮ ਦਿਨ ਬਣਦੀ ਹੈ। ਉਸ ਸ਼ਾਮੀਂ, ਉਹ ਆਪਣੇ ਢਾਕਾਂ ਨੂੰ ਗ਼ਲਾ ਵਿੱਚ ਲਮਕਾਈ, ਇਕੱਲੇ ਜਾਂ ਜੋੜਿਆਂ ਵਿੱਚ ਅਗਰਤਲਾ ਦੀਆਂ ਗਲ਼ੀਆਂ ਵਿੱਚ ਨਿਕਲ਼ ਪੈਂਦੇ ਹਨ। ਉਸ ਸ਼ੁੱਭ ਰਾਤ ਮੌਕੇ ਕਈ ਪਰਿਵਾਰ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ 5-10 ਮਿੰਟ ਢਾਕ ਵਜਾਉਣ ਲਈ ਸੱਦਦੇ ਹਨ। ਬਦਲੇ ਵਿੱਚ ਢਾਕੀਆਂ ਨੂੰ ਹਰ ਪਰਿਵਾਰ ਪਾਸੋਂ ਬਾਮੁਸ਼ਕਲ 20-50 ਰੁਪਏ ਮਿਲ਼ਦੇ ਹਨ ਅਤੇ ਕਈ ਤਾਂ ਇਹ ਕਹਿ ਕੇ ਟਾਲ਼ ਦਿੰਦੇ ਹਨ ਕਿ ਉਨ੍ਹਾਂ ਨੇ ਸਿਰਫ਼ ਪਰੰਪਰਾ ਦਾ ਪਾਲਣ ਕਰਨ ਲਈ ਇੰਝ ਕੀਤਾ।
ਤਰਜਮਾ: ਕਮਲਜੀਤ ਕੌਰ