''ਮੈਂ ਜਿਹੜੀ ਵੀ ਝੌਂਪੜੀ ਬਣਾਉਂਦਾ ਹਾਂ ਘੱਟੋ-ਘੱਟ 70 ਸਾਲ ਚੱਲਦੀ ਹੈ।''
ਵਿਸ਼ਨੂੰ ਭੌਂਸਲੇ ਦੇ ਹੱਥਾਂ ਵਿੱਚ ਦੁਰਲੱਭ ਕਲਾ ਹੈ। ਕੋਲ੍ਹਾਪੁਰ ਜ਼ਿਲ੍ਹੇ ਦੇ ਜਾਂਭਲੀ ਪਿੰਡ ਦਾ ਇਹ ਵਾਸੀ ਝੌਂਪੜੀ (ਫੂਸ ਦੀਆਂ) ਬਣਾਉਣ ਦਾ ਕੰਮ ਕਰਦਾ ਹੈ।
68 ਸਾਲਾ ਵਿਸ਼ਨੂੰ ਨੇ ਲੱਕੜ ਦੇ ਢਾਂਚੇ ਅਤੇ ਫੂਸ ਦੀ ਝੌਂਪੜੀ ਆਪਣੇ ਮਰਹੂਮ ਪਿਤਾ, ਗੁੰਡੂ ਪਾਸੋਂ ਬਣਾਉਣੀ ਸਿੱਖੀ। ਉਨ੍ਹਾਂ ਨੇ 10 ਦੇ ਕਰੀਬ ਝੌਂਪੜੀਆਂ ਹੱਥੀਂ ਬਣਾਈਆਂ ਹਨ ਤੇ ਇੰਨੀ ਕੁ ਬਣਾਉਣ ਵਿੱਚ ਮਦਦ ਵੀ ਕੀਤੀ ਹੈ। ''ਅਸੀਂ ਅਕਸਰ ਝੌਂਪੜੀਆਂ ਗਰਮੀ ਰੁੱਤੇ ਹੀ ਬਣਾਉਂਦੇ ਹਾਂ ਕਿਉਂਕਿ ਓਦੋਂ ਖੇਤਾਂ ਵਿੱਚ ਬਹੁਤਾ ਕੰਮ ਨਹੀਂ ਰਹਿੰਦਾ,'' ਉਹ ਚੇਤੇ ਕਰਦੇ ਹਨ ਤੇ ਨਾਲ਼ ਹੀ ਗੱਲ ਜੋੜਦੇ ਹਨ,''ਬਣ ਰਹੀ ਝੌਂਪੜੀ ਦੇ ਦੁਆਲ਼ੇ ਉਤਸ਼ਾਹ ਨਾਲ਼ ਭਰੇ ਲੋਕ ਇਕੱਠੇ ਹੋਏ ਰਹਿੰਦੇ।''
ਵਿਸ਼ਨੂੰ ਬਾਪੂ ਨੂੰ ਅਜੇ ਵੀ ਯਾਦ ਹੈ ਕਿ 1960ਵਿਆਂ ਤੱਕ ਜਾਂਭਲੀ ਵਿੱਚ ਸੈਂਕੜੇ ਅਜਿਹੀਆਂ ਝੌਪੜੀਆਂ ਸਨ। ਦੋਸਤ ਇੱਕ ਦੂਜੇ ਦੀ ਮਦਦ ਲਈ ਆਉਂਦੇ ਅਤੇ ਨੇੜੇ-ਤੇੜਿਓਂ ਲੋੜੀਂਦੀ ਸਮੱਗਰੀ ਲਿਆਉਂਦੇ ਅਤੇ ਝੌਂਪੜੀਆਂ ਬਣਾਉਂਦੇ ਸਨ। "ਮੈਂ ਕਦੇ ਵੀ ਝੌਂਪੜੀ ਬਣਾਉਣ ਲਈ ਇੱਕ ਪੈਸਾ ਖਰਚ ਨਹੀਂ ਕੀਤਾ ਹੋਣਾ। ਪੈਸੇ ਹੁੰਦੇ ਹੀ ਕਿਸ ਕੋਲ਼ ਸਨ?" ਉਹ ਕਹਿੰਦੇ ਹਨ, "ਲੋਕ ਤਿੰਨ ਮਹੀਨੇ ਇੰਤਜ਼ਾਰ ਕਰਨ ਲਈ ਤਿਆਰ ਸਨ। ਕੰਮ ਤਦ ਤੱਕ ਸ਼ੁਰੂ ਨਾ ਹੁੰਦਾ ਜਦ ਤੱਕ ਸਾਰੀ ਸਮੱਗਰੀ ਨੂੰ ਆਪਸ ਵਿੱਚ ਜੋੜ ਨਾ ਲਿਆ ਜਾਂਦਾ।"
21ਵੀਂ ਸਦੀ ਦੇ ਅੰਤ ਤੱਕ, 4,936 (ਮਰਦਮਸ਼ੁਮਾਰੀ, 2011) ਆਬਾਦੀ ਵਾਲ਼ੇ ਇਸ ਪਿੰਡ ਅੰਦਰ ਲੱਕੜ ਅਤੇ ਫੂਸ ਦੀਆਂ ਝੌਂਪੜੀਆਂ ਦੀ ਥਾਂ ਹੁਣ ਸੀਮੈਂਟ, ਇੱਟਾਂ ਅਤੇ ਟੀਨ ਨੇ ਲੈ ਲਈ। ਇਸ ਤੋਂ ਪਹਿਲਾਂ, ਝੌਂਪੜੀਆਂ ਦੀਆਂ ਛੱਤਾਂ ਖਾਪਰੀ ਕਾਉਲੂ (ਟਾਈਲਾਂ) ਜਾਂ ਕੁੰਭਰੀ ਕਾਉਲੂ ਨਾਲ਼ ਬਣਾਈਆਂ ਜਾਂਦੀਆਂ ਸਨ, ਜੋ ਪਿੰਡ ਦੇ ਘੁਮਿਆਰਾਂ ਤਿਆਰ ਕਰਦੇ। ਫਿਰ ਮਸ਼ੀਨ ਨਾਲ਼ ਬਣੇ ਬੰਗਲੌਰ ਦੇ ਕਾਉਲੁ ਆਏ ਜੋ ਵਧੇਰੇ ਮਜ਼ਬੂਤ ਅਤੇ ਹੰਢਣਸਾਰ ਸਨ।
ਝੌਂਪੜੀ 'ਤੇ ਫੂਸ ਦੀ ਛੱਤ ਪਾਉਣ ਲਈ ਜਿੰਨੀ ਮਿਹਨਤ ਕਰਨੀ ਪੈਂਦੀ, ਉਸ ਦੇ ਮੁਕਾਬਲੇ ਟਾਈਲਾਂ ਨੂੰ ਸਥਾਪਤ ਕਰਨਾ ਵਧੇਰੇ ਆਸਾਨ ਅਤੇ ਤੇਜ਼ ਸੀ। ਅਖ਼ੀਰ ਫਿਰ ਸੀਮੇਂਟ ਅਤੇ ਇੱਟਾਂ ਵਾਲ਼ੇ ਪੱਕੇ ਮਕਾਨ ਬਣਾਉਣ ਦਾ ਚਲਨ ਵਧਿਆ ਅਤੇ ਝੌਂਪੜੀਆਂ ਬਣਾਉਣ ਦੀ ਕਲਾ ਆਪਣੇ ਪਤਨ ਵੱਲ ਨੂੰ ਮੋੜਾ ਕੱਟਣ ਲੱਗੀ। ਜੰਭਾਲੀ ਦੇ ਲੋਕਾਂ ਨੇ ਵੀ ਝੌਪੜੀਆਂ ਛੱਡ ਨਵੀਆਂ ਕਿਸਮਾਂ ਦੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਅੱਜ ਪਿੰਡ ਵਿੱਚ ਮੁੱਠੀ ਭਰ ਹੀ ਝੁੱਗੀਆਂ ਰਹਿ ਗਈਆਂ ਹਨ।
"ਅੱਜ-ਕੱਲ੍ਹ ਪਿੰਡ ਵਿੱਚ ਝੌਂਪੜੀਆਂ ਲੱਭਣੀਆਂ ਔਖੀਆਂ ਹਨ। ਅਗਲੇ ਕੁਝ ਸਾਲਾਂ ਵਿੱਚ, ਪੁਰਾਣੇ ਜ਼ਮਾਨੇ ਦੀਆਂ ਝੌਂਪੜੀਆਂ ਅਲੋਪ ਹੋ ਜਾਣਗੀਆਂ। ਕੋਈ ਵੀ ਉਸ ਦੀ ਦੇਖਭਾਲ਼ ਨਹੀਂ ਕਰਨਾ ਚਾਹੁੰਦਾ," ਵਿਸ਼ਨੂੰ ਬਾਪੂ ਕਹਿੰਦੇ ਹਨ।
*****
ਵਿਸ਼ਨੂੰ ਬਾਪੂ ਦੇ ਇੱਕ ਦੋਸਤ ਅਤੇ ਗੁਆਂਢੀ ਨਾਰਾਇਣ ਗਾਇੱਕਵਾੜ ਆਪਣੇ ਦੋਸਤ ਕੋਲ਼ ਇਸ ਲਈ ਆਏ ਕਿਉਂਕਿ ਉਹ ਵੀ ਇੱਕ ਝੌਂਪੜੀ ਬਣਾਉਣਾ ਚਾਹੁੰਦੇ ਸਨ। ਦੋਵੇਂ ਦੋਸਤ ਅੱਜ ਤੱਕ ਪੂਰੇ ਭਾਰਤ ਵਿੱਚ ਕਈ ਕਿਸਾਨ ਮਾਰਚਾਂ ਅਤੇ ਅੰਦੋਲਨਾਂ ਵਿੱਚ ਹਿੱਸਾ ਲੈ ਚੁੱਕੇ ਹਨ। (ਪੜ੍ਹੋ: ਜੰਭਾਲੀ ਕਿਸਾਨ: ਬਾਂਹ ਬੇਸ਼ੱਕ ਟੁੱਟੀ ਪਰ ਹੌਂਸਲਾ ਨਹੀਂ )
ਜੰਭਾਲੀ ਵਿੱਚ, ਬਾਪੂ ਵਿਸ਼ਨੂੰ ਇੱਕ ਏਕੜ ਦੇ ਮਾਲਕ ਹਨ ਅਤੇ ਨਰਾਇਣ ਬਾਪੂ 3.25 ਏਕੜ ਦੇ। ਦੋਵੇਂ ਹੀ ਖੇਤਾਂ ਵਿੱਚ ਕਮਾਦ, ਜਵਾਰ, ਕਣਕ, ਸੋਇਆਬੀਨ ਅਤੇ ਹੋਰ ਦਾਲਾਂ ਦੀ ਖੇਤੀ ਕਰਦੇ ਹਨ। ਉਹ ਪਾਲਕ, ਮੇਥੀ ਅਤੇ ਧਨੀਆ ਵਰਗੀਆਂ ਹਰੀਆਂ ਸਬਜ਼ੀਆਂ ਵੀ ਉਗਾਉਂਦੇ ਹਨ।
ਨਾਰਾਇਣ ਬਾਪੂ ਕਈ ਸਾਲ ਪਹਿਲਾਂ ਔਰੰਗਾਬਾਦ ਜ਼ਿਲ੍ਹੇ ਦਾ ਦੌਰਾ ਕਰ ਚੁੱਕੇ ਸਨ। ਉਹ ਉੱਥੇ ਖੇਤ ਮਜ਼ਦੂਰਾਂ ਨਾਲ਼ ਉਨ੍ਹਾਂ ਦੇ ਕੰਮ ਕਰਨ ਦੇ ਹਾਲਾਤ ਬਾਰੇ ਗੱਲ ਕਰ ਰਹੇ ਸਨ। ਉੱਥੇ ਉਨ੍ਹਾਂ ਨੇ ਗੋਲ ਆਕਾਰ ਦੀ ਝੌਪੜੀ ਦੇਖੀ ਸੀ। ਉਦੋਂ ਹੀ ਉਨ੍ਹਾਂ ਨੇ ਸੋਚਿਆ, " ਅਗਦੀ ਪ੍ਰੇਕਸ਼ਾਨੀ (ਬੇਹੱਦ ਸ਼ਾਨਦਾਰ। ਤਯਾਚਾ ਗੁਰੂਤਵਾਕਰਸ਼ਨ ਕੇਂਦਰ ਅਗਦੀ ਬਾਰੋਬਰ ਹੋਤਾ (ਉਸ ਦਾ ਗੁਰੂਤਾ ਕੇਂਦਰ ਐਨ ਸਹੀ ਸੀ)," ਉਹ ਕਹਿੰਦੇ ਹਨ।
ਝੌਂਪੜੀ ਪਰਾਲ਼ੀ ਦੀ ਬਣੀ ਹੋਈ ਸੀ ਅਤੇ ਬਹੁਤ ਹੀ ਸਹੀ ਢੰਗ ਨਾਲ਼ ਬਣਾਈ ਗਈ ਸੀ। ਜਦੋਂ ਉਨ੍ਹਾਂ ਨੇ ਥੋੜ੍ਹੀ ਹੋਰ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਕਿਸੇ ਖੇਤ ਮਜ਼ਦੂਰ ਨੇ ਬਣਾਈ ਹੈ ਪਰ ਉਨ੍ਹਾਂ ਦੀ ਆਪਸ ਵਿੱਚ ਮੁਲਾਕਾਤ ਨਾ ਹੋ ਸਕੀ। 76 ਸਾਲ ਦੇ ਬਾਪੂ ਨੇ ਝੌਂਪੜੀ ਦਾ ਰਿਕਾਰਡ ਰੱਖਿਆ ਸੀ। ਉਹ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਜਿਹੀਆਂ ਚੀਜ਼ਾਂ ਨੂੰ ਰਿਕਾਰਡ ਕਰਨ ਅਤੇ ਨੋਟ ਕਰਨ ਦੇ ਆਦੀ ਹਨ। ਅੱਜ, ਉਨ੍ਹਾਂ ਕੋਲ਼ 40 ਵੱਖ-ਵੱਖ ਏ4 ਆਕਾਰ ਦੀਆਂ ਨੋਟਬੁੱਕਾਂ ਅਤੇ ਡਾਇਰੀਆਂ ਹਨ ਜਿਨ੍ਹਾਂ ਦੇ ਹਜ਼ਾਰਾਂ ਪੰਨੇ ਮਰਾਠੀ ਵਿੱਚ ਅਜਿਹੇ ਨੋਟਾਂ ਨਾਲ਼ ਭਰੇ ਹੋਏ ਹਨ।
ਦਸ ਸਾਲ ਬਾਅਦ, ਉਨ੍ਹਾਂ ਨੇ ਆਪਣੀ 3.25 ਏਕੜ ਪੈਲ਼ੀ ਵਿੱਚ ਇੱਕ ਝੌਂਪੜੀ ਬਣਾਉਣ ਦਾ ਫੈਸਲਾ ਕੀਤਾ। ਮੁਸ਼ਕਲਾਂ ਕਈ ਸਨ, ਪਰ ਸਭ ਤੋਂ ਵੱਡੀ ਸਮੱਸਿਆ ਕਿਸੇ ਕਾਰੀਗਰ ਦਾ ਲੱਭਣਾ ਸੀ ਜੋ ਝੌਂਪੜੀ ਦਾ ਨਿਰਮਾਣ ਕਰ ਪਾਉਂਦਾ।
ਫਿਰ ਉਨ੍ਹਾਂ ਨੇ ਇਹ ਮਾਮਲਾ ਵਿਸ਼ਨੂੰ ਭੋਸਲੇ ਕੋਲ਼ ਉਠਾਇਆ, ਜੋ ਝੌਂਪੜੀਆਂ ਬਣਾਉਣ ਵਿੱਚ ਮੁਹਾਰਤ ਰੱਖਦੇ ਹਨ ਅਤੇ ਉਨ੍ਹਾਂ ਦੋਵਾਂ ਦੀ ਭਾਈਵਾਲ਼ੀ ਬਦੌਲਤ ਅਸੀਂ ਅੱਜ ਲੱਕੜ ਅਤੇ ਫੂਸ ਦੀ ਸੁੰਦਰ ਝੌਂਪੜੀ ਖੜ੍ਹੀ ਵੇਖਦੇ ਹਾਂ। ਝੌਂਪੜੀ, ਹੱਥ ਦੇ ਜਾਦੂ ਅਤੇ ਆਰਕੀਟੈਕਚਰ ਦੋਵਾਂ ਹੀ ਯੋਗਤਾਵਾਂ ਦਾ ਪ੍ਰਤੀਕ ਹੈ।
ਨਾਰਾਇਣ ਬਾਪੂ ਕਹਿੰਦੇ ਹਨ, "ਜਦੋਂ ਤੱਕ ਇਹ ਝੌਂਪੜੀ ਇੱਥੇ ਖੜ੍ਹੀ ਰਹੇਗੀ, ਨੌਜਵਾਨ ਪੀੜ੍ਹੀ ਨੂੰ ਹਜ਼ਾਰਾਂ ਸਾਲ ਤੋਂ ਚੱਲੀ ਆ ਰਹੀ ਇਸ ਕਲਾ ਦਾ ਚੇਤਾ ਦਵਾਉਂਦੀ ਰਹੇਗੀ। ਝੌਂਪੜੀ ਬਣਾਉਣ ਵਾਲ਼ੇ ਉਨ੍ਹਾਂ ਦੇ ਦੋਸਤ ਵਿਸ਼ਨੂੰ ਬਾਪੂ ਕਹਿੰਦੇ ਹਨ, "ਲੋਕਾਂ ਨੂੰ ਮੇਰੇ ਕੰਮ ਬਾਰੇ ਕਿਵੇਂ ਪਤਾ ਚੱਲੇਗਾ?"
*****
ਝੌਂਪੜੀ ਬਣਾਉਣ ਤੋਂ ਪਹਿਲਾਂ, ਇਹ ਫੈਸਲਾ ਕਰਨਾ ਮਹੱਤਵਪੂਰਨ ਹੈ ਕਿ ਇਸਨੂੰ ਕਿਸ ਵਾਸਤੇ ਵਰਤਿਆ ਜਾਵੇਗਾ। ਬਾਪੂ ਵਿਸ਼ਨੂੰ ਕਹਿੰਦੇ ਹਨ, "ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਕਿੰਨੇ ਆਕਾਰ ਵਿੱਚ ਰੱਖਣਾ ਹੈ, ਇਸ ਨੂੰ ਕਿਵੇਂ ਬਣਾਉਣਾ ਹੈ। ਉਦਾਹਰਣ ਵਜੋਂ, ਚਾਰਾ ਜਾਂ ਤੂੜੀ ਸਾਂਭਣ ਲਈ ਇੱਕ ਤਿਕੋਣੀ ਝੌਂਪੜੀ ਬਣਾਈ ਜਾਂਦੀ ਹੈ, ਅਤੇ ਜੇ ਕਿਸੇ ਛੋਟੇ ਜਿਹੇ ਪਰਿਵਾਰ ਨੇ ਰਹਿਣਾ ਹੈ ਤਾਂ 12x10 ਫੁੱਟ ਦਾ ਇੱਕ ਆਇਤਾਕਾਰ ਕਮਰਾ ਬਣਾਇਆ ਜਾਂਦਾ ਹੈ।
ਬਾਪੂ ਕਿਤਾਬਾਂ ਦੇ ਦੀਵਾਨੇ ਹਨ ਅਤੇ ਉਨ੍ਹਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਉਹ ਇੱਕ ਛੋਟੀ ਜਿਹੀ ਝੌਂਪੜੀ ਬਣਾਉਣਾ ਚਾਹੁੰਦੇ ਸਨ ਜੋ ਪੜ੍ਹਨ ਲਈ ਲਾਭਦਾਇੱਕ ਹੋਵੇ। ਉਹ ਚਾਹੁੰਦੇ ਸਨ ਕਿ ਉਹ ਆਪਣੀਆਂ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਨੂੰ ਉੱਥੇ ਹੀ ਰੱਖ ਸਕਣ।
ਜਦੋਂ ਇਹ ਸਪੱਸ਼ਟ ਹੋ ਗਿਆ ਕਿ ਇਸ ਦੀ ਵਰਤੋਂ ਕਿਸ ਲਈ ਕੀਤੀ ਜਾਏਗੀ, ਤਾਂ ਬਾਪੂ ਵਿਸ਼ਨੂੰ ਨੇ ਕੁਝ ਤੀਲੇ ਲਏ ਅਤੇ ਝੌਂਪੜੀ ਦਾ ਇੱਕ ਛੋਟਾ ਜਿਹਾ ਮਾਡਲ ਬਣਾਇਆ। ਪੌਣਾ ਘੰਟਾ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, ਦੋਵਾਂ ਨੇ ਰਲ਼ ਕੇ ਆਕਾਰ ਆਦਿ ਜਿਹੇ ਵੇਰਵਿਆਂ ਦੀ ਪੁਸ਼ਟੀ ਕੀਤੀ। ਬਾਪੂ ਦੇ ਖੇਤ ਵਿੱਚ ਇੱਕ ਵਾਰੀਂ ਨਹੀਂ ਸਗੋਂ ਬਾਰ-ਬਾਰ ਗੇੜੇ ਮਾਰ ਕੇ ਹਵਾ ਬਲ ਦੀ ਜਾਂਚ ਗਈ ਤੇ ਉਸ ਜਗ੍ਹਾ ਦੀ ਪਛਾਣ ਕੀਤੀ ਗਈ ਜਿੱਥੇ ਝੌਪੜੀ ਲਈ ਹਵਾ ਦਾ ਬਲ ਸਭ ਤੋਂ ਘੱਟ ਸੀ।
"ਉਹ ਸਿਰਫ ਇਹ ਸੋਚ ਕੇ ਝੌਂਪੜੀਆਂ ਨਹੀਂ ਬਣਾਉਂਦੇ ਕਿ ਗਰਮੀਆਂ ਜਾਂ ਸਰਦੀਆਂ ਲੰਘ ਜਾਣ। ਉਹ ਤਾਂ ਇਸ ਨੂੰ ਆਉਣ ਵਾਲ਼ੇ ਦਹਾਕਿਆਂ ਤੱਕ ਇਓਂ ਹੀ ਖੜ੍ਹੀ ਰਹਿਣ ਦੇ ਹਿਸਾਬ ਨਾਲ਼ ਬਣਾਉਂਦੇ ਹਨ। ਮੈਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸੋਚਣਾ ਪੈਂਦਾ ਹੈ," ਬਾਪੂ ਨਰਾਇਣ ਕਹਿੰਦੇ ਹਨ।
ਉਸਾਰੀ ਦੀ ਸ਼ੁਰੂਆਤ ਡੇਢ-ਡੇਢ ਫੁੱਟ ਦੀ ਦੂਰੀ 'ਤੇ ਦੋ ਫੁੱਟ ਡੂੰਘੀ ਖੁੱਡ ਪੁੱਟਣ ਨਾਲ਼ ਹੁੰਦੀ ਹੈ, ਜਿਨ੍ਹਾਂ ਸਹਾਰੇ ਝੌਂਪੜੀ ਖੜ੍ਹੀ ਹੋਣੀ ਹੈ। 12x9 ਫੁੱਟ ਦੀ ਝੌਂਪੜੀ ਲਈ, 15 ਖੁੱਡਾਂ ਪੁੱਟੀਆਂ ਜਾਂਦੀਆਂ ਹਨ। ਇਨ੍ਹਾਂ ਖੁੱਡਾਂ ਨੂੰ ਪੁੱਟਣ ਵਿੱਚ ਲਗਭਗ ਇੱਕ ਘੰਟਾ ਲੱਗਦਾ ਹੈ। ਫਿਰ ਇੱਕ ਪਲਾਸਟਿਕ ਦੇ ਥੈਲੇ/ਬੋਰੀ ਨਾਲ਼ ਖੁੱਡਾਂ ਨੂੰ ਢੱਕਿਆ ਜਾਂਦਾ ਹੈ। ਵਿਸ਼ਨੂੰ ਬਾਪੂ ਕਹਿੰਦੇ ਹਨ, "ਇਹ ਇਸਲਈ ਕੀਤਾ ਜਾਂਦਾ ਹੈ ਕਿ ਇਨ੍ਹਾਂ ਖੱਡਾਂ ਵਿੱਚ ਵਾੜ੍ਹੇ ਜਾਣ ਵਾਲ਼ੇ ਲੱਕੜ ਦੇ ਥੰਮ੍ਹਾਂ ਨਾਲ਼ ਝੌਂਪੜੀ ਦਾ ਢਾਂਚਾ ਪਾਣੀ ਤੋਂ ਬਚਿਆ ਰਹੇ।'' ਜੇ ਇਨ੍ਹਾਂ ਥੰਮ੍ਹਾਂ ਦੀਆਂ ਜੜ੍ਹਾਂ ਵਿੱਚ ਪਾਣੀ ਪੈ ਜਾਵੇ ਤਾਂ ਝੌਂਪੜੀ ਦੀ ਤਾਕਤ ਹੀ ਖ਼ਤਰੇ ਵਿਚ ਪੈ ਜਾਂਦੀ ਹੈ।
ਵਿਸ਼ਨੂੰ ਬਾਪੂ ਤੇ ਉਨ੍ਹਾਂ ਦੇ ਦੋਸਤ ਮਿਸਤਰੀ, ਅਸ਼ੋਕ ਭੋਸਲੇ ਨੇ ਦੋਹਾਂ ਸਿਰਿਆਂ ਵਾਲ਼ੀਆਂ ਖੁੱਡਾਂ ਤੇ ਇੱਕ ਵਿਚਕਾਰਲੀ ਖੁੱਡ ਵਿੱਚ ਬੜੀ ਸਾਵਧਾਨੀ ਨਾਲ਼ ਮੇੜਕਾ ਟਿਕਾਈ। ਅਸ਼ੋਕ ਇੱਕ ਹੁਨਰਮੰਦ ਰਾਜ ਮਿਸਤਰੀ ਹਨ। ਮੇੜਕਾ ਕਰੀਬ 12 ਫੁੱਟੀ ਚੰਦਨ ( Santalum album / ਭਾਰਤੀ ਚੰਦਨ), ਬਬੂਲ ( Vachellia nilotica / ਕਿੱਕਰ ) ਜਾਂ ਕਡੂ ਲਿੰਬ ( Azadirachta indica/ ਨਿੰਮ ) ਲੱਕੜ ਦੀ ਵਾਈ-ਅਕਾਰੀ ਟਾਹਣੀ ਹੁੰਦੀ ਹੈ।
ਫਿਰ ਇਨ੍ਹਾਂ ਵਾਈ-ਅਕਾਰੀ ਟਾਹਣੀਆਂ ਵਿੱਚ ਲੇਟਵੇਂ ਬਾਂਸ ਦੇ ਥੰਮ੍ਹਾਂ ਨੂੰ ਸਥਾਪਤ ਕੀਤਾ ਗਿਆ ਹੈ। "ਦੋ ਮੇੜਕਾ ਜਾਂ ਉਤਾਂਹ ਵਿਚਕਾਰਲੀਆਂ ਲੱਕੜਾਂ\ਤਾਰਾਂ, ਜਿਨ੍ਹਾਂ ਨੂੰ ਆਦ ਕਿਹਾ ਜਾਂਦਾ ਹੈ 12 ਫੁੱਟ ਲੰਬੀਆਂ ਹਨ ਅਤੇ ਬਾਕੀ 10 ਫੁੱਟ ਲੰਬੀਆਂ ਹੁੰਦੀਆਂ ਹਨ," ਬਾਪੂ ਕਹਿੰਦੇ ਹਨ।
ਇਸ ਲੱਕੜ ਦੇ ਢਾਂਚੇ ਤੋਂ ਬਾਅਦ ਫੂਸ ਦੀ ਉਣਾਈ ਸ਼ੁਰੂ ਹੋਵੇਗੀ। ਵਿਚਕਾਰਲੀਆਂ ਤਿਰਛੀਆਂ ਦੋ ਫੁੱਟੀਆਂ ਮੇੜਕਾ ਜਿਨ੍ਹਾਂ ਨਾਲ਼ ਝੌਂਪੜੀ ਨੂੰ ਢਲਾਣ ਮਿਲ਼ਦੀ ਹੈ, ਇਸ ਗੱਲ ਨੂੰ ਯਕੀਨੀ ਬਣਾਉਂਦੀਆਂ ਹਨ ਕਿ ਮੀਂਹ ਦਾ ਪਾਣੀ ਝੌਪੜੀ ਅੰਦਰ ਦਾਖਲ ਨਾ ਹੋ ਸਕੇ।
ਮਿੱਟੀ ਵਿੱਚ ਅੱਠ ਮੇੜਕਾ ਪੱਕੇ ਤੌਰ 'ਤੇ ਗੱਡੇ ਗਏ ਤੇ ਝੌਂਪੜੀ ਦੀ ਨੀਂਹ ਬਣ ਗਈ। ਇਸ ਕੰਮ ਨੂੰ ਦੋ ਘੰਟੇ ਲੱਗ ਗਏ। ਹੁਣ ਇਨ੍ਹਾਂ ਮੇੜਕਾ ਦੇ ਸਹਾਰੇ ਅਸੀਂ ਹੇਠਲੇ ਡੰਡੇ ਜਿਨ੍ਹਾਂ ਨੂੰ ਵਿਲੂ ਕਿਹਾ ਜਾਂਦਾ ਹੈ, ਜੋੜਾਂਗੇ। ਇਹ ਝੌਂਪੜੀ ਦੇ ਦੋਵੇਂ ਪਾਸਿਆਂ ਨੂੰ ਇੱਕ ਦੂਜੇ ਨਾਲ਼ ਜੋੜਦਾ ਹੈ।
ਬਾਪੂ ਵਿਸ਼ਨੂੰ ਕਹਿੰਦੇ ਹਨ, "ਅੱਜ-ਕੱਲ੍ਹ ਸਿਰਫ਼ ਚੰਦਨ ਜਾਂ ਬਬੂਲ ਦੇ ਰੁੱਖ ਹੀ ਮਿਲ਼ਦੇ ਹਨ। ਸਾਰੇ ਚੰਗੇ [ਦੇਸੀ] ਰੁੱਖਾਂ ਦੀ ਥਾਂ ਹੁਣ ਗੰਨਿਆਂ ਨੇ ਜਾਂ ਇਮਾਰਤਾਂ ਨੇ ਲੈ ਲਈ।''
ਢਾਂਚਾ ਖੜ੍ਹੇ ਹੋਣ ਬਾਅਦ, ਅਗਲਾ ਕਦਮ ਹੈ ਛੱਤ ਦੇ ਅੰਦਰਲੇ ਪਾਸਿਓਂ ਸ਼ਤੀਰਾਂ ਲਾਉਣਾ ਸ਼ੁਰੂ ਕਰਨਾ। ਬਾਪੂ ਵਿਸ਼ਨੂੰ ਨੇ ਇਸ ਝੌਂਪੜੀ ਲਈ 44 ਸ਼ਤੀਰਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਛੱਤ ਦੇ ਦੋਵੇਂ ਪਾਸੇ 22-22। ਇਹ ਸ਼ਤੀਰਾਂ ਅਗੇਵ ਘਾਹ ਦੇ ਤਣੇ ਹੁੰਦੇ ਹਨ ਜਿਨ੍ਹਾਂ ਨੂੰ ਮਰਾਠੀ ਵਿੱਚ ਫੜਯਚਾ ਵਸਾ ਕਿਹਾ ਜਾਂਦਾ ਹੈ। ਇਹ ਤਣਾ ਔਸਤਨ 25-30 ਫੁੱਟ ਉੱਚਾ ਹੁੰਦਾ ਹੈ ਅਤੇ ਇਹ ਬਹੁਤ ਮਜ਼ਬੂਤ ਅਤੇ ਹੰਢਣਸਾਰ ਹੁੰਦਾ ਹੈ ।
"ਇਹ ਤਣਾ ਬਹੁਤ ਮਜ਼ਬੂਤ ਹੁੰਦਾ ਹੈ। ਜਿਸ ਕਾਰਨ, ਝੌਂਪੜੀ ਲੰਬੇ ਸਮੇਂ ਤੱਕ ਟਿਕੀ ਰਹਿੰਦੀ ਹੈ," ਵਿਸ਼ਨੂੰ ਕਾਕਾ ਕਹਿੰਦੇ ਹਨ। ਜਿੰਨੀਆਂ ਜ਼ਿਆਦਾ ਸ਼ਤੀਰਾਂ ਲੱਗਣਗੀਆਂ, ਝੌਂਪੜੀ ਓਨੀ ਹੀ ਮਜ਼ਬੂਤ ਹੋਵੇਗੀ। ਪਰ ਉਹ ਇੱਕ ਹੋਰ ਗੱਲ ਕਹਿੰਦੇ ਹਨ: " ਫੜਯਚਾ ਵਸਾ ਨੂੰ ਕੱਟਣਾ ਬੇਹੱਦ ਮੁਸ਼ਕਲ ਕੰਮ ਹੈ।"
ਜਦੋਂ ਥੰਮ੍ਹਾਂ ਅਤੇ ਸ਼ਤੀਰਾਂ ਦਾ ਢਾਂਚਾ ਬਣ ਜਾਂਦਾ ਹੈ, ਤਾਂ ਇਸਨੂੰ ਅਗੇਵ ਦੇ ਕੰਡਿਆਲ਼ੇ ਰੇਸ਼ਿਆਂ ਨਾਲ਼ ਕੱਸ ਕੇ ਬੰਨ੍ਹਿਆ ਜਾਂਦਾ ਹੈ। ਇਨ੍ਹਾਂ ਰੇਸ਼ਿਆਂ ਦੀਆਂ ਰੱਸੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ। ਅਗੇਵ ਦੇ ਕੰਡਿਆਲ਼ੇ ਰੇਸ਼ਿਆਂ ਤੋਂ ਰੱਸੀ ਬਣਾਉਣਾ ਵੀ ਬਹੁਤ ਹੀ ਗੁੰਝਲਦਾਰ ਕੰਮ ਹੈ। ਪਰ ਇਸ ਵਿੱਚ ਬਾਪੂ ਨਰਾਇਣ ਨੂੰ ਮੁਹਾਰਤ ਹਾਸਲ ਹੈ। ਲਗਭਗ 20 ਸਕਿੰਟਾਂ ਵਿੱਚ, ਉਹ ਦਾਤੀ ਸਹਾਰੇ ਰੇਸ਼ਿਆਂ ਨੂੰ ਬਾਹਰ ਕੱਢ ਲੈਂਦੇ ਹਨ। ਉਹ ਹੱਸਦੇ ਹੋਏ ਕਹਿੰਦੇ ਹਨ, "ਲੋਕਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਅਗੇਵ ਦੇ ਪੱਤਿਆਂ ਅੰਦਰ ਵੀ ਰੇਸ਼ੇ ਹੁੰਦੇ ਹਨ।''
ਇਨ੍ਹਾਂ ਰੇਸ਼ਿਆਂ ਤੋਂ ਹੀ ਤਾਂ ਈਕੋ-ਫ੍ਰੈਂਡਲੀ ਰੱਸੀ ਬਣਾਈ ਜਾਂਦੀ ਹੈ। (ਪੜ੍ਹੋ: The great Indian vanishing rope )
ਇੱਕ ਵਾਰ ਜਦੋਂ ਲੱਕੜ ਦਾ ਢਾਂਚਾ ਬਣ ਜਾਂਦਾ ਹੈ, ਤਾਂ ਕੰਧਾਂ ਨੂੰ ਨਾਰੀਅਲ ਦੇ ਪੱਤਿਆਂ ਅਤੇ ਗੰਨੇ ਦੀਆਂ ਜੜ੍ਹਾਂ ਨਾਲ਼ ਢੱਕ ਜਿਹੇ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਵੀ ਦਾਤੀ ਸਹਾਰੇ ਉਨ੍ਹਾਂ ਨੂੰ ਕੱਟ ਨਾ ਸਕੇ।
ਹੁਣ ਝੌਂਪੜੀ ਦਾ ਢਾਂਚਾ ਬਿਲਕੁਲ ਸਪੱਸ਼ਟ ਹੋਣਾ ਸ਼ੁਰੂ ਹੋ ਗਿਆ ਹੈ। ਕੱਚੇ ਸੁੱਕੇ ਗੰਨਿਆਂ ਤੇ ਫੂਸ ਸਹਾਰੇ ਛੱਤ ਬਣ ਗਈ ਹੈ। "ਅਤੀਤ ਵਿੱਚ, ਅਸੀਂ ਉਨ੍ਹਾਂ ਕਿਸਾਨਾਂ ਤੋਂ ਸਮੱਗਰੀ ਇਕੱਠੀ ਕਰ ਲੈਂਦੇ ਸਾਂ ਜਿਨ੍ਹਾਂ ਕੋਲ਼ ਜਾਨਵਰ ਨਹੀਂ ਸਨ ਹੁੰਦੇ,'' ਨਰਾਇਣ ਬਾਪੂ ਕਹਿੰਦੇ ਹਨ। ਕਿਉਂਕਿ ਇਹ ਸਮੱਗਰੀ (ਕੱਚਾ ਗੰਨਾ) ਡੰਗਰਾਂ ਦੀ ਖ਼ੁਰਾਕ ਦਾ ਅਹਿਮ ਹਿੱਸਾ ਹੈ ਤੇ ਹੁਣ ਕਿਸਾਨ ਸਾਨੂੰ ਮੁਫ਼ਤ ਵਿੱਚ ਨਹੀਂ ਦਿੰਦੇ।
ਜਵਾਰ ਦੀ ਨਾੜ ਅਤੇ ਖਾਪਲੀ ਕਣਕ ਦੀਆਂ ਨਾੜਾਂ ਦੀ ਵਰਤੋਂ ਛੱਤਾਂ ਲਈ ਵੀ ਕੀਤੀ ਜਾਂਦੀ ਹੈ। ਖਾਸ ਤੌਰ ‘ਤੇ ਦਰਜਾਂ ਨੂੰ ਭਰਨ ਜਾਂ ਝੌਂਪੜੀ ਦੀ ਸੁੰਦਰਤਾ ਵਧਾਉਣ ਲਈ। ਨਰਾਇਣ ਬਾਪੂ ਕਹਿੰਦੇ ਹਨ, "ਇੱਕ ਝੌਂਪੜੀ ਨੂੰ ਘੱਟੋ-ਘੱਟ ਅੱਠ ਬਿੰਦਾ (ਲਗਭਗ 200-250 ਕਿਲੋਗ੍ਰਾਮ ਕੱਚਾ ਸੁੱਕਾ ਗੰਨਾ) ਦੀ ਲੋੜ ਹੁੰਦੀ ਹੈ।''
ਛੱਤ ਦੀ ਸਾਫ਼-ਸਫ਼ਾਈ ਕਰਨਾ ਇੱਕ ਬਹੁਤ ਹੀ ਮਿਹਨਤੀ ਕੰਮ ਹੈ। ਇਸ ਨੂੰ ਘੱਟੋ ਘੱਟ ਤਿੰਨ ਦਿਨ ਲੱਗਦੇ ਹਨ ਅਤੇ ਉਹ ਵੀ ਜੇ ਦੋ ਜਾਂ ਤਿੰਨ ਲੋਕ ਲਗਾਤਾਰ ਤਿੰਨ ਦਿਨਾਂ ਲਈ ਦਿਨ ਵਿੱਚ ਛੇ ਤੋਂ ਸੱਤ ਘੰਟੇ ਕੰਮ ਕਰਦੇ ਹਨ। ਵਿਸ਼ਨੂੰ ਕਾਕਾ ਕਹਿੰਦੇ ਹਨ, "ਸੋਟੀ ਅਤੇ ਸੋਟੀ ਨੂੰ ਸਹੀ ਢੰਗ ਨਾਲ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਮਾਨਸੂਨ ਦੌਰਾਨ ਛੱਤ ਲੀਕ ਹੋ ਜਾਵੇਗੀ। ਛੱਤ ਨੂੰ ਵਧੇਰੇ ਹੰਢਣਸਾਰ ਬਣਾਉਣ ਲਈ ਹਰ ਤਿੰਨ ਜਾਂ ਚਾਰ ਸਾਲਾਂ ਬਾਅਦ ਸ਼ੇਵ ਕੀਤਾ ਜਾਂਦਾ ਹੈ।
"ਜੰਭਾਲੀ ਦੀ ਪਰੰਪਰਾ ਤਾਂ ਇਹੀ ਹੈ ਕਿ ਝੌਂਪੜੀਆਂ ਸਿਰਫ਼ ਪੁਰਸ਼ ਬਣਾਉਂਦੇ ਹਨ। ਪਰ ਔਰਤਾਂ ਸਮੱਗਰੀ ਲਿਆਉਣ, ਹੇਠਲੀ ਜ਼ਮੀਨ ਨੂੰ ਪੱਧਰਾ ਕਰਨ ਦਾ ਸਾਰਾ ਕੰਮ ਕਰਦੀਆਂ ਹਨ," ਵਿਸ਼ਨੂੰ ਬਾਪੂ ਦੀ ਪਤਨੀ ਬੀਬੀ ਅੰਜਨਾ ਕਹਿੰਦੀ ਹਨ। ਉਨ੍ਹਾਂ ਨੇ ਉਮਰ 60 ਤੋਂ ਪਾਰ ਹੈ।
ਹੁਣ ਝੌਂਪੜੀ ਦਾ ਸਾਰਾ ਡਿਜ਼ਾਈਨ ਪੂਰਾ ਹੋ ਗਿਆ ਹੈ। ਹੇਠਲੀ ਮਿੱਟੀ ਨੂੰ ਚੰਗੀ ਤਰ੍ਹਾਂ ਵਾਹਿਆ ਜਾਂਦਾ ਹੈ ਅਤੇ ਬਹੁਤ ਸਾਰਾ ਪਾਣੀ ਦਿੱਤਾ ਜਾਂਦਾ ਹੈ। ਅਗਲੇ ਤਿੰਨ ਦਿਨਾਂ ਤੱਕ, ਇਸ ਨੂੰ ਸੁੱਕਣ ਦਿੱਤਾ ਜਾਂਦਾ ਹੈ। ਬਾਪੂ ਕਹਿੰਦੇ ਹਨ, "ਜਦੋਂ ਤੁਸੀਂ ਅਜਿਹਾ ਕਰਦੇ ਹੋ ਤਾਂ ਮਿੱਟੀ ਬਹੁਤ ਚੀਕਣੀ ਹੋ ਜਾਂਦੀ ਹੈ। ਜਦੋਂ ਮਿੱਟੀ ਸੁੱਕ ਜਾਂਦੀ ਹੈ, ਤਾਂ ਇਸ ਦੇ ਉੱਪਰ ਚਿੱਟੀ ਮਿੱਟੀ ਦੀ ਇੱਕ ਪਰਤ ਸੁੱਟ ਦਿੱਤੀ ਜਾਂਦੀ ਹੈ। ਬਾਪੂ ਨੇ ਆਪਣੇ ਕਿਸਾਨ ਦੋਸਤਾਂ ਦੇ ਖੇਤਾਂ ਵਿੱਚੋਂ ਪੰਧਰੀ ਮਾਟੀ (ਚਿੱਟੀ ਮਿੱਟੀ) ਇਕੱਠੀ ਕੀਤੀ ਹੈ। ਕਿਉਂਕਿ ਲੋਹਾ ਅਤੇ ਮੈਂਗਨੀਜ਼ ਇਸ ਮਿੱਟੀ ਵਿੱਚੋਂ ਵਹਿ ਗਿਆ ਹੁੰਦਾ ਹੈ, ਇਸ ਲਈ ਇਹ ਫਿੱਕੇ ਰੰਗ ਦੀ ਹੁੰਦੀ ਹੈ।
ਇਸ ਚਿੱਟੀ ਮਿੱਟੀ ਵਿੱਚ ਘੋੜੇ ਦੀ ਲਿੱਦ, ਗਾਵਾਂ ਤੇ ਹੋਰਨਾਂ ਜਾਨਵਰਾਂ ਦਾ ਗੋਬਰ ਰਲ਼ਾਇਆ ਜਾਂਦਾ ਹੈ, ਜਿਸ ਨਾਲ਼ ਮਿੱਟੀ ਦੀ ਤਾਕਤ ਵੱਧ ਜਾਂਦੀ ਹੈ। ਜਦੋਂ ਮਿੱਟੀ ਫੈਲ ਜਾਂਦੀ ਹੈ, ਤਾਂ ਧੁੰਮਸ (ਦਮੂਸੇ) ਦੀ ਮਦਦ ਨਾਲ਼ ਮਿੱਟੀ ਨੂੰ ਕੁੱਟ-ਕੁੱਟ ਕੇ ਬਿਠਾਇਆ ਜਾਂਦਾ ਹੈ। ਦਮੂਸੇ ਦਾ ਭਾਰ ਘੱਟੋ ਘੱਟ 10 ਕਿਲੋ ਹੁੰਦਾ ਹੈ ਜੋ ਹੁਨਰਮੰਦ ਤਰਖਾਣ ਦੁਆਰਾ ਬਣਾਇਆ ਜਾਂਦਾ ਹੈ।
ਜਦੋਂ ਦਮੂਸੇ ਦਾ ਕੰਮ ਪੂਰਾ ਹੋ ਜਾਂਦਾ ਹੈ, ਤਾਂ ਔਰਤਾਂ ਤਿੰਨ ਕਿਲੋ ਭਾਰੇ ਕਿੱਕਰ ਦੀ ਲੱਕੜ ਦੇ ਬਣੇ ਕ੍ਰਿਕਟ ਦੇ ਬੱਲੇਨੁਮਾ ਸੰਦ ਬਦਵਨਾ ਨਾਲ਼ ਜ਼ਮੀਨ ਦਾ ਲੈਵਲ ਕਰਦੀਆਂ ਹਨ। ਨਰਾਇਣ ਬਾਪੂ ਦਾ ਬਦਵਨਾ ਗੁਆਚ ਗਿਆ ਹੈ, ਪਰ ਉਨ੍ਹਾਂ ਦੇ ਵੱਡੇ ਭਰਾ ਸਖਾਰਾਮ ਨੇ ਆਪਣੇ ਵਾਲ਼ਾ ਸੰਦ ਚੰਗੀ ਤਰ੍ਹਾਂ ਸੰਭਾਲ਼ ਕੇ ਰੱਖਿਆ ਹੋਇਆ ਹੈ।
ਨਾਰਾਇਣ ਬਾਪੂ ਦੀ ਪਤਨੀ ਬੀਬੀ ਕੁਸੁਮ ਨੇ ਵੀ ਇਸ ਝੌਂਪੜੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। 68 ਸਾਲਾ ਬੀਬੀ ਕੁਸੁਮ ਕਹਿੰਦੀ ਹਨ, "ਜਦੋਂ ਸਾਨੂੰ ਕੋਲ ਖੇਤ ਦੇ ਕੰਮ ਤੋਂ ਕੁਝ ਵਿਹਲ ਮਿਲ਼ਦੀ ਤਾਂ ਅਸੀਂ ਜ਼ਮੀਨ ਪੱਧਰੀ ਕਰ ਦਿੰਦੀਆਂ। ਇਹ ਇੰਨਾ ਔਖਾ ਕੰਮ ਹੁੰਦਾ ਸੀ ਕਿ ਪੂਰੇ ਪਰਿਵਾਰ ਦੇ ਨਾਲ਼ ਨਾਲ਼ ਦੋਸਤਾਂ ਨੂੰ ਵੀ ਮਦਦ ਦਾ ਹੱਥ ਵਧਾਉਣਾ ਪੈਂਦਾ ਸੀ।
ਜਦੋਂ ਜ਼ਮੀਨ ਪੱਧਰੀ ਹੋ ਜਾਂਦੀ ਹੈ, ਤਾਂ ਔਰਤਾਂ ਇਸ ਨੂੰ ਗੋਬਰ ਨਾਲ਼ ਲਿੱਪ ਦਿੰਦੀਆਂ ਹਨ। ਗੋਹਾ ਹਰ ਪਾਸੇ ਚੰਗੀ ਤਰ੍ਹਾਂ ਫੈਲ ਜਾਂਦਾ ਹੈ ਅਤੇ ਮਿੱਟੀ ਨੂੰ ਕੱਸ ਕੇ ਫੜ੍ਹੀ ਰੱਖਦਾ ਹੈ ਅਤੇ ਮੱਛਰ ਵੀ ਦੂਰ ਹੋ ਭੱਜ ਜਾਂਦੇ ਹਨ।
ਬੂਹੇ ਤੋਂ ਬਿਨਾਂ ਇੱਕ ਘਰ ਪੂਰਾ ਨਹੀਂ ਮੰਨਿਆ ਜਾਂਦਾ ਹੈ ਅਤੇ ਆਮ ਤੌਰ 'ਤੇ ਦੇਸੀ ਜਵਾਰ, ਗੰਨੇ ਜਾਂ ਇੱਥੋਂ ਤੱਕ ਕਿ ਸੁੱਕੇ ਨਾਰੀਅਲ ਦੇ ਪੱਤਿਆਂ ਦੀ ਵਰਤੋਂ ਕਰਕੇ ਗੇਟ ਬਣਾਏ ਜਾਂਦੇ ਹਨ। ਹਾਲਾਂਕਿ, ਕਿਉਂਕਿ ਹੁਣ ਜੰਭਾਲੀ ਦਾ ਕੋਈ ਵੀ ਕਿਸਾਨ ਦੇਸੀ ਕਿਸਮਾਂ ਦੀ ਕਾਸ਼ਤ ਨਹੀਂ ਕਰਦਾ, ਇਸ ਲਈ ਝੌਂਪੜੀ ਬਣਾਉਣ ਵਾਲ਼ਿਆਂ ਲਈ ਸਮੱਗਰੀ ਇਕੱਠੀ ਕਰਨਾ ਇੱਕ ਚੁਣੌਤੀ ਹੈ।
"ਅੱਜ-ਕੱਲ੍ਹ ਹਰ ਕੋਈ ਹਾਈਬ੍ਰਿਡ ਉਗਾ ਰਿਹਾ ਹੈ। ਇਸ ਦਾ ਚਾਰਾ ਪੌਸ਼ਟਿਕ ਨਹੀਂ ਹੁੰਦਾ ਅਤੇ ਦੇਸੀ ਕਿਸਮ ਵਾਂਗ ਹੰਢਣਸਾਰੀ ਵੀ ਨਹੀਂ ਰਹਿੰਦਾ," ਬਾਪੂ ਕਹਿੰਦੇ ਹਨ।
ਜਿਵੇਂ-ਜਿਵੇਂ ਫਸਲੀ ਚੱਕਰ ਬਦਲ ਗਿਆ ਹੈ, ਝੌਂਪੜੀਆਂ ਬਣਾਉਣ ਵਾਲਿਆਂ ਨੂੰ ਵੀ ਆਪਣਾ ਕੰਮ ਬਦਲਣਾ ਪਿਆ ਹੈ। ਅਤੀਤ ਵਿੱਚ, ਗਰਮੀਆਂ ਵਿੱਚ ਝੌਂਪੜੀਆਂ ਬਣਾਈਆਂ ਜਾਂਦੀਆਂ ਸਨ। ਕਿਉਂਕਿ ਉਦੋਂ ਖੇਤਾਂ ਵਿੱਚ ਕੋਈ ਕੰਮ ਨਹੀਂ ਸੀ। ਪਰ ਵਿਸ਼ਨੂੰ ਅਤੇ ਨਰਾਇਣ ਬਾਪੂ ਦੋਵੇਂ ਹੀ ਆਪਣੀ ਖੇਤੀ ਦੇ ਤਜਰਬੇ ਦੇ ਆਧਾਰ 'ਤੇ ਕਹਿੰਦੇ ਹਨ ਕਿ ਹੁਣ ਸਾਲ ਵਿੱਚ ਕੋਈ ਵਿਰਲਾ ਹੀ ਸਮਾਂ ਹੁੰਦਾ ਹੈ ਜਦੋਂ ਖੇਤ ਸਨਮੀ ਛੱਡੇ ਜਾਂਦੇ ਹੋਣ। "ਪਹਿਲਾਂ ਅਸੀਂ ਸਿਰਫ਼ ਇੱਕੋ ਹੀ ਫ਼ਸਲ ਉਗਾਉਂਦੇ ਸਾਂ। ਹੁਣ ਜੇ ਤੁਸੀਂ ਦੋ ਜਾਂ ਤਿੰਨ ਫਸਲਾਂ ਵੀ ਬੀਜੋ ਤਾਂ ਵੀ ਗੁਜ਼ਾਰਾ ਚਲਾਉਣਾ ਮੁਸ਼ਕਲ ਹੈ," ਵਿਸ਼ਨੂੰ ਬਾਪੂ ਕਹਿੰਦੇ ਹਨ।
ਨਾਰਾਇਣ ਤੇ ਵਿਸ਼ਨੂੰ ਬਾਪੂ, ਅਸ਼ੋਕ ਅਤੇ ਬੀਬੀ ਕੁਸੁਮ ਸਾਰਿਆਂ ਨੇ ਪੰਜ ਮਹੀਨੇ ਅਤੇ 300 ਘੰਟਿਆਂ ਦੀ ਮਿਹਨਤ ਤੋਂ ਬਾਅਦ ਝੌਂਪੜੀ ਤਿਆਰ ਕੀਤੀ ਕਿਉਂਕਿ ਖੇਤੀ ਦਾ ਕੰਮ ਵੀ ਨਾਲ਼ੋਂ-ਨਾਲ਼ ਚੱਲ ਰਿਹਾ ਸੀ। "ਇਹ ਬਹੁਤ ਸਖਤ ਮਿਹਨਤ ਵਾਲ਼ਾ ਕੰਮ ਹੈ।" ਬਾਪੂ ਕਹਿੰਦੇ ਹਨ, "ਜਿੰਨੀ ਵੀ ਸਮੱਗਰੀ ਦੀ ਲੋੜ ਹੈ, ਉਸ ਨੂੰ ਲੱਭਣਾ ਬਹੁਤ ਮੁਸ਼ਕਲ ਹੋ ਗਿਆ ਹੈ। ਜੰਭਾਲੀ ਦੇ ਹਰ ਕੋਨੇ ਤੋਂ ਆਉਣ ਵਾਲ਼ੇ ਮਾਲ ਨੂੰ ਲੱਭਣ ਵਿੱਚ ਉਨ੍ਹਾਂ ਨੂੰ ਇੱਕ ਹਫਤਾ ਲੱਗ ਗਿਆ।"
ਝੌਂਪੜੀ ਬਣਾਉਂਦੇ ਸਮੇਂ ਬਹੁਤ ਸਾਰੀਆਂ ਸੱਟਾਂ ਲੱਗਦੀਆਂ ਹਨ। ਕੰਡੇ ਚੁਭਦੇ ਹਨ ਤੇ ਚੀਰੇ ਪੈਂਦੇ ਹਨ। "ਜੇ ਤੁਸੀਂ ਇਸ ਤਰ੍ਹਾਂ ਦੇ ਦਰਦ ਦੇ ਆਦੀ ਨਹੀਂ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੇ ਕਿਸਾਨ ਹੋ?" ਨਰਾਇਣ ਬਾਪੂ ਆਪਣੀ ਜ਼ਖ਼ਮੀ ਉਂਗਲ ਵੱਲ ਇਸ਼ਾਰਾ ਕਰਦੇ ਹੋਏ ਪੁੱਛਦੇ ਹਨ।
ਆਖਰਕਾਰ ਝੌਂਪੜੀ ਪੂਰੀ ਹੋ ਗਈ। ਉਹ ਸਾਰੇ ਜਿਨ੍ਹਾਂ ਦਾ ਉਸ ਦੀ ਉਸਾਰੀ ਵਿਚ ਹੱਥ ਸੀ, ਭਾਵੇਂ ਥੱਕ ਗਏ ਸਨ ਪਰ ਖੁਸ਼ ਹਨ। ਵਿਸ਼ਨੂੰ ਬਾਪੂ ਕਹਿੰਦੇ ਹਨ, ਕੌਣ ਜਾਣਦਾ ਹੈ, ਇਹ ਜੰਭਾਲੀ ਦੀ ਆਖਰੀ ਝੌਂਪੜੀ ਹੋਵੇ, ਕਿਉਂਕਿ ਹੁਣ ਕੋਈ ਵੀ ਇਸ ਕਲਾ ਨੂੰ ਸਿੱਖਣ ਲਈ ਨਹੀਂ ਆਉਂਦਾ। ਹਿਰਖੇ ਮਨ ਨਾਲ਼ ਨਰਾਇਣ ਬਾਪੂ ਦੱਸਦੇ ਹਨ, " ਕੋਨ ਯੇਊਦੇ ਕਿਨਵਾ ਨਾਹੀਂ ਯੇਊਦੇ, ਅਪਲਾਯਾ ਕਾਹਿਨੀ ਫਰਕ ਪੜਤ ਨਾਹੀਂ (ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਆਉਂਦਾ ਹੈ ਜਾਂ ਨਹੀਂ)।'' ਉਹ ਕਹਿੰਦੇ ਹਨ ਕਿ ਉਹ ਆਪਣੇ ਹੱਥੀਂ ਬਣਾਈ ਝੌਂਪੜੀ ਵਿੱਚ ਸ਼ਾਂਤੀ ਨਾਲ਼ ਸੌਂਦੇ ਹਨ। ਉਹ ਹੁਣ ਇਸ ਨੂੰ ਲਾਇਬ੍ਰੇਰੀ ਵਜੋਂ ਵਰਤਣ ਦਾ ਇਰਾਦਾ ਰੱਖਦੇ ਹਨ।
"ਜਦੋਂ ਕੋਈ ਦੋਸਤ ਜਾਂ ਮਹਿਮਾਨ ਸਾਡੇ ਘਰ ਆਉਂਦਾ ਹੈ, ਤਾਂ ਮੈਂ ਬੜੇ ਫ਼ਖਰ ਨਾਲ਼ ਉਹਨੂੰ ਝੌਂਪੜੀ ਦਿਖਾਉਂਦਾ ਹਾਂ।'' ਨਾਰਾਇਣ ਬਾਪੂ ਕਹਿੰਦੇ ਹਨ, "ਇਸ ਕਲਾ ਨੂੰ ਜਿਉਂਦਾ ਰੱਖਣ ਲਈ ਹਰ ਕੋਈ ਮੇਰੀ ਤਾਰੀਫ਼ ਕਰਦਾ ਹੈ।''
ਪੇਂਡੂ ਕਾਰੀਗਰਾਂ ਬਾਰੇ ਇਹ ਸਟੋਰੀ , ਸੰਕੇਤ ਜੈਨ ਦੁਆਰਾ ਲਿਖੀ ਗਈ ਹੈ , ਜੋ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਦੁਆਰਾ ਦਿੱਤੇ ਫੰਡ ਨਾਲ਼ ਹੀ ਸੰਭਵ ਹੋ ਸਕਿਆ।
ਤਰਜਮਾ: ਕਮਲਜੀਤ ਕੌਰ