10 ਸਾਲਾ ਨੂਤਨ ਬ੍ਰਹਮਣੇ ਇਹ ਜਾਣਨ ਲਈ ਉਤਸੁਕ ਸੀ ਕਿ ਉਹਦੀ ਦਾਦੀ ਮੁੰਬਈ ਵਿਰੋਧ ਪ੍ਰਦਰਸ਼ਨ ਵਿੱਚ ਕਿਉਂ ਜਾ ਰਹੀ ਹਨ। ਇਸਲਈ ਜੀਜਾਬਾਈ ਬ੍ਰਹਮਣੇ ਨੇ ਉਹਨੂੰ ਆਪਣੇ ਨਾਲ਼ ਲਿਜਾਣ ਦਾ ਫੈਸਲਾ ਕੀਤਾ। "ਮੈਂ ਉਹਨੂੰ ਆਪਣੇ ਨਾਲ਼ ਇਸਲਈ ਲਿਆਈ ਹਾਂ ਤਾਂਕਿ ਉਹ ਆਦਿਵਾਸੀਆਂ ਦੇ ਦੁੱਖਾਂ ਅਤੇ ਸਮੱਸਿਆਵਾਂ ਨੂੰ ਸਮਝ ਸਕੇ," 26 ਜਨਵਰੀ ਨੂੰ ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਵਿੱਚ ਤਿੱਖੀ ਧੁੱਪ ਵਿੱਚ ਬੈਠੀ ਜੀਜਾਬਾਈ ਨੇ ਕਿਹਾ।
"ਅਸੀਂ ਇੱਥੇ ਦਿੱਲੀ ਵਿੱਚ (ਤਿੰਨੋਂ ਖੇਤੀ ਕਨੂੰਨਾਂ ਦੇ ਖਿਲਾਫ਼) ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਨ ਲਈ ਆਏ ਹਾਂ। ਪਰ ਅਸੀਂ ਆਪਣੀਆਂ ਕੁਝ ਸਥਾਨਕ ਮੰਗਾਂ ਵੱਲ ਵੀ ਧਿਆਨ ਦਵਾਉਣਾ ਚਾਹੁੰਦੇ ਹਾਂ," 65 ਸਾਲਾ ਜੀਜਾਬਾਈ ਨੇ ਕਿਹਾ, ਜੋ 25-26 ਜਨਵਰੀ ਨੂੰ ਨੂਤਨ ਦੇ ਨਾਲ਼ ਅਜ਼ਾਦ ਮੈਦਾਨ ਵਿੱਚ ਰੁਕੀ ਸਨ।
ਉਹ 23 ਜਨਵਰੀ ਨੂੰ ਨਾਸਿਕ ਤੋਂ ਰਵਾਨਾ ਹੋਏ ਕਿਸਾਨਾਂ ਦੇ ਦਲ ਦੇ ਨਾਲ਼ ਨਾਸਿਕ ਜ਼ਿਲ੍ਹੇ ਦੇ ਅੰਬੇਵਾਨੀ ਪਿੰਡ ਤੋਂ ਆਈਆਂ।
ਜੀਜਾਬਾਈ ਅਤੇ ਉਨ੍ਹਾਂ ਦੇ ਪਤੀ, 70 ਸਾਲਾ ਸ਼੍ਰਵਣ- ਦੋਵੇਂ ਕੋਲੀ ਮਹਾਂਦੇਵ ਆਦਿਵਾਸੀ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ- ਦਹਾਕਿਆਂ ਤੋਂ ਡਿੰਡੋਰੀ ਤਾਲੁਕਾ ਦੇ ਆਪਣੇ ਪਿੰਡ ਵਿੱਚ ਪੰਜ ਏਕੜ ਜੰਗਲਾਤ ਭੂਮੀ 'ਤੇ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਨੂੰ 2006 ਵਿੱਚ ਵਣ ਅਧਿਕਾਰ ਐਕਟ ਪਾਸ ਹੋਣ ਤੋਂ ਬਾਅਦ ਜ਼ਮੀਨ ਦਾ ਮਾਲਿਕਾਨਾ ਹੱਕ ਮਿਲ਼ ਜਾਣਾ ਚਾਹੀਦਾ ਸੀ। "ਪਰ ਸਾਨੂੰ ਆਪਣੇ ਨਾਂਅ 'ਤੇ ਇੱਕ ਏਕੜ ਨਾਲੋਂ ਵੀ ਘੱਟ ਜ਼ਮੀਨ ਮਿਲੀ, ਜਿਸ 'ਤੇ ਅਸੀਂ ਕਣਕ, ਝੋਨਾ, ਮਾਂਹ ਅਤੇ ਅਰਹਰ ਪੈਦਾ ਕਰਦੇ ਹਾਂ," ਉਨ੍ਹਾਂ ਨੇ ਦੱਸਿਆ। "ਬਾਕੀ (ਜ਼ਮੀਨ) ਜੰਗਲਾਤ ਵਿਭਾਗ ਦੇ ਅਧੀਨ ਹੈ ਅਤੇ ਜੇਕਰ ਅਸੀਂ ਜ਼ਮੀਨ ਦੇ ਉਸ ਟੋਟੇ ਦੇ ਕੋਲ਼ ਜਾਂਦੇ ਹਾਂ ਤਾਂ ਅਧਿਕਾਰੀ ਸਾਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ।"
ਮੁੰਬਈ ਵਿੱਚ ਗਣਤੰਤਰ ਦਿਵਸ 'ਤੇ ਵਿਰੋਧ ਪ੍ਰਦਰਸ਼ਨ ਵਾਸਤੇ ਨੂਤਨ ਦੇ ਪਿਤਾ, ਜੀਜਾਬਾਈ ਦੇ ਬੇਟੇ, ਸੰਜੈ ਅਸਾਨੀ ਨਾਲ਼ ਆਪਣੀ ਬੇਟੀ ਨੂੰ ਦਾਦੀ ਨਾਲ਼ ਜਾਣ ਦੇਣ ਲਈ ਸਹਿਮਤ ਹੋ ਗਏ। "ਉਹ 2018 ਵਿੱਚ ਕਿਸਾਨਾਂ ਦੇ ਲੰਬੇ ਮਾਰਚ ਵਿੱਚ ਆਉਣਾ ਚਾਹੁੰਦੀ ਸੀ, ਜਿਸ ਵਿੱਚ ਅਸੀਂ ਨਾਸਿਕ ਤੋਂ ਮੁੰਬਈ ਲਈ ਇੱਕ ਹਫ਼ਤੇ ਤੱਕ ਤੁਰਦੇ ਰਹੇ। ਪਰ ਉਦੋਂ ਉਹ ਬਹੁਤ ਛੋਟੀ ਸੀ। ਮੈਨੂੰ ਯਕੀਨ ਨਹੀਂ ਸੀ ਕਿ ਉਹ ਇੰਨੀ ਦੂਰ ਪੈਦਲ ਚੱਲ ਸਕੇਗੀ। ਅੱਜ ਉਹ ਕਾਫ਼ੀ ਵੱਡੀ ਹੋ ਚੁੱਕੀ ਹੈ ਅਤੇ ਇਸ ਵਾਰ ਜ਼ਿਆਦਾ ਤੁਰਨਾ ਵੀ ਨਹੀਂ ਹੈ," ਜੀਜਾਬਾਈ ਨੇ ਕਿਹਾ।
ਜੀਜਾਬਾਈ ਅਤੇ ਨੂਤਨ ਨੇ ਨਾਸਿਕ ਦੇ ਸਮੂਹ ਦੇ ਨਾਲ਼ ਟਰੱਕਾਂ ਅਤੇ ਟੈਂਪੂ ਵਿੱਚ ਯਾਤਰਾ ਕੀਤੀ- ਕਸਾਰਾ ਘਾਟ ਦੇ 12 ਕਿਲੋਮੀਟਰ ਦੇ ਹਿੱਸੇ ਨੂੰ ਛੱਡ ਕੇ, ਜਿੱਥੇ ਸਾਰੇ ਲੋਕ ਵਾਹਨਾਂ ਤੋਂ ਉੱਤਰ ਕੇ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿੱਚ ਪੈਦਲ ਤੁਰੇ। "ਮੈਂ ਵੀ ਆਪਣੀ ਦਾਦੀ ਦੇ ਨਾਲ਼ ਪੈਦਲ ਤੁਰੀ," ਨੂਤਨ ਨੇ ਸੰਗਦਿਆਂ ਅਤੇ ਮੁਸਕਰਾਉਂਦਿਆਂ ਕਿਹਾ। "ਮੈਂ ਮਾਸਾ ਵੀ ਨਹੀਂ ਥੱਕੀ," ਉਨ੍ਹਾਂ ਨੇ ਨਾਸਿਕ ਦੇ ਅਜ਼ਾਦ ਮੈਦਾਨ ਤੱਕ ਪਹੁੰਚਣ ਲਈ ਲਗਭਗ 180 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
"ਉਹ ਇੱਕ ਵਾਰ ਵੀ ਨਹੀਂ ਰੋਈ ਅਤੇ ਨਾ ਹੀ ਉਤਾਵਲ਼ੀ ਹੋਈ। ਸਗੋਂ, ਮੁੰਬਈ ਅੱਪੜਨ ਤੋਂ ਬਾਅਦ ਉਹ ਹੋਰ ਜ਼ਿਆਦਾ ਊਰਜਾਵਾਨ ਹੋ ਗਈ," ਜੀਜਾਬਾਈ ਨੇ ਮਾਣ ਨਾਲ਼ ਨੂਤਨ ਦੇ ਮੱਥੇ 'ਤੇ ਹੱਥ ਫੇਰਦਿਆਂ ਕਿਹਾ। "ਅਸੀਂ ਯਾਤਰਾ ਲਈ ਭਾਖਰੀ ਅਤੇ ਹਰੀ ਮਿਰਚ ਦੀ ਚਟਨੀ ਲੈ ਕੇ ਆਏ ਸਾਂ। ਉਹ ਸਾਡੇ ਦੋਵਾਂ ਲਈ ਕਾਫ਼ੀ ਸਨ," ਉਨ੍ਹਾਂ ਨੇ ਦੱਸਿਆ।
ਕੋਵਿਡ-19 ਮਹਾਂਮਾਰੀ ਦੇ ਕਾਰਨ ਅੰਬੇਵਾਨੀ ਵਿੱਚ ਨੂਤਨ ਦਾ ਸਕੂਲ ਬੰਦ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਕੋਲ਼ ਸਮਾਰਟ-ਫ਼ੋਨ ਨਾ ਹੋਣ ਕਰਕੇ ਉਹਦੀਆਂ ਆਨਲਾਈਨ ਕਲਾਸਾਂ ਸੰਭਵ ਨਹੀਂ ਸਨ। "ਮੈਂ ਸੋਚਿਆ ਕਿ ਇਹ ਨੂਤਨ ਵਾਸਤੇ ਸਿੱਖਣ ਦਾ ਇੱਕ ਚੰਗਾ ਤਜ਼ਰਬਾ ਰਹੇਗਾ," ਜੀਜਾਬਾਈ ਨੇ ਕਿਹਾ।
"ਮੈਂ ਜਾਣਨਾ ਚਾਹੁੰਦੀ ਸਾਂ ਕਿ ਇਹ ਕਿੰਨਾ ਕੁ ਵੱਡਾ ਹੈ," ਨੂਤਨ ਨੇ ਕਿਹਾ, ਜੋ 5ਵੀਂ ਜਮਾਤ ਵਿੱਚ ਹੈ ਅਤੇ ਸਦਾ ਮੁੰਬਈ ਆਉਣਾ ਚਾਹੁੰਦੀ ਸੀ। "ਮੈਂ ਵਾਪਸ ਜਾ ਕੇ ਆਪਣੇ ਦੋਸਤਾਂ ਨੂੰ ਇਹਦੇ ਬਾਰੇ ਸਭ ਕੁਝ ਦੱਸਾਂਗੀ।"
ਨੂਤਨ ਨੂੰ ਹੁਣ ਪਤਾ ਹੈ ਕਿ ਉਹਦੀ ਦਾਦੀ ਵਰ੍ਹਿਆਂ ਤੋਂ ਭੂਮੀ ਅਧਿਕਾਰਾਂ ਦੀ ਮੰਗ ਕਰ ਰਹੀ ਹੈ। ਉਹ ਇਹ ਵੀ ਜਾਣਦੀ ਹੈ ਕਿ ਉਹਦੇ ਮਾਪੇ, ਜੋ ਬਤੌਰ ਖੇਤ ਮਜ਼ਦੂਰ ਕੰਮ ਕਰਦੇ ਹਨ, ਉਨ੍ਹਾਂ ਲਈ ਪਿੰਡ ਵਿੱਚ ਕਾਫ਼ੀ ਕੰਮ ਨਹੀਂ ਹੈ। ਉਹ ਸਤੰਬਰ 2020 ਵਿੱਚ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨੋਂ ਖੇਤੀ ਕਨੂੰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਹਦੇ ਖ਼ਿਲਾਫ਼ ਪੂਰੇ ਦੇਸ਼ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਹ ਤਿੰਨੋਂ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਨ੍ਹਾਂ ਨੂੰ ਸਭ ਤੋਂ ਪਹਿਲੀ ਵਾਰ 5 ਜੂਨ 2020 ਨੂੰ ਇੱਕ ਆਰਡੀਨੈਂਸ ਦੇ ਰੂਪ ਵਿੱਚ ਜਾਰੀ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਕ ਦਿਨ ਤੱਕ ਉਨ੍ਹਾਂ ਨੂੰ ਐਕਟ ਬਣਾ ਦਿੱਤਾ ਗਿਆ।
ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਰੋਜ਼ੀਰੋਟੀ ਵਾਸਤੇ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨੀ ਅਤੇ ਖੇਤੀ 'ਤੇ ਜ਼ਿਆਦਾ ਹੱਕ ਪ੍ਰਦਾਨ ਕਰਦੇ ਹਨ। "ਅਸੀਂ ਖੇਤੀ ਵਿੱਚ ਅਤੇ ਵੱਡੀਆਂ ਕੰਪਨੀਆਂ ਨੂੰ ਨਹੀਂ ਦੇਖਣਾ ਚਾਹੁੰਦੇ। ਸਾਡੇ ਹਿੱਤਾਂ ਵੱਲ ਉਨ੍ਹਾਂ ਦਾ ਧਿਆਨ ਨਹੀਂ ਹੈ," ਜੀਜਾਬਾਈ ਨੇ ਕਿਹਾ।
ਨਵੇਂ ਕਨੂੰਨ ਘੱਟੋਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMC), ਰਾਜ ਦੁਆਰਾ ਖਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਹਰ ਭਾਰਤੀ ਨੂੰ ਪ੍ਰਭਾਵਤ ਕਰਨ ਵਾਲ਼ੇ ਹਨ। ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਦੇ ਅਧਿਕਾਰ ਨੂੰ ਅਯੋਗ ਕਰਦੇ ਹਨ।
ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਆਪਣੀ ਅਸਹਿਮਤੀ ਪ੍ਰਗਟ ਕਰਨ ਵਾਸਤੇ ਕਿਸਾਨਾਂ ਨੂੰ ਸੜਕਾਂ 'ਤੇ ਉਤਰਨਾ ਚਾਹੀਦਾ ਹੈ, ਜੀਜਾਬਾਈ ਨੇ ਕਿਹਾ। "ਵਿਸ਼ੇਸ਼ ਰੂਪ ਨਾਲ਼ ਔਰਤਾਂ ਨੂੰ," ਉਨ੍ਹਾਂ ਨੇ ਭਾਰਤ ਦੇ ਮੁੱਖ ਜੱਜ ਸ਼ਰਦ ਬੋਬਡੇ ਦੇ ਸਵਾਲ ਦਾ ਜ਼ਿਕਰ ਕਰਦਿਆਂ ਕਿਹਾ,'ਬਜ਼ੁਰਗਾਂ ਅਤੇ ਔਰਤਾਂ ਨੂੰ ਵਿਰੋਧ ਪ੍ਰਦਰਸ਼ਨਾਂ ਵਿੱਚ ਕਿਉਂ ਰੱਖਿਆ ਗਿਆ ਹੈ?'
"ਮੈਂ ਆਪਣਾ ਪੂਰਾ ਜੀਵਨ ਖੇਤੀ ਦੇ ਕੰਮ ਵਿੱਚ ਬਿਤਾਇਆ ਹੈ," ਜੀਜਾਬਾਈ ਨੇ ਕਿਹਾ। "ਅਤੇ ਮੈਂ ਓਨਾ ਹੀ ਕੰਮ ਕੀਤਾ ਹੈ ਜਿੰਨਾ ਮੇਰੇ ਪਤੀ ਨੇ।" ਨੂਤਨ ਨੇ ਜਦੋਂ ਉਨ੍ਹਾਂ ਨੂੰ ਮੁੰਬਈ ਆਉਣ ਲਈ ਪੁੱਛਿਆ ਸੀ, ਤਾਂ ਉਹ ਖ਼ੁਸ਼ ਹੋਈ ਸਨ। "ਛੋਟੀ ਉਮਰ ਵਿੱਚ ਇਨ੍ਹਾਂ ਗੱਲਾਂ ਨੂੰ ਸਮਝਣਾ ਉਹਦੇ ਲਈ ਮਹੱਤਵਪੂਰਨ ਹੈ। ਮੈਂ ਉਹਨੂੰ ਇੱਕ ਸੁਤੰਤਰ ਔਰਤ ਬਣਾਉਣਾ ਚਾਹੁੰਦੀ ਹਾਂ।"
ਤਰਜਮਾ - ਕਮਲਜੀਤ ਕੌਰ