ਇਹ ਮੁਕਤੀ, ਹੁਕਮ-ਅਦੂਲੀ ਤੇ ਦ੍ਰਿੜਤਾ ਦਾ ਸੰਗੀਤ ਹੈ, ਜਿਹਨੂੰ ਇੱਕ ਪ੍ਰਸਿੱਧ ਗਰਬਾ ਦੀ ਧੁਨ 'ਤੇ ਸਜਾਇਆ ਗਿਆ ਹੈ। ਇਹ ਸਹੀ ਅਰਥਾਂ ਵਿੱਚ ਪੇਂਡੂ ਔਰਤਾਂ ਦੀ ਅਵਾਜ਼ ਹੈ ਜੋ ਹੁਣ ਬਗ਼ੈਰ ਸਵਾਲ ਕੀਤਿਆਂ ਸੱਭਿਆਚਾਰ ਦੇ ਵਿਰਾਸਤੀ ਢਾਂਚੇ ਤੇ ਹੁਕਮਾਂ ਨੂੰ ਸਿਰ ਝੁਕਾ ਕੇ ਮੰਨਣ ਨੂੰ ਤਿਆਰ ਨਹੀਂ ਹਨ।
ਕੱਛ ਵਿੱਚ ਬੋਲੀਆਂ ਜਾਣ ਵਾਲ਼ੀਆਂ ਕਈ ਭਾਸ਼ਾਵਾਂ ਵਿੱਚੋਂ, ਇੱਕ, ਗੁਜਰਾਤੀ ਵਿੱਚ ਲਿਖੇ ਇਸ ਲੋਕਗੀਤ ਨੂੰ ਪੇਂਡੂ ਔਰਤਾਂ ਨੇ ਕੱਛ ਮਹਿਲਾ ਵਿਕਾਸ ਸੰਗਠਨ (ਕੇਐੱਵੀਸੀ) ਵੱਲੋਂ ਅਯੋਜਿਤ ਇੱਕ ਵਰਕਸ਼ਾਪ ਵਿੱਚ ਹਿੱਸਾ ਲੈਣ ਦੌਰਾਨ ਲਿਖਿਆ ਹੈ, ਜਿਹਦਾ ਅਯੋਜਨ ਮਹਿਲਾ ਅਧਿਕਾਰਾਂ ਲਈ ਜਾਗਰੂਕਤਾ ਫ਼ੈਲਾਉਣ ਲਈ ਕੀਤਾ ਗਿਆ ਸੀ।
ਇਹ ਪਤਾ ਲਾਉਣਾ ਮੁਸ਼ਕਲ ਹੈ ਕਿ ਇਹਨੂੰ ਕਦੋਂ ਲਿਖਿਆ ਗਿਆ ਸੀ ਜਾਂ ਇਹਦੀ ਰਚੇਤਾ ਔਰਤਾਂ ਕੌਣ ਸਨ। ਪਰ ਬੇੱਸ਼ਕ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੋ ਵੀ ਇਸ ਲੋਕਗੀਤ ਨੂੰ ਸੁਣਦਾ ਹੈ, ਉਹਨੂੰ ਜਾਇਦਾਦ ਵਿੱਚ ਬਰਾਬਰ ਦਾ ਹੱਕ ਮੰਗਣ ਵਾਲ਼ੀ ਇੱਕ ਔਰਤ ਦੀ ਮਜ਼ਬੂਤ ਅਵਾਜ਼ ਸੁਣਾਈ ਪੈਂਦੀ ਹੈ।
ਹਾਲਾਂਕਿ, ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਅਸਲ ਵਿੱਚ ਕਿਹੜੇ ਮਕਸਦ ਅਤੇ ਸੰਦਰਭ ਨੂੰ ਮੁੱਖ ਰੱਖ ਕੇ ਇਸ ਲੋਕਗੀਤ ਦੀ ਰਚਨਾ ਕੀਤੀ ਗਈ ਸੀ, ਪਰ ਸਾਡੇ ਕੋਲ਼ ਸਾਲ 2003 ਦੇ ਨੇੜੇ-ਤੇੜੇ ਔਰਤਾਂ ਦੇ ਭੂ-ਮਾਲਿਕਾਨੇ ਦੇ ਸਵਾਲ ਤੇ ਰੋਜ਼ੀਰੋਟੀ ਦੇ ਮੁੱਦਿਆਂ ਨੂੰ ਲੈ ਕੇ ਪੂਰੇ ਗੁਜਰਾਤ, ਖ਼ਾਸ ਕਰਕੇ ਕੱਛ ਵਿਖੇ ਅਯੋਜਿਤ ਚਰਚਾਵਾਂ ਤੇ ਵਰਕਸ਼ਾਪਾਂ ਦੇ ਰਿਕਾਰਡ ਮੌਜੂਦ ਹਨ। ਉਸ ਦੌਰ ਵਿੱਚ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਜਾਗਰੂਕਤਾ ਵਧਾਉਣ ਵਾਲ਼ੇ ਅਭਿਆਨਾਂ ਵਿੱਚ ਅਕਸਰ ਖੇਤੀ-ਉਤਪਾਦਾਂ ਵਿੱਚ ਔਰਤਾਂ ਦੇ ਯੋਗਦਾਨ ਅਤੇ ਭੂਮੀ 'ਤੇ ਔਰਤਾਂ ਦੇ ਮਾਲਿਕਾਨੇ ਹੱਕ ਦੀ ਘਾਟ ਜਿਹੇ ਮੁੱਦਿਆਂ 'ਤੇ ਚਰਚਾਵਾਂ ਹੁੰਦੀਆਂ ਸਨ। ਅਸੀਂ ਸਪੱਸ਼ਟ ਰੂਪ ਵਿੱਚ ਤਾਂ ਨਹੀਂ ਕਹਿ ਸਕਦੇ ਕਿ ਇਨ੍ਹਾਂ ਚਰਚਾਵਾਂ ਦੀ ਬਦੌਲਤ ਹੀ ਇਸ ਲੋਕਗੀਤ ਦਾ ਜਨਮ ਹੋਇਆ।
ਹਾਲਾਂਕਿ, ਇਸ ਲੋਕਗੀਤ ਨੇ ਇਲਾਕੇ ਦੇ ਅੰਦਰ ਤੇ ਬਾਹਰ ਹਰ ਥਾਵੇਂ ਆਪਣੇ ਪੈਰ ਪਸਾਰੇ ਹਨ। ਇਸ ਯਾਤਰਾ ਦੌਰਾਨ, ਜਿਵੇਂ ਕਿ ਕਿਸੇ ਵੀ ਲੋਕਗੀਤ ਦੇ ਨਾਲ਼ ਹੁੰਦਾ ਹੈ, ਇਸ ਵਿੱਚ ਕੁਝ ਲਾਈਨਾਂ ਜੋੜੀਆਂ ਗਈਆਂ ਹਨ, ਕੁਝ ਬਦਲੀਆਂ ਗਈਆਂ ਹਨ ਤੇ ਸ੍ਰੋਤਿਆਂ ਨੂੰ ਫ਼ੁਸਲਾਉਣ ਲਈ ਗੀਤਕਾਰਾਂ ਨੇ ਇਸ ਵਿੱਚ ਕੁਝ ਬਦਲਾਅ ਕੀਤੇ ਹਨ। ਇੱਥੇ ਪੇਸ਼ ਇਸ ਲੋਕਗੀਤ ਨੂੰ ਨਖਤ੍ਰਾ ਤਾਲੁਕਾ ਦੀ ਨੰਦੁਬਾ ਜਡੇਜਾ ਨੇ ਆਪਣੀ ਅਵਾਜ਼ ਦਿੱਤੀ ਹੈ।
ਇਹ ਸੁਰਵਾਣੀ ਦੁਆਰਾ ਰਿਕਾਰਡ ਕੀਤੇ ਗਏ 341 ਗੀਤਾਂ ਵਿੱਚੋਂ ਇੱਕ ਹੈ। ਸੁਰਵਾਣੀ ਇੱਕ ਭਾਈਚਾਰਕ ਰੇਡਿਓ ਹੈ, ਜਿਹਦੀ ਸ਼ੁਰੂਆਤ 2008 ਵਿੱਚ ਹੋਈ ਸੀ। ਕੱਛ ਮਹਿਲਾ ਵਿਕਾਸ ਸੰਗਠਨ ਦੇ ਜ਼ਰੀਏ ਇਹ ਸੰਗ੍ਰਹਿ ਪਾਰੀ ਕੋਲ਼ ਪੁੱਜਿਆ, ਜੋ ਇਲਾਕੇ ਦੇ ਸੱਭਿਆਚਾਰ, ਭਾਸ਼ਾ ਤੇ ਸੰਗੀਤ ਨਾਲ਼ ਜੁੜੀ ਵੰਨ-ਸੁਵੰਨਤਾ ਦੀ ਵਿਰਾਸਤ ਨੂੰ ਆਪਣੇ ਗੀਤਾਂ ਵਿੱਚ ਸਮੋਈ ਬੈਠਾ ਹੈ। ਇਸ ਸੰਕਲਨ ਨੇ ਕੱਛ ਦੀ ਸੰਗੀਤ ਪਰੰਪਰਾ ਨੂੰ ਬਚਾਈ ਰੱਖਣ ਵਿੱਚ ਯੋਗਦਾਨ ਪਾਇਆ ਹੈ, ਜੋ ਕਿ ਹੁਣ ਢਲ਼ਾਣ ਵੱਲ ਨੂੰ ਖ਼ਿਸਕ ਰਹੀ ਹੈ। ਇੰਝ ਜਾਪਦਾ ਹੈ ਜਿਓਂ ਇਹ ਪਰੰਪਰਾ ਰੇਗਿਸਤਾਨ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੋਵੇ।
Gujarati
સાયબા એકલી હું વૈતરું નહી કરું
સાયબા મુને સરખાપણાની ઘણી હામ રે ઓ સાયબા
સાયબા એકલી હું વૈતરું નહી કરું
સાયબા તારી સાથે ખેતીનું કામ હું કરું
સાયબા જમીન તમારે નામે ઓ સાયબા
જમીન બધીજ તમારે નામે ઓ સાયબા
સાયબા એકલી હું વૈતરું નહી કરું
સાયબા મુને સરખાપણાની ઘણી હામ રે ઓ સાયબા
સાયબા એકલી હું વૈતરું નહી કરું
સાયબા હવે ઘરમાં ચૂપ નહી રહું
સાયબા હવે ઘરમાં ચૂપ નહી રહું
સાયબા જમીન કરાવું મારે નામે રે ઓ સાયબા
સાયબાહવે મિલકતમા લઈશ મારો ભાગ રે ઓ સાયબા
સાયબા હવે હું શોષણ હું નહી સહુ
સાયબા હવે હું શોષણ હું નહી સહુ
સાયબા મુને આગળ વધવાની ઘણી હામ રે ઓ સાયબા
સાયબા એકલી હું વૈતરું નહી કરું
સાયબા મુને સરખાપણાની ઘણી હામ રે ઓ સાયબા
સાયબા એકલી હું વૈતરું નહી કરું
ਪੰਜਾਬੀ
ਇਓਂ ਮੈਂ
ਖੱਜਲ ਨੀਂ ਹੋਣਾ, ਸੁਣ ਮਾਹੀਆ ਵੇ
ਮੈਂ ਵੀ
ਤੇਰੇ ਬਰਾਬਰ ਹੈ ਖੜ੍ਹੇ ਹੋਣਾ
ਇਓਂ ਮੈਂ
ਖੱਜਲ ਨੀਂ ਹੋਣਾ, ਸੁਣ ਮਾਹੀਆ ਵੇ
ਤੇਰੇ ਵਾਂਗਰ ਮੈਂ ਵੀ ਖੇਤਾਂ ਵਿੱਚ ਹੱਡ-ਗਾਲ਼ੇ
ਫਿਰ ਖੇਤ ਕਿਉਂ ਸਾਰੇ ਤੇਰੇ ਹੀ ਨਾਮ ਬੋਲਦੇ?
ਸਾਰੀਆਂ ਜ਼ਮੀਨਾਂ 'ਤੇ ਬੋਲਦਾ ਬੱਸ ਤੇਰਾ ਨਾਮ ਵੇ
ਇਓਂ ਮੈਂ ਖੱਜਲ ਨੀਂ ਹੋਣਾ, ਸੁਣ ਮਾਹੀਆ ਵੇ
ਮੈਂ ਵੀ
ਤੇਰੇ ਬਰਾਬਰ ਹੈ ਖੜ੍ਹੇ ਹੋਣਾ
ਇਓਂ ਮੈਂ
ਖੱਜਲ ਨੀਂ ਹੋਣਾ, ਸੁਣ ਮਾਹੀਆ ਵੇ
ਹੁਣ ਨਾ ਘਰੇ ਚੁੱਪ ਹੋ ਬਹਿਣਾ ਮੈਂ
ਨਾ ਹੀ ਆਪਣੀ ਜ਼ੁਬਾਨ ‘ਤੇ ਕੋਈ ਤਾਲਾ ਜੜ੍ਹਨਾ ਮੈਂ
ਹਰ ਏਕੜ ‘ਤੇ ਮੈਨੂੰ ਮੇਰਾ ਨਾਂਅ ਚਾਹੀਦਾ
ਜਾਇਦਾਦ ਦੇ ਕਾਗ਼ਜ਼ਾਂ ‘ਤੇ ਮੈਨੂੰ ਮੇਰਾ ਹਿੱਸਾ ਚਾਹੀਦਾ
ਆਪਣੇ ਹਿੱਸੇ ਦੀ ਜ਼ਮੀਨ ਨਾ ਛੱਡਣੀ ਮੈਂ
ਹੁਣ ਹੋਰ ਬੇਗਾਰ ਨਾ ਕਰਨੀ ਵੇ
ਕੁਝ ਵੀ ਬਰਦਾਸ਼ਤ ਨਾ ਕਰਨਾ ਮੈਂ
ਆਪਣੀ ਭੋਇੰ ‘ਤੇ ਜੋ ਮਰਜ਼ੀ ਉਗਾਵਾਂ ਮੈਂ
ਇਓਂ ਮੈਂ
ਖੱਜਲ ਨੀਂ ਹੋਣਾ, ਸੁਣ ਮਾਹੀਆ ਵੇ
ਮੈਂ ਵੀ
ਤੇਰੇ ਬਰਾਬਰ ਹੈ ਖੜ੍ਹੇ ਹੋਣਾ
ਇਓਂ ਮੈਂ
ਖੱਜਲ ਨੀਂ ਹੋਣਾ, ਸੁਣ ਮਾਹੀਆ ਵੇ।
ਗੀਤ ਦੀ ਕਿਸਮ : ਪ੍ਰਗਤੀਸ਼ੀਲ
ਕਲਸਟਰ : ਮੁਕਤੀ ਦੇ ਗੀਤ
ਗੀਤ ਸੰਖਿਆ : 3
ਗੀਤ ਦਾ ਸਿਰਲੇਖ : ਸਾਯਬਾ, ਏਕਲੀ ਹੂੰ ਵੈਤਰੂੰ ਨਹੀਂ ਕਰੂੰ
ਧੁਨ : ਦੇਵਲ ਮਹਿਤਾ
ਗਾਇਕ : ਨੰਦੁਬਾ ਜਡੇਜਾ (ਨਖਤ੍ਰਾ ਤਾਲੁਕਾ ਤੋਂ)
ਵਰਤੀਂਦੇ ਸਾਜ : ਹਰਮੋਨੀਅਮ, ਡਰੰਮ, ਡਫ਼ਲੀ
ਰਿਕਾਰਡਿੰਗ ਦਾ ਵਰ੍ਹਾ : 2016, ਕੇਐੱਮਵੀਐੱਸ ਸਟੂਡਿਓ
ਪ੍ਰੀਤੀ ਸੋਨੀ, ਕੇਐੱਮਵੀਐੱਸ ਦੀ ਸਕੱਤਰ ਅਰੁਣਾ ਢੋਲਕੀਆ ਤੇ ਕੇਐੱਮਵੀਐੱਸ ਦੇ ਪ੍ਰੋਜੈਕਟ ਕੋਆਰਡੀਨੇਟਰ ਅਮਦ ਸਮੇਜਾ ਨੂੰ ਆਪਣੇ ਸਹਿਯੋਗ ਵਾਸਤੇ ਤਹੇਦਿਲੋਂ ਧੰਨਵਾਦ। ਮੂਲ਼ ਕਵਿਤਾ ਤੋਂ ਅਨੁਵਾਦ ਵਿੱਚ ਮਦਦ ਦੇਣ ਲਈ ਭਾਰਤੀਬੇਨ ਗੋਰ ਦਾ ਵੀ ਦਿਲੋਂ ਸ਼ੁਕਰੀਆ।
ਤਰਜਮਾ: ਕਮਲਜੀਤ ਕੌਰ