''ਮੇਰੇ ਜਨਮ ਤੋਂ ਹੀ ਹਾਲਾਤ ਕੁਝ ਅਜਿਹੇ ਹੀ ਰਹੇ; ਮੈਂ ਬਤੌਰ ਮਜ਼ਦੂਰ ਕੰਮ ਕਰਦੀ ਆਈ ਹਾਂ,'' ਰਤਨੱਵਾ ਐੱਸ. ਹਰੀਜਨ ਕਹਿੰਦੀ ਹਨ, ਜਦੋਂ ਇਹ ਅਗਸਤ ਦੀ ਧੁੰਦਲਕੇ ਭਰੀ ਸਵੇਰੇ ਵੇਲ਼ੇ, ਆਪਣੇ ਘਰੋਂ ਖੇਤਾਂ ਵੱਲ ਨੂੰ ਛੋਹਲੇ ਪੈਰੀਂ ਵੱਧਦੀ ਜਾਂਦੀ ਹਨ, ਜਿੱਥੇ ਉਹ ਦਿਹਾੜੀ 'ਤੇ ਕੰਮ ਕਰਦੀ ਹਨ। ਥੋੜ੍ਹੀ ਝੁਕੀ ਹੋਈ, ਉਹ ਤੇਜ਼ੀ ਨਾਲ਼ ਅੱਗੇ ਵੱਧਦੀ ਜਾਂਦੀ ਹਨ, ਉਨ੍ਹਾਂ ਦੇ ਪੈਰਾਂ ਦੀ ਤੇਜ਼ੀ ਲੰਗੜੇਪਣ ਦੇ ਉਸ ਵਿਕਾਰ ਨੂੰ ਲੁਕਾਉਂਦੀ ਹੈ ਜੋ ਅੱਲ੍ਹੜ ਉਮਰੇ ਲੱਗਿਆ ਸੀ।
ਖੇਤ ਵਿੱਚ ਪੁੱਜਣ ਤੋਂ ਬਾਅਦ, ਉਹ ਆਪਣੇ ਕੰਮ ਦੇ ਕੱਪੜੇ ਬਾਹਰ ਕੱਢਦੀ ਹਨ ਜੋ ਉਹ ਆਪਣੇ ਨਾਲ਼ ਲਿਆਉਂਦੀ ਹਨ। ਸਭ ਤੋਂ ਪਹਿਲਾਂ, ਸਾੜੀ ਦੇ ਉੱਤੋਂ ਦੀ ਨੀਲੇ ਰੰਗੀ ਕਮੀਜ਼ ਪਾਉਂਦੀ ਹਨ, ਫਿਰ ਪੀਲ਼ੇ-ਰੰਗਾ ਬੂਟੀਦਾਰ ਪਰਨਾ ਆਪਣੇ ਦੁਆਲ਼ੇ ਵਲ੍ਹੇਟਦੀ ਹਨ ਤਾਂ ਕਿ ਪਰਾਗਣ ਦੇ ਬੂਰ ਚਿੰਬੜਨ ਤੋਂ ਬਚੀ ਰਹੇ। ਇਸ ਸਭ ਦੇ ਉੱਪਰ, ਉਹ ਹਰਾ ਸ਼ਿਫੋਨ ਦਾ ਕੱਪੜਾ ਕੁਝ ਇਸ ਤਰੀਕੇ ਨਾਲ਼ ਬੰਨ੍ਹਦੀ ਹਨ ਕਿ ਪੋਟਲੀ ਜਿਹੀ ਬਣ ਜਾਂਦਾ ਹੈ ਜਿਸ ਵਿੱਚ ਉਹ ਭਿੰਡੀ ਦੇ ਬੂਟੇ ਦੇ ਕੁਝ ਗੰਡੂ ਹੋਵੂ (ਨਰ ਫੁੱਲ) ਰੱਖਦੀ ਹਨ। ਸਭ ਤੋਂ ਅਖ਼ੀਰ 'ਤੇ ਉਹ ਆਪਣੇ ਸਿਰ 'ਤੇ ਇੱਕ ਫਿੱਕੜ ਜਿਹਾ ਤੌਲ਼ੀਆ ਬੰਨ੍ਹ ਲੈਂਦੀ ਹਨ। ਇੰਝ ਪੂਰੀ ਤਰ੍ਹਾਂ ਲੈਸ ਹੋ ਕੇ 45 ਸਾਲਾ ਰਤਨੱਵਾ ਆਪਣੇ ਖੱਬੇ ਹੱਥ ਵਿੱਚ ਧਾਗਿਆਂ ਦਾ ਇੱਕ ਗੁੱਛਾ ਫੜ੍ਹੀ ਕੰਮ ਸ਼ੁਰੂ ਕਰਦੀ ਹਨ।
ਉਹ ਕੋਈ ਇੱਕ ਫੁੱਲ ਚੁਣਦੀ ਹਨ, ਅਤੇ ਮਲ੍ਹਕੜੇ ਜਿਹੇ ਪੰਖੜੀਆਂ ਨੂੰ ਮੋੜ ਕੇ ਹੇਠਾਂ ਵੱਲ ਝੁਕਾਉਂਦੀ ਹਨ ਅਤੇ ਹਰ ਨਰ ਸ਼ੰਕੂ ਦੇ ਕੇਸਰ (ਫੁੱਲ ਦਾ ਗਰਭ) ਦੇ ਸਿਰੇ ਨੂੰ ਰਗੜਦੀ (ਮਲ਼ਦੀ) ਹਨ । ਉਹ ਪਰਾਗਿਤ ਫੁੱਲ ਦੇ ਚਾਰੇ ਪਾਸੇ ਇੱਕ ਧਾਗਾ ਲਪੇਟ ਦਿੰਦੀ ਹਨ। ਆਪਣੀ ਕਮਰ ਝੁਕਾਈ, ਉਹ ਲੈਅਬੱਧ ਤਰੀਕੇ ਕਤਾਰ ਵਿੱਚ ਲੱਗੇ ਭਿੰਡੀ ਦੇ ਹਰ ਬੂਟੇ ਦੇ ਹਰੇਕ ਫੁੱਲ ਨੂੰ ਪਰਾਗਤ ਕਰਦੀ ਅੱਗੇ ਵੱਧਦੀ ਜਾਂਦੀ ਹਨ। ਉਨ੍ਹਾਂ ਨੂੰ ਹੱਥੀਂ-ਪਰਾਗਤ ਕਰਨ ਦੇ ਇਸ ਕੰਮ ਵਿੱਚ ਮੁਹਾਰਤ ਹਾਸਲ ਹੈ- ਉਹ ਬਚਪਨ ਤੋਂ ਇਹ ਕੰਮ ਕਰਦੀ ਆਈ ਹਨ।
ਰਤਨੱਵਾ ਮਦੀਗਾ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ ਜੋ ਕਰਨਾਟਕ ਦੀ ਇੱਕ ਦਲਿਤ ਜਾਤੀ ਹੈ। ਉਹ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਰਾਣੀਬੇਨੂਰ ਤਾਲੁਕਾ ਦੇ ਕੋਨਾਨਾਤਾਲੀ ਪਿੰਡ ਦੇ ਮਡੀਗਾਰਾ ਕੇਰੀ (ਮਡੀਗਾ ਕੁਆਰਟਰ) ਵਿੱਚ ਰਹਿੰਦੀ ਹਨ।
ਉਨ੍ਹਾਂ ਦਾ ਦਿਨ ਤੜਕੇ 4 ਵਜੇ ਸ਼ੁਰੂ ਹੋ ਜਾਂਦਾ ਹੈ। ਉਹ ਘਰ ਦਾ ਕੰਮ ਮੁਕਾਉਂਦੀ ਹਨ, ਆਪਣੇ ਪਰਿਵਾਰ ਨੂੰ ਨਾਸ਼ਤਾ ਅਤੇ ਚਾਹ ਦਿੰਦੀ ਹਨ, ਦੁਪਹਿਰ ਦੀ ਰੋਟੀ ਬਣਾਉਂਦੀ ਹਨ ਅਤੇ ਸਵੇਰੇ 9 ਵਜੇ ਖੇਤ ਜਾਣ ਤੋਂ ਪਹਿਲਾਂ ਛੇਤੀ-ਛੇਤੀ ਬੁਰਕੀਆਂ ਚਬਾਉਂਦੀ ਹਨ।
ਉਹ ਆਪਣੇ ਅੱਧੇ ਦਿਨ ਤੱਕ ਭਿੰਡੀ ਦੇ ਕਰੀਬ 200 ਪੌਦਿਆਂ ਦੇ ਕੇਸਰ ਨੂੰ ਪਰਾਗਤ ਕਰਦੀ ਹਨ। ਇਹ ਸਾਰੇ ਪੌਦੇ ਤਿੰਨ ਏਕੜ ਦੀ ਜ਼ਮੀਨ ਵਿੱਚ ਅੱਧੇ ਤੋਂ ਵੱਧ ਹਿੱਸੇ ਵਿੱਚ ਫ਼ੈਲੇ ਹੋਏ ਹਨ। ਉਹ ਦੁਪਹਿਰ ਵੇਲ਼ੇ ਸਿਰਫ਼ ਅੱਧੇ ਘੰਟੇ ਦੀ ਛੁੱਟੀ ਲੈਂਦੀ ਹਨ, ਛੇਤੀ ਖਾਣਾ ਖਾਂਦੀ ਹਨ ਅਤੇ ਅਗਲੇ ਦਿਨ ਪਰਾਗਣ ਕਰਨ ਵਾਸਤੇ, ਕੇਸਰ ਨੂੰ ਤਿਆਰ ਕਰਦੇ ਹੋਏ, ਫੁੱਲਾਂ ਦੀਆਂ ਡੋਡੀਆਂ ਦੀਅਂ ਪਰਤਾਂ ਛਿੱਲਣ ਲੱਗਦੀ ਹਨ। ਇਸ ਕੰਮ ਬਦਲੇ ਜ਼ਿਮੀਂਦਾਰ ਉਨ੍ਹਾਂ ਨਿਰਧਾਰਤ 200 ਰੁਪਏ ਦਿਹਾੜੀ ਦਿੰਦੀ ਹੈ।
ਰਤਨੱਵਾ ਨੇ ਹੱਥੀਂ ਪਰਾਗਣ ਦੀ ਤਕਨੀਕ ਕਾਫ਼ੀ ਪਹਿਲਾਂ ਹੀ ਸਿੱਖ ਲਈ ਸੀ। ਉਹ ਕਹਿੰਦੀ ਹਨ,''ਸਾਡੇ ਕੋਲ਼ ਜ਼ਮੀਨ ਨਹੀਂ ਹੈ, ਇਸਲਈ ਅਸੀਂ ਦੂਜਿਆਂ ਦੀ ਜ਼ਮੀਨ 'ਤੇ ਕੰਮ ਕਰ ਰਹੇ ਹਾਂ। ਮੈਂ ਕਦੇ ਸਕੂਲ ਨਹੀਂ ਗਈ। ਬਚਪਨ ਤੋਂ ਹੀ ਮੈਂ ਕੰਮੇ ਲੱਗੀ ਰਹੀ ਹਾਂ। ਤੁਸੀਂ ਸਾਡੀ ਗ਼ਰੀਬੀ ਨੂੰ ਦੇਖਦੇ ਹੋਏ ਸਮਝ ਸਕਦੇ ਹੋ ਕਿ ਇਹ ਕੰਮ ਸਾਨੂੰ ਕਰਨਾ ਪਿਆ। ਸ਼ੁਰੂਆਤੀ ਦਿਨੀਂ, ਮੈਂ ਫ਼ਸਲਾਂ ਵਿੱਚੋਂ ਨਦੀਨ ਕੱਢਿਆ ਕਰਦੀ ਅਤੇ ਟਮਾਟਰ ਦੀ ਫ਼ਸਲ ਨੂੰ ਕ੍ਰੌਸ ਕਰਿਆ ਕਰਦੀ।'' ਉਹ ਹੱਥੀਂ ਪਰਾਗਣ ਕਰਨ ਦੇ ਆਪਣੇ ਕੰਮ ਬਾਰੇ ਦੱਸਣ ਲਈ ਕ੍ਰੌਸ ਅਤੇ ਕ੍ਰੌਸਿੰਗ ਸ਼ਬਦਾਂ ਦਾ ਇਸਤੇਮਾਲ ਕਰਦੀ ਹਨ।
ਰਤਨੱਵਾ ਦਾ ਜਨਮ ਰਾਨੇਬੇਨੂਰ ਤਾਲੁਕ ਦੇ, ਤਿਰੂਮਾਲਾਦੇਵਾਰਾਕੋਪਾ ਪਿੰਡ ਦੇ ਬੇਜ਼ਮੀਨੇ ਖੇਤ ਮਜ਼ਦੂਰ ਪਰਿਵਾਰ ਵਿੱਚ ਹੋਇਆ ਸੀ। ਹਾਵੇਰੀ ਵਿੱਚ ਕੁੱਲ ਮਜ਼ਦੂਰਾਂ ਦੀ ਅਬਾਦੀ ਵਿੱਚ 42.6 ਫੀਸਦ ਹਿੱਸੇਦਾਰੀ ਖੇਤ ਮਜ਼ਦੂਰਾਂ ਦੀ ਹੈ। ਜ਼ਿਲ੍ਹੇ ਦੇ ਗ੍ਰਾਮੀਣ ਇਲਾਕਿਆਂ ਵਿੱਚ, ਕਰੀਬ 70 ਫੀਸਦ ਮਜ਼ਦੂਰ ਔਰਤਾਂ ਹਨ (ਮਰਦਮਸ਼ੁਮਾਰੀ 2011 ਮੁਤਾਬਕ)। ਰਤਨੱਵਾ ਲਈ, ਬਚਪਨ ਤੋਂ ਹੀ ਕੰਮ ਸ਼ੁਰੂ ਕਰ ਦੇਣਾ ਕੋਈ ਅਸਧਾਰਣ ਗੱਲ ਨਹੀਂ ਸੀ।
ਰਤਨੱਵਾ ਅੱਠ ਭਰਾ-ਭੈਣਾਂ ਵਿੱਚ ਸਭ ਤੋਂ ਵੱਡੀ ਸਨ। ਉਨ੍ਹਾਂ ਅੱਠਾਂ (ਬੱਚਿਆਂ) ਵਿੱਚੋਂ ਬਹੁਤੀਆਂ ਕੁੜੀਆਂ ਸਨ। ਰਤਨੱਵਾ ਦਾ ਵਿਆਹ ਕੋਨਾਣਾਤਾਲੀ ਦੇ ਇੱਕ ਖੇਤ ਮਜ਼ਦੂਰ ਸੰਨਾਚੌਡੱਪਾ ਐੱਮ ਹਰੀਜਨ ਨਾਲ਼ ਹੋਇਆ ਸੀ। ਰਤਨੱਵਾ ਕਹਿੰਦੀ ਹਨ,''ਮੇਰੇ ਪਿਤਾ ਸ਼ਰਾਬ ਸਨ, ਇਸਲਈ ਅੱਲ੍ਹੜ ਉਮਰੇ ਹੀ ਮੇਰਾ ਵਿਆਹ ਕਰ ਦਿੱਤਾ ਗਿਆ। ਮੈਨੂੰ ਚੇਤਾ ਵੀ ਨਹੀਂ ਉਦੋਂ ਮੈਂ ਕਿੰਨੇ ਸਾਲਾਂ ਦੀ ਸਾਂ।''
ਤਿਰੂਮਾਲਾਦੇਵਾਰਾਕੋਪਾ ਵਿੱਚ ਰਤਨੱਵਾ, ਹੱਥੀਂ ਪੌਦਿਆਂ ਨੂੰ ਪਰਾਗਤ ਕਰਨ ਲਈ ਦਿਨ ਦੇ 70 ਰੁਪਏ ਕਮਾ ਲੈਂਦੀ ਸਨ। ਉਨ੍ਹਾਂ ਦਾ ਕਹਿਣਾ ਹੈ ਕਿ 15 ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਕੋਨਾਣਾਤਾਲੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਤਾਂ ਉਸ ਸਮੇਂ ਉਨ੍ਹਾਂ ਨੂੰ ਦਿਨ ਦੇ 100 ਰੁਪਏ ਮਿਲ਼ਦੇ ਸਨ। ਰਤਨੱਵਾ ਕਹਿੰਦੀ ਹਨ,''ਉਹ (ਜ਼ਿਮੀਂਦਾਰ) ਹਰ ਸਾਲ ਦਸ-ਦਸ ਰੁਪਏ ਵਧਾਉਂਦੇ ਰਹੇ ਅਤੇ ਹੁਣ ਮੈਨੂੰ 200 ਰੁਪਏ ਮਿਲ਼ਦੇ ਹਨ।''
ਕੋਨਾਣਾਤਾਲੀ ਵਿੱਚ ਬੀਜ ਉਤਪਾਦਨ ਵਿੱਚ ਹੱਥੀਂ ਪਰਾਗਣ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ, ਜਿੱਥੇ ਭਿੰਡੀ, ਟਮਾਟਰ, ਤੋਰੀ ਅਤੇ ਖੀਰੇ ਦੀਆਂ ਹਾਈਬ੍ਰਿਡ ਕਿਸਮਾਂ ਦੀਆਂ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ। ਇਹ ਕੰਮ ਆਮ ਤੌਰ 'ਤੇ ਮਾਨਸੂਨ ਅਤੇ ਸਰਦੀਆਂ ਦੇ ਮੌਸਮ ਵਿੱਚ ਕੀਤਾ ਜਾਂਦਾ ਹੈ। ਨਰਮੇ ਤੋਂ ਬਾਅਦ ਸਬਜ਼ੀਆਂ ਦੇ ਬੀਜ, ਪਿੰਡ ਅੰਦਰ ਉਤਪਾਦਤ ਪ੍ਰਮੁੱਖ ਖੇਤੀ ਵਸਤੂਆਂ ਹਨ, ਜਿੱਥੇ ਇਨ੍ਹਾਂ ਦੀ ਖੇਤੀ ਕਰੀਬ 568 ਹੈਕਟੇਅਰ (ਮਰਦਮਸ਼ੁਮਾਰੀ 2011 ਮੁਤਾਬਕ) ਵਿੱਚ ਹੁੰਦੀ ਹੈ। ਕਰਨਾਟਕ ਅਤੇ ਮਹਾਰਾਸ਼ਟਰ, ਦੇਸ਼ ਵਿੱਚ ਸਬਜ਼ੀਆਂ ਦੇ ਬੀਜ ਉਤਪਾਦਨ ਵਿੱਚ ਸਭ ਤੋਂ ਮੋਹਰੀ ਹਨ ਅਤੇ ਪ੍ਰਾਈਵੇਟ ਸੈਕਟਰ ਇਨ੍ਹਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੈ।
ਹੱਥੀਂ ਪਰਾਗਣ ਦਾ ਕੰਮ ਮਿਹਨਤ ਅਤੇ ਮੁਹਾਰਤ ਦੀ ਮੰਗ ਕਰਦਾ ਹੈ। ਇਸ ਵਿੱਚ ਫੁੱਲ ਦੇ ਸਭ ਤੋਂ ਛੋਟੇ ਹਿੱਸੇ ਨੂੰ ਦੇਖ ਸਕਣ ਦੀ ਪਾਰਖੀ ਨਜ਼ਰ, ਬੇਹੱਦ ਸਾਵਧਾਨੀ ਨਾਲ਼ ਕੰਮ ਕਰਦੇ ਹੱਥ, ਧੀਰਜ ਅਤੇ ਇਕਾਗਰਤਾ ਦੀ ਲੋੜ ਹੁੰਦੀ ਹੈ। ਇਸ ਕੰਮ ਨੂੰ ਕਰਨ ਲਈ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਸ ਗੱਲੋਂ ਲਾ ਸਕਦੇ ਹੋ ਕਿ ਸੀਜ਼ਨ ਦੌਰਾਨ ਗੁਆਂਢੀ ਪਿੰਡਾਂ ਵਿੱਚੋਂ ਔਰਤ ਖੇਤ ਮਜ਼ਦੂਰਾਂ ਨੂੰ ਕੰਮ 'ਤੇ (ਕੋਨਾਣਾਤਾਲੀ) ਲਿਆਉਣ ਵਾਸਤੇ ਆਟੋਰਿਕਸ਼ੇ ਦਾ ਬੰਦੋਬਸਤ ਕੀਤਾ ਜਾਂਦਾ ਹੈ।
ਹਰ ਦਿਨ ਰਤਨੱਵਾ, ਪਰਮੇਸ਼ੱਪਾ ਪੱਕੀਰੱਪਾ ਜਦਰ ਦੇ ਖੇਤ ਵਿੱਚ ਕੰਮ ਕਰਦੀ ਹਨ। ਜਦਰ ਇੱਕ ਜ਼ਿਮੀਂਦਾਰ ਹੈ, ਜੋ ਅੰਬਿਗਾ ਭਾਈਚਾਰੇ (ਹੋਰ ਪਿਛੜੇ ਵਰਗਾਂ ਜਾਂ ਓਬੀਸੀ ਸ਼੍ਰੇਣੀ ਵਜੋਂ ਸੂਚੀਬੱਧ) ਨਾਲ਼ ਸਬੰਧ ਰੱਖਦਾ ਹੈ। ਰਤਨੱਵਾ ਸਿਰ ਜਦਰ ਦਾ 1.5 ਲੱਖ ਰੁਪਏ ਦਾ ਕਰਜ਼ਾ ਹੈ। ਰਤਨੱਵਾ ਕਹਿੰਦੀ ਹਨ ਕਿ ਉਹ ਜਦਰ ਤੋਂ ਜੋ ਵੀ ਪੈਸਾ ਉਧਾਰ ਲੈਂਦੀ ਹੈ, ਉਹਨੂੰ ਕੰਮ ਦੀ ਪੇਸ਼ਗੀ ਮੰਨਿਆ ਜਾਂਦਾ ਹੈ। ਇਸ ਵਿੱਚ ਵਿਆਜ਼ ਸ਼ਾਮਲ ਨਹੀਂ ਹੁੰਦਾ।
ਰਤਨੱਵਾ ਕਹਿੰਦੀ ਹਨ,''ਮੈਨੂੰ ਹੁਣ ਮਜ਼ਦੂਰੀ ਨਹੀਂ ਮਿਲ਼ਦੀ ਹੈ। ਜ਼ਿਮੀਂਦਾਰ ਇੱਕ ਰਿਕਾਰਡ (ਕੰਮ ਦੇ ਦਿਨਾਂ ਦੀ ਸੰਖਿਆ) ਰੱਖਦਾ ਹੈ ਅਤੇ ਕਰਜ਼ੇ ਦੇ ਅਦਾਇਗੀ ਵਜੋਂ ਮੇਰੀ ਮਜ਼ਦੂਰੀ ਰੱਖ ਲੈਂਦਾ ਹੈ। ਅਸੀਂ ਖੇਤਾਂ ਵਿੱਚ ਕੰਮ ਕਰਕੇ ਆਪਣਾ ਕਰਜ਼ਾ ਲਾਹੁੰਦੇ ਹਾਂ ਅਤੇ ਲੋੜ ਪੈਣ 'ਤੇ ਫਿਰ ਤੋਂ ਉਧਾਰ ਚੁੱਕਦੇ ਹਾਂ। ਇਸਲਈ, ਸਾਡਾ ਉਧਾਰ ਲੈਣਾ ਅਤੇ ਚੁਕਾਉਣਾ; ਇਹ ਚੱਕਰ ਚੱਲਦਾ ਰਹਿੰਦਾ ਹੈ।''
ਰਤਨੱਵਾ ਲਈ, ਸਭ ਤੋਂ ਮੁਸ਼ਕਲ ਸਮਾਂ ਮਾਨਸੂਨ ਦਾ ਹੁੰਦਾ ਹੈ। ਮਾਨਸੂਨ ਜੁਲਾਈ ਤੋਂ ਸਤੰਬਰ ਤੱਕ ਰਹਿੰਦਾ ਹੈ ਅਤੇ ਇਸ ਸਮੇਂ ਭਿੰਡੀ ਅਤੇ ਖੀਰੇ ਦੇ ਪੌਦੇ ਪਰਾਗਤ ਹੁੰਦੇ ਹਨ। ਖੀਰੇ ਦੇ ਪ੍ਰਜਨਨ ਵਾਸਤੇ, ਬਗ਼ੈਰ ਅਰਾਮ ਕੀਤਿਆਂ ਘੱਟ ਤੋਂ ਘੱਟ ਛੇ ਘੰਟੇ ਕੰਮ ਕਰਨਾ ਪੈਂਦਾ ਹੈ। ਭਿੰਡੀ ਦੀਆਂ ਡੋਡੀਆਂ ਦੀਆਂ ਪਰਤਾਂ (ਸਤ੍ਹਾਵਾਂ) ਤਿੱਖੀਆਂ ਹੁੰਦੀਆਂ ਜਿਨ੍ਹਾਂ ਨਾਲ਼ ਉਂਗਲਾਂ ਛਿੱਲੀਆਂ ਜਾਂਦੀਆਂ ਹਨ।
ਅਗਸਤ ਮਹੀਨੇ, ਜਿੱਦਣ ਮੈਂ ਰਤਨੱਵਾ ਨਾਲ਼ ਮਿਲ਼ਿਆ ਸਾਂ, ਉਸ ਦਿਨ ਉਨ੍ਹਾਂ ਨੇ ਆਪਣੇ ਬੇਟੇ ਦੇ ਨਹੁੰ ਦਾ ਇੱਕ ਟੁਕੜਾ ਆਪਣੇ ਅੰਗੂਠੇ ਨਾਲ਼ ਚਿਪਕਾਇਆ ਸੀ, ਕਿਉਂਕਿ ਭਿੰਡੀ ਦੀਆਂ ਡੋਡੀਆਂ ਦੀਆਂ ਪਰਤਾਂ ਨੂੰ ਛਿੱਲਣ ਲਈ ਉਨ੍ਹਾਂ ਨੂੰ ਤੇਜ਼ਧਾਰ ਨਹੁੰ ਦੀ ਲੋੜ ਸੀ। ਉਨ੍ਹਾਂ ਨੇ ਦੂਸਰੇ ਖੇਤ ਵਿੱਚ ਕੰਮ ਕਰਨ ਵਾਸਤੇ ਪਰਮੇਸ਼ੱਪਾ ਦੇ ਕੰਮ ਤੋਂ ਦੋ ਦਿਨ ਦੀ ਛੁੱਟੀ ਲਈ ਸੀ। ਰਤਨੱਵਾ ਦਾ 18 ਸਾਲਾ ਬੇਟਾ ਲੋਕੇਸ਼ ਉਸ ਖੇਤ ਵਿੱਚ ਕੰਮ ਕਰਦਾ ਹੈ, ਪਰ ਉਹਦੇ ਬੀਮਾਰ ਪੈ ਜਾਣ ਕਾਰਨ ਰਤਨੱਵਾ ਉਹਦੀ ਥਾਂ ਖ਼ੁਦ ਕੰਮ ਕਰਨ ਜਾਂਦੀ ਰਹੀ। ਲੋਕੇਸ਼ ਨੇ ਉਸ ਕਰਜ਼ੇ ਨੂੰ ਲਾਹੁਣ ਵਿੱਚ ਆਪਣੀ ਮਾਂ ਦੀ ਮਦਦ ਕਰਨ ਖਾਤਰ ਕੰਮ ਕਰਨਾ ਸ਼ੁਰੂ ਕੀਤਾ ਸੀ ਜਿਹਨੂੰ ਉਨ੍ਹਾਂ ਨੇ ਲੋਕੇਸ਼ ਦੇ ਕਾਲਜ ਦੀ 3,000 ਰੁਪਏ ਫ਼ੀਸ ਵਾਸਤੇ ਉਧਾਰ ਚੁੱਕੇ ਸਨ।
ਹਾਲਾਂਕਿ, ਰਤਨੱਵਾ ਹੀ ਛੇ ਮੈਂਬਰੀ ਟੱਬਰ ਦਾ ਖਰਚਾ ਪਾਣੀ ਚਲਾਉਂਦੀ ਹਨ। ਆਪਣੇ ਪਤੀ, ਸੱਸ, ਕਾਲਜ ਪੜ੍ਹਦੇ ਤਿੰਨ ਬੱਚਿਆਂ ਅਤੇ ਖ਼ੁਦ ਦੇ ਰੋਜ਼ਮੱਰਾ ਦੇ ਖ਼ਰਚਿਆਂ ਨੂੰ ਪੂਰਿਆਂ ਕਰਨ ਤੋਂ ਇਲਾਵਾ, ਉਹ ਆਪਣੇ ਬੀਮਾਰ ਪਏ ਪਤੀ ਦੀਆਂ ਮਹਿੰਗੀਆਂ ਦਵਾਈਆਂ ਦਾ ਖ਼ਰਚਾ ਵੀ ਝੱਲਦੀ ਹਨ।
ਇਕੱਲੇ ਅਗਸਤ ਮਹੀਨੇ ਵਿੱਚ ਹੀ ਉਨ੍ਹਾਂ ਨੇ ਜ਼ਿਮੀਂਦਾਰ ਪਾਸੋਂ, ਆਪਣੇ ਪਤੀ ਦੇ ਇਲਾਜ ਵਾਸਤੇ 22 ਹਜ਼ਾਰ ਰੁਪਏ ਉਧਾਰ ਚੁੱਕੇ ਸਨ। ਉਨ੍ਹਾਂ ਦੇ ਪਤੀ ਨੂੰ ਪੀਲੀਆ ਹੋ ਗਿਆ ਸੀ, ਜਿਸ ਕਰਕੇ ਉਨ੍ਹਾਂ ਦਾ ਪਲੇਟਲੈੱਟ ਕਾਊਂਟ ਕਾਫ਼ੀ ਹੇਠਾਂ ਚਲਾ ਗਿਆ ਸੀ ਅਤੇ ਬਲੱਡ ਟ੍ਰਾਂਸਫਿਊਜ਼ਨ ਕਰਵਾਉਣਾ ਪਿਆ ਸੀ। ਅਜਿਹੀਆਂ ਸੁਵਿਧਾਵਾਂ ਵਾਲ਼ਾ ਸਭ ਤੋਂ ਨੇੜਲਾ ਹਸਪਤਾਲ ਵੀ ਉਨ੍ਹਾਂ ਦੇ ਪਿੰਡੋਂ 300 ਕਿਲੋਮੀਟਰ ਦੂਰ, ਮੰਗਲੌਰ ਵਿਖੇ ਹੈ।
ਲੋੜ ਪੈਣ 'ਤੇ ਜ਼ਿਮੀਂਦਾਰ ਉਨ੍ਹਾਂ ਨੂੰ ਪੈਸੇ ਦੇ ਦਿੰਦਾ ਹੈ। ਰਤਨੱਵਾ ਕਹਿੰਦੀ ਹਨ,''ਮੈਂ ਭੋਜਨ, ਇਲਾਜ ਅਤੇ ਰੋਜ਼ਮੱਰਾ ਦੀਆਂ ਲੋੜਾਂ ਵਾਸਤੇ ਉਧਾਰ ਲੈਂਦੀ ਹਾਂ। ਉਹ ਸਾਡੀਆਂ ਸਮੱਸਿਆਵਾਂ ਨੂੰ ਥੋੜ੍ਹਾ ਬਹੁਤ ਸਮਝਦੇ ਹਨ ਅਤੇ ਸਾਨੂੰ ਪੈਸਾ ਉਧਾਰ ਦੇ ਦਿੰਦੇ ਹਨ। ਮੈਂ ਸਿਰਫ਼ ਉੱਥੇ (ਕੰਮ ਵਾਸਤੇ) ਜਾਂਦੀ ਹਾਂ ਨਹੀਂ ਤਾਂ ਨਹੀਂ ਜਾਂਦੀ। ਮੈਂ ਅਜੇ ਤੱਕ ਪੂਰਾ ਪੈਸਾ ਚੁਕਾ ਨਹੀਂ ਸਕੀ। ਇਕੱਲਿਆਂ ਆਪਣੇ ਬੂਤੇ ਮੈਂ ਕਿੰਨਾ ਕੁ ਉਧਾਰ ਲਾਹ ਸਕਦੀ ਹਾਂ?''
ਜ਼ਿਮੀਂਦਾਰ 'ਤੇ ਉਨ੍ਹਾਂ ਦੀ ਇਹ ਨਿਰਭਰਤਾ ਜੋ ਕਦੇ ਨਹੀਂ ਮੁੱਕਣ ਵਾਲ਼ੀ, ਜਦੋਂ ਕਦੇ ਜ਼ਿਮੀਂਦਾਰ ਕੰਮ ਲਈ ਬੁਲਾਵੇ ਤਾਂ ਉਨ੍ਹਾਂ ਨੂੰ ਜਾਣਾ ਹੀ ਪੈਂਦਾ ਹੈ। ਉਨ੍ਹਾਂ ਲਈ ਜ਼ਿਮੀਂਦਾਰ ਕੋਲ਼ ਦਿਹਾੜੀ ਮਜ਼ਦੂਰੀ ਵਧਾਉਣ ਦੀ ਗੱਲ ਕਰਨਾ ਵੀ ਸੁਖਾਲੀ ਗੱਲ ਨਹੀਂ ਰਹਿ ਗਈ। ਕੋਨਾਣਾਤਾਲੀ ਵਿੱਚ ਕੰਮ ਕਰਨ ਵਾਲ਼ੀਆਂ ਗੁਆਂਢੀ ਪਿੰਡ ਦੀਆਂ ਔਰਤਾਂ ਨੂੰ, ਅੱਠ ਘੰਟੇ ਦੇ ਕੰਮ ਦੇ ਬਦਲੇ ਰੋਜ਼ਾਨਾ 250 ਰੁਪਏ ਦਿਹਾੜੀ ਮਿਲ਼ਦੀ ਹੈ, ਪਰ ਇੱਧਰ ਰਤਨੱਵਾ ਨੂੰ ਉਸੇ ਕੰਮ ਬਦਲੇ 200 ਰੁਪਏ ਹੀ ਮਿਲ਼ਦੇ ਹਨ; ਭਾਵੇਂ ਉਹ ਦਿਨ ਦੇ ਜਿੰਨੇ ਘੰਟੇ ਮਰਜ਼ੀ ਕੰਮ ਕਿਉਂ ਨਾ ਕਰ ਲਵੇ।
ਉਹ ਦੱਸਦੀ ਹਨ,''ਇਸਲਈ ਜਦੋਂ ਵੀ ਉਹ ਮੈਨੂੰ ਕੰਮ ਲਈ ਬੁਲਾਉਂਦੇ ਹਨ, ਤਾਂ ਮੈਨੂੰ ਜਾਣਾ ਹੀ ਪੈਂਦਾ ਹੈ। ਕਦੇ-ਕਦਾਈਂ ਸਵੇਰੇ ਛੇ ਵਜੇ ਤੋਂ ਕੰਮ ਸ਼ੁਰੂ ਹੋ ਜਾਂਦਾ ਹੈ ਅਤੇ ਸ਼ਾਮੀਂ ਸੱਤ ਵਜੇ ਤੱਕ ਚੱਲਦਾ ਰਹਿੰਦਾ ਹੈ। ਜੇ ਕ੍ਰੌਸਿੰਗ ਦਾ ਕੋਈ ਕੰਮ ਨਾ ਹੋਵੇ ਤਾਂ ਮੈਨੂੰ ਨਦੀਨ ਪੁੱਟਣ ਬਦਲੇ ਸਿਰਫ਼ 150 ਰੁਪਏ ਦਿਹਾੜੀ ਮਿਲ਼ਦੀ ਹੈ। ਜੇ ਮੈਂ ਪੈਸੇ ਉਧਾਲ ਲੈਂਦੀ ਹਾਂ ਤਾਂ ਮੈਂ ਕੁਝ ਕਹਿ ਵੀ ਤਾਂ ਨਹੀਂ ਸਕਦੀ। ਮੈਨੂੰ ਉਹ ਜਦੋਂ ਵੀ ਬੁਲਾਉਣ ਮੈਨੂੰ ਜਾਣਾ ਪੈਂਦਾ ਹੈ। ਮੈਂ ਹੋਰ ਵੱਧ ਮਜ਼ਦੂਰੀ ਦੀ ਮੰਗ ਵੀ ਨਹੀਂ ਕਰ ਸਕਦੀ।''
ਸਿਰਫ਼ ਕਰਜ਼ਾ ਲਿਆ ਹੋਣਾ ਹੀ ਰਤਨੱਵਾ ਦੀ ਮਿਹਨਤ ਦੀ ਲੁੱਟ ਦਾ ਕਾਰਨ ਨਹੀਂ ਬਣਦਾ। ਵੱਖ ਵੱਖ ਮੌਕਿਆਂ 'ਤੇ ਰਤਨੱਵਾ ਨੂੰ ਲਿੰਗਾਯਤ ਪਰਿਵਾਰ ਦੇ ਕੰਮ ਕਰਨ ਬੁਲਾ ਲਿਆ ਜਾਂਦਾ ਹੈ। ਓਕਾਲੂ ਪੱਧਤੀ (ਜਿਹਨੂੰ ਬਿੱਟੀ ਚਕਰੀ , ਬੇਗਾਰ ਕਿਹਾ ਜਾਂਦਾ ਹੈ) ਸਦੀਆਂ ਪੁਰਾਣੀ ਜਾਤੀ ਵਾਦੀ ਪ੍ਰਥਾ ਹੈ। ਭਾਵੇਂ ਇਹ ਗ਼ੈਰ-ਕਨੂੰਨੀ ਹੈ ਪਰ ਕੋਨਾਣਾਤਾਲੀ ਵਿਖੇ ਇਹ ਅੱਜ ਵੀ ਵਿਦਮਾਨ ਹੈ। ਇਸ ਪ੍ਰਥਾ ਅਧੀਨ, ਕਿਸੇ ਮਡਿਗਾ ਪਰਿਵਾਰ ਨੂੰ ਲਿੰਗਾਯਤ ਭਾਈਚਾਰੇ ਦੇ ਇੱਕ ਪਰਿਵਾਰ ਨਾਲ਼ ਬੰਨ੍ਹ ਹੀ ਦਿੱਤਾ ਮੰਨ ਲਿਆ ਜਾਂਦਾ ਹੈ, ਜੋ ਸਮਾਜ ਵਿੱਚ ਹੈਜਮਨੀ ਰੱਖਣ ਵਾਲ਼ਾ ਓਬੀਸੀ ਭਾਈਚਾਰਾ ਹੈ। ਇਹਦੇ ਤਹਿਤ, ਮਡਿਗਾ ਪਰਿਵਾਰ ਨੂੰ ਲਿੰਗਾਯਤ ਪਰਿਵਾਰ ਦੇ ਘਰ ਮੁਫ਼ਤ ਕੰਮ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ।
ਰਤਨੱਵਾ ਕਹਿੰਦੀ ਹਨ,''ਭਾਵੇਂ ਵਿਆਹ ਹੋਵੇ ਜਾਂ ਕੋਈ ਫ਼ੰਕਸ਼ਨ ਹੋਵੇ ਜਾਂ ਜਦੋਂ ਉਨ੍ਹਾਂ ਦੇ ਘਰ ਕਿਸੇ ਦੀ ਮੌਤ ਹੋਈ ਹੋਵੇ, ਤਾਂ ਸਾਨੂੰ ਉਨ੍ਹਾਂ ਦੇ ਘਰ ਸਾਫ਼ ਕਰਨੇ ਪੈਂਦੇ ਹਨ। ਇਹਨੂੰ ਕਰਦੇ ਕਰਦੇ ਪੂਰਾ ਦਿਨ ਲੱਗ ਜਾਂਦਾ ਹੈ। ਸਾਰਾ ਕੰਮ ਸਾਨੂੰ ਹੀ ਕਰਨਾ ਪੈਂਦਾ ਹੈ। ਜੇ ਵਿਆਹ ਹੋਵੇ ਤਾਂ ਸਾਨੂੰ ਪੂਰੇ ਅੱਠੇ ਦਿਨ ਖਪਣਾ ਪੈਂਦਾ ਹੈ, ਪਰ ਇਸ ਸਭ ਕੰਮ ਦੇ ਬਾਵਜੂਦ ਸਾਨੂੰ ਉਨ੍ਹਾਂ ਦੇ ਘਰਾਂ ਅੰਦਰ ਪੈਰ ਰੱਖਣ ਦੀ ਆਗਿਆ ਨਹੀਂ ਮਿਲ਼ਦੀ। ਉਹ ਸਾਨੂੰ ਬਾਹਰ ਹੀ ਖੜ੍ਹਾ ਰੱਖਦੇ ਹਨ ਅਤੇ ਥੋੜ੍ਹਾ ਚਿੜਵੜਾ ਅਤੇ ਚਾਹ ਦੇ ਦਿੰਦੇ ਹਨ। ਉਹ ਸਾਨੂੰ ਥਾਲ਼ੀ ਵੀ ਨਹੀਂ ਦਿੰਦੇ। ਅਸੀਂ ਆਪਣੀ ਥਾਲ਼ੀ ਘਰੋਂ ਲਿਆਉਂਦੇ ਹਾਂ। ਕਦੇ-ਕਦਾਈਂ ਉਹ ਸਾਨੂੰ ਸਾਡੇ ਕੰਮ ਬਦਲੇ ਮੇਮਣਾ ਜਾਂ ਵੱਛਾ ਦੇ ਦਿੰਦੇ ਹਨ, ਪਰ ਉਹ ਸਾਨੂੰ ਨਗਦ ਪੈਸੇ ਨਹੀਂ ਦਿੰਦੇ। ਜਦੋਂ ਉਨ੍ਹਾਂ ਦੇ ਡੰਗਰ ਮਰ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਲਾਸ਼ਾਂ ਵੀ ਅਸੀਂ ਹੀ ਚੁੱਕਦੇ ਹਾਂ।''
ਚਾਰ ਸਾਲ ਪਹਿਲਾਂ ਜਦੋਂ ਉਸ ਲਿੰਗਾਯਤ ਪਰਿਵਾਰ ਦੇ ਇੱਕ ਮੈਂਬਰ ਦਾ ਵਿਆਹ ਹੋਇਆ ਤਾਂ ਰਤਨੱਵਾ ਨੂੰ ਇੱਕ ਜੋੜੀ ਚੱਪਲ ਲੈਣੀ ਪਈ, ਜੋ ਜਾਤੀ ਪਰੰਪਰਾ ਦਾ ਇੱਕ ਹਿੱਸਾ ਹੈ ਜਿਸ ਵਿੱਚ ਉਹਦੀ ਪੂਜਾ ਕਰਕੇ ਅਤੇ ਦੁਲਹੇ ਨੂੰ ਦੇਣੀ ਪੈਂਦੀ ਹੈ। ਕੁਝ ਸਾਲਾ ਪਹਿਲਾਂ, ਜਦੋਂ ਬੜੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਰਤਨੱਵਾ ਨੂੰ ਆਪਣੀ ਮਜ਼ਦੂਰੀ ਦੇ ਪੈਸੇ ਨਾ ਮਿਲ਼ੇ ਤਾਂ ਉਨ੍ਹਾਂ ਨੇ ਉਨ੍ਹਾਂ ਵਾਸਤੇ ਕੰਮ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਫ਼ੈਸਲੇ ਨਾਲ਼ ਲਿੰਗਾਯਤ ਪਰਿਵਾਰ ਨਰਾਜ਼ ਹੋ ਗਿਆ ਸੀ।
ਇਸ ਸਾਲ, ਪਰਮੇਸ਼ੱਪਾ ਤੋਂ ਕੁਝ ਪੈਸੇ ਲੈ ਕੇ, ਰਤਨੱਵਾ ਨੇ ਪਿੰਡ ਵਿੱਚ ਅੱਧਾ ਏਕੜ ਜ਼ਮੀਨ ਵਿੱਚ ਭਿੰਡੀ ਅਤੇ ਮੱਕੀ ਬੀਜੀ। ਇਸ ਜ਼ਮੀਨ ਨੂੰ ਸਰਕਾਰ ਨੇ ਰਤਨੱਵਾ ਦੇ ਪਤੀ ਦੇ ਨਾਮ ਜਾਰੀ ਕੀਤਾ ਸੀ। ਹਾਲਾਂਕਿ, ਜੁਲਾਈ ਵਿੱਚ ਮੀਂਹ ਨੇ ਕਹਿਰ ਮਚਾਇਆ ਅਤੇ ਕੋਨਾਣਾਤਾਲੀ ਵਿੱਚ ਮਡਿਗਾ-ਮਸੂਰ ਝੀਲ ਦੇ ਕੰਢੇ ਮਡਿਗਾ ਭਾਈਚਾਰੇ ਦੇ ਲੋਕਾਂ ਨੂੰ ਵੰਡੀ ਗਈ ਭੂਮੀ ਦੀਆਂ ਜੋਤਾਂ ਹੜ੍ਹ ਵਿੱਚ ਵਹਿ ਗਈਆਂ। ਉਹ ਕਹਿੰਦੀ ਹਨ,''ਇਸ ਸਾਲ ਹਰੀਜਨਾਂ (ਮਡਿਗਾ) ਦੇ ਖੇਤਾਂ ਵਿੱਚ ਭਿੰਡੀ ਲਾਈ ਗਈ ਸੀ, ਪਰ ਸਾਰਾ ਕੁਝ ਪਾਣੀ ਵਿੱਚ ਡੁੱਬ ਗਿਆ।''
ਰਤਨੱਵਾ ਦੇ ਬੋਝ ਨੂੰ ਘੱਟ ਕਰਨ ਲਈ ਰਾਜ ਵੱਲੋਂ ਕੋਈ ਸੰਦ (ਪ੍ਰਣਾਲੀ) ਅੱਗੇ ਨਹੀਂ ਆਈ। ਇੱਕ ਬੇਜ਼ਮੀਨੇ ਮਜ਼ਦੂਰ ਵਜੋਂ ਉਨ੍ਹਾਂ ਨੂੰ ਕਿਸਾਨਾਂ ਨੂੰ ਮਿਲ਼ਣ ਵਾਲ਼ੇ ਸਰਕਾਰੀ ਕਲਿਆਣਕਾਰੀ ਉਪਾਵਾਂ ਦਾ ਲਾਭਪਾਤਰੀ ਨਹੀਂ ਮੰਨਿਆ ਜਾਂਦਾ। ਉਨ੍ਹਾਂ ਨੂੰ ਨਾ ਤਾਂ ਆਪਣੀ ਫ਼ਸਲ ਦਾ ਮੁਆਵਜ਼ਾ ਮਿਲ਼ਿਆ ਹੈ ਅਤੇ ਨਾ ਹੀ ਉਹ ਰਾਜ ਦੁਆਰਾ ਸਰੀਰਕ ਰੂਪ ਨਾਲ਼ ਅਸਮਰੱਥ/ਵਿਕਲਾਂਗ ਲੋਕਾਂ ਨੂੰ ਦਿੱਤੇ ਜਾਣ ਵਾਲ਼ੇ 1,000 ਰੁਪਏ ਦੇ ਮਹੀਨੇਵਾਰ ਭੱਤੇ 'ਤੇ ਆਪਣੀ ਕੋਈ ਦਾਅਵਾ ਹੀ ਕਰ ਸਕਦੀ ਹਨ। ਹਾਲਾਂਕਿ, ਉਨ੍ਹਾਂ ਦੇ ਕੋਲ਼ ਵਿਕਲਾਂਗਤਾ ਦਾ ਸਰਟੀਫਿਕੇਟ ਵੀ ਹੈ।
ਦਿਨ ਦੇ ਕਈ ਕਈ ਘੰਟੇ ਸਰੀਰਕ ਮੁਸ਼ੱਕਤ ਕਰਨ ਦੇ ਬਾਵਜੂਦ, ਪੈਸਿਆਂ ਦੀ ਘਾਟ ਕਾਰਨ ਰਤਨੱਵਾ ਨੂੰ ਮਾਈਕ੍ਰੋਫਾਇਨਾਂਸ ਕੰਪਨੀਆਂ ਪਾਸੋਂ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਪਿਆ। ਇਸ ਦੇ ਕਾਰਨ ਉਹ ਕਰਜ਼ੇ ਦੇ ਜਿਲ੍ਹਣ ਵਿੱਚ ਹੋਰ ਡੂੰਘੀ ਧੱਸ ਗਈ ਹਨ। ਪਰਮੇਸ਼ੱਪਾ ਤੋਂ ਲਈ ਕਰਜ਼ੇ ਤੋਂ ਇਲਾਵਾ, ਉਨ੍ਹਾਂ ਸਿਰ ਕਰੀਬ 2 ਲੱਖ ਰੁਪਏ ਦਾ ਕਰਜ਼ਾ ਹੈ। ਇਸ 'ਤੇ 2 ਤੋਂ 3 ਫ਼ੀਸਦੀ ਦਰ ਨਾਲ਼ ਵਿਆਜ਼ ਅਲੱਗ ਤੋਂ ਜੁੜਦਾ ਜਾਂਦਾ ਹੈ।
ਪਿਛਲੇ ਦੋ ਸਾਲਾਂ ਵਿੱਚ ਉਨ੍ਹਾਂ ਨੇ ਆਪਣੇ ਘਰ ਅੰਦਰ ਇੱਕ ਕਮਰਾ ਬਣਵਾਉਣ, ਕਾਲਜ ਦੀ ਫ਼ੀਸ ਅਤੇ ਇਲਾਜ ਦੇ ਖ਼ਰਚੇ ਲਈ ਘੱਟ ਤੋਂ ਘੱਟ 10 ਅੱਡ-ਅੱਡ ਸ੍ਰੋਤਾਂ ਤੋਂ ਉਧਾਰ ਚੁੱਕਿਆ ਹੈ। ਰੋਜ਼ਮੱਰਾ ਦੇ ਖ਼ਰਚਿਆਂ ਵਾਸਤੇ, ਉਹ ਪੈਸੇ ਵਾਲ਼ੀਆਂ ਲਿੰਗਾਯਤ ਪਰਿਵਾਰ ਦੀਆਂ ਔਰਤਾਂ ਕੋਲ਼ ਜਾਂਦੀ ਹਨ। ਉਹ ਕਹਿੰਦੀ ਹਨ,''ਪਿਛਲੇ ਸਾਲ, ਮੈਂ (ਹਰ ਸ੍ਰੋਤ ਪਾਸੋਂ) ਉਧਾਰ ਚੁੱਕੇ ਪੈਸੇ 'ਤੇ ਹਰ ਮਹੀਨੇ 2,650 ਰੁਪਏ ਵਿਆਜ ਭਰਦੀ ਰਹੀ ਸਾਂ। ਜਦੋਂ ਤੋਂ ਕੋਵਿਡ-19 ਤਾਲਾਬੰਦੀ ਸ਼ੁਰੂ ਹੋਈ ਹੈ, ਮੇਰੇ ਕੋਲ਼ ਵਿਆਜ ਚੁਕਾਉਣ ਲਈ ਵੀ ਪੈਸੇ ਨਹੀਂ ਹਨ; ਪਰ ਇਹ ਵੀ ਸੱਚ ਹੈ ਕਿ ਮੈਂ ਹਰ ਮਹੀਨੇ ਦੇ ਖ਼ਰਚੇ ਪੁਗਾਉਣ ਖਾਤਰ ਵੀ ਉਧਾਰ ਲੈਣ ਲਈ ਮਜ਼ਬੂਰ ਹਾਂ।''
ਕਰਜ਼ੇ ਦੇ ਬੋਝ ਹੇਠ ਪੀਸੇ ਜਾਣ ਦੇ ਬਾਵਜੂਦ ਵੀ ਰਤਨੱਵਾ ਨੇ ਆਪਣੇ ਬੱਚਿਆਂ ਨੂੰ ਕਾਲਜ ਵਿੱਚ ਪੜ੍ਹਾਉਣ ਦਾ ਦ੍ਰਿੜ ਸੰਕਲਪ ਕੀਤਾ ਹੈ। ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਉਨ੍ਹਾਂ ਦੀ ਧੀ ਸੁਮਾ, ਬਿੱਟੀ ਚੱਕਰੀ ਦੀ ਪਰੰਪਰਾ ਨੂੰ ਅੱਗੇ ਨਹੀਂ ਤੋਰੇਗੀ। ਉਹ ਕਹਿੰਦੀ ਹਨ,''ਨਾ ਤਾਂ ਮੇਰੀ ਲੱਤ ਠੀਕ ਸੀ ਅਤੇ ਨਾ ਹੀ ਮੈਂ ਮਜ਼ਬੂਤ ਹਾਲਤ ਵਿੱਚ ਸਾਂ। ਇਸਲਈ ਮੈਂ ਇਸ ਹਾਲਤ ਤੋਂ ਭੱਜ ਵੀ ਨਹੀਂ ਸਾ ਸਕਦੀ। ਪਰ ਮੇਰੇ ਬੱਚਿਆਂ ਨੂੰ ਇਸ ਦਾਸਤਾ ਤੋਂ ਮੁਕਤ ਹੋਣਾ ਹੀ ਪੈਣਾ ਸੀ, ਨਹੀਂ ਤਾਂ ਉਨ੍ਹਾਂ ਨੂੰ ਸਕੂਲ ਛੱਡਣਾ ਪੈਂਦਾ। ਇਸਲਈ, ਮੈਂ ਬੱਸ ਕੰਮ ਹੀ ਕਰਦੀ ਰਹੀ ਕਰਦੀ ਰਹੀ।'' ਸਾਰੀਆਂ ਮੁਸ਼ਕਲਾਂ ਨਾਲ਼ ਘਿਰੇ ਹੋਣ ਦੇ ਬਾਅਦ ਵੀ ਰਤਨੱਵਾ ਦਾ ਇਹੀ ਕਹਿਣ ਹੈ,''ਮੈਂ ਉਨ੍ਹਾਂ ਨੂੰ ਉਦੋਂ ਤੱਕ ਪੜ੍ਹਵਾਂਗੀ, ਜਦੋਂ ਤੱਕ ਉਹ ਪੜ੍ਹਨਾ ਚਾਹੁੰਣਗੇ।''
ਤਰਜਮਾ: ਕਮਲਜੀਤ ਕੌਰ