ਤਾਈਬਾਈ ਅਨੁਮਾਨ ਲਾਉਂਦੀ ਹੋਈ ਕਹਿੰਦੀ ਹੈ ਕਿ ਇੱਕ ਰਾਤ ਵਿੱਚ ਹੀ ਉਨ੍ਹਾਂ ਨੂੰ ਇੱਕ ਲੱਖ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ।
42 ਸਾਲਾ ਤਾਈਬਾਈ ਉਸ ਰਾਤ ਆਪਣੇ ਪਿੰਡੋਂ ਕਰੀਬ 9 ਕਿਲੋਮੀਟਰ ਦੂਰ ਪੈਂਦੀ ਭਾਲਵਨੀ ਵਿਖੇ ਸਨ ਜਦੋਂ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ ਸੀ। ਭੇਡ ਅਤੇ ਬੱਕਰੀਆਂ ਚਰਾਉਣ ਵਾਲ਼ੀ ਤਾਈਬਾਈ ਦੱਸਦੀ ਹਨ, ''ਸ਼ਾਮੀਂ 5 ਵਜੇ ਮੀਂਹ ਸ਼ੁਰੂ ਹੋਇਆ ਤੇ ਅੱਧੀ ਰਾਤ ਤੋਂ ਬਾਅਦ ਹੋਰ ਤੇਜ਼ ਹੋ ਗਿਆ।'' ਤਾਜ਼ਾ ਵਾਹਿਆ ਖੇਤ ਛੇਤੀ ਹੀ ਚਿੱਕੜ ਬਣ ਗਿਆ ਤੇ 200 ਦੇ ਕਰੀਬ ਡੰਗਰਾਂ ਵਾਲ਼ਾ ਉਨ੍ਹਾਂ ਦਾ ਝੁੰਡ ਚਿੱਕੜ ਵਿੱਚ ਫਸ ਗਿਆ।
ਤਾਈਬਾਈ ਸਾਲ 2021 ਦੇ ਦਸੰਬਰ ਮਹੀਨੇ ਵਿੱਚ ਮਹਾਰਾਸ਼ਟਰ ਦੇ ਅਹਿਮਦਾਬਾਦ ਜ਼ਿਲ੍ਹੇ ਵਿੱਚ ਪਏ ਭਾਰੀ ਮੀਂਹ ਦੀ ਉਹ ਰਾਤ ਚੇਤੇ ਕਰਦਿਆਂ ਕਹਿੰਦੀ ਹਨ,''ਅਸੀਂ ਤੇ ਸਾਡੇ ਡੰਗਰ ਪੂਰੀ ਰਾਤ ਚਿੱਕੜ ਨਾਲ਼ ਲਿਬੜੇ ਬੈਠੇ ਰਹੇ ਤੇ ਪਾਣੀ ਵਿੱਚ ਫਸੇ ਅਸੀਂ ਕਿਧਰੇ ਨਾ ਜਾ ਸਕੇ।''
ਇਸ ਆਫ਼ਤ ਵਿੱਚ ਆਪਣੀ ਅੱਠ ਬੱਕਰੀਆਂ ਗੁਆਉਣ ਵਾਲ਼ੀ ਢਵਲਪੁਰੀ ਪਿੰਡ ਦੇ ਆਜੜੀ ਭਾਈਚਾਰੇ ਦੀ ਤਾਈਬਾਈ ਕਹਿੰਦੀ ਹਨ,''ਅਸੀਂ ਬੜਾ-ਬੜਾ ਤੇਜ਼ ਮੀਂਹ ਦੇਖਿਆ ਹੋਇਆ ਸੀ ਪਰ ਕਦੇ ਇੰਨਾ ਨੁਕਸਾਨ ਨਹੀਂ ਸੀ ਝੱਲਣਾ ਪਿਆ। ਇੰਝ ਪਹਿਲੀ ਵਾਰ ਹੋਇਆ ਸੀ। ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਡੰਗਰਾਂ ਨੂੰ ਬਚਾ ਲੈਣਾ ਚਾਹੁੰਦੇ ਸਾਂ।''
2 ਦਸੰਬਰ 2021 ਨੂੰ ਸਤਾਰਾ ਵਿੱਚ, ਖ਼ਾਸ ਕਰਕੇ ਇਹਦੀਆਂ ਜ਼ਿਆਦਾਤਰ ਤਾਲੁਕਾਵਾਂ ਵਿੱਚ 100 ਮਿਲੀਮਟਰ ਦੇ ਕਰੀਬ ਮੀਂਹ ਦਰਜ ਕੀਤਾ ਗਿਆ ਸੀ।
ਢਵਲਪੁਰੀ ਦੇ ਹੀ ਰਹਿਣ ਵਾਲ਼ੇ 40 ਸਾਲਾ ਆਜੜੀ ਗੰਗਾਰਾਮ ਢੇਬੇ ਕਹਿੰਦੇ ਹਨ,''ਮੀਂਹ ਇੰਨੀ ਤੇਜ਼ ਵਰ੍ਹ ਰਿਹਾ ਸੀ ਕਿ ਅਸੀਂ ਕੁਝ ਸੋਚ ਹੀ ਨਾ ਸਕੇ। ਬਾਅਦ ਵਿੱਚ ਕੁਝ ਭੇਡਾਂ ਮਰ ਗਈਆਂ ਕਿਉਂਕਿ ਉਹ ਠੰਡ ਬਰਦਾਸ਼ਤ ਨਾ ਕਰ ਸਕੀਆਂ। ਉਨ੍ਹਾਂ ਦਾ ਸਾਹ-ਸੱਤ ਹੀ ਮੁੱਕ ਗਿਆ ਸੀ।''
ਜਦੋਂ ਮੀਂਹ ਸ਼ੁਰੂ ਹੋਇਆ ਤਦ ਉਹ ਭਾਂਡਗਾਓਂ ਤੋਂ 13 ਕਿਲੋਮੀਟਰ ਦੂਰ ਸਨ। ਉਨ੍ਹਾਂ ਦੇ 200 ਡੰਗਰਾਂ ਵਿੱਚੋਂ 13 ਡੰਗਰ ਉਸੇ ਰਾਤ ਮਰ ਗਏ। ਮਰਨ ਵਾਲ਼ਿਆਂ ਵਿੱਚੋਂ 7 ਵੱਡੀਆਂ ਭੇਡਾਂ, 5 ਮੇਮਣੇ ਤੇ ਇੱਕ ਬੱਕਰੀ ਵੀ ਸੀ। ਗੰਗਾਰਾਮ ਨੇ ਨੇੜਲੀ ਦਵਾਈ ਦੀ ਦੁਕਾਨ ਤੋਂ 5,000 ਰੁਪਏ ਦੀ ਦਵਾਈ ਤੇ ਟੀਕੇ ਖਰੀਦੇ ਤੇ ਬੀਮਾਰੀ ਡੰਗਰਾਂ ਨੂੰ ਲਾਏ ਵੀ, ਪਰ ਕਿਸੇ ਸ਼ੈਅ ਨੇ ਕੰਮ ਨਾ ਕੀਤਾ।
ਤਾਈਬਾਈ ਤੇ ਗੰਗਾਰਾਮ ਢੇਬੇ ਧਨਗਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਮਹਾਰਾਸ਼ਟਰ ਅੰਦਰ ਖ਼ਾਨਾਬਦੋਸ਼ ਕਬੀਲੇ ਵਜੋਂ ਸੂਚੀਬੱਧ ਹੈ। ਇਹ ਭਾਈਚਾਰੇ ਜ਼ਿਆਦਾਤਰ ਅਹਿਮਦਾਬਾਦ ਜ਼ਿਲ੍ਹੇ ਤੇ ਉਹਦੇ ਨੇੜੇ ਤੇੜੇ ਰਹਿੰਦੇ ਹਨ, ਜਿੱਥੇ ਭੇਡਾਂ ਦੀ ਵੱਡੀ ਅਬਾਦੀ ਹੈ।
ਗਰਮੀਆਂ ਰੁੱਤੇ, ਜਦੋਂ ਪਾਣੀ ਤੇ ਚਾਰਾ ਮਿਲ਼ਣਾ ਮੁਸ਼ਕਲ ਹੋ ਜਾਂਦਾ ਹੈ ਤਦ ਤਾਈਬਾਈ ਜਿਹੇ ਕਈ ਆਜੜੀ ਉੱਤਰੀ ਕੋਂਕਣ ਇਲਾਕੇ ਦੇ ਪਾਲਘਰ ਤੇ ਥਾਣੇ ਜ਼ਿਲ੍ਹੇ ਵਿੱਚ ਸਥਿਤ ਡਹਾਣੂ ਤੇ ਭਿਵੰਡੀ ਚਲੇ ਜਾਂਦੇ ਹਨ। ਉਹ ਕਰੀਬ 6 ਮਹੀਨਿਆਂ ਤੱਕ ਸਫ਼ਰ ਹੀ ਕਰਦੇ ਰਹਿੰਦੇ ਹਨ ਤੇ ਮਾਨਸੂਨ ਦੇ ਆਉਂਦਿਆਂ ਹੀ ਮੁੜ ਆਉਂਦੇ ਹਨ ਕਿਉਂਕਿ ਛੋਟੇ ਜਾਨਵਰ ਕੋਂਕਣ ਇਲਾਕੇ ਦੀ ਭਾਰੀ ਵਰਖਾ ਦਾ ਸਾਹਮਣਾ ਨਹੀਂ ਕਰ ਪਾਉਂਦੇ।
''ਸਾਨੂੰ ਕੋਈ ਅੰਦਾਜ਼ਾ ਨਹੀਂ ਹੈ ਕਿ ਇੰਨਾ ਮੀਂਹ ਕਿਉਂ ਪਿਆ। ਉਹ ਆਪ ਹੀ ਮੇਘਰਾਜਾ ਹਨ,'' ਉਹ ਕਹਿੰਦੀ ਹਨ।
ਉਸ ਘਟਨਾ ਨੂੰ ਚੇਤੇ ਕਰਕੇ ਉਨ੍ਹਾਂ ਦਾ ਗੱਚ ਭਰ ਆਉਂਦਾ ਹੈ,''ਅਸੀਂ ਬੜਾ ਵੱਡਾ ਨੁਕਸਾਨ ਝੱਲਿਆ ਹੈ, ਬਹੁਤ ਜ਼ਿਆਦਾ। ਜੇ ਸਾਨੂੰ ਕੋਈ ਹੋਰ ਕੰਮ ਮਿਲ਼ੇਗਾ, ਤਾਂ ਅਸੀਂ ਆਪਣਾ ਪੇਸ਼ਾ ਛੱਡ ਦਿਆਂਗੇ।''
ਤੁਕਾਰਾਮ ਕੋਕਰੇ ਨੇ 90 ਡੰਗਰਾਂ ਵਾਲ਼ੇ ਆਪਣੇ ਝੁੰਡ ਵਿੱਚੋਂ 9 ਵੱਡੀਆਂ ਭੇਡਾਂ ਤੇ 4 ਮੇਮਣੇ ਗੁਆ ਲਏ। ਉਹ ਕਹਿੰਦੇ ਹਨ,''ਇਹ ਕਾਫ਼ੀ ਵੱਡਾ ਘਾਟਾ ਸੀ।'' ਉਨ੍ਹਾਂ ਮੁਤਾਬਕ ਇੱਕ ਭੇਡ ਖਰੀਦਣ ਲਈ 12,000-13,000 ਰੁਪਏ ਖਰਚ ਹੋ ਜਾਂਦੇ ਹਨ। ਕਰੀਬ 40 ਸਾਲ ਦੇ ਧਨਗਰ ਆਜੜੀ ਤੁਕਾਰਾਮ ਦੱਸਦੇ ਹਨ,''ਅਸੀਂ 9 ਭੇਡਾਂ ਗੁਆਈਆਂ ਹਨ। ਤੁਸੀਂ ਖ਼ੁਦ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਕਿੰਨਾ ਵੱਡਾ ਨੁਕਸਾਨ ਜ਼ਰਿਆ ਹੈ।''
ਕੀ ਉਨ੍ਹਾਂ ਕੋਈ ਕੱਚਾ ਪੰਚਨਾਮ (ਜਾਂਚ ਰਿਪੋਰਟ) ਤਿਆਰ ਕੀਤਾ ਸੀ? ''ਅਸੀਂ ਕਰ ਵੀ ਕਿਵੇਂ ਸਕਦੇ ਸਾਂ?'' ਬੇਵੱਸ ਹੋਏ ਤੁਕਾਰਾਮ ਕਹਿੰਦੇ ਹਨ,''ਸਾਡੇ ਕੋਲ਼ ਤਾਂ ਆਪਣੀ ਰੱਖਿਆ ਕਰਨ ਲਈ ਕੁਝ ਨਹੀਂ ਸੀ ਤੇ ਨਾ ਹੀ ਉਦੋਂ ਕਿਸਾਨ ਹੀ ਆਸ-ਪਾਸ ਸਨ। ਡਰ ਨਾਲ਼ ਭੇਡਾਂ ਇੱਧਰ-ਓਧਰ ਭੱਜਣ ਲੱਗੀਆਂ। ਅਸੀਂ ਉਨ੍ਹਾਂ ਨੂੰ ਛੱਡ ਨਹੀਂ ਸਕਦੇ ਸਾਂ ਤੇ ਨਾ ਹੀ ਸਾਡੇ ਕੋਲ਼ ਰਿਪੋਰਟ ਕਰਨ ਦੀ ਹੀ ਵਿਹਲ ਸੀ।''
ਉਨ੍ਹਾਂ ਦਾ ਅਨੁਮਾਨ ਹੈ ਕਿ ਸਿਰਫ਼ ਭਾਲਵਾਨੀ ਵਿਖੇ ਹੀ 300 ਭੇਡਾਂ ਦੀ ਮੌਤ ਹੋ ਗਈ ਸੀ। ਦੇਸ਼ ਵਿੱਚ ਸਭ ਤੋਂ ਵੱਧ ਭੇਡਾਂ ਦੀ ਅਬਾਦੀ ਦੇ ਮਾਮਲੇ ਵਿੱਚ ਮਹਾਰਾਸ਼ਟਰ ਸੱਤਵੀਂ ਥਾਂ 'ਤੇ ਹੈ ਤੇ ਇੱਥੇ ਕਰੀਬ 27 ਲੱਖ ਭੇਡਾਂ ਹਨ।
ਸਤਾਰਾ ਦੇ ਮਾਣ, ਖਟਾਵ ਤੇ ਦਹੀਵੜੀ ਵਿਖੇ ਹੋਏ ਡੰਗਰਾਂ ਦੇ ਨੁਕਸਾਨ ਤੇ ਸਰਕਾਰੀ ਉਦਾਸੀਨਤਾ ਨੂੰ ਲੈ ਕੇ ਗੱਲ਼ ਕਰਦਿਆਂ ਹੋਇਆਂ ਫਲਟਣ ਕਸਬੇ ਦੇ ਵਾਸੀ ਆਜੜੀ ਤੇ ਭਲਵਾਨ ਸ਼ੰਭੂਰਾਜੇ ਸ਼ੇਂਡਗੇ ਪਾਟਿਲ ਕਹਿੰਦੇ ਹਨ,''ਜੇਕਰ ਇੱਕ ਆਦਮੀ ਸੂਟ-ਬੂਟ ਪਾ ਕੇ ਸਰਕਾਰੀ ਦਫ਼ਤਰ ਜਾਵੇ ਤਾਂ ਅਫ਼ਸਰ ਉਹਦਾ ਕੰਮ ਇੱਕ ਘੰਟੇ ਦੇ ਅੰਦਰ-ਅੰਦਰ ਸਲਟਾ ਦਿੰਦਾ ਹੈ। ਪਰ ਮੇਰੇ ਸਾਥੀ ਧਨਗਰ ਆਜੜੀ ਜਦੋਂ ਆਜੜੀਆਂ ਵਾਲ਼ੀ ਆਪਣੀ ਵੇਸਭੂਸ਼ਾ ਵਿੱਚ ਉਨ੍ਹਾਂ ਸਾਹਮਣੇ ਜਾਂਦੇ ਹਨ ਤਾਂ ਉਹੀ ਅਫ਼ਸਰ ਟਾਲ਼-ਮਟੋਲ਼ ਕਰਦਾ ਹੋਇਆ ਦੋ ਦਿਨ ਬਾਅਦ ਆਉਣ ਨੂੰ ਕਹਿੰਦਾ ਹੈ।''
''ਅਸੀਂ ਤਾਂ ਮਰ-ਮੁੱਕੀਆਂ ਭੇਡਾਂ ਦੀ ਤਸਵੀਰ ਤੱਕ ਨਾ ਖਿੱਚ ਸਕੇ। ਸਾਡੇ ਕੋਲ਼ ਫ਼ੋਨ ਤਾਂ ਸਨ ਪਰ ਉਨ੍ਹਾਂ ਦੀ ਬੈਟਰੀ ਮੁੱਕ ਗਈ ਸੀ। ਅਸੀਂ ਫ਼ੋਨ ਉਦੋਂ ਹੀ ਚਾਰਜ ਸਕਦੇ ਹਾਂ ਜਦੋਂ ਅਸੀਂ ਕਿਸੇ ਬਸਤੀ ਵਿੱਚ ਰੁੱਕੇ ਹੋਈਏ,'' ਤਾਈਬਾਈ ਕਹਿੰਦੀ ਹਨ।
ਹਾਲ਼ ਦੀ ਘੜੀ, ਤਾਈਬਾਈ ਨੇ ਆਪਣੇ ਡੰਗਾਂ ਦੇ ਨਾਲ਼ ਇੱਕ ਮੈਦਾਨ ਵਿੱਚ ਡੇਰਾ ਲਾਇਆ ਹੋਇਆ ਹੈ। ਮੈਦਾਨ ਦੇ ਇੱਕ ਖੂੰਜੇ ਵਿੱਚ ਰੱਸੀਆਂ ਦੀਆਂ ਗੰਢਾਂ ਮਾਰ ਮਾਰ ਕੇ ਘੇਰਾਬੰਦੀ ਜਿਹੀ ਕੀਤੀ ਗਈ ਹੈ। ਉਹ ਮਗਰ ਛੁੱਟ ਗਈ ਟੋਲੀ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ,''ਸਾਨੂੰ ਆਪਣੇ ਡੰਗਰਾਂ ਨੂੰ ਚਾਰਨ ਵਾਸਤੇ ਬੜੀ ਦੂਰ ਤੱਕ ਪੈਦਲ ਤੁਰਨਾ ਪੈਂਦਾ ਹੈ।''
ਗੰਗਾਰਾਮ, ਭੇਡਾਂ ਦੇ ਚਾਰੇ ਦੀ ਭਾਲ਼ ਵਿੱਚ ਪੈਦਲ ਹੀ ਪੂਨੇ ਜ਼ਿਲ੍ਹੇ ਦੇ ਢਵਲਪੁਰੀ ਤੋਂ ਦੇਹੂ ਜਾਂਦੇ ਹਨ। ਉਨ੍ਹਾਂ ਨੂੰ ਦੇਹੂ ਦੇ ਮੈਦਾਨਾਂ ਤੱਕ ਪਹੁੰਚਣ ਵਿੱਚ 15 ਦਿਨ ਲੱਗਦੇ ਹਨ। ਉਹ ਕਹਿੰਦੇ ਹਨ,''ਜੇ ਅਸੀਂ ਚਾਰੇ ਵਾਸਤੇ ਲੋਕਾਂ ਦੇ ਖੇਤਾਂ ਵਿੱਚ ਵੜ੍ਹ ਜਾਈਏ ਤਾਂ ਸਾਨੂੰ ਕੁੱਟਿਆ ਜਾਂਦਾ ਹੈ। ਸਾਡੇ ਕੋਲ਼ ਕੁੱਟ ਖਾਂਦੇ ਰਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ।'' ਸਥਾਨਕ ਗੁੰਡਿਆਂ ਹੱਥੋਂ ਹੁੰਦੀ ਪਰੇਸ਼ਾਨੀ ਨੂੰ ਲੈ ਕੇ ਉਹ ਕਹਿੰਦੇ ਹਨ,''ਸਿਰਫ਼ ਕਿਸਾਨ ਹੀ ਸਾਡੀ ਮਦਦ ਕਰਦੇ ਹਨ।''
ਡੰਗਰ ਡਾਕਟਰ ਡਾ. ਨਿਤਯਾ ਘੋਟਗੇ ਕਹਿੰਦੇ ਹਨ,''ਆਮ ਕਰਕੇ ਆਜੜੀ ਭਾਈਚਾਰੇ ਦੇ ਲੋਕ ਬੜੇ ਮਜ਼ਬੂਤ (ਅੰਦਰੋਂ) ਮੰਨੇ ਜਾਂਦੇ ਹਨ ਤੇ ਉਨ੍ਹਾਂ ਅੰਦਰ ਮੁਸ਼ਕਲਾਂ ਸਹਿਣ ਦੀ ਬਾਕਮਾਲ ਤਾਕਤ ਹੁੰਦੀ ਹੈ। ਪਰ 1 ਤੋਂ 2 ਦਸੰਬਰ ਦੇ ਅਣਕਿਆਸੇ ਮੀਂਹ ਨੇ ਉਨ੍ਹਾਂ ਨੂੰ ਅੰਦਰੋਂ ਤੋੜ ਸੁੱਟਿਆ ਕਿਉਂਕਿ ਉਸ ਮੀਂਹ ਨੇ ਉਨ੍ਹਾਂ ਦੀਆਂ ਕਈ ਭੇਡਾਂ ਦੀ ਜਾਨ ਲੈ ਲਈ।''
ਉਹ ਕਹਿੰਦੀ ਹਨ ਕਿ ਆਜੜੀਆਂ ਨੂੰ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ਼ ਦੋ-ਹੱਥ ਹੋਣਾ ਪੈਂਦਾ ਹੈ। ਆਜੜੀਆਂ ਤੇ ਕਿਸਾਨਾਂ ਦੇ ਨਾਲ਼ ਰਲ਼ ਕੇ ਕੰਮ ਕਰਨ ਵਾਲ਼ੀ ਇੱਕ ਗ਼ੈਰ-ਸਰਕਾਰੀ ਸੰਸਥਾ (ਐੱਨਜੀਓ) ਅੰਤਰਾ ਦੀ ਨਿਰਦੇਸ਼ਕਾ ਡਾ. ਘੋਟਗੇ ਦੱਸਦੀ ਹਨ,''ਛੋਟੇ ਬੱਚੇ, ਉਨ੍ਹਾਂ ਦਾ ਮਾਲ਼-ਅਸਬਾਬ ਜਿਸ ਵਿੱਚ ਖਾਣ-ਪੀਣ ਦੀਆਂ ਵਸਤਾਂ, ਬਾਲ਼ਣ, ਮੋਬਾਇਲ ਫ਼ੋਨ, ਉਨ੍ਹਾਂ ਦੇ ਡੰਗਰ; ਖ਼ਾਸ ਤੌਰ 'ਤੇ ਕਮਜ਼ੋਰ ਤੇ ਛੋਟੇ ਡੰਗਰ ਸਭ ਖ਼ਤਰੇ ਵਿੱਚ ਆ ਗਏ ਸਨ।''
ਆਜੜੀਆਂ ਨੂੰ ਪੰਚਨਾਮਾ ਕਰਾਉਣ ਲਈ ਖ਼ਾਸੀ ਮਦਦ ਦੀ ਲੋੜ ਹੁੰਦੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਜਲਵਾਯੂ ਨਾਲ਼ ਜੁੜੀਆਂ ਆਫ਼ਤਾਂ, ਬੀਮਾਰੀਆਂ, ਟੀਕਿਆਂ ਆਦਿ ਬਾਰੇ ਸੂਚਨਾਵਾਂ ਤੇ ਸਮੇਂ-ਸਮੇਂ 'ਤੇ ਡੰਗਰ ਡਾਕਟਰ ਦੀ ਮਦਦ ਦੀ ਲੋੜ ਪੈਂਦੀ ਹੈ। ਘੋਟਗੇ ਕਹਿੰਦੀ ਹਨ,''ਇਹ ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਪਸ਼ੂਧਨ ਯੋਜਨਾਵਾਂ ਤੇ ਜਲਵਾਯੂ ਤਬਦੀਲੀ ਨਾਲ਼ ਜੁੜੀਆਂ ਨੀਤੀਆਂ ਉਲੀਕਣ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੇਗੀ।''
ਤੁਕਾਰਾਮ ਸੁਝਾਅ ਦਿੰਦੇ ਹਨ ਕਿ ਢਵਲਪੁਰੀ ਵਿਖੇ ਇੱਕ ਸਾਂਝਾ ਸ਼ੈੱਡ ਬਣਾਉਣਾ ਚਾਹੀਦਾ ਹੈ, ਜਿਸ ਨਾਲ਼ ਉਨ੍ਹਾਂ ਜਿਹੇ ਆਜੜੀਆਂ ਤੇ ਉਨ੍ਹਾਂ ਦੇ ਡੰਗਰਾਂ ਦੀ ਸੁਰੱਖਿਆ ਯਕੀਨੀ ਬਣੇਗੀ। ਇਸ ਤਜ਼ਰਬੇਕਾਰ ਆਜੜੀ ਦਾ ਕਹਿਣਾ ਹੈ,''ਇਹਨੂੰ ਇਸ ਤਰੀਕੇ ਨਾਲ਼ ਬਣਾਇਆ ਜਾਣਾ ਚਾਹੀਦਾ ਹੈ ਕਿ ਮੀਂਹ-ਕਣੀ ਵਿੱਚ ਭੇਡਾਂ ਭਿੱਜਣ ਨਾ ਤੇ ਸੁਰੱਖਿਅਤ ਰਹਿਣ। ਇੰਝ ਉਨ੍ਹਾਂ ਨੂੰ ਠੰਡ ਨਹੀਂ ਲੱਗੇਗੀ।''
ਜਦੋਂ ਤੱਕ ਅਜਿਹਾ ਕੋਈ ਬੰਦੋਬਸਤ ਨਹੀਂ ਹੁੰਦਾ, ਉਦੋਂ ਤੱਕ ਤਾਈਬਾਈ, ਗੰਗਾਰਾਮ ਤੇ ਤੁਕਾਰਾਮ ਆਪਣੇ ਝੁੰਡਾਂ ਦੇ ਨਾਲ਼ ਚਾਰੇ, ਪਾਣੀ ਤੇ ਆਸਰੇ ਦੀ ਤਲਾਸ਼ ਵਿੱਚ ਭਟਕਦੇ ਹੀ ਰਹਿਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਬਗ਼ੈਰ ਕਿਸੇ ਮਦਦ ਦੀ ਉਡੀਕ ਕੀਤਿਆਂ ਅੱਗੇ ਵੱਧਦੇ ਰਹਿਣ ਵਿੱਚ ਹੀ ਸਮਝਦਾਰੀ ਹੈ; ਮਦਦ ਦੀ ਟੇਕ ਫਿਰ ਭਾਵੇਂ ਸਰਕਾਰ ਕੋਲ਼ੋਂ ਲਾਈ ਜਾਣੀ ਹੋਵੇ ਜਾਂ ਮੀਂਹ ਕੋਲ਼ੋਂ।
ਤਰਜਮਾ: ਕਮਲਜੀਤ ਕੌਰ