''ਉਸ ਦੁਪਹਿਰੇ ਮੈਨੂੰ ਮਾਸਾ ਵੀ ਯਕੀਨ ਨਹੀਂ ਸੀ ਕਿ ਮੇਰਾ ਬੱਚਾ ਤੇ ਮੈਂ ਬੱਚ ਜਾਵਾਂਗੇ। ਮੇਰੇ ਪਾਣੀ ਦੀ ਥੈਲੀ ਫੱਟ ਚੁੱਕੀ ਸੀ। ਆਸ ਪਾਸ ਨਾ ਤਾਂ ਕੋਈ ਹਸਪਤਾਲ ਸੀ ਤੇ ਨਾ ਹੀ ਕੋਈ ਸਿਹਤ ਕਰਮੀ ਹੀ। ਸ਼ਿਮਲਾ ਜਾਣ ਲਈ ਕਿਰਾਏ 'ਤੇ ਲਈ ਗੱਡੀ ਵਿੱਚ ਪੈਂਦਿਆਂ ਹੀ ਮੈਨੂੰ ਜੰਮਣ-ਪੀੜ੍ਹਾਂ ਛੁੱਟੀਆਂ ਹੋਈਆਂ ਸਨ। ਚੀਕਾਂ ਮਾਰਦਿਆਂ ਹੋਇਆਂ ਵੀ ਮੇਰੇ ਸਾਹਮਣੇ ਉਡੀਕ ਕਰਨ ਤੋਂ ਸਿਵਾ ਕੋਈ ਚਾਰਾ ਹੀ ਨਹੀਂ ਸੀ। ਮੇਰੇ ਬੱਚਾ ਥਾਏਂ ਹੀ ਪੈਦਾ ਹੋ ਗਿਆ- ਬੋਲੈਰੋ ਦੇ ਅੰਦਰ ਹੀ।'' ਉਸ ਹਾਦਸੇ ਤੋਂ ਛੇ ਮਹੀਨਿਆਂ ਬਾਅਦ, ਅਪ੍ਰੈਲ 2022 ਨੂੰ ਜਦੋਂ ਰਿਪੋਰਟਰ ਉਨ੍ਹਾਂ ਨੂੰ ਮਿਲ਼ੀ ਤਾਂ ਅਨੁਰਾਧਾ ਮਾਹਤੋ (ਬਦਲਿਆ ਨਾਮ) ਆਪਣੇ ਬੱਚੇ ਨੂੰ ਗੋਦੀ ਵਿੱਚ ਲਈ ਬੈਠੀ ਹੋਈ ਸਨ ਤੇ ਉਸ ਦਿਨ ਦੇ ਵੇਰਵਿਆਂ ਨੂੰ ਇਣ-ਬਿਣ ਚੇਤੇ ਕਰ ਰਹੀ ਸਨ।

''ਦੁਪਹਿਰ ਦੇ ਕੋਈ ਤਿੰਨ ਵੱਜੇ ਹੋਏ ਸਨ। ਜਿਓਂ ਹੀ ਮੇਰਾ ਪਾਣੀ ਛੁੱਟਿਆ ਮੇਰੇ ਪਤੀ ਨੇ ਆਸ਼ਾ ਦੀਦੀ ਨੂੰ ਸੂਚਿਤ ਕੀਤਾ। ਉਹ ਅਗਲੇ 15-20 ਮਿੰਟਾਂ ਵਿੱਚ ਮੇਰੇ ਕੋਲ਼ ਅੱਪੜ ਗਈ। ਮੇਰੇ ਕੋਲ਼ ਅੱਪੜਦਿਆਂ ਹੀ ਮੈਨੂੰ ਉਨ੍ਹਾਂ ਦਾ ਐਂਬੂਲੈਂਸ ਬੁਲਾਉਣਾ ਚੇਤੇ ਹੈ। ਉਸ ਦਿਨ ਮੀਂਹ ਪੈ ਰਿਹਾ ਸੀ। ਐਂਬੂਲੈਂਸ ਕਰਮੀਆਂ ਨੇ ਕਿਹਾ ਕਿ ਉਹ ਅਗਲੇ 10 ਮਿੰਟਾਂ ਵਿੱਚ ਨਿਕਲ਼ਣ ਵਾਲ਼ੇ ਹਨ ਪਰ ਉਨ੍ਹਾਂ ਨੂੰ ਸਾਡੇ ਕੋਲ਼ ਪਹੁੰਚਣ ਵਿੱਚ ਲੱਗਦੇ ਆਮ ਸਮੇਂ ਨਾਲ਼ੋਂ ਇੱਕ ਘੰਟਾ ਵੱਧ ਲੱਗ ਗਿਆ,'' 25 ਸਾਲਾ ਅਨੁਰਾਧਾ ਕਹਿੰਦੀ ਹਨ। ਉਹ ਦੱਸਦੀ ਹਨ ਕਿ ਮੀਂਹ ਦੇ ਦਿਨੀਂ ਸੜਕਾਂ ਰਾਹੀਂ ਸਫ਼ਰ ਕਰਨਾ ਕਿੰਨਾ ਖ਼ਤਰਨਾਕ ਹੁੰਦਾ ਹੈ।

ਉਹ ਹਿਮਾਚਲ ਪ੍ਰਦੇਸ਼ ਦੇ ਕੋਟੀ ਪਿੰਡ ਵਿਖੇ ਆਪਣੇ ਪਤੀ ਤੇ ਤਿੰਨ ਬੱਚਿਆਂ ਦੇ ਨਾਲ਼ ਆਰਜ਼ੀ ਝੌਂਪੜੀ ਵਿੱਚ ਰਹਿੰਦੀ ਹਨ। ਉਨ੍ਹਾਂ ਦੇ ਪ੍ਰਵਾਸੀ ਪਤੀ ਇੱਕ ਉਸਾਰੀ ਮਜ਼ਦੂਰ ਹਨ। ਪਰਿਵਾਰ ਮੂਲ਼ ਰੂਪ ਵਿੱਚ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦੇ ਗੋਪਾਲਪੁਰ ਪਿੰਡ ਤੋਂ ਹੈ।

ਅਨੁਰਾਧਾ, ਜੋ 2020 ਵਿੱਚ ਸ਼ਿਮਲਾ ਜ਼ਿਲ੍ਹੇ ਦੇ ਮਸ਼ੋਰਬਾ ਬਲਾਕ ਵਿਖੇ ਰਹਿੰਦੇ ਆਪਣੇ ਪਤੀ ਕੋਲ਼ ਰਹਿਣ ਆਈ, ਕਹਿੰਦੀ ਹਨ,''ਅਸੀਂ ਆਰਥਿਕ ਤੰਗੀ ਕਾਰਨ ਆਪਣੇ ਪਿੰਡ (ਬਿਹਾਰ) ਤੋਂ ਇੱਥੇ ਰਹਿਣ ਆਏ। ਦੋਵੀਂ ਥਾਈਂ ਕਿਰਾਇਆ ਭਰਨਾ ਬੜਾ ਔਖ਼ਾ ਸੀ।'' ਉਨ੍ਹਾਂ ਦੇ 38 ਸਾਲਾ ਪਤੀ, ਰਾਮ ਮਾਹਤੋ (ਬਦਲਿਆ ਨਾਮ) ਰਾਜਮਿਸਤਰੀ ਹਨ, ਉਨ੍ਹਾਂ ਨੂੰ ਜਿੱਥੇ ਕੰਮ ਮਿਲ਼ਦਾ ਹੋਵੇ ਉੱਥੇ ਹੀ ਕੰਮ ਕਰਨ ਜਾਣਾ ਪੈਂਦਾ ਹੈ। ਇਸ ਵੇਲ਼ੇ ਉਹ ਆਪਣੀ ਝੌਂਪੜੀ ਦੇ ਨੇੜੇ ਹੀ ਕੰਮ ਕਰ ਰਹੇ ਹਨ।

ਆਮ ਦਿਨੀਂ ਵੀ ਐਂਬੂਲੈਂਸ ਦਾ ਉਨ੍ਹਾਂ ਦੇ ਘਰ ਤੱਕ ਪਹੁੰਚਣਾ ਕੋਈ ਸੌਖ਼ੀ ਗੱਲ ਨਹੀਂ ਹੁੰਦੀ। ਜੇਕਰ ਐਂਬੂਲੈਂਸ ਨੇ ਕਿਤੇ 30 ਕਿਲੋਮੀਟਰ ਦੂਰ ਸ਼ਿਮਲਾ ਦੇ ਜ਼ਿਲ੍ਹਾ ਹੈੱਡਕੁਆਰਟਰ ਦੇ ਕਮਲਾ ਨਹਿਰੂ ਹਸਪਤਾਲ ਤੋਂ ਆਉਣਾ ਹੋਵੇ ਤਾਂ ਕੋਟੀ ਪਹੁੰਚਣ ਵਿੱਚ ਡੇਢ ਤੋਂ 2 ਘੰਟੇ ਦਾ ਸਮਾਂ ਲੱਗਦਾ ਹੈ। ਪਰ ਮੀਂਹ ਜਾਂ ਬਰਫ਼ਬਾਰੀ ਵਿੱਚ ਦੋਗੁਣਾ ਸਮਾਂ ਵੀ ਲੱਗ ਜਾਂਦਾ ਹੈ।

Anuradha sits with six-month-old Sanju, outside her room.
PHOTO • Jigyasa Mishra
Her second son has been pestering her but noodles for three days now
PHOTO • Jigyasa Mishra

ਖੱਬੇ : ਅਨੁਰਾਧਾ ਆਪਣੇ ਛੇ ਮਹੀਨੇ ਦੇ ਬੱਚੇ ਸੰਜੂ ਦੇ ਨਾਲ਼, ਕਮਰੇ ਦੇ ਬਾਹਰ। ਸੱਜੇ : ਉਨ੍ਹਾਂ ਦਾ ਦੂਜਾ ਬੇਟਾ ਉਨ੍ਹਾਂ ਨੂੰ ਤਿੰਨ ਦਿਨਾਂ ਤੋਂ ਨੂਡਲਜ਼ ਲਈ ਪਰੇਸ਼ਾਨ ਕਰ ਰਿਹਾ ਹੈ

ਅਨੁਰਾਧਾ ਦੇ ਘਰ ਤੋਂ ਕੋਈ ਸੱਤ ਕਿਲੋਮੀਟਰ ਦੂਰ ਸਥਿਤ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਨੇੜਲੇ ਪਿੰਡਾਂ ਤੇ ਬਸਤੀਆਂ ਦੇ ਰਹਿਣ ਵਾਲ਼ੇ 5,000 ਲੋਕਾਂ ਦੀ ਸੇਵਾ ਕਰਦਾ ਹੈ, ਰੀਨਾ ਦੇਵੀ ਦੱਸਦੀ ਹਨ ਜੋ ਇੱਕ ਆਸ਼ਾ (ਮਾਨਤਾ ਪ੍ਰਾਪਤ ਸਮਾਜਕ ਸਿਹਤ ਕਾਰਕੁੰਨ) ਵਰਕਰ ਹਨ। ਪਰ ਪਹੁੰਚ-ਸਹੂਲਤਾਂ ਦੀ ਘਾਟ ਕਾਰਨ ਕੋਈ ਵਿਰਲਾ ਹੀ ਹੋਣਾ ਜੋ ਸੀਐੱਚਸੀ ਪਹੁੰਚਦਾ ਹੋਵੇ-ਇੱਥੋਂ ਤੱਕ ਕਿ 24 ਘੰਟੇ ਵਾਲ਼ੀ ਐਂਬੂਲੈਂਸ ਸੇਵਾ ਵੀ ਕਾਰਗਾਰ ਸਾਬਤ ਨਹੀਂ ਹੋ ਪਾਉਂਦੀ। ''ਜਦੋਂ ਵੀ ਅਸੀਂ 108 ਨੰਬਰ ਡਾਇਲ ਕਰੀਏ, ਇੱਕ ਵਾਰ ਫ਼ੋਨ ਕਰਨ 'ਤੇ ਕਦੇ ਵੀ ਐਂਬੂਲੈਂਸ ਨਹੀਂ ਆਉਂਦੀ। ਇੱਥੇ ਰਹਿੰਦਿਆਂ ਐਂਬੂਲੈਂਸ ਹਾਸਲ ਕਰਨਾ ਬੜਾ ਔਖ਼ਾ ਕੰਮ ਹੈ। ਉੱਤੋਂ ਦੀ, ਉਹ ਸਾਨੂੰ ਹੀ ਆਪਣੇ ਸਿਰ-ਬ-ਸਿਰ ਕਿਰਾਏ ਦਾ ਕੋਈ ਵਾਹਨ ਲੈਣ ਨੂੰ ਕਹਿੰਦੇ ਹਨ,'' ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ।

ਦੇਖਿਆ ਜਾਵੇ ਤਾਂ ਇੱਕ ਸੀਐੱਚਸੀ ਨੂੰ ਇੱਕ ਜਣੇਪਾ-ਮਾਹਰ ਤੇ ਜਨਾਨਾ-ਰੋਗ ਡਾਕਟਰ ਅਤੇ 10 ਹੋਰ ਕਰਮੀਆਂ ਦੀ ਟੀਮ ਨਾਲ਼ ਲੈਸ ਹੋਣਾ ਚਾਹੀਦਾ ਹੈ, ਜੋ ਸੀਜ਼ੇਰੀਅਨ ਸੈਕਸ਼ਨ ਅਤੇ ਹੋਰ ਮੈਡੀਕਲ ਤੇ ਐਮਰਜੈਂਸੀ ਜਣੇਪਾ ਸੰਭਾਲ਼ ਸਹੂਲਤਾਂ ਦੇ ਯੋਗ ਹੋਣਾ ਚਾਹੀਦਾ ਹੈ। ਸਾਰੀਆਂ ਐਮਰਜੈਂਸੀ ਸਹੂਲਤਾਂ 24 ਘੰਟੇ ਉਪਲਬਧ ਹੁੰਦੀਆਂ ਮੰਨੀਆਂ ਜਾਂਦੀਆਂ ਹਨ। ਪਰ ਕੋਟੀ ਵਿਖੇ, ਸੀਐੱਚਸੀ ਹੀ ਸ਼ਾਮੀਂ 6 ਵਜੇ ਬੰਦ ਹੋ ਜਾਂਦਾ ਹੈ ਤੇ ਖੁੱਲ੍ਹਾ ਹੋਣ ਦੀ ਸੂਰਤ ਵਿੱਚ ਵੀ ਕੋਈ ਜਨਾਨਾ-ਰੋਗ ਮਾਹਰ ਉੱਥੇ ਮੌਜੂਦ ਨਹੀਂ ਹੁੰਦਾ।

''ਲੇਬਰ ਰੂਮ ਦੀ ਵਰਤੋਂ ਨਾ ਹੋਣ ਕਾਰਨ ਉਹਨੂੰ ਸਟਾਫ਼ ਵਾਸਤੇ ਰਸੋਈ ਬਣਾ ਦਿੱਤਾ ਗਿਆ ਹੈ,'' ਪਿੰਡ ਦੇ ਇੱਕ ਦੁਕਾਨਦਾਰ, ਹਰੀਸ਼ ਜੋਸ਼ੀ ਕਹਿੰਦੇ ਹਨ। ''ਮੇਰੀ ਭੈਣ ਨੂੰ ਵੀ ਇਹੀ ਸਭ ਸਹਿਣਾ ਪਿਆ ਅਤੇ ਉਹਨੇ ਦਾਈ ਦੀ ਮਦਦ ਨਾਲ਼ ਘਰੇ ਹੀ ਬੱਚਾ ਪੈਦਾ ਕੀਤਾ। ਇਹ ਕੋਈ ਤਿੰਨ ਸਾਲ ਪੁਰਾਣੀ ਗੱਲ ਹੈ, ਪਰ ਇੰਨੇ ਸਮੇਂ ਬਾਅਦ ਵੀ ਹਾਲਤ ਜਿਓਂ ਦੇ ਤਿਓਂ ਬਣੇ ਹੋਏ ਹਨ। ਅਜਿਹੇ ਮਾਮਲਿਆਂ ਵਿੱਚ ਭਾਵੇਂ ਸੀਐੱਚਸੀ ਖੁੱਲ੍ਹਿਆ ਹੋਵੇ ਜਾਂ ਬੰਦ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ,'' ਉਹ ਅੱਗੇ ਕਹਿੰਦੇ ਹਨ।

ਪਿੰਡ ਵਿਖੇ ਰਹਿੰਦੀ ਦਾਈ ਨੇ ਵੀ ਅਨੁਰਾਧਾ ਦੀ ਕੋਈ ਮਦਦ ਨਾ ਕੀਤੀ, ਰੀਨਾ (ਆਸ਼ਾ ਵਰਕਰ) ਕਹਿੰਦੀ ਹਨ। ''ਉਹ ਹੋਰਨਾਂ ਜਾਤਾਂ ਨਾਲ਼ ਤਾਅਲੁੱਕ ਰੱਖਣ ਵਾਲ਼ੇ ਲੋਕਾਂ ਦੇ ਘਰਾਂ ਵਿੱਚ ਨਹੀਂ ਜਾਂਦੀ,'' ਆਸ਼ਾ ਵਰਕਰ ਨੇ ਗੱਲ ਪੂਰੀ ਕਰਦਿਆਂ ਕਿਹਾ। ''ਇਸੇ ਲਈ ਤਾਂ ਅਸੀਂ ਸ਼ੁਰੂ ਵਿੱਚ ਹੀ ਹਸਪਤਾਲ ਜਾਣ ਦਾ ਫ਼ੈਸਲਾ ਕਰ ਲਿਆ ਸੀ,'' ਰੀਨਾ ਨੇ ਕਿਹਾ, ਉਨ੍ਹਾਂ ਦੀ ਮਦਦ ਦੇ ਨਾਲ਼ ਹੀ ਉਸ ਦਿਨ ਅਨੁਰਾਧਾ ਨੇ ਬੱਚਾ ਪੈਦਾ ਕੀਤਾ ਸੀ।

''ਕਰੀਬ 20 ਮਿੰਟ ਉਡੀਕਣ ਤੋਂ ਬਾਅਦ, ਜਦੋਂ ਮੇਰੀ ਦਰਦਾਂ ਬਰਦਾਸ਼ਤ ਤੋਂ ਬਾਹਰ ਹੋ ਗਈਆਂ,'' ਅਨੁਰਾਧਾ ਕਹਿੰਦੀ ਹਨ,''ਆਸ਼ਾ ਦੀਦੀ ਨੇ ਮੇਰੇ ਪਤੀ ਨਾਲ਼ ਗੱਲ ਕੀਤੀ ਤੇ ਮੈਨੂੰ ਕਿਰਾਏ ਦੇ ਵਾਹਨ ਰਾਹੀਂ ਸ਼ਿਮਲੇ ਲਿਜਾਣ ਦਾ ਫ਼ੈਸਲਾ ਲਿਆ। ਕਿਰਾਏ ਦੀ ਗੱਡੀ ਦੇ ਇੱਕ ਪਾਸੇ ਦੇ 4000 ਰੁਪਏ ਲੱਗਣੇ ਸਨ। ਪਰ ਘਰੋਂ ਨਿਕਲ਼ਣ ਦੇ 10 ਮਿੰਟਾਂ ਵਿੱਚ ਹੀ ਮੈਂ ਬੋਲੈਰੋ ਦੀ ਮਗਰਲੀ ਸੀਟ 'ਤੇ ਬੱਚੇ ਨੂੰ ਜਨਮ ਦੇ ਦਿੱਤਾ।'' ਭਾਵੇਂ ਕਿ ਸਫ਼ਰ ਪੂਰਾ ਨਹੀਂ ਹੋ ਸਕਿਆ ਫਿਰ ਵੀ ਅਨੁਰਾਧਾ ਦੇ ਪਰਿਵਾਰ ਨੂੰ ਕਿਰਾਏ ਦੇ ਪੂਰੇ ਪੈਸੇ ਭਰਨੇ ਪਏ ਸਨ।

Reena Devi, an ASHA worker in the village still makes regular visits to check on Anuradha and her baby boy.
PHOTO • Jigyasa Mishra
The approach road to Anuradha's makeshift tin hut goes through the hilly area of Koti village
PHOTO • Jigyasa Mishra

ਖੱਬੇ : ਰੀਨਾ ਦੇਵੀ, ਪਿੰਡ ਦੀ ਆਸ਼ਾ ਵਰਕਰ, ਅਨੁਰਾਧਾ ਦੇਵੀ ਤੇ ਉਨ੍ਹਾਂ ਦੇ ਬੇਟੇ ਦੀ ਨਿਰੰਤਰ ਜਾਂਚ ਲਈ ਅਜੇ ਵੀ ਫੇਰੀਆਂ ਲਾਉਂਦੀ ਹਨ। ਸੱਜੇ : ਅਨੁਰਾਧਾ ਦੀ ਅਸਥਾਈ ਟੀਨ ਦੀ ਝੌਂਪੜੀ ਤੱਕ ਪਹੁੰਚਣ ਵਾਲ਼ੀ ਸੜਕ ਕੋਟੀ ਪਿੰਡ ਦੇ ਪਹਾੜੀ ਖੇਤਰ ਵਿੱਚੋਂ ਦੀ ਲੰਘਦੀ ਹੈ

''ਅਸੀਂ ਅਜੇ ਮਸਾਂ ਤਿੰਨ ਕੁ ਕਿਲੋਮੀਟਰ ਹੀ ਗਏ ਹੋਵਾਂਗੇ ਜਦੋਂ ਬੱਚਾ ਪੈਦਾ ਹੋ ਗਿਆ,'' ਰੀਨਾ ਕਹਿੰਦੀ ਹਨ। ''ਮੈਂ ਆਪਣੇ ਨਾਲ਼ ਕੁਝ ਸਾਫ਼ ਕੱਪੜੇ, ਪਾਣੀ ਦੀਆਂ ਬੋਤਲਾਂ ਤੇ ਅਣਵਰਤੇ ਬਲੇਡ ਲੈਣੇ ਨਾ ਭੁੱਲੀ। ਪਰਮਾਤਮਾ ਤੇਰਾ ਸ਼ੁਕਰੀਆ! ਮੈਂ ਇਕੱਲਿਆਂ ਕਦੇ ਬੱਚਾ ਪੈਦਾ ਨਹੀਂ ਕਰਵਾਇਆ ਤੇ ਨਾ ਹੀ ਇੰਝ ਨਾੜੂ ਹੀ ਕੱਟਿਆ ਸੀ। ਪਰ ਮੈਂ ਦੇਖਿਆ ਜ਼ਰੂਰ ਹੋਇਆ ਸੀ। ਮੈਂ ਅਨੁਰਾਧਾ ਲਈ ਇਹ ਸਭ ਕੀਤਾ,'' ਆਸ਼ਾ ਵਰਕਰ ਦੱਸਦੀ ਹਨ।

ਇਹ ਅਨੁਰਾਧਾ ਦੀ ਚੰਗੀ ਕਿਸਮਤ ਸੀ ਜੋ ਉਸ ਰਾਤੀਂ ਉਹ ਜਿਊਂਦੀ ਬੱਚ ਨਿਕਲ਼ੀ।

ਵਿਸ਼ਵ ਸਿਹਤ ਸੰਗਠਨ ਮੁਤਾਬਕ, ਸੰਸਾਰ ਪੱਧਰ 'ਤੇ ਜਣੇਪੇ ਦੌਰਾਨ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਵਿੱਚ ਜ਼ਿਕਰਯੋਗ ਸੁਧਾਰ ਹੋਣ ਦੇ ਬਾਵਜੂਦ ਵੀ, ਹਰ ਰੋਜ਼ 800 ਤੋਂ ਵੱਧ ਔਰਤਾਂ ਗਰਭ-ਅਵਸਥਾ ਤੇ ਪ੍ਰਸਵ ਵਿੱਚ ਹੋਣ ਵਾਲ਼ੀਆਂ ਪੇਚੀਦਗੀਆਂ ਕਾਰਨ ਮਰ ਰਹੀਆਂ ਹਨ। ਬਹੁਤੇਰੀਆਂ ਮੌਤਾਂ ਘੱਟ ਤੇ ਦਰਮਿਆਨ-ਆਮਦਨੀ ਵਾਲ਼ੇ ਦੇਸ਼ਾਂ ਵਿੱਚ ਹੁੰਦੀਆਂ ਹਨ। 2017 ਵਿੱਚ, ਸੰਸਾਰ ਭਰ ਵਿੱਚ ਜਣੇਪੇ ਨਾਲ਼ ਹੋਈਆਂ ਮੌਤਾਂ ਦਾ 12 ਪ੍ਰਤੀਸ਼ਤ ਮੌਤਾਂ (ਹਿੱਸਾ) ਭਾਰਤ ਵਿੱਚ ਹੋਈਆਂ

2017-19 ਵਿੱਚ ਭਾਰਤ ਅੰਦਰ ਜੇਕਰ ਜੱਚਾ ਮੌਤ ਦਰ (ਐੱਮਐੱਮਆਰ) ਦੀ ਗੱਲ ਕਰੀਏ ਤਾਂ 100,000 ਜੀਵਤ ਜਨਮਾਂ ਮਗਰ 103 ਜੱਚਾ ਮੌਤਾਂ ਹੋਈਆਂ। ਰਿਪੋਰਟ ਕੀਤੇ ਗਏ ਅੰਕੜੇ 2030 ਤੱਕ ਗਲੋਬਲ ਐੱਮਐੱਮਆਰ ਨੂੰ ਘਟਾ ਕੇ 70 ਜਾਂ ਇਸ ਤੋਂ ਘੱਟ ਕਰਨ ਦੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ (ਐੱਸਡੀਜੀ) ਨਾਲ਼ੋਂ ਕਾਫ਼ੀ ਦੂਰ ਹਨ। ਇਹ ਅਨੁਪਾਤ ਸਿਹਤ ਤੇ ਸਮਾਜਿਕ-ਆਰਥਿਕ ਵਿਕਾਸ ਦਾ ਪ੍ਰਮੁੱਖ ਸੂਚਕ ਹੈ; ਇੱਕ ਉੱਚ ਅੰਕੜਾ ਜੋ ਅਸਮਾਨਤਾ ਨੂੰ ਦਰਸਾਉਂਦਾ ਹੈ।

ਹਿਮਾਚਲ ਪ੍ਰਦੇਸ਼ ਵਿਖੇ ਜੱਚਾ ਮੌਤ ਨੂੰ ਲੈ ਕੇ ਅੰਕੜੇ ਸੌਖ਼ੇ ਨਹੀਂ ਉਪਲਬਧ ਹੁੰਦੇ। ਹਾਲਾਂਕਿ ਨੀਤੀ ਅਯੋਗ ਦੇ ਐੱਸਡੀਜੀ ਇੰਡੀਆ ਇੰਡੈਕਸ 2020-21 ਵਿੱਚ ਤਮਿਲਨਾਡੂ ਦੇ ਨਾਲ਼ ਇਹ ਰਾਜ ਦੂਜੇ ਸਥਾਨ 'ਤੇ ਹੈ ਪਰ ਇਸ ਦੀ ਉੱਚ ਦਰਜਾਬੰਦੀ ਗ਼ਰੀਬੀ ਦੀ ਜਿਲ੍ਹਣ ਵਿੱਚ ਦੂਰ-ਦੁਰਾਡੇ, ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲ਼ੀਆਂ ਪੇਂਡੂ ਔਰਤਾਂ ਦੀ ਮਾਤਰੀ ਸਿਹਤ ਮੁੱਦਿਆਂ ਨੂੰ ਨਹੀਂ ਦਰਸਾਉਂਦੀ। ਅਨੁਰਾਧਾ ਜਿਹੀਆਂ ਔਰਤਾਂ ਨੂੰ ਪੋਸ਼ਣ, ਮਾਂ ਦੀ ਤੰਦਰੁਸਤੀ, ਪੂਰਵ-ਪ੍ਰਸਵ ਦੇਖਭਾਲ਼ ਅਤੇ ਸਿਹਤ ਬੁਨਿਆਦੀ ਢਾਂਚੇ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਨੁਰਾਧਾ ਦੇ ਪਤੀ ਰਾਮ, ਕਿਸੇ ਨਿੱਜੀ ਕੰਪਨੀ ਵਿੱਚ ਉਸਾਰੀ ਮਜ਼ਦੂਰ ਵਜੋਂ ਕੰਮ ਕਰਦੇ ਹਨ। ਕੰਮ ਦੇ ਮਹੀਨਿਆਂ ਵਿੱਚ, ਉਹ ''ਮਹੀਨੇ ਦਾ 12,000 ਰੁਪਿਆ ਕਮਾ ਲੈਂਦੇ ਹਨ, ਜਿਸ ਵਿੱਚੋਂ ਘਰ ਦੇ ਕਿਰਾਏ ਲਈ 2,000 ਰੁਪਏ ਕੱਟ ਲਏ ਜਾਂਦੇ ਹਨ,'' ਮੈਨੂੰ ਆਪਣੇ ਘਰ ਅੰਦਰ ਬੁਲਾਉਂਦਿਆਂ ਅਨੁਰਾਧਾ ਕਹਿੰਦੀ ਹਨ। ''ਘਰ ਅੰਦਰਲੀ ਹਰ ਚੀਜ਼ ਸਾਡੀ ਹੀ ਹੈ,'' ਉਹ ਦੱਸਦੀ ਹਨ।

ਲੱਕੜ ਦਾ ਇਕੱਲਾ ਬੈੱਡ ਅਤੇ ਕੱਪੜਿਆਂ ਤੇ ਭਾਂਡਿਆਂ ਦੇ ਛੋਟੇ ਜਿਹੇ ਢੇਰ ਨਾਲ਼ ਲੱਦਿਆ ਐਲੂਮੀਨੀਅਮ ਦਾ ਟਰੰਕ, (ਪੇਟੀ) ਜੋ ਰਾਤੀਂ ਬਿਸਤਰਾ ਬਣ ਜਾਂਦਾ ਹੈ, ਨੇ ਉਨ੍ਹਾਂ ਦੇ  8 x 10 ਫੁੱਟ ਦੇ ਕਮਰੇ ਦੀ ਜ਼ਿਆਦਾ ਥਾਂ ਘੇਰੀ ਹੋਈ ਹੈ। ''ਸਾਡੇ ਕੋਲ਼ ਬਾਮੁਸ਼ਕਲ ਹੀ ਕੋਈ ਬਚਤ ਹੋਣੀ। ਜੇ ਕਿਤੇ ਸਿਹਤ ਸਬੰਧੀ ਕੋਈ ਬਿਪਤਾ ਜਾਂ ਐਮਰਜੈਂਸੀ ਆਣ ਪਵੇ ਤਾਂ ਅਸੀਂ ਅਨਾਜ, ਦਵਾਈਆਂ ਤੇ ਬੱਚਿਆਂ ਲਈ ਆਉਂਦੇ ਦੁੱਧ ਜਿਹੇ ਜ਼ਰੂਰੀ ਖ਼ਰਚਿਆਂ 'ਤੇ ਕੈਂਚੀ ਫੇਰ ਲੈਂਦੇ ਹਾਂ ਅਤੇ ਪੈਸਾ ਉਧਾਰ ਲੈਂਦੇ ਹਾਂ,'' ਅਨੁਰਾਧਾ ਦੱਸਦੀ ਹਨ।

Anuradha inside her one-room house.
PHOTO • Jigyasa Mishra
They have to live in little rented rooms near construction sites, where her husband works
PHOTO • Jigyasa Mishra

ਖੱਬੇ:ਆਪਣੇ ਇੱਕ ਕਮਰੇ ਦੇ ਘਰ ਦੇ ਅੰਦਰ ਅਨੁਰਾਧਾ। ਸੱਜੇ: ਉਨ੍ਹਾਂ ਨੂੰ ਪਤੀ ਦੇ ਕੰਮ ਦੀ ਥਾਂ ਭਾਵ ਨਿਰਮਾਣ ਥਾਵਾਂ ਦੇ ਨੇੜੇ ਹੀ ਕਿਰਾਏ ਦੇ ਕਮਰੇ ਵਿੱਚ ਰਹਿਣਾ ਪੈਂਦਾ ਹੈ

2021 ਦੀ ਅਨੁਰਾਧਾ ਦੀ ਗਰਭਅਵਸਥਾ ਨੇ ਉਨ੍ਹਾਂ ਦਾ ਹੱਥ ਹੋਰ ਤੰਗ ਕਰ ਦਿੱਤਾ, ਖ਼ਾਸ ਕਰਕੇ ਕੋਵਿਡ-19 ਮਹਾਂਮਾਰੀ ਕਾਰਨ ਹਾਲਾਤ ਹੋਰ ਬਦਤਰ ਹੋ ਗਏ। ਰਾਮ ਦੇ ਕੋਲ਼ ਵੀ ਕੋਈ ਕੰਮ ਨਹੀਂ ਸੀ। ਉਨ੍ਹਾਂ ਨੂੰ ਤਨਖ਼ਾਹ ਦੇ ਨਾਮ 'ਤੇ 4,000 ਰੁਪਏ ਮਿਲ਼ਦੇ। ਉਸ ਹਾਲਤ ਵਿੱਚ ਵੀ ਪਰਿਵਾਰ ਨੂੰ ਕਿਰਾਇਆ ਦੇਣਾ ਪੈਂਦਾ ਤੇ ਬਾਕੀ ਬਚੇ 2,000 ਰੁਪਏ ਨਾਲ਼ ਹੀ ਡੰਗ ਟਪਾਉਣਾ ਪੈਂਦਾ। ਆਸ਼ਾ ਦੀਦੀ ਅਨੁਰਾਧਾ ਨੂੰ ਨਿਯਮਿਤ ਤੌਰ 'ਤੇ ਆਇਰਨ ਦੀਆਂ ਤੇ ਫੌਲਿਕ ਐਸਿਡ ਦੀਆਂ ਗੋਲ਼ੀਆਂ ਦਿੰਦੀ ਤਾਂ ਰਹਿੰਦੀ, ਪਰ ਦੂਰੀ ਅਤੇ ਆਉਂਦੇ ਖਰਚੇ ਕਾਰਨ ਨਿਯਮਿਤ ਜਾਂਚ ਕਰਾਉਣੀ ਅਸੰਭਵ ਹੀ ਬਣੀ ਰਹਿੰਦੀ।

''ਜੇ ਸੀਐੱਚਸੀ ਸਹੀ ਢੰਗ ਨਾਲ਼ ਕੰਮ ਕਰਦੀ ਹੁੰਦੀ ਤਾਂ ਅਨੁਰਾਧਾ ਦਾ ਪ੍ਰਸਵ ਚਿੰਤਾ-ਮੁਕਤ ਹੁੰਦਾ ਅਤੇ ਉਨ੍ਹਾਂ ਨੂੰ ਭਾੜੇ ਦੀ ਟੈਕਸੀ 'ਤੇ 4,000 ਰੁਪਏ ਫੂਕਣੇ ਨਾ ਪੈਂਦੇ,'' ਰੀਨਾ ਕਹਿੰਦੀ ਹਨ।

''ਸੀਐੱਚਸੀ ਵਿਖੇ ਲੇਬਰ ਰੂਮ ਤਾਂ ਬਣਿਆ ਹੈ ਪਰ ਉੱਥੇ ਓਪਰੇਸ਼ਨ ਨਹੀਂ ਹੁੰਦਾ,'' ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ।

''ਅਸੀਂ ਕੋਟੀ ਸੀਐੱਚਸੀ ਵਿਖੇ ਪ੍ਰਸਵ ਸੁਵਿਧਾਵਾਂ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਔਰਤਾਂ ਦੇ ਦਰਪੇਸ਼ ਆਉਂਦੀਆਂ ਚੁਣੌਤੀਆਂ ਨੂੰ ਸਮਝਦੇ ਹਾਂ, ਪਰ ਚੀਜ਼ਾਂ ਸਾਡੇ ਕਾਬੂ ਵਿੱਚ ਨਹੀਂ ਹਨ ਕਿਉਂਕਿ ਸਟਾਫ਼ ਹੀ ਪੂਰਾ ਨਹੀਂ,'' ਸ਼ਿਮਲਾ ਜ਼ਿਲ੍ਹੇ ਦੀ ਮੁੱਖ ਮੈਡੀਕਲ ਅਫ਼ਸਰ, ਸੁਰੇਖਾ ਚੋਪੜਾ ਕਹਿੰਦੀ ਹਨ। ''ਉੱਥੇ ਨਾ ਤਾਂ ਕੋਈ ਜਨਾਨਾ-ਰੋਗ ਮਾਹਰ ਹੀ ਹੈ ਨਾ ਕੋਈ ਨਰਸ ਤੇ ਨਾ ਹੀ ਪ੍ਰਸਵ ਲਈ ਬਣਦੀ ਸਾਫ਼-ਸਫ਼ਾਈ ਰੱਖਣ ਵਾਲ਼ੀ/ਵਾਲ਼ਾ ਕੋਈ ਕਰਮੀ ਹੀ ਹੈ। ਡਾਕਟਰ ਵੀ ਕੋਟੀ ਜਿਹੇ ਬੀਹੜ ਪੇਂਡੂ ਇਲਾਕਿਆਂ ਵਿੱਚ ਤਾਇਨਾਤ ਨਹੀਂ ਹੋਣਾ ਚਾਹੁੰਦੇ, ਜੋ ਦੇਸ਼ ਭਰ ਦੇ ਜ਼ਿਲ੍ਹਿਆਂ ਤੇ ਰਾਜਾਂ ਲਈ ਕੌੜਾ ਸੱਚ ਬਣਿਆ ਹੋਇਆ ਹੈ,'' ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ।

ਪੇਂਡੂ ਸਿਹਤ ਸੰਖਿਆਕੀ 2019-20 ਮੁਤਾਬਕ, ਜੇ ਸਾਲ 2005 ਦੀ ਗੱਲ ਕਰੀਏ ਤਾਂ ਵਿੱਚ ਰਾਜ ਵਿਖੇ ਜਿਨ੍ਹਾਂ ਸੀਐੱਚਸੀ ਦੀ ਗਿਣਤੀ 66 ਸੀ, ਉਹ ਸਾਲ 2020 ਵਿੱਚ  ਵੱਧ ਕੇ ਭਾਵੇਂ 85 ਤੱਕ ਅੱਪੜ ਗਈ ਅਤੇ ਮਾਹਰ ਡਾਕਟਰਾਂ ਦੀ ਗਿਣਤੀ ਜੋ 3,550 ਸੀ, 2020 ਵਿੱਚ ਵੱਧ ਕੇ 4,957 ਹੋ ਗਈ ਹੋਵੇ- ਬਾਵਜੂਦ ਇਸ ਸਭ ਦੇ ਹਿਮਾਚਲ ਪ੍ਰਦੇਸ਼ ਦੇ ਪੇਂਡੂ ਇਲਾਕਿਆਂ ਵਿਖੇ ਪ੍ਰਸਵ-ਮਾਹਰ ਤੇ ਜਨਾਨਾ ਰੋਗ ਮਾਹਰ ਦੀ ਕਿੱਲਤ ਅਜੇ ਵੀ 94 ਫ਼ੀਸਦ ਬਣੀ ਹੋਈ ਹੈ। ਜੇ ਸੌਖ਼ੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਜਿੱਥੇ 85 ਡਾਕਟਰਾਂ ਦੀ ਲੋੜ ਹੈ ਉੱਥੇ ਸਿਰਫ਼ 5 ਹੀ ਪ੍ਰਸਵ-ਮਾਹਰ ਤੇ ਜਨਾਨਾ-ਰੋਗ ਮਾਹਰ ਡਾਕਟਰ ਤਾਇਨਾਤ ਹਨ। ਇਹ ਅੰਕੜੇ ਗਰਭਵਤੀ ਔਰਤਾਂ ਲਈ ਭਾਰੀ ਸਰੀਰਕ, ਭਾਵਨਾਤਮਕ ਤੇ ਵਿੱਤੀ ਦਬਾਅ ਵਿੱਚ ਬਦਲ ਜਾਂਦੇ ਹਨ।

ਅਨੁਰਾਧਾ ਦੇ ਘਰ ਤੋਂ ਕਰੀਬ 6 ਕਿਲੋਮੀਟਰ ਦੂਰ ਰਹਿਣ ਵਾਲ਼ੀ 35 ਸਾਲਾ ਸ਼ਿਲਾ ਚੌਹਾਨ ਵੀ ਜਨਵਰੀ 2020 ਨੂੰ ਆਪਣੀ ਬੇਟੀ ਨੂੰ ਜਨਮ ਦੇਣ ਲਈ ਪੈਂਡਾ ਮਾਰ ਕੇ ਸ਼ਿਮਲਾ ਦੇ ਨਿੱਜੀ ਹਸਪਤਾਲ ਗਈ ਸਨ। ''ਬੱਚੀ ਦੇ ਜਨਮ ਤੋਂ ਬਾਅਦ ਅਜੇ ਤੱਕ ਮੈਂ ਕਰਜੇ ਹੇਠ ਹਾਂ,'' ਸ਼ਿਲਾ ਪਾਰੀ ਨੂੰ ਦੱਸਦੀ ਹਨ।

ਉਨ੍ਹਾਂ ਤੇ ਉਨ੍ਹਾਂ ਦੇ ਪਤੀ ਗੋਪਾਲ ਚੌਹਾਨ, ਜੋ ਕੋਟੀ ਪਿੰਡ ਵਿਖੇ ਹੀ ਬਤੌਰ ਤਰਖਾਣ ਕੰਮ ਕਰਦੇ ਹਨ, ਨੇ ਆਪਣੇ ਗੁਆਂਢੀਆਂ ਕੋਲ਼ੋਂ 20,000 ਰੁਪਏ ਉਧਾਰ ਚੁੱਕੇ। ਦੋ ਸਾਲਾਂ ਬਾਅਦ ਵੀ, ਉਨ੍ਹਾਂ ਸਿਰ 5,000 ਰੁਪਏ ਬੋਲਦੇ ਹਨ।

PHOTO • Jigyasa Mishra
Rena Devi at CHC Koti
PHOTO • Jigyasa Mishra

ਖੱਬੇ: ਅਨੁਰਾਧਾ ਦੇ ਘਰ ਦੇ ਐਨ ਨਾਲ਼ ਸਥਿਤ ਨਿਰਮਾਣ ਸਥਲ, ਜਿੱਥੇ ਰਾਮ ਕੰਮ ਕਰਦੇ ਹਨ। ਸੱਜੇ: ਸੀਐੱਚਸੀ ਕੋਟੀ ਵਿਖੇ ਰੀਨਾ ਦੇਵੀ

ਸ਼ਿਲਾ ਸ਼ਿਮਲਾ ਦੇ ਉਸ ਹਸਪਤਾਲ ਵਿਖੇ ਇੱਕ ਤੋਂ ਵੱਧ ਰਾਤਾਂ ਨਾ ਰਹਿ ਸਕੀ ਕਿਉਂਕਿ ਉੱਥੇ ਕਮਰੇ ਦਾ ਰੋਜ਼ ਦਾ ਖਰਚਾ ਹੀ 5,000 ਰੁਪਏ ਹੈ। ਅਗਲੇ ਦਿਨ, ਗੋਪਾਲ ਆਪਣੀ ਪਤਨੀ ਤੇ ਨੰਨ੍ਹੀ ਬੱਚੀ ਨੂੰ 2,000 ਰੁਪਏ ਵਿੱਚ ਮਿਲ਼ੀ ਕਿਰਾਏ ਦੀ ਗੱਡੀ ਰਾਹੀਂ ਵਾਪਸ ਘਰ ਲੈ ਆਏ। ਟੈਕਸੀ ਨੇ ਉਨ੍ਹਾਂ ਨੂੰ ਮੰਜ਼ਲ 'ਤੇ ਅਪੜਨ ਤੋਂ ਪਹਿਲਾਂ ਆਉਂਦੇ ਅਟਾ ਪੁਆਇੰਟ 'ਤੇ ਹੀ ਲਾਹ ਦਿੱਤਾ ਤੇ ਬਰਫ਼ ਪਈ ਹੋਣ ਕਾਰਨ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ। ''ਉਸ ਰਾਤ ਨੂੰ ਚੇਤੇ ਕਰਕੇ ਅਜੇ ਵੀ ਮੇਰੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ। ਬਰਫ਼ ਪੈ ਰਹੀ ਸੀ ਤੇ ਮੈਂ ਪ੍ਰਸਵ ਤੋਂ ਇੱਕ ਦਿਨ ਬਾਅਦ ਹੀ ਗੋਡਿਆਂ ਤੀਕਰ ਡੂੰਘੀ ਬਰਫ਼ ਵਿੱਚ ਪੈਦਲ ਤੁਰ ਰਹੀ ਸਾਂ,'' ਚੇਤੇ ਕਰਦਿਆਂ ਸ਼ਿਲਾ ਕਹਿੰਦੀ ਹਨ।

''ਜੇ ਕਿਤੇ ਸੀਐੱਚਸੀ ਸਹੀ ਕੰਮ ਕਰਦਾ ਹੁੰਦਾ, ਸਾਨੂੰ ਸ਼ਿਮਲਾ ਭੱਜਣ ਦੀ ਤੇ ਇੰਨੇ ਸਾਰੇ ਪੈਸੇ ਫੂਕਣ ਦੀ ਲੋੜ ਹੀ ਨਾ ਪੈਂਦੀ ਤੇ ਨਾ ਹੀ ਮੇਰੀ ਪਤਨੀ ਨੂੰ ਪ੍ਰਸਵ ਤੋਂ ਇੱਕ ਦਿਨ ਬਾਅਦ ਹੀ ਇੰਝ ਬਰਫ਼ ਵਿੱਚ ਤੁਰਨਾ ਹੀ ਪੈਂਦਾ,'' ਹਿਰਖੇ ਮਨ ਨਾਲ਼ ਗੋਪਾਲ ਕਹਿੰਦੇ ਹਨ।

ਜੇ ਕਿਤੇ ਸਿਹਤ ਸੰਭਾਲ਼ ਸੁਵਿਧਾ ਨੇ ਠੀਕ ਤਰੀਕੇ ਨਾਲ਼ ਕੰਮ ਕੀਤਾ ਹੁੰਦਾ ਤਾਂ ਸ਼ਿਲਾ ਤੇ ਅਨੁਰਾਧਾ ਦੋਵਾਂ ਨੂੰ ਹੀ ਸਰਕਾਰੀ ਯੋਜਨਾ, ਜਨਨੀ ਸ਼ਿਸ਼ੂ ਕਾਰਯਕ੍ਰਮ ਤਹਿਤ ਜਨਤਕ ਸਿਹਤ ਸੰਸਥਾਵਾਂ ਵਿਖੇ ਪੂਰੀ ਤਰ੍ਹਾਂ ਨਾਲ਼ ਮੁਫ਼ਤ ਤੇ ਕੈਸ਼ਲੈੱਸ ਸਿਹਤ ਸੇਵਾਵਾਂ ਮਿਲ਼ ਪਾਉਂਦੀਆਂ, ਜਿਸ ਵਿੱਚ ਭਾਵੇਂ ਸੀਜ਼ੇਰੀਅਨ ਸੈਕਸ਼ਨ ਓਪਰੇਸ਼ਨ ਹੀ ਕਿਉਂ ਨਾ ਕਰਨ ਦੀ ਲੋੜ ਪੈਂਦੀ। ਉਹ ਦਵਾਈਆਂ ਤੇ ਜਾਂਚਾਂ, ਅਹਾਰ ਅਤੇ ਖ਼ੂਨ ਤੱਕ ਜਿਹੇ ਲਾਹੇ ਲੈ ਸਕਦੀਆਂ ਸਨ ਤੇ ਲੋੜ ਪੈਣ 'ਤੇ ਉਨ੍ਹਾਂ ਨੂੰ ਮੁਫ਼ਤ ਪਰਿਵਹਨ ਸੇਵਾ ਵੀ ਉਪਲਬਧ ਹੋ ਪਾਉਂਦੀ। ਪਰ ਇਹ ਸਾਰਾ ਕੁਝ ਤਾਂ ਕਾਗ਼ਜ਼ਾਂ ਵਿੱਚ ਹੀ ਦਰਜ਼ ਹੈ, ਅਮਲ ਵਿੱਚ ਨਹੀਂ।

''ਉਸ ਰਾਤ ਅਸੀਂ ਆਪਣੀ ਦੋ ਦਿਨਾਂ ਦੀ ਧੀ ਦੀ ਸਿਹਤ ਨੂੰ ਲੈ ਕੇ ਬੜੇ ਸਹਿਮੇ ਹੋਏ ਸਾਂ,'' ਗੋਪਾਲ ਕਹਿੰਦੇ ਹਨ, ''ਇੰਨੀ ਠੰਡ ਕਾਰਨ ਉਹ ਮਰ ਵੀ ਸਕਦੀ ਸੀ।''

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Jigyasa Mishra

জিজ্ঞাসা মিশ্র উত্তরপ্রদেশের চিত্রকূট-ভিত্তিক একজন স্বতন্ত্র সাংবাদিক।

Other stories by Jigyasa Mishra
Illustration : Jigyasa Mishra

জিজ্ঞাসা মিশ্র উত্তরপ্রদেশের চিত্রকূট-ভিত্তিক একজন স্বতন্ত্র সাংবাদিক।

Other stories by Jigyasa Mishra
Editor : Pratishtha Pandya

কবি এবং অনুবাদক প্রতিষ্ঠা পান্ডিয়া গুজরাতি ও ইংরেজি ভাষায় লেখালেখি করেন। বর্তমানে তিনি লেখক এবং অনুবাদক হিসেবে পারি-র সঙ্গে যুক্ত।

Other stories by Pratishtha Pandya
Translator : Kamaljit Kaur

পঞ্জাব-নিবাসী স্বতন্ত্র অনুবাদক কমলজিৎ কৌর পঞ্জাবি সাহিত্যে স্নাতকোত্তর পাশ করেছেন। সাম্যের আদর্শে বিশ্বাসী কমলজিৎ সমতার দুনিয়ার লক্ষ্যে নিজের মতো করে প্রয়াস চালিয়ে যাচ্ছেন।

Other stories by Kamaljit Kaur