''ਫ਼ੂਕ ਦਿਓ ਉਨ੍ਹਾਂ ਨੂੰ!''
ਇਹ ਉਹ ਅਲਫ਼ਾਜ਼ ਸਨ ਜੋ ਮੋਹਨ ਬਹਾਦੁਰ ਬੁਧਾ ਨੂੰ 31 ਮਾਰਚ 2023 ਦੀ ਉਸ ਰਾਤ ਦਾ ਚੇਤਾ ਦਵਾਉਂਦੇ ਹਨ, ਜਦੋਂ 113 ਸਾਲ ਪੁਰਾਣਾ ਮਦਰੱਸਾ ਅਜ਼ੀਜ਼ੀਆ ਅੱਗ ਹਵਾਲੇ ਕੀਤਾ ਗਿਆ ਸੀ।
''ਮੈਂ ਲੋਕਾਂ ਨੂੰ ਚਾਂਗਰਾਂ ਮਾਰਦੇ ਸੁਣਿਆ ਤੇ ਦੇਖਿਆ ਕਿ ਉਹ ਲਾਈਬ੍ਰੇਰੀ ਦਾ ਮੇਨ ਬੂਹਾ ਤੋੜ ਰਹੇ ਹਨ। ਜਿਓਂ ਹੀ ਮੈਂ ਬਾਹਰ ਆਇਆ ਤਾਂ ਦੇਖਿਆ ਉਹ ਲਾਈਬ੍ਰੇਰੀ ਅੰਦਰ ਵੜ੍ਹ ਵੀ ਚੁੱਕੇ ਸਨ ਤੇ ਇਹਦੀ ਭੰਨਤੋੜ ਕਰ ਰਹੇ ਸਨ,'' 25 ਸਾਲਾ ਸੁਰੱਖਿਆ ਗਾਰਡ ਦਾ ਕਹਿਣਾ ਹੈ।
ਉਨ੍ਹਾਂ ਨੇ ਗੱਲ ਜਾਰੀ ਰੱਖੀ ਤੇ ਕਿਹਾ,''ਭੀੜ ਬਰਛੇ, ਤਲਵਾਰਾਂ, ਇੱਟਾਂ ਜਿਹੇ ਹਥਿਆਰਾਂ ਨਾਲ਼ ਲੈਸ ਸੀ। ਵੋਹ ਲੋਕ ਚਿਲਾ ਰਹੇ ਥੇ, ' ਜਲਾ ਦੋ, ਮਾਰ ਦੋ '।''
ਲਾਈਬ੍ਰੇਰੀ ਦੀ ਅਲਮਾਰੀ ਅੰਦਰ 250 ਕਲਮੀ (ਹੱਥ-ਲਿਖਤਾਂ) ਪਈਆਂ ਸਨ, ਜਿਨ੍ਹਾਂ ਅੰਦਰ ਦਰਸ਼ਨ, ਚੰਗੇ ਵਿਚਾਰਾਂ ਤੇ ਦਵਾਈਆਂ ਦੀਆਂ ਕਿਤਾਬਾਂ ਸ਼ਾਮਲ ਸਨ
ਨੇਪਾਲ ਦੇ ਰਹਿਣ ਵਾਲ਼ੇ ਬੁਧਾ, ਕਰੀਬ ਡੇਢ ਕੁ ਸਾਲ ਤੋਂ ਬਿਹਾਰਸ਼ਰੀਫ਼ ਸ਼ਹਿਰ ਦੇ ਮਦਰੱਸਾ ਅਜ਼ੀਜ਼ੀਆ ਵਿਖੇ ਕੰਮ ਕਰ ਰਹੇ ਹਨ। ''ਜਦੋਂ ਮੈਂ ਉਨ੍ਹਾਂ ਅੱਗੇ ਕਾਰਵਾਈ ਰੋਕਣ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਮੇਰੇ 'ਤੇ ਹੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਮੈਨੂੰ ਘਸੁੰਨ ਮਾਰੇ ਤੇ ਕਿਹਾ,'ਸਾਲਾ ਨੇਪਾਲੀ, ਭਾਗੋ ਯਹਾਂ ਸੇ, ਨਹੀ ਤੋ ਮਾਰ ਦੇਂਗੇ'।''
ਉਹ 31 ਮਾਰਚ 2023 ਦੀ ਉਸ ਘਟਨਾ ਦਾ ਜ਼ਿਕਰ ਕਰ ਰਹੇ ਹਨ ਜਦੋਂ ਸ਼ਹਿਰ ਵਿੱਚ ਰਾਮ ਨੌਮੀ ਜਲੂਸ ਦੌਰਾਨ ਫ਼ਿਰਕੂ ਦੰਗੱਈਆਂ ਨੇ ਮਦਰੱਸੇ (ਜਿੱਥੇ ਇਸਲਾਮਿਕ ਪੜ੍ਹਾਈ ਹੁੰਦੀ ਹੈ) ਨੂੰ ਅੱਗ ਲਾ ਦਿੱਤੀ ਸੀ।
''ਲਾਈਬ੍ਰੇਰੀ ਵਿੱਚ ਕੁਝ ਬਾਕੀ ਨਾ ਰਿਹਾ,'' ਬੁਧਾ ਕਹਿੰਦਾ ਹੈ,''ਹੁਣ ਉੱਥੇ ਕਿਸੇ ਸੁਰੱਖਿਆ ਗਾਰਡ ਦੀ ਲੋੜ ਨਹੀਂ ਰਹੀ। ਮੈਂ ਬੇਰੁਜ਼ਗਾਰ ਹੋ ਗਿਆਂ।''
ਫ਼ਿਰਕੂ ਦੰਗੱਈਆਂ ਵੱਲੋਂ ਮਦਰੱਸੇ 'ਤੇ ਕੀਤੇ ਹਮਲੇ ਤੋਂ ਇੱਕ ਹਫ਼ਤੇ ਬਾਅਦ, ਅਪ੍ਰੈਲ ਦੇ ਸ਼ੁਰੂ ਵਿੱਚ ਪਾਰੀ ਨੇ ਮਦਰੱਸਾ ਅਜ਼ੀਜ਼ੀਆ ਦਾ ਦੌਰਾ ਕੀਤਾ। ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਮੁੱਖ ਦਫ਼ਤਰ ਬਿਹਾਰਸ਼ਰੀਫ਼ ਕਸਬੇ ਦੇ ਹੋਰ ਪੂਜਾ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਅਧਿਕਾਰੀਆਂ ਨੇ 1973 ਦੇ ਕ੍ਰਿਮੀਨਲ ਪ੍ਰੋਸੀਜਰ ਕੋਡ (ਸੀਆਰਪੀਸੀ) ਦੀ ਧਾਰਾ 144 ਦੇ ਤਹਿਤ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ, ਪਰ ਇਸ ਸਟੋਰੀ ਦੇ ਛਪਣ ਤੱਕ ਥੋੜ੍ਹੀ ਬਹੁਤ ਢਿੱਲ ਮਿਲ਼ਣੀ ਸ਼ੁਰੂ ਹੋ ਗਈ ਹੈ।
ਜਦੋਂ ਅਸੀਂ ਉੱਥੇ ਪੁੱਜਦੇ ਤਾਂ ਦੇਖਦੇ ਹਾਂ ਸਈਦ ਜਮਾਲ ਨਾਮਕ ਵਿਅਕਤੀ, ਜੋ ਉਸੇ ਮਦਰੱਸੇ ਤੋਂ ਪੜ੍ਹਿਆ ਹੋਇਆ ਹੈ, ਸੁੰਨ ਹੋ ਕੇ ਇੱਧਰ-ਓਧਰ ਘੁੰਮ ਰਿਹਾ ਹੁੰਦਾ ਹੈ ਤੇ ਕਹਿੰਦਾ ਹੈ, "ਇਸ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਸਨ, ਪਰ ਮੈਂ ਉਨ੍ਹਾਂ ਸਾਰੀਆਂ ਨੂੰ ਤਾਂ ਨਹੀਂ ਪੜ੍ਹ ਸਕਿਆ।" 1970 ਵਿੱਚ, ਛੋਟੇ ਹੁੰਦਿਆਂ ਉਹਨੇ ਇੱਥੇ ਤੀਜੀ ਜਮਾਤ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਆਲਿਮ (ਗ੍ਰੈਜੂਏਸ਼ਨ) ਤੱਕ ਪੜ੍ਹਾਈ ਕੀਤੀ।
ਹਸਨ ਦਾ ਕਹਿਣਾ ਹੈ, "ਮੈਂ ਇਹ ਦੇਖਣ ਆਇਆ ਹਾਂ ਕਿ ਕੁਝ ਬਚਿਆ ਵੀ ਹੈ ਜਾਂ ਨਹੀਂ।"
ਜਦੋਂ 70 ਸਾਲਾ ਹਸਨ ਚੁਫ਼ੇਰੇ ਨਜ਼ਰ ਘੁਮਾਉਂਦੇ ਹਨ, ਤਾਂ ਉਨ੍ਹਾਂ ਦੀਆਂ ਉਦਾਸ ਨਜ਼ਰਾਂ ਇਹ ਸਾਫ਼ ਦੱਸਦੀਆਂ ਹਨ ਕਿ ਜਿਸ ਹਾਲ ਵਿੱਚ ਉਹ ਕਦੇ ਪੜ੍ਹਦੇ ਸਨ, ਉਹ ਕਿੰਝ ਤਬਾਹ ਹੋ ਚੁੱਕਿਆ ਹੈ। ਸਾਰੇ ਪਾਸੇ ਮੁਕੰਮਲ ਸੜ ਸਿਆਹ ਹੋ ਚੁੱਕੇ ਕਾਗਜ਼ਾਂ ਅਤੇ ਅੱਧ ਮੱਚੀਆਂ ਕਿਤਾਬਾਂ ਦਾ ਢੇਰ ਲੱਗਾ ਹੋਇਆ ਹੈ। ਲਾਈਬ੍ਰੇਰੀ ਦੀਆਂ ਸਾਰੀਆਂ ਕੰਧਾਂ ਜਿੱਥੇ ਵਿਦਿਆਰਥੀ ਅਤੇ ਅਧਿਆਪਕ ਪੜ੍ਹਦੇ ਅਤੇ ਖੋਜ ਕਰਦੇ ਰਹੇ ਸਨ, ਧੂੰਏਂ ਨਾਲ਼ ਕਾਲ਼ੀਆਂ ਹੋ ਚੁੱਕੀਆਂ ਹਨ ਅਤੇ ਕਈ ਥਾਵੇਂ ਤ੍ਰੇੜਾਂ ਉੱਭਰ ਆਈਆਂ ਹਨ। ਸੜੀਆਂ ਹੋਈਆਂ ਕਿਤਾਬਾਂ ਦੀ ਮਹਿਕ ਹਵਾ ਵਿੱਚ ਮੌਜੂਦ ਹੈ। ਇੱਥੋਂ ਤੱਕ ਕਿ ਲੱਕੜ ਦੀਆਂ ਪ੍ਰਾਚੀਨ ਅਲਮਾਰੀਆਂ ਜਿੱਥੇ ਕਿਤਾਬਾਂ ਰੱਖੀਆਂ ਜਾਂਦੀਆਂ ਸਨ, ਹੁਣ ਰਾਖ ਬਣ ਗਈਆਂ ਹਨ।
100 ਸਾਲ ਪੁਰਾਣੇ ਮਦਰੱਸਾ ਅਜ਼ੀਜ਼ੀਆ ਵਿੱਚ ਲਗਭਗ 4,500 ਕਿਤਾਬਾਂ ਸਨ, ਜਿਨ੍ਹਾਂ ਵਿਚੋਂ 300 ਕੁਰਾਨ ਅਤੇ ਹਦੀਸ ਦੀਆਂ ਹੱਥ-ਲਿਖਤ ਕਿਤਾਬਾਂ ਸਨ, ਜਿਨ੍ਹਾਂ ਨੂੰ ਇਸਲਾਮ ਲਈ ਪਵਿੱਤਰ ਮੰਨਿਆ ਜਾਂਦਾ ਹੈ। ਸਕੂਲ ਦੇ ਪ੍ਰਿੰਸੀਪਲ ਮੁਹੰਮਦ ਸ਼ਾਕਿਰ ਕਾਸਮੀ ਕਹਿੰਦੇ ਹਨ, "ਇਨ੍ਹਾਂ ਅਲਮਾਰੀਆਂ ਵਿੱਚ 250 ਕਲਮੀ [ਹੱਥ ਲਿਖਤ] ਕਿਤਾਬਾਂ ਸਨ। ਇਸ ਵਿੱਚ ਫ਼ਲਸਫ਼ੇ, ਚੰਗੇ ਵਿਚਾਰਾਂ ਅਤੇ ਡਾਕਟਰੀ ਬਾਰੇ ਕਿਤਾਬਾਂ ਵੀ ਸ਼ਾਮਲ ਸਨ। ਇਸ ਤੋਂ ਇਲਾਵਾ, ਲਾਈਬ੍ਰੇਰੀ ਵਿੱਚ ਦਾਖਲੇ ਦੇ ਰਿਕਾਰਡ, ਮਾਰਕਸ਼ੀਟਾਂ ਅਤੇ ਉਨ੍ਹਾਂ ਬੱਚਿਆਂ ਦੇ ਸਰਟੀਫਿਕੇਟ ਵੀ ਸਨ ਜੋ 1910 ਤੋਂ ਇੱਥੇ ਪੜ੍ਹੇ ਸਨ।"
ਉਸ ਦਿਨ ਦੀ ਸਥਿਤੀ ਨੂੰ ਯਾਦ ਕਰਦਿਆਂ ਕਾਸਮੀ ਕਹਿੰਦੇ ਹਨ, "ਜਿਓਂ ਹੀ ਮੈਂ ਸਿਟੀ ਪੈਲੇਸ ਹੋਟਲ ਪਹੁੰਚਿਆਂ ਮੈਨੂੰ ਅਹਿਸਾਸ ਹੋਇਆ ਕਿ ਸ਼ਹਿਰ ਵਿੱਚ ਹਾਲਾਤ ਬਹੁਤ ਗੰਭੀਰ ਹੋ ਗਏ ਹਨ। ਹਰ ਪਾਸੇ ਧੂੰਆਂ ਹੀ ਧੂੰਆਂ ਸੀ। ਵਰਤਮਾਨ [ਸਿਆਸੀ] ਹਾਲਾਤ ਅਜਿਹੇ ਸਨ ਕਿ ਨਾ ਅਸੀਂ ਸ਼ਹਿਰ ਅੰਦਰ ਦਾਖ਼ਲ ਹੋ ਸਕਦੇ ਸਾਂ ਤੇ ਨਾ ਹੀ ਬਾਹਰ ਜਾ ਸਕਦੇ ਸਾਂ।"
ਅਗਲੀ ਸਵੇਰ, ਪ੍ਰਿੰਸੀਪਲ ਕਾਸਮੀ ਮਦਰੱਸੇ ਵਿੱਚ ਦਾਖਲ ਹੋਣ ਦੇ ਯੋਗ ਹੋ ਗਿਆ। 3 ਲੱਖ ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਬਿਜਲੀ ਨਹੀਂ ਸੀ। "ਮੈਂ ਸਵੇਰੇ 4 ਵਜੇ ਇੱਥੇ ਇਕੱਲਾ ਹੀ ਆਇਆ ਸੀ. ਮੈਂ ਆਪਣੇ ਹੱਥ ਵਿੱਚ ਫੜੇ ਆਪਣੇ ਸੈੱਲ ਫੋਨ ਦੀ ਚਮਕੀਲੀ ਰੌਸ਼ਨੀ ਵਿੱਚ ਝਾਕਿਆ। ਮੈਂ ਸਦਮੇ 'ਤੇ ਹੱਸ ਪਿਆ। ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ।"
*****
ਛੇ ਤੋਂ ਸੱਤ ਲੋਕ ਮਦਰੱਸਾ ਅਜ਼ੀਜ਼ੀਆ ਦੇ ਪ੍ਰਵੇਸ਼ ਦੁਆਰ 'ਤੇ ਮੱਛੀ ਵੇਚਣ ਵਿੱਚ ਮਸ਼ਰੂਫ਼ ਰਹਿੰਦੇ ਹਨ। ਇੱਥੇ ਗਾਹਕਾਂ ਤੇ ਦੁਕਾਨਦਾਰਾਂ ਦਾ ਕਾਫ਼ੀ ਰੌਲ਼ਾ ਰਹਿੰਦਾ ਹੈ। ਭਾਅ ਨੂੰ ਲੈ ਕੇ ਬਹਿਸ ਕਰਦੀਆਂ ਅਵਾਜ਼ਾਂ ਗੂੰਜਦੀਆਂ ਰਹਿੰਦੀਆਂ ਹਨ। ਲੋਕ ਸੜਕ ਰਾਹੀਂ ਆ-ਜਾ ਰਹੇ ਹਨ। ਸਭ ਕੁਝ ਠੀਕ-ਠਾਕ ਜਾਪਦਾ ਹੈ।
"ਮਦਰੱਸੇ ਦੇ ਪੱਛਮ ਵਿੱਚ ਇੱਕ ਮੰਦਰ ਹੈ ਅਤੇ ਪੂਰਬ ਵੱਲ ਇੱਕ ਮਸਜਿਦ ਹੈ। ਇਹ ਗੰਗਾ-ਜਮੁਨੀ ਤਹਿਜ਼ੀਬ [ਸਮਕਾਲੀ ਸਭਿਆਚਾਰਾਂ] ਦਾ ਉੱਤਮ ਪ੍ਰਤੀਕ ਹੈ," ਪ੍ਰਿੰਸੀਪਲ ਕਾਸਮੀ ਦੱਸਦੇ ਹਨ।
"ਨਾ ਕਦੇ ਅਸੀਂ ਉਨ੍ਹਾਂ ਨੂੰ ਆਪਣੀ ਅਜ਼ਾਨ ਨਾਲ਼ ਪਰੇਸ਼ਾਨ ਕੀਤਾ ਹੋਣਾ ਤੇ ਨਾ ਹੀ ਅਸੀਂ ਉਨ੍ਹਾਂ ਦੇ ਭਜਨਾਂ ਤੋਂ ਪਰੇਸ਼ਾਨ ਹੀ ਹੋਏ ਹੋਵਾਂਗੇ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਦੰਗਾਕਾਰੀ ਸਾਡੀ ਤਹਿਜ਼ੀਬ (ਸੱਭਿਆਚਾਰ) ਨੂੰ ਇਸ ਤਰ੍ਹਾਂ ਤਬਾਹ ਕਰ ਦੇਣਗੇ। ਸਾਨੂੰ ਬਹੁਤ ਅਫਸੋਸ ਹੈ।"
ਮਦਰੱਸੇ ਦੇ ਕੁਝ ਲੋਕਾਂ ਨੇ ਦੱਸਿਆ ਕਿ ਅਗਲੇ ਦਿਨ ਦੰਗੱਈਆਂ ਨੇ ਪੈਟਰੋਲ ਬੰਬ ਸੁੱਟ ਕੇ ਦੂਜੇ ਕਮਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਘੱਟੋ ਘੱਟ 12 ਦੁਕਾਨਾਂ ਅਤੇ ਗੋਦਾਮਾਂ ਨੂੰ ਨੁਕਸਾਨ ਪਹੁੰਚਿਆ ਅਤੇ ਸਾਮਾਨ ਲੁੱਟਿਆ ਗਿਆ। ਲੋਕ ਸਾਨੂੰ ਮੁਕਾਮੀ ਲੋਕਾਂ ਦੁਆਰਾ ਦਰਜ ਕੀਤੀਆਂ ਗਈਆਂ ਕਈ ਐੱਫਆਈਆਰਜ਼ ਦੀਆਂ ਕਾਪੀਆਂ ਦਿਖਾ ਰਹੇ ਸਨ।
ਫਿਰਕੂ ਦੰਗੇ ਅਤੇ ਹਿੰਸਾ ਬਿਹਾਰ ਲਈ ਕੋਈ ਨਵੀਂ ਗੱਲ ਨਹੀਂ ਹੈ। ਮੁਕਾਮੀ ਲੋਕਾਂ ਦਾ ਕਹਿਣਾ ਹੈ ਕਿ 1981 ਵਿੱਚ ਵੀ ਵੱਡੇ ਫਿਰਕੂ ਦੰਗੇ ਹੋਏ ਸਨ ਪਰ ਉਦੋਂ ਵੀ ਕਿਸੇ ਨੇ ਲਾਈਬ੍ਰੇਰੀ ਜਾਂ ਮਦਰੱਸੇ ਨੂੰ ਹੱਥ ਨਹੀਂ ਲਾਇਆ।
*****
1896 ਵਿੱਚ ਬੀਬੀ ਸੋਘੜਾ ਦੁਆਰਾ ਸ਼ੁਰੂ ਕੀਤੇ ਗਏ ਇਸ ਮਦਰੱਸੇ ਅੰਦਰ ਕੁੱਲ 500 ਮੁੰਡੇ-ਕੁੜੀਆਂ ਪੜ੍ਹਦੇ ਹਨ। ਇੱਥੇ ਦਾਖਲਾ ਲੈਣ ਤੋਂ ਬਾਅਦ, ਤੁਸੀਂ ਪੋਸਟ-ਗ੍ਰੈਜੂਏਟ ਦੀ ਪੜ੍ਹਾਈ ਤੀਕਰ ਇੱਥੇ ਪੜ੍ਹ ਸਕਦੇ ਹੋ। ਇੱਥੇ ਮਿਲ਼ਣ ਵਾਲ਼ੀ ਵਿੱਦਿਆ ਬਿਹਾਰ ਰਾਜ ਪ੍ਰੀਖਿਆ ਨਿਗਮ ਦੀ ਬਰਾਬਰੀ ਕਰਦੀ ਹੈ।
ਬੀਬੀ ਸੋਘੜਾ ਨੇ ਆਪਣੇ ਪਤੀ, ਇਲਾਕੇ ਦੇ ਜ਼ਿਮੀਂਦਾਰ, ਅਬਦੁਲ ਅਜ਼ੀਜ਼ ਦੀ ਮੌਤ ਤੋਂ ਬਾਅਦ ਮਦਰੱਸੇ ਦੀ ਸਥਾਪਨਾ ਕੀਤੀ। "ਉਸ ਨੇ ਬੀਬੀ ਸੋਘੜਾ ਵਕਫ਼ ਜਾਗੀਰ ਦੀ ਸਥਾਪਨਾ ਵੀ ਕੀਤੀ। ਵਕਫ਼ ਦੀ ਜ਼ਮੀਨ ਤੋਂ ਹੋਣ ਵਾਲ਼ੀ ਆਮਦਨੀ ਸਮਾਜਿਕ ਉਦੇਸ਼ਾਂ ਲਈ ਵਰਤੀ ਜਾਂਦੀ ਸੀ,'' ਹੈਰੀਟੇਜ ਟਾਈਮਜ਼ ਦੇ ਸੰਸਥਾਪਕ ਉਮਰ ਅਸ਼ਰਫ ਕਹਿੰਦੇ ਹਨ, "ਮਦਰੱਸਿਆਂ, ਡਿਸਪੈਂਸਰੀਆਂ, ਮਸਜਿਦਾਂ, ਪੈਨਸ਼ਨਾਂ, ਭੋਜਨ ਦਾਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਸਾਂਭ-ਸੰਭਾਲ ਦਾ ਖਰਚਾ ਵੀ ਇਸੇ ਆਮਦਨੀ ਵਿੱਚੋਂ ਕੀਤਾ ਜਾਂਦਾ।''
ਇਹ ਮਦਰੱਸਾ ਉਸ ਪ੍ਰੋਜੈਕਟ ਤਾਲੀਮ-ਏ-ਨੌਬਲੀਗਨ ਦਾ ਵੀ ਹਿੱਸਾ ਹੈ ਜੋ 2019 ਵਿੱਚ ਯੂਐੱਨਐੱਫਪੀਏ, ਬਿਹਾਰ ਮਦਰੱਸਾ ਬੋਰਡ ਅਤੇ ਬਿਹਾਰ ਸਿੱਖਿਆ ਵਿਭਾਗ ਦੁਆਰਾ ਗਭਰੇਟ ਬੱਚਿਆਂ ਵਾਸਤੇ ਸ਼ੁਰੂ ਕੀਤਾ ਗਿਆ ਸੀ।
ਬੀਬੀ ਸੋਘੜਾ ਵਕਫ਼ ਐਸਟੇਟ ਦੇ ਪ੍ਰਬੰਧਕ ਮੋਖਤਰੂਲ ਹੱਕ ਕਹਿੰਦੇ ਹਨ, "ਜ਼ਖ਼ਮ ਭਾਵੇਂ ਰਾਜ਼ੀ ਹੋ ਜਾਣ ਪਰ ਟੀਸ ਸਦਾ ਪੈਂਦੀ ਰਹੇਗੀ।''
ਇਹ ਕਹਾਣੀ ਬਿਹਾਰ ਦੇ ਇੱਕ ਟਰੇਡ ਯੂਨੀਅਨਿਸਟ ਦੀ ਯਾਦ ਵਿੱਚ ਦਿੱਤੀ ਗਈ ਫੈਲੋਸ਼ਿਪ ਦਾ ਹਿੱਸਾ ਹੈ , ਜਿਨ੍ਹਾਂ ਦਾ ਜੀਵਨ ਰਾਜ ਵਿੱਚ ਹਾਸ਼ੀਏ ' ਤੇ ਪਏ ਭਾਈਚਾਰਿਆਂ ਲਈ ਲੜਦੇ ਹੋਏ ਬੀਤਿਆ।
ਤਰਜਮਾ: ਕਮਲਜੀਤ ਕੌਰ