ਇਹ ਲੜੀ ਪੂਰੇ ਭਾਰਤ ਅੰਦਰ ਚੱਲ ਰਹੀ ਹੈ ਜੋ ਪੇਂਡੂ ਔਰਤਾਂ ਦੀ ਜਣਨ ਤੇ ਜਿਣਸੀ ਸਿਹਤ ਸਬੰਧੀ ਇਸ ਵਿਸ਼ਾਲ ਵਕਰ ਨੂੰ ਕਵਰ ਕਰਦੀ ਹੈ। ਇਸੇ ਲੜੀ ਅਧੀਨ ਬਾਂਝਪੁਣੇ, ਜ਼ਬਰਨ ਮਹਿਲਾ ਨਲ਼ਬੰਦੀ/ਨਸਬੰਦੀ ਕਾਰਨ ਉਪਜੇ ਕਲੰਕਾਂ ਨੂੰ ਲੈ ਕੇ ਕੁਝ ਕਹਾਣੀਆਂ ਹਨ ਤੇ ਕੁਝ ਕਹਾਣੀਆਂ ਪਰਿਵਾਰ ਨਿਯੋਜਨ ਵਿੱਚ ‘ਮਰਦਾਂ ਦੀ ਨਾਮਾਤਰ ਸ਼ਮੂਲੀਅਤ’ ਅਤੇ ਪੇਂਡੂ ਖਿੱਤਿਆਂ ਵਿੱਚ ਸਿਹਤ ਸੰਭਾਲ਼ ਪ੍ਰਣਾਲੀ ਦੀ ਖ਼ਸਤਾ ਹਾਲਤ ਨੂੰ ਨਸ਼ਰ ਕਰਦੀਆਂ ਹਨ, ਇੱਕ ਅਜਿਹੇ ਸਿਹਤ ਢਾਂਚੇ ਬਾਰੇ ਜੋ ਵੈਸੇ ਵੀ ਬੀਹੜ ਪਿੰਡਾਂ ਵਿੱਚ ਵੱਸਦੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੀ ਰਹਿੰਦਾ ਹੈ। ਇਸ ਲੜੀ ਦਾ ਹਿੱਸਾ ਉਹ ਕਹਾਣੀਆਂ ਵੀ ਹਨ ਜਿਨ੍ਹਾਂ ਵਿੱਚ ਨਾ ਸਿਰਫ਼ ਝੋਲ਼ਾਛਾਪ ਮੈਡੀਕਲ ਪ੍ਰੈਕਟੀਸ਼ਨਰ (ਡਾਕਟਰ), ਖ਼ਤਰਨਾਕ ਜਣੇਪੇ ਅਤੇ ਮਾਹਵਾਰੀ ਕਾਰਨ ਹੁੰਦੇ ਵਿਤਕਰੇ ਲੋਕਾਂ ਸਾਵੇਂ ਆਉਂਦੇ ਹਨ ਸਗੋਂ ਪੁੱਤਾਂ ਨੂੰ ਹੀ ਤਰਜੀਹ ਦੇਣ ਵਾਲ਼ੇ ਸਮਾਜ ਦਾ ਚਿਹਰਾ ਵੀ ਸਾਹਮਣੇ ਆਉਂਦਾ ਹੈ।
ਹਾਲਾਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਕਹਾਣੀਆਂ ਰੋਜ਼ਮੱਰਾ ਦੇ ਘੋਲ਼ਾਂ ਬਾਰੇ ਰਿਪੋਰਟ ਕਰਦੀਆਂ ਹਨ ਪਰ ਕੁਝ ਕਹਾਣੀਆਂ ਅਜਿਹੀਆਂ ਵੀ ਹਨ ਜੋ ਪੇਂਡੂ ਭਾਰਤ ਵਿੱਚ ਔਰਤਾਂ ਦੀਆਂ ਛੋਟੀਆਂ-ਮੋਟੀਆਂ ਜਿੱਤਾਂ ਨੂੰ ਵੀ ਦਰਸਾਉਂਦੀਆਂ ਹਨ।
ਉਸ ਲੜੀ ਬਾਰੇ ਬਹੁਤਾ ਜਾਣਨ ਲਈ, ਤੁਸੀਂ ਹੇਠਾਂ ਦਿੱਤੀ ਵੀਡਿਓ ਦੇਖ ਸਕਦੇ ਹੋ ਤੇ ਜੇਕਰ ਪੂਰੀ ਲੜੀ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿਕ ਕਰੋ।
ਪਾਰੀ (PARI) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ 'ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ 'ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।
ਤਰਜਮਾ: ਕਮਲਜੀਤ ਕੌਰ